ਕਵਿਤਾ ਜਨਮੇਜਾ ਸਿੰਘ ਜੌਹਲ,
ਲੁਧਿਆਣਾ
ਉਹ ਤਿਤਲੀ ਨਹੀਂ ਕਿਤਾਬ ਹੈ ਇਕ ।
ਕਦੇ ਰੰਗ ਬਿਖੇਰਦੀ ਹੈ ਹਰ ਪੰਨੇ ਤੇ ।
ਕਦੇ ਸ਼ਬਦਾਂ ਨੂੰ ਰੁਆ ਦੇਂਦੀ ਹੈ
ਤੇ ਕਦੇ ਸ਼ਬਦਾਂ ਨੂੰ ਚੂਸ ਲੈਂਦੀ ਹੈ।
ਉੱਡ ਜਾਂਦੀ ਹੈ ਪੰਨਿਆਂ ਦੀ ਦਾਸਤਾਂ ਸੁਨਾਉਣ ਕਿਤੇ ਦੂਰ
ਤੇ ਪਿੱਛੋਂ ਖਾਲੀ ਵਰਕੇ ਤਿਲਮਿਲਾਉਂਦੇ ਨੇ ।
ਫੇਰ ਪਲੋਸਦੀ ਹੈ ਰੁੱਸੇ ਪੰਨਿਆਂ ਨੂਂ
ਦੂਰ ਦੇਸ ਦੀਆਂ ਕਹਾਣੀਆਂ ਘੜ ਕੇ ਸੁਣਾਉਂਦੀ ਹੈ ।
ਪੰਨਿਆਂ ਤੇ ਤਿਤਲੀ ਦੋਵਾਂ ਨੂੰ ਪਤਾ ਹੁੰਦਾ ਕਿ ਇਹ ਝੂਠ ਹੈ
।
ਪਰ ਪੀ ਜਾਂਦੇ ਹਨ ਆਪਣੀ ਸੋਝੀ ਦੀ ਆਵਾਜ਼।
ਰਹਿ ਨਹੀਂ ਸਕਦੇ ਇਕ ਦੂਜੇ ਬਿੰਨ ।
ਤੂੰ ਹੀ ਤਿਤਲੀ ਤੂੰ ਹੀ ਕਿਤਾਬ ਹੈਂ । 20/04/2023
ਅੱਜ ਤੇ ਕੱਲ
ਜਨਮੇਜਾ ਸਿੰਘ ਜੌਹਲ, ਲੁਧਿਆਣਾ
ਕਰੋਨਾ ਪਿੱਛੇ ਛੱਡ ਆਏ ਹਾਂ,
ਖੋਤਾ ਆਪਣਾ ਕੱਢ ਆਏ ਹਾਂ । ਅੱਗੇ ਜੀਵਨ ਬੜਾ ਹੀ ਔਖਾ ,
ਪਹਿਲੋਂ ਵੀ ਸੀ ਕਿਹੜਾ ਸੌਖਾ । ਧੋਖਾ ਸਾਡੇ ਨਾਲ ਹੋਇਆ ਹੈ ।
ਘਰ ਘਰ ਦੇ ਵਿਚ ਜੀਅ ਮੋਇਆ ਹੈ ।
ਅੱਗ ਦੀਆਂ ਲਾਟਾਂ ਅੰਬਰੋਂ ਉੱਚੀਆਂ,
ਲੀਡਰਾਂ ਦੀਆਂ ਜਿਵੇਂ ਨੀਤਾਂ ਲੁੱਚੀਆਂ ।
ਹੁਣ ਘਰਾਂ ਨੂੰ ਪਰਤ ਨੀ ਹੋਣਾ, ਡਿੱਗਿਆ ਹੰਝੂ ਵਰਤ ਨੀ ਹੋਣਾ ।
ਪੜ੍ਹ ਲੈ 'ਮੇਜਰਾ' ਕੰਧ ਤੇ ਲਿਖਿਆ ,
ਕੱਲ ਨੂੰ ਤੇਰਾ ਧਰਤ ਨੀ ਹੋਣਾ। 22/06/2021
ਉਹ ਮੁਕਰ ਜਾਂਦੇ ਨੇ ਜਨਮੇਜਾ ਸਿੰਘ ਜੌਹਲ, ਲੁਧਿਆਣਾ
ਕਰਕੇ ਕਰਾਰ ਉਹ ਮੁਕਰ ਜਾਂਦੇ ਨੇ , 'ਕਦ ਕਿਹਾ?' ਕਹਿ ਉਹ ਮੁਕਰ
ਜਾਂਦੇ ਨੇ । ਲੰਬੇ ਸੁਫ਼ਨੇ ਸਿਰਜ ਦੇਂਦੇ ਨੇ ਉਹ, 'ਰਾਤ
ਸੀ', ਕਹਿ ਉਹ ਮੁਕਰ ਜਾਂਦੇ ਨੇ । ਕਰ ਜਾਂਦੇ ਨੇ ਇੰਤਹਾ ਗੁੱਸੇ
'ਚ, 'ਯਾਦ ਨੀਂ', ਕਹਿ ਉਹ ਮੁਕਰ ਜਾਂਦੇ ਨੇ । ਜੇ ਗਿਲਾ
ਹੈ ਉਸ ਦੇ ਬੋਲਾਂ ਤੇ , 'ਨਾ ਬੋਲੋ', ਕਹਿ ਉਹ ਮੁਕਰ ਜਾਂਦੇ ਨੇ
29/05/2021
ਕਵਿਤਾ ਸਮਰੱਥ ਸਾਹਿਤਕਾਰ ਜਨਮੇਜਾ ਸਿੰਘ ਜੌਹਲ, ਲੁਧਿਆਣਾ
ਉਹ ਐਨੇ ਸਨਮਾਨ ਬਟੋਰ ਚੁੱਕਾ ਹੈ ਕਿ ਹਰ ਅੰਦੋਲਨ
ਸਮੇਂ ਇਕ ਇਕ ਕਰਕੇ ਵਾਪਸ ਕਰ ਸਕਦਾ ਹੈ, ਮਹਿਮਾ ਖੱਟਣ
ਲਈ । ਹੋਰ ਇਹਨਾਂ ਨੇ ਕੰਮ ਵੀ ਕਿਸ ਆਉਣਾ ਹੈ ?
08/12/2020
ਕਵਿਤਾ ਜਨਮੇਜਾ ਸਿੰਘ ਜੌਹਲ, ਲੁਧਿਆਣਾ
ਜਦ ਚੀਸ ਦੀ ਪੀੜ ਵੱਧ ਜਾਵੇ, ਯਾਦ ਕਰੀਂ , ਮੈਂ ਆ ਜਵਾਂਗਾ।
ਜਦ ਬ੍ਰਹਿਮੰਡ ਖਾਲੀ ਖਾਲੀ ਲੱਗੇ, ਯਾਦ ਕਰੀਂ , ਮੈਂ ਆ ਜਵਾਂਗਾ।
ਜਦ ਰਸਤੇ ਸੁੰਨ ਮਸਾਣ ਲੱਗਣ, ਯਾਦ ਕਰੀਂ, ਮੈਂ ਆ ਜਵਾਂਗਾ। ਜਦ ਅੰਦਰ
ਤੇ ਉਦਾਸੀ ਛਾਵੇ, ਯਾਦ ਕਰੀਂ, ਮੈਂ ਆ ਜਵਾਂਗਾ। ਜਦ ਨੈਣਾਂ ਦੇ ਦਰਿਆ
ਵੱਗਣ, ਯਾਦ ਕਰੀਂ ਮੈਂ ਆ ਜਵਾਂਗਾ । ਜਦ ਮਨ ਦਾ ਖੂਹ ਡੂੰਘਾ ਜਾਪੇ,
ਯਾਦ ਕਰੀਂ, ਮੈਂ ਆ ਜਵਾਂਗਾ। ਜਦ ਤੇਜ਼ ਹਵਾ ਪੁਰੇ ਦੀ ਜਕੜੇ, ਯਾਦ
ਕਰੀਂ, ਮੈਂ ਆ ਜਵਾਂਗਾ। ਜਦ ਮਨ ਲਹਿਰਾਉਣ ਨੂੰ ਕਰੋ, ਯਾਦ ਕਰੀਂ,
ਮੈਂ ਆ ਜਵਾਂਗਾ। 01/12/2020
ਪਿਆਸੀ ਤੂੰ ਜਨਮੇਜਾ ਸਿੰਘ ਜੌਹਲ, ਲੁਧਿਆਣਾ
ਸਮੁੰਦਰ ਕਿਨਾਰੇ ਆਕੇ ਵੀ ਰਹੀ ਪਿਆਸੀ ਤੂੰ
ਖਾਰਾ ਹੈ ਹਾਂ ਮਿੱਠਾ ਗਈ ਕਿਆਸੀ ਤੂੰ
ਡਰਦੀ ਰਹੀ ਮੈਂਨੂੰ ਮਿਲਣੋਂ ਵਾਂਗ ਕਿਸੇ ਪਰਵਾਸੀ ਤੂੰ
ਪੀ ਜਾਣੀ ਸੀ ਭਾਵੇਂ ਦੇ ਦੇਂਦੀ ਜ਼ਹਿਰ ਦੀਂ ਭਰੀ ਗਲਾਸੀ
ਤੂੰ
ਘੁੱਟ ਜੇ ਮੇਰਾ ਪੀਤਾ ਹੁਂਦਾ ਰਹਿ ਨਾ ਜਾਂਦੀ ਉਦਾਸੀ ਤੂੰ
ਲਹਿਰਾਂ ਉੱਤੇ ਰਾਜ ਸੀ ਕਰਨਾ ਕੋਈ ਨਾ ਕਹਿੰਦਾ ਦਾਸੀ ਤੂੰ
ਪਰ ਸਮੁੰਦਰ ਕਿਨਾਰੇ ਆਕੇ ਵੀ ਰਹੀ ਪਿਆਸੀ ਤੂੰ
27/10/2020
ਇਕ ਕਵਿਤਾ ਜਨਮੇਜਾ ਸਿੰਘ ਜੌਹਲ, ਲੁਧਿਆਣਾ
ਸਮੁੰਦਰ ਕਿਨਾਰੇ ਡਿਗੀ ਕਣੀ ਨੂੰ, ਕੀ
ਪਤਾ ? ਦਰਿਆ ਦੀ ਰਵਾਨਗੀ ਕੀ ਹੁੰਦੀ ਏ ? ਧਰਤੀ
ਦੀ ਪਿਆਸ ਕੀ ਹੁੰਦੀ ਏ ? ਜੀਵਨ ਦੀ ਆਸ ਕੀ ਹੁੰਦੀ
ਏ ? ਪੱਥਰਾਂ ਦੀ ਖ਼ੋਰ ਕੀ ਹੁੰਦੀ ਏ ? ਪਾਣੀ
ਖਾਤਰ ਖੂਨ ਦੀ ਧਾਰ ਕੀ ਹੁੰਦੀ ਏ ? ਪਹਾੜਾਂ ਚ ਕਲ਼
ਕਲ਼ ਕੀ ਹੁੰਦੀ ਏ ? ਸਿਖ਼ਰ ਤੋਂ ਵਾਪਸੀ ਕੀ ਹੁੰਦੀ ਏ
? 08/08/2020
ਧੋਖਾ ਜਨਮੇਜਾ ਸਿੰਘ ਜੌਹਲ, ਲੁਧਿਆਣਾ
ਧੋਖਾ ਮੇਰੇ ਨਾਲ ਹੀ ਨਹੀਂ ਹੋਇਆ , ਧੋਖਾ ਤੁਹਾਡੇ ਨਾਲ ਵੀ
ਹੋਇਆ ਹੈ ।
ਡਰਿਆ ਮੈਂ ਹੀ ਨਹੀਂ ਹਾਂ, ਡਰਾ ਤੁਹਾਨੂੰ ਵੀ ਦਿੱਤਾ
ਗਿਆ ਹੈ ।
ਖਾਲ਼ੀ ਮੈਂ ਹੀ ਨਹੀਂ ਹੋਇਆ ਹਾਂ, ਖਾਲ਼ੀ
ਤੁਹਾਨੂੰ ਵੀ ਕਰ ਦਿੱਤਾ ਗਿਆ ਹੈ ।
ਮੂਰਖ ਮੈਂ ਹੀ ਆਪਣੇ ਨੂੰ
ਨਹੀਂ ਸਮਝਦਾ, ਮੂਰਖ ਤੁਹਾਨੂੰ ਵੀ ਬਣਾ ਦਿੱਤਾ ਗਿਆ ਹੈ ।
ਕੌਣ ਕਹਿੰਦਾ ਕਿ ਕੱਲਾ ਮੈਂ ਹੀ ਬੇਵੱਸ ਹੋਇਆ। ਬੇਵੱਸ ਤੁਹਾਨੂੰ ਵੀ
ਕਰ ਦਿੱਤਾ ਗਿਆ ਹੈ ।
ਠੀਕਰ ਮੇਰਾ ਹੀ ਨਹੀਂ ਭੰਨਿਆ, ਚੌਰਾਹੇ ਚ
ਤੁਹਾਨੂੰ ਵੀ ਭੰਨ ਦਿੱਤਾ ਗਿਆ ਹੈ ।
ਹੁਣ ਤਾਂ ਮੈਂ ਵੀ 'ਮੈਂ'
ਨਹੀਂ ਰਿਹਾ , ਤੁਹਾਨੂੰ ਵੀ 'ਮੈਂ' ਹੀ ਬਣਾ ਦਿੱਤਾ ਗਿਆ ਹੈ ।
ਚਲੋ ਹੁਣ ਨੰਗੀਆਂ ਦਹਿਲੀਜ਼ਾਂ ਨੂੰ ਟੱਪੀਏ , ਸਾਡੀਆਂ ਸਰਦਲਾਂ
ਨੂੰ ਤਾਂ ਢਾਅ ਦਿੱਤਾ ਗਿਆ ਹੈ । 07/07/2020
ਮੂਰਖ
ਜਨਮੇਜਾ ਸਿੰਘ ਜੌਹਲ, ਲੁਧਿਆਣਾ
ਕਿੰਨ੍ਹੇ ਮੂਰਖ ਹਾਂ ਅਸੀਂ
ਵਾਜਾਂ ਮਾਰਦੇ ਹਾਂ
'ਐ ਭਗਤ ਸਿੰਘ
ਇਕ ਵਾਰ ਫੇਰ ਆਜਾ
ਤੈਂਨੂੰ ਆਉਣਾ ਹੀ ਪਊ '
ਇਓਂ ਮਾਰਦੇ ਹਾਂ ਵਾਜਾਂ
ਜਿਵੇਂ ਭਗਤ ਸਿੰਘ ਨੇ
ਅਲਾਦੀਨ ਦੇ ਚਿਰਾਗ ਵਿਚੋਂ
ਸਾਬਤ ਸਬੂਤ ਹੀ
ਪ੍ਰਗਟ ਹੋਣਾ ਹੁੰਦਾ ਹੈ
ਇਕ ਹੱਥ ਪਸਤੌਲ ਫੜੀ
ਦੂਜੇ ਹੱਥ ਕਿਤਾਬ ਫੜੀ
ਸਾਨੂੰ ਮੁਰਖਾਂ ਨੂੰ
ਇਹ ਵੀ ਪਤਾ ਹੈ ਕਿ
ਭਗਤ ਸਿੰਘ
ਜੰਮਣਾ ਤਾਂ
ਕਿਸੇ ਮਾਂ ਨੇ ਹੀ ਹੈ
ਸਮੇਂ ਦੇ ਹਾਕਮਾਂ ਨੂੰ
ਚੁਣੌਤੀ ਤਾਂ ਦੇਵੇਗਾ
ਜਵਾਨੀ ਦੀ ਦਹਿਲੀਜ਼
ਟੱਪਦਿਆਂ ਹੀ
ਤੇ ਫੇਰ ਹਾਕਮਾਂ ਦੀ
ਸੂਲੀ ਇਤਿਹਾਸ
ਦੁਹਰਾਵੇਗੀ
ਪਰ ਸਾਨੂੰ
ਨਹੀਂ ਦਿਸੇਗਾ
ਉਹ ਕਦੇ ।
ਪਾ ਸਮਾਂ ਜਦ
ਹਾਕਮ ਚਾਹੁਣਗੇ
ਉਸਦਾ ਮੁੱਲ ਵੱਟਣਾ
ਪਾ ਦੇਣਗੇ ਉਸਦੇ
ਕੇਸਰੀ ਚੋਲਾ
ਤੇ ਬਣਾ ਦੇਣਗੇ
ਸਾਨੂੰ ਮੂਰਖ
ਅਸੀਂ ਐਨੇ ਮੂਰਖ ਹਾਂ
ਤੇ ਨਹੀਂ ਸਮਝਦੇ ਕਿ
ਭਗਤ ਸਿੰਘ ਤਾਂ
ਹਰ ਯੁੱਗ 'ਚ
ਪੈਦਾ ਹੁੰਦੇ ਰਹਿੰਦੇ ਹਨ,
ਸੂਲੀਆਂ ਚੁੰਮਦੇ ਰਹਿੰਦੇ ਹਨ
ਬਸ ਅਸੀਂ ਹੀ
ਨਹੀਂ ਦੇਖ ਸਕਦੇ
ਤੇ ਉਡੀਕਦੇ ਰਹਿੰਦੇ ਹਾਂ
ਅਲਾਦੀਨ ਦੇ ਚਿਰਾਗ ਨੂੰ
ਮੂਰਖ ਕਿਸੇ ਥਾਂ ਦੇ
04/11/2016
ਸਾਡੇ ਸਮਿਆਂ ਦਾ ਰਾਵਣ
ਜਨਮੇਜਾ ਸਿੰਘ ਜੌਹਲ
ਸਾਡੇ
ਸਮਿਆਂ ਦਾ ਰਾਵਣ
ਤਾਂ ਸਾਡੇ ਕੋਲ ਹੀ ਰਹਿੰਦਾ ਹੈ
ਉਸਦੇ ਦਸ ਸਿਰ ਨਹੀਂ ਹਨ
ਉਸਦੇ ਤਾਂ ਦਸ ਹੱਥ ਹਨ
ਜਨਤਾ ਨੂੰ ਲੁੱਟਣ ਲਈ
ਉਸ ਕੋਲ ਤਾਂ ਦਸ ਤਰੀਕੇ ਹਨ
ਲੋਕਾਂ ਨੂੰ ਪਾੜਨ ਲਈ
ਉਸ ਕੋਲ ਤਾਂ ਦਸ ਤੀਲੀਆਂ ਹਨ
ਲੋਕਾਂ ਨੁੰ ਸਾੜਨ ਲਈ
ਉਸ ਦੇ ਤਾਂ ਦਸ ਸਾਥੀ ਹਨ
ਝੂਠ ਨੂੰ ਸ਼ਿੰਗਾਰਨ ਲਈ
ਅੱਖਰਾਂ ਦੀ ਟਕਸਾਲ ਦਾ ਮਾਲਕ ਹੈ
ਸਾਡੇ ਜ਼ਖਮਾਂ ਤੇ ਲੂਣ ਖਿਲਾਰਨ ਲਈ
ਸਾਡੇ ਸਮਿਆਂ ਦਾ ਰਾਵਣ
ਤਾਂ ਸਾਡੇ ਕੋਲ ਹੀ ਰਹਿੰਦਾ ਹੈ
22/10/15
|