ਸ਼ਾਬਾਸ਼ ਪੰਜਾਬ ! ਡਾ ਗੁਰਮੀਤ ਸਿੰਘ ਬਰਸਾਲ ਸੈਨਹੋਜੇ
ਪੰਜਾਬ ਦੀ ਆਬੋ-ਹਵਾ ਵਿੱਚ, ਕੁਝ ਨਾ ਕੁਝ ਤਾਂ ਖਾਸ ਹੈ । ਕਲਮ
ਨਹੀਂ ਕਿਰਪਾਨ ਲਿਖਿਆ, ਏਸ ਦਾ ਇਤਿਹਾਸ ਹੈ ।।
ਇਰਾਨੀਆਂ,ਦੁਰਾਨੀਆਂ,ਅਫਗਾਨੀਆਂ ਦੀ ਗੱਲ ਕੀ , ਹਰ ਸਿਕੰਦਰ ਥੰਮ ਲੈਣਾ
, ਏਸ ਦਾ ਅਭਿਆਸ ਹੈ । ਹਰ ਮਨੁੱਖੀ ਮੁਢਲੀਆਂ ਲੋੜਾਂ ਨੂੰ ਇਹ ਹੈ
ਪੂਰਦਾ, ਭਲਾ ਹੀ ਸਰਬੱਤ ਵਾਲਾ ਏਸਦਾ ਧਰਵਾਸ ਹੈ । ਅਣਖ ਦੇ ਸੰਘਰਸ਼
ਲਈ ਹਿੰਮਤ ਜੁਟਾਵਣ ਵਾਸਤੇ, ਛਾਤੀ `ਚ ਹਵਾ ਭਰਨ ਲਈ, ਕਰ ਜਾਂਵਦਾ
ਪਰਵਾਸ ਹੈ । ਆਪ ਤਾਂ ਹਰ ਹਾਲ ਵਿੱਚ ਇਹ ਰਜਾ ਕਹਿਕੇ ਮਸਤ ਹੈ, ਪਰ
ਪਰ-ਉਪਕਾਰ ਲਈ ਇਹ, ਦਾਸਾਂ ਦਾ ਵੀ ਦਾਸ ਹੈ । ਏਸਦਾ ਨੁਕਸਾਨ ਕਰਦੀ
ਬੇ-ਪਰਵਾਹੀ ਏਸ ਦੀ, ਐਪਰ ਜਦ ਵੀ ਜਾਗਦਾ ਫਿਰ ਹਰ ਅੜਿੱਕਾ ਪਾਸ ਹੈ ।
ਏਸਦੀ ਮਿਹਨਤ ਦੇ ਝੰਡੇ ਜਗਤ ਵਿੱਚ ਨੇ ਝੂਲਦੇ, ਏਸ ਦਾ ਸੰਘਰਸ਼ ਹੀ ਅੱਜ
ਕਿਰਤੀਆਂ ਦੀ ਆਸ ਹੈ । ਏਸਦੇ ਦੁਸ਼ਮਣ ਵੀ ਭਾਵੇਂ ਰਹਿ ਸਕੇ ਨਾ ਸਿਫਤ
ਬਿਨ, ਬਖਸ਼ਿਆ ਇਖਲਾਕ ਇਸਨੂੰ ,ਮਾਨਸਿਕ ਵਿਕਾਸ ਹੈ । ਏਸਦੀ ਫਿਤਰਤ
ਨੂੰ ਤੱਕਕੇ ਲੱਗਦਾ ਹੈ ਇੰਝ ਹੁਣ, ਜਮ-ਪਲ਼ ਪੰਜਾਬ ਦਾ ,ਮੁਹਿੰਮਾਂ ਦਾ
ਆਗਾਜ਼ ਹੈ । ਏਸਦਾ ਤਾਂ ਭੋਲ਼ਾਪਣ ਵੀ ਏਸ ਲਈ ਜੰਜੀਰ ਹੈ, ਤਾਹੀਓਂ
ਰਾਜਨੀਤਕਾਂ ਨੇ ਕਰਿਆ ਹਿਰਾਸ ਹੈ । ਏਸਦੇ ਵਿਓਹਾਰ ਕੋਲੋਂ ਅੰਦਰੋਂ
ਭੈ-ਭੀਤ ਹੋ, ਰੱਖਣਾ ਗੁਲਾਮ ਇਹਨੂੰ ਹਕੂਮਤੀ ਪਰਿਆਸ ਹੈ ।
ਹੱਕ,ਸੱਚ,ਅਣਖ ਤੇ ਇਨਸਾਫ,ਸੇਵਾ ਭਾਵਨਾ ਨੂੰ, ਜੱਗ ਤੇ ਰੱਖੂਗਾ
ਜਿੰਦਾ,ਏਸ ਨੂੰ ਸ਼ਾਬਾਸ਼ ਹੈ ।। 21/12/2020
ਦਿਲ ਤੇ ਮਾਸਕ ਡਾ ਗੁਰਮੀਤ ਸਿੰਘ ਬਰਸਾਲ ਸੈਨਹੋਜੇ
ਹਾਲਾਤਾਂ ਨੇ ਮੂੰਹ ਉੱਪਰ ਲਗਵਾਈ ਸੀ, ਦਿਲ ਉਪਰ
ਕਿਓਂ ਬੈਠਾਂ ਮਾਸਕ ਪਾ ਸੱਜਣਾ । ਸਾਂਝ ਗੁਣਾਂ ਦੀ ਪੜਦਾਂ ਏਂ ਪਰ
ਮੰਨਦਾ ਨਹੀਂ, ਤਾਹੀਓਂ ਬੈਠਾਂ ਸਭ ਤੋਂ ਮੁੱਖ ਘੁਮਾ ਸੱਜਣਾ ।
ਬੋਲਾਂ ਵਿੱਚ ਜੇ ਤਰਕ ਨਿਮਰਤਾ ਆਈ ਨਹੀਂ , ਕਿੰਝ ਨਾਨਕ ਦਾ ਸਕਦਾਂ
ਸਿੱਖ ਅਖਵਾ ਸੱਜਣਾ । ਮਨ ਨੀਵਾਂ ਤੇ ਮੱਤ ਉੱਚੀ ਜੇ ਹੋਈ ਨਾਂ ,
ਕੌਣ ਕਹੂ ਇਹ ਬਾਬੇ ਵਾਲਾ ਰਾਹ ਸੱਜਣਾ । ਜੇ ਸਮਝੇਂ ਕਿ ਤੇਰੇ ਬਿਨ ਸਭ
ਮੂਰਖ ਨੇ, ਇਹ ਤਾਂ ਤੇਰੀ ਹਉਮੇ ਭਰੀ ਖਤਾ ਸੱਜਣਾ । ਇਸ ਜੱਗ ਉੱਪਰ
ਇੱਕ ਹੀ ਜੀਵਨ ਰਮਿਆ ਹੈ, ਰੁੱਖ,ਪੰਛੀ, ਜੀ, ਜੰਤੂ ਭੈਣ ਭਰਾ ਸੱਜਣਾ ।
ਜੜ ਤੋਂ ਚੇਤਨ ਵੱਲ ਜੋ ਵਹਿੰਦਾ ਦਿਖਦਾ ਹੈ, ਨਿਯਮ ਰੂਪ ਵਿੱਚ ਖੁਦ ਹੀ
ਆਪ ਖੁਦਾ ਸੱਜਣਾ । ਜੇ ਲੜਨਾ ਸੀ ਹੋਰ ਬਹਾਨੇ ਲੱਭ ਲੈਂਦਾ, ਨਾਸਤਕ
ਕਹਿ ਨਾ ਘਿਸਿਆ ਰਾਗ ਸੁਣਾ ਸੱਜਣਾ ।। 04/10/2020
ਮੈਜਿਕ ਅਤੇ ਲੌਜਿਕ !
ਡਾ ਗੁਰਮੀਤ ਸਿੰਘ ਬਰਸਾਲ ਸੈਨਹੋਜੇਮਨੁੱਖੀ ਪਹੁੰਚ ਵਿੱਚ ਜਦ ਤੋਂ,
ਇਹ ਇੰਟਰਨੈੱਟ ਆਇਆ ਹੈ ।
ਜੱਗ ਤੇ ਗਿਆਨ ਤੇ ਵਿਗਿਆਨ ਦਾ,
ਸੰਚਾਰ ਛਾਇਆ ਹੈ ।।
ਦੁਨੀਆਂ ਦੇ ਕਿਸੇ ਹਿੱਸੇ ਦੇ ਅੰਦਰ,
ਹੋ ਰਿਹਾ ਹੈ ਕੀ ?
ਮਿੰਟਾ ਤੇ ਸਕਿੰਟਾਂ ਵਿੱਚ ਬੰਦੇ,
ਭੇਤ ਪਾਇਆ ਹੈ ।।
ਦਿਖਾਕੇ ਉਲਟ ਕੁਦਰਤ ਦੀ,
ਰਚੀ ਨਿਯਮਾਵਲੀ ਕੋਲੋਂ ।
ਰਿਹਾ ਇਹ ਕਰਿਸ਼ਮਿਆਂ ਤੇ ਕਰਾਮਾਤਾਂ,
ਵਰਗਲਾਇਆ ਹੈ ।।
ਆਈ ਸੂਝ ਦੇ ਸੰਚਾਰ ਸਦਕਾ,
ਇਸਨੇ ਜਾਣਿਆਂ ।
ਮਜ਼ਹਬਾਂ ਸੋਚ ਖੂੰਡੀ ਕਰਨ ਦਾ,
ਜੁਗਾੜ ਲਾਇਆ ਹੈ ।।
ਗਿਆਨੋਂ ਸੱਖਣਾ ਹਨੇਰਿਆਂ ਤੋਂ,
ਡਰ ਰਿਹਾ ਸੀ ਜੋ ।
ਛਾਲ ਮਾਰਕੇ ਉੱਠਿਆ,
ਜਦੋਂ ਪ੍ਰਕਾਸ਼ ਆਇਆ ਹੈ ।।
ਜਿਸਨੂੰ ਸਮਝਕੇ ਉਹ ਨਾਗ,
ਡਰਕੇ ਲੁੱਟ ਹੁੰਦਾ ਰਿਹਾ ।
ਗਲ਼ ਤੋਂ ਲਾਹ ਕੇ ਆਖਿਰ,
ਪਰੇ ਰੱਸਾ ਵਗਾਹਿਆ ਹੈ ।।
ਉਸਦੇ ਸੈਲਫ-ਹਿਪਨੋਟਾਈਜ ਲਈ,
ਮੰਤਰ ਜੋ ਦੱਸੇ ਸੀ ।
ਉਸਨੇ ਮੰਤਰਾਂ ਚੋਂ ਗਿਆਨ ਲੱਭ,
ਜੀਵਨ ਬਣਾਇਆ ਹੈ ।।
ਜਦ ਤੋਂ ਲੌਜਿਕਾਂ ਦੀ ਜੱਗ ਅੰਦਰ,
ਗੱਲ ਚੱਲੀ ਹੈ ।
ਲਗਭੱਗ ਮੈਜਿਕਾਂ ਦੀ ਬਾਤ ਦਾ,
ਹੋਇਆ ਸਫਾਇਆ ਹੈ ।।
09/10/17
ਸਾਂਝ ਗੁਣਾਂ ਦੀ !
ਡਾ ਗੁਰਮੀਤ ਸਿੰਘ ਬਰਸਾਲ ਸੈਨਹੋਜੇ
ਸਾਂਝ ਗੁਣਾਂ ਦੀ ਕਰਦਾ ਜਾਹ ।
ਚੁੱਗ-ਚੁੱਗ ਝੋਲੀ ਭਰਦਾ ਜਾ ॥
ਅੱਗ ਤਰਕ ਦੀ ਬਾਲੀ ਰੱਖ,
ਗਿਆਨ ਬਿਨਾਂ ਨਾ ਠਰਦਾ ਜਾ ॥
ਬੰਦਿਆਂ ਦਾ ਨਾ ਧੜਾ ਬਣਾਈਂ ।
ਸ਼ਬਦ ਰਤਨ ਸਭ ਸਾਂਭੀ ਜਾਈਂ ।
ਦੁਸ਼ਮਣ ਤੋਂ ਵੀ ਸਿੱਖਣਾ ਸਿੱਖਕੇ,
ਹਉਮੇ ਲਾਹ-ਲਾਹ ਧਰਦਾ ਜਾ ॥
ਛੱਡ ਵਿਸਾਹ ਤਕਦੀਰਾਂ ਦਾ ।
ਆਸ਼ਕ ਬਣ ਤਦਬੀਰਾਂ ਦਾ ।
ਇੱਕੋ ਵਾਰੀ ਮਰਨਾ ਸਿੱਖ ਲੈ,
ਵਾਰ-ਵਾਰ ਨਾ ਮਰਦਾ ਜਾ ॥
ਨਾ ਕਰਨਾ ਨਾ ਸਹਿਣਾ ਹੈ ।
ਜੁਲਮ ਵਿਰੋਧੀ ਰਹਿਣਾ ਹੈ ।
ਰਾਜ-ਮਜ਼ਹਬ ਦੀਆਂ ਚਾਲਾਂ ਨੂੰ,
ਚੁੱਪ ਕਰਕੇ ਨਾ ਜਰਦਾ ਜਾ ॥
ਆਪਣੇ ਅਤੇ ਬੇਗਾਨੇ ਨਾਲ ।
ਸੱਚ ਦੇ ਫੜੇ ਪੈਮਾਨੇ ਨਾਲ ।
ਝੂਠੀ ਦੁਨੀਆਂ ਦਾਰੀ ਲਈ,
ਦਿਲ ਹੱਥੋਂ ਨਾ ਹਰਦਾ ਜਾ ॥
17/09/17
ਵਿਕਾਸ-ਹਨੇਰੀ !
ਡਾ ਗੁਰਮੀਤ ਸਿੰਘ ਬਰਸਾਲ ਸੈਨਹੋਜੇ
ਜਦ ਤੋਂ ਓਥੇ ਪਰਵਾਸੀ ਅਖਵਾਇਆ ਹੈ ।
ਸੌਖਾ ਕੰਮ ਵੀ ਔਖਾ ਬਣਕੇ ਆਇਆ ਹੈ ॥
ਜਿਸ ਵੀ ਦਫਤਰ ਜਿਸ ਵੀ ਕੰਮ ਲਈ ਜਾਂਦਾ ਸੀ।
ਕਰਮਚਾਰੀਆਂ ਬਿਨ ਦੇਖੇ ਟਰਕਾਇਆ ਹੈ ॥
ਦੂਜੇ ਦਾ ਹੱਕ ਖਾਣਾ ਕਿੰਝ ਹਰਾਮ ਕਹੂ,
ਜਿਸਨੇ ਛੱਡ ਕਤਾਰ ਜੁਗਾੜ ਲਗਾਇਆ ਹੈ ॥
ਆਪਣੀ ਵਾਰੀ ਕਾਹਤੋਂ ਕੋਈ ਉਡੀਕੇਗਾ,
‘ਧੁਸ-ਦੇਣਾ’ ਹੀ ਜੇਕਰ ਗਿਆ ਸਿਖਾਇਆ ਹੈ ॥
ਇਮਾਨਦਾਰੀ ਦੇ ਪੜ੍ਹੇ ਪਾਠ ਸਭ ਰੁਲ਼ ਜਾਂਦੇ,
ਹੇਰ-ਫੇਰ ਹੀ ਜਾਵੇ ਜਦ ਵਡਿਆਇਆ ਹੈ ॥
ਜੋ-ਜੋ ਕੰਮ ਲਈ ਛੁੱਟੀਆਂ ਲੈਕੇ ਪੁੱਜਾ ਸੀ,
ਅਗਲਿਆਂ ਮਿਥਕੇ ਛੁੱਟੀਓਂ ਕੰਮ ਵਧਾਇਆ ਹੈ ॥
‘ਮਾਫ ਕਰੀਂ’ ਜਾਂ ‘ਧੰਨਵਾਦ’ ਜੇ ਕਹਿ ਬੈਠਾ,
ਅਗਲੇ ਸਮਝਣ ਮੂਰਖ ਦਾ ਹਮਸਾਇਆ ਹੈ ॥
ਹਰ ਕੋਈ ਸੋਚੇ ਪੱਕਾ ਮੱਥਾ ਟੇਕ ਦਿਆਂ,
ਜਦ ਵੀ ਮੱਥਾ ਬੇ-ਮੱਥਿਆਂ ਸੰਗ ਲਾਇਆ ਹੈ ॥
ਰਸਾਇਣਾਂ ਬਾਝੌਂ ਅੰਨ ਵੀ ਉੱਗਣਾਂ ਛੱਡ ਦਿੱਤਾ,
ਪੌਣ-ਪਾਣੀ ਵੀ ਫਿਰਦਾ ਅੱਜ ਕੁਮਲਾਇਆ ਹੈ ॥
ਜਹਿਰੀ ਵਾਤਾਵਰਣ ਨੇ ਸਭ ਹੜੱਪ ਜਾਣਾ,
ਚਿੜੀਆਂ ਮੁੱਕਣ ਲੱਗੀਆਂ ਬਿਗਲ ਬਜਾਇਆ ਹੈ ॥
ਸਾਰੀਆਂ ਛੁੱਟੀਆਂ ਦੋ-ਤਿੰਨ ਕੰਮਾਂ ਵਿੱਚ ਗੁਆ,
ਥੱਕ-ਟੁੱਟ ਕੇ ਜਦ ਘਰ ਆ ਟੀ ਵੀ ਲਾਇਆ ਹੈ ॥
ਵਿਕਾਸ ਹਨੇਰੀ ਦਾ ਕੋਈ ਏਥੇ ਸਾਨੀ ਨਹੀਂ,
ਨੇਤਾ ਜੀ ਨੇ ਖਬਰਾਂ ਵਿੱਚ ਫੁਰਮਾਇਆ ਹੈ ॥
16/08/17
ਇੱਕ ਦੀ ਰਮਜ਼ !
ਡਾ ਗੁਰਮੀਤ ਸਿੰਘ ਬਰਸਾਲ ਸੈਨਹੋਜੇ
ਗੁਰ ਨਾਨਕ ਇਸ ਜੱਗ ਦੇ
ਅੰਦਰ,
ਇੱਕ ਰੱਬ ਦੀ ਇੰਝ ਗੱਲ ਸਮਝਾਈ ।
ਕਰਤਾ ਆਪੇ ਕਿਰਤ `ਚ ਵਸਦਾ,
ਸੈਭੰ ਰੂਪੀ ਬਣਤ ਬਣਾਈ ।
ਨਿਯਮ-ਹੁਕਮ ਦਾ ਰੂਪ ਵਟਾਕੇ,
ਜੱਗ ਦੀ ਖੁਦ ਕਰਦਾ ਅਗਵਾਈ ।
ਗੁਰੂ ਗਿਆਨ ਦੀ ਕਿਰਪਾ ਸਦਕਾ,
ਸਭ ਪਾਸੇ ਇਹ ਦਵੇ ਦਿਖਾਈ ॥
ਨਾਨਕ ਰੂਪੀ ਗਿਆਨ ਜੋਤ ਜਦ,
ਦਸ ਦੇਹਾਂ `ਚੋਂ ਹੋਕੇ ਚੱਲੀ ।
ਗੁਰੂ ਗ੍ਰੰਥ ਦੇ ਰੂਪ `ਚ ਆਖਿਰ,
ਹੋ ਗਈ ਸਭ ਤੇ ਨਜਰ ਸਵੱਲੀ ।
ਕੁਝ ਗੁਰੂ-ਪੁਤਰਾਂ ਬਾਗੀ ਹੋਕੇ,
ਬਿਪਰੀ ਸੋਚੇ ਬੇੜੀ ਠੱਲੀ
ਗੁਰੂ ਕਾਲ ਦੇ ਵਿੱਚੇ ਬਣ ਗਏ,
ਬਾਈ ਡੇਰੇ ਮੱਲੋ-ਮੱਲੀ ॥
ਬਾਈਆਂ ਤੋਂ ਅੱਜ ਬਾਈ ਸੌ ਬਣ,
ਸ਼ਬਦ-ਗਿਆਨ ਨੂੰ ਢਾਹ ਰਹੇ ਨੇ ।
ਗੁਰੂ ਗ੍ਰੰਥ ਨੂੰ ਪਿੱਛੇ ਕਰਕੇ,
ਦੇਹ ਨੂੰ ਗੁਰੂ ਸਦਾ ਰਹੇ ਨੇ ।
ਕੁਝ ਅਗਲੇਰੇ ਕਦਮ ਤੋਂ ਪਹਿਲਾਂ,
ਗੁਰ ਨੂੰ ਢਾਲ਼ ਬਣਾ ਰਹੇ ਨੇ ।
ਛੁਟਿਆਵਣ ਲਈ ਗ੍ਰੰਥ ਗੁਰੂ ਨੂੰ,
ਬਿਪਰੀ ਗ੍ਰੰਥ ਫੈਲਾ ਰਹੇ ਨੇ ॥
ਗੁਰੂ ਗ੍ਰੰਥ ਦੇ ਸ਼ਬਦਾਂ ਅੰਦਰ,
ਸਿੱਖ ਦੀ ਜੀਵਨ ਜਾਚ ਸਮਾਈ ।
ਗੁਰਮਤਿ ਛੱਡਕੇ ਮਨਮੱਤ ਵਾਲੀ,
ਫਿਰਦੇ ਕਈ ਅੱਜ ਰਹਿਤ ਬਣਾਈ ।
ਕਰਮਕਾਂਡ ਘੜ ਮਰਿਆਦਾ ਵਿੱਚ,
ਸਿੱਖ ਬਿਪਰ ਵਿੱਚ ਸਾਂਝ ਦਿਖਾਈ ।
ਵਿਵਹਾਰਿਕ ਜੀਵਨ ਨੂੰ ਤੱਜ ਕੇ,
ਖਲਕਤ ਪੂਜਾ ਵਿੱਚ ਉਲਝਾਈ ॥
ਸਿੱਖ ਪੰਥ ਦਾ ਤਖਤ ਇੱਕ ਹੈ,
ਗ੍ਰੰਥ ਗੁਰੂ ਵਿੱਚ ਗੁਰੂਆਂ ਘੜਿਆ ।
ਅਕਾਲ ਪੁਰਖ ਦਾ ਤਖਤ ਨਿਰਾਲਾ,
ਨਾਨਕ ਸ਼ਬਦੀਂ ਰਤਨੀਂ ਜੜਿਆ ।
ਇਟਾਂ ਰੇਤ ਨਾ ਚੂਨਾ ਕੋਈ,
ਇਹ ਹੈ ਗੁਰ ਸਿਧਾਂਤ ਵਿੱਚ ਮੜਿਆ ।
ਦੁਨੀਆਂ ਦੇ ਸਭ ਤਖਤਾਂ ਸਾਹਵੇਂ,
ਸਦਾ ਰਹੂ ਹਿੱਕ ਤਾਣੀ ਖੜਿਆ ॥
ਸੂਰਜ ਦੀ ਪਰਿਕਰਮਾ ਕਰਦੀ,
ਧਰਤੀ ਰੁੱਤਾਂ ਸਾਲ ਬਣਾਵੇ ।
ਅੱਜ ਦੇ ਯੁੱਗ ਦੀ ਸੂਰਜ ਗਿਣਤੀ,
ਚੰਦ ਗਣਨਾਂ ਦੇ ਮੇਚ ਨਾ ਆਵੇ ।
ਏਕੋ ਨਿਯਮ `ਚ ਬੱਝ ਕੈਲੰਡਰ,
ਨਾਨਕਸ਼ਾਹੀ ਅੱਜ ਅਖਵਾਵੇ ।
ਦਿਨ-ਸੁਧ ਪੱਕੀਆਂ ਮਿਤੀਆਂ ਕਾਰਣ,
ਹਰ ਵਾਰੀ ਨਿਸ਼ਚਿਤ ਥਾਂ ਆਵੇ ॥
ਆਓ ਦੋ ਦੀ ਦੁਐਤ ਤੋਂ ਬਚਕੇ,
ਇੱਕ ਦਾ ਨੁਕਤਾ ਸਾਹਵੇਂ ਲਿਆਈਏ ।
ਇੱਕ ਰੱਬ, ਇੱਕ ਗੁਰ, ਇੱਕ ਮਰਿਆਦਾ,
ਏਕੋ ਗ੍ਰੰਥ ਦਾ ਪੰਥ ਸਦਾਈਏ ।
ਤਖਤ, ਕੈਲੰਡਰ ਦੀ ਨੀਤੀ ਵਿੱਚ,
ਇੱਕੋ ਨਿਯਮ ਨੂੰ ਹੀ ਅਪਣਾਈਏ ।
ਗੁਰ ਨਾਨਕ ਦੇ ਇੱਕ ਦੀਆਂ ਰਮਜਾਂ,
ਸਮਝਕੇ ਇੱਕ ਵਿੱਚ ਇੱਕ ਹੋ ਜਾਈਏ ।
18/07/17
ਧੂਤੇ !!
ਡਾ ਗੁਰਮੀਤ ਸਿੰਘ ਬਰਸਾਲ ਸੈਨਹੋਜੇ
ਲੋਕੀਂ ਪੁੱਛਣ ਧੂਤੇ ਕਿਹੜੇ ?
ਪੁੱਟਦੇ ਜੋ ਸਿੱਖੀ ਦੇ ਵਿਹੜੇ ।
ਮੂਰਖਤਾ ਬਲਬੂਤੇ ਜਿਹੜੇ ।
ਖੁਦ ਨੂੰ ਸਿੱਖ ਸਦਾਉਂਦੇ ਨੇ ॥
ਦੇਖਣ ਨੂੰ ਸਿੱਖ ਲਗਦੇ ਪਰ,
ਧੂਤੇ ਅਖਵਾਉਂਦੇ ਨੇ ॥
ਗੁਰੂਆਂ ਨੀਵਾਂ ਰਹਿਣਾ ਦੱਸਿਆ ।
ਨਾਲ ਸਬਰ ਦੇ ਸਹਿਣਾ ਦੱਸਿਆ ।
ਮਾਖਿਓਂ ਮਿੱਠਾ ਕਹਿਣਾ ਦੱਸਿਆ ।
ਪਰ ਜੋ ਅੱਗ ਵਰਾਂਉਂਦੇ ਨੇ ॥
ਦੇਖਣ ਨੂੰ ਸਿੱਖ ਲਗਦੇ ਪਰ,
ਧੂਤੇ ਅਖਵਾਉਂਦੇ ਨੇ ॥
ਬਾਣੀ ਛੱਡ ਕੇ ਬਾਣਾ ਫੜਿਆ ।
ਪੂਜਾ, ਹਵਨ ਕਰਾਣਾ ਫੜਿਆ ।
ਸੰਗਤ ਨੂੰ ਭੜਕਾਣਾ ਫੜਿਆ ।
ਪਾਧੇ ਕੀਆਂ ਪੁਗਾਉਂਦੇ ਨੇ ॥
ਦੇਖਣ ਨੂੰ ਸਿੱਖ ਲਗਦੇ ਪਰ,
ਧੂਤੇ ਅਖਵਾਉਂਦੇ ਨੇ ॥
ਬਾਣੀ, ਵਾਂਗ ਮੰਤਰਾਂ ਪੜ੍ਹਦੇ ।
ਗੁਰੂ-ਸਿਧਾਂਤ ਮੰਨਣ ਤੋਂ ਡਰਦੇ ।
ਸ਼ਬਦ-ਵੀਚਾਰ ਕਦੇ ਨਾ ਕਰਦੇ ।
ਛਿੱਕਲੀ-ਲੜੀਆਂ ਲਾਉਂਦੇ ਨੇ ॥
ਦੇਖਣ ਨੂੰ ਸਿੱਖ ਲਗਦੇ ਪਰ,
ਧੂਤੇ ਅਖਵਾਉਂਦੇ ਨੇ ॥
ਜਦ ਤੋਂ ਗਿਆਨ-ਯੁੱਗ ਹੈ ਆਇਆ ।
ਸੋਸ਼ਲ ਮੀਡੀਏ ਸੱਚ ਦਿਖਾਇਆ ।
ਅੰਧ-ਵਿਸ਼ਵਾਸਾਂ ਜੱਗ ਹਸਾਇਆ ।
ਜਿਸਤੋਂ ਰਹੇ ਡਰਾਉਂਦੇ ਨੇ ॥
ਦੇਖਣ ਨੂੰ ਸਿੱਖ ਲਗਦੇ ਪਰ,
ਧੂਤੇ ਅਖਵਾਉਂਦੇ ਨੇ ॥
ਦੇਖੇ ਗੁਰੂ-ਦੁਆਰੇ ਜਾਕੇ ।
ਅਕਲਾਂ ਜੋੜਿਆਂ ਵਿੱਚ ਛੁਪਾਕੇ ।
ਗਿਆਨ-ਗੁਰੂ ਦੀ ਜੋਤ ਭੁਲਾਕੇ ।
ਘਿਓ ਦੀ ਜੋਤ ਜਗਾਉਂਦੇ ਨੇ ॥
ਦੇਖਣ ਨੂੰ ਸਿੱਖ ਲਗਦੇ ਪਰ,
ਧੂਤੇ ਅਖਵਾਉਂਦੇ ਨੇ ॥
ਜਿੱਥੇ ਪੈਰ ਸਾਫ ਨੇ ਕਰਦੇ ।
ਅੰਮ੍ਰਿਤ ਕਹਿਕੇ ਚੂਲੀਆਂ ਭਰਦੇ ।
ਕਰਨੋਂ ਕਰਮ-ਕਾਂਡ ਨਾ ਡਰਦੇ ।
ਸ਼ਰਧਾ ਅਜਬ ਦਿਖਾਉਂਦੇ ਨੇ ॥
ਦੇਖਣ ਨੂੰ ਸਿੱਖ ਲਗਦੇ ਪਰ,
ਧੂਤੇ ਅਖਵਾਉਂਦੇ ਨੇ ॥
ਗੁਰੂਆਂ ਜਾਤ-ਪਾਤ ਮਿਟਾਈ ।
ਇਨ੍ਹਾਂ ਮੁੜਕੇ ਗਲ਼ ਨਾਲ ਲਾਈ ।
ਪੁੱਟ ਕੇ ਊਚ-ਨੀਚ ਦੀ ਖਾਈ ।
ਛੂਆ-ਛਾਤ ਵਧਾਉਂਦੇ ਨੇ ।
ਦੇਖਣ ਨੂੰ ਸਿੱਖ ਲਗਦੇ ਪਰ,
ਧੂਤੇ ਅਖਵਾਉਂਦੇ ਨੇ ॥
ਗੁਰੂਆਂ ਔਰਤ ਸੀ ਸਤਿਕਾਰੀ ।
ਇਹਨਾਂ ਕਰਤੀ ਮੁੜ ਦੁਖਿਆਰੀ ।
ਭਰਦੇ ਹੀਣ-ਭਾਵਨਾ ਭਾਰੀ ।
ਜੋ ਤਿਓਹਾਰ ਮਨਾਉਂਦੇ ਨੇ ॥
ਦੇਖਣ ਨੂੰ ਸਿੱਖ ਲਗਦੇ ਪਰ,
ਧੂਤੇ ਅਖਵਾਉਂਦੇ ਨੇ ॥
ਦਸਮੇ ਗੁਰਾਂ ਵੱਲ ਪਿੱਠ ਕਰਕੇ ।
ਉਹਨਾਂ ਦਾ ਹੀ ਨਾਂ ਫਿੱਟ ਕਰਕੇ ।
ਔਰਤ ਜਾਤੀ ਨੂੰ ਠਿੱਠ ਕਰਕੇ ।
ਬਿਪਰੀ ਨਾਟ ਪੜਾਉਂਦੇ ਨੇ ॥
ਦੇਖਣ ਨੂੰ ਸਿੱਖ ਲਗਦੇ ਪਰ,
ਧੂਤੇ ਅਖਵਾਉਂਦੇ ਨੇ ॥
ਸਮਝਣ ਗੁਰੂ ਗ੍ਰੰਥ ਅਧੂਰਾ ।
ਜੋੜ ਬਚਿੱਤਰ ਕਰਦੇ ਪੂਰਾ ।
ਪਾਕੇ ਅੰਮ੍ਰਿਤ ਦੇ ਵਿੱਚ ਕੂੜਾ ।
ਸਿੱਖੀ ਧ੍ਰੋਹ ਕਮਾਉਂਦੇ ਨੇ ॥
ਦੇਖਣ ਨੂੰ ਸਿੱਖ ਲਗਦੇ ਪਰ,
ਧੂਤੇ ਅਖਵਾਉਂਦੇ ਨੇ ॥
ਬਾਹਰੋਂ ਮਜਹਬ ਧਾਰ ਤਾਂ ਲੀਤਾ ।
ਅੰਦਰ ਧਰਮ ਨਾ ਧਾਰਣ ਕੀਤਾ ।
ਅੰਮ੍ਰਿਤ ਰੋਜ ਕਦੇ ਨਾ ਪੀਤਾ ।
ਕੇਵਲ ਰੀਤ ਨਿਭਾਉਂਦੇ ਨੇ ॥
ਦੇਖਣ ਨੂੰ ਸਿੱਖ ਲਗਦੇ ਪਰ,
ਧੂਤੇ ਅਖਵਾਉਂਦੇ ਨੇ ॥
22/10/2016
ਵਿਚਾਰ ਅਤੇ ਤਲਵਾਰ !
ਡਾ ਗੁਰਮੀਤ ਸਿੰਘ ਬਰਸਾਲ ਸੈਨਹੋਜੇ
ਜਦ ਬੰਦੇ ਦੀ ਸੋਚ ਦਲੀਲੋਂ
ਹਾਰੀ ਹੈ ।
ਮੂਰਖਤਾ ਨਾਲ ਕੱਢੀ ਉਸ ਕਟਾਰੀ ਹੈ ॥
ਤਰਕ-ਸੂਝ ਜਦ ਉਸਦੇ ਵਸ ਵਿੱਚ ਆਈ ਨਾ,
‘ਮਿੱਠਤ’ ‘ਨੀਵੀਂ’ ਵੀ ਉਸਨੇ ਦੁਰਕਾਰੀ ਹੈ ॥
ਉੱਚਾ ਬੋਲਣ ਦੀ ਵੀ ਪੈਂਦੀ ਲੋੜ ਨਹੀਂ,
ਜੇਕਰ ਆਖੀ ਗੱਲ ਬਜਨ ਦੀ ਭਾਰੀ ਹੈ ॥
ਸੱਚ ਨਾਲ ਤਲਵਾਰ ਜਦੋਂ ਟਕਰਾਈ ਹੈ,
ਸੱਚ ਨੇ ਸਾਹਵੇਂ ਬੈਹਕੇ ਬਾਜੀ ਮਾਰੀ ਹੈ ॥
ਸ਼ਬਦ ਨਾਲੋਂ ਹਥਿਆਰ ਨੂੰ ਉੱਚਾ ਰੱਖਣ ਦੀ,
ਗਿਆਨ-ਯੁੱਗ ਨੇ ਨੀਤੀ ਸਦਾ ਨਿਕਾਰੀ ਹੈ ॥
ਉਸਨੇ ਕਿਸੇ ਬਿਵੇਕ ਅਕਲ ਤੋਂ ਕੀ ਲੈਣਾ,
ਜਿਸ ਪੂਜਾ,ਹਵਨਾਂ ਨਾਲ ਜਿੰਦ ਗੁਜਾਰੀ ਹੈ ॥
ਜਿਸਦਾ ਪੱਲਾ ਸੱਚ ਵਿਚਾਰੋਂ ਖਾਲੀ ਹੈ,
ਬਿਰਤੀ ਹੁੰਦੀ ਉਸਦੀ ਹੀ ਹੰਕਾਰੀ ਹੈ ॥
ਸੱਚ ਝੂਠ ਦਾ ਜਦ ਵੀ ਪੰਗਾ ਪੈਂਦਾ ਹੈ,
ਝੂਠੇ ਨੂੰ ਹੀ ਸ਼ਹਿ ਮਿਲਦੀ ਸਰਕਾਰੀ ਹੈ ॥
ਜੈਸਾ ਸੇਵੇ ਬੰਦਾ ਤੈਸਾ ਹੋ ਜਾਂਦਾ,
ਗੁਰੂਆਂ ਬਾਣੀ ਵਿੱਚ ਇਹ ਗੱਲ ਉਚਾਰੀ ਹੈ ॥
ਬਾਣੀ ਆਖੇ ਗਿਆਨ ਬਿਨਾ ਤੇ ਧਰਮ ਨਹੀਂ ,
ਰੱਖੀ ਭਾਵੇਂ ਝੂਠ-ਤਸੱਲੀ ਭਾਰੀ ਹੈ ॥
ਬਾਹਰੋਂ ਭਾਵੇਂ ਲੱਖ ਅਡੰਬਰ ਕਰ ਦੇਖੋ,
ਅਮਲਾਂ ਬਾਝੋਂ ਹੁੰਦੀ ਸਦਾ ਖੁਆਰੀ ਹੈ ॥
02/06/16
ਇੱਕ ਗ੍ਰੰਥ –ਇੱਕ ਪੰਥ
ਡਾ ਗੁਰਮੀਤ ਸਿੰਘ ਬਰਸਾਲ ਸੈਨਹੋਜੇ
ਇੱਕੋ ਗੁਰੂ ਗ੍ਰੰਥ ਹੈ ਸਾਡਾ ।
ਉਸ ਅਨੁਸਾਰੀ ਪੰਥ ਹੈ ਸਾਡਾ ॥
ਸਾਡੀ ਰਹਿਤ-ਮਰਿਆਦਾ ਇੱਕ ਹੈ ।
ਗੁਰੂ ਗ੍ਰੰਥ ਦੇ ਸ਼ਬਦਾਂ ਵਿੱਚ ਹੈ ॥
ਗੁਰੂ ਗ੍ਰੰਥ ਤੋਂ ਬਾਹਰ ਨਾ ਜਾਈਏ ।
ਹੋਰ ਗ੍ਰੰਥ ਨਾ ਵਿੱਚ ਰਲਾਈਏ ॥
ਗੁਰੂ ਗ੍ਰੰਥ ਦੇ ਪਾਠ ਪਿਆਰੇ ।
ਸਾਡੇ ਲਈ ਨੇ ਸਿੱਖਿਆ ਸਾਰੇ ॥
ਗੁਰਬਾਣੀ ਦੇ ਸਭ ਉਪਦੇਸ਼ ।
ਜੀਵਨ ਲਈ ਸੱਚਾ ਸੰਦੇਸ਼ ॥
ਗੁਰਬਾਣੀ ਦੇ ਜੋ ਸਿਧਾਂਤ ।
ਸਾਡੇ ਲਈ ਨੇ ਜੀਵਨ ਜਾਂਚ ॥
ਗੁਰ ਹੀ ਨਿੱਤਨੇਮ ਹੈ ਮੇਰਾ ।
ਗੁਰ ਹੀ ਮੇਰਾ ਪੰਧ ਦਸੇਰਾ ॥
ਗੁਰਬਾਣੀ ਨਾ ਮੰਤਰ ਜਾਣੋ ।
ਹਰ ਸਿੱਖਿਆ ਨੂੰ ਜੀਕੇ ਮਾਣੋ ॥
ਸਮਝ ਸਮਝ ਗੁਰਬਾਣੀ ਗਾਈਏ ।
ਤੋਤੇ ਵਾਂਗ ਨਾ ਰੱਟੇ ਲਾਈਏ ॥
ਜਦ ਸ਼ਬਦਾਂ ਦੇ ਅਰਥ ਵਿਚਾਰੋ ।
ਭਾਵ ਅਰਥ ਵੀ ਨਾਲ ਚਿਤਾਰੋ ॥
ਜੇਕਰ ਅਰਥ ਸਮਝ ਨਾ ਪਾਈਏ ।
ਸੰਗਤ ਨਾਲ ਵਿਚਾਰ ਚਲਾਈਏ ॥
ਜਿੰਨੀ ਸਮਝ `ਚ ਆਈ ਜਾਵੇ ।
ਜੀਵਨ ਵਿੱਚ ਅਪਣਾਈ ਜਾਵੇ ॥
ਸੁਣਦੇ ਜਾਈਏ ਪੜਦੇ ਜਾਈਏ ।
ਪੜ੍ਹ ਸੁਣ ਧਾਰਨ ਕਰਦੇ ਜਾਈਏ ॥
ਗੁਰੂ ਗ੍ਰੰਥ ਵਿੱਚ ਨਾਨਕ ਹੱਸਦਾ ।
ਸ਼ਬਦਾਂ ਅੰਦਰ ਓਹ ਹੀ ਵਸਦਾ ॥
ਗੁਰੂ ਗ੍ਰੰਥ ਤਾਂ ਗੁਰੂ ਹੈ ਪੂਰਾ ।
ਕਦੇ ਨਾ ਸਮਝੋ ਕਿਤੋਂ ਅਧੂਰਾ ॥
ਪੂਰੇ ਗੁਰ ਕੀ ਪੂਰੀ ਦੀਖਿਆ ।
ਦੋਖੀ ਕਹਿਣ ਅਧੂਰੀ ਦੀਖਿਆ ॥
ਗੁਰੂ ਗ੍ਰੰਥ ਵਿੱਚ ਏਕਾ ਬਾਣੀ ।
ਆਪੇ ਗੁਰੂ ਸਥਾਪਿਤ ਜਾਣੀ ॥
ਬਾਣੀ ਧੁਰ ਤੋਂ ਗੱਦੀ ਪਾਈ ।
ਬਣਕੇ ਸਭਦਾ ਗੁਰੂ ਸਥਾਈ ॥
ਗੁਰੂ ਗ੍ਰੰਥ ਸਮਰੱਥ ਗੁਰੂ ਹੈ ।
ਗੁਰ ਸ਼ਬਦਾਂ ਦੀ ਮੱਤ ਗੁਰੂ ਹੈ ॥
ਗੁਰੂ ਗ੍ਰੰਥ ਵਿੱਚ ਬਾਣੀ ਗੁਰ ਹੈ ।
ਇਸ ਬਾਣੀ ਦਾ ਸੋਮਾ ਧੁਰ ਹੈ ॥
ਧੁਰ ਤੋਂ ਗਿਆਨ ਗੁਰੂ ਹੈ ਬਣਿਆ ।
ਬ੍ਰਹਿਮੰਡੀ ਨਿਯਮਾਂ ਦਾ ਜਣਿਆ ॥
ਜੋਤ ਗੁਰੂ ਦੀ ਗਿਆਨ ਗੁਰੂ ਦਾ ।
ਇੱਕੋ ਗਿਆਨ ਪੈਗਾਮ ਗੁਰੂ ਦਾ ॥
ਸੱਚਾ ਗਿਆਨ ਗੁਰਬਾਣੀ ਸਾਡੀ ।
ਇੱਕ ਹੀ ਜੋਤ ਕਹਾਣੀ ਸਾਡੀ ॥
ਏਕੋ ਹੈ ਭਾਈ ਏਕੋ ਹੈ ।
ਸਾਹਿਬੁ ਮੇਰਾ ਏਕੋ ਹੈ ॥
24/05/16
ਵਿਗਿਆਨਿਕ-ਭਾਵਨਾਵਾਂ !
ਡਾ ਗੁਰਮੀਤ ਸਿੰਘ ਬਰਸਾਲ ਸੈਨਹੋਜੇ
ਅੰਧ-ਵਿਸ਼ਵਾਸ ਨੂੰ ਜੋ ਮਾਨਤਾ
ਕਾਨੂੰਨੀ ਦੇਵੇ,
ਸਮਝੋ ਉਹ ਜੱਗ ਵਿੱਚ ਭੇਡੂਆਂ ਦਾ ਦੇਸ ਹੈ ।
ਜੋਤਿਸ਼ ਕਿਆਫਿਆਂ ਨੂੰ ਕਹਿੰਦੇ ਵਿਗਿਆਨ ਜਿੱਥੇ,
ਸਮਝੋ ਗਿਆਨ ਵਾਲੀ ਪੱਟੀ ਉੱਥੇ ਮੇਸ ਹੈ ।
ਭੋਗਦੇ ਬੇ-ਸ਼ਰਮ ਹੋ ਕਾਢਾਂ ਵਿਗਿਆਨ ਦੀਆਂ,
ਰਹਿੰਦੇ ਵਿਗਿਆਨ ਦੇ ਵਿਰੁੱਧ ਜੋ ਹਮੇਸ਼ ਹੈ ।
ਪਰਜਾ ਨੂੰ ਲੁੱਟਣੇ ਦਾ ਝੂਠ ਜੇ ਕੋਈ ਨੰਗਾ ਕਰੇ,
ਲੱਗ ਜਾਂਦੀ ਉੱਥੇ ਧਾਰਮਿਕਤਾ ਨੂੰ ਠੇਸ ਹੈ ।
ਸ਼ਰਧਾ ਦੇ ਨਾਮ ਤੇ ਬਣਾਈ ਚੱਲੋ ਉੱਲੂ ਭਾਵੇਂ,
ਸੱਚ ਤੇ ਤਰਕ ਉੱਤੇ ਬਣ ਜਾਂਦਾ ਕੇਸ ਹੈ ।
ਪਰ ਬੰਦੇ ਦੀਆਂ ਵਿਗਿਆਨਿਕ ਜੋ ਭਾਵਨਾਵਾਂ,
ਉਹਨਾਂ ਵਾਲੀ ਠੇਸ ਹੁੰਦੀ ਕਦੇ ਨਾ ਵਿਸ਼ੇਸ਼ ਹੈ ।
ਭਾਵਨਾ ਵਲੂੰਧਰੀ ਏ ਜਦੋਂ ਵਿਗਿਆਨ ਵਾਲੀ,
ਨਿਆਂ ਤੇ ਕਾਨੂੰਨ ਕਾਹਤੋਂ ਵਟ ਜਾਂਦਾ ਘੇਸ ਹੈ ।
ਅੰਧ-ਵਿਸ਼ਵਾਸ ਟੈਕਨੌਲੋਜੀ ਦੇ ਨਾਲ ਫੈਲੇ,
ਅਗਾਂਹ-ਵਧੂ ਦੇਸ਼ਾਂ ਲਈ ਇਹ ਕੇਹਾ ਸੰਦੇਸ਼ ਹੈ ।
13/04/16
ਪੂਜਾ !
ਡਾ ਗੁਰਮੀਤ ਸਿੰਘ ਬਰਸਾਲ ਸੈਨਹੋਜੇ
ਸੁਣ
ਪ੍ਰਸੰਸਾ ਆਪਣੀ ਬੰਦਾ ਜਿਹੜਾ ਚੌੜ `ਚ ਆਉਂਦਾ ।
ਦੂਜੇ ਨੂੰ ਵੀ ਆਪਣੇ ਵਰਗਾ ਸਮਝਕੇ ਫੂਕ ਛਕਾਉਂਦਾ ।
ਖੁਸ਼ ਹੋ ਚਮਚਾਗਿਰੀ ਤੋਂ ਅਗਲਾ ਜੋ ਵੀ ਦੇਣਾ ਚਾਹੁੰਦਾ ।
ਓਸੇ ਨੂੰ ਉਹ ਸੇਵਾਫਲ਼ ਮੰਨ ਝੋਲੀ ਹੈ ਭਰਵਾਉਂਦਾ ।
ਏਸੇ ਨੀਤੀ ਬੱਝਾ ਬੰਦਾ ਰੱਬ ਨੂੰ ਰੋਜ ਧਿਆਉਂਦਾ ।
ਪੂਜਾ ਦਾ ਸੰਕਲਪ ਵੀ ਅੱਜ ਕੱਲ ਇਹੋ ਹੀ ਦਰਸਾਉਂਦਾ ।
ਆਪਣੇ ਜਾਣੇ ਬੰਦਾ ਰੱਬ ਨੂੰ ਲਾਲਚ ਦੇ ਪਰਚਾਉਂਦਾ ।
ਕੁਝ ਪਾਉਣ ਦੀ ਇੱਛਾ ਦੇ ਨਾਲ ਉਸਦੇ ਹੈ ਗੁਣ ਗਾਉਂਦਾ ।
ਲਾਲਚ ਦੇ ਲਈ ਬੰਦਿਆਂ ਵਾਂਗੂ ਉਸਨੂੰ ਦਾਣਾ ਪਾਉਂਦਾ ।
ਵੱਡੀ ਇੱਛਾ ਮਨ ਵਿੱਚ ਰੱਖਕੇ ਛੋਟੀ ਭੇਟ ਚੜਾਉਂਦਾ ।
ਰੱਬ ਜੀ ਦੇ ਗੁਣ ਗਾਕੇ ਲੱਗਦਾ ਉਸਨੂੰ ਉਹ ਵਡਿਆਉਂਦਾ ।
ਏਹੀ ਨੁਕਤਾ ਇਸ ਦੁਨੀਆਂ ਨੂੰ ਰਿਸ਼ਵਤ ਖੋਰ ਬਣਾਉਂਦਾ ।
ਸੋਚੋ, ਜਿਹੜਾ ਰੱਬ ਬੰਦੇ ਨੂੰ ਧਰਤੀ ਤੇ ਪਹੁੰਚਾਉਂਦਾ ।
ਉਸਤੋਂ ਆਪਣੇ ਨਾਮ ਦਾ ਮੁੜ-ਮੁੜ ਗਾਨ ਕਿਓਂ ਕਰਵਾਉਂਦਾ ।
ਧਰਤੀ ਤੇ ਕਿਓਂ ਓਸੇ ਤੋਂ ਫਿਰ ਆਪਣਾ ਆਪ ਛੁਪਾਉਂਦਾ ।
ਆਪਣਾ ਆਪ ਲੁਕਾਕੇ ਕਿਧਰੇ ਉਸ ਤੋਂ ਕਿਓਂ ਲਭਵਾਉਂਦਾ ।
ਆਪੇ ਘੱਲਦਾ, ਆਪੇ ਛੁੱਪਦਾ, ਆਪੇ ਲੱਭਣ ਲਾਉਂਦਾ ।
ਉਸਨੂੰ ਲੱਭਦਾ–ਲੱਭਦਾ ਬੰਦਾ ਓਸੇ ਵਿੱਚ ਸਮਾਉਂਦਾ ॥
07/04/16
ਚਾਨਣ !!
ਡਾ ਗੁਰਮੀਤ ਸਿੰਘ ਬਰਸਾਲ ਸੈਨਹੋਜੇ
ਝੂਠ ਦੇ ਬੱਦਲ਼ ਛਟ ਰਹੇ ਨੇ ।
ਸੂਰਜ ਅੱਗੋਂ ਹਟ ਰਹੇ ਨੇ ॥
ਅੰਧਕਾਰ ਦੇ ਵਹਿਮ ਫੈਲਾਏ,
ਇੱਕ-ਇੱਕ ਕਰਕੇ ਘਟ ਰਹੇ ਨੇ ।
ਝੀਤਾਂ ਥਾਣੀਂ ਚਾਂਨਣ ਲੰਘਿਆਂ,
ਕਾਲੇ ਭੂਰੇ ਫਟ ਰਹੇ ਨੇ ।
ਕਿਰਨਾਂ ਦੇ ਝਲਕਾਰੇ ਹਰ ਇੱਕ,
ਚੱਕਰਵਿਊ ਨੂੰ ਕੱਟ ਰਹੇ ਨੇ ।
ਭਰਮ-ਜਾਲ਼ ਦੀਆਂ ਜੜਾਂ ਦਿਲਾਂ `ਚੋਂ,
ਮੋਕਲੀਆਂ ਕਰ ਪੱਟ ਰਹੇ ਨੇ ।
ਠੇਡੇ ਖਾ-ਖਾ ਡਿਗ-ਡਿਗ ਉੱਠ-ਉੱਠ,
ਫਿਰ ਵੀ ਰਾਹੀ ਡਟ ਰਹੇ ਨੇ ।
ਪੱਥਰ ਯੁੱਗੀਏ ਗਿਆਨ ਯੁੱਗ ਵਿੱਚ,
ਪੱਥਰ ਚੱਟ-ਚੱਟ ਬਟ ਰਹੇ ਨੇ ।
ਫਿਰ ਭੀ ਅੰਧਕਾਰ ਦੇ ਪ੍ਰੇਮੀ,
ਮੁੜ-ਮੁੜ ਪੱਥਰ ਚੱਟ ਰਹੇ ਨੇ ।
ਚਾਨਣ ਦੇ ਵਿੱਚ ਤੁਰਨਾ ਛੱਡਕੇ,
ਚਾਨਣ-ਚਾਨਣ ਰਟ ਰਹੇ ਨੇ ॥
30/03/16
ਸ਼ਬਦ ਦੀ ਕਮਾਈ !!
ਡਾ ਗੁਰਮੀਤ ਸਿੰਘ ਬਰਸਾਲ ਸੈਨਹੋਜੇ
ਗੁਰਬਾਣੀ ਨੂੰ ਸੁਣਨਾ
ਪੜ੍ਹਨਾ,
ਸਿੱਖਕੇ ਅੱਗੇ ਪੜ੍ਹਾਉਣਾ ।
ਹਰ ਸ਼ਬਦ ਦੇ ਅਰਥਾਂ ਦੇ ਨਾਲ,
ਭਾਵ ਅਰਥ ਸਮਝਾਉਣਾ ।
ਗੁਰ ਸਿੱਖਿਆ ਨੂੰ ਸਮਝ ਸਮਝਕੇ,
ਜੀਵਨ ਵਿੱਚ ਅਪਣਾਉਣਾ ।
ਬਾਣੀ ਦੇ ਉਪਦੇਸ਼ਾਂ ਉੱਪਰੋਂ,
ਖੁਦ ਨੂੰ ਘੋਲ ਘੁਮਾਉਣਾ ।
ਵਾਂਗ ਮੰਤਰਾਂ ਮੁੜ ਮੁੜ ਇੱਕੋ,
ਤੋਤਾ ਰਟਣੀ ਨਾਲੋਂ,
ਗੁਰਮਤਿ ਵਿੱਚ ਤਾਂ ਹੁੰਦਾ ਏ ਇੰਝ,
ਗੁਰ ਕਾ ਸ਼ਬਦ ਕਮਾਉਣਾ ॥
24/03/16
ਜੀਵਨ !!
ਡਾ ਗੁਰਮੀਤ ਸਿੰਘ ਬਰਸਾਲ ਸੈਨਹੋਜੇ
ਫਿਕਰਾਂ ਵਿੱਚ ਨਾ ਐਵੇਂ ਸਮਾਂ
ਲੰਘਾਇਆ ਕਰ ।
ਜੱਗ ਨੂੰ ਤੱਕਕੇ ਥੋੜਾ ਜਿਹਾ ਮੁਸਕਾਇਆ ਕਰ ॥
ਜੇਕਰ ਰਾਤੀਂ ਗੂੜੀ ਨੀਂਦਰ ਚਾਹੁੰਨਾ ਏਂ ,
ਦਿਨ ਸੱਜਣਾ ਸੁਕਿਰਤ ਦੀ ਭੇਟ ਚੜ੍ਹਾਇਆ ਕਰ ।
ਹੋਰਾਂ ਤੋਂ ਜੇ ਝਾਕ ਹੈ ਮਿੱਠਿਆਂ ਬਚਨਾਂ ਦੀ,
ਦੁਨੀਆਂ ਨੂੰ ਵੀ ਮਿੱਠੇ ਬਚਨ ਸੁਣਾਇਆ ਕਰ ।
ਜੇਕਰ ਸੱਜਣਾ ਭਲਾ ਆਪਦਾ ਮੰਗਦਾ ਏਂ,
ਆਪਣੇ ਹੱਥੀਂ ਵੀ ਕੋਈ ਭਲਾ ਕਮਾਇਆ ਕਰ ।
ਮਾਣਸ ਦਾ ਰਤ ਪੀਣ ਬਰਾਬਰ ਹੁੰਦਾ ਹੈ,
ਹੱਕ ਪਰਾਇਆ ਭੁੱਲਕੇ ਵੀ ਨਾ ਖਾਇਆ ਕਰ ।
ਬੱਧਾ-ਰੁੱਧਾ ਜੇ ਕੁਝ ਚੰਗਾ ਕਰ ਬੈਠਾਂ,
ਜਣੇ-ਖਣੇ ਕੋਲ ਐਵੇਂ ਨਾ ਜਿਤਲਾਇਆ ਕਰ ।
ਆਪਣਾ ਹੀ ਘਰ ਫੂਕ ਤਮਾਸ਼ਾ ਦੇਖੀਦਾ,
ਪਰ-ਉਪਕਾਰ ਦੇ ਬਦਲੇ ਨਾ ਕੁਝ ਚਾਹਿਆ ਕਰ ।
ਅੱਖਾਂ ਮੀਚ ਭਰੋਸਾ ਕਰ ਪਛਤਾਵਣ ਤੋਂ,
ਚਿਹਰੇ ਪਿਛਲੇ ਚਿਹਰੇ ਨੂੰ ਅਜਮਾਇਆ ਕਰ ।
ਜਿੰਦਗੀ ਜੀਣ ਦਾ ਮਤਲਬ ਬਹਿਕੇ ਸਮਝ ਲਵੀਂ,
ਜੀਵਨ ਜੀਣ ਤੋਂ ਪਹਿਲਾਂ ਨਾ ਮਰ ਜਾਇਆ ਕਰ ॥
15/03/16
ਸਿੱਖ ਸੋਚ !
ਡਾ ਗੁਰਮੀਤ ਸਿੰਘ ਬਰਸਾਲ ਸੈਨਹੋਜੇ
ਭਲਾ ਸਰਬੱਤ ਵਾਲਾ ਸੋਚਦੀ ਸੀ ਸੋਚ
ਜਿਹੜੀ,
ਸੋਚੇ ਅੱਜ ਆਪ ਕਿੰਝ ਬਚਣਾ ਖੁਆਰੀ ਤੋਂ ।
ਵਰਗਾਂ ਦੀ ਘੜੀ ਮਰਿਆਦਾ ਕੋਲੋਂ ਬਾਗੀ ਹੋਕੇ,
ਲੁੱਟ-ਕੁੱਟ ਵਾਲੀ ਲੀਕ ਲੀਡਰਾਂ ਦੀ ਮਾਰੀ ਤੋਂ ॥
ਪੰਥ-ਪੰਥ ਆਖਕੇ ਵੀ ਪੰਥ ਦੇ ਵਿਰੁੱਧ ਰਹਿੰਦੀ,
ਰਹਿੰਦੀ ਬੇ-ਧਿਆਨੀ ਰਾਜਨੀਤੀ ਦੀ ਮਕਾਰੀ ਤੋਂ ।
ਏਕਤਾ ਦੇ ਨਾਮ ਉੱਤੇ ਰੈਲੀਆਂ ‘ਚ ਪੁੱਜ ਜਾਂਦੀ,
ਭਾਵੇਂ ਪਛਤਾਉਂਦੀ ਪਿੱਛੋਂ ਉੱਥੇ ਹੋਈ ਖੁਆਰੀ ਤੋਂ ॥
ਵਾਰ-ਵਾਰ ਥੋਖਾ ਖਾਕੇ ਹਰ ਵਾਰ ਭੁੱਲ ਜਾਂਦੀ,
ਝੱਟ ਪਿੱਛੇ ਲੱਗ ਜਾਂਦੀ ਥੋੜਾ ਪੁਚਕਾਰੀ ਤੋਂ ।
ਸਿੱਖ ਸੋਚ ਕਦੇ ਕੁਰਬਾਨੀ ਤੋਂ ਨਾ ਪਿੱਛੇ ਰਹਿੰਦੀ,
ਲੀਡਰ ਨਾ ਰਹਿੰਦੇ ਪਿੱਛੇ ਕਦੇ ਵੀ ਗਦਾਰੀ ਤੋਂ ॥
ਭਾਵੇਂ ਨਹੀਂ ਜਾਗੀ ਪਰ ਅੰਗੜਾਈ ਲੈ ਰਹੀ ਏ,
ਮਜਹਬੀ ਜਨੂਨ ਵਾਲੀ ਨੀਤੀ ਦੀ ਖੁਮਾਰੀ ਤੋਂ ।
ਬੰਦਿਆਂ ਨੂੰ ਛੱਡਕੇ ਵਿਚਾਰ ਜਦੋਂ ਆਗੂ ਬਣੇ,
ਬੇਗਮਪੁਰੇ ਦੀ ਕਿਹੜਾ ਰੋਕਲੂ ਉਸਾਰੀ ਤੋਂ ॥॥
16/12/15
ਚੋਣ !
ਡਾ ਗੁਰਮੀਤ ਸਿੰਘ ਬਰਸਾਲ ਸੈਨਹੋਜੇ
ਬਾਬੇ ਨਾਨਕ ਜਾਨਸ਼ੀਨ ਕਿੰਝ
ਚੁਣਿਆਂ ਸੀ,
ਬਾਕੀ ਗੁਰੂਆਂ ਨੀਤੀ ਓਹੀਓ ਧਾਰੀ ਸੀ ।
ਦਸਵੇਂ ਨਾਨਕ ਪੰਜ ਸਿੰਘਾਂ ਨੂੰ ਚੁਣਨ ਸਮੇ,
ਸਿਰ ਦੇਵਣ ਦੀ ‘ਵਾਜ ਸੰਗਤ ਵਿੱਚ ਮਾਰੀ ਸੀ ।
ਜੱਥੇਦਾਰਾਂ ਜਰਨੈਲਾਂ ਦੀ ਚੋਣ ਸਮੇ,
ਸਿੱਖਾਂ ਦੀ ਹਰ ਯੋਗਤਾ ਗਈ ਵਿਚਾਰੀ ਸੀ ।
ਬਹੁ-ਸੰਮਤੀ ਤੋਂ ਸਰਬ-ਸੰਮਤੀ ਉੱਪਰ ਸੀ ,
ਗੁਣਾ ਦਾ ਪਲੜਾ ਗਿਣਤੀ ਨਾਲੋਂ ਭਾਰੀ ਸੀ ।
ਵਿਚਾਰਧਾਰਾ ਪ੍ਰਧਾਨ ਸਦਾ ਸੀ ਨਿੱਜ ਨਾਲੋਂ,
ਤਾਹੀਓਂ ਪੰਚ-ਪ੍ਰਧਾਨੀ ਗਈ ਸਤਿਕਾਰੀ ਸੀ ।
ਲੋਕ-ਤੰਤਰ ਤੇ ਸਿੱਖੀ ਵਿਚਲਾ ਫਰਕ ਇਹੋ,
ਸਿਰਾਂ ਦੀ ਗਿਣਤੀ ਨਾਲੋਂ ਬੁੱਧ ਸਵਿਕਾਰੀ ਸੀ ।
ਹਰ ਅਹੁਦਾ ਸੰਗਤ ਤੋਂ ਰਹਿੰਦਾ ਛੋਟਾ ਸੀ,
ਸੇਵਾ ਵੀ ਨਿਸ਼ਕਾਮੀ, ਪਰ-ਉਪਕਾਰੀ ਸੀ ।
ਸਹਿਣਸ਼ੀਲਤਾ, ਮਿੱਠਤ ਅਤੇ ਨਿਮਰਤਾ ਸੀ,
ਅੱਜ ਵਾਂਗੂ ਨਾ ਅਹੁਦਾ ਕੋਈ ਹੰਕਾਰੀ ਸੀ ।
ਨਿੱਜ ਨੂੰ ਛੱਡਕੇ ਭਲਾ ਜਗਤ ਦਾ ਮੰਗਦੀ ਜੋ ,
ਗੁਰਮਤਿ ਬਖਸ਼ੀ ਨੀਤੀ ਬਹੁਤ ਪਿਆਰੀ ਸੀ ।
ਜਦ ਤੋਂ ਸਿੱਖਾਂ ਗੁਰਮਤਿ-ਜੁਗਤੀ ਛੱਡੀ ਹੈ,
ਤਦ ਤੋਂ ਹੋਈ ਸ਼ੁਰੂ ਖੱਜਲ ਤੇ ਖੁਆਰੀ ਸੀ ॥
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)
ਇੱਕੋ-ਇੱਕ !!
ਡਾ ਗੁਰਮੀਤ ਸਿੰਘ ਬਰਸਾਲ ਸੈਨਹੋਜੇ
ਅੰਦਰੋਂ-ਬਾਹਰੋਂ ਖੁਦ ਨੂੰ
ਇੱਕ ਬਣਾਉਣਾ ਪਊ ।
ਇੱਕ ਦੇ ਸਾਹਵੇਂ ਸਿੱਖਾ, ਸੀਸ ਝੁਕਾਉਣਾ ਪਊ ॥
ਜੇਕਰ ਜੱਗ ਨੂੰ ਇੱਕ ਜੋਤ ਹੀ ਜਾਣ ਰਿਹੈਂ,
ਮਨ ਵਿੱਚ ਕੱਢੀਆਂ ਕੰਧਾਂ ਨੂੰ ਫਿਰ ਢਾਹੁਣਾ ਪਊ ॥
ਜੀਵਨ ਵਿੱਚੋਂ ਕਰਮ-ਕਾਂਢ ਤੇ ਵਹਿਮ ਭਰਮ,
ਹਰ ਇੱਕ ਅੰਧ-ਵਿਸ਼ਵਾਸ ਨੂੰ ਦੂਰ ਭਜਾਉਣਾ ਪਊ ॥
ਗੈਰ-ਕੁਦਰਤੀ ਕ੍ਰਿਸ਼ਮਿਆਂ ਵਾਲੀਆਂ ਝਾਕਾਂ ਛੱਡ,
ਕੁਦਰਤ ਦੇ ਨਿਯਮਾਂ ਨੂੰ ਯਾਰ ਬਣਾਉਣਾ ਪਊ ॥
ਗੁਰ-ਸ਼ਬਦਾਂ ਦੇ ਭਾਵ-ਅਰਥਾਂ ਨੂੰ ਜਾਨਣ ਲਈ,
ਸ਼ਬਦੀ-ਅਰਥਾਂ ਤੋਂ ਉੱਪਰ ਨੂੰ ਆਉਣਾ ਪਊ ॥
ਗੁਰਬਾਣੀ ਨੂੰ ਤਨ ਦੇ ਤਲ ਤੋਂ ਉੱਪਰ ਕਰ,
ਮਨ ਦੇ ਤਲ ਤੇ ਜਾ ਸਭ ਨੂੰ ਸਮਝਾਉਣਾ ਪਊ ॥
ਗੁਰ-ਸਿਖਿਆ ਨੂੰ ਗਾ-ਗਾ ਪੜ੍ਹ-ਪੜ੍ਹ ਨਹੀਂ ਸਰਨਾ,
ਉਪਦੇਸ਼ਾਂ ਨੂੰ ਜੀਵਨ ਵਿੱਚ ਅਪਣਾਉਣਾ ਪਊ ॥
ਜਿਸਨੂੰ ਤੂੰ ਸੰਸਾਰ ਤੋਂ ਵੱਖਰਾ ਸਮਝ ਰਿਹੈਂ,
ਜ਼ਰੇ-ਜ਼ਰੇ ‘ਚੋਂ ਦਰਸ਼ਣ ਉਸਦਾ ਪਾਉਣਾ ਪਊ ॥
ਸਭ ਸਮਝੌਤੇ-ਬਾਦੀ ਗੱਲਾਂ ਨੂੰ ਛੱਡਕੇ ,
ਆਪਣੀ ਰਹਿਤ ‘ਚੋਂ ‘ਇੱਕ’ ਨੂੰ ਹੀ ਪ੍ਰਗਟਾਉਣਾ ਪਊ ॥
27/06/2015
ਅਜੋਕੀ ਸੰਗਤ !
ਡਾ ਗੁਰਮੀਤ ਸਿੰਘ ਬਰਸਾਲ ਸੈਨਹੋਜੇ
ਜੇਕਰ ਗੁਰੂ ਦੇ ਨਾਮ ਤੇ
ਹੋਏ ਮੇਲਾ,
ਸੰਗਤ ਲੱਖਾਂ ਹਜਾਰਾਂ ਵਿੱਚ ਜੁੜ ਜਾਂਦੀ ।
ਕਰਮ-ਕਾਂਢ ਜੇ ਧਰਮ ਦੇ ਨਾਮ ਹੋਵੇ,
ਅੱਖਾਂ ਮੀਚ ਦਿਖਾਵੇ ਵਿੱਚ ਰੁੜ੍ਹ ਜਾਂਦੀ ।
ਜਿੱਥੇ ਜੀਭ ਦੇ ਰਸ ਦਾ ਹੋਏ ਲੰਗਰ,
ਪੰਗਤ ਉਸੇ ਅਸਥਾਨ ਵੱਲ ਮੁੜ ਜਾਂਦੀ ।
ਐਪਰ ਗੁਰੂ-ਗਿਆਨ ਜਦ ਵਰਤਦਾ ਹੈ,
ਹਵਾ ਵਾਂਗ ਚੁਫੇਰੇ ਨੂੰ ਉੜ ਜਾਂਦੀ ॥
19/03/2015
ਗੁਰਬਾਣੀ-ਸ਼ਕਤੀ!
ਡਾ ਗੁਰਮੀਤ ਸਿੰਘ ਬਰਸਾਲ ਸੈਨਹੋਜੇ
ਦਸਵੇਂ ਗੁਰਾਂ ਨੇ ਜਿਹਨੂੰ ਗੁਰੂ ਸੀ
ਬਣਾਇਆ ਸਾਡਾ,
ੳਹੀ ਬਾਣੀ ਅੱਜ ਗੁਰਬਾਣੀ ਅਖਵਾਉਂਦੀ ਹੈ ।
ਖਾਲਸੇ ਦਾ ਪੂਰਾ ਗੁਰੂ ਬਣੀ ਗੁਰਬਾਣੀ ਇਹੋ,
ਇਹੋ ਗੁਰਬਾਣੀ ਰਹਿਤ ਸਿੱਖ ਦੀ ਕਹਾਉਂਦੀ ਹੈ ॥
ਮਨੁੱਖਤਾ ਦੇ ਨਾਲ ਹੀ ਇਹ ਦੁੱਖ-ਸੁੱਖ ਬਣਦੇ ਨੇ,
ਨਰਕ-ਸਵਰਗ ਵੀ ਏਥੇ ਦਰਸਾਉਂਦੀ ਹੈ ।
ਅਗਲਿਆਂ-ਪਿਛਲਿਆਂ ਜਨਮਾਂ ਦਾ ਡਰ ਕੱਢ,
ਬਾਕੀ ਬਚੀ ਜਿੰਦਗੀ ਸਵਾਰਨਾ ਸਿਖਾਉਂਦੀ ਹੈ ॥
ਮਜ਼ਹਬਾਂ ਨੇ ਜਿਹੜਾ ਰੱਬ ਅਸਮਾਨੀ ਚਾਹੜਿਆ ਸੀ,
ਗੁਰਬਾਣੀ ਜ਼ਰੇ-ਜ਼ਰੇ ਵਿੱਚੋਂ ਪ੍ਰਗਟਾਉਂਦੀ ਹੈ ।
ਭੋਲੇ ਸ਼ਰਧਾਲੂਆਂ ਦੀ ਲੁੱਟ ਲਈ ਪੁਜਾਰੀਆਂ ਦੇ,
ਵੱਲੋਂ ਮਾਰੇ ਸੰਗਲ ਤੇ ਜੰਦਰੇ ਤੜਾਉਂਦੀ ਹੈ ॥
ਡਰ ਅਤੇ ਲਾਲਚਾਂ ਲਈ ਕਰੀ ਜਾਂਦੀ ਪੂਜਾ ਛੱਡ,
ਰੱਬ ਨਾਲ ਬੰਦੇ ਦੀ ਮੁਹੱਬਤ ਨਿਭਾਉਂਦੀ ਹੈ ।
ਧਰਮ ਦੇ ਨਾਂ ਤੇ ਜਿਹਨੂੰ ਲੁੱਟ ਕੋਈ ਸਕਦਾ ਨਾ,
ਬੰਦੇ ਨੂੰ ਵਿਵੇਕ-ਸ਼ੀਲ ਬਾਣੀ ਹੀ ਬਣਾਉਂਦੀ ਹੈ ॥
ਗੁਰਬਾਣੀ ਕਦੇ ਖੋਜ-ਕਾਰਜਾਂ ਵਿਰੁੱਧ ਨਾਹੀਂ,
ਗਿਆਨ-ਵਿਗਿਆਨ ਨੂੰ ਇਹ ਰਸਤੇ ਦਿਖਾਉਂਦੀ ਹੈ ।
ਜੋ ਵੀ ਗੁਰਬਾਣੀ ਨੂੰ ਸਮਝ ਨਾਲ ਪੜ੍ਹਦਾ ਹੈ ,
ਗੁਰਬਾਣੀ ਉਹਨੂੰ ਸਦਾ ਸੱਚ ਦ੍ਰਿੜਾਉਂਦੀ ਹੈ ॥
ਸੁਰ-ਨਰ-ਮੁਨ-ਜਨ ਖੋਜਦੇ ਨੇ ਜਿਹਨੂੰ ਸਾਰੇ,
ਅਮ੍ਰਿਤ ਹਰ ਪਲ ਬੰਦੇ ਨੂੰ ਛਕਾਉਂਦੀ ਹੈ ।
ਸਿੱਖੀ ਦਾ ਅਸੂਲ ਪਹਿਲਾ ਕਰਨੀ ਕਿਰਤ ਹੁੰਦੀ,
ਕਿਰਤ ਨੂੰ ਸੁਕਿਰਤ ਵਿੱਚ ਬਾਣੀ ਹੀ ਵਟਾਉਂਦੀ ਹੈ ॥
ਜਿਸਦੇ ਦਿਮਾਗ ਵਿੱਚ ਵੱਸ ਜਾਵੇ ਇੱਕ ਵਾਰ,
ਉਸ ਨੂੰ ਖੰਡੇ ਦੀ ਤਿੱਖੀ ਧਾਰ ਤੇ ਨਚਾਉਂਦੀ ਹੈ ।
ਜੀਵੋ ਅਤੇ ਜੀਣ ਦੇਵੋ ਨਾਲੋਂ ਇਹ ਤਾਂ ਅੱਗੇ ਜਾਕੇ,
ਦੂਜਿਆਂ ਨੂੰ ਜੀਣ ਵਾਲੀ ਪੌੜੀ ਤੇ ਚੜਾਉਂਦੀ ਹੈ ॥
ਜਾਦੂ-ਟੂਣੇ-ਜੋਤਸ਼ ਤੇ ਵਹਿਮ-ਭਰਮ ਛੱਡ ਸਾਰੇ,
ਵਿਪਰੀ ਝਮੇਲਿਆਂ ਨੂੰ ਸਿੱਧੇ ਰਾਹੇ ਪਾਉਂਦੀ ਹੈ ।
ਗੁਰਬਾਣੀ ਵਾਲੇ ਭਾਵ ਅਰਥ ਵਿਚਾਰ ਦੇਖੋ,
ਗੁਰਬਾਣੀ ਸੱਚ ਦੀਆਂ ਗੱਲਾਂ ਹੀ ਸੁਣਾਉਂਦੀ ਹੈ ॥
ਅੰਧ-ਵਿਸ਼ਵਾਸ ਤੇ ਕਰਮ-ਕਾਂਢ ਸੁੱਟ ਪਾਸੇ,
ਸਾਂਝੇ ਰੱਬ ਵਾਲੀ ਸਾਂਝੀ ਭਗਤੀ ਬਤਾਉਂਦੀ ਹੈ ।
ਸਾਰੀ ਦੁਨੀੳ ਦੇ ਵਿੱਚ ਇੱਕ ਹੀ ਦਿਖਾਕੇ ਜੋਤ,
ਤੇਰੇ-ਮੇਰੇ ਵਾਲਾ ਸਾਰਾ ਭਰਮ ਮਿਟਾਉਂਦੀ ਹੈ ॥
ਗੈਰ-ਵਿਗਿਆਨਿਕ ਕਰਿਸ਼ਮੇ ਤੇ ਕਰਾਮਾਤਾਂ,
ਛੱਡਕੇ ਹਕੀਕਤਾਂ ਦੇ ਨਾਲ ਟਕਰਾਉਂਦੀ ਹੈ ।
ਕੁਦਰਤ ਵਾਲੇ ਨਿਯਮਾਂ ਦੇ ਅੰਗ-ਸੰਗ ਰੱਖ,
ਰੱਬ ਦਾ ਹੁਕਮ ਆਖ ਸਾਨੂੰ ਸਮਝਾਉਂਦੀ ਹੈ ॥
ਸਾਧ-ਸੰਤ-ਡੇਰੇਦਾਰ ਬਣਦੇ ਵਿਚੋਲੇ ਜਿਹੜੇ,
ਬਾਬੇ ਇਹ ਅਖੌਤੀਆਂ ਨੂੰ ਦੂਰ ਤੋਂ ਭਜਾਉਂਦੀ ਹੈ ।
ਗੁਰਬਾਣੀ ਧਾਰ ਬੰਦਾ ਗੁਰਬਾਣੀ ਬਣ ਜਾਂਦਾ,
ਜੀਵਨ 'ਚ ਧਾਰੀ ਬਾਣੀ ਰੱਬ ਜੀ ਨੂੰ ਭਾਉਂਦੀ ਹੈ ॥
ਬੰਦੇ ਵਿੱਚੋਂ ਗੁਰੂ ਚੇਲਾ ਹੋਣ ਵਾਲਾ ਭਰਮ ਕੱਢ,
ਸੁਰਤੀ ਨੂੰ ਚੇਲਾ ਗੁਰੂ ਗਿਆਨ ਨੂੰ ਧਰਾਂਉਂਦੀ ਹੈ ।
ਬੰਦੇ ਅਤੇ ਰੱਬ ਦੀਆਂ ਪਰਤਾਂ ਨੂੰ ਦੂਰ ਕਰ,
ਦੋਨਾਂ ਦੀਆਂ ਆਪੋਂ ਵਿੱਚ ਗੱਲਾਂ ਕਰਵਾਉਂਦੀ ਹੈ ॥
ਇੱਕੋ ਗੁਰਬਾਣੀ ਦੀ ਵਿਚਾਰ ਜਦੋਂ ਕਰੀਦੀ ਏ,
ਇੱਕ ਨਾਲ ਹੀ ਉਹ ਸਾਡਾ ਰਾਬਤਾ ਰਖਾਉਂਦੀ ਹੈ ।
ਇੱਕ ਨਾਲ ਬੰਦਾ ਜਦ ਜੁੜਦਾ ਏ ਇੱਕੋ ਰਾਹੀਂ,
ਇੱਕ-ਮਿੱਕ ਵਾਲੀ ਉਹ ਅਵਸਥਾ ਸਦਾਉਂਦੀ ਹੈ ॥
ਇੱਕ ਹੀ ਗ੍ਰੰਥ-ਪੰਥ ਇੱਕ ਗੁਰ-ਰੱਬ ਸਾਡਾ,
ਇੱਕੋ ਮਰਿਆਦਾ ਗੁਰਬਾਣੀ ਫਰਮਾਉਂਦੀ ਹੈ ।
ਇੱਕ ਹੀ ਤਖਤ ਉਹਦਾ ਜਿੱਥੋਂ ਸੱਚਾ ਸੇਧ ਦੇਵੇ,
ਸ਼ਕਤੀ-ਨਿਯਮ ਰੂਪੀ ਜੱਗ ਨੂੰ ਚਲਾਉਂਦੀ ਹੈ ॥
05/10/2014
ਗੁਰਬਾਣੀ-ਉਪਦੇਸ਼
ਡਾ ਗੁਰਮੀਤ ਸਿੰਘ ਬਰਸਾਲ ਸੈਨਹੋਜੇ
ਗੁਰੂ-ਗ੍ਰੰਥ ਸਾਹਿਬ ਦੀ ਬਾਣੀ,
ਪੜ੍ਹ-ਸੁਣ ਰੋਜ ਵਿਚਾਰੋ ।
ਜੋ ਜੋ ਸਮਝ ‘ਚ ਆਉਂਦਾ ਜਾਵੇ,
ਜੀਵਨ ਦੇ ਵਿੱਚ ਧਾਰੋ ॥
ਦੋ ਗੱਲਾਂ ਵੀ ਧਾਰਨ ਦੇ ਨਾਲ,
ਜੀਵਨ ਬਦਲ ਹੈ ਜਾਦਾ ।
ਐਵੇਂ ਨਾ ਬਸ ਗੱਡੀਆਂ ਲੱਦਕੇ,
ਭਾਰ ਨਾਲ ਹੰਕਾਰੋ ॥
ਤੋਤਾ ਰਟਨਾਂ ਦੇ ਨਾਲ ਕੇਵਲ,
ਯਾਦ ਪਹਾੜੇ ਹੋਵਣ ।
ਜੀਵਨ ਰੂਪ ਸਵਾਲਾਂ ਖਾਤਿਰ,
ਬੁੱਧ ਵਿਵੇਕ ਚਿਤਾਰੋ ॥
ਰੱਟੇ ਲਾਵਣ ਨਾਲ ਤੇ ਬੰਦਾ,
ਮੰਤਰ ਹੀ ਮੰਨ ਬਹਿੰਦਾ ।
ਗੁਰਬਾਣੀ ਉਪਦੇਸ਼ਾਂ ਨੂੰ ਨਾ,
ਗਿਣ-ਮਿਣ ਕਦੇ ਉਚਾਰੋ ॥
ਗੁਰ ਬਾਬੇ ਦੇ ਪਾਠ ਸਦਾ ਹੀ,
ਸਮਝ ਸਮਝ ਕੇ ਪੜ੍ਹੀਏ ।
ਹਾਸਲ ਹੋਈ ਸਿੱਖਿਆ ਨਾ,
ਮੁੜ ਮਨ ਤੋਂ ਕਦੇ ਉਤਾਰੋ ॥
ਗੁਰਬਾਣੀ ਨੂੰ ਜੀਵਨ ਦੇ ਵਿੱਚ,
ਸਦਾ ਹੀ ਚੱਲਦੀ ਰੱਖਿਓ ।
ਐਵੇਂ ਨਾ ਬਸ ਕਰਮ-ਕਾਂਢ ਕਰ ,
ਪਾਕੇ ਭੋਗ ਵਿਸਾਰੋ ॥
ਗੁਰਬਾਣੀ ਤਾਂ ਹਰ ਬੰਦੇ ਦੇ,
ਜੀਵਨ ਨੂੰ ਰੁਸ਼ਨਾਉਂਦੀ ।
ਪੜ੍ਹ-ਸੁਣ,ਧਾਰਨ ਕਰ,ਬਣ ਬਾਣੀ,
ਬਾਣੀ ਹੀ ਪਰਚਾਰੋ ॥
02/10/2014 ਜਾਤੀ-ਸੂਚਕ !
ਡਾ ਗੁਰਮੀਤ ਸਿੰਘ ਬਰਸਾਲ
ਜਾਤੀ-ਸੂਚਕ ਗੋਤ ਨੂੰ ਜਦ ਵੀ ਨਾਂ ਦੇ ਨਾਲ ਲਗਾਈਏ ।
ਅਣਜਾਣੇ ਹੀ ਜਾਤ-ਪਾਤ ਨੂੰ ਅਸੀਂ ਸਾਂਭਦੇ ਜਾਈਏ ॥ ਵਰਣ-ਵੰਡ ਦੇ ਨਾਲ
ਵਿਪਰ ਨੇ ਐਸੀ ਖੇਡ ਬਣਾਈ ,
ਸੱਭ ਤੋਂ ਉੱਪਰ ਆਪ ਤੇ ਬਾਕੀ ਨੀਚਮ-ਨੀਚ ਸਦਾਈਏ ॥ ਨੀਤੀ ਧਾਰ ਸਮਾਜ
ਵੰਡਣ ਲਈ ਚੱਕਰਵਿਊ ਉਸ ਘੜਿਆ ,
ਜਾਤ-ਗਰਭੁ ਤੇ ਹੀਣ-ਭਾਵਨਾ ਸੁੱਤੇ-ਸਿਧ ਅਪਣਾਈਏ ॥ ਕੁੱਲ-ਜਾਤੀ ਦੇ
ਕਾਰਣ ਜੱਗ ਤੇ ਕੋਈ ਨਾ ਬਣਦਾ ਵੱਡਾ ,
ਵੱਡੇ ਹੋਵਣ ਖਾਤਿਰ ਸੱਜਣੋਂ ਵੱਡੇ ਕਰਮ ਕਮਾਈਏ ॥ ਕਿਰਤ ਕਾਰਣ ਹੀ ਜੇਕਰ
ਸਾਨੂੰ ਜਾਤਾਂ ਵਿੱਚ ਹੈ ਵੰਡਿਆ ,
ਫਿਰ ਕਾਹਤੋਂ ਨਾ ਕਿਰਤ ਬਦਲਕੇ ਬਦਲ ਜਾਤਾਂ ਨੂੰ ਪਾਈਏ ॥ ਭਾਈਚਾਰਾ
ਤੋੜਨ ਲਈ ਜਿਸ ਵਰਗ-ਵਿਤਕਰਾ ਘੜਿਆ ,
ਕਿਓਂ ਗੁਰ-ਨਾਨਕ ਛੱਡ ਚੇਲੇ ਉਸ ਮੰਨੂ ਦੇ ਅਖਵਾਈਏ ॥ ਜੇਕਰ ਕਿਤੇ ਪਛਾਣ
ਦੀ ਖਾਤਿਰ ਬਣਦੀ ਹੈ ਮਜਬੂਰੀ ,
ਕਾਹਤੋਂ ਨਾ ਫਿਰ ਗੋਤ ਨੂੰ ਛੱਡਕੇ ਪਿੰਡ ਤਖੱਲਸ ਲਾਈਏ , ਕਿਓਂ ਨਾ ਸਾਰੇ
ਪਿੰਡ ਨਿਵਾਸੀ ਸਾਂਝਾ ਨਾਂ ਅਪਣਾਕੇ ,
ਗੋਤਾਂ-ਜਾਤਾਂ ਦੇ ਨਾਲ ਤੁਰਦੀ ਊਚ-ਨੀਚ ਦਫਨਾਈਏ ॥ ਇੱਕ ਜੋਤ ਤੋਂ ਉਪਜੇ
ਸਾਰੇ ਵੱਡਾ-ਛੋਟਾ ਨਾ ਕੋਈ ,
ਮਾਣਸ ਦੀ ਤਾਂ ਜਾਤ ਹੈ ਇੱਕੋ ਸਭਨਾਂ ਨੂੰ ਸਮਝਾਈਏ ॥
08/09/2014 ਇਸ਼ਾਰੇ !!
ਡਾ ਗੁਰਮੀਤ ਸਿੰਘ ਬਰਸਾਲ
ਅੰਦਰ ਖੋਜੇਂ ,ਬਾਹਰ ਖੋਜੇਂ, ਖੋਜੇਂ ਧਰਤੀ ਸਾਰੀ ।
ਕੁਦਰਤ ਦਾ ਕੋਈ ਅੰਤ ਨਹੀਂ ਹੈ ,ਰੱਬੀ ਖੇਡ ਨਿਆਰੀ॥ ਜੀਵ ਸੋਚਦਾ ਖੁਦ
ਨੂੰ ਇੱਥੇ ,ਇੱਕੋ ਜਿੰਦ ਨਿਮਾਣੀ ।
ਪਰ ਨਾ ਸੋਚੇ ਦੇਹ ਵਿੱਚ ਲੱਖਾਂ ਜੀਵ ਨੇ ਬਹੁ-ਪਰਕਾਰੀ ॥ ਪਾਣੀ ਅੰਦਰ
ਅੱਗ ਹੈ ਵਸਦੀ, ਅੱਗ ਅੰਦਰ ਹੈ ਪਾਣੀ ।
ਇੱਕ ਦੂਜੇ ਦੀ ਬਣੀ ਵਿਰੋਧੀ , ਸਾਂਝੇ ਤੱਤ ਦੀ ਯਾਰੀ ॥ ਨਰ ਤੇ ਮਾਦਾ
ਭਾਵੇਂ ਵੱਖ ਵੱਖ ,ਮੂਲ ਜੀਵ ਤਾਂ ਇੱਕੋ ,
ਹਰ ਨਾਰੀ ਵਿੱਚ ਪੁਰਖ ਹੈ ਵਸਦਾ ,ਹਰ ਪੁਰਖ ਵਿੱਚ ਨਾਰੀ ॥ ਬੰਦੇ ਅੰਦਰ
ਰਾਮ ਹੈ ਰਮਿਆਂ, ਧਰਮੀ ਲੋਕੀਂ ਕਹਿੰਦੇ ,
ਲੇਕਨ ਰਾਮ ਅੰਦਰ ਸਭ ਰਹਿੰਦੇ , ਇਹ ਨਾ ਕਦੇ ਵਿਚਾਰੀ ॥ ਹਰ ਬੰਦੇ ਦੇ
ਅੰਦਰ ਕਹਿੰਦੇ , ਕੋਈ ਆਤਮਾ ਹੁੰਦੀ ।
ਬੰਦਾ ਵਸੇ ਆਤਮਾ ਅੰਦਰ , ਵਿਰਲੇ ਗੱਲ ਚਿਤਾਰੀ॥ ਇੱਕੋਂ ਜਦੋਂ ਅਨੇਕ ਸੀ
ਹੋਇਆ, ਨਿਰਗੁਣ ਰੂਪ ਨੂੰ ਛੱਡਕੇ ।
ਹਸਦੀ ਵਸਦੀ ਦੁਨੀਆਂ ਸਜ ਗਈ, ਨਿਰਾਕਾਰੋਂ ਆਕਾਰੀ ॥ 20/08/2014
|