ਜੋਬਨ ਦੀ ਰੂੰ
ਗੁਰਬਿੰਦਰ ਸਿੰਘ, ਪੰਜਾਬਮਾਂ ਨੀ ਮਾਂ!
ਮੇਰੇ ਜੋਬਨ ਦੀ ਰੂੰ
ਲੋਗੜ ਵਰਗੀ ਹੋਈ
ਰੀਝਾਂ ਦਾ ਪਿਆ ਸੁੰਨਾ ਤਕਲਾ
ਪੂਣੀ ਕੱਤ ਨਾ ਹੋਈ
ਨਿੱਤ ਹਿਜਰਾਂ ਦਾ ਸੂਰਜ ਚੜਦਾ
ਨਿੱਤ ਦਿਨ ਸੁੱਕਣੇ ਪਾਵਾਂ
ਏਹਦੇ ਵਿਚੋਂ ਸਿੱਲ ਨਾ ਮੁੱਕਦੀ
ਫੱਭਾ ਫੱਭਾ ਕੋਈ
ਮਾਂ ਨੀ ਮਾਂ....
ਮੇਰੇ ਜੋਬਨ ਦੀ ਰੂੰ
ਲੋਗੜ ਵਰਗੀ ਹੋਈ
ਸਭ ਸਖੀਆਂ ਨੀ ਵਿੱਚ ਤ੍ਰਿਝਣ
ਹੱਸਦੀਆਂ ਗਾਉਂਦੀਆਂ ਆਵਣ
ਤੇਰੀ ਏਹ ਧੀ ਕਰਮਾਂ ਮਾਰੀ
ਰਹਿ ਜੇ ਖੋਈ ਖੋਈ
ਮਾਂ ਨੀ ਮਾਂ....
ਮੇਰੇ ਜੋਬਨ ਦੀ ਰੂੰ
ਲੋਗੜ ਵਰਗੀ ਹੋਈ
ਕਿਸੇ ਨੇ ਪਾਈਆਂ ਵੇਲ ਬੂਟੀਆਂ
ਕਿਸੇ ਭਰ ਭਰ ਤੱਕਲੇ ਲਾਹੇ
ਬਿਰਹੋਂ ਮਾਰੀ ਮੈਂ ਮਰਜਾਣੀ
ਸੂਈ ਪੋਟਿਆਂ ਵਿੱਚ ਪਰੋਈ
ਮਾਂ ਨੀ ਮਾਂ....
ਮੇਰੇ ਜੋਬਨ ਦੀ ਰੂੰ
ਲੋਗੜ ਵਰਗੀ ਹੋਈ
ਸੰਦਲੀ ਨੈਣ ਨਾ ਸੁਰਮਾ ਸੋਂਹਦਾ
ਹਾਰ ਸਿੰਗਾਰ ਨਾ ਮੈਨੂੰ
ਫਿੱਕਾ ਫਿੱਕਾ ਮੁੱਖ ਦਾ ਸੂਰਜ
ਹੰਝੂਆਂ ਨੇ ਅੱਖ ਧੋਈ
ਮਾਂ ਨੀ ਮਾਂ....
ਮੇਰੇ ਜੋਬਨ ਦੀ ਰੂੰ
ਲੋਗੜ ਵਰਗੀ ਹੋਈ
ਸਾਹਾਂ ਦਾ ਹੈ ਭਰਿਆ ਪਾਣੀ
ਪਿੱਲੇ ਆਵੇ ਦੀ ਝਾਰੀ
ਅੰਮੜੀਏ ਤੂੰ ਫਿਰ ਪਛਤਾਉਣਾ
ਏਹ ਜਿਸ ਦਿਨ ਖਾਲੀ ਹੋਈ
ਮਾਂ ਨੀ ਮਾਂ....
ਮੇਰੇ ਜੋਬਨ ਦੀ ਰੂੰ
ਲੋਗੜ ਵਰਗੀ ਹੋਈ
ਗੁਰਬਿੰਦਰ ਵਰਗੇ ਲੇਖ ਲਿਖਾਕੇ
ਮੈਂ ਦੁਨੀਆਂ ਤੇ ਆਈ
ਪੀੜਾਂ ਦੇ ਸੱਗ ਬਚਪਨ ਖੇਡੇ
ਪੀੜ ਜੋਬਨ ਸੱਗ ਮੋਈ
ਮਾਂ ਨੀ ਮਾਂ
ਮੇਰੇ ਜੋਬਨ ਦੀ ਰੂੰ
ਲੋਗੜ ਵਰਗੀ ਹੋਈ.....
18/07/17
ਜ਼ਿੰਦੇ
ਗੁਰਬਿੰਦਰ ਸਿੰਘ, ਪੰਜਾਬ
ਇੱਕ ਅੰਬਰੋਂ ਤਾਰਾ ਟੁੱਟਿਆ
ਇੱਕ ਦਿਲ ਮੇਰਾ
ਤਾਰੇ ਟੁੱਟ ਕੇ ਹੋਂਦ ਗਵਾਈ
ਦਿਲ ਟੁੱਟਿਆ ਮੈਂ ਮੋਇਆ
ਨੀ ਜ਼ਿੰਦੇ ਮੇਰੀਏ
ਲੋਕੀ ਵਸਦੇ ਹੈਨ ਬਥੇਰੇ
ਪਰ ਮੈਂ ਅੱਜ ਕੱਲਾ ਹੋਇਆ
ਨੀ ਜ਼ਿੰਦੇ ਮੇਰੀਏ....
ਚੇਤ ਮਹੀਨੇ ਇੱਕ ਫੁੱਲ ਮੋਇਆ
ਮੋਈ ਮਹਿਕ ਪਲੇਠੀ
ਸੂਹਾ ਜੋਬਨ ਗ਼ਮ ਨੇ ਡੰਗਿਆਂ
ਹੋ ਗਿਆ ਰੰਗ ਸਲੇਟੀ
ਕਾਲੇ ਕਰਮਾਂ ਚਰਨ ਛੂਹਾਏ
ਹਰ ਇੱਕ ਨੇ ਬੂਹਾ ਢੋਇਆ
ਨੀ ਜ਼ਿੰਦੇ ਮੇਰੀਏ....
ਸੂਹੇ ਹੋਂਠਾ ਗੀਤ ਸੀ ਗਾਏ
ਅੱਜ ਵੈਣਾਂ ਝੂਮਰ ਪਾਈ
ਹਰ ਸਾਹ ਆਵੇ ਅੱਧ ਮੋਇਆ ਜਾ
ਮੇਰਾ ਲੂੰ-ਲੂੰ ਦਵੇ ਦਹਾਈ
ਕੱਲਿਆਂ ਪੱਲੇ ਕੱਲ ਉਮਰਾਂ ਦਾ
ਕੋਈ ਨਾ ਸਾਥ ਖਲੋਇਆ
ਨੀ ਜ਼ਿੰਦੇ ਮੇਰੀਏ....
ਜਿਨ੍ਹਾਂ ਰਾਹਾਂ ਤੋਂ ਲੰਘਗੇ ਸੱਜਣ
ਉਹਨਾਂ ਰਾਹਾਂ ਤੇ ਘਰ ਪਾਇਆ
ਕਮਲਾ ਕਰਗੇ ਤੁਸੀਂ ਸੱਜਣ ਜੀ
ਲੋਕਾਂ ਕਮਲਾ ਆਖ ਬਲਾਇਆ
ਮੂੰਹੋਂ ਮੰਗੀ ਮੌਤ ਨਾ ਮਿਲਦੀ
ਕੀ ਮਰੀਏ ਪੱਟ ਟੋਇਆ
ਨੀ ਜ਼ਿੰਦੇ ਮੇਰੀਏ....
ਗੁਰਬਿੰਦਰ ਤੋਂ ਤਨ ਦਾ ਚੋਲਾ
ਚੱਕਿਆ ਹੋਰ ਨਾ ਜਾਵੇ
ਰੱਬ ਕਰੇ ਇਹ ਮੈਲੀ ਮਿੱਟੀ
ਮਿੱਟੀ ਵਿੱਚ ਰਲ਼ ਜਾਵੇ
ਇਹ ਮਣਕਾ ਸੀ ਕਿਸੇ ਮਾਲਾ ਦਾ
ਕਿਸੇ ਗਾਨੀ ਵਿੱਚ ਪਰੋਇਆ
ਨੀ ਜ਼ਿੰਦੇ ਮੇਰੀਏ
ਮੈਂ ਅੱਜ ਫਿਰ ਕੱਲਾ ਹੋਇਆ
ਨੀ ਜ਼ਿੰਦੇ ਮੇਰੀਏ....
10/07/2017
ਤੇਰੀ ਕਮਲੀ
ਗੁਰਬਿੰਦਰ ਸਿੰਘ, ਪੰਜਾਬ
ਨਿੱਕੀ ਜੇਹੀ ਇੱਕ ਬੱਦਲੀ
ਗਈ ਲਹਿੰਦੇ ਵਲੋਂ ਆ
ਕਿਨ-ਮਿਨ ਡਿੱਗ-ਡਿੱਗ ਕਣੀਆਂ
ਗਈਆਂ ਭਾਂਬੜ ਲਾ
ਵੇ ਦਿਲਾਂ ਦਿਆ ਮਹਿਰਮਾਂ
ਮੇਰੇ ਮੀਂਹ ਵਿੱਚ ਸੜਗੇ ਚਾਅ
ਕਾਲੇ-ਕਾਲੇ ਬੱਦਲਾਂ ਵਿੱਚ
ਬਿਜਲੀ ਚਾਂਦੀ ਵਰਗੀ
ਸੋਨੇ ਵਰਗਾ ਮਨ ਹੀਰ ਦਾ
ਚਮਕ ਕੇ ਕਾਲਾ ਕਰਗੀ
ਵੇ ਮੇਰੇ ਹਾਣੀਆਂ
ਮੈਂ ਤਰਸ -ਤਰਸ ਕੇ ਮਰਗੀ
ਗਚ -ਗਚ ਹੋਈ ਧਰਤ ਵੇ
ਤੇ ਵੱਟਾਂ ਟੱਪਿਆ ਨੀਰ
ਕੀ ਮੈਂ ਭਿੱਜੀ ਵਿੱਚ ਬਾਰਸ਼ਾਂ
ਗਿਆ ਲੂੰ-ਲੂੰ ਸੜ ਸਰੀਰ
ਵੇ ਮੇਰੇ ਚਾਨਣਾਂ
ਤੇਰੀ ਕਮਲੀ ਹੋਈ ਹੀਰ
ਘਰ -ਬਾਰ ਸੰਭਾਲੇ ਲੋਕ ਨੇ
ਮੇਰੇ ਖਿੰਡ ਗਏ ਅਰਮਾਨ
ਵੱਤ ਆਏ ਸਭ ਬੀਜ ਲਏ
ਮੇਰੀ ਤਰਲੋ ਮੱਛੀ ਜਾਨ
ਵੇ ਦਿਲਾਂ ਦੇ ਜਾਨੀਆਂ
ਮੈਥੋਂ ਤੂੰ ਕਾਹਤੋਂ ਅਨਜਾਣ
ਵੇ ਮੇਰੇ ਗੁਰਬਿੰਦਰਾ
ਮੇਰਾ ਦਿਲ ਕਮਲਾ ਮਨ ਚੋਰ
ਬਖਤਾਵਰਾ ਤੇ ਹਾਣੀਆਂ
ਸਾਡਾ ਕੀ ਝੱਲਿਆਂ ਦਾ ਜ਼ੋਰ
ਵੇ ਮੇਰੇ ਰਾਝਣਾਂ
ਤੂੰ ਨਾ ਤੜਫਾਈ ਹੋਰ
10/07/2017
|