|
ਗੋਵਰਧਨ ਗੱਬੀ |
ਕਿਤਾਬ
ਦੀ ਘੁੰਡ ਚੁਕਾਈ ਬਾਦ ਪ੍ਰਮੌਦ ਕੌਂਸਵਾਲ ਦੀ ਸਲਾਹ ਅਨੁਸਾਰ ਕੁਝ ਦਿਨਾਂ ਦੇ ਅੰਦਰ
ਹੀ ਲਗਭਗ ਸਾਰੀਆਂ ਪੰਜਾਬੀ, ਹਿੰਦੀ ਤੇ ਅੰਗਰੇਜੀ ਦੀਆਂ ਅਖ਼ਬਾਰਾਂ, ਸਾਹਿਤਕ
ਰਸਾਲਿਆਂ ਵਿਚ ਦੋ ਦੋ ਕਿਤਾਬਾਂ ਸਮੀਖਿਆ ਵਾਸਤੇ ਭੇਜ ਦਿੱਤੀਆਂ।
ਉਹਨਾਂ ਦਿਨਾਂ ਚੰਡੀਗੜ੍ਹ
ਦੇ ਸੈਕਟਰ ਉਨੱਤੀ ਚ ਸਥਿਤ ਜਿਸ ਇਮਾਰਤ ਵਿਚ ‘ਦੇਸ਼ ਸੇਵਕ’ ਅਖ਼ਬਾਰ ਛਪਦਾ ਸੀ ਉਸੇ
ਵਿਚ ਹੀ ਹਿੰਦੀ ਦੇ ਅਖ਼ਬਾਰ ‘ਅਮਰ ਉਜਾਲਾ’ ਵਾਲਿਆਂ ਵੀ ਆਪਣਾ ਦਫਤਰ ਬਣਾ ਰੱਖਿਆ
ਸੀ। ਪ੍ਰਮੌਦ ਕੌਂਸਵਾਲ ਉਸੇ ਅਖ਼ਬਾਰ 'ਚ ਹੀ ਕੰਮ ਕਰਦਾ ਸੀ। ਦੇਸ਼ ਸੇਵਕ ਵਿਚ ਸ਼ਮੀਲ
ਸੀ। ਤਦ ਤਕ ਸ਼ਮੀਲ ਮੇਰਾ ਤਾਂ ਵਾਕਿਫ਼ ਨਹੀਂ ਸੀ ਪਰ ਪ੍ਰਮੌਦ ਦੇ ਉਹ ਕਰੀਬ ਸੀ। ਉਸ
ਨੇ ਸ਼ਮੀਲ ਤੇ ਲਗਾਤਰ ਜ਼ੋਰ ਭਰਿਆ ਤੇ ਕੁਝ ਦਿਨਾਂ ਵਿਚ ਹੀ ਗੁਰਦੇਵ ਚੌਹਾਨ ਵਲੋਂ
ਘੁੰਡ ਚੁਕਾਈ ਵਾਲੇ ਦਿਨ ਪੜੇ ਪਰਚੇ ਨੂੰ ਸੰਪਾਦਿਤ ਕਰਕੇ ਛਾਪ ਦਿੱਤਾ। ਪੜ੍ਹ ਕੇ
ਖੁਸ਼ੀ ਵੀ ਹੋਈ ਤੇ ਦੁਖ ਵੀ । ਦੁਖ ਇਸ ਕਰਕੇ ਹੋਇਆ ਕਿ ਜੇਕਰ ਤੁਹਾਡੀ ਜਾਣ ਪਹਿਚਾਣ
ਨਹੀਂ ਹੈ ਤਾਂ ਤੁਸੀਂ ਕੁਝ ਵੀ ਨਹੀਂ। ਤੁਹਾਡੀ ਕੋਈ ਪੁਛ ਮੰਗ ਨਹੀਂ। ਇਸ ਤੋਂ ਬਾਦ
ਮੈਂ ਕਈ ਮਹੀਨੇ ਸਾਰੀਆਂ ਅਖ਼ਬਾਰਾਂ ਵਿਚ ਆਪਣੀ ਕਿਤਾਬ ਦੀ ਸਮਿਖਿਆ ਲਭਦਾ ਰਿਹਾ ਪਰ
ਸਭ ਬੇਕਾਰ ਹੀ ਗਿਆ।
ਸ਼ਮੀਲ ਦੇ ਦੇਸ਼ ਸੇਵਕ 'ਚ
ਹੋਣ ਕਰਕੇ ਮੇਰੀਆਂ ਵਿਰਲੀਆਂ ਟਾਵੀਆਂ ਕਵਿਤਾਵਾਂ ਛਪਦੀਆਂ ਰਹਿੰਦੀਆਂ ਸਨ। ਇਕ
ਕਵਿਤਾ ਦਾ ਅਨੁਵਾਦ ਹਿੰਦੀ ਚ ਕਰਕੇ ਮੈਂ ਚੰਡੀਗੜ੍ਹ ਤੋਂ ਛਪਦੀ ਦੈਨਿਕ ਭਾਸਕਰ ਚ
ਭੇਜਿਆ। ਉਥੇ ਵੀ ਪ੍ਰਮੌਦ ਦੇ ਇਕ ਦੋਸਤ ਅਰੂਣ ਆਦਿਤਆ ਦੇ ਹੋਣ ਕਰਕੇ ਮੇਰੀਆਂ ਇਕ
ਦੋ ਕਵਿਤਾਵਾਂ ਛਪ ਗਈਆਂ ।
ਇਸੇ ਦੋਰਾਣ ਮੈਂ ਦੇਸ਼ ਸੇਵਕ
ਚ ਸਰਵਮੀਤ ਦੇ ਲੇਖ ਪੜਦਾ ਹੁੰਦਾ ਸੀ। ਇਕ ਦਿਨ ਸਰਵਮੀਤ ਨਾਲ ਉਸਦੇ ਇਕ ਲੇਖ ਦੀ
ਤਾਰੀਫ ਕੀਤੀ। ਆਪਣੀ ਤਾਰੀਫ ਸੁਣ ਕੇ ਉਹ ਚੌੜਾ ਜਿਹਾ ਮੂੰਹ ਬਣਾ ਕੇ ਮੁਸਕਰਾਉਂਦਾ
ਹੋਇਆ ਬੋਲਿਆ, ਇਹ ਤਾਂ ਕੁਝ ਨਹੀਂ ਮੇਰਾ ਤਾਂ ਕਨੇਡਾ ਵਿਚ ਨਿਕਲਦੀ ਇਕ ਅਖ਼ਬਾਰ
‘ਪਰਵਾਸੀ’ ਚ ਲਗਾਤਾਰ ਕਾਲਮ ਛੱਪਦਾ ਹੈ। ਉਹ ਵੀ ਫੋਟੋ ਸਣੇ ! ਉਥੇ ਅਸੀਂ ਆਪਣੀ
ਲੇਖਣੀ ਨਾਲ ਬਾਂ-ਬਾਂ ਕਰਵਾਈ ਹੋਈ ਹੈ। ਕਿੰਨੇ ਲੋਕਾਂ ਦੇ ਇਮੇਲ ਤੇ ਫੋਨ ਆਉਂਦੇ
ਨੇ। ਇਹ ਬਾਂ-ਬਾਂ ਉਸਦਾ ਤਕੀਆ ਕਲਾਮ ਸੀ। ਮੈਂਨੂੰ ਵਿਸ਼ਵਾਸ਼ ਨਾ ਹੋਇਆ। ਮੈਂ ਕਿਹਾ,
ਤੇਰੇ ਕੋਲ ਕੀ ਸਬੂਤ ਹੈ ਕਿ ਤੇਰੇ ਕਨੇਡਾ ਚ ਲੇਖ ਛਪਦੇ ਨੇ ? ਅਗਲੇ ਦਿਨ ਉਹ ਆਪਣੇ
ਨਾਲ ‘ਪਰਵਾਸੀ’ ਅਖ਼ਬਾਰ ਦੇ ਕਈ ਸਾਰੇ ਅੰਕ ਚੁਕ ਲਿਆਇਆ। ਪਰਵਾਸੀ, ਪੰਜਾਬੀ
ਟ੍ਰਿਬਿਉਨ ਵਰਗਾ ਸੀ ਤੇ ਸਚਮੁਚ ਹੀ ਉਸ ਵਿਚ ਸਰਵਮੀਤ ਦਾ ਕਾਲਮ ‘ਬਾਤਾਂ ਬੇ ਫਜ਼ੂਲ’
ਛਪੇ ਹੋਏ ਸਨ। ਸਰਵਮੀਤ ਮਜਾਕ ਕਰਦਾ ਹੋਇਆ ਕਹੇ, ਦੇਖਿਆ ਗੱਬੀ ਸਾਹਬ ਹੋਈ ਪਈ ਏ ਨਾ
ਬਾਂ-ਬਾਂ….ਫਿਰ ਫੜ੍ਹਾਂ ਮਾਰਣ ਲੱਗਾ, ਸੱਜਣਾ ! ਜੇ ਯਾਰ ਅੱਜ ਕਨੇਡਾ ਜਾਣ ਤਾਂ
ਲੋਕੀ ਹਵਾਈ ਅੱਡੇ ਤੋਂ ਹੀ ਮੋਢਿਆਂ ਤੇ ਚੁਕ ਕੇ ਜਲੂਸ ਦੇ ਰੂਪ ਚ ਖੜਣਗੇ। ਉਹਦੀਆਂ
ਗੱਲਾਂ ਸੁਣ ਕੇ ਮੈਂ ਸੋਚਿਆ, ਹੇ ਰੱਬਾ ! ਕਦੇ ਸਾਡਾ ਵੀ ਇਸੇ ਤਰਾਂ ਕਾਲਮ ਫੋਟੋ
ਸਮੇਤ ਛਪੇਗਾ ਕਿ ਨਹੀਂ !
ਸੰਨ 2003 ਦਾ ਜਨਵਰੀ
ਮਹੀਨਾ ਆ ਗਿਆ। ਜਲੰਧਰ ਚ ਗੁਰਦਾ ਕਾਂਡ ਹੋਇਆ। ਜਿਸ ਵਿਚ ਗਰੀਬ ਪਰਵਾਸੀਆਂ ਦੇ
ਗੁਰਦੇ ਡਾਕਟਰਾਂ ਵਲੋਂ ਵੇਚੇ ਜਾਣ ਦੇ ਕਈ ਸਾਰੇ ਕਿੱਸੇ ਸਾਹਮਣੇ ਆਏ। ਬੜਾ ਮੰਨ
ਖਰਾਬ ਹੋਇਆ। ਇਸ ਦੇ ਦੁਖ ਨੂੰ ਪ੍ਰਗਟਾਉਂਦੀ ਮੈਂ ਇਕ ਕਵਿਤਾ ਲਿਖੀ ‘ਆਦਮਖੋਰ’। ਜੋ
ਕੁਝ ਇਸ ਤਰਾਂ ਸੀ : ਹੈ ਖੁੱਲਾ ਡੁੱਲਾ ਪੰਜਾਬ ਸੁਣ ਅਸੀਂ/ਸੁੰਦਰ ਭਵਿਖ ਦੀ
ਉਮੀਦ ਲਗਾ ਬੈਠੇ/ਭੁਖ ਮਿਟ ਜਾਣ ਦੀ ਆਸ ਵਿਚ/ਇਥੇ ਆਉਣ ਦੀ ਰੱਟ ਲਗਾ
ਬੈਠੇ/ਭੁੱਖੀਆਂ ਆਂਦਰਾਂ ਸੁਆਲੀ ਅੱਖਾਂ/ਆਪਣਿਆਂ ਨੂੰ ਦੇ ਕੇ ਦਿਲਾਸੇ/ਛਡ ਆਪਣਾ
ਗਰੀਬ ਮੁਲਖ ਅਸੀਂ/ਦਮੜੀਆਂ ਵਾਲਿਆਂ ਦੇ ਦੇਸ਼ ਆ ਬੈਠੇ/ਮਿਲੇ ਮਾਨਵਾਂ ਦੇ ਰੱਖਵਾਲੇ
ਕੁਝ ਦਾਨਵ/ਜਿਹਨਾਂ ਦਿਖਾਏ ਸੁਪਨੇ ਵਨ ਸੁਵਨੇ ਸਾਨੂੰ/ਦਿੱਤਾ ਲਾਲਚ ਬਹੁਤੀਆਂ
ਦਮੜੀਆਂ ਦਾ/ਅਸੀਂ ਆਦਮ ਖੋਰਾਂ ਦੇ ਘਰ ਜਾ ਬੈਠੇ/ਨੋਚ ਨੋਚ ਕੇ ਖਾ ਲਿਆ ਮਾਸ
ਸਾਡਾ/ਲਹੁ ਪੀ ਲਿਆ ਉਹਨਾਂ ਡੀਕ ਲਾਕੇ/ਤੁਸੀਂ ਬਚਾਉਣੀ ਹੈ ਜ਼ਿੰਦ ਹੋਰਨਾ
ਦੀ/ਘੜਿਆਲੀ ਹੰਝੂਆਂ ਦਾ ਵਸ੍ਹਾ ਖਾ ਬੈਠੇ/ਨਾ ਮੁਲ ਦਿੱਤਾ ਸਾਨੂੰ ਸਾਡੇ ਅੰਗਾਂ
ਦਾ/ਸਾਨੂੰ ਜੇਲਾਂ ਦੇ ਰਾਹ ਵਿਖਾ ਦਿੱਤੇ/ਇਥੇ ਆਏ ਸੀ ਕੋਈ ਰੁਜ਼ਗਾਰ ਲਭੱਣ/ਅਸੀਂ
ਆਪਣੇ ਗੁਰਦੇ ਗੁਆ ਬੈਠੇ….
ਇਹ ਕਵਿਤਾ ਤੇ ਇਕ ਲੇਖ
ਜਿਹੜਾ ਮੈਂ ਐਵੇਂ ਹੀ ਲਿਖ ਲਿਆ ਸੀ, ਲੈ ਕੇ ਪੰਜਾਬੀ ਟ੍ਰਿਬਿਉਨ ਦੇ ਦਫਤਰ ਚ ਚਲਾ
ਗਿਆ। ਤਦ ਤਕ ਪੰਜਾਬੀ ਟ੍ਰਿਬਿਉਨ ਦੇ ਸੰਪਾਦਕ ਸਰਦਾਰ ਸ਼ਗਾਰਾ ਸਿੰਘ ਭੁੱਲਰ ਨਾਲ
ਮੇਰੀ ਇਕ ਅੱਧੀ ਵਾਰ ਕਿਸੇ ਸਮਾਗਮ ਵਿਚ ਹੈਲੋ ਹਾਏ ਹੋ ਚੁੱਕੀ ਸੀ। ਭੁੱਲਰ ਸਾਹਬ
ਨੇ ਕਵਿਤਾ ਦੇ ਨਾਲ ਨਾਲ ਮੇਰਾ ਲੇਖ ਵੀ ਪੜਿਆ। ਫਿਰ ਬੋਲੇ ਕਿ ਕਵਿਤਾ ਤਾਂ ਠੀਕ ਹੈ
ਪਰ ਲੇਖ ਵਾਰੇ ਮੈਂ ਕੁਝ ਨਹੀਂ ਕਹਿ ਸਕਦਾ ਕਿਉਂਕਿ ਇਸ ਦਾ ਫੈਸਲਾ ਦੋ ਤਿੰਨ ਮੈਂਬਰ
ਰਲ ਕੇ ਕਰਦੇ ਹਨ। ਕੁਝ ਦਿਨਾਂ ਬਾਅਦ ਹੀ ਮੇਰੀ ਕਵਿਤਾ ਪੰਜਾਬੀ ਟ੍ਰਿਬਿਉਨ ਚ ਛੱਪ
ਗਈ। ਮੈਨੂੰ ਜਿਆਦਾ ਖੁਸ਼ੀ ਹੋਈ। ਕਿਉਂਕਿ ਜਦੋਂ ਕਦੇ ਦੇਸ਼ ਸੇਵਕ ਚ ਮੇਰੀਆਂ
ਕਵਿਤਾਵਾਂ ਛਪਦੀਆਂ ਹੁੰਦੀਆਂ ਸਨ ਤਾਂ ਸਰਵਮੀਤ ਇਹ ਕਹਿ ਕੇ ਮੇਰਾ ਦਿਲ ਤੋੜ ਦਿੰਦਾ
ਸੀ ਕਿ ਦੇਸ਼ ਸੇਵਕ ਪੜਦਾ ਹੀ ਕੌਣ ਹੈ ? ਹਾਂ ਜੇਕਰ ਤੇਰੀਆਂ ਕਵਿਤਾਵਾਂ ਪੰਜਾਬੀ
ਟ੍ਰਿਬਿਉਨ ਚ ਛਪਣ ਤਾਂ ਕੁਝ ਗੱਲ ਬਣੇ। ਮੈਂ ਸਰਵਮੀਤ ਨੂੰ ਦੱਸਿਆ ਕਿ ਅੱਜ ਮੇਰੀ
ਕਵਿਤਾ ਪੰਜਾਬੀ ਟ੍ਰਿਬਿਉਨ ਚ ਛਪੀ ਹੈ। ਉਹਦਾ ਜਬਾਵ ਫਿਰ ਢਾਅ ਲਾਉਣ ਵਾਲਾ ਸੀ,
ਪੰਜਾਬੀ ਟ੍ਰਿਬਿਉਨ ਚ ਛਪੀਆਂ ਨੇ ! ਪਰ ਤੈਨੂੰ ਪਤਾ ਹੈ ਜਲੰਧਰ ਵਾਲਾ ਅਜੀਤ ਇਸ
ਤੋਂ ਤਿੰਨ ਗੁਨਾਂ ਵੱਧ ਛਪਦੈ ? ਮੈਂ ਉਸਦੇ ਵਿਚਾਰ ਸੁਣ ਕੇ ਫਿਰ ਪਰੇਸ਼ਾਨ ਹੋ ਗਿਆ
ਪਰ ਫਿਰ ਛੇਤੀ ਹੀ ਇਸ ਤਰਾਂ ਦੇ ਮਾਮਲਿਆਂ ਚ ਸਰਵਮੀਤ ਦੀ ਸਲਾਹ ਲੈਣੀ ਛੱਡ ਦਿੱਤੀ।
ਇਕ ਦਿਨ ਅਚਾਨਕ ਮੈਨੂੰ
ਕਨੇਡਾ ਵਾਲੀ ‘ਪਰਵਾਸੀ’ ਅਖ਼ਬਾਰ ਦਾ ਚੇਤਾ ਆ ਗਿਆ। ਮੈਂ ਇਨਰਨੈਟ ਰਾਹੀਂ ਪਰਵਾਸੀ
ਦੀ ਵੈਬ ਸਾਈਟ ਪੜ ਕੇ ਇਸ ਦੇ ਸੰਪਾਦਕ ਰਾਜਿੰਦਰ ਸੈਣੀ ਨੂੰ ਇਹ ਚਿੱਠੀ ਇਮੇਲ
ਰਾਹੀਂ ਭੇਜੀ:
ਸਤਿਕਾਰ ਯੋਗ ਮੁਖ ਸੰਪਾਦਕ
(ਰਜਿੰਦਰ ਸੈਣੀ) ਜੀ/ਸਤਿ ਸ੍ਰੀ ਅਕਾਲ/ਮੈਂ ਤੁਹਾਡੇ ਹਫਤੇ ਵਾਰ ਰਸਾਲੇ ਪਰਵਾਸੀ
ਵਾਰੇ ਆਪਣੇ ਇਕ ਦੋਸਤ ਕੋਲੋ ਸੁਣਿਆਂ ਹੈ/ਉਹ ਹੁਣੇ ਹੁਣੇ ਕਨਾਡਾ ਤੋਂ ਸੈਰ ਕਰ ਕੇ
ਆਇਆ ਹੈ/ਮੈਂ ਸੱਭ ਤੋਂ ਪਹਿਲਾਂ ਤੁਹਾਨੂੰ ਮੁਬਾਰਕਾਂ ਦੇਦਾਂ ਹਾਂ ਕਿ ਵਿਦੇਸ਼ਾਂ
ਵਿਚ ਰਹਿ ਕੇ ਤੁਸੀਂ ਮਾਂ ਬੋਲੀ ਦੀ ਸੇਵਾ ਕਰ ਰਹੇ ਹੋ/ਮੇਰਾ ਨਾਂ ਗੋਵਰਧਨ ਗੱਬੀ
ਹੈ/ ਮੈਂ ਵੀ ਪੰਜਾਬੀ ਅਤੇ ਹਿੰਦੀ ਦੋਵਾਂ ਭਾਸ਼ਾਵਾਂ ਵਿਚ ਕਵਿਤਾਵਾਂ ਲਿਖਦਾ
ਹਾਂ/ਮੇਰੀਆਂ ਕਵਿਤਾਵਾਂ ਚੰਡੀਗੜ ਤੋ ਛਪਦੇ ਅਖਬਾਰ ‘ਦੇਸ਼ ਸੇਵਕ, ਭਾਸਕਰ, ਅਮਰ
ਉਜਾਲਾ, ਦੈਨਿਕ ਜਾਗਰਾਨ” ਆਦਿ ਵਿਚ ਛੱਪਦੀਆਂ ਰਹਿੰਦੀਆਂ ਹਨ/ ‘ਦਿਲ ਵਾਲੀ ਫਟੜੀ”
ਨਾਮਕ ਇਕ ਪੰਜਾਬੀ ਦੀਆਂ ਕਵਿਤਾਵਾਂ ਦੀ ਕਿਤਾਬ ਪਿਛਲੇ ਸਾਲ ਪ੍ਰਕਾਸ਼ਤ ਹੋਈ ਸੀ/ਜਿਸ
ਦੇ ਕਈ ਅਖਬਾਰਾਂ ਵਿਚ ਰਿਵੀਉ ਛੱਪੇ ਹਨ/ ਅਜ ਕਲ ਵੀ ਉਸ ਉਪਰ ਚਰਚਾ ਹੁੰਦੀ ਰਹਿਦੀ
ਹੈ/ਪਿਛੇ ਜਿਹੇ ਜੰਲਧਰ ਸ਼ਹਿਰ ਵਿਚ ਹੋਏ ਗੁਰਦੇ ਕਾਂਡ ਨੇ ਲੋਕਾਂ ਨੂੰ ਡਾਕਟਰਾਂ
ਪ੍ਰਤੀ ਆਪਣੇ ਵਿਚਾਰ ਬਦਲਣ ਵਾਸਤੇ ਮਜਬੂਰ ਕੀਤਾ ਹੈ/ਜਿਸ ਵਿਚ ਉਤਰ ਪ੍ਰਦੇਸ਼ ਅਤੇ
ਬਿਹਾਰ ਵਰਗੇ ਗਰੀਬ ਪ੍ਰਦੇਸ਼ਾਂ ਤੋਂ ਆਏ ਮਜਦੂਰ ਲੋਕਾਂ ਦੇ ਗੁਰਦੇ ਜ਼ਬਰਦਸਤੀ ਕੱਢੇ
ਗਏ ਅਤੇ ਬਾਦ ਵਿਚ ਉਹਨਾਂ ਉਤੇ ਝੂੱਠੇ ਕੇਸ ਬਣਾਕੇ ਜੇਲ਼ਾਂ ਅੰਦਰ ਭੇਜ ਦਿਤਾ ਗਿਆ/
ਉਹਨਾ ਵਾਰੇ ਹੀ ਮੈਂ ਇਕ ਕਵਿਤਾ ਭੇਜ ਰਿਹਾ ਹਾਂ ਆਸ ਹੈ ਕਿ ਇਹ ਤੁਹਾਡੇ
ਅਖਬਾਰ/ਰਸਾਲੇ ਵਿਚ ਜ਼ਰੂਰ ਆਪਣੀ ਜਗਹ ਲਵੇਗਾ/ ਮੈਨੂੰ ਆਸ ਹੈ ਕਿ ਤੁਸੀਂ ਇਸ ਇਮੇਲ
ਦਾ ਜਬਾਵ ਜ਼ਰੂਰ ਦੇਵੋਗੇ/ ਤੁਹਾਡਾ ਸ਼ੁਭਚਿੰਤਕ/ ਗੋਵਰਧਨ ਗੱਬੀ/ ਮਿਤੀ: 19 ਜਨਵਰੀ
2003
ਤਿੰਨ ਚਾਰ ਦਿਨ ਹੋ ਗਏ ।
ਰੋਜ ਇਮੇਲ ਬੋਕਸ ਚੈਕ ਕਰਨਾ ਪਰ ਰਾਜਿੰਦਰ ਸੈਨੀ ਹੋਰਾਂ ਦੀ ਤਰਫੋਂ ਕੋਈ ਜਬਾਵ
ਨਹੀਂ ਆਇਆ। ਪਰ ਇਕ ਦਿਨ ਆ ਗਿਆ। ਲਿਖਿਆ ਸੀ ਬਹੁਤ ਵਧੀਆ ਕਵਿਤਾ ਹੈ ਤੁਹਾਡੀ
ਕਵਿਤਾ ਚਿੱਠੀ ਸਮੇਤ ਛਾਪ ਰਹੇ ਹਾਂ। ਇਹ ਪੜਦੇ ਸਾਰ ਹੀ ਮੇਰੇ ਮੁਹੋਂ ਵੀ ਸਰਵਮੀਤ
ਦੀ ਤਰਾਂ ਆਪ ਮੁਹਾਰੇ ਹੀ ਨਿਕਲ ਗਿਆ, ਕਨੇਡਾ ਚ ਬਾਂ-ਬਾਂ ਕਰਵਾ ਦਿਆਂਗੇ!
(ਚਲਦਾ ਹੈ ) |