WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)


ਸਾਹਿਤਕ ਸਫਰ ਦੇ ਲਟਕੇ ਝਟਕੇ...
ਗੋਵਰਧਨ ਗੱਬੀ ( ਭਾਗ ਚੌਥਾ)

gabbi-govardhan1_80.jpg (3231 bytes)

ਗੋਵਰਧਨ ਗੱਬੀ

ਕਿਤਾਬ ਦੀ ਘੁੰਡ ਚੁਕਾਈ ਦੀ ਰਸਮ ਤੋਂ ਦੋ ਤਿੰਨ ਹਫਤਿਆਂ ਬਾਦ ਹਿੰਮਤ ਕਰਕੇ ਮੈਂ ਆਪਣੀਆਂ ਦੋ ਨਵੀਆਂ ਕਵਿਤਾਵਾਂ ਦੇਸ਼ ਸੇਵਕ ਅਖ਼ਬਾਰ ਨੂੰ ਛਪਣ ਲਈ ਭੇਜੀਆਂ। ਤਿੰਨ ਮਹੀਨਿਆਂ ਤਕ ਮੈਂ ਹਰ ਐਤਵਾਰ ਨੂੰ ਦੇਸ਼ ਸੇਵਕ ਦੀ ਸਪਤਾਹਿਕੀ ‘ਪੁੱਲ ਆਉਟ’ ਪੜਦਾ ਰਿਹਾ ! ਕਈਆਂ ਦੇ ਲੇਖ ਛਪੇ ਹੁੰਦੇ। ਕਿਸੇ ਦੀ ਕਹਾਣੀ। ਕਈਆਂ ਦੀਆਂ ਕਵਿਤਾਵਾਂ ! ਪਰ ਮੇਰੀਆਂ ਕਵਿਤਾਵਾਂ ਕਿਤੇ ਵੀ ਦਿਖਾਈ ਨਾ ਦਿੰਦੀਆਂ। ਮਨ ਬੜਾ ਉਦਾਸ ਹੋ ਜਾਂਦਾ ਪਰ ਸੋਚਦਾ ਕਿ ਹੋ ਸਕਦੈ ਅਖ਼ਬਾਰ ਚ ਜਗ੍ਹਾ ਨਾ ਬਚੀ ਹੋਵੇ ! ਇਹ ਸੋਚ ਕੇ ਹੋਰ ਜਿਆਦਾ ਦੁਖੀ ਹੋ ਜਾਂਦਾ ਕਿ ਹੋ ਸਕਦੈ ਅਗਲਿਆਂ ਪਾੜ ਕੇ ਕੂੜੇਦਾਨ ਚ ਸੁਟ ਦਿੱਤੀਆਂ ਹੋਣ! ਜਾਂ ਫਿਰ ਵਾਪਸ ਭੇਜ ਦਿੱਤੀਆਂ ਹੋਣ। ਬਸ ਇਸੇ ਯੱਕੋਤੱਕੀ ਚ ਹਰ ਐਤਵਾਰ ਨਿਕਲ ਜਾਣਾ। ਅਗਲੇ ਐਤਵਾਰ ਦੀ ਊਡੀਕ ਕਰਦਿਆਂ ਪਤਾ ਹੀ ਨਹੀਂ ਚਲਣਾ ਕਿ ਕਦ ਸਾਰਾ ਹਫਤਾ ਲੰਘ ਗਿਐ।

ਚਾਰ ਕੁ ਮਹੀਨਿਆਂ ਬਾਅਦ ਜਦੋਂ ਮੈਂ ਉਮੀਦ ਛੱਡ ਦਿੱਤੀ ਸੀ ਤਾਂ ਇਕ ਐਤਵਾਰ ਨੂੰ ਦੇਖਿਆ ਕਿ ਮੇਰੀ ਇਕ ਛੋਟੀ ਜਿਹੀ ਕਵਿਤਾ ਜਿਸਦਾ ਸਿਰਨਾਵਾਂ ਸੀ ‘ਇਕ ਦਿਨ ਮੈਂ’ ਵਿਚ ਛਪੀ ਹੋਈ ਹੈ। ਕਵਿਤਾ ਦੇ ਅੰਤ ਵਿਚ ਮੇਰਾ ਨਾਂ ਵੀ ਛੱਪਿਆ ਸੀ। ਨਾਂ ਉਪਰ ਵਾਰ ਵਾਰ ਹੱਥ ਫੇਰ ਕੇ ਉਸਨੂੰ ਛੁਹਿਆ। ਕਵਿਤਾ ਦੇ ਬੋਲ ਸਨ, ਹੋਲੇ-ਹੋਲੇ ਇਕ ਦਿਨ/ ਮੈਂ/ਆਪਣੀਆਂ ਹੀ ਨਜ਼ਰਾਂ ਤੋਂ/ਗਿਰ ਜਾਵਾਂਗਾ/ਘਿਰ ਜਾਵਾਂਗਾ/ਆਪਣੇ ਹੀ ਬੁਣੇ ਜਾਲ ਵਿਚ/ਹਵਾ ‘ਚ ਬਣਾਏ ਮਹਲਾਂ ਦੀਆਂ/ ਕੰਧਾਂ ਨਾਲ/ ਭਿੜ ਜਾਵਾਂਗਾ/ਸ਼ੀਸ਼ੇ ਦੀ ਤਰ੍ਹਾਂ/ਪਾਰਦਰਸ਼ੀ ਨਹੀਂ /ਹਾਂ/ਤਿੜਕ ਜਾਵਾਂਗਾ ਜ਼ਰੂਰ/ਇਕ ਦਿਨ!  ਉਹਨਾਂ ਦਿਨਾਂ ਮੈਂ ਸੋਚਦਾ ਸੀ ਕਿ ਜਿਸ ਦੀਆਂ ਕਵਿਤਾਵਾਂ ਅਖ਼ਬਾਰ ਜਾਂ ਰਸਾਲੇ ਚ ਛੱਪ ਗਈਆਂ ਸਮਝੋ ਕਿ ਉਹ ਪ੍ਰਵਾਣਿਤ ਕਵੀ ਹੈ। ਵਾਰ ਵਾਰ ਕਵਿਤਾ ਪੜੀ। ਸਾਰੇ ਘਰ ਵਾਲਿਆਂ ਨੂੰ ਪੜਾਈ। ਪਿੰਡ ਫੋਨ ਕਰਕੇ ਪਾਪਾ ਭਾਬੀ ਹੋਰਾਂ ਨੂੰ ਵੀ ਦੱਸਿਆ । ਆਪਣੇ ਆਪ ਨੂੰ ਸੱਤਵੇਂ ਅਸਮਾਨ ਚ ਪਾਇਆ। ਸੋਚਾਂ ਕਿ ਅੱਜ ਤਾਂ ਕਿਸੇ ਨਾ ਕਿਸੇ ਯਾਰ-ਮਿੱਤਰ ਦਾ ਫੋਨ ਜਰੂਰ ਆਵੇਗਾ। ਜਰੂਰ ਮੇਰੀ ਕਵਿਤਾ ਦੀ ਤਾਰੀਫ ਕਰੇਗਾ!

ਗਰਮੀਆਂ ਦਾ ਮੌਸਮ ਸੀ। ਸਵੇਰੇ ਸੱਤ ਕੁ ਵਜੇ ਦਾ ਸਮਾਂ ਸੀ। ਘਰ ਦੇ ਸਾਰੇ ਜੀਅ ਪਿਛਲੇ ਵਿਹੜੇ ਚ ਬੈਠੇ ਅਖ਼ਬਾਰਾਂ ਪੜ ਰਹੇ ਸਨ। ਫੋਨ ਦੀ ਘੰਟੀ ਸਚਮੁਚ ਵੱਜ ਉਠੀ। ਆਮਤੌਰ ‘ਤੇ ਮੇਰੀ ਘਰ ਵਾਲੀ ਹੀ ਫੋਨ ਉਠਾਉਂਦੀ ਹੈ। ਜੇਕਰ ਮੈਂ ਗਲ ਕਰਨੀ ਹੋਵੇ ਤਾਂ ਠੀਕ ਹੈ , ਨਹੀਂ ਤਾਂ ਮੈਂ ਇਸ਼ਾਰਿਆਂ ਨਾਲ ਹੀ ਸਮਝਾ ਦਿੰਦਾ ਹਾਂ ਕਿ ਫੋਨ ਕਰਨ ਵਾਲੇ ਨੂੰ ਟਾਲ ਦੇਵੇ। ਉਸ ਦਿਨ ਫੋਨ ਦੀ ਘੰਟੀ ਸੁਣ ਕੇ ਮੈਂ ਅੰਦਰ ਨੂੰ ਭੱਜਿਆ । ਜਲਦੀ ਨਾਲ ਫੋਨ ਉਠਾ ਲਿਆ । ਸੋਚਿਆ ਘਰਵਾਲੀ ਕਿਤੇ ਗਲਤੀ ਨਾਲ ਮੇਰੀ ਕਵਿਤਾ ਦੀ ਤਰੀਫ ਕਰਨ ਵਾਲੇ ਨੂੰ ਟਾਲ ਹੀ ਨਾ ਦੇਵੇ।

ਹੈਲੋ ! ਗੱਬੀ ਜੀ ਬੋਲ ਰਹੇ ਨੇ..! ਦੂਸਰੇ ਪਾਸੇ ਤੋਂ ਇਕ ਔਰਤ ਦੀ ਆਵਜ਼ ਆਈ। ਹਾਂ ਜੀ! ਮੈਂ ‘ਗੱਬੀ’ ਬੋਲ ਰਿਹਾ ਹਾਂ ! ਮੈਂ ਬੜੇ ਉਤਸ਼ਾਹ ਨਾਲ ਜਵਾਬ ਦਿੱਤਾ। ਤੁਸੀਂ ਕੌਣ ਬੋਲ ਰਹੇ ਹੋ ? ਮੈਂ ਸਵਾਲ ਕੀਤਾ। ਮੈਂ ਦਵਿੰਦਰ ਦਵੀ ਬੋਲ ਰਹੀ ਹਾਂ! ਮਿਸਜ਼ ਸਰਵਮੀਤ! ਉਸਨੇ ਜਬਾਵ ਦਿੱਤਾ। ਮੈਂ ਸੋਚਿਆ ਕਿ ਉਸਨੇ ਅੱਜ ਦੇਸ਼ ਸੇਵਕ ਚ ਛਪੀ ਮੇਰੀ ਕਵਿਤਾ ਪੜ ਲਈ ਹੈ। ਉਸੇ ਵਾਰੇ ਗੱਲ ਕਰਨੀ ਹੋਵੇਗੀ। ਮਨ ਬੜਾ ਖੁਸ਼ ਹੋਇਆ ਕਿ ਚਲੋ ਫੋਨ ਆਇਆ ਤਾਂ ਸਹੀ। ਹਾਂ ਜੀ ਮੈਡਮ ! ਕਿੰਝ ਲਗਿਆ ਜੀ ਅੱਜ! ਠੀਕ ਹੈ ! ਹੈ ਕੁਝ ਜਾਨ ! ਦਿਖਾਈ ਦਿੰਦੀ ਕੁਝ ਉਮੀਦ ਦੀ ਕਿਰਨ ! ਮੈਂ ਕਵਿਤਾ ਵਾਰੇ ਉਸਦੇ ਖਿਆਲ ਜਾਨਣ ਲਈ ਉਸਨੂੰ ਉਪਰਥਲੀ ਕਈ ਸਾਰੇ ਸਵਾਲ ਇਕੱਠੇ ਪੁੱਛ ਸੁੱਟੇ। ਹਾਂ ਜੀ ! ਅਜੇ ਤਾਂ ਕੁਝ ਜਾਨ ਹੈ ! ਪਰ ਉਮੀਦ ਦੀ ਕਿਰਨ ਕੋਈ ਨਹੀਂ ! ਦੂਸਰਾ ਜੇ ਕਰ ਤੁਹਾਡੇ ਵਰਗੇ ਦੋਸਤ ਹੋਣਗੇ ਤਾਂ ਉਮੀਦ ਕਰਨੀ ਵੀ ਨਹੀਂ ਚਾਹੀਦੀ! ਦਵੀ ਦੇ ਸ਼ਬਦਾਂ ਦੇ ਅਰਥ ਮੇਰੀ ਸਮਝ ਤੋਂ ਬਾਹਰ ਸਨ। ਮੈਨੂੰ ਇਹ ਪਤਾ ਨਹੀਂ ਚਲ ਰਿਹਾ ਸੀ ਕਿ ਗੱਲ ਮੇਰੀ ਕਵਿਤਾ ਵਾਰੇ ਹੋ ਰਹੀ ਹੈ ਕਿ ਜਾਂ ਕਿਸੇ ਹੋਰ ਵਾਰੇ। ਉਹ ਫਿਰ ਬੋਲੀ, ਮੈਂ ਤਾਂ ਇਸ ਕਰਕੇ ਫੋਨ ਕੀਤਾ ਹੈ ਕਿ ਤੁਹਾਡੇ ਘਰ ਦਾ ਪਤਾ ਨੋਟ ਕਰ ਲਵਾਂ । ਪਤਾ ! ਮੈਂ ਘਬਰਾਹ ਕੇ ਪੁੱਛਿਆ! ਹਾਂ ਜੀ ਪਤਾ! ਉਹ ਫਿਰ ਬੋਲੀ । ਮੈਂ ਫਟਾਫਟ ਆਪਣੇ ਘਰ ਦਾ ਪਤਾ ਲਿਖਵਾ ਦਿੱਤਾ। ਮੈਂ ਸੋਚਿਆ ਕਿ ਮੇਰੀ ਕਵਿਤਾ ਪੜ ਕੇ ਹੋ ਸਕਦੈ ਮੈਨੂੰ ਮਿਲਣਾ ਚਾਹੁੰਦੀ ਹੋਵੇ। ਮੈਂ ਪੁੱਛਿਆ, ਕਿਉਂ ਕੋਈ ਕੰਮ ਹੈ ? ਨਹੀਂ, ਅਜੇ ਤਾਂ ਨਹੀਂ ਹੈ, ਪਰ ਹੋ ਸਕਦੈ ਕਿਸੇ ਵੇਲੇ ਵੀ ਤੁਹਾਡੇ ਘਰ ਆਉਣਾ ਪਵੇ। ਕੋਈ ਖਾਸ ਕੰਮ ਹੈ , ਮੈਂ ਸੁਭਾਵਿਕ ਹੀ ਪੁਛਿਆ। ਹਾਂ ਜੀ ! ਹੋ ਸਕਦੈ ਸਿਆਪਾ ਕਰਨ ਤੁਹਾਡੇ ਘਰ ਵੀ ਆਉਣਾ ਪਵੇ! ਉਹ ਕੁਝ ਵਿਅੰਗ ਤੇ ਕਰੜੀ ਹੋ ਕੇ ਬੋਲੀ। ਸਿਆਪਾ ! ਕਿਹੜਾ ਸਿਆਪਾ ! ਕਾਹਦਾ ਸਿਆਪਾ ! ਕਹਿੰਦੇ ਕਹਿੰਦੇ ਮੇਰੇ ਲੂੰ ਕੰਡੇ ਖੜੇ ਹੋ ਗਏ! ਸ਼ਰੀਰ ਠੰਡਾ ਪੈ ਗਿਆ। ਆਵਾਜ ਫਿਰ ਆਈ, ਹਾਂ ਜੀ ! ਸਿਆਪਾ! ਤੁਸਾਂ ਲੋਕਾਂ ਨੇ ਸਰਵਮੀਤ ਨੂੰ ਸ਼ਰਾਬ ਪਿਆ ਪਿਆ ਕੇ ਮਾਰ ਦਿੱਤੈ ! ਸਰਵਮੀਤ ਮਰ ਗਿਐ! ਇਹ ਸੁਣ ਕੇ ਮੇਰੀਆਂ ਅੱਖਾਂ ਅੱਗੇ ਹਨੇਰਾ ਜਿਹਾ ਛਾ ਗਿਆ। ਕਲ ਰਾਤੀਂ ਤਾਂ ਉਹ ਠੀਕ ਠਾਕ ਸੀ! ਅਸੀਂ ਤਾਂ ਦੋਨਾਂ ਹੀ ਕਲ ਰਾਤੀਂ ਇਕਠਿਆਂ ਬੈਠ ਕੇ ਸ਼ਰਾਬ ਪੀਤੀ ਹੈ! ਮੈਂ ਸਰਵਮੀਤ ਦੀ ਚੰਗੀ ਸੇਹਤ ਵਾਰੇ ਦਵੀ ਨੂੰ ਚਾਨਣਾ ਪਾਇਆ। ਉਹ ਝੱਟ ਦੀ ਬੋਲੀ, ਬਾਹਰ ਕੋਠੇ ਤੇ ਪਿਆ ਚੀਕਾਂ ਮਾਰ ਰਿਹੈ! ਮੇਰੇ ਵਾਸਤੇ ਤਾਂ ਕਦ ਦਾ ਮਰਿਆ ਪਿਐ। ਇਹ ਸੁਣ ਕੇ ਕਿ ਸਰਵਮੀਤ ਨੂੰ ਕੁਝ ਨਹੀਂ ਹੋਇਆ ਮੈਨੂੰ ਕੁਝ ਰਾਹਤ ਮਿਲੀ। ਉਸਨੇ ਹੋਰ ਪਤਾ ਨਹੀਂ ਕਿਹੜੀਆਂ ਕਿਹੜੀਆਂ ਗੱਲਾਂ ਕਹਿ ਮਾਰੀਆਂ । ਉਹ ਬੋਲਦੀ ਗਈ ਤੇ ਮੈਂ ਸੁਣਦਾ ਰਿਹਾ। ਉਸਨੇ ਸਰਵਮੀਤ ਦੇ ਨਾਲ ਨਾਲ ਮੈਂਨੂੰ ਤੇ ਸਾਡੇ ਕੁਝ ਸਾਂਝੇ ਦੋਸਤਾਂ ਨੂੰ ਵੀ ਨਾਲ ਹੀ ਲਪੇਟ ਲਿਆ। ਉਸਨੇ ਲਗਭਗ ਇਕ ਘੰਟਾ ਆਪਣੇ ਉਪਦੇਸ਼ ਸੁਣਾਏ। ਮੈਂ ਸਿਰਫ ਅੱਗੋਂ ਹਾਂ ਜੀ ਮੈਡਮ! ਹਾਂ ਜੀ ਭੈਣਜੀ ! ਠੀਕ ਹੈ ਭਾਬੀ ਜੀ! ਹਾਂ ਜੀ ! ਹੂੰ ਜੀ ਆਦਿ ਹੀ ਬੋਲਦਾ ਰਿਹਾ। ਬੜੀ ਮੁਸ਼ਕਿਲ ਨਾਲ ਦਵੀ ਤੋਂ ਖਲਾਸੀ ਕਰਵਾਈ। ਜਦੋਂ ਕਾਫੀ ਦੇਰ ਮੈਂ ਫੋਨ ਨਾਲ ਚਿੰਬੜਿਆ ਰਿਹਾ ਤਾਂ ਮੇਰੀ ਘਰ ਵਾਲੀ ਨੂੰ ਸ਼ੱਕ ਹੋ ਗਿਆ ਕਿ ਜਰੂਰ ਕੋਈ ਗੱਲ ਹੈ। ਪਰ ਮੈਂ ਉਸਨੂੰ ਕਿਸੇ ਨਾ ਕਿਸੇ ਤਰਾਂ ਟਾਲ ਗਿਆ।

ਮਨ ਬਹੁਤ ਹੀ ਦੁਖੀ ਹੋ ਗਿਆ। ਸੋਚਾਂ ਕਿ ਯਾਰ ਚੰਗਾ ਫੋਨ ਆਇਆ। ਚੰਗੀ ਸਿਫਤ ਸੁਣੀ। ਦਵੀ ਨੇ ਮੈਨੂੰ ਉਹ ਗੱਲਾਂ ਸੁਣਾ ਦਿੱਤੀਆਂ ਸਨ ਜਿਹੜੀਆਂ ਮੈਨੂੰ ਕਦੇ ਕਿਸੇ ਨੇ ਨਹੀਂ ਸੁਣਾਈਆਂ ਸਨ। ਇਥੋਂ ਤਕ ਕਿ ਬਚਪਨ ਚ ਮੇਰੀ ਮਾਂ ਨੇ ਵੀ ਨਹੀਂ। ਮੈਂ ਉਸ ਵਲੋਂ ਵਰਤੀ ਗਈ ਸ਼ਬਦਾਵਲੀ ਪਹਿਲੀ ਵਾਰ ਸੁਣੀ ਸੀ। ਮੈਂ ਆਪਣਾ ਦੁਖ ਸਾਂਝਾ ਕਰਨ ਲਈ ਗੁਲ ਚੌਹਾਨ ਨੂੰ ਫੋਨ ਮਿਲਾਇਆ। ਆਪਣਾ ਦੁਖੜਾ ਦੱਸਿਆ। ਸਵੇਰੇ ਸਵੇਰੇ ਆਪਣੀ ਹੋਈ ਦੁਰਗਤੀ ਨੂੰ ਵਿਸਥਾਰ ਨਾਲ ਪੇਸ਼ ਕੀਤਾ। ਅੱਛਾ ! ਅੱਛਾ ! ਅੱਜ ਤੇਰਾ ਨੰਬਰ ਸੀ! ਉਸਨੇ ਅੱਗੋਂ ਜਵਾਬ ਦਿੱਤਾ। ਨੰਬਰ! ਕੀ ਮਤਲਵ? ਮੈਂ ਪੁੱਛਿਆ। ਮੇਰਾ ਮਤਲਵ ਹੈ ਕਿ ਇਕ ਵਾਰ ਮੇਰਾ ਵੀ ਨੰਬਰ ਲੱਗਾ ਸੀ, ਤਦ ਮੈਨੂੰ ਵੀ ਸਵੇਰੇ ਸਵੇਰੇ ਇਸੇ ਤਰਾਂ ਦੇ ਉਪਦੇਸ਼ ਸੁਣਨ ਨੂੰ ਮਿਲੇ ਸਨ, ਪਰ ਮੈਂ ਤਾਂ ਅੱਗੋਂ ਉਸਨੂੰ ਮੋੜਵੇਂ ਸੁਣਾ ਦਿੱਤੇ ਸਨ। ਜਿਵੇਂ ਮੋੜਵੀਂ ਮਕਾਣ ਦਿੰਦੇ ਨੇ ! ਉਹ ਅੱਗੋਂ ਹੱਸਦਾ ਹੋਇਆ ਬੋਲਿਆ। ਫਿਰ ਬੋਲਿਆ, ਘਬਰਾਉਣ ਦੀ ਜਰੂਰਤ ਨਹੀਂ ! ਪਰ ਯਾਰ ਦਵੀ ਵਿਚਾਰੀ ਨੂੰ ਕੌਣ ਸਮਝਾਏ ਕਿ ਸਰਵਮੀਤ ਨੂੰ ਸ਼ਰਾਬ ਪਿਆਈ ਨਹੀਂ ਜਾਂਦੀ ਸਗੋਂ ਉਹ ਕਈਆਂ ਨੂੰ ਸ਼ਰਾਬੀ ਬਣਾ ਚੁੱਕਿਐ। ਗੁਲ ਚੌਹਾਨ ਦੀਆਂ ਇਹ ਗੱਲਾਂ ਸੁਣ ਕੇ ਮੈਨੂੰ ਕੁਝ ਰਾਹਤ ਮਿਲੀ। ਸਾਰਾ ਦਿਨ ਮੇਰੀਆਂ ਅੱਖਾਂ ਚ ਦਵੀ, ਸਰਵਮੀਤ, ਕਵਿਤਾ, ਗੁਲ ਚੌਹਾਨ ਤੇ ਦੇਸ਼ ਸੇਵਕ ਅਖ਼ਬਾਰ ਘੁੰਮਦੇ ਰਹੇ। ..... (ਚਲਦਾ ਹੈ)


ਤੁਹਾਡੇ ਵਿਚਾਰਾਂ ਦਾ ਸੁਆਗਤ ਹੈ

1 2 3  

Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com