ਬਿਮਾਰ ਸਮਾਜ
ਬਲਜਿੰਦਰ ਸੰਘਾ, ਕਨੇਡਾ
ਬਿਮਾਰ
ਸਮਾਜ ਉਹ ਨਹੀਂ ਹੁੰਦਾ ਜਿੱਥੇ ਲੋਕਾਂ ਦੇ ਹੱਡ-ਪੈਰ ਦੁੱਖਦੇ
ਹੋਣ ਬਿਮਾਰ ਸਮਾਜ ਉਹ ਨਹੀਂ ਹੁੰਦਾ ਜਿੱਥੇ ਲੋਕ
ਹਸਪਤਾਲਾਂ ਮੂਹਰੇ ਖੜ੍ਹੇ ਹੋਣ ਬਿਮਾਰ ਸਮਾਜ ਉਹ ਨਹੀਂ ਹੁੰਦਾ
ਜਿੱਥੇ ਲੋਕ ਇਲਾਜ ਲਈ ਚੀਕਦੇ ਹੋਣ ਬਿਮਾਰ ਸਮਾਜ ਉਹ ਹੁੰਦਾ
ਹੈ ਜਿੱਥੇ ਲੋਕ ਇਸਨੂੰ ਰੱਬ ਦਾ ਭਾਣਾ ਮੰਨ ਲੈਣ 'ਤੇ ਸਭ ਕੁਝ
ਸਵੀਕਾਰ ਕਰ ਲੈਣ 25/01/2018
ਕੈਨੇਡਾ ਦੀ 150ਵੀਂ ਵਰ੍ਹੇਗੰਢ ਨੂੰ ਸਮਰਪਿਤ ਕਵਿਤਾ
ਕੈਨੇਡਾ ਨੂੰ
ਬਲਜਿੰਦਰ ਸੰਘਾ, ਕਨੇਡਾ
ਅਸੀਂ
ਆ ਗਏ ਸੀ
ਆਪਣੀਆਂ ਜੜ੍ਹਾਂ ਛੱਡ ਕੇ
ਮਾਵਾਂ ਦੀਆਂ ਬੁੱਕਲਾਂ ਦਾ
ਨਿੱਘ ਛੱਡ ਕੇ
ਬੇ-ਰੁਜ਼ਗਾਰੀ ਦੇ ਭੰਨੇ
ਪੈਰਾਂ 'ਤੇ ਖੜ੍ਹੇ ਹੋਣ ਲਈ
ਆਪਣੇ ਬੱਚਿਆਂ ਦੇ
ਹਨ੍ਹੇਰੇ ਭਵਿੱਖ ਰੋਸ਼ਨ ਕਰਨ ਲਈ
ਛਿੱਕੇ ਟੰਗੇ ਕਾਨੂੰਨਾਂ ਦੇ ਸਤਾਏ
ਸੁੱਖ ਦੀ ਆਸ ਨਾਲ
ਟੁੱਟ ਚੁੱਕੀ ਕਿਸਾਨੀ ਦੇ ਘੇਰੇ 'ਚੋਂ
ਬਾਹਰ ਨਿਕਲਣ ਲਈ
ਕੋਈ ਵੀ
ਢੰਗ-ਤਰੀਕਾ ਵਰਤ ਕੇ
ਤੂੰ ਸਾਨੂੰ ਆਪਣੀ ਗੋਦੀ ਵਿਚ
ਬਿਠਾ ਲਿਆ
ਜਿੱਦਾਂ ਮਾਵਾਂ ਬਿਠਾਂਦੀਆਂ ਨੇ
ਆਪਣੇ ਢਿੱਡੋਂ ਜੰਮੇ
ਪੁੱਤਰਾਂ ਤੇ ਧੀਆਂ ਨੂੰ
ਤੇਰੇ ਥਾਣਿਆਂ ਵਿਚੋਂ
ਨਿਰਦੋਸ਼ਾਂ 'ਤੇ ਤਸ਼ੱਦਦ ਦੀਆਂ
ਚੀਕਾਂ ਨਹੀਂ ਸੁਣਦੀਆਂ
ਤੇਰੇ ਵਜ਼ੀਰ ਤੇ ਮੰਤਰੀ
ਸੌ-ਸੌ ਕਾਰਾਂ ਦੇ ਕਾਫਲਿਆਂ
ਵਿਚ ਨਹੀਂ ਘੁੰਮਦੇ
'ਤੇ ਨਾਂ ਉਹਨਾਂ ਦੇ ਕਾਫਲੇ
ਲੰਘਾਉਣ ਲਈ ਐਬੂਲੈਸਾਂ
ਰੋਕੀਆਂ ਜਾਂਦੀਆਂ ਹਨ
ਤੇਰੇ ਕਾਨੂੰਨ ਹਨ੍ਹੇਰਿਆਂ ਦਾ
ਪੱਖ ਨਹੀਂ ਪੂਰਦੇ
ਬਲਕਿ ਸੱਚ ਦੀ ਅੱਖ ਵਿਚ ਅੱਖ
ਪਾਉਣ ਦੀ ਜ਼ੁਅਰਤ ਰੱਖਦੇ ਹਨ
ਤੇਰੀ ਜ਼ਮੀਨ ਤੇ ਜ਼ਮੀਨ-ਅਸਮਾਨ
ਦਾ ਫ਼ਰਕ ਹੈ
ਮਨੁੱਖ ਤੇ ਗਾਜਰ, ਮੂਲੀਆਂ ਵਿਚ
ਇਸੇ ਕਰਕੇ ਕਿਸੇ ਦੇ
ਗੁਨਾਹਾਂ ਦਾ ਫੈਸਲਾ ਅਦਾਲਤਾਂ ਕਰਦੀਆਂ ਹਨ
ਨਾਂ ਕਿ ਸੜਕਾਂ ਤੇ ਨੰਗੇ ਹਥਿਆਰ ਲੈ ਕੇ
ਨੱਚਦੀ ਹੈਵਾਨੀਅਤ
ਤੇਰੇ ਸ਼ਹਿਰਾਂ ਦੇ ਚੌਕਾਂ ਵਿਚ ਵੀ
ਪੁਲਿਸ ਖੜ੍ਹੀ ਹੁੰਦੀ ਹੈ
ਲੋਕਾਂ ਦੀ ਮਦਦ ਕਰਨ ਲਈ
ਨਾਂ ਕਿ ਗੰਦੀ ਰਾਜਨੀਤੀ ਦੀ ਜਕੜ੍ਹੀ
ਧਰਮ ਦੇ ਨਾਂ 'ਤੇ ਚੁਰਾਹੇ ਵਿਚ
ਮਾਰੇ ਜਾਂ ਜਿਉਂਦੇ ਸਾੜ੍ਹੇ ਜਾ ਰਹੇ ਕਿਸੇ
ਨਿਰਦੋਸ਼ ਦੀ
ਮੌਤ ਦਾ ਤਮਾਸ਼ਾਂ ਦੇਖਣ ਲਈ
ਇਸੇ ਕਰਕੇ
ਬੇਸ਼ਕ ਬਹੁਤ ਔਖਾ ਹੁੰਦਾ ਹੈ
ਮਾਸ ਦਾ ਨਹੁੰਆਂ ਨਾਲੋਂ ਅਲੱਗ ਹੋਣਾ
ਬੇਸ਼ਕ ਬਹੁਤ ਔਖਾ ਹੁੰਦਾ ਹੈ
ਜੜ੍ਹਾਂ ਨਾਲੋਂ ਟੁੱਟ ਜਾਣਾ
ਪਰ
ਅਸੀਂ ਤੇਰੇ ਹਾਂ ਕੈਨੇਡਾ
ਆਪਣੇ ਦਿਲ ਤੋਂ
ਅਸੀਂ ਤੇਰੇ ਨਾਲ ਖੜ੍ਹੇ ਹਾਂ
30/06/2017
ਵਿਅੰਗ-ਮਈ ਕਵਿਤਾ-
ਦੋਸ਼ ਕੈਨੇਡਾ ਨੂੰ
ਬਲਜਿੰਦਰ ਸੰਘਾ, ਕਨੇਡਾ
ਖਾਂਦਾ-ਪੀਂਦਾ ਬਾਪੂ ਸੱਦ ਲਿਆ ਇੰਡੀਆ ਤੋਂ
ਦੋ ਕੰਮਾਂ ਤੇ ਲਾਇਆ, ਦੋਸ਼ ਕੈਨੇਡਾ ਨੂੰ
ਨਿੱਕੇ ਘਰ ਵਿਚ ਰਹਿੰਦੇ ਰੰਗੀ ਵੱਸਦੇ ਸੀ
ਵੱਡਾ ਘਰ ਬਣਵਾਇਆ, ਦੋਸ਼ ਕੈਨੇਡਾ ਨੂੰ
ਕੰਮ-ਕਾਰ ਤਾਂ ਸੁੱਖ ਨਾਲ ਕੋਈ ਕਰਦਾ ਨਹੀਂ
ਕਾਕਾ ਗੱਡੀ ਨਵੀਂ ਲਿਆਇਆ, ਦੋਸ਼ ਕੈਨੇਡਾ ਨੂੰ
ਬਹੁਤ ਲਾਇਕ ਸੀ ਮੁੰਡਾ ਇੰਡੀਆ ਪੜ੍ਹਨ ਲਈ
ਖੋਹ ਕਿਤਾਬਾਂ ਮੱਪ ਫੜਾਇਆ, ਦੋਸ਼ ਕੈਨੇਡਾ ਨੂੰ
ਫੁੱਲ ਟਾਇਮ ਤੋਂ ਜਾਵੇ ਪਾਰਟ ਟਾਈਮ ਲਈ
ਲੱਕ ਫੜ੍ਹਕੇ ਘਰ ਨੂੰ ਆਇਆ, ਦੋਸ਼ ਕੈਨੇਡਾ ਨੂੰ
ਹਫ਼ਤੇ ਬਾਅਦ ਹੈ ਮਿਲਦੇ ਮੀਆਂ-ਬੀਵੀ ਵੀ
ਡਾਲਰਾਂ ਰੰਗ ਵਿਖਾਇਆ, ਦੋਸ਼ ਕੈਨੇਡਾ ਨੂੰ
ਦੋ-ਦੋ ਸਿ਼ਫਟਾਂ ਲਾਉਂਦੀ ਬੇਬੇ ਖੜਕ ਗਈ
ਕੋਈ ਸੂਟ ਮੇਚ ਨਾ ਆਇਆ, ਦੋਸ਼ ਕੈਨੇਡਾ ਨੂੰ
ਲੜ-ਲੜ ਘਰ ਤੋਂ ਕੱਢ ਤੇ ਬੁੱਢੇ ਮਾਪੇ ਵੀ
ਪੈਨਸ਼ਨ ਰੱਫੜ ਪਾਇਆ, ਦੋਸ਼ ਕੈਨੇਡਾ ਨੂੰ
ਜੁੰਡੋ-ਜੁੰਡੀ ਹੋਈਆਂ ਬੀਬੀਆਂ ਵਿਚ ਮਿੱਲ ਦੇ
ਓਵਰ ਟਾਇਮ ਲੜਾਇਆ, ਦੋਸ਼ ਕੈਨੇਡਾ ਨੂੰ
ਨਾਲ ਜ਼ਮੀਨ ਹੈ ਲੱਗਦੀ ਆਪਾ ਲੈ ਲਈਏ
ਪਿਓ ਪਿੰਡੋਂ ਫ਼ੋਨ ਘੁੰਮਾਇਆ, ਦੋਸ਼ ਕੈਨੇਡਾ ਨੂੰ
ਪੀ ਕੇ ਦਾਰੂ ਦਿੰਦਾ ਫਿਰਦਾ ਰੇਸਾਂ ਸੀ
ਫੜ ਪੁਲਸ ਨੇ ਢਾਇਆ, ਦੋਸ਼ ਕੈਨੇਡਾ ਨੂੰ
ਸੀਮਤ ਲੋੜਾਂ, ਸਹਿਜ ਅਵਸਥਾ ਗਹਿਣੇ ਜਿੰਦਗੀ ਦੇ
ਸੱਚ ਸਿਆਣਿਆ ਨੇ ਫਰਮਾਇਆ, ਦੋਸ਼ ਕੈਨੇਡਾ ਨੂੰ
ਹਰ ਇਕ ਮਿਲੇ ਸਹੂਲਤ ‘ਬਲਜਿੰਦਰ’ ਇਸ ਦੇਸ਼ ਅੰਦਰ
ਪਰ ਤੈਨੂੰ ਲਾਲਚ ਨੇ ਲਲਚਾਇਆ, ਦੋਸ਼ ਕੈਨੇਡਾ ਨੂੰ
30/01/2016
|