ਟੱਪੇ
ਅੰਜੂ 'ਵ' ਰੱਤੀ 'ਕਸਕ', ਹੁਸ਼ਿਆਰਪੁਰ
1
ਅੱਖੀਂ ਸੁਰਮਾ ਮੈਂ ਪਾ ਬੈਠੀ,
ਤੇਰੇ ਨਾਲ ਦਿਲ ਲਾ ਕੇ
ਵੇ ਮੈਂ ਚੈਨ ਗਵਾ ਬੈਠੀ।
2 ਡਾਹਡਾ ਮਨ ਮੁਸਕਾਇਆ ਵੇ,
ਗਲੀ ਵਿੱਚੋਂ ਲੰਘਦਾ ਹੋਇਆ
ਮਾਹੀਆ ਨਜ਼ਰੀ ਆਇਆ ਏ।
3 ਤੇਰੇ ਨਾਲ ਨਿਭਾਵਾਂ ਮੈਂ,
ਸੁੱਖ ਦੇਵੇਂ, ਦੁੱਖ ਦੇਵੇਂ
ਝੋਲੀ ਵਿੱਚ ਪਾਵਾਂ ਮੈਂ।
4 ਤਹਿ ਲੱਗੀ ਏ ਰੁਮਾਲਾਂ ਦੀ,
ਫੇਰਾ ਕਿਤੇ ਪਾ ਮਾਹੀਆ
ਪੰਡ ਚੁੱਕੀ ਮੈਂ ਖਿਆਲਾਂ ਦੀ।
5 ਕੋਈ ਚਮਕੇ ਸਿਤਾਰਾ ਵੇ,
ਦੱਸਾਂ ਕਿੰਨਾ ਤੇਰੇ ਬਾਜੋਂ
ਸਾਡਾ ਔਖਾ ਗੁਜ਼ਾਰਾ ਏ।
6 ਥਾਲੀ 'ਚ ਪਤਾਸਾ ਏ,
ਢੂੰਡਿਆ ਮੈਂ ਜੱਗ ਸਾਰਾ
ਮੁੱਲ ਵਿਕਦਾ ਨਾ ਹਾਸਾ ਏ।
7 ਕਿਤੇ ਠੰਡੜੀ ਹਵਾ ਚੱਲਦੀ,
ਦੂਰ ਗਏ ਸੱਜਣਾ ਦਾ
ਪੈਗਾਮ ਹੈ ਨਿੱਤ ਘੱਲਦੀ।
8 ਚੱਲ ਬਾਹਾਂ ਵਿੱਚ ਬਾਹਾਂ ਪਾ ਕੇ,
ਰੁੱਸੇ ਨੂੰ ਮਨਾ ਲੱਈਏ
ਮੁਹੱਬਤਾਂ ਦੇ ਗੀਤ ਗਾ ਕੇ।
9 ਦਿਲ ਮੁੱਠੀ ਵਿੱਚ ਆਇਆ ਏ,
ਲੁਕੇ ਨਾ ਪਿਆਰ ਮਾਹੀਆ
ਅਸਾਂ ਲੱਖ ਲੁਕਾਇਆ ਏ।
10 ਰੱਖ ਦਿਲ 'ਚ ਲੁਕਾ ਕੇ ਵੇ,
ਸਸਤੇ ਨਾ ਸਾਕ ਮਿਲਦੇ
ਮਿਲਦੇ ਜਿੰਦ ਮੁਕਾ ਕੇ ਵੇ।
24/03/17
ਨਾਰੀ ਦਿਵਸ ਤੇ ਵਿਸ਼ੇਸ਼
ਅੰਜੂ 'ਵ' ਰੱਤੀ 'ਕਸਕ', ਹੁਸ਼ਿਆਰਪੁਰ
ਮੈਂ ਖੁਸ਼ਨਸੀਬ ਹਾਂ
ਕਿ ਮੈਂ ਨਾਰੀ ਹਾਂ,
ਮਾਂ - ਬਾਬੁਲ ਦੀ ਦੁਲਾਰੀ,
ਵੀਰਾਂ ਦੀ ਲਾਡਲੀ,
ਸਖੀਆਂ - ਸਹੇਲੀਆਂ ਦੀ ਪਿਆਰੀ,
ਮੈਂ ਨਾਰੀ ਹਾਂ।
ਜਨਮ ਜਨਮਾਂਤਰਾਂ ਤੋਂ ਬੇਸ਼ਕ
ਦਿੰਦੀ ਆਈ ਹਾਂ ਲੇਖਾ
ਮੈਂ ਔਰਤ ਹੋਣ ਦਾ,
ਪਰ ਫਿਰ ਵੀ
ਫਖ਼ਰ ਹੈ ਮੈਨੂੰ
ਕਿ ਮੈਂ ਕੁਦਰਤ ਦਾ
ਸੁੰਦਰ ਮੁਜੱਸਮਾਂ ਹਾਂ।
ਮੈਂ ਧੀ ਹਾਂ, ਭੈਣ ਹਾਂ,
ਮਹਿਬੂਬਾ ਹਾਂ, ਪਤਨੀ ਹਾਂ,
ਮਾਂ ਹਾਂ,
ਮੈਂ ਰੱਬ ਦੁਆਰਾ ਕਾਇਨਾਤ ਦੀ
ਕੈਨਵਸ ਤੇ ਬਣਾਈ
ਸਭ ਤੋਂ ਸੋਹਣੀ ਤਸਵੀਰ ਵੀ ਹਾਂ
ਅਤੇ ਧਰਤੀ ਦੇ ਵਰਕੇ ਤੇ ਲਿਖੀ
ਸਭ ਤੋਂ ਮਿੱਠੀ ਗ਼ਜ਼ਲ ਵੀ।
ਹਾਂ ! ਮੈਂ ਖੁਸ਼ਨਸੀਬ ਹਾਂ
ਕਿ ਮੈਂ ਨਾਰੀ ਹਾਂ।
08/03/17
ਖੰਜਰ
ਅੰਜੂ 'ਵ' ਰੱਤੀ 'ਕਸਕ', ਹੁਸ਼ਿਆਰਪੁਰ
ਬਣ
ਬਣ ਕੇ ਮਿੱਤਰ ਜੋ ਆਉਂਦੇ ਰਹੇ,
ਤੇ ਖੰਜਰ ਉਹ ਪਿੱਠ ਤੇ ਚਲਾਉਂਦੇ ਰਹੇ।
ਸੁਣ ਕੇ ਕੌੜੇ ਕੁਸੈਲੇ ਸ਼ਬਦ ਅਣਗਿਣਤ,
ਮੂੰਹੋਂ ਆਪਣੇ ਅਸੀਂ ਰਾਗ ਗਾਉਂਦੇ ਰਹੇ।
ਮਿਟ ਗਈ ਹਸਤੀ ਆਪਣੀ, ਕੋਈ ਗ਼ਮ ਨਹੀਂ,
ਜੱਗ 'ਤੇ ਉਹਦੀ ਜਗਾ ਪਰ ਬਣਾਉਂਦੇ ਰਹੇ।
ਖੂਨ ਦਿਲ ਦਾ ਲਗਾ ਹੱਥਾਂ ਤੇ ਆਪਣੇ,
ਮਹਿੰਦੀ ਸ਼ਗਨਾਂ ਦੀ ਰੰਗਲੀ ਸਜਾਉਂਦੇ ਰਹੇ।
ਵੇਖ ਕੇ ਯਾਰਾਂ ਵਿੱਚ ਖਲਬਲੀ ਮੱਚਦੀ,
ਕਿਹੜੇ ਦਿਲ ਨਾਲ ਉਹ ਮੁਸਕਰਾਉਂਦੇ ਰਹੇ।
ਮੇਰੇ ਕਾਤਿਲ ਕਦੇ ਸੋਚਿਆ ਵੀ ਨਾ ਤੂੰ,
ਤੇਰੀ ਖਾਤਿਰ ਹੀ ਤਾਂ ਸੀ ਜਿਉਂਦੇ ਰਹੇ।
06/03/17
ਪੱਥਰ ਯੁੱਗ
ਅੰਜੂ ' ਵ ' ਰੱਤੀ, ਹੁਸ਼ਿਆਰਪੁਰ
ਮੁਬਾਰਕਾਂ ਜੀ !
ਸੁਣਿਐ ਬੜੀ ਤਰੱਕੀ ਕਰ ਲਈ ਐ
ਆਧੁਨਿਕ ਮਨੁੱਖ ਨੇ ,
ਆਧੁਨਿਕ ਸਮਾਜ ਨੇ ,
ਆਧੁਨਿਕ ਸੰਸਕ੍ਰਿਤੀ ਨੇ ,
ਹਾਂ ਜੀ , 'ਪਰਮਾਣੂ ਬੰਬ'
ਜੂ ਬਣਾ ਲਿਆ,
ਮੀਲਾਂ ਪਾਰ ਬੈਠੀ
ਕਿਸੇ ਵੀ ਸੱਭਿਅਤਾ ਨੂੰ
ਗਰਕ ਕਰਨ ਦਾ
ਅਨੋਖਾ ਸਾਧਨ।
ਕਾਸ਼ ! ਬਣਾਇਆ ਹੁੰਦਾ ਕਿਸੇ
ਮੀਲਾਂ ਪਾਰ ਵਿਲਕਦੇ
ਭੁੱਖੇ ਢਿੱਡਾਂ ਨੂੰ ਭਰਨ ਦਾ ਸਾਧਨ,
ਰੋਂਦੀਆਂ ਅੱਖਾਂ ਦੇ ਹੰਝੂ
ਪੂੰਝਣ ਦਾ ਸਾਧਨ,
ਜਾਂ ਨੰਗ-ਧੜੰਗੇ ਤਨ
ਕੱਜਣ ਦਾ ਸਾਧਨ।
ਪਰ, ਨਹੀਂ ਜੀ,
ਅਸੀਂ ਤਾਂ ਕੋਲ ਬੈਠੇ
ਮਨੁੱਖ,
ਆਪਣੇ ਭੈਣ-ਭਰਾ,
ਆਪਣੇ ਸਾਕ ਸਬੰਧੀ,
ਆਪਣੇ ਸਮਾਜ,
ਆਪਣੇ ਰਾਸ਼ਟਰ ਨੂੰ ਹੀ
ਖਾ ਰਹੇ ਹਾਂ
ਘੁਣ ਵਾਂਗ,
ਘਿਣਾਉਣੀ ਸੋਚ ਨਾਲ,
ਮਾਰੂ ਹਥਿਆਰਾਂ ਨਾਲ।
ਕਾਸ਼ ! ਦੋ ਲੱਖ ਸਾਲ
ਪਹਿਲਾਂ ਵਾਲਾ ਮਾਨਵ
ਮੁੜ ਆਵੇ ਲੈਕੇ ਆਪਣਾ
ਭੋਲਾਪਣ ਅਤੇ ਮਾਸੂਮੀਅਤ,
ਜਿਸਨੂੰ ਸੁਧ ਸੀ ਸਿਰਫ
ਭੁੱਖਾ ਢਿੱਡ ਭਰਨ ਦੀ।
ਹਾਂ, ਚੰਗਾ ਸੀ ਉਹ
ਦੋ ਲੱਖ ਸਾਲ ਪੁਰਾਣਾ
ਪੁਰਾਤਨ ਯੁੱਗ,
ਜਿੱਥੇ ਮਨੁੱਖ ਸਹੀ ਅਰਥਾਂ 'ਚ
ਮਨੁੱਖ ਸੀ।
ਭਾਂਵੇ ਉਹ ਯੁੱਗ 'ਪੱਥਰ-ਯੁੱਗ' ਸੀ,
ਪਰ, ਆਧੁਨਿਕ ਯੁੱਗ ਸਿਰਫ
ਆਧੁਨਿਕ ਮਨੁੱਖੀ ਸਰੀਰਾਂ ਦੇ
ਖੋਲ ਹੇਠ ਲੁਕੇ
ਪੱਥਰ ਦਿਲਾਂ ਨਾਲ ਭਰਿਆ ਪਿਆ।
ਭਾਂਵੇ ਇਹ ਯੁੱਗ ਕਹਿਣ ਨੂੰ
ਬੜਾ 'ਆਧੁਨਿਕ-ਯੁੱਗ' ਹੈ
ਪਰ, ਅਸਲ ਵਿੱਚ ਇਹੀ ਹੈ
'ਪੱਥਰ-ਯੁੱਗ'।
19/02/17
ਦਿਲ ਦਾ ਦਰਪਣ
ਅੰਜੂ ' ਵ ' ਰੱਤੀ, ਹੁਸ਼ਿਆਰਪੁਰ
ਦਿਲ
ਦੇ ਦਰਪਣ ਦੇ ਵਿੱਚ ਸੱਜਣਾ
ਅਕਸ ਤੇਰਾ ਹੀ ਰਹਿੰਦਾ ਏ ,
ਦਿਲ ਵਾਲੀ ਗੱਲ , ਦਿਲ ਤੈਨੂੰ ਹੀ
ਨੇੜੇ ਹੋ ਹੋ ਕਹਿੰਦਾ ਏ ।
ਲੱਗ ਜਾਵਣ ਹੰਝੂਆਂ ਦੀਆਂ ਝੜੀਆਂ
ਝੱਖੜ ਝੁੱਲਦਾ ਯਾਦਾਂ ਦਾ ,
ਵੇਖ ਕਿਵੇਂ ਫਿਰ ਖਾਬਾਂ ਵਾਲਾ
ਕੱਚਾ ਕੋਠਾ ਢਹਿੰਦਾ ਏ ।
ਕਿੰਜ ਰੋਕਾਂ ਯਾਦਾਂ ਦਾ ਝੁਰਮਟ
ਕਿੰਜ ਰੋਕਾਂ ਮਨ ਦੀ ਭਟਕਣ ,
ਜਿਕਰ ਤੇਰਾ ਕਰਦਾ ਕਰਦਾ ਜਦ
ਕੋਲ ਕੋਈ ਆ ਬਹਿੰਦਾ ਏ ।
ਅੱਖੀਆਂ ਦੀ ਲਾਲੀ ਦਾ ਕਾਰਣ
ਪੁੱਛਦਾ ਏ ਜੋ ਮਿਲਦਾ ਏ ,
ਕਿੰਜ ਦੱਸਾਂ ਇਹਨਾਂ ਅੱਖੀਆਂ ਅੰਦਰ
ਸੋਹਣਾ ਮਾਹੀ ਰਹਿੰਦਾ ਏ ?
ਦਿਲ ਦੇ ਟੋਟੇ ਹੁੰਦੇ ਦਿਲ ਦੀ
ਟੀਸ ਲੁਕਾਇਆਂ ਨਹੀਂ ਲੁਕਦੀ ,
ਦਿਲ ਮਰ ਜਾਣਾ ਧੋਖੇ ਫਿਰ ਵੀ
ਪੈਰ ਪੈਰ ਤੇ ਸਹਿੰਦਾ ਏ ।
28/12/16
|