ਸ਼ਹਿਰ ਚੁੱਪ ਹੈ ਗਗਨਦੀਪ
ਸਿੰਘ ਸੰਧੂ “ਟਿਕੀ ਰਾਤ ਘਰ ਨੂੰ ਪਰਤ ਰਿਹਾ ਹੁੰਦਾ ਹਾਂ...
ਕਿਸੇ-ਕਿਸੇ ਰੌਸ਼ਨਦਾਨ ਵਿੱਚੋਂ ਨਿੰਮ੍ਹੀ-ਨਿੰਮ੍ਹੀ
ਰੌਸ਼ਨੀ ਛਣ ਕੇ ਆ ਰਹੀ ਹੁੰਦੀ ਹੈ ਕਿਸੇ-ਕਿਸੇ
ਦਰਵਾਜ਼ੇ ਪਿੱਛੋਂ ਹੱਸਣ ਦੀ ਅਵਾਜ਼ ਸੁਣਾਈ ਦਿੰਦੀ ਹੈ
ਕਿਸੇ-ਕਿਸੇ ਘਰ ਵਿੱਚੋਂ ਚੂੜੀਆਂ ਦੀ ਛਣਕਾਰ ਸੁਣਾਈ ਦਿੰਦੀ
ਹੈ ਟੁੱਟ ਹੋਏ ਖੰਭੇ ਕੋਲ ਬੈਠਾ ਕੁੱਤਾ ਪੈੜਾਂ ਦੀ ਆਹਟ ਸੁਣ
ਉੱਠ ਪੂਛ ਹਿਲਾਉਣ ਲੱਗਦਾ ਹੈ ਸੁੰਨੀ ਪਈ ਸੜਕ ਦੇ
ਵਿਚਕਾਰ ਖੜ ਵਸਦੇ-ਰਸਦੇ ਸ਼ਹਿਰ ਨੂੰ ਤੱਕਦਾ ਹਾਂ ਅਚਾਨਕ ਤਾੜ
ਕਰਕੇ ਕੋਈ ਗੱਡੀ ਮੇਰੇ ਨਾਲ ਟਕਰਾਉਂਦੀ ਹੈ ਤੇ ਮੈਂ ਤ੍ਰਬਕ ਕੇ
ਉਠਦਾ ਹਾਂ...!” ਸੁਕਰ ਹੈ ਸੁਪਨਾ ਸੀ ਸ਼ਹਿਰ
ਸੁੰਨ-ਸਾਨ ਪਿਆ ਹੈ ਕੋਈ ਰੌਸ਼ਨੀ ਨਹੀਂ... ਕੋਈ ਅਵਾਜ਼
ਨਹੀਂ... ਕੋਈ ਛਣਕਾਰ ਨਹੀਂ... ਰਾਤ ਦਾ ਡਰਾਵਣਾ ਸੁਪਨਾ
ਸਵੇਰੇ ਕਿਸ ਨੂੰ ਸੁਣਾਵਾਂਗਾ... ਸ਼ਹਿਰ ਵਿੱਚ ਕੋਈ ਯਾਰ ਵੀ ਨਹੀ...!
ਚੁੱਪ ਹੋਰ ਪਸਰ ਜਾਂਦੀ ਹੈ। 10/09/2019
ਸਜਦਾ ਸ਼ਹੀਦਾਂ ਨੂੰ ਗਗਨਦੀਪ
ਸਿੰਘ ਸੰਧੂ
“ਵਾਦੀ
ਵਿੱਚ ਅੱਤਵਾਦੀ ਹਮਲੇ ਦੌਰਾਨ ਦਸ ਜਵਾਨ ਸ਼ਹੀਦ ਤੇ ਅਨੇਕਾਂ
ਜਖਮੀ” ਸਿਆਸਤਦਾਨਾਂ ਲਈ ਤਾਂ ਇਹ ਸਿਆਸਤ ਦਾ ਇੱਕ
ਮੋਹਰਾ ਹੀ ਰਹਿਣਾ ਹੈ ਜਾਂ ਸਿਰਫ ਇੱਕ ਖ਼ਬਰ ਜਾਂ ਵੱਧ ਤੋਂ ਵੱਧ
ਬਸ ਇੱਕ ਸ਼ਰਧਾਂਜਲੀ ਸਮਾਰੋਹ ਪਰ... ... ...
ਛਾਤੀ ਤਾਂ
ਉਸ ਮਾਂ ਦੀ ਹੀ ਪਾਟਣੀ ਹੈ ਜਿਸਦਾ ਲਹੂ ਟੁੱਕਿਆ ਜਾਂਦਾ ਹੈ।
ਠੋਕਰਾਂ ਲਈ ਮੁਹਤਾਜ ਤੇ ਵਿਚਰਣ ਲਈ ਅਪਾਹਜ ਤਾਂ
ਉਸਦੀ ਅਰਧਾਂਗਣੀ ਨੇ ਹੀ ਹੋਣਾ ਹੈ ਜਿਸਦੀ ਰਹਿੰਦੀ ਜ਼ਿੰਦਗੀ ਦਾ
ਪਲ-ਪਲ ਜਿਉਂਦੇ ਜੀਅ ਫੂਕਿਆ ਜਾਂਦਾ ਹੈ। ਕਾਵਾਂ ਦੀਆਂ
ਠੂੰਗਾਂ ਤੇ ਕੁੱਤਿਆਂ ਦੇ ਜਭਾੜਿਆਂ ਨੇ ਮਾਸ ਤਾਂ ਉਹਨਾਂ
ਮਾਸੂਮਾਂ ਦਾ ਹੀ ਨੋਚਣਾ ਹੈ ਜਿੰਨ੍ਹਾਂ ਸਿਰੋਂ ਨਿੱਘ ਦਾ ਹੱਥ
ਉਠ ਗਿਆ ਹੈ। ਪੋਟੇ ਤਾਂ ਉਸ ਭੈਣ ਦੇ ਹੀ ਛਲਣੀ ਹੋਣੇ ਨੇ
ਜਿਸਦੇ ਹੱਥੋਂ ਵੀਰ ਦੀ ਬਾਂਹ ਖੁੱਸ ਗਈ ਹੈ। ਹੌਸਲਾ
ਤਾਂ ਉਸ ਭਰਾ ਦਾ ਹੀ ਹਾਰਨਾ ਜਿਸਦੀ ਸੱਜੀ ਬਾਂਹ ਵੱਢੀ ਗਈ
ਹੈ। ਉਡੀਕਣਾ ਤਾਂ ਉਹਦੇ ਪਿੰਡ ਦੀਆਂ ਗਲ਼ੀਆਂ ਨੇ ਹੀ ਹੈ
ਸਿਆਸਤਦਾਨਾਂ ਦੀ ਉਡੀਕ ਤਾਂ ਸਿਰਫ ਅਜਿਹੀ ਕਿਸੇ ਹੋਰ
ਖ਼ਬਰ ਲਈ ਹੀ ਹੋਵੇਗੀ। 07/08/2018
ਮਾਰੂਥਲਾਂ ਦੀ ਵਰਖਾ ਗਗਨਦੀਪ
ਸਿੰਘ ਸੰਧੂ ਮੇਰੀ ਰੂਹ ‘ਤੇ
ਜੰਗਲ਼ ਮੇਰੀ ਅਵਾਜ਼ ‘ਚ
ਜੰਗਲ਼ ਦੀ ਚੁੱਪ
...ਸਦੀਆਂ ਤੋਂ ਮੈਂ ਕਿਸੇ ਨਾਲ ਵੀ
ਕੋਈ ਗੱਲ ਨਹੀ ਕੀਤੀ! ਸਦੀਆਂ ਦੀ
ਅਤ੍ਰਿਪਤੀ ਸਦੀਆਂ ਦਾ ਸ਼ਾਂਤ ਪ੍ਰਤੀਕਰਮ!
ਮੁਫ਼ਲਿਸ਼ੀ ਦੇ ਲੰਗਾਰ ਲਾਹ ਅੱਜ ਤੈਨੂੰ ਮੁਖਾਤਿਬ
ਹਾਂ... ... ... ਅੱਜ ਰਾਤ ਦੇ ਬੁੱਲ੍ਹਾਂ
‘ਤੇ ਹਾਸਾ ਥਿਰਕਿਆ ਹੈ... ਕਰਵਟਾਂ ‘ਚੋਂ
ਛਣਕਦੀਆਂ ਝਾਂਜਰਾਂ ਦੀ ਅਵਾਜ਼
ਆਈ ਹੈ ਗ਼ਮਾਂ ਦੇ ਡੂੰਘੇ ਸਾਗਰਾਂ ‘ਚੋਂ ਚੰਨ ਵੱਲ
ਨੂੰ ਜਵਾਰ-ਭਾਟਾ
ਉੱਠਿਆ ਹੈ... ਬਿਰਹੋਂ ਦੇ ਕਾਲੇ-ਕਾਂਗ ਵਸਲਾਂ ਦੇ
ਸਰੋਵਰੋਂ ਚਿੱਟੇ ਹੋ ਨਿਕਲੇ ਨੇ... ਬੜੀ ਦੇਰ ਇਕੱਲ ਨੂੰ
ਰਿੜਕਿਆ ਹੈ ਅੱਜ ਰਾਤ ਦੇ ਬੁੱਲ੍ਹਾਂ ‘ਤੇ
ਹਾਸਾ ਥਿਰਕਿਆ ਹੈ... ਸਦੀਓ ਬਾਅਦ ਅੱਜ ਰਾਤ ਚਾਨਣੀ ਹੈ ਸਦੀਓ
ਬਾਅਦ ਅੱਜ ਚੰਨ ਲਿਸ਼ਕਿਆ ਹੈ। 19/05/2018
ਕਿਤਾਬ ਵਿਚਲਾ ਗੁਲਾਬ
ਸਮੇਂ ਨੇ ਪਿੱਛੋਂ ਮੇਰੇ ਮੋਢੇ ‘ਤੇ ਹੱਥ ਰੱਖਿਆ ਤੇ ਮੂਹਰੇ ਆ ਬੋਲਿਆ,
“ ਦੇਖ ਤੇਰੇ ਸਾਹਵੇਂ ਮੈਂ ਗੁਜ਼ਰ ਰਿਹਾ ਹਾਂ... ਲੰਘੇ ਹੋਏ
ਪਾਣੀਆਂ ਦਾ ਇੰਤਜਾਰ ਨਹੀ ਕਰੀਦਾ। ਦੇਖ ਮੈਂ ਹੋ ਕਿ ਵੀ ਨਹੀ
ਤੇ ਨਹੀ ਹੋ ਕਿ ਵੀ ਹਾਂ।” ਓਹਦੀ ਗੱਲ ਸੁਣ ਮੈਂ ਬੰਦ ਕਿਤਾਬ ਖੋਲ੍ਹੀ ਤੇ ਦੇਖਿਆ...
ਮਹਿਬੂਬ ਦਾ ਦਿੱਤਾ ਗੁਲਾਬ ਸੱਚੀ ਸੁੱਕ ਚੁੱਕਿਆ ਸੀ। 20/04/2018
ਤੈਨੂੰ ਕਿੰਨੀ ਵਾਰ
ਕਿਹਾ... ਤੇਰਾ ਖ਼ਤ ਆਇਆ ... ਖ਼ੁਸ਼ੀ ਤਾਂ ਹੋਈ ਪਰ; ਤੈਨੂੰ ਕਿੰਨੀ ਵਾਰ ਕਿਹਾ
ਘਰ ਦੇ ਪਤੇ ‘ਤੇ ਖ਼ਤ ਨਾ ਪਾਇਆ ਕਰ। ਐਵੇਂ... ਖ਼ਾਮਖਾਹ!
ਚੱਲ ਫਿਰ ਵੀ... ਛੁੱਟੀ ਦਾ ਦਿਨ ਹੈ ਸਰਦੀਆਂ ਦੀ
ਕੋਸੀ-ਕੋਸੀ ਧੁੱਪੇ ਚਾਹ ਦੀਆਂ ਚੁਸਕੀਆਂ ਭਰਦਿਆਂ ਛੱਤ ‘ਤੇ
ਬੈਠ ਪੜ੍ਹਦਾ ਹਾਂ ਤੇ ਖ਼ਤ ਨੂੰ ਤੈਹ ਕਰ ਜੇਬ ਵਿੱਚ ਪਾ ਲੈਂਦਾ ਹਾਂ। ਤਦੇ ਹੀ
ਪਤਨੀ ਦੀ ਅਵਾਜ਼ ਆਉਂਦੀ ਹੈ... “ਕੱਪੜੇ ਉਤਾਰ ਦਿਓ, ਧੋ ਦੇਵਾਂ;
ਤੇ ਤੁਸੀ ਬੱਚਿਆਂ ਨੂੰ ਲੈ ਮਾਰਕੀਟ ਹੋ ਆਓ।” “ਤੁਹਾਡਾ
ਹੁਕਮ... ਸਿਰ ਮੱਥੇ” ਆਖ ਬਜ਼ਾਰ ਚਲਾ ਜਾਂਦਾ ਹਾਂ। ਉਤੋਂ
ਦਫ਼ਤਰੋਂ ਆਇਆ ਫ਼ੋਨ ਨਾ ਬੱਚਿਆਂ ਨਾਲ ਘੁੰਮਣ ਦਿੰਦਾ ਹੈ ਨਾ
ਕੰਮਾਂ-ਕਾਰਾ ਦਾ ਭੰਨਿਆ ਵਕਤ ਖ਼ਤ ਸੁੰਘਣ ਦਿੰਦਾ ਹੈ।
ਉਫ਼...!!! ਉਹ ਤਾਂ
ਕੱਪੜਿਆਂ ਵਿੱਚ ਘਰ ਹੀ ਛੱਡ ਆਇਆ ਹਾਂ ਇੱਕ ਹੋਰ “ਟੈਨਸਨ” ਬੰਨ੍ਹ ਹੱਡ ਲਿਆਇਆ ਹਾਂ।
ਘਰ ਪਰਤ ਦੇਖਦਾ ਤੇਰਾ ਖ਼ਤ ਧੋਤਾ ਗਿਆ ਹੈ ਵਾਸ਼ਿੰਗ-ਮਸ਼ੀਨ
ਅੰਦਰ... ਹੁਣ ਤੂੰ ਹੀ ਦੱਸ ਜਵਾਬ ਤੈਨੂੰ
ਕੀ ਲਿਖਾਂ? ਤੈਨੂੰ ਕਿੰਨੀ ਵਾਰ ਕਿਹਾ ਹੈ... “ਘਰ ਦੇ ਪਤੇ ‘ਤੇ
ਖ਼ਤ ਨਾ ਪਾਇਆ ਕਰ।” 20/04/2018
ਭੁਚਾਲ ਭੁਚਾਲ ਕਈ ਵਾਰ ਏਸ
ਤਰ੍ਹਾਂ ਵੀ ਆਉਂਦੇ ਨੇ ਕਿ ਨਾ ਛੱਤ ਡਿੱਗਦੀ ਹੈ; ਨਾ ਧਰਤ ਕੰਬਦੀ
ਹੈ ਤੇ “ਬੰਦਾ”... ਉਤਾਂਹ ਚੁੱਕਿਆ ਜਾਂਦਾ ਹੈ। ਭੁਚਾਲ
ਕਈ ਵਾਰ ਏਸ ਤਰ੍ਹਾਂ ਵੀ ਆਉਂਦੇ ਨੇ ਕਿ ਨਾ ਚੀਕ ਨਿਕਲਦੀ ਹੈ;
ਨਾ ਸਮਝ ਪੈਂਦੀ ਹੈ ਤੇ “ਬੰਦੇ” ਦੇ... ਪੈਰਾਂ ਹੇਠੋਂ ਜ਼ਮੀਨ
ਖਿਸਕ ਜਾਂਦੀ ਹੈ। ਭੁਚਾਲ ਕਈ ਵਾਰ ਏਸ ਤਰ੍ਹਾਂ ਵੀ
ਆਉਂਦੇ ਨੇ ਕਿ ਸਭ ਤਹਿਸ-ਨਹਿਸ ਹੋ ਜਾਂਦਾ ਹੈ ਡਿੱਗੇ ਹੋਏ ਮਕਾਨ
ਵਿੱਚੋਂ ਸੁਪਨਿਆਂ ਦੀ ਲਾਸ਼ ਵੀ ਨਹੀ ਮਿਲਦੀ; ਰੂਹ ਤੱਕ ਕੰਬ
ਜਾਂਦੀ ਹੈ। ਭੁਚਾਲ ਜਦ ਵੀ ਆਉਂਦੇ ਨੇ ਜ਼ਖ਼ਮ ਦੇ ਜਾਂਦੇ
ਨੇ... ... ... ਜੋ ਨਾਸੂਰ ਬਣ ਰਿਸਦੇ ਰਹਿੰਦੇ ਨੇ... ... ...
ਭੁਚਾਲ ਜਦੋਂ ਵੀ ਆਉਂਦੇ ਨੇ ਸਭ ਕੁੱਝ ਲੈ ਬਹਿੰਦੇ ਨੇ... ...
... ਤੇ ਭੁਚਾਲ ਆਉਂਦੇ ਹੀ ਰਹਿੰਦੇ ਨੇ... 20/04/2018
ਮਾਰੂਥਲਾਂ ਦੀ ਵਰਖਾ
ਮੇਰੀ ਰੂਹ ‘ਤੇ ਜੰਗਲ਼ ਮੇਰੀ ਅਵਾਜ਼ ‘ਚ ਜੰਗਲ਼ ਦੀ ਚੁੱਪ
...ਸਦੀਆਂ ਤੋਂ ਮੈਂ ਕਿਸੇ
ਨਾਲ ਵੀ
ਕੋਈ ਗੱਲ ਨਹੀ ਕੀਤੀ! ਸਦੀਆਂ ਦੀ ਅਤ੍ਰਿਪਤੀ ਸਦੀਆਂ ਦਾ
ਸ਼ਾਂਤ ਪ੍ਰਤੀਕਰਮ! ਮੁਫ਼ਲਿਸ਼ੀ ਦੇ ਲੰਗਾਰ ਲਾਹ ਅੱਜ
ਤੈਨੂੰ ਮੁਖਾਤਿਬ
ਹਾਂ... ... ... ਅੱਜ ਰਾਤ ਦੇ ਬੁੱਲ੍ਹਾਂ ‘ਤੇ ਹਾਸਾ
ਥਿਰਕਿਆ ਹੈ... ਕਰਵਟਾਂ ‘ਚੋਂ ਛਣਕਦੀਆਂ ਝਾਂਜਰਾਂ
ਦੀ ਅਵਾਜ਼ ਆਈ ਹੈ ਗ਼ਮਾਂ ਦੇ ਡੂੰਘੇ ਸਾਗਰਾਂ ‘ਚੋਂ ਚੰਨ ਵੱਲ ਨੂੰ ਜਵਾਰ-ਭਾਟਾ ਉੱਠਿਆ
ਹੈ... ਬਿਰਹੋਂ ਦੇ ਕਾਲੇ-ਕਾਂਗ ਵਸਲਾਂ ਦੇ
ਸਰੋਵਰੋਂ ਚਿੱਟੇ ਹੋ ਨਿਕਲੇ ਨੇ... ਬੜੀ ਦੇਰ ਇਕੱਲ ਨੂੰ
ਰਿੜਕਿਆ ਹੈ ਅੱਜ ਰਾਤ ਦੇ ਬੁੱਲ੍ਹਾਂ ‘ਤੇ ਹਾਸਾ
ਥਿਰਕਿਆ ਹੈ... ਸਦੀਓ ਬਾਅਦ ਅੱਜ ਰਾਤ ਚਾਨਣੀ ਹੈ ਸਦੀਓ
ਬਾਅਦ ਅੱਜ ਚੰਨ ਲਿਸ਼ਕਿਆ ਹੈ।
ਚਾਨਣ ਦੀ ਟਿੱਕੀ ਯਕਦਮ ਅਪਣਾ ਨਾਂ ਲੈ
ਖੁਦ ਹੀ ਚੌਂਕ ਜਾਂਦਾ ਹਾਂ ਜਿਵੇਂ . . .
ਕਈ ਦਹਾਕਿਆਂ ਤੋਂ ਅਪਣੇ ਆਪ ਨਾਲ ਗੱਲ ਹੀ ਨਾ ਕੀਤੀ ਹੋਵੇ !
ਪਰ . . . ਜਦੋਂ ਤੇਰਾ ਨਾਂ ਮੇਰੇ ਮੌਨ 'ਚ
ਗੂੰਜਦਾ ਹੈ, ਤਾਂ ਜਾਪਦੈ ਜਿਵੇਂ ਮੈਂ ; ਘਰ ਵਿੱਚ ਹੀ
ਮੋਕਸ਼ ਪਾ ਲਿਆ ਹੋਵੇ ! ਪਤਾ ਨਹੀਂ ਕਿੱਥੋਂ ਸੁਰੂ ਹੁੰਦਾ
ਹਾਂ . . . ਤੇ ਕਿੱਥੇ ਹੁੰਦਾ ਹਾਂ
ਖਤਮ ? ਬਸ; ਅਕਸਰ ਹੀ ਬੌਖਲਾਅ ਜਾਦਾ ਹਾਂ ਜਦੋਂ ,
ਅਪਣੇ - ਆਪ ਨੂੰ ਬੁਲਾਉਦਾ ਹਾਂ ਅਪਣੇ ਹੀ ਨਾਮ ਨਾਲ !!
"ਹਵਾ ਕਿਤੋਂ ਵੀ ਲੰਘੇ ਮਹਿਸੂਸ ਤਾਂ ਹੋ ਹੀ ਜਾਦੀ
ਹੈ।" ਇਵੇਂ ਹੀ ਤੂੰ ਭਾਵੇਂ ਗੈਰ-ਹਾਜ਼ਿਰ, ਪਰ ਫਿਰ ਵੀ
ਹਰਦਮ ਕੋਲ ਮੇਰੇ ਮਨ ਜਾਗੇ ਚਾਹੇ ਤਨ ਸੁੱਤੇ; ਤਨ ਜਾਗੇ
ਚਾਹੇ ਮਨ ਸੁੱਤੇ !! ਤੈਨੂੰ ਨਜ਼ਰ ਅੰਦਾਜ਼
ਕਰ ਸਕਦਾ ਨਹੀ। ਬਸ !!! ਵਰਜਣਾਵਾਂ ਦੀ ਮੌਨ 'ਤੇ
ਖੜ੍ਹਾ ਡੋਲਦੇ ਪਾਣੀਆਂ ਵਿੱਚ ਚਾਨਣ ਦੀ ਟਿੱਕੀ
ਨਿਹਾਰਦਾ ਹਾਂ !! 20/04/2018
ਭਟਕਣਾਂ ਜ਼ਿੰਦਗੀ ਤਾਂ;
ਉਲਝ ਕਿ ਹੀ ਰਹਿ ਗਈ ਹੈ ਹਿਸਾਬ ਦੇ ਫਾਰਮੂਲਿਆਂ ਵਿੱਚ, ਵਿਗਿਆਨ
ਦੀਆਂ ਪਰਿਭਾਸ਼ਾਂਵਾਂ ਵਿੱਚ, ਆਰਥਿਕਤਾ ਦੀਆਂ ਟਰਮਜ਼ ਵਿੱਚ, ਬਸ
! ਭਟਕ ਰਿਹਾ ਹਾਂ ਰਿਸ਼ਤਿਆਂ ਦੇ ਜੰਗਲ ਵਿੱਚ ! ਤਿਤਲੀਆਂ
ਜੇਹੀਏ ਕੁੜੀਏ ਪਰ ਤੂੰ ਜੋ ਮੇਰੇ ਸ਼ਾਇਰ ਹੋਣ 'ਤੇ ਮਾਣ
ਮਹਿਸੂਸ ਕਰਦੀ ਏ, ਮੇਰੀਆਂ ਨਜ਼ਮਾਂ ਸਹੇਲੀਆਂ ਨੂੰ ਗਾ - ਗਾ
ਸੁਣਾਉਦੀ ਏ ਪਰ ਸਾਇਦ . . . ਤੈਨੂੰ ਪਤਾ ਨਹੀਂ
ਸ਼ਾਇਰੀ ਕਦੇ ਢਿੱਡ ਨਹੀ ਭਰਦੀ ਤੇ ਕਵਿਤਾ;
ਕਵਿਤਾ ਕਿਸੇ ਰੱਜੇ ਬੰਦੇ ਦਾ ਡਕਾਰ ਥੋੜ੍ਹੀ ਏ . . .!!
ਕੀ ਤੈਨੂੰ ਪਤੈ. . . ਮੇਰੀਆਂ ਨਜ਼ਮਾਂ ਦੀਆਂ ਸਾਰੀਆਂ ਕਾਪੀਆਂ ਬਾਲ
ਕਿ ਵੀ ਇੱਕ ਵਕਤ ਦਾ ਚੁੱਲ੍ਹਾ ਤੱਕ ਨਹੀਂ ਜਲਣਾਂ ?
ਤੇ ਤੂੰ ਮੇਰੇ ਕਵੀਪੁਣੇ 'ਤੇ ਬੜਾ ਮਾਣ ਕਰਦੀ ਏ !
ਪਰ ਕੀ ਤੈਨੂੰ ਪਤੈ ਹੁਣ ਮੈਂ ਘਰਦਿਆਂ ਨੂੰ ਪੁੱਤ ਜਾਂ ਭਰਾ
ਨਹੀਂ ਬਲਕਿ . . . ਇੱਕ ਕਵੀ ਹੀ ਨਜ਼ਰ ਆਉਦਾ ਹਾਂ !! ਪਰ
ਉਹਨਾਂ ਨੂੰ ਮੇਰੀ ਭਟਕਣਾ ਕਿਧਰੇ ਵੀ ਦਿਖਾਈ ਨਹੀ ਦਿੰਦੀ !!
ਪਰ ਤੂੰ ਸੱਚੋ - ਸੱਚ ਦੱਸੀਂ ਕੀ ਮੇਰੀ ਭਟਕਣਾਂ ਦਾ ਅਹਿਸਾਸ
ਹੈ ਤੈਨੂੰ ??
ਆਸ਼ਿਫਾ...ਮੈਨੂੰ ਮਾਫ ਕਰੀ
ਗਗਨਦੀਪ ਸਿੰਘ ਸੰਧੂ
ਸਾਡੀਆਂ
ਕਣਕਾਂ ‘ਤੇ ਪਿਆ ਮੀਂਹ ਮਹਿਜ਼ ਮੀਂਹ ਨਹੀਂ ਇਹ ਤਾਂ ਰੱਬ
ਦੇ ਹੰਝੂ ਨੇ ਆਸ਼ਿਫਾ ਦੇ ਦਰਦ ਲਈ। ਸਾਡੀਆਂ ਛੱਤਾਂ
‘ਤੇ ਡਿੱਗਦੀ ਬਿਜਲੀ ਮਹਿਜ਼ ਬਿਜਲੀ ਨਹੀਂ ਇਹ ਤਾਂ ਕੁਦਰਤ
ਦਾ ਕਹਿਰ ਹੈ ਸ਼ਰੇਆਮ ਕੁੱਤਿਆਂ ਦੁਆਰਾਂ ਖਾਦੀ ਗਈ; ਬੱਚੀ ਦੀ
ਮੌਤ ‘ਤੇ ਸਾਡੇ ਚੁੱਪ ਬੈਠਣ ਉੱਤੇ। ਆਸ਼ਿਫਾ...
ਮੈਂ “ਸਿੱਖ” ਤਾਂ ਨਹੀ; ਪਰ ਮੇਰਾ ਸਾਰਾ ਧਿਆਨ ‘ਨਾਨਕ ਸ਼ਾਹ
ਫਕੀਰ’ ਖਿੱਚੀ ਬੈਠੀ ਹੈ। ਤੇ “ਧੀਏ ਰਾਣੀਏ” ਤੂੰ ਕੀ ਉਮੀਦ
ਕਰੇਗੀ ਉਹਨਾਂ ਤੋਂ ਜੋ ਇਸ ਨੂੰ ਬੈਨ ਤਾਂ ਕਰਵਾਉਣਾ ਚਾਹੁੰਦੇ ਨੇ
ਪਰ ਖ਼ੁਦ ਯੂ-ਟਿਊਬ ‘ਤੇ ਸਰਚ ਕਰ-ਕਰ ਦੇਖਦੇ ਨੇ!
ਤੇ
ਅਸੀਂ ... ਅਸੀਂ ਤਾਂ “ਧੀਏ ਰਾਣੀਏ” ਐਨੇ ਮਤਲਬ ਪ੍ਰਸਤ ਹਾਂ...
ਕਿ ਇਹ ਸੋਚਣੋ ਵੀ ਅਸਮਰੱਥ ਹਾਂ “ ਬੇ-ਇਨਸਾਫੀ ਕਿਤੇ ਵੀ ਹੋਵੇ ਉਹ
ਦੁਨੀਆ ਭਰ ਦੇ ਇਨਸਾਫ਼ ਲਈ ਖਤਰਾ ਹੁੰਦੀ ਹੈ।” ਅਸੀਂ
ਨਾਨਕ ਦੇ ਵੱਡੇ ਪੈਰੋਕਾਰ ਬਣਦੇ ਹਾਂ ਪਰ ਕਦੇ ਸੋਚਿਆ ਹੀ ਨਹੀ...
ਜੇ ਨਾਨਕ ਜਿਉਂਦਾ ਹੁੰਦੈ ਕੀ ਉਹ ਚੁੱਪ ਬੈਠਦਾ? ਕੀ ਉਹ ਵੀ ਦੇਖਦਾ
ਹੀ ਰਹਿੰਦਾ ਤੇ ਬੱਸ ਦੇਖਦਾ ਹੀ ਰਹਿੰਦਾ? ਕੀ ਉਹ ਭੁੱਲ ਬੈਠਦਾ
“ਏਤੀ ਮਾਰ ਪਈ ਕੁਰਲਾਣੈ ਤੈ ਕੀ ਦਰਦ ਨਾ ਆਇਐ।” ਰੱਬ ਨੂੰ ਮਾਰੇ
ਨਿਹੋਰੇ ਨੂੰ! ਆਸ਼ਿਫਾ ਮੈਨੂੰ ਮਾਫ ਕਰੀ। ਫਿਲਹਾਲ
ਮੇਰੀ ਸਾਹਿਤ ਅਕਾਦਮੀ ਦੀਆਂ ਵੋਟਾਂ ਵਿੱਚ ਬੜੀ ਦਿਲਚਸਪੀ ਹੈ
ਤੇ ਮੇਰਾ ਸਾਰਾ ਜ਼ੋਰ ਚੋਣਾਂ ਵਿੱਚ ਲੱਗਿਆ ਹੈ। ਚੋਣਾਂ ਉਪਰੰਤ
ਮੈਂ ਤੇਰੇ ਲਈ ਕਵਿਤਾ ਲਿਖਾਂਗਾ... ਯਕੀਨਨ ਵਾਹ-ਵਾਹ ਵੀ
ਖੱਟਾਂਗਾ, ਮਾਨ-ਸਨਮਾਨ ਲਵਾਂਗਾ, ਤੇ ਸ਼ੀਸ਼ੇ ਦੇ ਸੋਅ-ਪੀਸ
ਵਿੱਚ ਸਜਾ ਕਿ ਰੱਖ ਦੇਵਾਂਗਾ! ਤੇ ਮੇਰੇ ਘਰਦੇ ਹਿੱਕਾਂ ਚੌੜੀਆਂ
ਕਰ-ਕਰ ਦੱਸਣਗੇ ਮੇਰੀਆਂ ਪ੍ਰਾਪਤੀਆਂ ਬਾਰੇ। ਪਰ ਤੂੰ ...
ਤੂੰ ਇੱਕ ਫ਼ਾਈਲ ਵਿੱਚ ਸਿਮਟੀ ਕਿਸੇ ਥਾਣੇ ਦੇ ਦਰਾਜ਼ਾਂ
ਵਿੱਚੋਂ ਲੱਭਿਆਂ ਵੀ ਨਹੀ ਲੱਭਣੀ! ਭਲਾਂ ਅੰਨ੍ਹਾ ਕਾਨੂੰਨ
ਕੀ ਲੱਭੇ? ਕਿੱਥੋਂ ਲੱਭੇ?
ਆਸ਼ਿਫਾ ਮੈਨੂੰ ਮਾਫ ਕਰੀ।
ਮੈਨੂੰ ਮਾਫ ਕਰੀਂ ਆਸ਼ਿਫਾ ਸੱਚ ਕੱਲ੍ਹ ਵਿਸਾਖੀ ਦਾ “ਮੇਲਾ” ਵੀ
ਤਾਂ ਹੈ ਤੇ ਮੈਂ “ਮੇਲਾ” ਵੀ ਦੇਖ ਹੀ ਆਵਾਂ। ਮੈਨੂੰ
ਮਾਫ ਕਰੀ ਆਸ਼ਿਫਾ। 13/04/2018
ਤੈਨੂੰ ਕਿੰਨੀ ਵਾਰ ਕਿਹਾ...
ਗਗਨਦੀਪ ਸਿੰਘ ਸੰਧੂ
ਤੇਰਾ ਖ਼ਤ ਆਇਆ ... ਖ਼ੁਸ਼ੀ ਤਾਂ ਹੋਈ ਪਰ, ਤੈਨੂੰ ਕਿੰਨੀ
ਵਾਰ ਕਿਹਾ ਘਰ ਦੇ ਪਤੇ ‘ਤੇ ਖ਼ਤ ਨਾ ਪਾਇਆ ਕਰ। ਐਵੇਂ...
ਖ਼ਾਮਖਾਹ! ਚੱਲ ਫਿਰ ਵੀ... ਛੁੱਟੀ ਦਾ ਦਿਨ ਹੈ ਸਰਦੀਆਂ
ਦੀ ਕੋਸੀ-ਕੋਸੀ ਧੁੱਪੇ ਚਾਹ ਦੀਆਂ
ਚੁਸਕੀਆਂ ਭਰਦਿਆਂ ਛੱਤ ‘ਤੇ ਬੈਠ ਪੜ੍ਹਦਾ
ਹਾਂ ਤੇ ਖ਼ਤ ਨੂੰ ਤੈਹ ਕਰ ਜੇਬ ਵਿੱਚ ਪਾ ਲੈਂਦਾ ਹਾਂ।
ਤਦੇ ਹੀ ਪਤਨੀ ਦੀ ਅਵਾਜ਼ ਆਉਂਦੀ ਹੈ... “ਕੱਪੜੇ ਉਤਾਰ ਦਿਓ,
ਧੋ ਦੇਵਾਂ; ਤੇ ਤੁਸੀ ਬੱਚਿਆਂ ਨੂੰ ਲੈ ਮਾਰਕੀਟ ਹੋ ਆਓ।”
“ਤੁਹਾਡਾ ਹੁਕਮ... ਸਿਰ ਮੱਥੇ” ਆਖ ਬਜ਼ਾਰ ਚਲਾ ਜਾਂਦਾ ਹਾਂ।
ਉਤੋਂ ਦਫ਼ਤਰੋਂ ਆਇਆ ਫ਼ੋਨ ਨਾ ਬੱਚਿਆਂ ਨਾਲ
ਘੁੰਮਣ ਦਿੰਦਾ ਹੈ ਨਾ ਕੰਮਾਂ-ਕਾਰਾ ਦਾ ਭੰਨਿਆ ਵਕਤ
ਖ਼ਤ ਸੁੰਘਣ ਦਿੰਦਾ ਹੈ। ਉਫ਼...!!! ਉਹ ਤਾਂ
ਕੱਪੜਿਆਂ ਵਿੱਚ ਘਰ ਹੀ
ਛੱਡ ਆਇਆ ਹਾਂ ਇੱਕ ਹੋਰ “ਟੈਨਸਨ” ਬੰਨ੍ਹ ਹੱਡ ਲਿਆਇਆ ਹਾਂ।
ਘਰ ਪਰਤ ਦੇਖਦਾ ਤੇਰਾ ਖ਼ਤ ਧੋਤਾ ਗਿਆ ਹੈ
ਵਾਸ਼ਿੰਗ-ਮਸ਼ੀਨ ਅੰਦਰ... ਹੁਣ ਤੂੰ ਹੀ ਦੱਸ ਜਵਾਬ ਤੈਨੂੰ
ਕੀ ਲਿਖਾਂ? ਤੈਨੂੰ ਕਿੰਨੀ ਵਾਰ ਕਿਹਾ ਹੈ... “ਘਰ ਦੇ ਪਤੇ ‘ਤੇ
ਖ਼ਤ ਨਾ ਪਾਇਆ ਕਰ।” 20/03/2018
ਉਹ ਰੋਈ ਜਾ ਰਿਹਾ ਹੈ
ਗਗਨਦੀਪ ਸਿੰਘ ਸੰਧੂ
ਉਹ ਰੋਈ ਜਾ ਰਿਹਾ ਹੈ... ਫੁੱਲ ਪਥਰਾਅ ਗਏ ਨੇ ਘਾਹ ਤੋਂ
ਸੂਲਾਂ ਜਨਮੀਆਂ ਨੇ ਬੀਤ ਚੁੱਕੀ “ਕੱਲ੍ਹ” ਤੇ ਆਉਣ ਵਾਲੀ
“ਕੱਲ੍ਹ” ਨੂੰ ਲੈ ਉਹ ਦੁਬਿਧਾ ਵਿੱਚ ਹੈ... ਪਾਣੀ ਦੀਆਂ ਸੰਗੀਤਕ
ਤਰੰਗਾਂ “ਕਲਕਲ” ਬਣੀਆਂ ਨੇ। ਉਹ ਤਾਰੇ ਗਿਣ-ਗਿਣ
ਥੱਕਿਆ ਹੈ ਉਹ ਪਾਠ ਕਰ-ਕਰ
ਅੱਕਿਆ ਹੈ ਜਿਸ ਨੇ ਅਪਣੇ ਖ਼ਾਬਾਂ ਦੀ ਤਾਮੀਰ ਲਈ
ਜੰਗਲ਼ ਨੂੰ ਸਮਾਜ ਵਿੱਚ ਬਦਲਿਆ ਸੀ ਉਸ ਦਾ ਵਿਸ਼ਵਾਸ
ਖੇਰੂੰ-ਖੇਰੂੰ ਹੋ ਗਿਆ ਹੈ। ਉਸ ਦਾ ਵਸਾਇਆ ਸ਼ਹਿਰ ਫਿਰ ਜੰਗਲ਼ ਹੋ
ਗਿਆ ਹੈ। ਉਹ ਬੜੀ ਦੁਬਿਧਾ ਵਿੱਚ ਹੈ ਤੇ ਰੋਈ ਜਾ ਰਿਹਾ ਹੈ।
ਬੋਹੜਾਂ ਦਾ ਸਿਦਕ ਖੋ ਗਿਆ ਹੈ ਸਰੂੰਆਂ
ਦੀ ਜੁੱਰਅਤ ਮਰ ਗਈ ਹੈ ਸੋਚ ‘ਚ ਮੋਚ ਲੈ
ਪੈਦਾ ਹੋਈ ਦੁਨੀਆ ਇਹ ਕੀ ਕਰ ਗਈ ਹੈ ਇਨਸਾਨੀਅਤ ਮਰ ਗਈ ਹੈ।
ਉਹ ਰੋਈ ਜਾ ਰਿਹਾ ਹੈ... ਉਹ ਰੋਈ ਜਾ ਰਿਹਾ ਹੈ... ...
05/02/2018
ਬੰਦ ਬੂਹੇ
ਗਗਨਦੀਪ ਸਿੰਘ ਸੰਧੂ
ਇਹ ਕੈਸਾ ਦੌਰ ਹੈ ਕਿ ਜਿਸ ਦਰ ਵੀ ਦਸਤਕ
ਦਿੰਦੇ ਹਾਂ ਓਸ ਦਰ ਅੰਦਰਲੀਆਂ ਸਭ ਰੂਹਾਂ ਗੈਰ-ਹਾਜ਼ਿਰ ਹੋ
ਜਾਦੀਆਂ ਨੇ ਤੇ ਫਿਰ ਓਹਨਾਂ ਗੈਰ-ਹਾਜ਼ਿਰ
ਰੂਹਾਂ ਦੀ ਤਲਾਸ਼ ਵਿੱਚ ਘੁੰਮਦੇ, ਦਰ-ਬ-ਦਰ ਭਟਕਦੇ
ਖੁਦ ਵਿੱਚੋਂ ਹੀ ਮਨਫ਼ੀ ਹੋ
ਘਰ ਤੋੰ, ਬੜ੍ਹੀ ਹੀ ਦੂਰ... ਆ
ਜਾਦੇ ਹਾਂ ਤੇ ਘਰ; ਘਰ
ਕਾਗ਼ਜ ਦੀ ਹਿੱਕ 'ਤੇ ਦੋ
ਅੱਖਰਾਂ ਦੀ ਕਵਿਤਾ ਵਿੱਚ ਸਿਮਟ
ਸਾਰੀ ਦੁਨੀਆ ਨੂੰ ਅਪਣੇ ਕਲਾਵੇ
ਵਿੱਚ ਲੈਣਾ ਲੋਚਦੈ।
ਤੇ ਫਿਰ; ਕਲਪਦਾ ਹਾਂ ਬਰਾਮਦੇ ਦੇ ਪਿੱਲਰਾਂ 'ਤੇ
ਨਟਰਾਜ ਦੀਆਂ ਮੂਰਤਾਂ, ਕਮਰੇ ਦੀ ਛੱਤ 'ਤੇ
ਸਤਿਗੁਰ ਦੀ ਮੇਹਰ, ਬੂਹੇ ਪਿੱਛੇ ਸਰਬਤੀ
ਚੇਹਰੇ ! ਸੋਚਾਂ ਦੇ ਅਖਾੜੇ ਵਿੱਚ ਗੁੱਥਮ-ਗੁੱਥਾ ਅਪਣੇ
ਹੀ ਸਿਰਨਾਵੇਂ 'ਤੇ ਕਵਿਤਾ ਲਿਖ ਭੇਜਦਾ ਹਾਂ, ਪਰ . . . ਕਵਿਤਾ
ਨੂੰ ਵੀ ਜੇ ਅੱਗੋਂ ਰੂਹ ਨਾ ਮਿਲੀ ਮੈਂ ਕਿਸੇ ਨੂੰ ਅਪਣਾ
ਪਤਾ ਕੀ ਦੱਸਾਂਗਾ?? 03/02/2018
ਮੰਥਨ - 1
ਗਗਨਦੀਪ ਸਿੰਘ ਸੰਧੂਸੋਚਾਂ ਦੇ
ਮੰਥਨ ਵਿੱਚ ਹੀ
ਮਸਰੂਫ਼ ਰਿਹਾ
ਤਮਾਮ ਉਮਰ
ਮਿਟ ਨਾ ਸਕਿਆ
ਅੰਮਿ੍ਤ ਤੇ ਮੇਰੇ
ਬੁੱਲ੍ਹਾਂ ਵਿਚਲਾ
ਫ਼ਾਸਲਾ ।
ਮੰਥਨ - 2
ਗਗਨਦੀਪ ਸਿੰਘ ਸੰਧੂ
ਕਿਤੇ
"ਅੰਮਿ੍ਤ"
ਨਾ ਮੇਰੇ ਕੋਲੋਂ
ਕੋਈ ਖੋਹ ਲੈ ਜਾਵੇ
ਇਸੇ ਲਈ
ਇਕੱਲਾ ਹੀ
ਸਾਗਰ ਰਿੜਕਦਾ ਹਾਂ!
ਜ਼ਹਿਰ
ਗਗਨਦੀਪ ਸਿੰਘ ਸੰਧੂ
ਪਤਾ ਨਹੀਂ
ਕਿਹੜਾ ਜ਼ਹਿਰ
ਨਿਗਲਿਆ ਹੈ
ਕੁੜੱਤਣ ਗਲੇ ਦੀ
ਮੁੱਕਦੀ ਹੀ ਨਹੀਂ,
ਮੈਂ ਪੀ ਤਾਂ ਰੱਖਿਆ ਹੈ
ਅੰਮ੍ਰਿਤ ਅਪਣੇ ਹਿੱਸੇ ਦਾ!
ਸ਼ੀਸ਼ਾ
ਗਗਨਦੀਪ ਸਿੰਘ ਸੰਧੂ
ਤੂੰ
ਸ਼ੀਸ਼ਾ ਏ,
ਚੱਲ ਝੂਠੀ
ਫਿਰ ਹੁਣ ਤੱਕ
ਟੁੱਟ
ਕਿਉ ਨਾ ਗਈ।
19/12/17
ਦੋ ਨਦੀਆਂ
ਗਗਨਦੀਪ ਸਿੰਘ ਸੰਧੂ
ਦੋ ਫੁੱਲ ਨੇ ਗੁਲਾਬਾਂ ਦੇ
ਜੀ ਦੋ ਫੁੱਲ ਨੇ ਗੁਲਾਬਾਂ ਦੇ
ਇੱਕ ਭੇਂਟ ਚੜਿਆ ਅਰਥੀ ਨੂੰ
ਦੂਜਾ ਨਾਂ ਕੀਤਾ
ਮਹਿਬੂਬ ਦੇ ਨਾਜਾਂ ਦੇ
ਜੀ ਦੂਜਾ ਨਾਂ ਕੀਤਾ...
ਦੋ ਸਹੇਲੀਆਂ ਪੱਕੀਆਂ ਨੇ
ਜੀ ਦੋ ਸਹੇਲੀਆਂ ਪੱਕੀਆਂ ਨੇ
ਇੱਕ ਵਿਦੇਸ਼ੀ ਮਾਹੀ ਨਾਲ ਘੁੰਮਦੀ
ਕੰਮ ਵਿੱਚ ਦੂਜੀ ਦੀਆਂ
ਪੱਕੀਆਂ ਅੱਟਣਾਂ ਨੇ
ਜੀ ਦੂਜੀ ਦੀਆਂ ਪੱਕੀਆਂ ...
ਦੋ ਤਾਰੇ ਅੰਬਰਾਂ ਦੇ
ਜੀ ਦੋ ਤਾਰੇ ਅੰਬਰਾਂ ਦੇ
ਇੱਕ ਟੁੱਟਿਆ ਖ਼ਬਰ ਨਾ ਕਾਈ
ਦੂਜਾ ਵੇਹੜੇ ਡਿੱਗਿਆ
ਡਿੱਗਿਆ ਏ ਕੰਜਰਾਂ ਦੇ
ਜੀ ਦੂਜਾ ਵੇਹੜੇ ਡਿੱਗਿਆ ਏ...
ਦੋ ਨਦੀਆਂ ਵਗਦੀਆਂ ਨੇ
ਜੀ ਦੋ ਨਦੀਆਂ ਵਗਦੀਆਂ ਨੇ
ਰਾਹ ਦੋਹਾਂ ਦੇ ਆਪੋ-ਅਪਣੇ
ਅੰਤ ਸਾਗਰ 'ਚ ਰਲਦੀਆਂ ਨੇ
ਜੀ ਅੰਤ ਸਾਗਰ ਚ...
ਇੱਕ ਬੁਲਬੁਲਾ ਪਾਣੀ ਦਾ
ਜੀ ਇੱਕ ਬੁਲਬੁਲਾ ਪਾਣੀ ਦਾ
ਐਵੇਂ ਦੁਨੀਆਂ ਮਾਣ ਕਰੇਦੀ
ਹਸ਼ਰ ਇੱਕੋ ਹੀ
ਸਭਨਾਂ ਦੀ ਕਹਾਣੀ ਦਾ
ਜੀ ਹਸ਼ਰ ਇੱਕੋ ਹੀ...
11/12/2017
ਧਰਤੀ ਘੁੰਮਦੀ ਹੀ ਰਹੇ ਗਗਨਦੀਪ ਸਿੰਘ ਸੰਧੂ
ਨਦੀਆਂ ਦਾ ਵਹਾਅ ਵੇਖਦਿਆਂ-ਵੇਖਦਿਆਂ ਹੀ ਐਨਾਂ ਸ਼ੂਕਵਾਂ ਹੋ
ਗਿਆ ਹੈ ਕਿ ਪੁਲਾਂ ਨੂੰ ਵੀ ਵਹਾ ਲੈ ਗਿਆ ਹੈ! ਸ਼ਾਲਾ . . .
ਫਿਰ ਵੀ ਪਾਣੀ ਸਲਾਮਤ ਰਹਿਣ; ਪਾਣੀ ਵਹਿੰਦੇ ਹੀ ਰਹਿਣ!
ਸੂਰਜ ਦੀਆਂ ਤਪਸ਼ਾਂ ਵੇਖਦਿਆਂ-ਵੇਖਦਿਆਂ ਹੀ ਐਨੀਆਂ ਤੇਜ਼ ਹੋ
ਗਈਆਂ ਨੇ ਕਿ ਦੁਪਹਿਰਾਂ ਹੁਣ ਸਿਰਾਂ 'ਤੇ ਤਾਂਡਵ ਨੱਚਣ
ਲੱਗੀਆਂ ਨੇ ਸ਼ਾਲਾ . . . ਫਿਰ ਵੀ ਦੁਪਹਿਰਾਂ ਪ੍ਰਹੁਣਾ ਬਣ
ਆਉਦੀਆਂ ਰਹਿਣ; ਫੇਰਾ ਪਾਉਦੀਆਂ ਹੀ ਰਹਿਣ। ਰੁਮਕਦੀਆਂ
ਹਵਾਵਾਂ ਵੇਖਦਿਆਂ-ਵੇਖਦਿਆਂ ਹੀ ਝੱਖੜ ਬਣ ਗਈਆਂ ਨੇ ਫੁੱਲਾਂ
ਦੀਆਂ ਮਹਿਕਾਂ ਨੂੰ ਉਡਾ ਲੈ ਗਈਆਂ ਸ਼ਾਲਾ . . . ਫਿਰ ਵੀ
ਹਵਾਵਾਂ ਰੁਮਕਦੀਆਂ ਹੀ ਰਹਿਣ; ਹਵਾਵਾਂ ਵਗਦੀਆਂ ਹੀ ਰਹਿਣ।
ਧਰਤੀ ਦੇ ਘੁੰਮਣ 'ਤੇ ਕਿਸੇ ਨੂੰ ਵੀ ਘੁੰਮਣ-ਘੇਰੀਆਂ ਤਾਂ . .
. ਨਹੀਂ ਆਉਦੀਆਂ ਪਰ ਇਨ੍ਹਾਂ ਘੁੰਮਣ-ਘੇਰੀਆਂ ਬਹੁਤੀ ਦੁਨੀਆਂ
ਨੂੰ ਚੱਕਰਾਂ ਵਿੱਚ ਪਾਇਆ ਹੈ। ਇਹ ਚੱਕਰ ਸਮਝਾਂ ਦੀ ਉਂਗਲ
ਫੜ੍ਹ ਆਪੇ ਥੰਮ੍ਹ ਜਾਵਣਗੇ. . . ਪਰ. . . ਸ਼ਾਲਾ. . . ਇਹ
ਧਰਤੀ ਘੁੰਮਦੀ ਹੀ ਰਹੇ; ਦੁਨੀਆਂ ਚਲਦੀ ਹੀ ਰਹੇ। ਸ਼ਾਲਾ...
ਪਾਣੀ ਵਗਦੇ ਹੀ ਰਹਿਣ... ... ਧੁੱਪਾਂ ਖਿੜ੍ਹਦੀਆਂ ਹੀ ਰਹਿਣ... ...
ਹਵਾਵਾਂ ਰੁਮਕਦੀਆਂ ਹੀ ਰਹਿਣ... ... ਧਰਤੀ ਘੁੰਮਦੀ ਹੀ ਰਹੇ... ...
09/12/2017
ਮੇਰਾ ਬੇਦਾਵਾ
ਗਗਨਦੀਪ ਸਿੰਘ ਸੰਧੂਤੂੰ
ਮੇਰੇ ਕੋਲ ਹੁੰਦੀ ਏ
ਜਦੋਂ
ਭਰੀ ਬੱਸ ਵਿੱਚ ਵੀ
ਮੇਰੇ ਨਾਲ ਹੋਰ ਕੋਈ ਨਹੀ ਹੁੰਦਾ,
ਤੇ ਜਦੋਂ;
ਤੂੰ ਹੁੰਦੀ ਏ
ਮੇਰੇ ਨਾਲ
. . . ਤਾਂ
ਬੱਸ ਵਿੱਚ
ਹੋਰ ਕੋਈ ਨਹੀ ਹੁੰਦਾ
ਤੇਰੇ ਤੇ ਮੇਰੇ ਸਿਵਾਏ !!!
ਜ਼ਿੰਦਗੀ ਦਾ ਸਫ਼ਰ
ਇੰਝ ਹੀ ਕਟ ਰਿਹਾ ਹੈ
ਲਮਹਾ-ਲਮਹਾ ਕਰ
. . . ਤੇਰੇ ਨਾਲ
ਪਰ. . .
'ਮੇਰੀ ਵਿਡੰਬਨਾ'
ਮੇਰੇ ਕੋਲ
ਕੁੱਝ ਵੀ ਨਹੀ ਹੁੰਦਾ
ਟਿਕਟ ਦੀ
ਖਾਲੀ ਪਿੱਠ ਤੋਂ ਬਿਨ੍ਹਾਂ
ਤੇਰੇ ਨਕਸ਼ਾਂ ਨੂੰ
ਉਤਾਰਨ ਲਈ
ਹਰ ਹਾਲ
ਮੇਰੇ ਦਿਲ ਦੇ ਵਿਹੜੇ
ਧੜਕਦੀ ਹੀ ਰਹਿੰਦੀ ਏ ;
ਧੜਕਣ ਬਣ ਕਿ . . . ,
ਸਾਹਾਂ ਵਿੱਚ
ਮਹਿਕਦੀ ਹੀ ਰਹਿੰਦੀ ਏ ;
ਖੁਸ਼ਬੋ ਬਣ ਕਿ . . . ,
ਜ਼ਿੰਦਗੀ ਦੇ ਵਿਰਾਨਿਆਂ ਵਿੱਚ
ਮੌਲਦੀ ਹੀ ਰਹਿੰਦੀ ਏ;
ਰੌਣਕ ਬਣ ਕੇ।
ਐਪਰ ; ਹੁਣ ਜਦਕਿ
ਗੂੰਗੇ ਦੀਆਂ ਗੱਲਾਂ
ਉਹਦੀ ਮਾਂ ਨੂੰ ਵੀ
ਸਮਝ ਆਉਣੋਂ ਹਟ ਗਈਆਂ ਨੇ
ਤਾਂ ਜੇ . . .
ਤੂੰ ਵੀ
ਕਿਧਰੇ ਚਲੀ ਹੀ ਜਾਵੇਂ
. . . ਤਾਂ ਸ਼ਾਇਦ ਚੰਗਾ ਹੈ ।
ਆਹ ਲੈ
'ਮੇਰਾ ਬੇਦਾਵਾ'
ਡੁੱਬ ਰਹੇ ਜਹਾਜ਼ ਨੂੰ
ਅਪਣੇ ਪਿਆਰ ਦੇ
ਬਾਦਵਾਨ ਤੋਂ
ਮਹਿਰੂਮ ਹੀ ਰੱਖੇ
. . . ਤਾਂ ਸ਼ਾਇਦ ਚੰਗਾ ਹੈ।
ਛੱਡ ਪਰ੍ਹਾਂ . . .
ਮੇਰੀਆਂ ਅਵਾਰਾ ਸੋਚਾਂ 'ਤੇ
ਗੌਰ ਫਰਮਾਉਣਾਂ।
ਸ਼ਹਿਰ ਦੇ ਸਭਿਆ
ਲੋਕਾਂ ਵਿੱਚ ਰਹਿੰਦਿਆਂ
ਤੇ ਯੂਨੀਵਰਸਿਟੀਆਂ ਦੇ
ਵਿਦਵਾਨਾਂ ਦੀ ਬੋਲੀ ਸਿੱਖਦਿਆਂ
ਤੂੰ ਤੁਰਨਾ ਵੀ
ਸਿੱਖ ਲਵੇਂ ਤਾਂ ਚੰਗਾ ਹੈ;
ਨਹੀ-ਨਹੀ
ਤੂੰ ਤੁਰਨਾ ਸਿੱਖੇ
ਬਸ ਤਾਂ ਹੀ ਤਾਂ ਚੰਗਾ ਹੈ ।
24/11/17
ਦੌੜ ਜਾਰੀ ਹੈ
ਗਗਨਦੀਪ ਸਿੰਘ ਸੰਧੂ
ਸਮੇਂ ਦੇ ਖ਼ਰਗੋਸ਼
ਜ਼ੁੰਮੇਵਾਰੀਆਂ ਦੇ
ਕੱਛੂ ਨੂੰ
ਚਿੜਾਉਦਿਆਂ ਲ਼ੰਘ ਗਏ!
ਇਹ ਸਫ਼ਰ
ਮੈਂ ਤੋਂ
ਤੂੰ ਤੱਕ ਦਾ
ਇੱਕ ਦੌੜ ਹੀ ਤਾਂ ਸੀ
ਤੇ ਅਸੀਂ
ਮੂਕ ਦਰਸ਼ਕ ਬਣੇ
. . . ਦੇਖਦੇ ਰਹੇ!
ਪਿਆਸ ਰਹੀ
ਮੈਨੂੰ ਤੇਰੀ
ਘੜੇ ਵਿਚਲੇ ਪਾਣੀ ਦੀ ਤਰ੍ਹਾਂ!
ਤਮਾਮ ਉਮਰ
ਕੰਕਰ ਹੀ
ਇੱਕਠੇ ਕਰਦਾ ਰਿਹਾ
ਜਦ ਤੂੰ
ਨਜ਼ਦੀਕ ਆਈ ਤਾਂ
ਮੈਂ ਉਪਦੇਸ਼ ਦੇਣ
. . . ਨਿੱਕਲ ਤੁਰਿਆ!
ਤੇ ਸਮੇਂ ਦਾ ਖ਼ਰਗੋਸ਼
ਜ਼ਿੰਦਗੀ ਨੂੰ
ਚਿੜਾਉਦਿਆਂ ਲੰਘ ਰਿਹਾ ਸੀ!
ਭੌਂਕਦਾ ਹੀ ਰਿਹਾ
ਲਾਲਸਾਵਾਂ ਦੀ ਬੋਟੀ
ਮੂੰਹ ਵਿੱਚ ਪਾਈ
ਪਾਣੀਆਂ ਵਿੱਚ
ਹਲਚਲ ਹੋਈ ਤਾਂ
ਪਰਛਾਵਾਂ ਵੀ ਕੰਬਣ ਲੱਗਾ
ਤੇ ਸਮੇਂ ਦਾ ਖ਼ਰਗੋਸ਼
ਫਿਰ ਮੂੰਹ ਚਿੜਾ ਰਿਹਾ ਸੀ!
ਤੱਕਿਆ ਜਦ
ਪਹੁੰਚ ਤੋਂ ਦੂਰ ਤੈਨੂੰ
ਤਾਂ ਹਫ਼ ਕਿ ਬੈਠ ਗਿਆ ਹਾਂ!
ਉੱਚਿਆਂ ਅੰਗੂਰਾਂ ਦਾ
ਸਵਾਦ ਖੱਟਾ ਲੱਗਦਾ ਹੈ।
ਸਮੇਂ ਦਾ ਖ਼ਰਗੋਸ਼
ਫਿਰ ਮੂੰਹ ਚਿੜਾ ਭੱਜਦਾ ਹੈ!
ਮੈਂ ਤੇ ਤੂੰ ਦੀ ਦੌੜ
ਨਿਰੰਤਰ ਜਾਰੀ ਹੈ।
ਮੈਂ ਤਾਂ
ਐਵੇਂ ਹੀ
ਸਾਂਹ ਖਿੱਚ ਕਿ ਪੈ ਗਿਆ ਸੀ
ਤੂੰ ਆਈ;
ਤੇ ਪਲ-ਦੋ-ਪਲ ਰੁਕੀ ਵੀ ਨਾ!!
ਸਮੇਂ ਦੇ ਖ਼ਰਗੋਸ਼ਾਂ ਨਾਲ ਹੀ
. . . . . . ਰਲ ਚੱਲੀ!!
ਝੱਲੀਏ,
ਕੀ ਤੈਨੂੰ ਪਤਾ ਨਹੀ ਸੀ...
ਕਿ ਇਸ਼ਕ ਤਾਂ,
ਕਦੇ ਮਰਦਾ ਹੀ ਨਹੀਂ।
ਇਸ਼ਕ ਤਾਂ ਅਮਰ ਹੈ।
ਇਸ਼ਕ ਤਾਂ ਅਜਿੱਤ ਹੈ।
11/11/17
ਗ਼ਜ਼ਲ
ਗਗਨਦੀਪ ਸਿੰਘ ਸੰਧੂ
ਯਹ ਰੂਹ ਬੇਚੈਨ ਸੀ ਰਹਿ ਜਾਤੀ ਹੈ ਡਰ ਸੇ ਕਾਂਪ ਕਰ
ਲਿਖੂ ਨਗ਼ਮੇ;ਆਂਚਲ ਲਹਿਰਾਏਗਾ ਯਹ ਤੂੰ ਇਕਰਾਰ ਕਰ।
ਯੂੰਹ ਗੂੰਜਤੀ ਹੈ ਅਵਾਜ਼ ਤੁਮ੍ਹਾਰੀ ਹਰਦਮ ਮੇਰੇ ਮੌਨ ਮੇ
ਜੈਸੇ ਝਰਨਾ ਗਿਰੇ ਪਰਬਤ ਸੇ ਕਿਸੀ ਫੂਲ਼ ਪਰ ।
ਸਹਦ ਸਾਂ ਘੁਲ ਜਾਤਾ ਹੈ ਤਲਖ਼ਾਬ-ਏ-ਤਨਹਾਈ ਮੇਂ
ਤੁਮ੍ਹਾਰੇ ਸੌਂਫੀਆ ਹੋਠੋਂ ਕੀ ਚਾਂਸਨੀ ਕੋ ਯਾਦ ਕਰ ।
ਤੇਰੇ ਚੇਹਰੇ ਕੇ ਨਕਸ਼ ਆਸਮਾਂ ਕੀ ਸਤ੍ਹਾ ਪਰ ਉਭਰ ਆਤੇ ਹੈਂ
ਸੋ ਜਾਤੇ ਹੈਂ ਜਬ ਤਾਰੇ ਸਭੀ ਕਿ ਸਭੀ ਥਕ-ਹਾਰ ਕਰ।
ਵੋ ਚੁਪ-ਚਾਪ ਸੇ ਹੋਂਠ ਆਪ ਕੇ ਔਰ ਵੋ ਸਾਦਾ ਸੀ ਨਜ਼ਰੇ
ਜਾਨ ਚਲੀ ਜਾਏਗੀ ਬੇਵਜ੍ਹਾ; ਹਮਾਰੀ ਨੀਦੇਂ ਨਾ ਹਰਾਮ ਕਰ।
ਜ਼ਮੀਨੋ ਕੀ ਮੁਹੱਬਤ ਮੇਂ ਜਾਇਆ ਜਾ ਰਹੀ ਹੈ ਜ਼ਿੰਦਗੀ
ਜੈਸੇ ਆਰਸ਼ ਸੇ ਗਿਰੇ ਸਿਤਾਰਾ ਕੋਈ ਫ਼ਰਸ਼ ਪਰ ਟੂਟ ਕਰ।
21/10/17
ਹੇ ਸਬਰੀ !
ਗਗਨਦੀਪ ਸਿੰਘ ਸੰਧੂ
ਮੇਰੇ ਸੱਖਣੇ ਕਾਸੇ ਵਿੱਚ
ਦੋ ਬੇਰ ਜੂਠੇ
ਪਾ ਤਾਂ ਸਹੀ
ਤਾਂ ਜੋ . . .
ਕਟ ਜਾਵੇ
ਸੌਖਿਆਂ ਹੀ
ਉਮਰਾਂ ਦਾ
ਬਣਵਾਸ ਮੇਰਾ !
ਮੇਰੀ ਠਰਦੀ ਰੂਹ ਨੂੰ
ਜ਼ਰਾ ਕੁ
ਨਿੱਘ ਬਖ਼ਸ਼
ਤਾਂ ਜੋ . . .
ਘਟੇ ਥੋੜ੍ਹੀ ਹਵਾੜ
ਬਾਰਿਸ਼ਾਂ ਦੀ ਹੁੰਮ੍ਹਸ ਵਾਲੀ !
ਮੇਰੇ ਜ਼ਿਹਨ ਵਿੱਚ
ਸ਼ੋਰ ਹੈ
ਨਦੀਆਂ ਦੀ ਕਲ-ਕਲ ਦਾ
ਰੂਹ ਦਾ ਪਾਣੀ
ਹੁਣ ਸਾਗਰ ਹੋਣਾ ਲੋਚਦੈ !!
ਹੇ ਸਬਰੀ. . .!
ਤੂੰ ਮੇਰੇ ਸੱਖਣੇ ਕਾਸੇ ਵਿੱਚ
ਦੋ ਬੇਰ ਜੂਠੇ
ਪਾ ਤਾਂ ਸਹੀ
ਕਿ ਮੈਂ
ਅਪਣੇ ਬਣਵਾਸ ਵਿੱਚ
ਕੁੱਝ ਪਲ
ਸਕੂਨ ਦੇ ਚਾਹੁੰਦਾ ਹਾਂ !
ਮੈਂ ਸਬਰੀ ਹੋਣਾ ਚਾਹੁੰਦਾ ਹਾਂ !
ਰੂਹ ਦੀ ਸਰਦਲ 'ਤੇ
ਤੇਰੀ ਆਮਦ ਦਾ
ਸੁਲੱਖਣਾ ਪਲ
ਲਕਸ਼ ਬਿੰਦੂ ਹੈ
ਮੇਰੇ ਸਕੂਨ ਦਾ ;
ਮੈਂ ਤੇਰੇ ਤੋਂ
ਸਕੂਨ ਚਾਹੁੰਦਾ ਹਾਂ...
ਤੇਰੀ ਸਹਿਜ ਤੱਕਣੀ
ਮਾਰੂਥਲੀ ਔੜਾਂ ਨੂੰ
ਤਿ੍ਪਤ ਕਰਦੀ ਹੈ,
ਮੈਂ ਤੈਨੂੰ ਪਾਣੀ ਵਾਂਗ
ਰੱਕੜਾਂ 'ਤੇ ਫੈਲਿਆ
ਵੇਖਣਾ ਚਾਹੁੰਦਾ ਹਾਂ !
ਤੰੂ ਅਪਣੀ ਸੁਲਗਦੀ ਖ਼ਾਮੋਸ਼ੀ ਨੂੰ
ਬੋਲਣ ਲਈ ਆਖ;
ਕਥਾ ਛੇੜ ਕੋਈ
ਤਨ ਦੀ ਮਿੱਟੀ ਦੇ
ਪਿਆਜੀ ਅਹਿਸਾਸਾਂ ਦੀ;
ਬਾਤ ਪਾ ਕੋਈ
ਵੇਦਾਂ ਤੋਂ ਪਾਰ ਦੀ... ...
ਕਤੇਬਾਂ ਤੋਂ ਪਾਰ ਦੀ... ...
ਕਿ ਮੇਰਾ ਬਣਵਾਸ ਕਟ ਜਾਵੇ !!
ਮੇਰੇ ਸੱਖਣੇ ਕਾਸੇ ਵਿੱਚ
ਦੋ ਬੇਰ ਜੂਠੇ
ਪਾ ਤਾਂ ਸਹੀ...
ਦਮ ਘੁਟਿਆ ਪਿਆ ਹੈ
ਸੰਤਾਪ ਭੋਗਦਿਆਂ
ਹੁਣ ਤਾਂ
ਉਮਰਾਂ ਦੇ ਬਣਵਾਸ ਵਿੱਚ
ਕੁੱਝ ਪਲ ਸਕੂਨ ਦੇ ਚਾਹੁੰਦਾ ਹਾਂ...
ਮੈਂ ਸਬਰੀ ਹੋਣਾ ਚਾਹੁੰਦਾ ਹਾਂ...
14/10/17
ਪੱਥਰ ਹੋਣ ਦਾ ਸਫ਼ਰ
ਗਗਨਦੀਪ ਸਿੰਘ ਸੰਧੂ
ਅੱਜ ਕੱਲ੍ਹ ਉਹ
ਬੜਾ ਚੁੱਪ-ਚਾਪ ਰਹਿੰਦਾ ਹੈ!
ਦਰਿਆ ਵਾਂਗ ਖ਼ਾਮੋਸ਼
ਸ਼ਾਂਤ ਜੇਹਾ ਵਹਿੰਦਾ ਹੈ,
ਜੀਹਦੀ ਬਲਦਾਂ ਨੂੰ
ਮਾਰੀ ਟੁਚਕਰ ਨਾਲ
ਬੱਦਲ਼ ਤੱਕ ਰੁਕ ਜਾਂਦੇ ਸੀ
ਪਰ ਹੁਣ; ਜਿੱਥੇ ਵੀ ਬਹਿੰਦਾ
ਗੁੰਮ-ਸੁੰਮ ਹੀ ਬਹਿੰਦਾ ਹੈ
ਅੱਜ ਕੱਲ੍ਹ ਉਹ
ਬੜਾ ਚੁੱਪ-ਚਾਪ ਰਹਿੰਦਾ ਹੈ!
ਤਿੱਤਰਾਂ ਬਟੇਰਿਆਂ ਦੇ ਨਾਲ
ਬੜੀ ਹੀ ਗੂੜ੍ਹੀ ਸਾਂਝ ਸੀ
ਛੋਲੇ,ਮੱਕੀਆਂ,ਬਾਜਰੇ,
ਨਰਮੇ-ਕਪਾਹਾਂ ਲਈ
ਬੜੀ ਹੀ ਡਾਢੀ ਤਾਂਘ ਸੀ;
ਕਦੇ ਸੋਕਿਆਂ ਨੇ ਡੋਬਿਆ
ਕਦੇ ਪਾਣੀਆਂ ਨੇ ਸਾੜਿਆ
ਹੁਣ ਤਾਂ . . .
ਬੁਝਿਆ-ਬੁਝਿਆ ਹੀ ਰਹਿੰਦਾ ਹੈ
ਅੱਜ ਕੱਲ੍ਹ ਉਹ
ਬੜਾ ਚੁੱਪ-ਚਾਪ ਰਹਿੰਦਾ ਹੈ!
ਸੋਚਦਾ ਹੈ...
ਪਤਾ ਨਹੀਂ ਕਮਾਦਾਂ ਵਿੱਚ
ਜ਼ਹਿਰਾਂ ਕਿੱਥੋਂ ਆ ਗਈਆਂ?
ਪੰਜ ਪਾਣੀਆਂ ਦੇ ਦੇਸ਼ ਦੀਆਂ
ਨਹਿਰਾਂ ਕੀਹਨੇ ਖਾ ਲਈਆਂ??
ਪਤਾ ਨਹੀਂ
ਹਵਾਵਾਂ ਵਿੱਚੋਂ
ਮਹਿਕਾਂ ਕਿੱਥੇ ਮੋਈਆਂ ਨੇ???
"ਅੰਨਦਾਤਾ ਭੁੱਖਾ ਸੌਦਾਂ"
ਅਣਹੋਣੀਆਂ ਕਿੱਦਾਂ ਹੋਈਆਂ ਨੇ????
ਬੱਸ; ਸੋਚਦਿਆ-ਸੋਚਦਿਆਂ
ਇੱਕ ਲੰਮਾ ਸਾਂਹ ਲੈਂਦਾ ਹੈ
ਪੱਥਰ ਜੇਹਾ ਬਣ ਬਹਿੰਦਾ ਹੈ!!
ਅੱਜ ਕੱਲ੍ਹ ਉਹ
ਬੜਾ ਚੁੱਪ-ਚਾਪ ਰਹਿੰਦਾ ਹੈ!!
09/10/17
ਦਰਸ਼ਨ ਮਧੁਰਾ
ਗਗਨਦੀਪ ਸਿੰਘ ਸੰਧੂ
ਲਓ ਨੀ ਅੱਖੀਓ
ਭਰ ਲਓ ਝੋਲੀਆਂ
ਆਹ ਰਿਹਾ ;
ਬੋਹਲ ਸਾਡੀ ਹਯਾਤੀ ਦਾ।
ਪਲਕੋ ਨੀ
ਦਿਨ ਰਾਤ ਨ੍ਹਾਤੀਆਂ
ਤੁਸੀ ਹੰਝੂਆਂ ਦੇ
ਖਾਰੇ ਸਾਗਰਾਂ ਵਿੱਚ
ਉਠੋ,
ਤੇ ਚੁੱਕੋ
ਚਿਕ ਜਰ੍ਹਾ ਅੱਖੀਆਂ ਤੋਂ
ਆਹ ਰਿਹਾ ਚਸ਼ਮਾ
ਸਾਡੇ ਚਾਵਾਂ ਦਾ.
ਸੁਣੋ
ਵੇ ਡਸਕੋਰਿਓ
ਭਰ ਲਓ
ਅਪਣੇ ਕਟੋਰੇ
ਤੇ ਨਿੰਦਰਾ ਲਓ
ਅਪਣੀਆਂ ਹੁੱਭਕੀਆਂ।
ਉੱਡਦੀਓ ,
ਲਟਬੌਰੀਓ ਲਿਟੋ !
ਬਹਿ ਜਾਓ
ਟਿਕ ਕਿ
'ਸਹੇ ਜੇਹੀ
ਜਿੰਦ ਮਲੂਕ'
ਖ਼ਬਰਦਾਰ
ਮਾਰਿਆ ਫੁੰਕਾਰਾ ਜੇ . . .
ਅੰਗ-ਸੰਗ ਸੱਧਰੋ
ਲਾਹ ਦਿਓ ਚੁੰਨੀਆਂ
ਲਾ ਡੱਗਾ ਢੋਲ 'ਤੇ
ਧੜਕਦਿਆ
ਬੇਸਬਰਿਆ ਦਿਲਾ ਵੇ!
ਮੁਸਕਾਨਾਂ ਦੀਆਂ
ਗੁਆਚੀਓ ਪੰਜੇਬੋ ਨੀ,
ਵੱਢ-ਵੱਢ ਖਾਦੀਓ
ਕਸਕੋ ਨੀ
ਰੱਤ ਲਓ
ਗੁਲਾਬੀ ਅੱਡੀਆਂ,
ਤਲੀਏ
ਮਹਿੰਦੀ ਲਓ ਲਾ
ਤੇ ਚੱਕ ਲਓ ਗਿੱਧਾ
ਪੀਡੇਂ ਵਿਹੜੇ ਉਮਰਾਂ ਦੇ।
ਇੱਕ ਲਿਟ ਚਾਨਣ ਦੀ ਆਈ ਹੈ !
ਮੈਂ ਘੁੱਟੋ-ਘੁੱਟ ਪੀਵਾਂ
ਦਰਸ਼ਨ ਮਧੁਰਾ।
10/09/17
ਬੰਦ ਬੂਹੇ
ਗਗਨਦੀਪ ਸਿੰਘ ਸੰਧੂ
ਇਹ ਕੈਸਾ ਦੌਰ ਹੈ
ਕਿ ਜਿਸ ਦਰ ਵੀ
ਦਸਤਕ ਦਿੰਦੇ ਹਾਂ
ਓਸ ਦਰ ਅੰਦਰਲੀਆਂ
ਸਭ ਰੂਹਾਂ
ਗੈਰ-ਹਾਜ਼ਿਰ ਹੋ ਜਾਦੀਆਂ ਨੇ
ਤੇ ਫਿਰ
ਓਹਨਾਂ ਗੈਰ-ਹਾਜ਼ਿਰ ਰੂਹਾਂ ਦੀ
ਤਲਾਸ਼ ਵਿੱਚ ਘੁੰਮਦੇ,
ਦਰ-ਬ-ਦਰ ਭਟਕਦੇ
ਖੁਦ ਵਿੱਚੋਂ ਹੀ
ਮਨਫ਼ੀ ਹੋ
ਘਰ ਤੋੰ,
ਬੜ੍ਹੀ ਹੀ ਦੂਰ...
ਆ ਜਾਦੇ ਹਾਂ
ਤੇ ਘਰ;
ਘਰ
ਕਾਗ਼ਜ ਦੀ ਹਿੱਕ 'ਤੇ
ਦੋ ਅੱਖਰਾਂ ਦੀ
ਕਵਿਤਾ ਵਿੱਚ ਸਿਮਟ
ਸਾਰੀ ਦੁਨੀਆ ਨੂੰ
ਅਪਣੇ ਕਲਾਵੇ ਵਿੱਚ
ਲੈਣਾ ਲੋਚਦੈ।
ਤੇ ਫਿਰ;
ਕਲਪਦਾ ਹਾਂ
ਬਰਾਮਦੇ ਦੇ ਪਿੱਲਰਾਂ 'ਤੇ
ਨਟਰਾਜ ਦੀਆਂ ਮੂਰਤਾਂ,
ਕਮਰੇ ਦੀ ਛੱਤ 'ਤੇ
ਸਤਿਗੁਰ ਦੀ ਮੇਹਰ,
ਬੂਹੇ ਪਿੱਛੇ
ਸਰਬਤੀ ਚੇਹਰੇ !
ਸੋਚਾਂ ਦੇ ਅਖਾੜੇ ਵਿੱਚ
ਗੁੱਥਮ-ਗੁੱਥਾ
ਅਪਣੇ ਹੀ ਸਿਰਨਾਵੇਂ 'ਤੇ
ਕਵਿਤਾ ਲਿਖ ਭੇਜਦਾ ਹਾਂ,
ਪਰ . . .
ਕਵਿਤਾ ਨੂੰ ਵੀ
ਜੇ ਅੱਗੋਂ ਰੂਹ ਨਾ ਮਿਲੀ
ਮੈਂ ਕਿਸੇ ਨੂੰ
ਅਪਣਾ ਪਤਾ
ਕੀ ਦੱਸਾਂਗਾ??
02/09/17
ਮਾਸ
ਗਗਨਦੀਪ ਸਿੰਘ ਸੰਧੂ
ਔਰਤ ਕੋਲ ਸੁਹੱਪਣ ਹੈ
ਤੇ ਆਸਰਾ ਗਾਵਾਂ ਨੂੰ ਵੱਧ ਮਿਲਦੈ
ਇਸੇ ਆਸਰੇ ਬਦੌਲਤ ਹੀ
ਗਾਵਾਂ ਭੁਲੇਖੇ ਵਿੱਚ ਨੇ ਕੇ
" ਖੇਤਾਂ ਵਿੱਚ ਬੇਖੌਫ਼ ਚਰਦੀਆਂ
ਅਸੀ ਖੇਤਾਂ ਦੀਆਂ ਰਾਣੀਆਂ ਹਾਂ ।"
ਪਰ ;
ਨਹੀ - ਨਹੀ
ਭੋਲੀਓ . . .!
ਤੁਸੀ ਤਾਂ
ਇੱਕ ਸਾਧਨ ਮਾਤਰ ਹੋਂ
ਵੋਟਾਂ ਦਾ !
ਤੁਹਾਡੀ ਵੋਟ ਤਾਂ ਨਹੀ !
ਹੈਰਾਨ ਨਾ ਹੋਵੋ
ਤੁਹਾਡੀ ਵੋਟ ਤਾਂ
ਬੇਸ਼ੱਕ ਨਹੀ ਹੁੰਦੀ
ਪਰ ਤੁਸੀ
ਵੋਟਾਂ ਪਵਾਉਣ ਦੇ ਕੰਮ ਤਾਂ
ਅਉਦੀਆਂ ਹੀ ਹੋਂ . . .।
ਤੇ ਹਾਂ ਸੱਚ
ਨਾਲੇ ਇੱਕਲੀ ਵੋਟ ਨਾਲ
ਥੋੜ੍ਹੋ ਰਾਣੀ ਬਣਿਆਂ ਜਾਦੈ ?
ਵੋਟ ਤਾਂ . . .
ਔਰਤ ਦੀ ਵੀ ਹੁੰਦੀ ਹੈ
ਪਰ ਹਵਸਾਂ ਉਹਨੂੰ
ਬੋਟ ਪਾਲਣ ਤੋਂ ਬਿਨ੍ਹਾਂ
ਕੋਈ ਹੱਕ ਦਿੰਦੀਆਂ ਹੀ ਨਹੀਂ !
ਉਹਨਾਂ ਨੂੰ ਵੀ;
ਬਹੁਤੀਆਂ ਹੋਣ ਤਾਂ
ਪਰੀਆਂ ਦੀ ਮਜਲਸ਼
ਤੇ ਇੱਕਲੀ ਹੋਵੇ ਤਾਂ
'ਮੌਕਾ' ਸਮਝਿਆਂ ਜਾਦਾ ਹੈ।
ਪਰ ਤੁਸੀ ਬਹੁਤਾ ਖੁਸ਼ ਨਾ ਹੋਣਾ
ਕਿ ਸਾਡੇ ਕੋਲ
ਵੋਟ ਪਵਾਉਣ ਦਾ ਅਧਿਕਾਰ ਤਾਂ ਹੈ।
ਨਹੀ - ਨਹੀ
ਤੁਹਾਡੇ ਕੋਲ
ਕੋਈ ਅਧਿਕਾਰ ਨਹੀਂ
ਬਲਕਿ ਤੁਹਾਨੂੰ ਤਾਂ
ਕੇਵਲ ਵਰਤਿਆ ਜਾਦਾ ਹੈ
ਤੁਸੀ ਤਾਂ ਕੇਵਲ
ਜਰੀਆ ਮਾਤਰ ਹੋਂ !!
ਹਾਂ . . .
ਵੋਟ ਨਾ ਸਹੀ
ਮਾਸ ਤਾਂ ਕਿਧਰੇ ਗਿਆ ਹੀ ਨਹੀਂ,
ਤੇ ਮਾਸ ਕੋਲ ਕੋਈ
ਅਧਿਕਾਰ ਨਹੀ ਹੁੰਦਾ
ਮਾਸ ਤਾਂ ਕੇਵਲ
ਵੇਚਿਆ ਜਾ ਸਕਦਾ ਹੈ
. . . ਜਾਂ . . .
ਖ਼ਰੀਦਿਆ ਜਾ ਸਕਦਾ ਹੈ ।
16/08/17
ਭਟਕਣਾਂ
ਗਗਨਦੀਪ ਸਿੰਘ ਸੰਧੂ
ਜ਼ਿੰਦਗੀ ਤਾਂ;
ਉਲਝ ਕਿ ਹੀ ਰਹਿ ਗਈ ਹੈ
ਹਿਸਾਬ ਦੇ ਫਾਰਮੂਲਿਆਂ ਵਿੱਚ,
ਵਿਗਿਆਨ ਦੀਆਂ ਪਰਿਭਾਸ਼ਾਂਵਾਂ ਵਿੱਚ,
ਆਰਥਿਕਤਾ ਦੀਆਂ ਟਰਮਜ਼ ਵਿੱਚ,
ਬਸ! ਭਟਕ ਰਿਹਾ ਹਾਂ
ਰਿਸ਼ਤਿਆਂ ਦੇ ਜੰਗਲ ਵਿੱਚ !
ਤਿਤਲੀਆਂ ਜੇਹੀਏ ਕੁੜੀਏ
ਪਰ ਤੂੰ ਜੋ
ਮੇਰੇ ਸ਼ਾਇਰ ਹੋਣ 'ਤੇ
ਮਾਣ ਮਹਿਸੂਸ ਕਰਦੀ ਏ,
ਮੇਰੀਆਂ ਨਜ਼ਮਾਂ
ਸਹੇਲੀਆਂ ਨੂੰ
ਗਾ - ਗਾ ਸੁਣਾਉਦੀ ਏ
ਪਰ ਸਾਇਦ . . .
ਤੈਨੂੰ ਪਤਾ ਨਹੀਂ
ਸ਼ਾਇਰੀ ਕਦੇ ਢਿੱਡ ਨਹੀ ਭਰਦੀ
ਤੇ ਕਵਿਤਾ;
ਕਵਿਤਾ
ਕਿਸੇ ਰੱਜੇ ਬੰਦੇ ਦਾ
ਡਕਾਰ ਥੋੜ੍ਹੀ ਏ . . .!!
ਕੀ ਤੈਨੂੰ ਪਤੈ. . .
ਮੇਰੀਆਂ ਨਜ਼ਮਾਂ ਦੀਆਂ
ਸਾਰੀਆਂ ਕਾਪੀਆਂ ਬਾਲ ਕਿ ਵੀ
ਇੱਕ ਵਕਤ ਦਾ
ਚੁੱਲ੍ਹਾ ਤੱਕ ਨਹੀਂ ਜਲਣਾਂ ?
ਤੇ ਤੂੰ ਮੇਰੇ
ਕਵੀਪੁਣੇ 'ਤੇ
ਬੜਾ ਮਾਣ ਕਰਦੀ ਏ !
ਪਰ ਕੀ ਤੈਨੂੰ ਪਤੈ
ਹੁਣ ਮੈਂ ਘਰਦਿਆਂ ਨੂੰ
ਪੁੱਤ ਜਾਂ ਭਰਾ ਨਹੀਂ
ਬਲਕਿ . . .
ਇੱਕ ਕਵੀ ਹੀ
ਨਜ਼ਰ ਆਉਦਾ ਹਾਂ !!
ਪਰ ਉਹਨਾਂ ਨੂੰ
ਮੇਰੀ ਭਟਕਣਾ ਕਿਧਰੇ ਵੀ
ਦਿਖਾਈ ਨਹੀ ਦਿੰਦੀ !!
ਪਰ ਤੂੰ ਸੱਚੋ - ਸੱਚ ਦੱਸੀਂ
ਕੀ ਮੇਰੀ ਭਟਕਣਾਂ ਦਾ
ਅਹਿਸਾਸ ਹੈ ਤੈਨੂੰ ??
10/08/17
ਆਉਦੇ ਸ਼ਨੀਵਾਰ ਤੱਕ
ਗਗਨਦੀਪ ਸਿੰਘ ਸੰਧੂ
ਐਵੇਂ ਨਾ
ਉਡੀਕੀ ਜਾਈ
ਸਰਦਲਾਂ 'ਤੇ ਬੈਠ
ਅਪਣੇ ਸਲ੍ਹਾਬੀ
ਖ਼ਤਾਂ ਦੇ
ਜਵਾਬੀ ਖ਼ਤ
ਆਉਦੇ ਸ਼ਨੀਵਾਰ ਦੀ
ਸ਼ਾਮ ਤੱਕ
ਫਿਲਹਾਲ
ਮੈਂ ਬਹੁਤ ਵਿਅਸਤ ਹਾਂ।
ਹਾਂ ;
ਜੇ ਅੇਤਵਾਰ ਦੀ
ਸੁਰਖ ਪ੍ਰਭਾਤ ਤੋਂ
ਤੇਰਾ ਗੁਲਾਬੀ ਚੇਹਰਾ
ਚੇਤੇ ਆਇਆ
ਤਾਂ. . .
ਮੈਂ ਖ਼ਤ ਜਰੂਰ ਲਿਖਾਂਗਾ।
ਫਿਲਹਾਲ ਤਾਂ
ਆਉਦੇ ਸ਼ਨੀਵਾਰ ਦੀ
ਸ਼ਾਮ ਤੱਕ
ਮੈਂ ਬਹੁਤ ਹੀ ਵਿਅਸਤ ਹਾਂ।
ਉਦੋਂ ਤੱਕ
ਰਚਾਈ ਜਾ
ਪੌਣਾਂ ਸੰਗ ਸੰਵਾਦ,
ਓਨਾ ਸਮਾਂ
ਉਲਝੀ ਰਹਿ
ਡਰੈਸਿੰਗ ਟੇਬਲ ਦੇ
ਸ਼ੀਸ਼ੇ ਵਿਚਲੇ
ਤਿੜਕੇ ਨਕਸ਼ਾਂ ਨਾਲ,
ਬਿਸਤਰ ਦੀਆਂ
ਸਿਲਵਟਾਂ 'ਚੋਂ
ਤਲਾਸ਼ਦੀ ਰਹਿ
ਮੁਹੱਬਤ ਦੇ
ਗੁਲਾਬੀ ਅਹਿਸਾਸਾਂ ਨੂੰ
ਮੇਰੀ ਕੋਈ ਵੀ ਨਜ਼ਮ
ਅਪਣੇ ਹੋਠਾਂ 'ਤੇ
ਨਾ ਟਿਕਣ ਦੇਈਂਂ।
ਹਾਂ
ਜੇ ਐਤਵਾਰ ਦੀ
ਸੁਰਖ਼ ਪ੍ਰਭਾਤ 'ਤੋਂ
ਤੇਰਾ ਗੁਲਾਬੀ ਚੇਹਰਾ
ਚੇਤੇ ਆਇਆ ਤਾਂ
ਮੈਂ ਨਜ਼ਮ ਲਿਖ
ਜਰੂਰ ਭੇਜਾਂਗਾ।
ਫਿਲਹਾਲ;
ਮੈਂ ਬਹੁਤ ਹੀ ਵਿਅਸਤ ਹਾਂ
ਆਉਦੇ ਸ਼ਨੀਵਾਰ ਦੀ
ਸ਼ਾਮ ਤੱਕ।
02/08/17
ਡਰਪੋਕ ਅਹਿਸਾਸ
ਗਗਨਦੀਪ ਸਿੰਘ ਸੰਧੂ
ਗਈ ਰਾਤ ਤੱਕ
ਤੇਰੇ ਬਾਰੇ ਸੋਚਦਾਂ !
ਜੋ ਸੋਚਿਆ ਹੁੰਦੈ
ਕਹਿ ਨਾ ਹੋਵੇ
ਤੈਨੂੰ ਮਿਲਣ ਤੇ
ਨਜ਼ਰਾਂ ਝੁਕਾ ਲੈਨਾਂ ਹਾਂ ,
ਤੇਰੇ ਕੋਲ ਆਉਦਿਆਂ
ਸਾਰੇ ਸ਼ਬਦ ਬਜ਼ਰਾਅ ਜਾਦੇ ਨੇ
ਦਿਲ ਦਾ ਹਰ ਖਿਆਲ ;
ਰੂਹ ਦਾ ਹਰ ਵਲਵਲਾ
ਡਰਦਿਆਂ ; ਅੰਦਰ ਹੀ ਦੁਬਕ ਕਿ
ਕਕੂਨ ਵਿੱਚ ਬੰਦ ਹੋ ਜਾਦਾ ਹੈ !
ਕਿੰਨ੍ਹਾ ਕੁੱਝ ਸੋਚਿਆ ਹੁੰਦੈ
ਕਿੰਨ੍ਹਾ ਕੁੱਝ ਲੋਚਿਆ ਹੁੰਦੈ
ਐਪਰ ਸਭ ਕੁੱਝ
ਦੂਰ ਚਲਾ ਜਾਦੈ
. . . ਵਿਸਰ ਜਾਦੈ
ਤੇਰੇ ਸਾਹਵੇਂ ਆਉਣ 'ਤੇ
ਕੁੱਕੜ ਦੀ ਬਾਂਗ ਤੋਂ
ਪਹਿਲਾਂ ਦੇ ਪਹਿਰ
ਸੁਪਨੇ ਵਿੱਚ
ਤੇਰੇ ਨਾਲ
ਗੱਲ੍ਹਾਂ ਕਰਦਾ ਰਿਹਾ
ਤੇਰੇ ਮੱਥੇ ਨੂੰ
ਚੁੰਮਿਆ ਹੀ ਸੀ
ਕਿ . . .
ਤੂੰ ਤ੍ਰਬਕੀ
ਤੇ ਮੇਰੀ ਅੱਖ ਖੁੱਲ੍ਹ ਗਈ।
ਸੁਲਗਦੇ ਅਹਿਸਾਸਾਂ ਨੂੰ
ਤ੍ਰਬਕਦੇ ਸ਼ਬਦਾਂ ਦਾ
ਜਾਮਾ ਪਹਿਣਾਅ
ਕਾਗਜ਼ ਦੀ ਹਿੱਕ 'ਤੇ
ਉਕਰਿਆ ਹੈ
"ਤੂੰ ਪੜ੍ਹੀ . . ."
. . . ਕਿਉ ਜੋ ,
ਮੈਂ ਦੇਖਣਾਂ ਚਾਹੁੰਦਾ ਹਾਂ
ਕੋਈ ਡਰਪੋਕ ਅਰਮਾਂ
ਤੇਰੇ ਵੀ ਸੀਨੇ
ਧੜਕਦਾ ਹੈ . . .
. . . ਜਾਂ ਨਹੀ ?
02/08/17
ਇੱਕ ਨਜ਼ਮ
ਗਗਨਦੀਪ ਸਿੰਘ ਸੰਧੂ
ਸੁਣੋ ਅਜਨਬੀ
ਮੈਂ ਤਾਂ
ਸੋਚਦਾ ਸੀ ,,,
ਮੇਰੇ
ਅਰਮਾਨਾਂ ਦੇ ਤਖ਼ਤ `ਤੇ
ਤੁਹਾਡੀ ਹਾਜ਼ਰੀ
ਛਿਣ ਭਰ ਦੀ ਹੋਵੇਗੀ
ਜਾਂ ;
ਵੱਧ ਤੋਂ ਵੱਧ
ਇੱਕ - ਦੋ ਪਲ
ਹੋਰ ਸਹੀ ;
. . . ਤੇ ਤੁਸੀ
ਇੱਕ ਹਾਦਸੇ ਦੀ ਤਰ੍ਹਾਂ
ਮਿਲ ;
ਤੇ ਇੱਕ
ਖਾਵ ਦੀ ਤਰ੍ਹਾਂ
ਵਿਸਰ ਜਾਵੋਗੇ।
ਪਰ. . .
ਤੁਸੀ ਤਾਂ
ਮੇਰੇ ਅਹਿਸਾਸ ਦੇ
ਧੁਰ ਤੀਕਰ
ਅਪਣੀ ਸਮੁੱਚਤਾ ਸਹਿਤ
ਮੇਰੇ
ਹਰ ਸਫ਼ਰ ਦੇ
ਤਮਾਮ ਹਨੇਰੇ ਰਾਹਾਂ ਨੂੰ
ਜੁਗਨੰੂ ਦੀ ਤਰ੍ਹਾਂ
ਰੁਸਨਾਉਣ ਲੱਗ ਪਏ ਹੋ ,
ਤੁਹਾਡੀ ਮਿਲਣੀ ਦੇ ਸਪਰਸ਼ ਨੂੰ
ਮੈਂ ਅਪਣਾ ਹਰ ਕਦਮ
ਸਫ਼ਲ ਕਰਨ ਲਈ
ਅੰਨ੍ਹੇ ਦੀ ਡੰਗੋਰੀ ਵਾਂਗ
ਨਾਲ-ਨਾਲ ਲਈ ਫਿਰਦਾ ਹਾਂ।
ਐਪਰ. . .
ਮੇਰੇ ਤੋਂ
ਤੁਹਾਡੇ ਇਸ ਵਰਦਾਨ ਦਾ
ਕਰਜ਼ਾ ਚੁਕਾਉਣ ਲਈ
ਤਮਾਮ ਉਮਰ
ਕੌਡੀ ਨਹੀ ਜੁੜਨੀ. . .
ਹਾਂ. . .
ਫਿਰ ਵੀ
ਮੈਂ ਅਪਣੀ
ਸੰਪੂਰਨਤਾ ਸਹਿਤ
ਪੂਰਨ ਪ੍ਰਵੀਨਤਾ ਨਾਲ,
ਹਰ ਪਲ,
ਹਰ ਛਿਣ,
ਇੱਕ ਨਜ਼ਮ ;
ਤੁਹਾਡੇ ਨਾਮ
ਕਰ ਸਕਦਾ ਹਾਂ।
ਫਿਲਹਾਲ ਦੀ ਘੜੀ
ਮੇਰੀ ਹਾਜ਼ਰੀ
ਪਰਵਾਨ ਕਰੋ।
02/08/17
ਕੋਸ਼ਿਸ਼ ਕਰੀ
ਗਗਨਦੀਪ ਸਿੰਘ ਸੰਧੂ
ਕੋਸ਼ਿਸ਼ ਕਰੀ
ਜ਼ਿੰਦਗੀ ਦਾ ਕੋਈ ਵੀ ਪਲ
ਅਜਾਈ ਨਾ ਜਾਵੇ
ਬਹੁਤ ਛੋਟੀ ਹੈ
ਇਹ ਜਿੰਦਗੀ
ਜੀਣ ਲਈ
ਜਿੰਨੀ ਮਾਣੀ ਜਾਵੇ
ਓਨੀ ਥੋੜੀ
ਯਾਦ ਰੱਖੀ. . .
ਮਹਿਕਾ ਕਦੇ ਨਹੀ ਮਰਦੀਆ
ਰੰਗ ਕਦੇ ਬਦਰੰਗ ਨਹੀ ਹੁੰਦੇ
ਮਨ ਕਦੇ ਵਿਹਲੇ ਨਹੀ ਹੁੰਦੇ
ਤੇ ਨਦੀਆਂ ਨੂੰ ਸਾਗਰ ਮਿਲਣ ਤੋਂ
ਕਦੇ ਕੋਈ ਰੋਕ ਨਾ ਪਾਵੇ
ਕੋਸ਼ਿਸ਼ ਕਰੀ
ਜਿੰਦਗੀ ਦਾ ਕੋਈ ਵੀ ਪਲ
ਅਜਾਈ ਨਾ ਜਾਵੇ।
02/08/17
ਅੰਤ/ਅੱਤ
ਗਗਨਦੀਪ ਸਿੰਘ ਸੰਧੂ
ਦਿਲ ਦੇ ਬੂਹੇ ਦਸਤਕ ਹੋਈ
ਮਸਤੀ -ਮਸਤੀ ਵੱਗੇ ਪੌਣ
ਵਿਰਲਾਂ ਥਾਈ ਨੂਰ ਆਇਆ
ਖੁਲਿਆ ਬੂਹਾ ਪੁੱਛਾਂ ਕੌਣ?
ਮੈਂ ਤਕਦੀ ਰਾਹ ਹਾਰ ਚਲੀ
ਜਦ ਜੋਗੀ ਨੇ ਆਉਣਾ ਸੀ
ਪਲਕ ਝਪਕਦਿਆ ਲੰਘ ਵੀ ਗਿਆ
ਜਵਾਨੀ ਦਿਹਾੜਾ ਚਾਰ ਦਿਨ ਦਾ ਪਰਹੁਣਾ ਸੀ
ਲੰਘੀ ਸਾਰੀ ਤਾ ਸਮਝ ਪਿਆ
ਦੁਖ ੳਮਰਾਂ ਦੇ ਘੜੀ ਪਲ ਦੇ ਖੇੜੇਆ
ਕੁਝ ਤਾਂ ਕਰ ਤਰਸ ਦੀਪ ਪਰਵਾਨਿਆ ਤੇ
ਨਾ ਸਮਝਾ! ਅੰਤ ਅੱਤ ਦੇ ਨੇੜੇਆ।
02/08/17
ਇੱਕ ਕੁੜੀ
ਗਗਨਦੀਪ ਸਿੰਘ ਸੰਧੂ
ਇੱਕ ਕੁੜੀ ਤੱਕੀ
ਮੈਂ ਗੀਤ ਜੇਹੀ
ਨਿਰਛਲ ;
ਕੱਚੀ ਉਮਰ ਦੀ ਪ੍ਰੀਤ ਜੇਹੀ
ਇੱਕ ਕੁੜੀ . . .
ਲਟ ਜੁਲਫ਼ਾਂ ਦੀ ਮੱਥੇ ਇਉਂ ਮੇਲ੍ਹੇ
ਜਿਉਂ ਬੱਚਾ ਨਾਗ ਦਾ ਖੇਲ੍ਹ ਰਿਹਾ
ਸੀਨੇ ਬੰਨ੍ਹਿਆ ਅੱਗ ਨੂੰ ਉਹਨੇ
ਲੈ ਤ੍ਰੇਲ ਤੋਂ ਲਹਿਰ ਸੀਤ ਜੇਹੀ
ਇੱਕ ਕੁੜੀ . . .
ਮਾਖਿਓਂ ਮਿੱਠੀ ਗੁਲਾਬੋਂ ਬਣੀ
ਗੁਲਕੰਦ ਜੇਹੀ
ਚਰਖਾ ਕੱਤਦੀ ਤ੍ਰੀਮਤ ਦੇ
ਮੋਢਿਓ ਨਿਕਲੀ ਤੰਦ ਜੇਹੀ
ਸੁੱਤੀਆਂ ਸੱਧਰਾਂ ਨੂੰ
ਉਹਨੇ ਇੰਝ ਟੁੰਬਿਆ ਕਿ...
ਸੀਨੇਓ ਨਿਕਲੀ ਚੀਕ ਜੇਹੀ
ਇੱਕ ਕੁੜੀ ਤੱਕੀ . . .
ਮਾਰੂਥਲੀ ਧਰਤੀ 'ਤੇ
ਖੁੱਲ੍ਹ ਕੇ ਵ੍ਹਦੀ ਬਰਸਾਤ ਜੇਹੀ
ਜੁਲਫ਼ਾਂ ਦੀ ਛਾਂ
ਹਨ੍ਹੇਰਿਆਂ ਜੇਹੀ;
ਲਾਲੀ ਮੁੱਖੜੇ ਦੀ
ਚੌਦ੍ਹਵੀਂ ਦੀ ਚਾਨਣੀ ਰਾਤ ਜੇਹੀ
ਹੱਸਦੀ ਤੋਂ ਛਿੜੇ
ਪਾਣੀਆਂ ਵਿਚਲੇ ਸੰਗੀਤ ਜੇਹੀ
ਇੱਕ ਕੁੜੀ ਤੱਕੀ . . .
ਉਹ ਡੋਕੇ ਦੁੱਧ ਦੇ ਘਿਓ ਜੇਹੀ
ਕਸ਼ਮੀਰ ਦੇ ਲਾਲ ਸਿਓ ਜੇਹੀ
ਕੱਚੇ ਦੁੱਧ 'ਚ
ਕੰਗਣਾ ਖੇਡਣ ਦੀ ਰੀਤ ਜੇਹੀ
ਇੱਕ ਕੁੜੀ ਤੱਕੀ
ਮੈਂ ਗੀਤ ਜੇਹੀ!!
ਇੱਕ ਕੁੜੀ ਤੱਕੀ
ਮੈਂ ਗੀਤ ਜੇਹੀ !!
12/07/17
ਤੇਰੇ ਨਾਂ
ਗਗਨਦੀਪ ਸਿੰਘ ਸੰਧੂ
ਕੰਨਾਂ
ਦੇ ਲੋਟਣ ਜਿਉਂ ਫੁੱਲ
ਝੁਮਕਾ ਵੇਲ ਦੇ,
ਕਾਲੇ ਗੇਂਸੂ ਮਹਿਕਾਏ
ਚਮੇਲੀਆ ਤੇਲ ਦੇ,
ਗੋਰੇ ਮੁੱਖੜੇ ਨੂੰ ਸੰਗਾਂ ਨੇ
ਸੰਧੂਰੀ ਰੰਗਿਆ
ਗਛ ਖਾ ਹੋ ਗਏ ਪਿੱਠ ਪਰਨੇ
ਨੈਣਾਂ ਨੇ ਜਦੋਂ ਸੱਪਾਂ ਨੂੰ ਡੰਗਿਆ...!!
ਪਿੱਪਲੀ ਕਰੂਬਲਾਂ ਜੇਹੇ ਅੰਗਾਂ ਨੂੰ
ਛੁਹਣਾ ਦਿਲ ਲੋਚਦਾ,
ਖੋਹ ਲਵਾਂ ਮਹਿਕਾ ਅਮਲਤਾਸ਼ੀ ਤੈਥੋਂ
ਗੁਲ਼ ਏਹੋ ਸੋਚਦਾ
ਸੋਖ਼ ਲਈਆਂ ਅਸਮਾਨੋਂ ਨਿਲੱਤਣਾਂ
ਅੱਖਾਂ ਨੀਲੀਆਂ,
ਹੁਸਨ ਤੇਰਾ; ਜਲਵਾ-ਏ-ਕਾਇਨਾਤ
ਹਵਾਂਵਾਂ ਕੀਲੀਆਂ...!!
ਕੋਈ ਛੈਲ ਗੱਭਰੂ ਨਾ ਪਸੰਦ
ਆਵੇ ਤਿੱਖੇ ਨੱਕ ਦੇ,
ਰੂਪ ਦੇ ਨਜਾਰੇ ਅੰਬਰੋਂ
ਚੰਨ ਤਾਰੇ ਤੱਕਦੇ,
ਪਾਣੀਆਂ ਦੇ ਵਾਂਗ ਲਹਿਰਾਵੇ
ਲੱਕ ਤੇਰਾ ਪਤਲਾ,
ਤੇਰੇ ਬਾਝੋਂ ਅਧੂਰੀਆਂ ਨੇ ਗਜ਼ਲਾਂ
ਕੀ ਮਕਤਾ ਤੇ ਕੀ ਮਤਲਾ...!!
30/06/2017
ਪੰਜਾਬਣ
ਗਗਨਦੀਪ ਸਿੰਘ ਸੰਧੂ
ਮਰੂਏ 'ਤੇ ਮੀਂਹ ਪੈਣ ਪਿੱਛੋਂ
ਮਹਿਕਾਂ ਜਿੱਦਾਂ ਆਉਦੀਆਂ
ਮਸਤੀ 'ਚ ਚਿੜੀਆਂ ਜਿੱਦਾਂ
ਰੇਤਿਆਂ 'ਚ ਨਹਾਉਦੀਆਂ
ਨੀਲੀਆਂ ਜੇਹੀਆਂ ਅੱਖਾਂ ਤੇਰੀਆਂ
ਜਾਦੂ ਏਦਾਂ ਪਾਉਦੀਆਂ
ਨੀਲੀਆਂ ਜੇਹੀਆਂ. . .
ਸਾਹਾਂ ਵਿੱਚੋਂ ਮਹਿਕਾਂ
ਆਉਣ ਤੇਰੇ ਸੌਫੀਂਆ
ਹਾਹਾਕਾਰ ਮੱਚ ਜਾਣੀ ਜੇ
ਪਾਉਣੋ ਪੈਲਾਂ ਜੁਲਫ਼ਾਂ ਨਾ ਰੋਕੀਆਂ
ਰਾਹਾਂ ਵਿੱਚ ਬੈਠ ਮੋਰ
ਭਰਦੇ ਨੇ ਚੌਕੀਂਆਂ
ਰਾਹਾਂ ਵਿੱਚ ਬੈਠ. . .
ਪਿੱਪਲਾਂ ਦੇ ਪੱਤ ਵਜਾਉਦੇ
ਦੇਖ ਤੈਨੂੰ ਤਾੜੀਆਂ
ਮੌਤੋ ਬੇਪਰਵਾਹ ਹੋਏ
ਲੋਰਾਂ ਭੌਰਿਆਂ ਨੂੰ ਚਾੜੀਆਂ
ਪਿੰਡਾਂ ਦੇ ਪਿੰਡ ਆਸ਼ਿਕ ਕਰਤੇ
ਏਹੋ ਗੱਲਾਂ ਮਾੜੀਆਂ
ਨੀ ਤੇਰੀਆਂ ਏਹੋ ਮਾੜੀਆਂ
ਰੇਤਲੇ ਟਿੱਬਿਆਂ ਤੋਂ ਲੰਘਿਆ
ਕੋਈ ਸੱਪ ਜਿੱਦਾਂ ਮੇਲ੍ਹਦਾ
ਰੰਗਲਾ ਪਰਾਂਦਾ ਤੇਰਾ
ਲੱਕ ਨਾਲ ਖੇਲ੍ਹਦਾ
ਗਿੱਠ ਲੰਮੀ ਧੌਣ ਬਾਰੇ
ਕਹਾਂ ਕਿਵੇਂ ਬੋਲ ਕੇ !
ਹਿੱਕ ਦੇ ਤਵੀਤ ;
ਨੌ-ਲੱਖੇ ਰੱਖ ਦਿੱਤੇ ਰੋਲ ਕੇ
ਕੰਨਾਂ ਵਾਲੇ ਝੁਮਕਿਆਂ ਦਾ
ਤੇਰੇ ਮੁੱਲ ਕੋਈ ਨਾ
ਸੱਚੀ
ਹੋਰ ਦੁਨੀਆਂ 'ਤੇ ਤੇਰੇ ਤੁੱਲ ਕੋਈ ਨਾ
ਹੋਰ ਦੁਨੀਆਂ 'ਤੇ . . .!!
15/06/17
"ਬੁੱਤ ਸ਼ਿਕਨ"
ਗਗਨਦੀਪ ਸਿੰਘ ਸੰਧੂ
ਉਡਦੀਆਂ
ਜੁਲਫ਼ਾਂ
ਨਸ਼ਿਆਈਆਂ ;
ਅੱਲ੍ਹੜ ਅੱਖਾਂ
ਫਰਕਦਿਆਂ ਹੋਠਾਂ
ਜਦੋਂ ਪਹਿਲੀ ਵਾਰ
ਦੁਪੱਟੇ ਪਿੱਛੇ
ਆਪਾ ਕੱਜਿਆ
. . . ਤਾਂ
ਮੈਨੂੰ . . .
ਇੰਝ ਲੱਗਿਆ
ਜਿਵੇਂ ,
ਕਈ ਹਜ਼ਾਰ ਤਰੰਗਾਂ
ਮੇਰੇ ਜਿਸਮ ਵਿੱਚ
ਸਮਾ ਗਈਆਂ ਹੋਣ ,
ਕਈ ਹਜ਼ਾਰ ਸੁਰ
ਮੇਰੀ ਰੂਹ ਵਿੱਚ
ਉਤਰ ਗਏ ਹੋਣ
ਤੇ ਮੈਂ . . .
ਉਹਨਾਂ ਸੁਰਾਂ ਦੀ
ਉਗਲ ਫੜ੍ਹ
ਉਹਨਾਂ ਤਰੰਗਾਂ 'ਤੇ
ਸਵਾਰ ਹੋ
ਕਈ ਖੁਆਵ ਉਣ ਲਏ
ਪਰ . . .
ਉਹ ਤਾਂ
ਪੱਥਰਾਂ ਵਿੱਚੋਂ ਝਾਕਦੀ
ਦਿਲਕਸ਼ ਮੂਰਤ ਤੋਂ ਬਿਨ੍ਹਾਂ
ਕੁਝ ਵੀ ਨਹੀ ਸੀ!
ਫਿਰ
ਮੈਂ ਓਸੇ ਰਾਤ
ਮਲਕੜੇ ਜਿਹੇ
ਅਪਣੇ ਔਜ਼ਾਰਾਂ ਉੱਤੇ
ਇਕ ਸਫੇਦ ਚਾਦਰ
ਪਾ ਦਿੱਤੀ
ਤੇ ਕੋਸੀਆਂ ਯਾਦਾਂ ਦੇ
ਯਖ਼ ਦਿ੍ਸਾਂ ਨੂੰ
ਓਸ ਚਾਦਰ ਹੇਠ
. . . ਛੁਪਾ ਦਿੱਤਾ ।
ਹੁਣ ਮੈਂ
ਓਸ ਸਫੇਦ ਚਾਦਰ ਉੱਤੇ
ਤਲਖ਼ੀਆਂ ਭਰੇ
ਕੰਡੇ ਉਗਾ ਲਏ ਨੇ,
ਜਿੰਨ੍ਹਾਂ ਨੂੰ
ਸਾਰੀ - ਸਾਰੀ ਰਾਤ
ਸਹਿਲਾਉਦਿਆਂ - ਸਹਿਲਾਉਦਿਆਂ
ਨੀਂਦ ਉੱਤੋ ਦੀ ਪਈ ਤੋਂ
ਸੌਂਅ ਜਾਦਾਂ ਹਾਂ।
ਪੱਥਰ ਪਿੱਛਲੀ
ਦਿਲਕਸ਼ ਮੂਰਤ
ਸਾਂਹ ਲੈਦੀਂ ਹੈ
. . . ਜਾਂ ਨਹੀਂ
ਪਤਾ ਨਹੀ ?
ਹਾਂ . . .
ਔਜ਼ਾਰਾਂ ਦੀ ਧੜਕਣ ਤਾਂ
ਹਾਲੇ ਵੀ ਚਲਦੀ ਹੈ
ਪਰ ਤਲਖੀਆਂ ਦੇ
ਕੰਡਿਆਂ ਦਾ ਝੁੰਬਲਮਾਟਾ
ਨੰਗੇ ਪਿੰਡੇ
ਉੱਠਣ ਹੀ ਨਹੀਂ ਦਿੰਦਾ ।
23/05/17
|