ਪੁੱਛਿਓ ਜਰੂਰ
ਅਵਤਾਰ ਸਿੰਘ ਬਸਰਾ, ਆਸਟ੍ਰੇਲੀਆਵੇਖਿਓ!
ਕਿਤੇ ਭੁੱਲ ਨਾ ਜਾਇਓ !
ਜਬਰ ਨਾਲ ਘੋਲ ਕਰਦੇ ਸਿੰਘਾਂ ਦੇ ਇਤਿਹਾਸ ਨੂੰ।
ਹਰ ਸਾਹ ਨਾਲ ਯਾਦ ਕਰਿਓ!
ਨਨਕਾਣੇ ਵਾਲੇ ਬਾਬੇ,
ਅਤੇ ਤੱਤੀ ਤਵੀ 'ਤੇ ਲੱਗੀ ਚੌਂਕੜੀ ਨੂੰ।
ਦੋ ਤਲਵਾਰਾਂ ਨੂੰ ਤਿੱਖੀਆਂ ਰੱਖਿਓ,
ਤੇ ਸਿਜਦਾ ਉਹਦੇ ਸਾਜੇ ਤਖ਼ਤ ਨੂੰ।
ਚੇਤਿਆਂ ਵਿੱਚ ਰੱਖਿਓ!
ਗੁਰੂ ਤੇਗ ਤੇ ਚੱਲੀ ਤੇਗ,
ਤੇ ਪਹਿਲੇ ਪੰਜ ਸਿਰ।
ਨੀਲਾ ਘੋੜਾ 'ਤੇ ਖੁੱਲ੍ਹੇ ਅਸਮਾਨਾਂ 'ਚ,
ਉਡਾਰੀਆਂ ਲਾਉਂਦੀ ਬਾਜ ਦੇ ਨਾਲ-ਨਾਲ,
ਮਜ਼ਲੂਮਾਂ ਦੀ ਰਾਖੀ ਹਿੱਤ ਕਲਗੀਆਂ ਵਾਲਾ ਤਾਜ ਵੀ।
ਆਪਣੀਆ ਪੀੜ੍ਹੀਆਂ ਵਿੱਚ ਧੁਰ ਅੰਦਰ ਤੱਕ,
ਸਾਂਭ ਕੇ ਜਾਇਓ!
ਇੱਕ ਵਿਸਾਖੀ ਵੀ ਯਾਦ ਕਰਦੇ ਰਹਿਓ,
ਖੰਡੇ ਦੀ ਪਾਹੁਲ ਵਾਲੀ।
ਵਿਸਾਰ ਨਾ ਜਾਇਓ !
ਸਰਸਾ ਕੰਢੇ ਖੇਰੂੰ- ਖੇਰੂੰ ਹੋਇਆ ਸੀ ਜੋ ਪਰਿਵਾਰ,
ਤੇ ਸਵਾ-ਸਵਾ ਲੱਖ ਅੱਗੇ ਲੜਿਆ ਸੀ ਕਲ-ਮ-ਕੱਲਾ ਸਵਾਰ।
ਬੜੇ ਮਾਣ ਨਾਲ ਦੱਸਿਓ!
ਕੇ ਸਾਡੇ ਪੁਰਖਿਆਂ 'ਚੋਂ ਇੱਕ ਬੰਦੇ ਨੇ ਕਿਵੇਂ,
ਖੜਕਾਈ ਸੀ ਇੱਟ ਨਾਲ ਇੱਟ।
'ਤੇ ਕਿਵੇਂ ਭੂਤਰੇ ਹਾਥੀ ਦੇ,
ਸਿਰ ਮੜ੍ਹੇ ਤਵਿਆਂ ਚ ਲੰਗਾਈ ਸੀ ਨਾਗਣੀ।
ਵਾਰਾਂ ਸੁਣਿਓ!
ਤੇ ਗਾਇਓ ਵੀ!
ਉਹਨਾਂ ਬਾਰੇ,
ਕੱਚੀ ਗੜੀ 'ਚੋਂ ਨਿਕਲੇ ਜੋ ਤੀਰ,
ਅਤੇ ਜੂਝਦੇ ਸਿੰਘਾਂ ਤੋਂ ਉਤਸ਼ਾਹਿਤ ਹੋਏ,
ਲੜੇ ਸੀ ਜਿਹੜੇ ਦੋ ਵੀਰ।
ਦੱਸਦੇ ਰਹਿਓ!ਬੱਚਿਆਂ ਨੂੰ,
ਲਾਲ ਕਿਲੇ ਉੱਤੇ ਝੁੱਲੇ ਕੇਸਰੀ ਨਿਸ਼ਾਨ ਬਾਰੇ।
ਅਤੇ
ਕਦੇ ਨਾ ਢਹਿ ਸਕਣ ਵਾਲੇ ਜਮਰੌਦ ਨਾਲ,
ਜੁੜੇ ਨਾਂ, ਨਲੂਏ ਜਵਾਨ ਬਾਰੇ।
ਇਹ ਸਭ ਭੁੱਲ ਜਾਣ ਤੋਂ ਪਹਿਲਾਂ,
ਪੋਹ ਦੀ ਕਿਸੇ ਸੀਤ ਰਾਤ ਦੋ ਘੜੀਆਂ,
ਬਹਿ ਕੇ ਮਹਿਸੂਸ ਕਰਿਓ ਸਰਹਿੰਦ ਦੇ ਬੁਰਜ ਨੂੰ।
ਤੇ ਆਪਣੇ-ਆਪ ਤੋਂ ਪੁੱਛਿਓ ਜਰੂਰ,
ਕਿ, ਕਾਹਦੇ ਬਦਲੇ ਨਿੱਕੇ-ਨਿੱਕੇ ਨੀਹਾਂ ਵਿੱਚ ਚਿਣੇ ਗਏ?
ਆਖਿਰ ਕੀ ਸੀ ਉਨ੍ਹਾ ਦਾ ਕਸੂਰ?
27/12/16
|