WWW 5abi.com  ਪੰਨਿਆ ਵਿੱਚ ਸ਼ਬਦ ਭਾਲ

5_cccccc1.gif (41 bytes)

       ਪੰਜਾਬੀ ਕਵਿਤਾ

ਹੋਰ ਪੰਜਾਬੀ ਕਵੀ >>

>> 1 2 3 4 5 6 7             hore-arrow1gif.gif (1195 bytes)

ਦਵਿੰਦਰ ਬਾਂਸਲ
ਟੋਰੋਂਟੋ, ਕੈਨੇਡਾ

ਸੂਰਜ ਦੀ ਤਲਾਸ਼
ਦਵਿੰਦਰ ਬਾਂਸਲ, ਕੈਨੇਡਾ

ਕਦੇ ਘਰ
ਕਦੇ ਕੈਦਖਾਨਾ
ਤੇ ਕਦੇ ਕਬਰ
ਏਸ ਸਾਹਾਂ ਦੇ ਦੀਵੇ ‘ਚ
ਸਧਰਾਂ ਦਾ
ਤੇਲ ਪਾਓਂਦੀ ਰਹੀ
ਤਾਂ ਕੇ
ਇਹ ਖੁਫ਼ੀਆ ਰੋਸ਼ਨੀ
ਸ਼ਾਂਤ ਹੋ
ਪਾਣੀ 'ਚ ਨਾ ਬਹਿ ਜਾਵੇ
ਹੱਡੀਆਂ ਦੀ ਮੁੱਠ ਬਣ
ਮੋਏ ਫੁੱਲਾਂ ਵਾਂਗ
ਮੰਡਰਾਓਂਦੇ ਬੱਦਲ
ਲਿਸ਼ਕਦੀ ਬਿਜਲੀ
ਸਰਦ ਹਵਾਵਾਂ 'ਚ
ਨਿਰੋਲ ਹੋਂਸਲਾ ਕਰ
ਤੁਫਨਾ ਤੋਂ ਬੇ-ਖੌਫ ਹੋ
ਤੁਰ ਪਈ ਢੂੰਡਣ
ਚੰਨ, ਸਿਤਾਰਿਆਂ ਪਿੱਛੇ
ਉਜਾਲੇ ਨੂੰ ਮੱਥੇ ਲਾ
ਸੂਰਜ ਦੀ ਚਮਕ ਦਾ
ਅਨੰਦੁ ਰਸ ਮਾਨਣ
ਤ੍ਰੇਲ ਭਿੱਜੀ ਧਰਤ
ਤੇ ਪੈਰ ਧਰ
ਕੁਝ ਨਵਾਂ ਤੇ ਸਾਰਥਿਕ
ਸਿਰਜਣ ਦੀ ਤਾਂਘ 'ਚ
07/01/2016

 

ਜ਼ਰੂਰਤਾਂ
ਦਵਿੰਦਰ ਬਾਂਸਲ, ਕੈਨੇਡਾ

ਮੇਰੇ ਹਮਸਫਰ...
ਤੂੰ ਇਹ ਕਿਵੇਂ ਸੋਚ ਲਿਆ
ਕੀ ਮੈਂ ਇਕ ਔਰਤ, ਐਨੀ ਲਾਪਰਵਾਹ
ਅਣਦੇਖਿਆ ਕਰਨ ਵਾਲੀ
ਐਨੀ ਆਪੇ ਚ ਗੁਆਚੀ
ਕਿ ਆਪਣੇ ਬਾਰੇ
ਆਪਣੀਆਂ ਖਾਹਿਸ਼ਾਂ ਬਾਰੇ
ਵੀ ਨਹੀਂ ਸੋਚਦੀ...
ਮੇਰਾ ਇੰਜ ਹੋਣਾ ਵੀ ਸ਼ਾਇਦ
ਤੈਨੂੰ ਚੰਗਾ ਲਗਦਾ
ਭਾਵੇਂ ਮੇਰੇ ਇਸ ਸੁਭਾ ਦੀ ਵੀ
ਤੂੰ ਅਨਮਨੇ ਜੇਹੇ ਸਲਾਘਾ ਕਰਦਾ
ਤੇਰੀ ਇਹ ਦਿਲਾਸਾ ਦੇਣ ਦੀ ਆਦਤ
ਤੂੰ ਜਾਣਦਾ ਕਿ ਤੇਰਾ ਦਿਖਾਵਾ ਹੈ ਸਿਰਫ !
ਲੈ ਗੰਭੀਰਤਾ ਨਾਲ ਇੱਕ ਦੂਜੇ ਲਈ ਸੋਚੀਏ
ਕੁਝ ਕੁ ਵਿਥ ਤੇ ਹੁੰਦਿਆਂ ਵੀ
ਭਾਵਨਾਵਾਂ ਤੇ ਚੇਤਨਾ ਨੂੰ ਵਿਗ੍ਸਣ ਦੇਈਏ
ਆਪ... ਆਪ ਹੋਣ ਲਈ
ਆਪਣੀ ਭਿੰਨਤਾ ਰਖਦਿਆਂ
ਸਿਖਾਉਣ, ਪ੍ਰੇਰਨ ਤਸੱਲੀ ਦੇਣ, ਪ੍ਰਫੁਲਤ ਹੋਣ ਲਈ
ਕਸ਼ਮਕਸ਼ ਚੋਂ ਨਿਕਲ,
ਮਨਮੋਹਣੇ ਖਿਆਲ ਪਾਲਦੇ ਹੋਏ
ਖੁਲ੍ਹ, ਗੌਰਵ, ਆਪਾਵਾਰਨ
ਇੱਕ ਦੂਜੇ ਚ ਗੁਆਚਣ ਲਈ
ਇਬਾਦਤ ਕਰੀਏ...
ਤੇਰੇ ਮੇਰੀ ਹੋਂਦ
ਬਰਾਬਰਤਾ, ਸਾਂਝ ਸੰਗ ਦੀ
ਆਖਰ ਤੂੰ ਤੇ ਮੈਂ...
ਹੈ ਤਾਂ ਇਨਸਾਨ !... ਕੁਝ ਘਾਟਾਂ ਸਮੇਤ !!
ਆ... ਇੱਕ ਦੂਜੇ ਦੀ ਸੁਖ ਮੰਗਦਿਆਂ
ਇੱਕ ਦੂਜੇ ਚ ਗੁਆਚ ਕੇ
ਆਨੰਦਿਤ ਹੋ ਜਾਈਏ !!!
21/09/15

ਉਘਾੜ
ਦਵਿੰਦਰ ਬਾਂਸਲ, ਕੈਨੇਡਾ

ਮਨ ਦੀ ਨਜ਼ਰ
ਉਤਸੁਕਤਾ ਤੇ ਤਾਂਘ,
ਪਿਆਰ ਦਾ ਸੁਆਮੀ, ਰੰਗੀਨ ਤਿੱਤਲੀ
ਹਵਾ ਦਾ ਦੇਵਤਾ, ਦਿਲ ਦੀ ਛੋਹ
ਰੂਹਾਂ-ਰੂਹਾਂ ਦਾ ਰਿਸ਼ਤਾ
ਅਨਮੋਲ ਤੋਹਫ਼ਾ
ਸਵੈ ਜਾਗਰੂਕਤਾ
ਸਪਸ਼ਟ ਹਵਾਲੇ, ਅਮਨ ਸਵਾਰ
ਜੰਗਲੀ ਘਾਹ ਓਹਲੇ ਫੁੱਲ
ਚੁੱਪ ਕੰਢੇ ਉੱਤੇ ਸੁੱਟ, ਇੱਛਾ ਲੁੱਟ
ਬੇਰੁਖੀ ਦੇ ਪੱਥਰਾਂ ’ਚ ਘਿਰ ਡੁੱਬੀ ਬੇੜੀ,
ਤਨਹਾਈ; ਤੜਫ; ਦਾਬ
ਦੇ ਗਿਆ ਬੇਰਹਿਮ ਪੈਗਾਮ
ਲਾਪਰਵਾਹ ਬਹੁਤ ਤੇਜ਼ , ਡੂੰਘਾ ਸਮੁੰਦਰ
ਸਜ਼ਾ ਹੈ, ਜ਼ਿੰਦਗੀ ਨੂੰ ਕਰਨਾ ਪਿਆਰ
ਹਰਜਾਨਾ ਪਰੇਰਤ ਵਿਨਾਸ਼
ਜੁਦਾਈ ਪੀੜਤ, ਨਿਰਾਸ਼ ਝੀਲ
ਤਲਾਸ਼ਦੀ ਚਿਤਰਿਤ ਜ਼ਿੰਦਗੀ ਦਾ ਗੀਤ
ਹਉਕਿਆਂ ਦੇ ਸਾਗਰ 'ਚ ਡੁੱਬ ਕੇ
ਟਕੋਰੇ ਦਿਲ ਤੇ ਉਕਰੇ ਜ਼ਖਮ
ਮਰ ਕੇ ਵੀ ਨਾ ਮਰੀ ਝੱਲੀ ਰੂਹ
ਢਾਉਂਦਿਆਂ ਢਾਉਂਦਿਆਂ ਢਹੀ ਨਾ
ਢੀਠ ਖੁਰ ਖੁਰ ਭੁਰਦਾ ਬੁੱਤ
ਸਾਬਕਾ ਖੁਸ਼ੀ ਤੇ ਸੰਤੋਖ
ਦਾ ਇੱਕ ਮਹਿਜ਼ ਪਰਛਾਵਾਂ
ਅਣਪੱਛਾਤੀ ਉੱਡਦੀ ਸ਼ੈਅ
ਹੰਝੂਆਂ ਨੂੰ ਹਾਸੇ, ਜੀਵਨ ਨੂੰ ਸਾਹ !
17/08/15

ਅੰਨ੍ਹਾ ਝੱਖੜ
ਦਵਿੰਦਰ ਬਾਂਸਲ, ਕੈਨੇਡਾ

ਹੁਣ ਤੇ ਇਹ ਨਾ ਆਖ ...
“ਮੈਂ” ਕਦੇ ਮਹਿਸੂਸ ਵੀ ਨਹੀ ਕੀਤਾ
ਕੀ ਹੁੰਦੀ ਏ ਮਮਤਾ ??
ਦਿਲ ਤੇ ਤੇਰਾ ਵੀ …
ਕਦੇ ਕਦੇ ਤੇ , … ਜ਼ਰੂਰ
ਪਿਆਰ ਹੜ੍ਹ ‘ਚ ਘਿਰ
ਵਿੱਛੜਨ ਦੇ ਭੈਅ ਨਾਲ ਛਲਕ
ਕੁਚਲ ਹੋ ... ਦਫ਼ਨ ਹੁੰਦਾ ਹੋਵੇਗਾ
ਦਸ ਖਾ ਬੇਖਬਰਿਆ ਕਿਓਂ …?
ਪਾਬੰਦੀਆਂ ਗੜੁੱਚ ਤਸ਼ੱਦਦ ਦੀ ਮਾਰ
ਛੁਪਾਉਂਦਾ ਏਂ ਬਹੁਰੰਗੀ ਸੋਚ ਹਥੌੜਿਆਂ ਦੇ ਡਾਢੇ ਵਾਰ
ਅਜ਼ੀਮ ਮਜਬੂਰੀਆਂ ਤੇ ਲਾਚਾਰੀਆਂ ਦਾ ਰੋ
ਧੱਕੋਧੱਕੀ ਥੋਪੀਆਂ ਜ਼ਿੰਮੇਵਾਰੀਆ ਦੀ ਝੌਂਅ
ਆਪਣਿਆ ਨੂੰ ਅਪਣਾਉਣ ਦੀ ਤੜਪ
ਸਹਿਕ ਦੀਆਂ ਸੱਧਰਾਂ ਦੀ ਤਨਹਾਈ
ਦੁਚਿੱਤੀ ਦਾ ਲਟਕਦਾ ਕਰੂਪੀ ਫੰਦਾ
ਅਭੁੱਲ ਤਪਾਈਆਂ ਯਾਦਾ ਦੀ ਤਪਸ਼
ਸੰਘੀ ਘੁੱਟਦੇ ਪਛਤਾਵੇ ਦਾ ਧੁਖ
ਲੱਛੇ ਉਲਝੇ ਅਜੀਬ ਅਸਹਿ ਦਰਦ,
ਦਿਲ ਦਿਮਾਗ ‘ਚ ਮਚਦੀ ਉਥਲ-ਪੁਥਲ
ਦਿਲ ਘਾਇਲ ... ਜਾਨ ਫੱਟੜ
ਚੇਤਨਾ ਭਟਕੇ ... ਸਕੂਨ ਖਿਸਕੇ
ਮੁਰਾਦ ਜ਼ਖਮੀ ... ਵਿਵੇਕ ਪਰੇਸ਼ਾਨ !!
ਖਾਹਮਖਾਹ ਸੌਂਪ ਆਪਾ ... ਮੋਹ ਘੋਖੇ ...
ਖੁਸ਼ੀ ਤੇ ਬਹਾਰ ... ਮਿਲਾਪ ਤੇ ਜੁਦਾਈ ,
ਦੁੱਖ ਤੇ ਗਮ ... ਕਲਪਨਾ ਤੇ ਹਕੀਕਤ !
ਜ਼ਿੰਦਗੀ ਤੋ ਮੌਤ ... ਫਿਰ ... ਮੌਤ ਤੋ ਜ਼ਿੰਦਗੀ ..!!
ਹੈ ਨਾ ...ਆਪਣੇ ਉੱਤੇ ਦਿੜ੍ਹ ਵਿਸ਼ਵਾਸ ?
ਹੈ ਨਾ ...ਸਰਬ ਸ਼ਕਤੀਮਾਨ ਤੇ ਭਰੋਸਾ ??
ਤਾਂ ਆ ...
ਫਿਰ ਤੁਰ ਪੈ ਵਹਿੰਦੀ ਨਦੀ ਦੀ ਚਾਲ ...!!!
24/06/15

ਖੰਭ
ਦਵਿੰਦਰ ਬਾਂਸਲ, ਕੈਨੇਡਾ

ਮੰਜ਼ਿਲ ਤੇ ਪਹੁੰਚਣਾ...
ਤੂਫਾਨਾਂ ਦੀ ਪਰਵਾਹ !
ਅਥਾਹ ਹੌਸਲਾ ... ਜਕੜੇ ਪੈਰ
ਨਿਗਾਹ ਦਿਸਹੱਦੇ ਤੇ ....!!
ਪਰ … ਤੂੰ ਨਾਲ ਹੈਂ !!
ਕਾਫੀ ਹੈ ਭਵਸਾਗਰ ...
ਆਪਣਾ ਆਪ ਤਰਾਸਣ ਲਈ
ਮਸੂਮ ਸੁਫਨੇ ਟਹਿਕਣ ਲਈ
ਕਾਲੀਆਂ ਸਿਆਹ ਰਾਤਾਂ ਰੁਸ਼ਨਾਉਣ ਲਈ
ਸੁਹਾਉਣੀਆਂ ਠੰਡੀਆਂ ਸੀਤ ਹਵਾਵਾਂ...
ਜਗਮਗ ਪਲਾਂ ਮਸਤਣਾ,
ਇਸ਼ਕ ਗੜੂਤੀਆਂ ਰੂਹਾਂ
ਤੇਰੇ ਸਾਹ ਮੇਰੀ ਜ਼ਿਦਗੀ ...!
ਮੇਰੀ ਹੋਂਦ … ਤੇਰੇ ਅਹਿਸਾਸ .. !!
ਇਕਲਾਪੇ ਨੂੰ ਅਲਵਿਦਾ ... !!
ਮੁੱਦਤਾ ਦਾ ਸਫਰ ਤਹਿ ਕਰਕੇ
ਪਹੁੰਚੇ ਹਾਂ ਇਸ ਮੁਕਾਮ ਤੇ
ਸ਼ੁਕਰੀਆ ਨਾ ਕਰਾਂ ???
ਮੁਗਧ ... ਉੱਘੜਵੀ ਧੁਨ 'ਚ
ਮੌਜ ਸੰਗੀਤ ਦੀ ਗੰਗਾ ਛੇੜ !!
ਹਾਦਸਿਆਂ ਰਾਹ ਨੀ ਦੇਣਾਂ ਮੈਨੂੰ ...
ਲੁਕਣਮੀਚੀ ਮੁਕਾਬਲਿਆ...
ਅਜ਼ਮਾਉਣਾ ਮੈਨੂੰ ...
ਕਰਾਂ ਗੀ ਸਫਰ ਜਿੰਦਗੀ ਦਾ ਤਹਿ
ਬੇਵਸੀ ਬਹਿਕਾ ਕੇ .. !!
22/06/15

ਤਾਂਘ
ਦਵਿੰਦਰ ਬਾਂਸਲ, ਕੈਨੇਡਾ

ਬੈਠ ਤੱਕਾਂ, ਤੇ …
ਭੁਲੇਖਾ ਪੈਂਦਾ
ਜਵਾਨੀ ਦੀ ਦਹਿਲੀਜ਼ ਦਾ
ਅੱਜ ਵੀ ਹੈ … ਤੇਰਾ ਇੰਤਜ਼ਾਰ
ਤੱਕਦੀ ਰਹਾਂ, ਤੇਰਾ ਰਾਹ
ਸੱਜ ਧੱਜ …
ਸਾਰਾ ਸਾਰਾ ਦਿਨ
ਉਡੀਕ ਨਾ ਮੁੱਕੇ ਤੇਰੇ ਆਉਣ ਦੀ
ਤੱਕਦੀ ਰਹਾਂ …
ਤੇਰੇ ਰਾਹਾਂ ਦੀ ਉੱਡਦੀ ਧੂੜ …
ਤੇਰੀ ਇੰਤਜ਼ਾਰ … ਬਸ !
ਨਾ ਕੁੱਝ ਹੋਰ ! !
ਨਾ ਕੁੱਝ ਹੋਰ ! !
20/06/15

ਪਛਾਣ
ਦਵਿੰਦਰ ਬਾਂਸਲ, ਕੈਨੇਡਾ

ਕੀ ਭੁੱਲ ਗਿਉਂ ???...
ਆਪਣੀ ਅੱਖੜ ਡੁਗਡੁਗੀ ਵਜਾ
ਤੁਸਾਂ ਤਾਂ ਆਖ ਦਿੱਤਾ ਸੀ ਨਾ
ਖ਼ੁਦ ਹੀ ਨਿਪਟਾਰਾ ਕਰ
ਤਾਣਾ ਤੇਰਾ .....
ਆਪਾ ਛੂਹਣ ਦੀ ਕੰਬਣੀ
ਆਪੇ ਨੂੰ ਤਰਲਾ ਪਾ ... ਹਲੂਣਾ
ਅਜਬ ਤਲਾਸ਼ ਦਾ ਜਜ਼ਬਾ
ਮਜਬੂਰੀ ਕੀ … ਖ਼ਿਮਾ ਕੀ ... ਵਿਚਾਰਾਂ
ਚਿਰਾਕੀ ਹੀ ਸਹੀ, ਪਰ ਅਹੁੜਿਆ ...
ਮੈਂ ਵੀ ਤੇ ਬਦਲਣਯੋਗ ਹਾਂ ...
ਆ ਬਹੁੜਿਆ ਹੁਣ
ਮੇਰੇ ਵਿਚਲੇ ... ਨਜ਼ਰਬੰਦ
ਮਸਤੀ ਦੇ ਨਾਥ ! ...
ਦੇ ਮੇਰਾ ਸਾਥ ! ...
ਆ ਵੇਖ ਤਾਂ ਸਹੀ
ਕਿੰਨੀ ਬਦਲ ਗਈ ਹਾਂ ... ਮੈਂ !!
ਸਰਾਸਰ ਬੇਲਗਾਮ ਹਾਂ,
ਬੇਖੁਦੀ ਦੀ ਆਸ਼ਕ ਹਾਂ ਮੈਂ !!
ਭੋਨਵਾਂ ਸਿੱਕਾ ਦੀ ਧੂੜ ‘ਚ ਰੁਲ
ਅਪਣਿਆਂ ਜ਼ਖ਼ਮਾਂ 'ਤੇ ਮਲ੍ਹਮ ਹਾਂ,
ਸੋਨੇ ਦੇ ਛਾਬਿਆਂ ‘ਚ ਤੁਲ …
ਅਪਣਿਆ ਨਸੀਬਾਂ ਦੀ ਸ਼ਾਹਜ਼ਾਦੀ ਹਾਂ,
ਆ ਤੇ ਬੇਸ਼ੱਕ ਅਜ਼ਮਾ ਲੈ
ਸੱਚ ਮੁਚ ... ਮਸਕੀਨ ਹਾ ... ਮੈਂ !!!
19/06/15

 

ਕੈਦ
ਦਵਿੰਦਰ ਬਾਂਸਲ, ਕੈਨੇਡਾ

ਮਨਾ ਕਿਓ …… ???
ਭਰਮ-ਭੁਲੇਖਿਆਂ ‘ਚ ਪੈ ਕੇ ਚੁਗਦਾ
ਟੁੱਟਿਆ ਰਿਸ਼ਤਿਆਂ ਦੇ ਖੋਲ ...
ਨਾ, ਨਾ, ਨਾ ਕਰ ...
ਵਿਰੋਧਾਂ ਅਤੇ ਮਾਨਸਿਕ ਤਣਾਵਾਂ ਦਾ ਪ੍ਰਗਟਾਵਾ
ਨਾ ਖੋਲ੍ਹ ਕੁੜੱਤਣ ਲੱਥ-ਪੱਥੀਆ ਗੁੰਝਲਾਂ,
ਦੁੱਖ ਤੇ ਰੋਸ ਨਾਲ ਧੁਖ ਰਹੇ ਕਲੇਜੇ ਦੀ ਹੁੰਮਸ
ਨਹੀ, ਨਹੀ, ਨਹੀ ਜਾਣਦੇ ਦੂਤ
ਸੜਦੇ ਖੂਨ ਦੀ ਝੁਲਸਾਣੀ ਦਾਹ
ਉਬਲਦੇ ਦਰਦਾਂ ਦਾ ਇਹਸਾਸ
ਗਹਿਰੀਆਂ ਘੁਣਾਦੀਆਂ ਪੀੜਾ ਦੀ ਧੂਹ
ਨਹੀਂਓਂ, ਮੁੱਕਣੇ ਇਜ ਤਲਖ਼ੀ ਹਉਕੇ ਹਾਵੇ
ਕਿਸੇ ਨਾ ਤੱਕਣੇ ਤੇਰੇ ਅਣਗਿਣਤ ਦੁਖਾਂਤਾਂ,
ਆਫ਼ਤਾਂ ਨਾਲ ਭਰੇ ਦਿਲ ਦੇ ਵੀਰਾਨ ਕੋਨੇ
ਕਿਵੇਂ ਮੱਚੀ ਏ ਧਾਂਦਲੀ ਚਾਰੇ ਪਾਸੇ
ਕਿਰਚ-ਕਿਰਚ ਟੁੱਟਦੇ ਅਰਮਾਨਾ ਦੀ
ਚੂਰਾ-ਚੂਰਾ ਹੋਏ ਚਾਅ, ਮਲ੍ਹਾਰਾਂ ਦੀ
ਜ਼ਹਿਰੀ ਜ਼ੁਬਾਨ ਯੁੱਧ ਦੀ
ਉੱਚੇ-ਉੱਚੇ ਉਛਾਲੇ ਚਿੱਕੜ ਦੀ
ਸ਼ਤਰੰਜ ਹੈ, ਇਹ ਦੁਨੀਆਂ ...
ਰਹਿਣ ਦੇ ਗੁੱਝੀਆਂ ਅਤਿ ਸੂਖ਼ਮ ਭਾਵਨਾਵਾਂ
ਕਿਤੇ ਖੁਰ ਨਾ ਜਾਣ ਖਰੂਦੀ ਵਹਿਣਾ ਨਾਲ
ਨਾਪ ਲੈ ਅੰਦਰਲੇ ਹਨੇਰੇ ਦੀ ਘਣਤਾ
ਕਿਤੇ ਡੁਬ ਨਾ ਜਾਣ ਚੰਦਰੇ ਚੰਦ ਸਿਤਾਰੇ
ਉਫ਼ ! ਕਿਤੇ ਢਹਿ ਢੇਰੀ ਹੋ ਕੇ
ਗਾਇਬ ਨਾ ਹੋ ਜਾਏ ਹੋਂਦ !
ਚਲ, ਉਠ ...
ਮਜ਼ਬੂਰੀ ਦਾ ਲਿਬਾਸ ਉਤਾਰ
ਖੋਲ੍ਹ ਫੈਸਲੇ ਦਾ ਬੰਦ ਲਿਫਾਫਾ
ਦਿਲੋ-ਜਾਨ ਹੋ ... ਹੋਸ਼ ਦਾ ਪੀ ਜਾਮ
ਸੰਘਰਸ਼ ਦੇ ਘਨ੍ਹੇੜੇ ਚੜ੍ਹ ਕੇ
ਲੰਘ ਜਾ ਪਾਸਾ ਵੱਟ ਕੇ ...
ਖੋਜ ਵਰਤਮਾਨ ਦੀਆਂ ਗਲੀਆਂ
ਮਨਾ ਲੈ ਜਗਦੇ, ਬੁਝਦੇ ਰੰਗ ...
ਪਾਲ ਆਪਣਾ ਮਹਿਕਦਾ ਜਹਾਨ
ਢਲਦੇ ਸੂਰਜ ਤਕ !!!
19/06/15

ਤਲਾਸ਼
ਦਵਿੰਦਰ ਬਾਂਸਲ, ਕੈਨੇਡਾ

ਮੈ ਹੈਰਾਨ ਹੋ
ਜਵਾਬ ਭਾਲਦੀ ਹਾ
ਆਪਣੇ ਆਪ ਚੋਂ...
ਨਿੱਘ, ਪਿਆਰ... ਮੁਹੱਬਤ, ਦੋਸਤੀ
ਅਪਣੱਤ ਹੁਣ ਧੁੰਦਲੀ ਕਿਵੇਂ?
ਸਵਾਲ ਨਹੀਂ ਲਭਦਾ
ਮੈਨੂੰ ਤੇਰੇ ਚੋਂ...
ਮੁਹੱਬਤਾਂ ਨੂੰ ਪਾਲ ਅਸੀਂ
ਵੰਡਾਂਗੇ ਆਪਣੇ ਸੁਫਨੇ
ਸਾਰਥਿਕ ਭਵਿਖ ਲਈ...!
ਰੁਸ਼ਨਾਉਣ ਲਈ
ਆਪਣੀ ਆਤਮਾ ਨੂੰ...!!
ਜੋਸ਼ ਨਾਲ ਮੱਘਦੇ ਸਾਹਾਂ ਤਕ...!!!
ਰਹਿਣਾ ਰਸ ਦੀ ਬਸਤੀ 'ਚ
ਇਸ਼ਕ ‘ਚ ਉਛਲ ਉਛਲ ਡੁਲ ਡੁਲ!!!
ਜ਼ਿੰਦਗੀ ਬੇਕਸੂਰ... ਬਹੁਮੁਲਾ ਖ਼ਜ਼ਾਨਾ
ਤੋਹਮਤਾਂ ਤੋਂ ਬਿਨਾਂ... ਸੁਰੱਖਿਅਤ ਦਿਲਾ ’ਚ
ਆਜ਼ਮ… ਸਵਰਗੀ… ਆਨੰਦਿਤ ਪ੍ਰਾਣਾ ਦਾ ਘੋਲ਼
ਤੂੰ ਔਰ ਮੈਂ, ਦੋਵੇਂ ਖਾਸ ਤੇ ਜਿਗਰੀ!!!
ਰੱਖੀਂ ਸਲਾਮਤ, ਪਿਆਰ ਮੇਰਾ...
ਗਾੜ੍ਹੀ ਮਲਾਹਜੇਦਾਰੀ...
ਕਿਤੇ ਬਣ ਨਾ ਜਾਵੇ ਸੂਲਾਂ ਦੀ ਸੇਜ...
ਹੱਡੀਆਂ ਦਾ ਬਾਲਣ...
ਇਸ਼ਕ ਦਾ ਤੰਦੂਰ...ਤੇ ਦੋਜ਼ਖ...!!!
ਕਿਵੇਂ ਸਹਾਂਗੀ???
ਤੂੰ ਹੀ ਦੱਸ...ਦਰਦੀਆ...!!!
ਵੇਖੀ…
ਸਾਡੀ ਨਾਦਾਨ ਮੁਹੱਬਤ ਨੂੰ
ਅੰਨ੍ਹੀ ਹਵਸ ਨਾ ਆਖੇ ਕੋਈ...
31/05/2015
 

ਸ਼੍ਰੀਮਤੀ ਦਵਿੰਦਰ ਬਾਂਸਲ
ਟੋਰੋਂਟੋ, ਕੈਨੇਡਾ
rightangleindia@gmail.com

5_cccccc1.gif (41 bytes)

>> 1 2 3 4 5 6 7             hore-arrow1gif.gif (1195 bytes)

Terms and Conditions
Privacy Policy
© 1999-2014, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2014, 5abi.com