WWW 5abi.com  ਪੰਨਿਆ ਵਿੱਚ ਸ਼ਬਦ ਭਾਲ

5_cccccc1.gif (41 bytes)

       ਪੰਜਾਬੀ ਕਵਿਤਾ

ਹੋਰ ਪੰਜਾਬੀ ਕਵੀ >>

>> 1 2 3 4 5 6 7             hore-arrow1gif.gif (1195 bytes)

ਹਰਜੀਤ ਕਾਤਿਲ
ਸ਼ੇਰਪੁਰ, ਸੰਗਰੂਰ

( ਜਾਲਮ ਦੇ ਜ਼ੁਲਮ ਨੂੰ ਕੁਚਲਣ ਤੁਰੇ ਕਿਸਾਨਾਂ ਨੂੰ..) 
ਗ਼ਜ਼ਲ 
ਹਰਜੀਤ ਕਾਤਿਲ, ਸ਼ੇਰਪੁਰ
  
ਕਿੰਝ ਰੋਕ ਲੈਣਗੇ ਸਾਨੂੰ ਬੰਨ੍ਹ ਦਰਿਆਵਾਂ ਦੇ ।
ਬੰਨ ਕੱਫਣ ਤੁਰੇਂ ਘਰੋਂ ਹੱਥ ਸਿਰਾਂ ਤੇ 'ਮਾਵਾਂ' ਦੇ।

ਆਪਣੇ ਹੱਕਾਂ ਲਈ ਪੰਜਾਬ ਹਮੇਸ਼ਾ ਲੜਿਆ ਏ,
ਰੋਕ ਸਕੀ ਨਾ ਦਿੱਲੀ ਸਾਡੀਆਂ ਰੁਖ ਹਵਾਵਾਂ ਦੇ।

ਵਰਦੇ ਬੱਦਲ ਬਿਜ਼ਲੀ ਗਰਜੇ ਹੌਸਲੇ ਨਾ ਹਾਰੇ,
ਤਿੱਖੜ ਦੁਪਹਿਰਾਂ ਝੱਲੀਏ, ਨਾ ਸ਼ੌਂਕੀ ਛਾਵਾਂ ਦੇ।

ਸਾਨੂੰ ਲੁੱਟਣ ਲਈ ਬਦਲ ਬਦਲ ਜਾਬਰ ਆਏ,
ਅਸੀਂ ਮਲੀਆ ਮੇਟ ਕੀਤੇ ਨਿਸ਼ਾਂ ਓੰ ਰਾਂਹਵਾਂ ਦੇ।

ਨਾਨਕ ਦੇ ਵਾਰਿਸ ਹਾਂ ਪੁੱਤਰ ਗੋਬਿੰਦ ਸਿੰਘ ਦੇ,
ਕਿਰਤ ਦੇ ਹਾਮੀ, ਵਾਸੀ ਸਰਹਿੰਦ ਦੀਆਂ ਥਾਵਾਂ ਦੇ।

ਨਿੱਕੀ ਉਮਰੇ ਬੀਜ ਦਮੂਖਾ ਅਸੀਂ ਸ਼ੋਂਕ ਪੁਗਾ ਲੈਂਦੇ,
ਅਸੀਂ ਮੁੱਢੋ ਰਹੇ ਸੁਦਾਈ ਲਾੜੀ ਮੌਤ ਦੇ ਚਾਵਾਂ ਦੇ।

ਕਾਫ਼ਿਲੇ ਬੰਨ ਤੁਰੇ ਹੱਕਾਂ ਲਈ ਸਭਨਾਂ ਦਾ ਸਾਥ ਲੈਕੇ ,
ਕਈ 'ਕਾਤਿਲ' ਸ਼ਾਇਰ ਤੁਰ ਪਏ ਸੰਗ ਭਰਾਵਾਂ ਦੇ।
27/11/2020


"ਅਗਲੀ ਜੰਗ"
ਹਰਜੀਤ ਕਾਤਿਲ, ਸ਼ੇਰਪੁਰ।

ਹੁਣ ਜੇ ਲੜੇ ਤਾਂ
ਵਿਚਾਰਾਂ ਦੀ ਜੰਗ ਲੜ੍ਹਿਓ
ਵਿਚਾਰ ਜੋ ਕਦੇ ਨਹੀ ਮਰਦੇ।
ਬਾਰੂਦ ਦੇ ਢੇਰ ਤੇ ਬੈਠੇ ਸੱਜਣੋ,
ਬਰੂਦ ਜੋ ਹੀਰੋਸ਼ੀਮਾ ਅਤੇ ਨਾਗਾਸਕੀ ਨੂੰ
ਆਉਣ ਵਾਲੀਆਂ ਪੀੜੀਆਂ ਲਈ
ਗਵਾਹ ਦੇ ਰੂਪ ਚ ਛੱਡ ਜਾਂਦਾ ਹੈ।
ਹੁਣ ਜੇ ਲੜੇ ਤਾਂ.................!

ਸੰਟੇਨਾਂ ਸੰਗੀਨਾਂ
ਦੀ ਜੰਗ ਨਾ ਲੜ੍ਹਿਓ
ਜਿਨ੍ਹਾਂ ਦੇ ਖੜਾਕ 'ਚ
ਰੁੱਲ ਜਾਂਦੀ ਹੈ,
ਕਿਸੇ ਭੈਣ ਵੱਲੋਂ ਗਾਈ ਘੋੜੀ
ਕਿਸੇ ਮਾਂ ਦੀ ਮਮਤਾਂ
ਕਿਸੇ ਪਤਨੀ ਦਾ ਸੰਧੂਰ
ਅਤੇ ਬਜ਼ੁਰਗਾਂ ਦਾ ਸਹਾਰਾ।
ਏਥੋਂ ਤੱਕ ਕਿ,
ਸਭ ਕੁੱਝ ਹੋ ਜਾਂਦਾ ਹੈ ਖੰਡਰਾਂ ਸਮਾਨ।
'ਉਹ' ਸਭ ਕੁੱਝ
ਜੋ ਜ਼ਿੰਦਗੀ ਦੇ ਹੁਸੀਨ ਪਲਾਂ ਦੀ ਦਾਸਤਾਨ ਹੁੰਦਾ ਹੈ।
ਹੁਣ ਜੇ ਲੜਨਾ ਹੀ ਹੈ ਤਾਂ.......

ਲੜ੍ਹਿਓ ਜ਼ਿੰਦਗੀ ਨੂੰ ਸਵਰਗ ਬਣਾਉਣ ਲਈ
ਕੋਈ ਲੜਾਈ।
ਹੁਣ ਜੇ ਲੜੇ ਤਾਂ ਵਿਚਾਰਾਂ
ਦੀ ਜੰਗ ਲੜ੍ਹਿਓ।
27/07/2020


ਗ਼ਜ਼ਲ

ਹਰਜੀਤ ਕਾਤਿਲ, ਸ਼ੇਰਪੁਰ

ਜੇ ਕਾਬਿਲ ਹੱਥਾਂ ਵਿੱਚ ਕਲਮਾਂ ਹੋਣਗੀਆਂ।
ਫੁੱਲ ਖਿੜਨਗੇ ਕਾਲੀਆਂ ਰੁੱਤਾਂ ਰੋਣਗੀਆਂ।

ਮੈਲੀ ਚਾਦਰ ਕਿੱਦਾਂ ਚਿੱਟੀ ਹੋਵੇਗੀ ,
ਕਿੱਦਾਂ ਇੱਜਤਦਾਰ ਮਸ਼ੀਨਾਂ ਧੋਣਗੀਆਂ ?

ਸਿਰ ਦਾ ਭਾਰ ਉਠਾਉਣਗੇ ਕਿੱਦਾਂ ਤਨ ਭੁੱਖੇ ?
ਕਲੀਆਂ ਕਿੱਦਾਂ ਸਿਰ ' ਤੇ ਪੱਥਰ ਢੋਣਗੀਆਂ ?

ਜਾਲ ' ਚ ਪਾ ਕੇ ਹੁਣ ਕਹਿੰਦਾ ਏਂ ਉੱਡ ਜਾਵੋ ,
ਇਹ ਚਿੜੀਆਂ ਹੁਣ ਕਿੱਦਾਂ ਅੰਬਰ ਛ੍ਹੋਣਗੀਆ।

ਮੋਹ ਅਪਣਾ ਦੇ ਜਿਨ੍ਹਾਂ ਮਰਜ਼ੀ ਇਹਨਾਂ ਨੂੰ ,
ਮੁਸ਼ਕਿਲ ਵਿੱਚ ਪਰ ਨਾ ਗਿਰਝਾ ਕੋਲ ਖਲੋਣਗੀਆਂ।

'ਕਾਤਿਲ' ਛੱਡ ਕੇ ਭੱਜ ਜਾਣੇ ਹਨ ਮਕਤਲ 'ਚੋਂ,
ਫਿਰ ਸੂਰਮਿਆਂ ਬਾਰੇ ਗੱਲਾਂ ਹੋਣਗੀਆਂ ।
11/12/2017

 

ਜੰਗਲ਼ ਅਤੇ ਬਰਫ਼
ਹਰਜੀਤ ਕਾਤਿਲ ਸ਼ੇਰਪੁਰ

ਖਲਾਅ 'ਚ ਉਡਦਿਆਂ ਯਾਰਾਂ
ਤੈਨੂੰ ਕਿੰਝ ਸਮਝਾਵਾਂ ਕਿ.....

ਮੇਰੇ ਜ਼ਿਹਨ ' ਚ ਉੱਗਿਆ ਜੰਗਲ਼
ਤੇਰੀ ਸੋਚ ਦੇ ਅੱਥਰੇ ਘੋੜਿਆਂ ਤੋਂ ਗਾਹ ਨਹੀਂ ਹੋਣਾ।
ਜੰਗਲ ' ਚ ਲੱਗੀ ਅੱਗ ਨੂੰ ਤੱਕੀ ਜਾਣਾ
ਅਤੇ ਉਸਨੂੰ ਬੁਝਾਉਣ ਲਈ ਤੁਰ ਪੈਣ ' ਚ
ਜ਼ਿਮੀਂ ਅਸਮਾਨ ਜਿੰਨ੍ਹਾਂ ਫ਼ਰਕ ਹੁੰਦਾਂ।
ਤੈਨੂੰ ਕਿੰਝ ਸਮਝਾਵਾਂ ਕਿ......

ਬੁੱਲ੍ਹਾਂ ਦੀ ਕੰਬਣੀ ਵੀ
ਆਪਣੇ ਆਪ ' ਚ ਇੱਕ ਦਾਸਤਾਂ ਹੁੰਦੀ ਹੈ।
ਇਤਿਹਾਸ ਵਾਚਣ ਵਾਲੀ ਤੇਰੀ ਬਿਰਤੀ
ਮੱਥੇ ਦੀਆਂ ਰੇਖਾਵਾਂ ਦਾ ਕਿਆਫਾ ਤਾਂ ਲਾ ਸਕਦੀ ਹੈ
ਪਰ ਮੱਥੇ ਤੇ ਉੱਭਰੀਆਂ ਨਾੜਾਂ ਨਹੀਂ ਵਾਚ ਸਕਦੀ।
ਤੈਨੂੰ ਕਿੰਝ ਸਮਝਾਵਾਂ ਕਿ.......

ਤੇਰੇ ਹੱਥਾਂ ' ਚ ਗਏ ਮੇਰੇ ਹੱਥਾਂ ਦੇ
ਪੋਟਿਆਂ ' ਚੋ ਨਿਕਲਦਾ ਸੇਕ
ਮਹਿਜ਼ ਇਤਫ਼ਾਕ ਨਹੀਂ
ਢਿੱਡ ਵਿੱਚੋ ਉੱਠੇ ਭਾਂਬੜ ਦਾ
ਸੰਕੇਤ ਵੀ ਹੋ ਸਕਦੈ।
ਮੌਸਮੀ ਹਵਾਵਾਂ ਦੀ ਗੱਲ ਕਰਨ ਵਾਲਿਆਂ
ਹਰ ਬੱਦਲੀ ਵਰਨ ਲਈ ਨਈ,
ਭਟਕਣ ਲਈ ਵੀ ਜਿਉਂਦੀ ਹੈ।
ਹੌਕਿਆਂ ' ਚੋਂ ਉੱਠਿਆ ਜਵਾਰ ਭਾਟਾ
ਰਾਵੀਂ ਅਤੇ ਝਨ੍ਹਾ ਨੂੰ ਵੀ ਮਾਤ ਪਾ ਸਕਦਾ ਹੈ
ਤਾਂ ਤੂੰ ਉਸ ਮੌਸਮ ਨੂੰ ਕੀ ਨਾਂ ਦੇਵੇਂਗਾ
ਜਦੋਂ ਥਲ ਠਰ ਰਹੇ ਹੁੰਦੇ ਨੇ,
' ਤੇ ਬਰਫ਼ ਨੂੰ ਅੱਗ ਲੱਗੀ ਹੁੰਦੀ ਐ।
ਤੈਨੂੰ ਕਿੰਝ ਸਮਝਾਵਾਂ ਕਿ.......
23/09/17

 

ਵਾਰਿਸ ਮੈ ਕਲਮ ਦਾ,ਕਲਮ ਹੀ ਵਾਰਿਸ ਮੇਰੀ....
ਹਰਜੀਤ ਕਾਤਿਲ ਸ਼ੇਰਪੁਰ

ਹਨੇਰਿਆਂ ' ਚ ਜਿਸ ਤਰਾਹ ਜੁਗਨੂੰ ਜਗਦੇ ਨੇ।
ਸਾਡਿਆਂ ਬੋਲਾਂ ' ਚ ਓਵੇਂ ਸੰਗਰਾਮ ਮੱਘਦੇ ਨੇ।

ਥੋਹਰਾਂ ਚ ਘਿਰੇ ਗੁਲਾਬ ਦੀ ਖੁਸ਼ਬੂ ਕਦ ਰੁੱਕਦੀਐ,
ਕੰਡੇ ਜਾਲਿਮ ਬੜੇ ਨੇ ਜੋ ਹੱਥਾਂ ਨੂੰ ਡੰਗਦੇ ਨੇ।

ਕਿਸ ਸੱਸੀ ਸੋਹਣੀ ਹੀਰ ਦੀ ਗੱਲ ਕਰਦੇ ਦੋਸਤੋ,
ਹੁਣ ਕਾਨੀ ਕੁੱਖੋਂ ਨਸਰੀਨ , ਲੰਕੇਸ਼ ਹੀ ਜੰਮਦੇ ਨੇ।

ਵਾਰਿਸ ਮੈ ਕਲਮ ਦਾ,ਕਲਮ ਹੀ ਵਾਰਿਸ ਮੇਰੀ,
ਸਦੀਆਂ ਤੋਂ ਚੱਲਦੇ ਕਾਫ਼ਿਲੇ ਗਵਾਹੀ ਭਰਦੇ ਨੇ।

ਸੱਚ ਦੇ ਆਸ਼ਿਕਾਂ ਲਾਈ ਐ ਉਡਾਰੀ ਅੰਬਰੀਂ,
ਕਦੋਂ ਉਹ ਥੋਡੀਆ 'ਤਾਰਾਂ, ਦੀਵਾਰਾਂ 'ਤੋਂ ਥੰਮਦੇ ਨੇ।

'ਕਾਤਿਲ' ਨੂੰ ਸ਼ੋਂਕ ਹੈਂ ਚੁਨ ਚੁਨ ਨਿਸ਼ਾਨੇ ਲਾਣ ਦਾ,
ਆਸ਼ਿਕ਼ ਸ਼ਮਾਂ ਦੇ ਇੱਕ ਦੂਜੇ ਅੱਗੇ ਹੋ ਖੜ੍ਹਦੇ ਨੇ ।
10/09/17

 

ਨਕਸ਼ਾ
ਹਰਜੀਤ ਕਾਤਿਲ ਸ਼ੇਰਪੁਰ

ਬਹੁਤ ਨਹੀਂ ਹੁੰਦਾ
ਕਵਿਤਾ ਸਜਾਉਣ ਲਈ
ਜ਼ਿੰਦਗੀ ਦੇ ਅਖੌਤੀ ਹਰਫ਼ਾਂ ਨੂੰ
ਕਵਿਤਾ ਚ ਘਸੋੜ ਦੇਣਾ।
'ਤੇ ਜਾ ਫਿਰ.......

ਆਪਣੀ ਮਹਿਬੂਬ ਵੱਲ ਲਿਖੇ ਖ਼ਤ ਨੂੰ
ਕਵਿਤਾ ਦਾ ਖਿਤਾਬ ਦੇ ਦੇਣਾ।
ਬਹੁਤ ਨਹੀਂ ਹੁੰਦਾ.....

ਰੇਤ ਦੇ ਟਿੱਬੇ ਵਰਗੇ ਵਿਚਾਰਾਂ ਦਾ
ਤੇਜ਼ ਝੱਖੜਾਂ'ਚ ਸਮਤਲ ਹੋ ਜਾਣਾ।
ਬਹੁਤ ਨਹੀਂ ਹੁੰਦਾ......

ਹਰ ਰਾਤ ਸੁਪਨੇ ਸਜਾਉਣੇ
ਤੇ ਹਰ ਸੇਵਰ
ਮੱਥੇ ਤੇ ਹੱਥ ਧਰ ਸੁਪਨੇ ਉਡੀਕਣੇ।
ਕਵਿਤਾ ਤਾਂ
ਕੁਤਰਾ ਕਰਦੇ ਮਜ਼ਦੂਰ ਦੀ
ਵੱਢੀ ਗਈ ਬਾਂਹ ਵੀ ਹੋ ਸਕਦੀ ਹੈਂ।
ਕਵਿਤਾ ਕੇਵਲ ਭਾਰਤ ਦਾ ਨਕਸ਼ਾ ਹੀ ਨਹੀਂ,
ਜਿਸ ਉੱਤੇ
ਕਸ਼ਮੀਰ ਤੋਂ ਕੰਨਿਆਂ ਕੁਮਾਰੀ ਤੱਕ
ਕਿਤੇ ਵੀ ਨਜ਼ਰ ਨਹੀ ਆਉਂਦੀਆਂ
ਰੋਟੀ ਬਦਲੇ ਜਿਸਮ ਵੇਚਦੀਆਂ ਔਰਤਾਂ।
ਅਤੇ ਕਿਤੇ ਨਹੀ ਸੁਣਦੀਆਂ
ਧੁੱਪ 'ਚ ਨੰਗੇ ਪੈਰੀਂ ਫਿਰਦੇ
ਅਨਾਥ ਬੱਚਿਆਂ ਦੀਆਂ ਕੂਕਾਂ।
ਅਤੇ ਕਿਤੇ ਨਹੀਂ ਸੁਣਦੀ
ਮਜ਼ਦੂਰ ਕੁੜੀ ਦੇ ਅੱਟਣਾ ਭਰੇ ਹੱਥਾਂ ਦੀ ਗਾਥਾ।
ਬਹੁਤ ਨਹੀਂ ਹੁੰਦਾ.....

ਵਿਚਾਰਾਂ ਦਾ ਉਲਝ ਕੇ ਰਹਿ ਜਾਣਾ
ਧਰਮ ਤੇ ਸਿਆਸਤ ਦੀ ਦਲਦਲ 'ਚ
ਜਿਸ ਵਿੱਚ ਰਲਗੱਡ ਹੋ ਜਾਂਦੇ ਨੇ
ਮਨੁੱਖੀ ਲੁੱਟ ਚੋਂਘ ਦੇ ਸ਼ਾਸਤਰ
ਅਤੇ ਕਵਿਤਾ ਹੋਕੇ ਰਹਿ ਜਾਂਦੀ ਹੈ
ਅਨਾਥ।
ਅਪਾਹਜ਼।
ਅਤੇ
ਬੇਸਹਾਰਾ।
24
/08/2017
 

ਹਰਜੀਤ ਕਾਤਿਲ ਸ਼ੇਰਪੁਰ
ਪੱਤੀ- ਥਿੰਦ
ਸ਼ੇਰਪੁਰ-148025
ਸੰਗਰੂਰ (ਪੰਜਾਬ)
9680795479
hrjtkatil@gmail.com

5_cccccc1.gif (41 bytes)

>> 1 2 3 4 5 6 7             hore-arrow1gif.gif (1195 bytes)

Terms and Conditions
Privacy Policy
© 1999-2020, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2020, 5abi.com