|
ਗੋਵਰਧਨ ਗੱਬੀ |
ਸੰਨ
1994 ਵਿਚ ਜਦੋਂ ਮੇਰੀ ਉਮਰ ਅਠਾਈ ਕੁ ਸਾਲ ਸੀ ਮੈਂ ਤੇ ਮੇਰਾ ਇਕ ਦੋਸਤ ਸੰਗੀਤ
ਸਿਖਣ ਵਾਸਤੇ ਮੁਹਾਲੀ ਵਿਚ ਰਹਿ ਰਹੇ ਸੰਗੀਤ ਦੀ ਕੋਚਿੰਗ ਦੇਣ ਵਾਲੇ ਪ੍ਰਭਜੋਤ
ਬਾਲੀ ਕੋਲ ਗਏ। ਉਸਨੇ ਬੰਬਈ ਫਿਲਮੀ ਦੁਨੀਆਂ ਵਿਚ
ਗਾਇਕ ਤੇ ਸੰਗੀਤਕਾਰ ਬਨਣ ਲਈ ਕਾਫੀ ਸਾਲ ਜੱਦੋ ਜਹਿਦ ਕੀਤੀ ਸੀ ਪਰ ਅਸਫਲ ਰਹਿ ਕੇ
ਉਹ ਵਾਪਸ ਪਰਤੇ ਸਨ। ਉਸਨੇ ਸਾਨੂੰ ਕੁਝ ਦਿਨ ਸੰਗੀਤ ਸਿਖਾਇਆ। ਜਦੋਂ ਉਸਨੂੰ ਇਹ
ਪਤਾ ਲਗਾ ਕਿ ਅਸੀਂ ਇਕ ਕੋਚਿੰਗ ਸੈਂਟਰ ਚਲਾਉਂਦੇ ਹਾਂ;
ਕੁਝ ਦਮੜੀਆਂ ਸਾਡੇ ਖੀਸੇ ਵਿਚ ਰਹਿੰਦੀਆਂ ਹਨ ਤਾਂ ਉਸਨੇ ਆਪਣੇ ਆਪ ਨੂੰ ਸਥਾਪਿਤ
ਕਰਨ ਲਈ ਸ਼ਿਵ ਬਟਾਲਵੀ ਦੇ ਗੀਤਾਂ ਦਾ ਪ੍ਰੋਗਰਾਮ ਆਯੋਜਿਤ ਕਰਨ ਲਈ ਸਾਨੂੰ ਉਕਸਾਇਆ।
ਸਾਨੂੰ ਵੀ ਗਵਾਉਣ ਦਾ ਵਾਅਦਾ ਕੀਤਾ ਪਰ ਅਸੀਂ ਗਾਇਕ ਬਣਨ ਦੀ ਥਾਂ ਸਿਰਫ ਆਯੋਜਕ ਬਣ
ਕੇ ਰਹਿ ਗਏ। ਉਹ ਖੁਦ ਤਾਂ ਗਾਇਕ ਬਣ ਗਏ ! ਉਸ ਸਾਲ ਪੰਜਾਬ ਦਾ ਸਟੇਟ ਸੰਗੀਤ
ਅਵਾਰਡ ਵੀ ਲੈ ਗਏ। ਅਖਬਾਰਾਂ ਵਿਚ ਛਪੇ ਰਿਵਿਉ ਤੇ
ਫੋਟੋਆਂ ਨੂੰ ਦਿਖਾ ਕੇ ਅਮਰੀਕਾ ਦਾ ਪੱਕਾ ਵੀਜਾ ਵੀ ਲਗਵਾ ਗਏ ਪਰ ਸਾਡੇ ਵਰਗਿਆਂ
ਦਾ ਸੰਗੀਤ ਨਾਲੋਂ ਮੋਹ ਭੰਗ ਕਰ ਗਏ। ਇਹ ਇਸ ਖੇਤਰ ਦਾ ਪਹਿਲਾ ਝਟਕਾ ਸੀ। ਹਾਂ!
ਸੰਗੀਤ ਤਾਂ ਨਹੀਂ ਸਿਖ ਪਾਏ ਪਰ ਇਸ ਦਾ ਇਕ ਫਾਇਦਾ ਹੋਇਆ ਕਿ ਮੈਂ ਸ਼ਿਵ ਕੁਮਾਰ
ਬਟਾਲਵੀ ਵਰਗੇ ਸ਼ਾਇਰ ਨੂੰ ਪੜਣ ਵਿਚ ਸਫਲ ਹੋ ਗਿਆ। ਸਾਹਿਤ ਪੜਣ ਦੀ ਚਟਕ ਲਗ ਗਈ।
ਸ਼ਿਵ ਨੂੰ ਵਾਰ ਵਾਰ ਪੜਿਆ। ਕੁਝ ਹੋਰ ਸਾਇਰਾਂ ਨੂੰ ਵੀ ਪੜਿਆ।
ਉਸੇ ਸਾਲ ਮੈਂ ਵੀ ਇਕ ਕਵਿਤਾ ਲਿਖੀ। ਖੁਦ ਨੂੰ ਬਹੁਤ ਚੰਗੀ ਲੱਗੀ। ਲਗਣੀ ਵੀ ਸੀ
ਕਿਉਂਕਿ ਪਹਿਲੀ ਪਹਿਲੀ ਕਵਿਤਾ ਸੀ। ਘਰ ਵਾਲੀ ਨੂੰ ਵੀ ! ਭੈਣ ਭਰਾਵਾਂ ਨੂੰ
ਵੀ! ਹੋਰ ਵੀ ਕਵਿਤਾਵਾਂ ਲਿਖੀਆਂ ਪਰ ਸਿਰਫ ਆਪਣੇ ਹੀ ਵਾਸਤੇ। ਵੱਡਿਆਂ ਤੇ ਮੰਨੇ
ਪ੍ਰਮਨੇ ਕਵੀਆਂ ਕੋਲ ਜਾਣ ਤੋਂ ਕਤਰਾਂਦਾ ਸੀ। ਸੋਚਦਾ ਉਹ ਮੇਰੇ ਨਾਲ ਖਾਰ ਖਾਣਗੇ
ਜਿਵੇਂ ਇਕ ਪਤਨੀ ਸੌਤਣ ਨੂੰ ਦੇਖ ਕੇ ਨੱਕ ਮੂੰਹ ਚੜਾਉਂਦੀ ਹੈ, ਉਹ ਵੀ ਚੜਾਉਣਗੇ
ਤੇ ਸੜੇ ਫੁਕੇ ਹੋਏ ਜ਼ਹਿਰ ਉਗਲਣਗੇ, ਲਉ ਜੀ ! ਇਕ ਹੋਰ ਕਵੀ ਜੰਮ ਪਿਐ! ਸਾਹਿਤਕ
ਬੰਬ !
ਬਾਲੀ ਦੇ ਪ੍ਰੋਗਰਾਮ ਦਾ ਇਕ ਹੋਰ ਫਾਇਦਾ ਹੋਇਆ ਕਿ ਕਵਿਤਰੀ ਮੰਜੀਤ ਇੰਦਰਾ, ਕਾਲੇ
ਲਿਬਾਸ ਪਾਈ ਰੱਖਣ ਵਾਲਾ ਬੁਤਘੜ ਸ਼ਿਵ ਸਿੰਘ, ਹਿੰਦੀ ਦੇ ਕਵੀ ਤੇ ਪਤੱਰਕਾਰ ਪ੍ਰਮੌਦ
ਕੌਂਸਵਾਲ, ਬੈਂਕ ਚ ਕੰਮ ਕਰਦੇ ਤੇ ਸ਼ਿਵ ਨੂੰ ਗਾਉਣ ਵਾਲੇ ਆਰ ਡੀ ਕੈਲੇ, ਪੱਤਰਕਾਰ
ਜਰਨੈਲ ਬਸੋਤਾ ਤੇ ਅਜੈਬ ਔਜਲਾ ਤੇ ਹੋਰ ਨਿਕੇ ਮੋਟੇ ਕਲਾਕਾਰ, ਲੇਖਕ ਤੇ ਕਵੀ ਵੀ
ਹੋਲੇ ਹੋਲੇ ਸੰਪਰਕ ਚ ਆਉਣ ਲਗੇ ।
1995 ਵਿਚ ਹੀ ਹਿੰਦੀ ਦੇ ਉਘੇ ਕਵੀ ਮੰਗਲੇਸ਼ ਡਬਰਾਲ ਜੋ ਕੇ ਪ੍ਰਮੋਦ ਕੌਂਸਵਾਲ ਦੇ
ਮਾਮਾ ਜੀ ਵੀ ਹਨ ਨੂੰ ਮਿਲਣ ਦਾ ਨਸੀਬ ਪ੍ਰਾਪਤ ਹੋਇਆ। ਉਹ ਵੀ ਸਾਡੇ ਕਿਰਾਏ ਦੇ ਘਰ
ਵਿਚ। ਉਹਨਾਂ ਦੀ ਸੰਗਤ ਦਾ ਆਨੰਦ ਮਾਣਿਆਂ। ਮਹਫਿਲ ਜੰਮੀ। ਉਹਨਾਂ ਦੀਆਂ ਕਵਿਤਾਵਾਂ
ਸੁਣੀਆਂ। ਇਸੇ ਮਿਲਣੀ ਵਿਚ ਕਹਾਣੀਕਾਰ ਤੇ ਪਤੱਰਕਾਰ ਸਰਵਮੀਤ ਸਿੰਘ ਨਾਲ ਟਾਕਰਾ
ਹੋਇਆ। ਮੈਂ ਵੀ ਇਕ ਕਵਿਤਾ ਸੁਣਾਈ ਪਰ ਸਰਵਮੀਤ ਨੇ ਕਿਹਾ, ਇਹੋ ਜਿਹਾ ਗੰਦ ਕਿਤੇ
ਹੋਰ ਸੁਣਾਈਂ ! ਸੁਣ ਕੇ ਮੈਨੂੰ ਕਰੜਾ ਝਟਕਾ ਮਹਿਸੂਸ ਹੋਇਆ। ਪ੍ਰਮੋਦ
ਕੌਂਸਵਾਲ ਨੇ ਕਵਿਤਾ ਨੂੰ ਕੁਝ ਸਰਾਹਿਆ ਤਾਂ ਮੈਨੂੰ ਰਾਹਤ ਮਿਲੀ।
ਮੇਰਾ ਕਵਿਤਾਵਾਂ ਲਿਖਣ ਦਾ ਕਾਰਜ ਚਲਦਾ ਰਿਹਾ। ਮੈਂ ਕਿਸੇ ਮਹਿਫਲ ਵਿਚ ਨਹੀਂ ਸੀ
ਜਾਂਦਾ। ਜਦ ਕਦੇ ਦਾਰੂ ਦੇ ਤਿੰਨ ਚਾਰ ਗਿਲਾਸ ਚੜ੍ਹਾ ਲੈਂਦਾ ਤਾਂ ਕਈ ਵਾਰੀ
ਪਿੰਡੋਂ ਆਏ ਆਪਣੇ ਮਾਂ ਪਿਉ ਨੂੰ ਜਬਰੀ ਸੁਣਾਉਂਦਾ। ਉਹ ਵਿਚਾਰੇ ਮਮਤਾ ਦੇ ਮਾਰੇ
ਮੈਨੂੰ ਦਾਦ ਦਿੰਦੇ ਰਹਿੰਦੇ। ਘਰਵਾਲੀ ਤੇ ਨਾਲ ਰਹਿੰਦੇ ਨਿੱਕੇ ਭੈਣ ਭਰਾਵਾਂ ਨੂੰ
ਮੈਂ ਆਏ ਦੂਸਰੇ ਤੀਸਰੇ ਦਿਨ ਕਵਿਤਾ ਸੁਣਾਉਣ ਚ ਸਫਲ ਹੋ ਜਾਂਦਾ। ਦੇਖਦਿਆਂ ਹੀ
ਦੇਖਦਿਆ ਸੱਠ ਸੱਤਰ ਕਵਿਤਾਵਾਂ ਮੇਰੇ ਕੋਲ ਇਕੱਠੀਆਂ ਹੋ ਗਈਆਂ। ਪ੍ਰਮੌਦ ਕੌਂਸਵਾਲ
ਨਾਲ ਮਿਲਣੀ ਕਦੇ ਕਦਾਈਂ ਹੁੰਦੀ ਰਹਿੰਦੀ। ਉਸਨੂੰ ਆਪਣੀਆਂ ਕਵਿਤਾਵਾਂ ਸੁਣਾਉਂਦਾ
ਰਹਿੰਦਾ । ਉਹ ਕਦੇ ਕਦੇ ਠੀਕ ਕਹਿੰਦਾ ਤੇ ਕਦੇ ਕੁਝ ਨੁਕਤਾਚੀਨੀ ਕਰਕੇ ਸਮਝਾਉਂਦਾ
। ਉਸਦੇ ਪੰਜਾਬੀ ਨਾ ਹੋਣ ਕਰਕੇ ਕੋਈ ਖਾਸ ਗੱਲ ਨਹੀਂ ਬਣਦੀ ਸੀ। ਸਰਵਮੀਤ ਨੂੰ
ਸੁਣਾਉਣ ਲਗਣਾਂ ਤਾਂ ਉਸਨੇ ਕਹਿਣਾ, ਯਾਰ ਇਕ ਮਿੰਟ ! ਮੈਂ ਫੋਨ ਕਰ ਲਵਾਂ...ਫਿਰ
ਸੁਣਦਾਂ…ਤੇ ਬਾਦ ਵਿਚ ਗੱਲ ਹੋਰ ਪਾਸੇ ਤੁਰ ਪੈਣੀ। ਮੈਂ ਆਪਣੇ ਕਵਿਤਾ ਵਾਲੇ ਕਾਗਜ਼
ਨੂੰ ਹੱਥ ਚ ਘੁੱਟੀ ਰੱਖਣਾ। ਵਿਚਾਰੇ ਕਾਗਜ ਨੇ ਪਸੀਨੇ ਨਾਲ ਗੱਚ ਹੋ ਜਾਣਾ ਤੇ
ਮੇਰੀ ਕਵਿਤਾ ਨੇ ਗੰਗਾ ਇਸ਼ਨਾਨ ਕਰ ਲੈਣੇ।
ਕਿਸੇ ਰਸਾਲੇ ਜਾਂ ਅਖਬਾਰ ਨੂੰ ਕਦੇ ਕੋਈ ਕਵਿਤਾ ਨਹੀਂ ਸੀ ਭੇਜਦਾ ,ਬਸ ਇਕੋ ਡਰ
ਬਣਿਆਂ ਰਹਿੰਦਾ, ਜੇ ਉਹਨਾ ਨਾ ਛਾਪੀ ! ‘ਛਾਪਣਯੋਗ ਨਹੀਂ ਹੈ ! ਵਾਪਸ ਭੇਜ ਰਹੇ
ਹਾਂ !’ ਇਸ ਟਿਪਨੀ ਨਾਲ ਭੇਜ ਦਿੱਤੀ ਤਾਂ ਮੇਰਾ ਕੀ ਬਣੇਗਾ? ਇਹ ਸੱਟ ਮੈਂ ਕਿਵੇਂ
ਸਹਿ ਸਕਾਂਗਾ!
ਮੇਰੇ ਦਢਤਰ ਵਿਚ ਕੰਪਿਉਟਰ ਲੱਗਾ ਹੋਇਆ ਸੀ। ਮੈਂ ਇਕ ਇਕ ਕਰਕੇ ਕਵਿਤਾਵਾਂ ਨੂੰ
ਟਾਇਪ ਕਰਦਾ ਰਹਿੰਦਾ। ਇਸੇ ਦੌਰਾਣ ਕਹਾਣੀਕਾਰ ਗੁਲ ਚੌਹਾਣ ਵੀ ਮੇਰੇ ਸੰਪਰਕ ਚ
ਆਇਆ। ਇਕ ਦਿਨ ਮੈਂ ਪ੍ਰਮੋਦ ਕੌਂਸਵਾਲ ਨਾਲ ਉਸਦੇ ਘਰ ਗਿਆ ਤਾਂ ਉਥੇ ਮੈਂ ਡਾ.
ਕਰਨੈਲ ਉਰਫ ਅੰਬਰੀਸ਼ ਦੀ ਇਕ ਕਿਤਾਬ ਦੇਖੀ। ਮੇਰੇ ਮੰਨ ਚ ਆਇਆ, ਕਾਸ਼ ਮੇਰੀ ਵੀ ਇਸ
ਤਰਾਂ ਦੀ ਇਕ ਕਿਤਾਬ ਹੋਵੇ। ਉਪਰ ਲਿਖਿਆ ਹੋਵੇ ‘ਫਲਾਣੀ ਕਿਤਾਬ’ ਤੇ ਲੇਖਕ
‘ਗੋਵਰਧਨ ਗੱਬੀ’। ਕੁਲ ਮਿਲਾ ਕੇ ਮੰਨ ਬਣਾ ਲਿਆ ਕਿ ਕਿਤਾਬ ਛਾਪੀ ਜਾਵੇ। ਪਰ
ਕਿਥੋਂ ਛਪਵਾਈ ਜਾਵੇ ? ਕਿਵੇਂ ਛਪਵਾਈ ਜਾਵੇ? ਕਿਸੇ ਛਾਪਕ ਕੋਲ ਜਾਣ ਦੀ ਹਿੰਮਤ
ਨਹੀਂ ਸੀ ਮੇਰੇ ਵਿਚ! ਡਰਦਾ ਸਾਂ ਕਿ ਉਹ ਵਗਾਹ ਕੇ ਖਰੜੇ ਨੂੰ ਦੂਰ ਸੁੱਟੇਗਾ।
ਕਹੇਗਾ, ਬੜਾ ਸ਼ਿਵ ਬਟਾਲਵੀ ਬਣਿਆਂ ਫਿਰਦੈ! ਚੁਕ ਆਪਣਾ ਖਰੜਾ ਤੇ ਭਜ ਜਾ
ਇਥੋਂ !
ਸਰਵਮੀਤ ਨਾਲ ਵੀ ਮੇਰਾ ਉਠਣਾ ਬੈਠਣਾ ਸ਼ੁਰੂ ਹੋ ਗਿਆ ਸੀ। ਉਸਨੇ ਮੇਰੀ ਕਿਤਾਬ ਦੀ
ਪਰੂਫ ਰੀਡੀਂਗ ਕਰਨ ਦਾ ਬੀੜਾ ਉਠਾਇਆ। ਮੰਜੀਤ ਇੰਦਰਾ ਨੇ ਤਿੰਨ ਚਾਰ ਮਹੀਨੇ ਮੇਰੀ
ਕਿਤਾਬ ਦਾ ਖਰੜਾ ਆਪਣੇ ਕੋਲ ਸੰਪਾਦਿਤ ਕਰਨ ਲਈ ਰੱਖੀ ਰੱਖਿਆ ਪਰ ਖਰੜਾ ਜਿਵੇਂ ਸਾਫ
ਸੁਥਰਾ ਗਿਆ ਉਵੇਂ ਹੀ ਵਾਪਸ ਆ ਗਿਆ। ਖੋਟੇ ਪੈਸੇ ਦੀ ਤਰਾਂ। ਮੰਨਜੀਤ ਇੰਦਰਾ ਨੇ
ਖੇਦ ਜਤਾਇਆ ਕਿ ਵਕਤ ਹੀ ਨਹੀਂ ਮਿਲਿਆ। ਗੁਲ ਚੌਹਾਨ ਨੇ ਵੀ ਗਲਤੀਆਂ ਕਢਣ ਦੀ
ਜਿੰਮੇਵਾਰੀ ਲਈ। ਪਰ ਉਹ ਆਪਣੀ ਐਨਕ ਦਾ ਸ਼ੀਸ਼ਾ ਸਾਫ ਕਰਨ ਚ ਜਿਆਦਾ ਸਮਾ ਗੁਆ ਦਿੰਦਾ
ਸੀ। ਆਖਿਰਕਾਰ ਪ੍ਰਮੋਦ ਕੌਂਸਵਾਲ ਰਾਹੀਂ ਮੇਰਾ ਵਾਸਤਾ ਪੰਚਕੁਲਾ ਵਿਖੇ ਸਥਿਤ
‘ਅਧਾਰ ਪ੍ਰਕਾਸ਼ਨ’ ਦੇ ਮਾਲਕ ਦੇਸ਼ ਨਿਰਮੋਹੀ ਨਾਲ ਪਿਆ। ਉਹ ਜਿਆਦਾਤਰ ਹਿੰਦੀ ਦੀਆਂ
ਕਿਤਾਬਾਂ ਛਾਪਦਾ ਸੀ ਤੇ ਅੱਜ ਵੀ ਛਾਪਦਾ ਹੈ। ਮੈਂ ਕਿਤਾਬ ਛਪਵਾਉਣ ਵਾਲਾ ਦੁਖੜਾ
ਉਸਨੂੰ ਸੁਣਾਇਆ। ਉਸਨੇ ਕਿਹਾ ਕਿ ਉਹ ਛਪਵਾ ਦੇਵੇਗਾ। ਲੁਧਿਆਣਾ ਦੇ ਇਕ ਪਬਲਿਸ਼ਰ
ਤੋਂ! ਪੰਝੀ ਹਜਾਰ ਰੁਪਏ ਲਗਣਗੇ। ਇਕ ਹਜਾਰ ਕਾਪੀਆਂ ਛਪਣਗੀਆਂ। ਮੈਨੂੰ ਲਗਿਆ ਮੇਰਾ
ਸੁਪਨਾ ਸੱਚ ਹੋ ਗਿਆ! ਮੈਂ ਮੰਨ ਗਿਆ। ਪੈਸੇ ਪਹਿਲਾਂ ਹੀ ਦੇ ਦਿੱਤੇ। ਮੈਂ ਕਿਤਾਬ
ਵਾਰੇ ਸੁਪਨੇ ਲੈਣਾ ਸ਼ੁਰੂ ਕਰ ਦਿੱਤੇ। ਮਹੀਨਾ… ਦੋ ਮਹੀਨੇ … ਛੇ ਮਹੀਨੇ ! ਪਰ
ਖਰੜਾ ਕਿਤਾਬ ਦੇ ਰੂਪ ਚ ਨਾ ਆ ਸਕਿਆ। ਪੈਸੇ ਵਾਪਸ ਹੋ ਗਏ। ਫਿਰ ਝਟਕਾ ਲੱਗਾ ਪਰ
ਹੋਲੇ ਜਿਹੇ!
ਫਿਰ ਮੈਂ ਕਿਤਾਬ ਖੁਦ ਹੀ ਛਾਪਣ ਦਾ ਮੰਨ ਬਣਾ ਲਿਆ। ਸਾਡੇ ਇਕ ਹੋਰ ਮਿਲਣ ਵਾਲੇ
ਦੋਸਤ ਸਨ ਕੁਲਦੀਪ ਕੌਰ। ਉਸਨੇ ਇਕ ਸੰਸਥਾ ਬਣਾ ਰੱਖੀ ਸੀ ‘ਕਾਇਨਾਤ ਆਰਟਸ’। ਉਸਦੇ
ਦੇ ਦਿਮਾਗ ਵਿਚ ਵੀ ਸਾਹਿਤ ਤੇ ਕਲਾ ਦੇ ਕੁਝ ਕੀੜੇ ਨਾਚ ਕਰਦੇ ਰਹਿੰਦੇ ਸਨ। ਉਸਨੇ
ਕਈ ਵਾਰ ਛੋਟੇ ਮੋਟੇ ਸਾਹਿਤਕ ਸਮਾਗਮ ਵੀ ਕਰਵਾਏ ਸਨ। ਉਸਨੇ ਆਪਣੀ ਸੰਸਥਾ ਦੇ ਬੈਨਰ
ਹੇਠਾਂ ਮੇਰੀ ਕਿਤਾਬ ਨੂੰ ਛਾਪਣ ਦਾ ਜਿੰਮਾ ਲੈ ਲਿਆ । ਮੇਰੀ ਨਿੱਕੀ ਭੈਣ ਸੁਨੀਤਾ
ਨੇ ਇਸਦੇ ਟਾਇਟਲ ਵਾਸਤੇ ਤਸਵੀਰ ਬਣਾਈ। ਨਾਂ ਰੱਖਣ ਵਿਚ ਬੜੀ ਮੁਸ਼ਿਕਲ ਆਈ। ਹਰ
ਕਿਸੇ ਨੇ ਆਪਣੇ ਵਲੋਂ ਨਾਂ ਸੁਝਾਇਆ ਪਰ ਮੇਰਾ ਦਿਲ ਕਰਦਾ ਸੀ ਕਿ ਮੈਂ ਇਸਦਾ ਨਾਂ
ਰੱਖਾਂ ‘ਦਿਲ ਵਾਲੀ ਫਟੜੀ’ । ਸਾਰੇ ਕਹਿਣ ਕਿ ਨਾਮ ਸਧਾਰਣ ਹੈ। ਕੋਈ ਹੋਰ ਰੱਖ। ਇਸ
ਵਿਚ ਸਾਹਿਤਕ ਬਣਤਰ ਨਹੀਂ ਹੈ। ਕਲਾ ਨਹੀਂ ਛੁਪੀ ਹੋਈ ਪਰ ਮੈਂ ਆਪਣੀ ਜ਼ਿਦ ਤੇ ਅੜਿਆ
ਰਿਹਾ। ਤਿੰਨ ਚਾਰ ਮਹੀਨਿਆਂ ਦੀ ਦੌੜ ਭਜ ਕਰਨ ਤੋਂ ਬਾਅਦ ਜਨਵਰੀ 2002 ਵਿਚ ਕਿਤਾਬ
ਛਪ ਗਈ।‘ ਦਿਲ ਵਾਲੀ ਫਟੜੀ’, ਕਵੀ ‘ਗੋਵਰਧਨ ਗੱਬੀ’। ਕੁਲ ਕਾਪੀਆਂ ਤਿੰਨ ਸੋ। ਮੁਲ
ਸੋ ਰੁਪਏ ਸਿਰਫ!
ਕਿਤਾਬ ਦੀ ਘੁੰਡ ਚੁਕਾਈ ਵੀ ਹੁੰਦੀ ਹੈ ਇਹ ਮੈਨੂੰ ਪਤਾ ਨਹੀਂ ਸੀ। ਇਸ ਵਾਸਤੇ ਵੀ
ਮੁਸੀਬਤ ਖੜੀ ਹੋ ਗਈ। ਚੰਡੀਗੜ੍ਹ ਆਰਟਸ ਕੌਂਸਲ ਦੇ ਕਰਤਾ ਧਰਤਾ ਐਚ ਐਸ ਭੱਟੀ ਨਾਲ
ਗੱਲ ਬਾਤ ਹੋਈ। ਉਹਨਾਂ ਕਿਹਾ ਕਿ ਚਾਹ ਪਾਣੀ ਅਸੀਂ ਪਿਆ ਦਿਆਂਗੇ ਪਰ ਕਾਰਡਾਂ ਚ
ਲਿਖੋ ਕਿ ਸਾਡਾ ਸਹਿਯੋਗ ਪ੍ਰਾਪਤ ਹੈ। ਕੁਲਦੀਪ ਕੌਰ ਇਨਕਮ ਟੈਕਸ ਦੇ ਇਕ ਅਧਿਕਾਰੀ
ਲੂਥਰਾ ਨੂੰ ਮਿਲੀ। ਉਸਨੂੰ ਸਮਾਗਮ ਵਿਚ ਮੁਖ ਮਹਿਮਾਣ ਬਨਣ ਲਈ ਕਿਹਾ ਤੇ ਨਾਲ ਹੀ
ਕਿਤਾਬ ਨੂੰ ਛਾਪਣ ਤੇ ਖਰਚੇ ਤੇਰਾਂ ਹਜਾਰ ਰੁਪਏ ਦਾ ਰੋਣਾ ਵੀ ਰੋਇਆ। ਅਸਲ ਚ ਮੈਂ
ਕੁਲਦੀਪ ਕੌਰ ਨੂੰ ਕਿਹਾ ਸੀ ਕਿ ਤੁੰ ਮੇਰੇ ਖਰਚ ਆਏ ਪੈਸੇ ਦੇ ਦਈਂ ਜਿਹੜੇ ਫਾਲਤੂ
ਹੋਣਗੇ ਉਹ ਖੁਦ ਰੱਖ ਲਈ। ਲੂਥਰਾ ਸਾਹਬ ਨੇ ਕਿਹਾ ਕਿ ਉਹ ਜਰੂਰ ਕੁਝ ਕਰੇਗਾ।
ਕਿਤਾਬ ਤੇ ਪਰਚਾ ਲਿਖਣ ਲਈ ਪ੍ਰਮੋਦ ਕੌਂਸਵਾਲ ਨੇ ਪੰਜਾਬੀ ਦੇ ਮਸ਼ਹੂਰ ਕਵੀ ਤੇ
ਆਲੋਚਕ ਗੁਰਦੇਵ ਚੌਹਾਨ ਨੂੰ ਕਿਹਾ। ਮੈਂ ਡਰ ਗਿਆ ਕਿ ਕਿਤੇ ਗੁਰਦੇਵ ਚੌਹਾਨ ਉਂਝ
ਹੀ ਮੇਰੀ ਦਿਲ ਵਾਲੀ ਫਟੜੀ ਤੇ ਪੋਚਾ ਨਾ ਫੇਰ ਦੇਵੇ। ਪ੍ਰਮੋਦ ਨੇ ਕਿਹਾ ਕਿ ਜੇ
ਕਹੇਂ ਤਾਂ ਗੁਰਦੇਵ ਨੂੰ ਕੁਝ ਕਹਿ ਦਿੰਦਾ ਕਿ ਕੁਝ ਨਰਮਾਈ ਵਰਤੇ। ਪਰ ਮੈਂ ਮਨ੍ਹਾਂ
ਕਰ ਦਿੱਤਾ ਤੇ ਕਿਹਾ ਕਿ ਗੁਰਦੇਵ ਨੂੰ ਕਹਿਣਾ, ਜੋ ਸੱਚ ਹੈ ਉਹੀ ਕਹੇ। ਉਹੀ ਲਿਖੇ
! ਮੈਂ ਸੋਚਿਆ ਦੇਖਦੇ ਹਾਂ ਕਿ ਕਿਡਾ ਵੱਡਾ ਝਟਕਾ ਲਗਦਾ ਹੈ!
..................................... ( ਚਲਦਾ ਹੈ)
|