ਮਾਂ ਅਤੇ ਮਾਂ ਬੋਲੀ
ਸਤਿਪਾਲ ਸਿੰਘ ਡੁਲ੍ਹਕੂ, ਬਰਤਾਨੀਆ(1)
ਬੈਠਣਾਂ ਪੈ ਜਾਏ
ਬਾਰ ਪ੍ਰਾਏ
ਦਿੱਲ ਵਲੂੰਧਰ ਜਾਏ ।
ਜੰਨਤ ਵਰਗੀ
ਕੁੱਲੀ ਆਪਣੀ
ਸਦਾ ਹੀ ਦਿੱਲ ਮਹਿਕਾਏ ।
ਸੱਜਣਾ ਬਾਝੋਂ
ਕਾਹਦਾ ਜੀਣਾ
ਯਾਦ ਸਦਾ ਤੜਪਾਏ ।
ਉਮਡਣ ਨਾ
ਕੋਈ ਪ੍ਰੀਤ ਵਲਵਲੇ
ਹਰ ਚਾਹਤ ਮਰ ਜਾਏ ।
ਮੋਹ ਪਿਆਰ
ਮਮਤਾ ਦਾ ਸੋਮਾ
ਅਚਾਨਕ ਜਦ ਸੁੱਕ ਜਾਏ ।
ਦਿੱਲ ਦੀ ਪੀੜਾ
ਹੰਝੂ ਬਣਕੇ
ਸੱਭ ਖੁਸ਼ੀਆਂ ਲੈ ਜਾਏ ।
ਲੈ ਗੋਦੀ
ਜੋ ਸਿਰ ਪਲੋਸੇ
ਸੁੱਖਾਂ ਸੁੱਖਦੀ ਜਾਏ ।
ਮੱਥਾ ਚੁੰਮਣ
ਅਸੀਸਾਂ ਦੇਵਣ
ਫੇਰ ਮਾਂ ਕਿਧਰੋਂ ਨਾ ਆਏ ।
ਮਾਂ ਤੇ ਧਰਤੀ
ਰੂਪ ਰੱਬ ਦਾ
ਹਰ ਜੀਵਨ ਉਪਜਾਏ ।
ਜੜੀ ਬੂਟੀਆਂ
ਜੀਵ ਜੰਤੂ ਸੱਭ
ਮਾਂ ਦੀ ਕੁੱਖ ਦੇ ਜਾਏ ।
(2) ਘੁੰਮ ਲਉ ਸਾਰੇ
ਜੰਗਲ ਬੇਲੇ
ਕੋਈ ਸ਼ਹਿਰ,
ਗ਼ਰਾਂ ਨਾ ਰਹਿ ਜਾਏ ।
ਦੁਨੀਆਂ ਭਰ ਦੀ
ਧਨ ਦੌਲਤ ਭਾਂਵੇ
ਤੇਰੇ ਨਾਂ ਹੋ ਜਾਏ ।
ਰੀਝਾਂ, ਚਾਅ
ਉਮੰਗਾਂ, ਤਮੰਨਾ
ਹਰ ਖੁਸ਼ੀ ਮਿਲ ਜਾਏ ।
ਐਪਰ,
ਗੋਦ ਸਵਰਗੀ,
ਮੋਹ, ਮਮਤਾ,
ਬਿਨ ਮਾਂ ਮਿਲ ਨਾ ਪਾਏ ।
ਸਾਫ਼ ਪਵਿੱਤਰ
ਦਿੱਲ ਮਾਂ ਦਾ ਹੁੰਦਾ
ਪਿਆਰ ਹੀ ਵੰਡਦਾ ਜਾਏ
ਹਰ ਚਿੰਤਾ,
ਦੁੱਖ, ਦਰਦ, ਗ਼ਮ
ਮਾਂ ਵੇਖਿਆਂ ਟਲ਼ ਜਾਏ ।
ਜਨਨੀ ਮਾਂ
ਅਤੇ ਮਾਂ ਬੋਲੀ ਦਾ
ਕਰਨਾ ਸਿੱਖੋ ਸਤਿਕਾਰ ।
ਦਿੱਲ ਮੇਰੇ ਨੂੰ
ਪੁੱਛ ਕੇ ਵੇਖੋ
ਕੀ ਹੁੰਦਾ ਮਾਂ ਦਾ ਪਿਆਰ ।
ਆਪਣੀ ਬੋਲੀ
ਬੋਲਦੀ ਕੋਇਲ
ਬਾਗਾਂ ਦੇ ਵਿੱਚ ਗਾਵੇ ।
ਇਨਸਾਨ ਦੀ ਬੋਲੀ
ਬੋਲਦਾ ਤੋਤਾ
ਪਿੰਜਰੇ ਵਿੱਚ ਜੂਨ ਹੰਢਾਵੇ ।
14/09/16
ਨਵਾਂ ਸਾਲ ਮੁਬਾਰਕ
ਸਤਿਪਾਲ ਸਿੰਘ ਡੁਲ੍ਹਕੂ
ਨਾਲ ਮੜਕ ਦੇ
ਸਾਲ ਨਵਾਂ ਜਦ
ਸਾਡੇ ਬੂਹੇ ਤੇ ਆਇਆ ।
ਤੁਹਾਡੀਆਂ ਮਿੱਠੀਆਂ
ਯਾਦਾਂ ਨੇ ਦਿਲ ਦੇ
ਵਿਹੜੇ ਝੁੰਮਰ ਪਾਇਆ ।
ਤਹਿ ਦਿਲ ਤੋਂ ਫਿ਼ਰ
ਤੁਹਾਡੇ ਸੱਭ ਲਈ
ਉਮਡੀ ਇਹੀ ਅਰਦਾਸ ,
ਕਦੇ ਨਾ ਆਵੇ
ਤੁਹਾਡੇ ਨੇੜੇ
ਕਿਸੇ ਵੀ ਦੁੱਖ ਦਾ ਸਾਇਆ ।
01/01/2016
ਬੇਲੋੜੀ ਚੀਜ਼
ਸਤਿਪਾਲ ਸਿੰਘ ਡੁਲ੍ਹਕੂ
ਰਸਮੀ ਜਿਹਾ ਚੁੰਮਣ
ਝੂਠੀ ਜਿਹੀ ਮੁਸਕਾਨ
ਮਿਲਣ ਆਉਣ ਦਾ
ਛਿੱਥਾ ਜਿਹਾ ਵਾਅਦਾ
ਤੇ ਝੁਕੀਆਂ ਨਜ਼ਰਾਂ ਨਾਲ
ਝੱਟ ਕਾਰ ਵਿੱਚ ਜਾ ਬੈਠੇ
ਉਸਦੇ ਪੁੱਤ , ਬਹੂ ਤੇ ਪੋਤਾ ।
ਤੇ ਉਹ
ਬਿਰਧ ਆਸ਼ਰਮ ਦੇ
ਦਰਵਾਜ਼ੇ ਵਿੱਚ ਖਲੋਤਾ
ਸੇਜਲ ਅੱਖੀਆਂ
ਕੰਬਦੇ ਹੱਥ
ਉਦਾਸ ਚਿਹਰੇ ਨਾਲ
ਤੱਕਦਾ ਰਿਹਾ
ਉਨ੍ਹਾਂ ਦੀ ਵਾਪਸ ਜਾਂਦੀ ਕਾਰ ਵਲ ।
ਬਿਸਤਰ ਵਿੱਚ
ਅਰਧ ਸੁੱਤੀ ਅਵਸਥਾ ।
ਮਨ ਵਿੱਚ ਮੰਡਲਾਂਉਂਦੇ
ਸੋਚਾਂ ਦੇ ਬੱਦਲ ।
ਦਿੱਲ ਚੀਰਦੀ ਇਕੱਲਤਾ
ਨਿਰਾਸ਼ਾ ਤੇ ਬੇਬਸੀ ਵਿੱਚ
ਦਮ ਤੋੜਦੇ ਅਰਮਾਨਾਂ ਸੰਗ
ਜ਼ਖਮੀ ਹੋਇਆ ਸਵੈਮਾਨ ।
ਪਰਦਿਆਂ ਦੀਆਂ
ਝੀਥਾਂ ਵਿੱਚੋਂ ਝਾਕਦੀ
ਚੰਨ ਦੀ ਚਾਨਣੀ ਵਿੱਚ
ਆਪਣੇ ਖੁਰਦਰੇ ਹੱਥਾਂ ਨਾਲ
ਚਿਹਰੇ ਦੀਆਂ ਝੁਰੜੀਆਂ ਵਿੱਚੋਂ
ਉਹ ਲੱਭਦਾ ਰਿਹਾ
ਆਪਣਾ ਬਚਪੰਨ ਅਤੇ
ਗੁਆਚੀ ਹੋਈ ਜਵਾਨੀ ।
ਫੇਰ ਅਚਾਨਕ ਹੀ
ਯਾਦ ਉਸ ਗਾਰਡਨ-ਸ਼ੈੱਡ ਦੀ ।
ਉਸ ਵਿੱਚ ਸੁੱਟੀਆਂ
ਉਨ੍ਹਾਂ ਸੱਭ ਵਸਤਾਂ ਦੀ ।
ਜੋ ਕਦੇ
ਖਰੀਦੀਆਂ ਸਨ
ਬੜੇ ਹੀ ਚਾਵਾਂ ਨਾਲ
ਉਸਨੇ ਤੇ ਉਸਦੀ
ਸਵਰਗਵਾਸੀ ਪਤਨੀ ਨੇ ।
ਤੇ ਹੁਣ
ਸੁੱਟ ਦਿੱਤੀਆਂ ਸਨ
ਘਰ ਤੋਂ ਬਾਹਰ
ਗਾਰਡਨ-ਸ਼ੈੱਡ ਵਿੱਚ
ਉਸਦੇ ਪੁੱਤ ਅਤੇ ਬਹੂ ਨੇ ।
ਫੇਰ
ਉਸਨੂੰ ਲੱਗਾ ਕਿ ਜਿਵੇਂ
ਉਸਨੂੰ ਵੀ ਅੱਜ
ਸੁੱਟ ਗਏ ਨੇ ਉਹ
ਕਿਸੇ ਗਾਰਡਨ-ਸ਼ੈੱਡ ਵਿੱਚ ।
ਇੱਕ ਪੁਰਾਣੀ , ਫ਼ਾਲਤੂ
ਤੇ ਬੇਲੋੜੀ ਚੀਜ਼ ਵਾਂਗ ।
28/01/2014
ਗਜ਼ਲ
ਸਤਿਪਾਲ ਸਿੰਘ ਡੁਲ੍ਹਕੂ
ਕਿੱਥੇ ਪੀਤੀ,
ਕਦੋਂ ਪੀਤੀ, ਕਿੰਨੀ ਪੀਤੀ ।
ਬਸ ਏਨਾ ਹੀ ਪਤਾ ਕਿ ਬਹੁਤ ਪੀਤੀ ।
ਤੂੰ ਕੀ ਜਾਣੇ ਜ਼ਾਲਮ ਕਿ ਤੇਰੇ ਬਿਨਾਂ
,
ਏਸ ਅੱਥਰੇ ਦਿੱਲ ਤੇ, ਕੀ ਕੀ ਬੀਤੀ ।
ਤੇਰੇ ਦਿੱਲ ਦੀਆਂ ਤਾਂ, ਤੂੰਹੀਉਂ
ਜਾਣੇ ,
ਅਸੀਂ ਤਾਂ ਕੀਤੀ, ਸਿਰਫ ਵਫ਼ਾ ਕੀਤੀ ।
ਤੇਰੀ ਯਾਦ , ਜਦੋਂ ਦੀ ਮਹਿਮਾਨ ਬਣੀ ,
ਅਸੀਂ ਹਰ ਸ਼ਾਮ , ਤੇਰੇ ਨਾਮ ਕੀਤੀ ।
ਮੂੰਹ ਮੁਲ੍ਹਾਜ਼ੇ ਵੀ ਤਾਂ , ਰੱਖਣੇ ਹੁੰਦੇ ,
ਜਿੰਨੀ ਅੱਜ ਪੀਤੀ, ਯਾਰਾਂ ਨਾਲ ਪੀਤੀ ।
ਆਪਣਿਆਂ ਤੋਂ ਯਾਰੋ,ਕਾਹਦਾ ਉਹਲਾ ,
ਅਸੀਂ ਜਦੋਂ ਪੀਤੀ , ਸ਼ਰ੍ਹੇਆਮ ਪੀਤੀ ।
ਕਿਤੇ ਹੋ ਨਾ ਜਾਏ , ਕੋਈ ਸ਼ਾਮ ਉਦਾਸ ,
ਅਸੀਂ ਹਰ ਸ਼ਾਮ , ਸ਼ਾਮ-ਏ ਜਾਮ ਕੀਤੀ ।
28/01/2014
ਗਜ਼ਲ
ਸਤਿਪਾਲ ਸਿੰਘ ਡੁਲ੍ਹਕੂ
ਚੱਲ ਦਿਲਾ ਵੇ ਟੁਰਦਾ ਚੱਲ ।
ਤੱਕਦਾ ਆਪਣੀ ਮੰਜ਼ਲ ਵਲ ।
ਪਿੱਛੇ ਪਰਤ ਹੁਣ ਨਾ ਤੱਕੀਂ ।
ਭੁੱਲ ਜਾਵੀਂ ਜੋ ਹੋਇਆ ਕੱਲ੍ਹ ।
ਕਿਸੇ ਦੇ ਉੱਤੇ ਕਾਹਦਾ ਰੋਸਾ ,
ਮੁਕੱਦਰ ਨਹੀਂ ਜੇ ਆਪਣੇ ਵਲ ।
ਉੱਤੋਂ ਜਿਹੜੇ ਪਿਆਰ ਜਤਾਂਦੇ ,
ਉਹ ਵੀ ਕਰਦੇ ਅੰਦਰੋਂ ਛਲ ।
ਜਦ ਵੀ ਚੰਦਰੀ ਯਾਦ ਸਤਾਂਦੀ ,
ਬਲ ਬਲ ਉੱਠਦੇ ਸੀਨੇ ਸੱਲ ।
ਰੋਸੇ, ਗਿਲ਼ੇ, ਉਲ੍ਹਾਮੇ, ਸਿ਼ਕਵੇ ,
ਇਹ ਤਾਂ ਆਪਣੇ ਘਰ ਦੀ ਗੱਲ ।
ਜਿ਼ੰਦਗੀ ਦੇ ਸੱਭ ਤੋਂ ਵਡਮੁੱਲੇ ,
ਸੱਜਣਾਂ ਸੰਗ ਮਾਣੇ ਕੁੱਝ ਪੱਲ ।
ਦੂਰ ਦੁਰਾਡੇ ਬੈਠਿਆ ਵੇ ਯਾਰਾ ,
ਕਦੇ ਤਾਂ ਸੁੱਖ ਸੁਨੇਹੜਾ ਘੱਲ ।
28/01/2014
ਗਜ਼ਲ
ਸਤਿਪਾਲ ਸਿੰਘ ਡੁਲ੍ਹਕੂ
ਦਿੱਲ ਹੈ
ਜੇ ਕਾਬੂ ਤਾਂ ਦਿੱਲ ਮੰਦਰ ਹੈ ।
ਬੇਕਾਬੂ ਦਿੱਲ ਹੁੰਦਾ ਨਿਰਾ ਕਲੰਦਰ ਹੈ ।
ਠੀਕ ਜਿਸਦੇ ਦਿੱਲ, ਨਜ਼ਰ ਤੇ ਦਿਮਾਗ ,
ਉਹ ਮਾਨਵ ਜਿੰਦਗੀ ਦਾ ਸਿਕੰਦਰ ਹੈ ।
ਸੱਚ, ਸਾਹਸ ਅਤੇ ਨੇਕ ਨੀਯਤ ਨਾਲ ,
ਜਿ਼ੰਦਗੀ ਹਰ ਐਬ ਤੋਂ ਸੁਤੰਤਰ ਹੈ ।
ਜਿਸ ਵਿੱਚ ਹਰ ਨਿਹਮਤ ਦੁਨੀਆਂ ਦੀ ,
ਪਿਆਰ ਹੀ ਅਜਿਹਾ ਇੱਕ ਸਮੂੰਦਰ ਹੈ ।
ਕਰੇ ਗੱਦਾਰੀ ਜਿਹੜਾ ਧਰਤੀ ਮਾਂ ਨਾਲ ,
ਉਸਦਾ ਤਾਂ ਇਲਾਜ਼ ਕੇਵਲ ਖੰਜਰ ਹੈ ।
ਦਿਨ ਦਿਹਾੜੇ ਕਤਲ ਕਰੇ ਜੋ ਮਾਨਵਤਾ ,
ਬਦਕਾਰ,ਬੇਗ਼ੈਰਤ ਦਰਿੰਦਾ ਪਿੰਜਰ ਹੈ ।
ਜਿੰਦਗੀ ਦੀਆਂ ਔਕੜਾਂ ਤੋਂ ਡਰਨਾ ਕਿਉਂ ,
ਬਾਹਰ ਕੱਢੋ ਜੋ ਵੀ ਡਰ ਦਿੱਲ ਅੰਦਰ ਹੈ ।
28/01/2014
ਗਜ਼ਲ
ਸਤਿਪਾਲ ਸਿੰਘ ਡੁਲ੍ਹਕੂ
ਐਵੈਂ ਘੂਰ
ਘੂਰ ਨਾ ਤੱਕਿਆ ਕਰ ।
ਕਦੇ ਸਾਡਾ ਦਿੱਲ ਵੀ ਰੱਖਿਆ ਕਰ ।
ਕੁੱਝ ਸਾਡੇ ਦੂੱਖ ਸੁਖ ਸੁਣਿਆ ਕਰ ,
ਕੁੱਝ ਆਪਣੇ ਦਿੱਲ ਦੀ ਦੱਸਿਆ ਕਰ ।
ਜਰਾ ਪਿਆਰ ਗੂਹੜਾ ਕਰਨੇ ਲਈ ,
ਕਦੇ ਮੰਨਿਆਂ ਤੇ ਕਦੇ ਰੁੱਸਿਆ ਕਰ ।
ਅੱਖੀਆਂ ਨੇ ਸੱਭ ਕੁੱਝ ਦੱਸ ਦੇਣਾ ,
ਬੁੱਲ੍ਹੀਆਂ ਵਿੱਚ ਹੀ ਹੱਸਿਆ ਕਰ ।
ਦੁਨੀਆਂ ਦੀ ਕੋਈ ਪ੍ਰਵਾਹ ਨਾ ਕਰ ,
ਆਪਣੇ ਹੀ ਦਿੱਲ ਨੂੰ ਪੁੱਛਿਆ ਕਰ ।
ਕਦੇ ਦਿੱਲ ਆਪਣਾ ਪ੍ਰਚਾਇਆ ਕਰ ,
ਐਵੇਂ ਸੋਚਾਂ ਵਿੱਚ ਨਾ ਫਸਿਆ ਕਰ ।
ਏਦਾਂ ਹਾਸੇ ਖੁਸ਼ੀਆਂ ਵੰਡਦੇ ਹੀ ,
ਡੁਲ੍ਹਕੂ ਦੇ ਦਿੱਲ ਵਿੱਚ ਵਸਿਆ ਕਰ ।
28/01/2014
ਗਜ਼ਲ
ਸਤਿਪਾਲ ਸਿੰਘ ਡੁਲ੍ਹਕੂ
ਕੋਈ ਆਪਣਾ ਹੁੰਦੇ ਹੋਏ ਵੀ, ਆਪਣਾ
ਨਹੀਂ ਹੁੰਦਾ ।
ਕੋਈ ਆਪਣਾ ਬਣ ਜਾਂਦਾ, ਜੋ ਆਪਣਾ ਨਹੀਂ ਹੁੰਦਾ ।
ਕੇਵਲ ਰਿਸ਼ਤਿਆਂ ਸਦਕੇ, ਜਿੰਦਗੀ ਨਹੀਂ ਚਲਦੀ,
ਤੇ ਉੱਤਮ ਜੀਣਾ, ਰਿਸ਼ਤੇ ਤਿਆਗਣਾ ਨਹੀਂ ਹੁੰਦਾ ।
ਚੇਤਨ ਮਨ ਲਈ ਜ਼ਰੂਰੀ, ਉਸਦਾ ਜਾਗਦੇ ਰਹਿਣਾ,
ਸਿਰਫ਼ ਨੀਂਦਰ ਤੋਂ ਜਾਗਣਾ, ਜਾਗਣਾ ਨਹੀਂ ਹੁੰਦਾ ।
ਮਦਦ ਕਰੋ, ਤਾਂ ਜ਼ਰੂਰ, ਕਿਸੇ ਮੁਫ਼ਲਸ ਦੀ ਕਰੋ ,
ਪਰ ਮਦਦ ਕਰਨਾ, ਅਹਿਸਾਨ ਥਾਪਣਾ ਨਹੀਂ ਹੁੰਦਾ ।
ਕਿਸੇ ਨੂੰ ਜਾਨਣਾ ਹੈ ਤਾਂ, ਅੱਖਾਂ ਮਨ ਦੀਆਂ ਖੋਲ੍ਹੋ,
ਸੌਖਾ ਕਿਸੇ ਦੀ ਖ਼ਸਲਤ ਨੂੰ, ਜਾਨਣਾ ਨਹੀਂ ਹੁੰਦਾ ।
ਕੰਨ ਅੱਗੇ ਤੋਂ ਫੜੇ, ਭਾਂਵੇ ਕੋਈ ਪਿੱਛੇ ਤੋਂ ਫੜੇ,
ਝੂਠ ਕੋਲੋਂ, ਸੱਚ ਦਾ, ਕਦੇ ਸਾਮ੍ਹਣਾ ਨਹੀਂ ਹੁੰਦਾ ।
ਗੱਲ ਇਤਿਹਾਸ ਦੀ , ਜਾਂ ਮਿਥਿਹਾਸ ਦੀ ਹੋਵੇ,
ਮੁਸੀਬਤ ਵੇਲੇ ਕਦੇ ਕੋਈ ,ਆਪਣਾ ਨਹੀਂ ਹੁੰਦਾ ।
15-1-2014
ਗਜ਼ਲ
ਸਤਿਪਾਲ ਸਿੰਘ ਡੁਲ੍ਹਕੂ
ਇਸ਼ਕ ਦੀ ਬੇੜੀ , ਸੌਖੀ ਬੰਨੇ ਲਗਦੀ ਨਹੀਂ ।
ਬਿਰਹੋਂ ਦੇ ਵਿੱਚ, ਤਾਂਘ ਵਸਲ ਦੀ ਤਜਦੀ ਨਹੀਂ ।
ਪਿਆਰ ਆਪਣੇ ਰੰਗ ਵਿੱਚ, ਸੱਭ ਨੂੰ ਰੰਗ ਜਾਂਦਾ,
ਮੁਹੱਬਤ ਵੰਡਣ ਨਾਲ, ਮੁਹੱਬਤ ਘਟਦੀ ਨਹੀਂ ।
ਮੇਲ ਜਦਾਈ, ਗ਼ਮੀਂ ਖੁਸ਼ੀ, ਦੁੱਖ ਦਰਦ ਬਿਨਾਂ,
ਜ਼ਿੰਦਗੀ ਦੀ ਨੁਹਾਰ, ਅਸਲੀ ਲਗਦੀ ਨਹੀਂ ।
ਉਸੇ ਅੱਖ ਵਿੱਚ ਘੱਟਾ ਪਾ, ਉਸ ਕੀ ਖੱਟਿਆ,
ਤੱਕਦੀ ਉਸਦਾ ਰਾਹ, ਕਦੇ ਜੋ ਥੱਕਦੀ ਨਹੀਂ ।
ਔਖਾ ਸੌਖਾ, ਦਿੱਲ ਅਥਰਾ ਵੀ ਸਮਝ ਗਿਆ,
ਕਿ ਟੁੱਟੀ ਪੱਤੀ, ਮੁੜ ਟਾਹਣੀ ਤੇ ਲਗਦੀ ਨਹੀ ।
ਏਦਾਂ ਦਿੱਲ ਨੇ ਸਾਂਭੀਆਂ, ਕੁੱਝ ਮਿੱਠੀਆਂ ਯਾਦਾਂ,
ਜੁਦਾਈ ਹੁੰਦਿਆਂ ਵੀ, ਜੁਦਾਈ ਲਗਦੀ ਨਹੀਂ।
ਉਸ ਬੇਵਫ਼ਾ ਨੂੰ, ਦੁਰ-ਅਸੀਸ ਵੀ ਕਿੰਝ ਦਿਆਂ,
ਆਪਣੀ ਲੱਤ, ਆਪਣੇ ਹੀ ਢਿੱਡ ਵਿੱਚ ਵੱਜਦੀ ਨਹੀਂ ।
21/01/2014
ਗਜ਼ਲ
ਸਤਿਪਾਲ ਸਿੰਘ ਡੁਲ੍ਹਕੂ
ਝੂਮਦੀ ਜਦ ਵੇਖੀ, ਟਾਹਣੀ ਗੁਲਾਬ ਦੀ ।
ਯਾਦ ਆ ਗਈ, ਅੰਗੜਾਈ ਜਨਾਬ ਦੀ ।
ਮਚਲਦਾ ਹੈ ਗੀਤ, ਹੁਣ ਗੁਣਗੁਣਾਨ ਲਈ,
ਕਿਤੋਂ ਛੇੜ ਤਾਰ ਕੋਈ, ਦਿਲੇ-ਰਬਾਬ ਦੀ ।
ਮਹਿਫ਼ਲ ਤੇਰੀ ਸਦਾ, ਦਿਲ ਮਾਨਣਾ ਲੋਚੇ,
ਡਰਦਾ ਹਾਂ, ਬਣ ਨਾ ਜਾਂ, ਹੱਡੀ ਕਬਾਬ ਦੀ ।
ਜਿਸ ਉੱਤੇ ਪ੍ਰੀਤ ਦੇ, ਦੋ ਹਰਫ਼ ਤੂੰ ਝਰੀਟੇ,
ਮੁਕੱਦਸ ਹੈ ਮੇਰੀ, ਉਹ ਥਾਂਹ ਕਿਤਾਬ ਦੀ ।
ਮੁੱਦਤ ਹੋਈ ਪਾਇਆਂ, ਸਵਾਲ ਇੱਕ ਤੈਨੂੰ,
ਉਡੀਕ ਰਹੇਗੀ ਹਮੇਸ਼ਾ, ਤੇਰੇ ਜਵਾਬ ਦੀ ।
ਸਬਰ ਵੇਖ਼ਣਾ ਮੇਰਾ, ਜੇਰਾ ਬੁਲੰਦ ਰੱਖੀਂ,
ਕਰ ਸਕਦਾਂ ਇੰਤਜ਼ਾਰ, ਪੂਰੀ ਸ਼ਤਾਬਦੀ ।
ਦੋ ਸ਼ਬਦ ਪ੍ਰੀਤ ਦੇ, ਡਲ੍ਹਕੂ ਨੂੰ ਲੁੱਟ ਲੈਂਦੇ,
ਰਹੇ ਉਸਨੂੰ ਕਦਰ, ਹੁਸਨ ਤੇ ਸ਼ਬਾਬ ਦੀ ।
21/01/2014
ਗਜ਼ਲ
ਸਤਿਪਾਲ ਸਿੰਘ ਡੁਲ੍ਹਕੂ
ਦਿੱਲ ਦੀ ਗੱਲ, ਹੋਠਾਂ ਤੇ ਰਹਿ ਗਈ ।
ਇੱਕ ਖ਼ਾਮੋਸ਼ੀ, ਸੱਭ ਕੁੱਝ ਕਹਿ ਗਈ ।
ਕੰਡਿਆਂ ਦੀ ਉਹ, ਗੱਲ ਕਿਉਂ ਸੁਣਦੀ
ਤਿੱਤਲੀ ਸੀ, ਕਿਸੇ ਫੁੱਲ ਤੇ ਬਹਿ ਗਈ ।
ਪਰਬਤ, ਟਿੱਲੇ, ਰਾਹ ਰੋਕਦੇ ਰਹਿ ਗਏ
ਬੇਖ਼ੌਫ਼ ਨਦੀ, ਹਿੱਕ ਚੀਰ ਕੇ ਵਹਿ ਗਈ ।
ਟੁੱਟ ਗਏ ਅੱਧਵਾਟੇ, ਕਈਆਂ ਦੇ ਸੁਪਨੇ
ਸੰਧੂਰ ਦੀ ਚੁਟਕੀ, ਹੱਥ ਵਿੱਚ ਰਹਿ ਗਈ ।
ਗੈ਼ਰਤ , ਅਣਖ, ਨਿਡਰਤਾ ਦੇ ਸਾਹਵੇਂ
ਝੂਠੀ ਮਰਿਯਾਦਾ ਦੀ, ਕੰਧ ਢਹਿ ਗਈ ।
ਝੁੱਗੀਆਂ ਤੋਂ ਜਦ ਵੀ, ਉੱਠੀ ਬਗ਼ਾਵਤ
ਉੱਚਿਆਂ ਮਹਿਲਾਂ ਦੀ, ਪੱਤ ਲਹਿ ਗਈ ।
ਝੂਮ ਕੇ ਉਸ ਨੇ, ਜਦ ਲਈ ਅੰਗੜਾਈ
ਬੁੱਢੀ ਅੱਖ ਵੀ, ਖੁੱਲ੍ਹੀ ਹੀ ਰਹਿ ਗਈ ।
ਘੁੱਗ ਮਸਤੀ ਵਿੱਚ, ਰਹਿ ਤੂੰ ਮਿੱਤਰਾ
ਜਾਣ ਲੱਗੀ, ਡੁਲ੍ਹਕੂ ਨੂੰ ਕਹਿ ਗਈ ।
ਜੂਨ, 2012
20/01/2014
ਨਾਨਕ ਦੀ ਬਾਣੀ
ਸਤਿਪਾਲ ਸਿੰਘ ਡੁਲ੍ਹਕੂ
ਸਰਬੱਤ ਦਾ ਭਲਾ ਮੰਗਦੀ , ਜੋ ਨਾਨਕ ਦੀ ਬਾਣੀ ।
ਉਹ ਗੁਰਬਾਣੀ ਕਰੋ ਨਾ , ਸਰਬੱਤ ਲਈ ਬੇਗਾਨੀ ।
ਕਿੰਨੇ ਰਹਿਬਰ ਉਨ੍ਹਾਂ ਵਿੱਚੋਂ, ਸਿੰਘ ਸਨ ਅਖਵਾਂਦੇ ,
ਗੁਰੁ ਗ੍ਰੰਥ ਦੀ ਜਾਨ ਹੈ , ਜਿਨ੍ਹਾਂ ਦੀ ਰੱਬੀ ਬਾਣੀ ।
ਜਿੱਥੇ ਜਾਇ ਬਹੇ ਮੇਰਾ ਸਤਿਗੁਰੂ ਸੋਈ ਥਾਂ ਸੁਹਾਵਾ,
ਥਾਵਾਂ ਦੀਆਂ ਪਾਬੰਦੀਆਂ ਇਸ ਸੱਚ ਦੀ ਸ਼ਾਨ ਘਟਾਣੀ ।
ਕੋਈ ਮਾਨਵ ਕੋਈ ਸਥਾਨ ਸੱਖਣਾ ਨਹੀਂ ਉਸ ਬਾਝੋਂ ,
ਕਣ ਕਣ ਵਿੱਚ ਵਿਧਾਤਾ ਵਸਦਾ ਦੱਸਦੀ ਹੈ ਗੁਰਬਾਣੀ ।
ਵਿੱਚ ਦਰਬਾਰ ਕਿਸੇ ਆਏ ਨੂੰ, ਗੁਰੂਆਂ ਨੇ ਠੁਕਰਾਇਆ ,
ਸਿੱਖ ਇਤਿਹਾਸ ਵਿੱਚ ਅਜਿਹੀ ਮਿਲੇ ਨਾ ਕੋਈ ਕਹਾਣੀ ।
ਆਪ ਉੱਠ ਦਸਮੇਸ਼ ਨੇ ਸੀਨੇ ਨਾਲ ਘਨਈਆ ਲਾਇਆ ,
ਗ਼ੈਰ-ਸਿੱਖ ਜਿਸ ਹੱਥੋਂ ਜੰਗ ਵਿੱਚ ਪੀ ਰਹੇ ਸਨ ਪਾਣੀ ।
ਸੱਭੇ ਸਾਂਝੀਵਾਲ ਸਦਾਇਨ ਇਸ ਗੁਰਬਾਣੀ ਸਦਕੇ
ਗੁਰੁ ਗ੍ਰੰਥ ਦੀ ਬਾਣੀ ਤਾਂ ਸੱਭ ਸ੍ਰਸਿ਼ਟੀ ਦੀ ਕਲਿਆਣੀ ।
ਸਿੱਖ ਧਰਮ ਦੇ ਠੇਕੇਦਾਰੋ , ਆਪਣੇ ਅੰਦਰ ਵੀ ਝਾਤੀ ਮਾਰੋ ,
ਗੁਰੂ ਸਾਹਿਬਾਨ ਦੇ ਮਕਸਦ ਉੱਤੇ ਛੱਡ ਦਿਉ ਫੇਰਨਾ ਪਾਣੀ ।
20/01/2014
ਗਜ਼ਲ
ਸਤਿਪਾਲ ਸਿੰਘ ਡੁਲ੍ਹਕੂ
ਉਹ ਮਿਲੇਗਾ ਕਿਵੇਂ, ਜਿਸਦਾ ਰੂਪ ਨਾ ਆਕਾਰ ।
ਉਹਦੀ ਲੱਭਣੀ ਜੇ ਹੋਂਦ, ਝਾਤੀ ਦਿੱਲ ਵਿੱਚ ਮਾਰ ।
ਕਾਇਨਾਤ ਵਿੱਚ ਰਹਿੰਦਾ, ਬਣਕੇ ਮਧੁਰ ਸੰਗੀਤ ,
ਸੁਣਕੇ ਵੇਖ ਤੜਕ ਸਾਰ, ਪੰਛੀਆਂ ਦੀ ਚਹਿਕਾਰ ।
ਉਸਦਾ ਚੜ੍ਹਦੀ ਸਵੇਰ, ਕਿਸੇ ਵੇਖਣਾ ਜੇ ਰੂਪ ,
ਕਰੇ ਮਮਤਾ ਦੀ ਮੂਰਤ, ਕਿਸੇ ਮਾਂ ਦਾ ਦਿਦਾਰ ।
ਵੇਖਣਾ ਜੇ ਦਿਨ ਵੇਲੇ, ਉਸਨੂੰ ਖੇਤਾਂ ਵਿੱਚ ਵੇਖ ,
ਹੁੰਦਾ ਉਸਦਾ ਹੀ ਰੂਪ, ਅੰਨਦਾਤਾ ਜਿ਼ਮੀਂਦਾਰ ।
ਮੈਖ਼ਾਨੇ ਵਿੱਚ ਮਾਣੇ, ਹਰ ਸ਼ਾਮ ਉਹ ਸੁਹਾਣੀ,
ਕਰੇ ਰਿੰਦਾਂ ਦੀ ਖ਼ੁਮਾਰੀ, ਉਹਦੀ ਹੋਂਦ ਸਾਕਾਰ ।
ਉਹ ਤਾਂ ਆਪ ਹੈ ਅਜੂਨੀ, ਦਿੰਦਾ ਡਰ ਨਾ ਸਜਾ ,
ਤੈਨੂੰ ਦਿੰਦਾ ਉਹਦਾ ਡਰ, ਤੇਰਾ ਆਪਣਾ ਕਿਰਦਾਰ ।
ਏਸ ਜੱਗ ਵਿੱਚ ਤੈਨੂੰ , ਜੇ ਭੇਜਿਆ ਹੀ ੳੇੁਸਨੇ ,
ਤੈਨੂੰ ਜੰਨਤ ਦੀ ਕੀ ਲੋੜ, ਛੱਡਕੇ ਉਸਦਾ ਸੰਸਾਰ ।
ਜੇ ਅੰਤ ਵਿੱਚ ਡੁਲ੍ਹਕੂ, ਸੱਭ ਨੇ ਜਾਣਾ ਉਸਦੇ ਕੋਲ ,
ਤੂੰ ਵੀ ਕਰ ਲਵੀਂ ਉਦੋਂ, ਉਹਦਾ ਰੱਜ ਕੇ ਦਿਦਾਰ ।
20/01/2013 |