ਜਿੰਦ
ਏਕਮ ਦੀਪ
ਮੇਰੀ ਜਿੰਦ
ਬਣੀ ਤੂੰ ਜਾਨ ਬਣੀਂ, ਹਰ ਫੁੱਲ ਦੀ ਤੂੰ ਮੁਸਕਾਨ
ਬਣੀਂ !
ਬਣੀਂ ਨਾ ਪੁੰਨਿਆਂ ਹੋਰ ਕਿਸੇ ਦੀ, ਰੂਹ, ਸੁਪਨੇ ਦਾ ਅਰਮਾਨ ਬਣੀਂ
!
ਬਣਕੇ ਰਹੀਂ ਤੂੰ ਅੱਖ ਦਾ ਤਾਰਾ, ਭਾਵੇਂ ਹੋਰਾਂ ਲਈ ਅਸਮਾਨ ਬਣੀ !
ਹਰ ਮੱਸਿਆ ਵਿੱਚ ਤੂੰ ਲਿਸ਼ਕੇਂ, ਗੁੰਗੀ ਚੁੱਪ ਦੀ ਤੂੰ ਜ਼ੁਬਾਨ
ਬਣੀਂ !
ਕੱਕਰ ਹੋਈਆਂ ਯਾਦਾਂ ਦੇ ਲਈ, ਨਿੱਘੀ ਧੁੱਪ ਦੇ ਤੂੰ ਸਮਾਨ ਬਣੀਂ !
ਤੇਰੀ ਯਾਦ 'ਚ ਏਕਮ ਫੁੱਲ ਖਿੜੇ ਓਹਦੇ ਰੰਗਾਂ ਲਈ ਪਛਾਣ ਬਣੀਂ
ਪੌਣਾਂ, ਮਹਿਕਾਂ ਪੁੰਨਿਆਂ ਸਰਗਮ ਮੇਰੇ ਸੁਰਾਂ ਦੀ ਮਿੱਠੀ ਤਾਨ
ਬਣੀਂ ! 10/08/2019
ਤੂੰ ਤੇ ਮੈਂ
ਏਕਮ ਦੀਪ
ਸਮਾਂ ਕਦ ਰੁਕਦਾ? ਸਦੀ ਦਾ ਖੂਹ
ਨਿਰੰਤਰ ਪਿਆ ਗਿੜਦਾ ਸਿਰਫ ਸਾਹ ਤੇ ਸੋਚ ਰੋਕਦੇ ਤੇ ਰੁਕਦੇ
ਨਹੀਂ ਅਫ਼ਸੋਸ ਤੇਰੇ ਨਾ ਰੁਕਣ ਦਾ ਪੱਥਰ ਨਾ ਹੋ ਸਕਣ ਦਾ ਐਪਰ
! ਆਉਂਦੀ ਰਹੇਗੀ ਰਸ ਭਿੰਨੀ ਸੋਅ ਬਣਕੇ ਖੁਸ਼ਬੋਅ ਕਿ
ਤੂੰ ਤਾਂ ਸੀ ਪੌਣ ਕੋਈ ਸੰਦਲੀ ਤੂੰ ਤਾਂ ਸੀ ਕਿਸੇ ਅੰਬਰ ਦੀ
ਅੱਖ ਦਾ ਸੁੱਚਾ ਨਿਰਮਲ ਜਲ ਤੂੰ ਤਾਂ ਸੀ ਵਕਤ ਅੱਥਰਾ, ਅਮੋੜ
ਤੇਰੀ ਤਾਂ ਫ਼ਿਤਰਤ ਸੀ ਸਿਰਫ ਵਗਣਾ ਅਤੇ ਨਿਰੰਤਰ ਖੁਦ ਦੇ
ਵੇਗ ਵਿੱਚ ਤੇਰੇ ਨਾ ਰੁਕਣ ਦਾ ਨਾ ਹੀ ਕੋਈ ਗ਼ਮ ਨਹੀਂ
ਸੀ ਇਲਮ ਸ਼ਾਇਦ ਖੁਦ ਹੀ ਪੈਰੀਂ ਪਾਈ ਬੇੜੀ ਖ਼ੁਦ ਵਲ਼ੀ
ਵਲਗਣ ਦਾ ਪਰ ਨਹੀਂ ਉਲਾਂਭਾ ਤੇਰੀ ਧੜਕਣ ਤੇਰੀ ਹਰਕਤ
ਤੇਰੇ ਸ਼ੂਕਦੇ ਵੇਗ ਤੇ ਮੇਰੇ ਵਿੱਚ ਹੀ ਨਾ ਸੀ ਸ਼ਾਇਦ 'ਦਮ'
ਤੇਰੇ ਸੰਗ ਵਗਣ ਦਾ
22/01/2018
ਇੱਕੀਵੀਂ ਸਦੀ ਦੀ ਪੁਕਾਰ
ਏਕਮ ਦੀਪ
ਜੁਆਨੀ
ਦੀ ਗਲ੍ਹੀ 'ਚੋਂ
ਲੰਘਣ ਵਾਲ਼ੇ ਠ੍ਹਾਰਵੇਂ ਪ੍ਰੌਹਣੇ
ਪਤਾ ਨੀ ਤੂੰ ਮਨ ਵਿਹੜੇ
ਪੈਰਾ ਪਾਉਣਾ ਕਿ ਨਹੀਂ
'ਕੁੱਝ ਪਲ ਲਈ ਮੇਰਾ'
ਹੋਣਾ ਵੀ ਕਿ ਨਹੀਂ!
ਉਮਰਾਂ ਤੋਂ ਲੰਮੀ, ਤੇਰੀ
ਅਮੁੱਕ ਉਡੀਕ ਵਿੱਚ
ਜਮਾਂ ਸੀ ਹੋਈ
ਮਾਂ ਜਾਈ ਅਧਮੋਈ
ਓਹਦੀ
ਨੀਲੇ ਅੰਬਰਾਂ ਦੀ ਉਡਾਰ
ਲੋ-ਹੀਣ ਅੱਖ ਵਿੱਚ, ਹੁਣ
ਉੱਤਰ ਆਏ ਬੇਵਸੀ ਦੇ
ਚਿੱਟੇ ਮੋਤੀਏ ਸੰਗ
ਜੰਮ ਗਏ ਨੇ ਲਿਸ਼ਕਦੇ
ਚਾਂਦੀ ਰੰਗੇ ਸੁਪਨੇ
ਧਵਾਂਖੀ ਲੁੱਕ ਬਣ ਕੇ
ਹੈ ਕਿਸੇ ਨੂੰ ਸਾਰ?
ਬੜਾ ਛਟਪਟਾਈ ਓਹ
ਚਿੱਟੇ ਦਿਨ ਖੁੱਸੀ,
ਮੁੱਠੀ ਕੁ ਭਰ ਰੱਜ ਕੇ
ਜੀਅ ਸਕਣ ਦੀ ਆਪਣੀ
ਸੰਦਲੀ ਚਾਹਤ ਨੂੰ
ਹੱਡੀਆਂ ਦੀ ਲੱਪ 'ਚ ਲੈ
ਪਰ ਹੁਣ, ਖ਼ਬਰਦਾਰ !
ਕਦਾਚਿੱਤ ਨਾ ਦੇਵੀਂ
ਪਲ ਵੀ ਖੇਡਣ ਤੂੰ
ਆਪਣੇ ਹੁਕਮਰਾਨਾਂ ਨੂੰ
ਜਲ੍ਹਿਆਂਵਾਲ਼ੇ ਬਾਗ਼
ਮੋਗਾ, ਬਰਗਾੜੀ ਕਾਂਡ
ਜਾਂ ਫੇਰ
'ਠੱਤਰ ਦੀ ਵਿਸਾਖੀ ਜੇਹੀਆਂ
ਖੂਨੀ ਹੋਲੀਆਂ
ਮੇਰੀ ਛਲਣੀ ਹੋ ਗਈ ਹਿੱਕ ਤੇ !!
31/12/2017
ਮਾਂ ਬੋਲੀ
ਏਕਮ ਦੀਪ
ਸਿਆਣੇ ਕਹਿੰਦੇ ਮਾਂ ਬੋਲੀ ਨੂੰ, ਲੋਕੋ ਬਣਦਾ ਪਿਆਰ ਦਿਓ।
ਸਿੱਖੋ ਭਾਵੇਂ ਹੋਰ ਬੋਲੀਆਂ, ਪਰ ਆਪਣੀ ਨਾ ਵਿਸਾਰ ਦਿਓ।
ਪਿਆਰੇ ਮਿੱਤਰੋ ਮੇਰੇ ਉੱਤੇ ਇਹ ਅਹਿਸਾਨ ਵੀ ਕਰਿਓ,
ਜੀਅ ਕਰਦਾ ਏ ਆਖਰੀ ਮੇਰੀ, ਖਾਹਿਸ਼ ਨੂੰ ਸਤਿਕਾਰ ਦਿਓ ।
ਜਾਦੂਗਰ ਅੱਖਰਾਂ ਦੀ ਭਟਕਣ, ਕਿਸੇ ਨਾ ਕੰਮ ਦਾ ਛੱਡਿਆ।
ਮੇਰੇ ਹਿਰਦੇ ਧੁਖਣ ਜੋ ਤਪਦੀ, ਹਾੜਾ ਇਸਨੂੰ ਠਾਰ ਦਿਓ।
ਚੰਦਰੇ ਸਤਲੁਜ ਫੌਂਟਾਂ ਨੇ ਨਾ ਪਿੱਛਾ ਛੱਡਿਆ ਮੇਰਾ,
ਤੁਸੀਂ ਵੀ ਔਖੇ ਸੌਖੇ ਹੋ ਕੇ ਸਾਰੇ ਏਹ ਵਿਸਾਰ ਦਿਓ।
ਪਤਾਲਪੁਰੀ ਖਿੱਚ ਧੂ ਲੈ ਜਾਇਓ, ਹੋਰ ਕੋਈ ਨਾ ਚਾਰਾ
ਹੋਰ ਵੀ ਕੱਠੇ ਕਰਕੇ ਮੇਰੇ, ਫੁੱਲਾਂ ਸੰਗ ਹੀ ਤਾਰ ਦਿਓ।
ਵਾਰਿਸ ਸ਼ਾਹ ਨੂੰ ਝੂਠਾ ਕਰਨਾ, ਰਲ਼ਕੇ ਸਭ ਸਹੁੰ ਖਾਓ,
ਕਿਹੜਾ ਖ਼ਰਾ ਤੇ ਖੋਟਾ ਦੱਸੋ, ਪਾਣੀਓਂ ਦੁੱਧ ਨਿਤਾਰ ਦਿਓ।
ਦੀਪ ਦੀ ਰੂਹ ਦਾ ਏਕਮ ਸੁਪਨਾ, ਨਿੱਤਰੀ ਅੱਖ ਦਾ ਪਾਣੀ,
ਸੰਦਲੀ ਮੂਕ ਖਾਮੋਸ਼ੀ ਕਹਿੰਦੀ, ਮੈਨੂੰ ਵੀ ਗੁਫਤਾਰ ਦਿਓ।
10/04/16
ਚੁੱਪ ਚੁਫੇਰੇ
ਏਕਮ ਦੀਪ
ਉਦਾਸ
ਹੈ ਹਰ ਸਤਰ ਦਾ
ਹਰ ਸ਼ਬਦ ਦਾ
ਇੱਕ ਇੱਕ ਅੱਖਰ
ਆਪਣੇ ਪਿੰਡੇ ਹੰਢਾਈ
ਪੀੜਾ ਦੀ ਜਨਮ ਕਹਾਣੀ
ਦੱਸਣ ਤੋਂ ਆਤਰ
ਕੀ ਕੋਈ ਪੁੱਛੇ
ਕਿਵੇਂ ਕੋਈ ਦੱਸੇ
ਚੁੱਪ ਦੇ ਆਲਮ ‘ਚ
ਕਿੰਨਾ ਮੁਸ਼ਕਿਲ
ਧੁਰ ਅੰਤਰ-ਮਨ ਦੀ
ਪੀੜ ਦੇ ਅੰਧਕਾਰ ‘ਚੋਂ
ਚੁਟਕੀ ਚਾਨਣ ਲੱਭ
ਪੀੜਾਂ ਮੱਥੇ ਧਰਨਾ
22/10/2015
|