|
ਗੋਵਰਧਨ ਗੱਬੀ |
ਜਿਹਨਾਂ
ਸਾਹਿਤਕ ਰਸਾਲਿਆਂ ਨੂੰ ਮੈਂ ਆਪਣੀ ਕਿਤਾਬ ‘ਦਿਲ ਵਾਲੀ ਫਟੜੀ’ ਦੀਆਂ ਦੋ
ਦੋ ਪ੍ਰਤੀਆਂ ਭੇਜੀਆਂ ਸਨ, ਉਹਨਾਂ ਦੇ ਨਵੇਂ
ਅੰਕਾਂ ਦੀ ਉਡੀਕ ਬੜੀ ਉਤਸੁਕਤਾ ਨਾਲ ਕਰਦਾ ਸੀ। ਮੈਂ ਲਗਾਤਾਰ ਚੰਡੀਗੜ੍ਹ ਦੇ
ਸੈਕਟਰ ਬਾਈ ਚ ਸਾਹਿਤਕ ਕਿਤਾਬਾਂ ਤੇ ਰਸਾਲਿਆਂ ਲਈ ਮਸ਼ਹੂਰ ਦੁਕਾਨ ‘ਪੰਜਾਬ ਬੁਕ
ਸੈਂਟਰ’ ‘ਤੇ ਜਾਂਦਾ ਰਿਹਾ। ਹਰ ਰਸਾਲੇ ਨੂੰ ਟੋਹ ਪਰਖ ਕੇ ਦੇਖਦਾ।
ਉਲਟਾ ਪਲਟਾ ਕੇ ਦੇਖਦਾ। ਕਾਹਲੀ ਕਾਹਲੀ ਨਾਲ ਉਹਨਾਂ ਦੇ ਪੰਨ੍ਹੇ ਪਰਤ ਕੇ
ਦੇਖਦਾ । ਰਸਾਲਿਆਂ ਵਿਚ ਹੋਰ ਕਿਤਾਬਾਂ ਵਾਰੇ ਤਾਂ
ਜਾਣਕਾਰੀ ਹੁੰਦੀ ਸੀ ਪਰ ਆਪਣੀ ਫਟੜੀ ਕਿਤੇ ਵੀ ਦਿਖਾਈ ਨਹੀਂ ਦਿੰਦੀ ਸੀ।
ਕਿਆਸ ਲਗਾਉਂਦਾ ਕਿ ਸ਼ਾਇਦ ਕਿਤੇ ਕੁਝ ਵੇਰਵਾ ਹੋਵੇ ਪਰ ਹਮੇਸ਼ਾਂ ਹੀ ਆਪਣਾ
ਜਿਹਾ ਮੂੰਹ ਲੈ ਕੇ ਵਾਪਸ ਆ ਜਾਂਦਾ।
ਆਖਰਕਾਰ ਮੇਰੀ ਉਡੀਕ ਖਤਮ ਹੋਈ। ਇਕ ਦਿਨ ਮੇਰੀ ਨਜਰ ਅੰਮ੍ਰਿਤਸਰ ਤੋਂ ਛੱਪਦੇ
ਪ੍ਰਮਿੰਦਰਜੀਤ ਦੁਆਰਾ ਸੰਪਾਦਿਤ ਰਸਾਲੇ ‘ਅੱਖਰ’ ‘ਤੇ ਪਈ। ਉਸ ਰਸਾਲੇ ਵਿਚ ਮੇਰੀ
ਕਿਤਾਬ ਦੇ ਪ੍ਰਾਪਤ ਹੋ ਜਾਣ ਦੀ ਜਾਣਕਾਰੀ ਦਿੱਤੀ ਹੋਈ ਸੀ। ਇਕ ਪੰਨ੍ਹੇ ਉਪਰ
ਲਿਖਿਆ ਸੀ, ‘ਪ੍ਰਾਪਤ ਕਿਤਾਬਾਂ’। ਜਿਸ ਵਿਚ ‘ਦਿਲ ਵਾਲੀ ਫਟੜੀ’ ਦਾ ਨਾਂ
ਵੀ ਸ਼ਾਮਿਲ ਸੀ। ਇਸ ਤੋਂ ਬਾਅਦ ਪ੍ਰੇਮ ਪ੍ਰਕਾਸ਼ ਦੀ ਸੰਪਾਦਨਾ ਹੇਠ ਜਲੰਧਰ ਤੋਂ
ਛਪਦੇ ਰਸਾਲੇ ‘ਲਕੀਰ’, ਚੰਡੀਗੜ੍ਹ ਤੋਂ ਨਿਕਲਦੇ ਰਘੂਵੀਰ ਸਿਰਜਣਾ ਦੇ
‘ਸਿਰਜਣਾ’ ਤੇ ਪੂਨਮ ਦੁਆਰਾ ਸੰਪਾਦਿਤ ਸੱਤਰ ਸਾਲਾਂ ਤੋਂ ਵੀ ਪੁਰਾਣੇ ਰਸਾਲੇ
‘ਪ੍ਰੀਤਲੜੀ’ ਵਿਚ ਵੀ ਮੇਰੀ ਕਿਤਾਬ ਦੀ ਆਮਦ ਦਾ ਵੇਰਵਾ ਸੀ।
ਕਿਸੇ ਸਾਹਿਤਕ ਰਸਾਲੇ ਵਿਚ ਆਪਣਾ ਤੇ ਆਪਣੀ ਕਿਤਾਬ ਦਾ ਨਾਂ ਪੜ੍ਹ ਕੇ
ਕਿਸੇ ਲੇਖਕ, ਸ਼ਾਇਰ, ਕਹਾਣੀਕਾਰ ਜਾਂ ਸਾਹਿਤਕਾਰ ਨੂੰ ਜੋ ਖੁਸ਼ੀ ਮਹਿਸੂਸ ਹੁੰਦੀ ਹੈ
ਉਸਨੂੰ ਸ਼ਬਦਾਂ ਵਿਚ ਬਿਆਨ ਕਰਨਾ ਬਹੁਤ ਮੁਸ਼ਕਿਲ ਹੈ । ਖਾਸ ਕਰਕੇ ਜੇ ਕਰ ਇਹ
ਕਿਤਾਬ, ਰਚਨਾ ਉਸਦੀ ਪਲੇਠੀ ਹੋਵੇ। ਇਹੀ ਹਾਲ
ਮੇਰਾ ਸੀ। ਮੈਂ ਰਸਾਲੇ ਆਪਣੀ ਘਰਵਾਲੀ ਨੂੰ ਦਿਖਾਏ। ਉਹਨਾਂ ਵਿਚ ਆਪਣੀ ਕਿਤਾਬ ਦਾ
ਛਪਿਆ ਨਾਂ ਦਿਖਾਇਆ। ਫਿਰ ਇਹ ਉਮੀਦ ਕਰਨ ਲੱਗਾ ਕਿ
ਕਿਸੇ ਨਾ ਕਿਸੇ ਰਸਾਲੇ ਵਿਚ ਮੇਰੀ ਕਿਤਾਬ ਦੀ ਸਮਿਖਿਆ ਬਹੁਤ ਛੇਤੀ ਨਜਰ ਆਏਗੀ।
ਫਿਰ ਮੈਂ ਇਹਨਾਂ ਸਾਰਿਆਂ ਰਸਾਲਿਆਂ ਵਾਰੇ ਭੁਲ ਗਿਆ ਕਿ ਕਿਸੇ ਰਸਾਲੇ ਚ
ਮੇਰੀ ਕਿਤਾਬ ਵਾਰੇ ਕੋਈ ਚਰਚਾ ਹੋਵੇਗੀ।
ਪਰ ਅਚਾਨਕ ਇਕ ਦਿਨ ਐਤਵਾਰ ਦੀ ਸਵੇਰ ਨੂੰ ਫੋਨ ਦੀ ਘੰਟੀ ਵਜੀ। ਦੂਸਰੇ ਪਾਸੇ ਤੋਂ
ਗੁਲ ਚੌਹਾਨ ਤੇਜ ਤੇਜ ਬੋਲ ਰਿਹਾ ਸੀ, ਯਾਰ ਗੱਬੀ! ਤੂੰ ਤਾਂ ਪਾਸ ਹੋ ਗਿਆਂ ! ਕੀ
ਮਤਲਵ ! ਮੈਂ ਤਾਂ ਕੋਈ ਇਮਤਿਹਾਨ ਦਿੱਤਾ ਹੀ ਨਹੀਂ ! ਫਿਰ ਪਾਸ ਕਿਥੋਂ ਹੋ ਗਿਆ ?
ਮੈਂ ਗੁਲ ਨੂੰ ਹੈਰਾਨ ਹੋ ਕੇ ਪੁੱਛਿਆ। ਯਾਰ! ਤੁੰ ਸਚਮੁਚ ਪਾਸ ਹੋ ਗਿਆਂ! ਤੁੰ
ਤਾਂ ਕਾਕਾ ਪੱਕਾ ਸ਼ਾਇਰ ਬਣ ਗਿਐਂ । ਉਹ ਲਗਾਤਾਰ ਬੋਲਦਾ ਜਾ ਰਿਹਾ ਸੀ। ਪਰ ਹੋਇਆ
ਕੀ ਹੈ ਯਾਰ? ਪਹਿਲਾਂ ਦੱਸ ਤਾਂ ਸਹੀ, ਮੈਂ ਥੋੜਾ ਕਰੜਾ ਹੋ ਕੇ ਪੁੱਛਿਆ। ਪਹਿਲਾਂ
ਇਹ ਦੱਸ ਤੁੰ ਪਾਰਟੀ ਕਦੋ ਦੇ ਰਿਹੈ? ਗੁਲ ਨੇ ਫਿਰ ਸਵਾਲ ਕੀਤਾ। ਮੈਨੂੰ ਉਸਦੀਆਂ
ਬੁਝਾਰਤਾਂ ਦੀ ਸਮਝ ਨਹੀਂ ਆ ਰਹੀ ਸੀ। ਮੈਂ ਕੁਝ ਥੋੜਾ ਖਿੰਝ ਕੇ ਪਿਆ, ਯਾਰ
ਪਹਿਲਾਂ ਦੱਸ ਕੀ ਗੱਲ ਹੈ ? ਕਿਥੋਂ ਪਾਸ ਹੋ ਗਿਆ ? ਨਹੀਂ ਤਾਂ ਮੈਂ ਲੱਗਾਂ
ਰਿਸੀਵਰ ਰੱਖਣ! ਉਏ ਗੱਬੀ ! ਤੁੰ ਇਸ ਵਾਰ ਦਾ ‘ਲਕੀਰ’ ਨਹੀਂ ਪੜਿਆ! ਗੁਲ
ਬੋਲਿਆ। ਨਹੀਂ ! ਮੈਂ ਜਬਾਵ ਦਿੱਤਾ। ਉਹ ਯਾਰ ਤੇਰੇ ‘ਦਿਲ ਵਾਲੀ ਫਟੜੀ’
ਦੀ ਲਿਖਾਈ ਨੂੰ ਸੁਰਜੀਤ ਹਾਂਸ ਨੇ ਪਾਸ ਕਰ ਦਿੱਤਾ। ਕਹਿੰਦਾ, ਦਿਲ ਦੀ ਫਟੜੀ ਤੇ
ਲਿਖੇ ਬੋਲ ਕਾਮਯਾਬ ਹਨ। ਯਾਰ! ਯਕੀਨ ਜਿਹਾ ਨਹੀਂ ਆ ਰਿਹਾ ਕਿ ਸੁਰਜੀਤ ਹਾਂਸ ਨੇ
ਤੇਰੀ ਤਾਰੀਫ ਕੀਤੀ ਹੈ। ਉਸਦੀ ਕਲਮ ਤਾਂ ਕਿਸੇ ਦੀ ਤਾਰੀਫ ਕਦੇ ਕਦਾਈਂ ਹੀ ਕਰਦੀ
ਹੈ। ਗੁਲ ਬੋਲਦਾ ਜਾ ਰਿਹਾ ਸੀ। ਸੁਰਜੀਤ ਹਾਂਸ !
ਇਹ ਕੌਣ ਹੈ ? ਮੈਂ ਉਤਸੁਕ ਹੋ ਕੇ ਪੁਛਿਆ। ਮੈਨੂੰ ਸਚਮੁਚ ਹੀ ਸੁਰਜੀਤ ਹਾਂਸ ਵਾਰੇ
ਪਤਾ ਨਹੀਂ ਸੀ। ਅੱਛਾ ! ਤੂੰ ਸੁਰਜੀਤ ਹਾਂਸ ਵਾਰੇ ਨਹੀਂ ਜਾਣਦਾ?
ਮੈਂ ਕਿਹਾ ,
ਨਹੀਂ! ਉਸਨੇ ਫਿਰ ਬੋਲਣਾ ਸ਼ੁਰੂ ਕਰ ਦਿੱਤਾ। ਸੁਰਜੀਤ ਹਾਂਸ ਪੰਜਾਬੀ
ਕਵਿਤਾ ਦੀ ਆਲੋਚਨਾ ਦਾ ‘ਬਾਬਾ ਬੋਹੜ’ ਹੈ। ਵੱਡੇ ਤੋਂ ਵੱਡਾ ਸ਼ਾਇਰ ਵੀ ਆਪਣੀ
ਕਿਤਾਬ ਦੀ ਆਲੋਚਨਾ ਉਸ ਤੋਂ ਕਰਵਾਉਣ ਤੋਂ ਕਤਰਾਂਦਾ ਹੈ। ਉਹ ਕਿਉਂ ? ਮੈਂ
ਪੁੱਛਿਆ। ਯਾਰ ਉਹ ਕਵਿਤਾ ਨੂੰ ਛਾਨਣੀ ਵਿਚ ਦੀ ਨਹੀਂ ਕਢਦਾ ਸਗੋਂ ਉਸਦਾ ਕਪੜਛਾਨ
ਕਰਦੈ। ਜਿਹੜਾ ਉਸਦੇ ਕਪੜਛਾਨ ਚੋਂ ਲੰਘ ਗਿਆ ਸਮਝੋ ਉਹ ਕਵੀ ਬਣ ਗਿਆ। ਉਸ ਵਾਰੇ
ਕਿਹਾ ਜਾਂਦੈ ਕਿ ਕਈ ਵਾਰੀ ਉਹ ਆਪਣੇ ਆਪ ਚ ਵੱਡੇ ਸ਼ਾਇਰ ਕਹਾਉਣ ਵਾਲੇ ਸ਼ਾਇਰਾਂ ਦੀ
ਸ਼ਾਇਰੀ ‘ਤੇ ਉਕਾ ਹੀ ਕਾਟਾ ਮਾਰ ਦਿੰਦੈ… । ਤੈਨੂੰ ਪਤੈ ? ਇਕ ਵਾਰੀ ਉਸਨੇ ਹਰਭਜਨ
ਹਲਵਾਰਵੀ ਦੀ ਇਕ ਕਵਿਤਾ ਦੀ ਕਿਤਾਬ ਦੀ ਆਲੋਚਨਾ ਇਹਨਾਂ ਸ਼ਬਦਾਂ ਨਾਲ ਕੀਤੀ ਸੀ
‘ਹਲਵਾਰਵੀ ਤੋਂ ਵੱਡਾ ਹੋਰ ਕੋਈ ਕਵੀ ਨਹੀਂ ਹੋ ਸਕਦਾ’…ਤੇ ਬਸ।
ਉਹ ਦੋ ਸੋ ਪੰਨਿਆਂ ਦੀ ਕਿਤਾਬ ਦੀ ਆਲੋਚਨਾ ਢਾਈ ਸ਼ਬਦਾਂ ‘ਚ ਕਰ ਦਿੰਦੈ। ਐਵੇਂ
ਹੋਰਨਾਂ ਵਾਂਗ ਪੰਨਿਆਂ ਦੇ ਪੰਨੇ ਲਿਖ ਕੇ ਨਹੀਂ ਭਰਦਾ। ਉਸ ਦੁਆਰਾ ਕਿਤਾਬਾਂ ਦੀ
ਕੀਤੀ ਆਲੋਚਨਾ ਦੇ ਕੁਝ ਨਮੂਨੇ ਸੁਣ, ਕਵਿਤਾ ਠੀਕ ਠਾਕ ਹੈ… ‘ਚੇਤਨਾ ਦਾ ਚਾਨਣ’ ਜੀ
ਆਇਆਂ ਹੁੰਦੈ…. ਮਾਨ ਵਰਗੀ ਨਿੱਗਰ ਕਵਿਤਰੀ ਨੂੰ ਸਰਟੀਫੀਕੇਟਾਂ ਦੀ ਕੀ ਲੋੜ
ਸੀ….ਆਦਿ। ਪਰ ਤੇਰੇ ਵਾਰੇ ਉਹ ਲਿਖਦਾ ਹੈ ‘ਜੇ ਗੱਬੀ ਅਚੇਤ ਹੀ ਸ਼ਿਵ ਤੋਂ ਪਰੇ
ਹੁੰਦਾ ਹੈ ਤਾਂ ਕਵਿਤਾ ਦੀ ਸੰਭਾਵਨਾ ਬਣ ਜਾਂਦੀ ਹੈ। ‘ਮੌਤ’, ‘ਕਿੱਕਰ’, ‘ਮੇਰਾ
ਪਿੰਡ’ ਹੋਣਹਾਰ ਰਚਨਾਵਾਂ ਹਨ। ‘ਪ੍ਰਛਾਵੇ’ ਕਾਮਯਾਬ ਹੈ’। ਗੋਵਰਧਨ ਗੱਬੀ ਦੀ ਇਕ
ਕਵਿਤਾ ‘ਪ੍ਰਛਾਵੇਂ’
ਮੈਨੂੰ ਜਿਉਂਦਿਆਂ ਨਾਲ ਪਿਆਰ ਨਹੀਂ/ਪਰ ਕਦੇ-ਕਦੇ ਮੋਇਆਂ ਨਾਲ ਪਿਆਰ ਕਰ ਬਹਿੰਦਾ
ਹਾਂ/ ਮੈਨੂੰ ਆਪਣਿਆ ‘ਤੇ ਵਿਸ਼ਵਾਸ਼ ਨਹੀਂ/ ਪਰ ਕਦੇ –ਕਦੇ ਬੇਗਾਨਿਆਂ ‘ਤੇ ਇਤਬਾਰ
ਕਰ ਬਹਿੰਦਾ ਹਾਂ। ਕਿਸੇ ਦੇ ਜੰਮਣ ਮਰਨ ‘ਤੇ ਰੋਂਦਾ ਨਹੀਂ/ ਪਰ ਕਦੇ-ਕਦੇ ਆਪ
ਮੁਹਾਰੇ ਅੱਖਾਂ ਭਰ ਬਹਿੰਦਾ ਹਾਂ। ਰੱਬ ਨੂੰ ਛੱਡ ਕਿਸੇ ਤੋਂ ਡਰਦਾ ਨਹੀਂ/ ਪਰ
ਕਦੇ-ਕਦੇ ਆਪਣੇ ਪ੍ਰਛਾਵੇਂ ਤੋਂ ਡਰ ਬਹਿੰਦਾ ਹਾਂ । ਵੈਸੇ ਤਾਂ ਕਿਸੇ ਨਾਲ ਲੜਦਾ
ਨਹੀਂ/ ਪਰ ਕਦੇ-ਕਦੇ ਆਪਣੇ ਆਪ ਨਾਲ ਲੜ ਬਹਿੰਦਾ ਹਾਂ। ਆਪਣੇ ਕੱਦ ਤੋਂ ਉੱਚਾ ਉਡਿਆ
ਨਹੀਂ ਹਾਂ/ਪਰ ਕਦੇ-ਕਦੇ ਦੂਰ ਅਕਾਸ਼ੀਂ ਉਡ ਬਹਿੰਦਾ ਹਾਂ ਤੇ ਡਿਗ ਪੈਂਦਾ ਹਾਂ।
ਇਹ ਕਹਿ ਕੇ ਗੁਲ ਕਹਿੰਦਾ, ਯਾਰ ਹੁਣ ਤੇਰੀ ਕਿਤਾਬ ਮੁੜ ਪੜਣੀ ਪੈਣੀ ਹੈ। ਮੈਂ
ਪੁਛਿਆ, ਕਿਉਂ ? ਪਹਿਲਾਂ ਮੈਂ ਵੀ ਤੇਰੀ ਸ਼ਾਇਰੀ ਨੂੰ ਗੰਭੀਰਤਾ ਨਾਲ ਨਹੀਂ ਲਿਆ
ਸੀ। ਪਰ ਸੁਰਜੀਤ ਹਾਂਸ ਦੀ ਆਲੋਚਨਾ ਤੋਂ ਬਾਅਦ ਮੈਨੂੰ ਆਪਣੀ ਤੇਰੀ ਸ਼ਾਇਰੀ ਵਾਰੇ
ਰਾਏ ਬਦਲਣੀ ਪੈਣੀ ਹੈ, ਉਸਨੇ ਜਬਾਵ ਦਿੱਤਾ। ਉਸ ਤੋਂ ਬਾਅਦ ਗੁਲ ਮੇਰੇ ਹੋਰ ਨੇੜੇ
ਹੋ ਗਿਆ। ਸ਼ਾਮ ਨੂੰ ਸਚਮੁਚ ਮੈਂ ਉਸਨੂੰ ਪਾਰਟੀ ਦਿੱਤੀ। ਕਵਿਤਾਵਾਂ ਵਾਰੇ ਢੇਰ
ਸਾਰੀਆਂ ਗੱਲਾਂ ਕੀਤੀਆਂ। (ਚਲਦਾ ਹੈ)
|