WWW 5abi.com  ਪੰਨਿਆ ਵਿੱਚ ਸ਼ਬਦ ਭਾਲ

5_cccccc1.gif (41 bytes)

       ਪੰਜਾਬੀ ਕਵਿਤਾ

ਹੋਰ ਪੰਜਾਬੀ ਕਵੀ >>

>> 1 2 3 4 5 6 7             hore-arrow1gif.gif (1195 bytes)

ਗੁਰਮੇਲ ਬੀਰੋਕੇ
ਕਨੇਡਾ

ਕਰੰਡ
ਗੁਰਮੇਲ ਬੀਰੋਕੇ, ਕਨੇਡਾ

ਨਰਮਾਂ ਸਾਡੇ ਪਿਆਰ ਦਾ
ਕਾਰਪੋਰੇਸ਼ਨਾਂ ਦੀ ਮਾਰ ਨਾਲ
ਕਰੰਡ ਹੋ ਗਿਆ,
ਅਫ਼ਸਰਸ਼ਾਹੀ ਦੀ ਪੰਜਾਲ਼ੀ
ਰਾਜਨੀਤੀ ਦਾ ਹਲ਼
ਰਿਸ਼ਵਤਖੋਰੀ ਦੀ ਚੌ ਨਾਲ
ਹਾਲ਼ੀ ਦਾ ਬਲਦ ਡੰਗ ਹੋ ਗਿਆ,
ਮੈਨਸੈਂਟੋ ਦਾ ਜੈਨੇਟਿਕ ਮੌਡੀਫਾਈਡ ਬੀਜ
ਹਰ ਸਾਲ ਨਹੀਂ ਉੱਗਦਾ
ਆਰਥਿਕ ਗੁਲਾਮੀ ਦਾ
ਝੰਡਾ ਬੁਲੰਦ ਹੋ ਗਿਆ,
ਸਮਾਜ ਖੜ੍ਹੇ ਪਾਣੀ ਦਾ ਛੱਪੜ
ਵਿੱਚ ਉੱਗੀ ਜਿਲ਼ਬ
ਉੱਤੇ ਲਿਖਿਆ ਤੇਰਾ
"ਆਈ ਲਵ ਯੂ"
ਪਲਾਂ ਵਿੱਚ ਬੇਰੰਗ ਹੋ ਗਿਆ,
--- ਕਰੰਡ ਫੁੱਟੇਗੀ ਓਸ ਦਿਨ
ਜਦ ਬੈੱਡਰੂਮ ਵਿੱਚ ਬਣੀ ਲਾਇਬਰੇਰੀ
ਰੋਟੀ ਵਾਲੇ ਛਾਬੇ ਕੋਲ
ਕਿਤਾਬਾਂ ਦਾ ਛਿੱਕੂ ਟੰਗ ਹੋ ਗਿਆ---
22/02/15

 

ਇਨਾਮ
ਗੁਰਮੇਲ ਬੀਰੋਕੇ, ਕਨੇਡਾ

ਮੇਰੇ ਪਿਆਰੇ ਬਾਪੂ,
ਮੈਂ ਕਵਿਤਾ ਲਿਖਾਂਗਾ
ਤੈਨੂੰ ਸ਼ਾਇਦ ਸਮਝ ਨਾ ਲੱਗੇ
ਪਰ ਤੈਨੂੰ ਪਤਾ ਹੈ…
ਚਰਖੇ ਦੇ ਤੱਕਲ਼ੇ ਨਾਲ
ਨਰਮਾਂ ਨਹੀਂ ਗੁੱਡਿਆ ਜਾ ਸਕਦਾ
ਗੁਲਾਬ ਦੇ ਫੁੱਲਾਂ ਦੀ ਖੇਤੀ ਕਰਕੇ
ਲੋਕਾਂ ਦਾ ਢਿੱਡ ਨਹੀਂ ਭਰਿਆ ਜਾ ਸਕਦਾ
ਇਥੇ ਬਹੁਤ ਹੈਗੇ
ਜੋ ਸਰਕਾਰੀ ਕਾਗਜਾਂ 'ਤੇ ਕਵਿਤਾ ਲਿਖਦੇ
ਸਰਕਾਰੀ ਖਜਾਨੇ ਦੀ ਕਲਮ ਕਰਕੇ ਚੋਰੀ
ਬਹੁਤ ਇਨਾਮ ਪਾਉਂਦੇ ਉਹ…
ਆਪਣੇ ਮੌਲੇ ਬਲ਼ਦ ਜਦ
ਟਿੱਬਿਆਂ ਵਾਲੇ ਰਾਹ ਵਿੱਚ
ਗੱਡਾ ਖਿੱਚਣ ਭਰਿਆ ਲਾਂਗੇ ਦਾ
ਉਹਨਾਂ ਦੀ ਹੌਂਕਣੀ
ਪੁੱਛੇ ਮੈਨੂੰ-
ਆਹ ਮੌਲਿਆਂ ਦੀ
ਕੋਈ ਬਣੇਗੀ ਕਵਿਤਾ ??
ਇਸੇ ਲਈ ਮੈਂ
ਚੋਏ ਦੇ ਬੰਨ੍ਹ ਉੱਤੇ ਉੱਗੇ
ਸਰਕੜੇ ਦੀ ਘੜਕੇ ਕਲਮ
ਛੋਲੂਏ ਦੀਆਂ ਹੋਲ਼ਾਂ ਭੁੰਨਕੇ
ਬਚੇ ਕੋਲਿਆਂ ਦੀ ਬਣਾਕੇ ਸ਼ਿਆਹੀ
ਮਾਰੂ ਸਰੋਂ ਦੀ ਵੱਟ ਉਤੇ ਬਹਿ
ਲਿਖਾਂਗਾ ਕਵਿਤਾ
ਮੌਲੇ ਬਲ਼ਦਾਂ ਦੀ…
ਇਨ੍ਹਾਂ ਦੀ ਮਾਰੀ ਬੜ੍ਹਕ
ਮੇਰਾ ਹੋਵੇਗੀ ਇਨਾਮ…
ਮੇਰੇ ਪਿਆਰੇ ਬਾਪੂ,
ਮੈਂ ਕਵਿਤਾ ਲਿਖਾਗਾਂ…।
12/11/2014

 

ਅੱਛੇ ਦਿਨ
ਗੁਰਮੇਲ ਬੀਰੋਕੇ, ਕਨੇਡਾ

ਧਰਮਾਂ ਅਤੇ ਜਾਤਾਂ ਦੀ ਪੂਛ ਉੱਤੇ
ਟੰਗਿਆ ਕੌਮੀ ਝੰਡਾ
ਦੇਸ਼ ਦੇ ਨੇਤਾ ਖੁਸੀਆਂ ਨਾਲ ਲਹਿਰਾਉਂਦੇ,
ਜਦ ਤੱਕ
ਬਗਲਿਆਂ ਦੇ ਗਲ਼ਾਂ ਵਿੱਚ ਸੋਨੇ ਦੇ ਕੈਂਠੇ
ਗਿਰਝਾਂ ਦੇ ਪੈਂਰੀਂ ਅਮਰੀਕੀ ਝਾਂਜਰਾਂ
ਲੋਕਾਂ ਦੇ ਅੱਛੇ ਦਿਨ ਨਹੀਂ ਆਉਂਦੇ
ਅੱਛੇ ਦਿਨ ਨਹੀਂ ਆਉਂਦੇ ---
02/09/2014

ਪੰਦਰਾਂ ਅਗਸਤ
ਗੁਰਮੇਲ ਬੀਰੋਕੇ, ਕਨੇਡਾ

ਮੈਂ ਸਤਲੁਜ ਗੱਲਾਂ ਕਰਨੀਆਂ ਚਾਹੁੰਦਾ ਤੇਰੇ ਨਾਲ
ਦੇਸ ਤੇਰੇ ਦਾ ਭਗਤ ਸਿਆਂ ਅੱਜ ਸੁਣਾਵਾਂ ਤੈਨੂੰ ਹਾਲ
ਲੀਡਰ ਜੋਕਾਂ ਬਣਕੇ ਚੂਸਣ ਲੋਕਾਂ ਦਾ ਰੱਤ
ਉਏ ਕਿਵੇਂ ਮਨਾਈਏ, ਕਿਵੇਂ ਮਨਾਈਏ
ਭਗਤ ਸਿਆਂ ਪੰਦਰਾਂ ਅਗਸਤ, ਕਿਵੇਂ ਮਨਾਈਏ
ਦਰਿਆ ਵੰਡੇ, ਧਰਤੀ ਵੰਡੀ, ਲੋਕ ਮਰਵਾਏ
ਗੁੰਡਿਆਂ ਵਰਗੇ ਨੇਤਾ ਦੇਸ ਭਗਤ ਅਖਵਾਏ
ਨਾਅਰਾ ਇਨਕਲਾਬ ਵਾਲੜਾ ਲਿਆ ਚੋਰਾਂ ਚੱਕ
ਕਿਵੇਂ ਮਨਾਈਏ ---

ਕਈਆਂ ਦੀ ਸੁਰਖੀ ਵੀ ਲੰਡਨੋਂ ਆਉਂਦੀ ਏ
ਕਈਆਂ ਦੀ ਕੁੱਤੀ ਮਲ਼ਾਈ ਨਾਲ ਨਹਾਉਂਦੀ ਏ
ਕਈਆਂ ਦੇ ਸਿਰ ‘ਤੇ ਕੂੜਾ ਗੋਹਾ ਲਿੱਬੜੇ ਹੱਥ
ਕਿਵੇਂ ਮਨਾਈਏ ---

ਪਾੜੋ ਰਾਜ ਕਰੋ ਦੀ ਨੀਤੀ ਦਾ ਗੂੜਾ ਰੰਗ ਹੋਗਿਆ
ਧਰਮੀਂ ਦੰਗੇ ਕਰਾਵਣ ਦਾ ਸੌਖਾ ਜਿਹਾ ਢੰਗ ਹੋਗਿਆ
ਇੱਕ ਨੂੰ ਨਿਵਾਜਣ ਲੀਡਰ ਦੂਜੇ ਦਾ ਲਾਉਂਦੇ ਸੱਕ
ਕਿਵੇਂ ਮਨਾਈਏ ---

ਰਾਜ ਪਲਟਾ ਜਾਂ ਅਸੀਂ ਅਜ਼ਾਦੀ ਵਾਲਾ ਕਹਾਂਗੇ ਯੁੱਧ
ਲੋਕਾਂ ਨੂੰ ਲੜਨਾਂ ਪੈਣਾ ਏ ਕਾਲ਼ੇ ਅੰਗਰੇਜਾਂ ਦੇ ਵਿਰੁੱਧ
ਲੋਕ ਆਪੇ ਚਲਾਵਣਗੇ ਫਿਰ ਦਿੱਲੀ ਵਾਲਾ ਤਖਤ
ਉਏ ਕਿਵੇਂ ਮਨਾਈਏ, ਕਿਵੇਂ ਮਨਾਈਏ
ਭਗਤ ਸਿਆਂ ਪੰਦਰਾਂ ਅਗਸਤ, ਕਿਵੇਂ ਮਨਾਈਏ
20/08/2014
 

ਜੂਠਾ ਪਾਣੀ
ਗੁਰਮੇਲ ਬੀਰੋਕੇ, ਕਨੇਡਾ

ਵੇ ਜਹਾਜ਼ਾਂ ਦੀਆਂ ਜਾਲਮਾਂ ਵੇ ਇਹ ਡਾਰਾਂ
ਕਿਹੜ੍ਹੇ ਦੇਸ ਤੋਂ ਜਾਲਮਾਂ ਵੇ ਭਰ ਆਈਆਂ

ਨੀ ਜਹਾਜ਼ਾਂ ਦੀਆਂ ਗੋਰੀਏ ਨੀ ਇਹ ਡਾਰਾਂ
ਦੇਸ ਪੰਜਾਬ ਤੋਂ ਸੋਹਣੀਏ ਨੀ ਭਰ ਆਈਆਂ

ਮੇਰੇ ਸ਼ਗਨਾਂ ਦਾ ਜਾਲਮਾਂ ਵੇ ਸਿਰ ਸਾਲੂ
ਵੇ ਰੰਗ ਮਾਣ ਕੇ ਚੰਦਰਾ ਵੇ ਛੱਡ ਗਿਆ

ਕਨੇਡਾ ਆਉਣ ਨੂੰ ਮੈਲ਼ਾ ਕੀਤਾ ਗੋਰੀਏ ਨੀ ਸਾਲੂ
ਨੀ ਏਅਰਪੋਰਟ ਤੋਂ ਗੋਰੀਏ ਨੀ ਭੱਜ ਗਿਆ

ਮੇਰੇ ਸ਼ਗਨਾਂ ਦਾ ਜਾਲਮਾਂ ਵੇ ਮੱਥੇ ਟਿੱਕਾ
ਵੇ ਹਿੱਕੜੀ 'ਚ ਸੱਧਰਾਂ ਰੁੜ ਜਾਣਾ ਵੇ ਛੱਡ ਗਿਆ

ਤੇਰੇ ਜਿਹੀ ਹੋਰ ਗੋਰੀ ਦੇ ਨੱਥੜੀ ਨੀ ਦਿੱਤੀ ਪਾ
ਜਿਹੜੇ ਦਿਨ ਵੀਜ਼ਾ ਗੋਰੀਏ ਨੀ ਲੱਗ ਗਿਆ

ਵੇ ਪੰਜ ਦਰਿਆਵਾਂ ਦਾ ਜਾਲਮਾਂ ਵੇ ਜੂਠਾ ਕਰਕੇ ਪਾਣੀ
ਸੁੱਚੀ ਬਰਫ਼ ਵਿੱਚ ਜਾਲਮਾਂ ਵੇ ਘੋਲਣ ਲੱਗ ਗਿਆ

ਵੇ ਦਰਿਆਵਾਂ ਦਾ ਜੂਠਾ ਪਾਣੀ
ਵੇ ਤੂੰ ਜੂਠਾ ਪਾਣੀ
ਵੇ ਤੂੰ ਜੂਠਾ ਪਾਣੀ…|

ਗੁਰਮੇਲ ਬੀਰੋਕੇ
15/06/2014

 

ਭਾਰਤੀ ਵੋਟਾਂ (2014) ਦੇ ਨਤੀਜੇ
ਮਾਡਰਨ ਬੋਲੀ
ਗੁਰਮੇਲ ਬੀਰੋਕੇ, ਕਨੇਡਾ

ਗਰੀਬੀ ਬੇਰੁਜਗਾਰੀ ਅਣਪੜਤਾ
ਮੂੰਹ ਬੈਠੇ ਅੱਡੀ
ਦੇਸ਼ ਕੇ ਨੇਤਾ ਮਾਂਗੇ
ਝੰਡੀ ਵਾਲੀ ਗੱਡੀ
ਫਲਾਣਾ ਜਿੱਤੂ ਫਲਾਣਾ ਹਾਰੂ
ਸਾਰੇ ਜਾਂਦੇ ਛੱਡੀਂ
ਸੱਚ ਪਤਾ ਨ੍ਹੀਂ ਵੀਰਨੋਂ
ਝੂਠ ਜਾਂਦੇ ਸਭ ਵੱਢੀਂ
ਕਿਸੇ ਨੂੰ ਕੈਂਠਾ ਪਾਉਂਦੇ
ਕਿਸੇ ਨੂੰ ਪਾਉਂਦੇ ਸੱਗੀ
ਚੈਂਨਲਾਂ ਆਲੇ਼ ਪੀਪਣੀਆਂ
ਵਜਾਉਂਦੇ ਅੱਡੋ ਅੱਡੀ .....

ਗੁਰਮੇਲ ਬੀਰੋਕੇ
13/05/2014

 

ਰਾਜਨੀਤਿਕ ਚਲਾਕੀਆਂ
ਗੁਰਮੇਲ ਬੀਰੋਕੇ, ਕਨੇਡਾ

ਬੰਬੇ ਤੋਂ ਲਿਆਂਦੀ ਹੀਰੋਇਨ
ਖੜ੍ਹੀ ਕੀਤੀ ਵਿੱਚ ਵੋਟਾਂ ਦੇ
ਉਹਦੀਆਂ ਗੱਲ੍ਹਾਂ ਦੇ ਟੋਇਆਂ ਵਿੱਚ
ਡੁੱਬ ਜਾਣੇ ਸਾਰੇ ਦੁੱਖ ਲੋਕਾਂ ਦੇ
ਇਹਦੇ ਪਿੰਡੇ ਵਾਂਗ ਹੋਣਗੀਆਂ
ਕੂਲ਼ੀਆਂ ਕੂਲ਼ੀਆਂ ਸੜਕਾਂ ਜੀ
ਕਾਗਜਾਂ ਵਿੱਚ ਹੋਉ ਤਰੱਕੀ
ਕੱਢ ਦਿਆਂਗੇ ਸਭ ਰੜਕਾਂ ਜੀ
ਢੱਠੇ ਸਕੂਲ ਬਿਨ੍ਹਾਂ ਅਧਿਆਪਕ
ਪੜ੍ਹਣਗੇ ਬੱਚੇ ਇਹਦੀਆਂ ਕਿਤਾਬਾਂ ਨੂੰ
ਮਾਵਾਂ ਭੈਣਾਂ ਧੀਆਂ ਥੋਡੀਆਂ
ਦਬਾ ਰੱਖਣਗੀਆਂ ਅਜ਼ਾਦੀ ਦੇ ਖ਼ਾਬਾਂ ਨੂੰ
ਢਿੱਡ ਭਰਨੇ ਲਈ ਰੱਜ ਰੱਜ ਸੁੰਘੋ
ਇਹਦੇ ਸੁਰਖੀ ਪਾਉਡਰ ਦੀਆਂ ਲਪਟਾਂ ਜੀ
ਡਾਕੇ ਮਾਰੋ ਨਸ਼ੇ ਵੇਚੋ
ਠਾਣਾ ਨਾ ਲਿਖੂਗਾ ਕਦੇ ਰਪਟਾਂ ਜੀ
ਵਾਰੇ ਨਿਆਰੇ ਖੇਤਾਂ ਵਿੱਚ ਹੋਣੇ
ਕੋਹ-ਕਾਫ਼ ਦੀਆਂ ਪਰੀਆਂ ਨਰਮਾਂ ਚੁੱਗਣਗੀਆਂ
ਕਣਕ ਝੋਨਾ ਮੋਠ ਜੋ ਮਰਜ਼ੀ ਬੀਜੋ
ਸਾਰੇ ਦੇਸ ਵਿੱਚ ਦਾਖਾਂ ਹੀ ਉੱਗਣਗੀਆਂ
ਇਹ ਬੀਬੀ ਹਰ ਮਰਜ਼ ਦੀ ਦਵਾ ਹੈ
ਤੋੜ ਦੇਉਗੀ ਰੋਗ ਸਾਰੇ ਹੀ ਥੋਡੇ ਜੀ
ਹਸਪਤਾਲ ਸਾਰੇ ਬੰਦ ਕਰ ਦੇਣੇ
ਬੁੱਢਿਆਂ ਦੇ ਆਪੇ ਚੱਲ ਪੈਣਗੇ ਗੋਡੇ ਜੀ।

ਗੁਰਮੇਲ ਬੀਰੋਕੇ
ਫੋਨ :001-604-825-8053
Gurmail Biroke
30- 15155- 62A Avenue
Surrey, BC
V3S 8A6
Canada
gurmailbiroke@gmail.com

ਮੇਲ
ਗੁਰਮੇਲ ਬੀਰੋਕੇ, ਕਨੇਡਾ

ਸੜਕ ਉੱਤੇ ਮਾਰੀਆਂ ਲਖੀਰਾਂ
ਕਾਨੂੰਨ ਦਰਸਾਵਣ
ਇਹ ਰੰਗੋਲੀ ਨਹੀਂ ਹੁੰਦੀਆਂ
ਹੱਥਾਂ ਉੱਤੇ ਬਣੀਆਂ ਲਖੀਰਾਂ
ਮਾਸ ਦੇ ਮੋੜਾਂ ਦੀ ਭਾਨ
ਇਹ ਕਿਸਮਤ ਨਹੀਂ ਹੁੰਦੀਆਂ
ਮੇਰੇ ਹੱਥਾਂ ਦਾ ਆਸ਼ਕ
ਪੈਰਾਂ ਦਾ ਚੁੰਮਣ ਲੈ ਗਿਆ
ਝਾਂਜਰ ਉਹਦਾ ਨਾਮ ਜਪੇ
ਕੱਢ ਵੰਗਾਂ ਦਾ ਕਾਲ਼ਜਾ ਲੈ ਗਿਆ
ਮੈਂ ਕਸੋਭਲ਼ੀ
ਸੋਹਣਾ ਫੁੱਲਾਂ ਤੋਂ ਵਧਕੇ ਉਹ
ਰੂਹ ਮੇਰੀ ਆਪਣੇ ਸੰਗ ਹੀ ਲੈ ਗਿਆ
ਰੁੜ੍ਹ ਜਾਣਾ ਦਿਲ ਨਾ ਰੁਕਦਾ
ਡੈਮ ਠੱਲ ਦਿੰਦੇ ਵਹਿਣ ਦਰਿਆਵਾਂ ਦੇ
ਮੈਂ ਡਰਦੀ
ਭਰਝਿੱਟੀ ਨੂੰ ਕਦੇ ਕੋਈ ਫੁੱਲਦਾਨ ਵਿੱਚ ਨਹੀਂ ਰੱਖਦਾ---

21/04/2014
ਗੁਰਮੇਲ ਬੀਰੋਕੇ
ਫੋਨ: 001-604-825-8053
Gurmail Biroke
30- 15155- 62A Avenue
Surrey, BC
V3S 8A6
Canada
Email: gurmailbiroke@gmail.com

ਵਿਸਾਖੀ
ਗੁਰਮੇਲ ਬੀਰੋਕੇ, ਕਨੇਡਾ

ਗੁਰੂ ਜੀ,
ਆ ਜਾਂਦੀ ਹਰ ਸਾਲ ਵਿਸਾਖੀ
ਲੰਘ ਜਾਂਦੀ ਹਰ ਸਾਲ ਵਿਸਾਖੀ
ਤੇਰੇ ਪਿਆਰੇ ਤਾਂ ਪਤਾ ਨ੍ਹੀਂ
ਕਿੱਥੇ ਕਿੱਥੇ ਕਰਨ ਦਿਹਾੜੀਆਂ- ਮਜਦੂਰੀਆਂ
ਉਨ੍ਹਾਂ ਨੂੰ ਨਹੀਂ ਪਤਾ
ਕਦ ਆ ਜਾਂਦੀ ਵਿਸਾਖੀ
ਕਦ ਲੰਘ ਜਾਂਦੀ ਵਿਸਾਖੀ
ਲੰਬੜਾਂ ਦੇ ਖੇਤਾਂ ਵਿੱਚੋਂ ਸਿਲ਼ਾ ਚੁੱਗਦੀ
ਮੁਟਿਆਰ ਨੂੰ ਨਹੀਂ ਪਤਾ
ਕੀ ਹੁੰਦੀ ਏ ਵਿਸਾਖੀ
ਕਰਚਿਆਂ ਦੇ ਖਾਧੇ ਪੈਂਰਾਂ ਨੂੰ ਨਹੀਂ ਪਤਾ
ਕਰਚਿਆਂ ਨਾਲ ਲੜਨ ਲਈ ਮਨਾਈ ਤੁਸਾਂ ਵਿਸਾਖੀ
ਗੁਰੂ ਜੀ,
ਜੋ ਚਿੜੀਆਂ ਤੁਸਾਂ ਬਾਜ਼ਾਂ ਨਾਲ ਲੜਾਈਆਂ
ਉਹ ਅੱਜ ਆਪਸ ਵਿੱਚੀ ਲੜਦੀਆਂ
ਬਹੁਤ ਹਨ ਅੱਜ ਚਿੜੀਆਂ ਦੇ ਰੰਗ ਗੁਰੂ ਜੀ,
ਜ਼ਲਮ ਨਾਲ ਲੜਨ ਵਾਲੇ
ਨਿਰਧਨ, ਨਿਹੱਥੇ ਅਤੇ ਕਮਜ਼ੋਰ
"ਰਾਜੇ ਸ਼ੀਂਹ ਮੁਕੱਦਮ ਕੁੱਤੇ"
ਕਾਰਪੋਰੇਸ਼ਨਾਂ ਵੱਡੇ ਵੱਡੇ ਚੋਰ,
ਗੁਰੂ ਜੀ,
ਔਰੰਗਜ਼ੇਬ ਨਹੀਂ ਮੋਇਆ ਹਾਲੇ
ਸਗੋਂ ਬਹੁਤ ਹਨ ਦਿੱਲੀ ਵਾਲੇ
ਔਰੰਗਜ਼ੇਬ ਇਥੇ
ਬਹੁਤ ਹਨ ਸਰਹੰਦ ਵਾਲੇ
ਸੂਬੇਦਾਰ ਇਥੇ
ਬੜਾ ਕੁਫ਼ਰ ਤੋਲਦੇ
ਆਕੇ ਅਨੰਦਪੁਰ
ਵੋਟਾਂ ਮੰਗਦੇ
ਆਕੇ ਅਨੰਦਪੁਰ
ਮਜ਼ਲੂਮਾਂ ਦਾ ਲਹੂ ਪੀਂਦੇ
ਔਰੰਗਜ਼ੇਬ
ਬਹਿ ਤਖ਼ਤਾਂ ਉੱਤੇ,
ਸੁਣਿਆ ਹੈ ਗੁਰੂ ਜੀ,
ਹੁਣ ਔਰੰਗਜ਼ੇਬ ਅਤੇ ਸੂਬੇਦਾਰ
ਨਸ਼ਿਆਂ ਦਾ ਵੀ ਕਰਨ ਵਿਉਪਾਰ
ਤੇਰੇ ਪਿਆਰਿਆਂ ਦੀ ਉਲਾਦ
ਲਾ ਦਿੱਤੀ ਇਨ੍ਹਾਂ ਨਸ਼ਿਆਂ ਉੱਤੇ,
ਔਗੁਣ ਬਿਗਾਨੇ ਸੱਭਿਆਚਾਰਾਂ ਦੇ
ਭਰ ਦਿੱਤੇ ਭਾਰਤ ਦੀਆਂ ਵਿੱਚ ਨਾੜਾਂ ਦੇ
ਮੁਗਲੀਆ ਸਲਤਨੱਤ ਨਾਲੋਂ
ਭੈੜਾ ਰਾਜ ਪ੍ਰਬੰਧ ਗੁਰੂ ਜੀ
ਗੰਦ ਦੇ ਘਰੇ ਹੀ ਜੰਨਮੇ
ਭੈੜਾ ਗੰਦ ਗੁਰੂ ਜੀ,
ਤੇਰੇ ਵੇਲੇ ਵਾਲੀ ਗੁਰੂ ਜੀ
ਮੁੜ ਨਹੀਂ ਕਦੇ ਆਈ ਵਿਸਾਖੀ
ਪਰ ਫਿਰ ਵੀ
ਆ ਜਾਂਦੀ ਹਰ ਸਾਲ ਵਿਸਾਖੀ
ਲੰਘ ਜਾਂਦੀ ਹਰ ਸਾਲ ਵਿਸਾਖੀ
ਹਰ ਸਾਲ ਵਿਸਾਖੀ---

ਗੁਰਮੇਲ ਬੀਰੋਕੇ
ਫੋਨ: 001-604-825-8053
13/04/14

ਮੇਰੀ ਕਵਿਤਾ
ਗੁਰਮੇਲ ਬੀਰੋਕੇ, ਕਨੇਡਾ

ਮੇਰੀ ਮਹਿਬੂਬਾ ਕਹਿੰਦੀ-
ਤੇਰੀ ਕਵਿਤਾ
ਹਾਲੇ ਨਿਆਣੀ
ਤੇਰੀ ਕਵਿਤਾ
ਹਾਲੇ ਪਿੰਡ ਹੀ ਫਿਰਦੀ
ਤੇਰੀ ਕਵਿਤਾ
ਹਾਲੇ ਨਲ਼ੀਆਂ ਪੂੰਝੇ
ਵਿਹੜੇ ਵਾਲਿਆਂ ਦੇ ਜਵਾਕਾਂ ਦੀਆਂ
ਇਹ ਸ਼ਹਿਰ ਕਦ ਆਵੇਗੀ ?
ਮੈਂ ਕਿਹਾ-
ਭਲੀਏ ਲੋਕੇ !
ਮੇਰੀ ਕਵਿਤਾ ਦੇ ਅੱਖਰਾਂ ਦੀ ਬਰਾਤ
ਤੇਰੇ ਸ਼ਹਿਰ ਜਰੂਰ ਆਵੇਗੀ
ਤੈਨੂੰ ਡੋਲੀ ਪਾ ਲੈ ਜਾਵੇਗੀ
ਮੇਰੀ ਕਵਿਤਾ ਦਾ ਹਰ ਸ਼ਬਦ
ਮੰਗਲ 'ਤੇ ਛੁੱਟੀਆਂ ਕੱਟੇਗਾ
ਚੰਦ 'ਤੇ ਹਨੀਂ ਮੂਨ ਮਨਾਵੇਗਾ
ਬੱਸ ਇਹ
ਧਾਰਮਿਕ ਸਥਾਨਾਂ ਦੀਆਂ
ਟੱਲੀਆਂ ਨਹੀਂ ਵਜਾਵੇਗਾ
ਮੇਰੀ ਕਵਿਤਾ ਦਾ ਹਰ ਸ਼ਬਦ
ਕਪਾਹ ਦੇ ਟੀਡਿਆਂ ਅੰਦਰ ਲੁਕਕੇ
ਵੜੇਵਿਆਂ ਦੇ ਕਾਲ਼ਜੇ ਖਾਂਦੀਆਂ
ਸੰਡੀਆਂ ਉੱਤੇ ਵੀ ਵਰ੍ਹ ਜਾਵੇਗਾ
ਮੇਰੀ ਕਵਿਤਾ
"ਜਨ- ਗਨ- ਮਨ" ਦਾ ਗੀਤ ਨਹੀਂ
ਜਿਹੜਾ ਲੰਡਨ ਦੀ ਰਾਣੀ ਵੱਲੋਂ
ਲਾਲ ਕਿਲੇ ਨਾਲ ਬੰਨ੍ਹੀ
"ਫੰਡਰ ਅਜ਼ਾਦੀ" ਮੂਹਰੇ
ਵੱਜਦਾ ਰਹੇਗਾ
ਨਾਲੇ ਹਾਲੇ ਤਾਂ ਮੈਂ
ਕਲਮ ਹੀ ਤਿੱਖੀ ਕਰਦਾ ਹਾਂ
ਨਾਲੇ ਹਾਲੇ ਤਾਂ ਮੈਂ----

22/02/14

ਫੋਨ: 001-604-825-8053
Email: gurmailbiroke@gmail.com

Gurmail Biroke
30- 15155- 62A Avenue
Surrey, BC
V3S 8A6
Canada
Phone: 001-604-825-8053
Email: gurmailbiroke@gmail.com

ਕੀਟਾਂ ਅੰਦਰ ਕੀਟ
ਗੁਰਮੇਲ ਬੀਰੋਕੇ, ਕਨੇਡਾ 
(ਇਹ ਕਵਿਤਾ ਉਨ੍ਹਾਂ ਦੇ ਨਾਮ- ਜੋ ਸੱਚ ਨੂੰ ਜੱਗ ਜਾਹਰ ਕਰਦੇ ਰਹੇ, ਕਰਦੇ ਹਨ,
ਤੇ ਕਰਦੇ ਰਹਿਣਗੇ । ਜਿੰਨ੍ਹਾ ਵਿੱਚ ਜੂਲੀਅਨ ਅਸਾਂਜੇ,
ਐਡਵਾਰਡ ਸਨੋਡਨ, ਬਰੈਡਲੀ ਮੈਂਨਿੰਗ ਅਤੇ ਹੋਰ
ਵੀ ਬਹੁਤ ਸਾਰੇ )
ਰਾਜਨੀਤਿਕ ਤਾਕਤਾਂ ਸਮਾਜਿਕ ਜੂਆਂ
ਅਫ਼ਸਰਸ਼ਾਹੀ ਸਮਾਜਿਕ ਜੂਆਂ
ਕਾਰਪੋਰਸ਼ਨਾਂ ਸਮਾਜਿਕ ਜੂਆਂ
ਧਰਮੀਂ ਲੰਬੜਦਾਰ ਵੀ ਸਮਾਜਿਕ ਜੂਆਂ
ਪਹੁੰਚ ਗਈਆਂ ਲੋਕਾਂ ਦੇ ਬੈੱਡ ਰੂਮਾਂ ਤੱਕ
ਇਹ ਜੂਆਂ,
ਕਿੱਥੇ ਪਲ਼ਦੀਆਂ ਇਨ੍ਹਾਂ ਦੀਆਂ ਧੱਖਾਂ ?
ਸੁੰਡੀਆਂ ਦੇ ਢਿੱਡਾਂ ਵਿੱਚ ਪਲ਼ਣ ਇਨਾਂ ਦੀਆਂ ਧੱਖਾਂ
ਕਿੱਥੇ ਪਲ਼ਦੀਆਂ ਇਹ ਸੁੰਡੀਆਂ ?
ਬਹੁਤੀਆਂ ਪਲ਼ਣ ਅਮਰੀਕਨ ਸੁੰਡੀ ਦੇ ਢਿੱਡ ਵਿੱਚ,
ਬਹੁਤੀ ਧਰਤ ਦਾ
ਹਵਾ, ਪਾਣੀ, ਮਿੱਟੀ
ਜ਼ਹਿਰ ਬਣਾ ਚੁੱਕੀ
ਇਹ ਅਮਰੀਕਨ ਸੁੰਡੀ,
ਕਈ ਦੇਸਾਂ ਵਿੱਚ
ਖੁੱਲੀ ਮੰਡੀ ਦੇ ਕਰੇ ਤਜਰਬੇ
ਕਾਰਪੋਰਸ਼ਨਾਂ ਨੂੰ ਦੇ ਖੁੱਲੀਆਂ ਮੌਜਾਂ
ਚੌਵੀ ਘੰਟੇ ਡਾਲਰ ਛਾਪੇ
ਫਿਰ ਵੀ ਦੀਵਾਲ਼ੀਆ
ਅਮਰੀਕਨ ਸੁੰਡੀ,
ਬਹੁਤ ਸਿ਼ਕਾਰ ਖੇਡੇ
ਮਨੁੱਖਾਂ ਦੇ,
ਜਦ ਇਹਦੇ ਕੋਈ ਚੁੰਢੀ ਵੱਢੇ
ਰੌਲ਼ਾ ਪਾਵੇ---
“ਮਨੁੱਖੀ ਅਧਿਕਾਰਾਂ ਦਾ”
ਇਹ ਅਮਰੀਕਨ ਸੁੰਡੀ,
ਓ ਦੁਨੀਆਂ ਦੇ ਲੋਕੋ !
ਸੁੰਡੀਆਂ ਨੂੰ ਰੋਕੋ
ਸੂਰਜ ਨੂੰ ਚੁੱਕ ਕੇ ਗੋਦੀ
ਚੰਦ ਨੂੰ ਉਂਗਲੀ ਲਾ
ਸ਼ੰਮਾਂ ਵਾਲ਼ੀਆਂ ਡਾਂਗਾਂ ਉੱਤੇ
ਲੋਕ ਏਕਤਾ ਦੇ ਤਾਰੇ ਸਜਾ
ਆਓ ਵੰਗਾਰੀਏ
ਆਓ ਲਲਕਾਰੀਏ
ਇਨ੍ਹਾਂ ਕੀਟਾਂ ਨੂੰ ।

27/01/14

ਬਾਪੂ ਦਾ ਫੋਨ
ਗੁਰਮੇਲ ਬੀਰੋਕੇ, ਕਨੇਡਾ

ਘੰਟੀ ਖੜ੍ਹਕੀ
ਪਿੰਡੋਂ ਫੋਨ ਆਇਆ
ਬਾਪੂ ਲੱਗਿਆ ਦੱਸਣ-
ਬਿਜਲੀ ਆਉਂਦੀ ਨ੍ਹੀਂ
ਮੀਂਹ ਪੈਂਦਾ ਨ੍ਹੀਂ
ਰੋਹੀ ਆਲਾ ਬੋਰ ਬਹਿ ਗਿਆ
ਫਸਲ ਸੁੱਕਗੀ...

ਰੱਬ ਦੀ ਮਰਜ਼ੀ ਐ,
ਆਪਣੇ ਪਿੰਡ
ਬਾਹਮਣ ਤੇ ਸ਼ੇਖ ਲੜ ਪਏ
ਗੁਰਦਵਾਰੇ ਦਾ ਭਾਈ
ਬਲਾਤਕਾਰ ਕਰਦਾ ਫੜਿਆ ਗਿਆ
ਸਰਪੰਚੀ ਪਿੱਛੇ
ਲੜਾਈ ਹੋਗੀ
ਕਤਲ ਹੋ ਗਿਆ...

ਰੱਬ ਦੀ ਮਰਜ਼ੀ ਐ,
ਤੇਰਾ ਤਾਇਆ
ਹਲ਼ਕੇ ਕੁੱਤੇ ਨੇ ਵੱਢ ਲਿਆ
ਚਾਚੀ ਤੇਰੀ ਦੇ
ਭੀਸਰੀ ਗਾਂ ਨੇ ਸਿੰਗ ਮਾਰਿਆ
ਕਈ ਮੁੰਡੇ ਨਸ਼ਾ ਖਾਕੇ ਮਰਗੇ
ਰੇਤਾ ਬਜਰੀ ਮਿਲਦਾ ਨ੍ਹੀਂ
ਕੋਠਾ ਛੱਤਣ ਨੂੰ
ਮੱਛਰ ਬਹੁਤ ਐ...

ਰੱਬ ਦੀ ਮਰਜ਼ੀ ਐ ਪੁੱਤ,
ਰੁਪਈਏ ਦੀ ਕੀਮਤ ਘੱਟਦੀ ਜਾਂਦੀ
ਕਹਿੰਦੇ ਨੇ
ਕੰਧਾਂ ‘ਤੇ ਲਾਉਂਣ ਆਲੇ ਕਾਗਤ ਨਾਲੋਂ
ਸਸਤਾ ਹੋਜੂ
ਗੰਢੇ ਮਹਿੰਗੇ ਹੋਗੇ...

ਸਭ ਰੱਬ ਦੀ ਮਰਜ਼ੀ ਐ,
ਮੈਂ ਕਿਹਾ-
ਨਹੀਂ ਬਾਪੂ
ਕਿਸੇ ਰੱਬ- ਰੁੱਬ ਦੀ ਮਰਜ਼ੀ ਨ੍ਹੀਂ
ਸਭ ਲੀਡਰਾਂ ਦਾ ਬੇੜਾ ਬਹਿ ਗਿਆ
ਪੀ. ਐਚ. ਡੀ. ਕਰ ਕੇ ਵੀ
ਕਨੇਡਾ ‘ਚ ਟਰੱਕ ਚਲਾਉਂਣ ਮੇਰੇ ਵਰਗੇ
ਉਏ ਬਾਪੂ, ਲੀਡਰਾਂ ਦਾ ਬੇੜਾ ਬਹਿ ਗਿਆ
ਉਏ, ਸਭ ਲੀਡਰਾਂ ਦਾ ਬੇੜਾ ਬਹਿ ਗਿਆ......
.........
ਉਏ, ਦੁਸਟਾ
ਤੂੰ ਨ੍ਹੀਂ ਕਦੇ ਰੱਬ ਨੂੰ ਮੰਨਦਾ....
ਕਹਿਕੇ ਬਾਪੂ ਫੋਨ ਕੱਟ ਗਿਆ ।

17/12/13
Gurmail Biroke
30- 15155- 62A Avenue
Surrey, BC
V3S 8A6
Canada
Phone: 001-604-825-8053
Email: gurmailbiroke@gmail.com

ਕਨੇਡਾ ਵਿੱਚ ਪੰਜਾਬੀ ਬੋਲੀਆਂ
ਗੁਰਮੇਲ ਬੀਰੋਕੇ, ਕਨੇਡਾ

ਝਾਵਾਂ ਝਾਵਾਂ ਝਾਵਾਂ
ਸੋਲਵੀਂ ‘ਚ ਮੈਂ ਪੜ੍ਹਦੀ
ਯੂਨੀਵਰਸਿਟੀ ਬ੍ਰਿਟਿਸ਼ ਕਲੰਬੀਆ ਜਾਵਾਂ
ਦੇਸ਼ ਪੰਜਾਬ ਦੀ ਜੱਟੀ ਹਾਨਣੋਂ
ਹੁਣ ਕਨੇਡੀਅਨ ਮੈਂ ਕਹਾਵਾਂ
ਪਟਿਆਲਾ ਸ਼ਾਹੀ ਪੱਗ ਬੰਨਕੇ
ਉਹ ਤੱਕਦਾ ਮੇਰੀਆਂ ਰਾਵ੍ਹਾਂ
ਆ ਮੈਕਡੋਨਲ ਖਾਈਏ ਕਹਿੰਦਾ
ਟਿੰਮ ਹੋਰਟਨ ਦੀ ਕੌਫੀ ਪਿਆਵਾਂ
ਲਾਲ ਪੱਤਾ ਮੈਪਲ ਦਾ
ਸੋਹਣੇ ਦਾ ਸਿਰਨਾਵਾਂ ---

ਤਾਰੇ ਤਾਰੇ ਤਾਰੇ
ਬਾਬਾ ਭਾਨਾ ਆਇਆ ਕਨੇਡੇ
ਨਿੱਤ ਲੈਂਦਾ ਨਵੇਂ ਨਜ਼ਰੇ
ਬੁੱਢੇ ਵਾਰੇ ‘ਗ੍ਰੇਜੀ ਸਿੱਖੇ
ਪੁੱਠੇ ਉਹ ਕਰਦਾ ਕਾਰੇ
“ਹਾਏ” ਕਹਿਕੇ ਗੋਰੀ ਲਾਂਘੀ
ਦਿਲ ਉੱਤੇ ਫੇਰਗੀ ਆਰੇ
ਝੀਲਾਂ ਨੂੰ ਟੋਭੇ ਦੱਸਦਾ
਼ਲਾਚੜ ਕੇ ਲਾਉਂਦਾ ਤਾਰੇ
ਚੜ੍ਹ ਸੀ ਐਨ ਟਾਵਰ ‘ਤੇ
ਸਿੱਖਰੋਂ ਮਾਰੇ ਲਲਕਾਰੇ ---

ਫੁੱਟਾ ਧਰ ਲਖੀਰਾਂ ਖਿੱਚੀਆਂ
ਸਿੱਧੀਆਂ ਇੰਝ ਨੇ ਸੜਕਾਂ
ਆਈ ਫਾਈਵ ‘ਤੇ ਗੱਭਰੂ ਚੱਲਦਾ
ਚੱਲਦਾ ਨਾਲ ਹੈ ਮੜਕਾਂ
ਡਾਲੇ ਕਮਾਉਣ ਦੇ ਫੱਟੇ ਚੱਕੇ
ਕੱਢੀਆਂ ਪਹਿਲੀਆਂ ਰੜਕਾਂ
ਟੌਰੇ ਆਲੀ ਪੱਗ ਓਸਦੀ
ਜੱਤੀ ਮਾਰੇ ਜਰਕਾਂ
ਨੀਂ ਸੋਹਣਾ ਮੁੰਡਾ ਦੇਖਕੇ ਮੰਮੀ
ਵਧੀਆਂ ਦਿਲ ਦੀਆਂ ਧੜਕਾਂ
ਵਲਵੋ ਜੱਟ ਦਾ ਨੀਂ
ਰੋੜ ‘ਤੇ ਮਾਰੇ ਬੜਕਾਂ ---

ਗੁਰਮੇਲ ਬੀਰੋਕੇ
Gurmail Biroke
30- 15155- 62A Avenue
Surrey, BC
V3S 8A6
Canada
Phone: 001-604-825-8053
Email: gurmailbiroke@gmail.com

09/11/2013

 

 


5_cccccc1.gif (41 bytes)

>> 1 2 3 4 5 6 7             hore-arrow1gif.gif (1195 bytes)

Terms and Conditions
Privacy Policy
© 1999-2014, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2014, 5abi.com