ਗ਼ਜ਼ਲ
ਹਰਦਮ ਸਿੰਘ ਮਾਨਨਦੀ ਤਾਂ ਵੇਖਦੇ ਸਾਰੇ, ਕਿਨਾਰੇ ਕੌਣ ਵੇਂਹਦਾ ਹੈ।
ਤੇ ਇਥੇ ਕੌਣ ਕਿਸ ਦੇ ਹੈ ਸਹਾਰੇ, ਕੌਣ ਵੇਂਹਦਾ ਹੈ।
ਤੁਸੀਂ ਵੀ ਰਾਤ ਭਰ ਚਮਕੇ ਬਥੇਰਾ ਤਾਰਿਆਂ ਵਾਂਗੂੰ
ਜੇ ਚੜ੍ਹਿਆ ਚੰਨ ਹੋਵੇ ਤਾਂ ਸਿਤਾਰੇ ਕੌਣ ਵੇਂਹਦਾ ਹੈ।
ਅਸੀਂ ਤਾਂ ਨਿੱਤ ਨਵੀਆਂ ਪਤਝੜਾਂ ਦੇ ਨਾਲ ਘੁਲਦੇ ਹਾਂ
ਬਹਾਰਾਂ ਕੋਲ ਬੈਠਾ ਇਹ ਨਜ਼ਾਰੇ ਕੌਣ ਵੇਂਹਦਾ ਹੈ।
ਕਿਸੇ ਦੇ ਹਉਕਿਆਂ ਦੇ ਨਾਲ ਨਾ ਪੱਥਰ ਕੋਈ ਪਿਘਲੇ
ਕਿਸੇ ਦੇ ਅੱਥਰੂ ਹੌਲੇ ਜਾਂ ਭਾਰੇ ਕੌਣ ਵੇਂਹਦਾ ਹੈ।
ਭਰੀ ਅੱਖਾਂ 'ਚ ਸਾਡੇ ਰੇਤ ਹੈ ਦੌਲਤ ਜਾਂ ਸ਼ੁਹਰਤ ਦੀ
ਮਨਾਂ ਵਿਚ ਸਿਸਕਦੇ ਜੋ ਚਾਅ ਕੁਆਰੇ ਕੌਣ ਵੇਂਹਦਾ ਹੈ।
29/11/16
ਗ਼ਜ਼ਲ
ਹਰਦਮ ਸਿੰਘ ਮਾਨ
ਥਲਾਂ ਦੀ ਰੇਤ ਇਹ
ਗ਼ਜ਼ਲਾਂ, ਨਦੀ ਦਾ ਵਹਿਣ ਇਹ ਗ਼ਜ਼ਲਾਂ।
ਬੜਾ ਖਾਮੋਸ਼ ਰਹਿ ਕੇ ਵੀ ਬੜਾ ਕੁਝ ਕਹਿਣ ਇਹ ਗ਼ਜ਼ਲਾਂ।
ਸਮੇਂ ਦੀ ਤਪਸ਼ ਆਪਣੇ ਜਿਸਮ ਉਤੇ ਸਹਿਣ ਇਹ ਗ਼ਜ਼ਲਾਂ।
ਖ਼ੁਦਾਇਆ ਫੇਰ ਵੀ ਇਉਂ ਹਸਦੀਆਂ ਹੀ ਰਹਿਣ ਇਹ ਗ਼ਜ਼ਲਾਂ।
ਇਨ੍ਹਾਂ ਦੇ ਹਰ ਸ਼ਿਅਰ ਅੰਦਰ ਮੇਰਾ ਹੀ ਖੂਨ ਵਗਦਾ ਹੈ
ਮੇਰੇ ਹੀ ਵਾਂਗ ਟਿਕ ਕੇ ਨਾ ਕਦੇ ਵੀ ਬਹਿਣ ਇਹ ਗ਼ਜ਼ਲਾਂ।
ਫਹਾ ਬਣ ਕੇ ਹੀ ਲੱਗੀਆਂ ਨੇ ਕਿਤੇ ਵੀ ਜ਼ਖ਼ਮ ਜਦ ਡਿੱਠਾ
ਸੁਨੇਹਾ ਜ਼ਿੰਦਗੀ ਦਾ ਵੰਡਦੀਆਂ ਹੀ ਰਹਿਣ ਇਹ ਗ਼ਜ਼ਲਾਂ।
ਹਵਾਵਾਂ ਖਚਰੀਆਂ ਨੇ ਹਰ ਘੜੀ ਕੰਨ ਭਰਨ ਮੌਸਮ ਦੇ
ਹਮੇਸ਼ਾ ਮਸਤ ਆਪਣੀ ਚਾਲ ਵਿਚ ਹੀ ਰਹਿਣ ਇਹ ਗ਼ਜ਼ਲਾਂ।
ਇਨ੍ਹਾਂ ਦੇ ਹਰਫ਼ ਕੂਲੇ ਨੇ, ਇਨ੍ਹਾਂ ਦੇ ਅਰਥ ਸੂਖਮ ਨੇ
ਬੜੇ ਬੇਰਹਿਮ ਮੌਸਮ ਨਾਲ ਫਿਰ ਵੀ ਖਹਿਣ ਇਹ ਗ਼ਜ਼ਲਾਂ।
29/09/2014
ਗੀਤ
ਹਰਦਮ ਸਿੰਘ ਮਾਨ
ਸਭ ਪਾਣੀ ਗੰਧਲ ਗਏ, ਮਿੱਟੀ ਜ਼ਹਿਰੀਲੀ ਏ।
ਤੇਰੇ ਸੋਹਣੇ ਬਾਗ ਅੰਦਰ ਕਿਸ ਲਾਈ ਤੀਲੀ ਏ।
ਹੁਣ ਖੁਸ਼ਬੂ ਵੰਡਦੇ ਨਾ ਇਹ ਫੁੱਲ ਗੁਲਾਬ ਤੇਰੇ।
ਅੱਜ ਬੇਵੱਸ ਲਗਦੇ ਨੇ ਵਾਰਿਸ ਪੰਜਾਬ ਤੇਰੇ…
ਅੱਜ ਨਾਨਕ ਦੀ ਬਾਣੀ ਸੰਗਮਰਮਰ ਵਿਚ ਸਹਿਕ ਰਹੀ।
ਬਣੇ ਬੰਗਲੇ ਧਰਮਾਂ ਦੇ, ਜਿੱਥੇ ਹਵਸ ਹੈ ਟਹਿਕ ਰਹੀ।
ਸੁਰ,ਸਾਜ਼ ਵੀ ਬਦਲ ਗਏ, ਰੁਸ ਗਏ ਰਬਾਬ ਤੇਰੇ।
ਕਿਉਂ ਬੇਵੱਸ ਲਗਦੇ ਨੇ ਵਾਰਿਸ ਪੰਜਾਬ ਤੇਰੇ…
ਸਰਾਭਾ, ਭਗਤ ਸਿੰਘ ਤੇ ਊਧਮ ਸਿੰਘ ਪੁੱਛਦੇ ਨੇ।
ਉਹ ਕਿਹੜੇ ਦੋਖੀ ਨੇ,ਜੋ ਵਿਰਸਾ ਮੁਛਦੇ ਨੇ।
ਦੱਸ ਕੌਣ ਖਿੰਡਾਅ ਗਿਆ ਏ ਸਭ ਰੰਗਲੇ ਖ਼ਾਬ ਤੇਰੇ।
ਬੜੇ ਬੇਵੱਸ ਹੋ ਗਏ ਨੇ ਵਾਰਿਸ ਪੰਜਾਬ ਤੇਰੇ…
ਕੁਰਸੀ ਦੇ ਨਾਗਾਂ ਨੇ ਸਭ ਸੱਧਰਾਂ ਡੰਗ’ਤੀਆਂ।
ਇਥੇ ਧੀਆਂ ਰੋਲ’ਤੀਆਂ ਤੇ ਅਣਖਾਂ ਟੰਗ’ਤੀਆਂ।
ਸਭ ਚੋਰ, ਠੱਗ, ਡਾਕੂ,ਬਣ ਗਏ ਨਵਾਬ ਤੇਰੇ।
ਤਾਂ ਹੀ ਬੇਵੱਸ ਜਾਪਣ ਇਹ ਵਾਰਿਸ ਪੰਜਾਬ ਤੇਰੇ…
08/09/2014
ਗ਼ਜ਼ਲ
ਹਰਦਮ ਸਿੰਘ ਮਾਨ
ਆਪਣੇ ਘਰ ਦੀ ਪਤਝੜ ਏਦਾਂ ਦੂਰ ਭਜਾਵਾਂ ਮੈਂ।
ਮਨ ਦੇ ਵਿਹੜੇ ਨਿੱਤ ਨਵੇਂ ਕੁੱਝ ਫੁੱਲ ਸਜਾਵਾਂ ਮੈਂ।
ਰੋਜ਼ ਸਵੇਰੇ ਵੇਖਾਂ ਉੱਗੇ, ਦਸ ਸਿਰ ਹੋਰ ਨਵੇਂ
ਆਪਣੇ ਮਨ ਦਾ ਰਾਵਣ ਸ਼ਾਮੀਂ ਰੋਜ਼ ਜਲਾਵਾਂ ਮੈਂ।
ਤਨ-ਧਰਤੀ ਦਾ ਕੋਨਾ ਕੋਨਾ ਪਲ ਵਿਚ ਗਾਹ ਲਵਾਂ
ਮਨ-ਅੰਬਰ ਦੀ ਪਰਕਰਮਾ ਦੀ ਥਾਹ ਨਾ ਪਾਵਾਂ ਮੈਂ।
ਉਸ ਪੱਥਰ ਦਾ ਮਨ ਵੀ ਸ਼ਾਇਦ ਕਦੇ ਤਾਂ ਪਿਘਲ ਪਵੇ
ਸ਼ਾਮ ਸਵੇਰੇ ਕਿੰਨੇ ਹੀ ਫੁੱਲ ਬਲੀ ਚੜਾਵਾਂ ਮੈਂ।
ਭਟਕੇ ਸੁਪਨੇ ਜਿੱਥੇ ਬਹਿ ਕੇ ਕੁਝ ਪਲ ਕਰਨ ਆਰਾਮ
ਮਨ ਦੀ ਦੁਨੀਆਂ ਅੰਦਰ ਲੱਭਾਂ ਉਹ ਸਿਰਨਾਵਾਂ ਮੈਂ।
ਸ਼ੀਸ਼ਾ ਮੈਨੂੰ 'ਮੁਜਰਿਮ ਮੁਜਰਿਮ' ਆਖੇ ਅਕਸਰ 'ਮਾਨ'
ਨੇਰੇ ਦੀ ਸੱਥ ਅੰਦਰ ਬਹਿ ਕੇ 'ਜੱਜ' ਕਹਾਵਾਂ ਮੈਂ।
ਇਨਸਾਨਾਂ ਦੀ ਖੁਸ਼ਬੂ ਲੱਭਦੈ ਇਸ ਨਗਰੀ ਚੋਂ 'ਮਾਨ'
ਬੱਚਿਆਂ ਵਰਗੇ ਭੋਲੇ ਮਨ ਨੂੰ ਕਿੰਜ ਸਮਝਾਵਾਂ ਮੈਂ।
31/01/2014
ਸਮੇਂ ਦੀ ਅੱਖ
ਹਰਦਮ ਸਿੰਘ ਮਾਨ
ਪੱਥਰਾਂ ਦੇ ਨਾਲ ਬੋਝੇ ਹਰ ਸਮੇਂ ਭਰਦੇ ਨੇ ਲੋਕ।
ਉਂਜ ਕਲੋਲਾਂ ਸ਼ੀਸ਼ਿਆਂ ਦੇ ਨਾਲ ਵੀ ਕਰਦੇ ਨੇ ਲੋਕ।
ਗ਼ੈਰ ਜੇ ਹੌਕਾ ਭਰੇ ਤਾਂ ਉਹ ਵੀ ਲਗਦਾ ਜੁਰਮ ਹੈ
ਖ਼ੁਦ ਗੁਨਾਹ ਕਰਕੇ ਹਜਾਰਾਂ ਪਾਂਵਦੇ ਪਰਦੇ ਨੇ ਲੋਕ।
ਹੰਝੂਆਂ ਦਾ ਖਾਰਾ ਸਾਗਰ ਭੋਰਾ ਵੀ ਨਾ ਛਲਕਦਾ
ਹਾਸਿਆਂ ਨੂੰ ਬੁੱਲ੍ਹਾਂ ਤੇ ਇਉਂ ਬੋਚ ਕੇ ਧਰਦੇ ਨੇ ਲੋਕ।
ਛਾਂਗਦੇ ਛਾਂਵਾਂ ਸੀ ਜਦ ਉਹ, ਰੁੱਖ ਨੂੰ ਪੁੱਛਿਆ ਕਿਸੇ
ਰੁੱਖ ਨੇ ਹੱਸ ਕੇ ਕਿਹਾ ਕਿ ਆਪਣੇ ਘਰ ਦੇ ਨੇ ਲੋਕ।
ਮੋਹ-ਮੁਹੱਬਤ, ਪਿਆਰ, ਚਾਹਤ ਇਹ ਤਾਂ ਰਸਮਾਂ ਨੇ ਜਨਾਬ!
ਰਿਸ਼ਤਿਆਂ ਤੋਂ ਚੋਰੀ ਚੋਰੀ ਗੱਲਾਂ ਇਉਂ ਕਰਦੇ ਨੇ ਲੋਕ।
ਮਾਨ ਤੇਰੇ ਸ਼ਹਿਰ ਦਾ ਦਸਤੂਰ ਹੀ ਇਹ ਬਣ ਗਿਆ
ਊਣਿਆਂ ਨੂੰ ਹੋਰ ਊਣਾ, ਭਰਿਆਂ ਨੂੰ ਭਰਦੇ ਨੇ ਲੋਕ।
ਹਰਦਮ ਸਿੰਘ ਮਾਨ
maanhardam@gmail.com |