|
ਗੋਵਰਧਨ ਗੱਬੀ |
ਕਾਰਡ
ਛਾਪ ਦਿੱਤੇ ਗਏ। ਕੁਝ ਸਾਹਿਤਕਾਰਾਂ ਤੇ ਕੁਝ ਸਾਹਿਤ ਪ੍ਰੇਮੀਆਂ ਨੂੰ ਹੱਥੀਂ ਫੜਾ
ਦਿੱਤੇ । ਕੁਝ ਨੂੰ ਪੋਸਟ ਕਰ ਦਿੱਤੇ। ਪ੍ਰਮੋਦ
ਕੌਂਸਵਾਲ ਨੇ ਇਸ ਸਮਾਗਮ ਨੂੰ ਸਿਰੇ ਲਾਉਣ ਲਈ ਬਹੁਤ ਦੌੜ ਭਜ ਕੀਤੀ। ਉਸਨੇ ਕਈ
ਸਾਰੇ ਹਿੰਦੀ ਤੇ ਪੰਜਾਬੀ ਦੇ ਕਵੀਆਂ, ਕਹਾਣੀਕਾਰਾਂ ਨੂੰ ਫੋਨ ਕਰਕੇ ਇਸ ਸਮਾਗਮ
ਵਿਚ ਸ਼ਾਮਿਲ ਹੋਣ ਲਈ ਬੁਲਾਵਾ ਦਿੱਤਾ। ਕੁਲਦੀਪ ਕੌਰ ਵੀ ਬਹੁਤ ਕੰਮ ਕਰ ਰਹੀ ਸੀ।
ਬੈਨਰ ਬਣਾਉਣ ਦਾ। ਮੁਖ ਮਹਿਮਾਣ ਨੂੰ ਦੇਣ ਲਈ ਫੁੱਲਾਂ ਦੇ ਬੁੱਕੇ ਤੇ ਯਾਦਗਿਰੀ
ਚਿੰਨ ਆਦਿ ਇੱਕਠੇ ਕਰਨ ਦਾ।
ਦਿਨ ਸ਼ਨੀਵਾਰ ਤਾਰੀਖ 9
ਫਰਵਰੀ 2002 ਨੂੰ ਚੰਡੀਗੜ੍ਹ ਦੇ ਸੈਕਟਰ 16 ਵਿਚ ਸਥਿਤ ‘ਪੰਜਾਬ ਕਲਾ ਭਵਨ’ ਵਿਚ
ਸਵੇਰੇ ਗਿਆਰਾਂ ਵਜੇ ਦਾ ਸਮਾ ਕਿਤਾਬ ਦੀ ਘੂੰਡ ਚੁਕਾਈ ਲਈ ਮਿਥਿਆ ਗਿਆ । ਅਸੀਂ
ਦੱਸ ਕੁ ਵਜੇ ਪਹੁੰਚ ਗਏ। ਬੈਨਰ ਵੀ ਕਾਹਲੀ ਕਾਹਲੀ ਵਿਚ ਬਣਵਾਇਆ ਗਿਆ ਸੀ। ਬੈਨਰ
ਪੜਿਆ ਤਾਂ ਉਸ ਵਿਚ ਮੇਰਾ ਨਾਂ ‘ਗੋਵਰਧਨ ਗੁੱਬੀ’ ਲਿਖਿਆ ਹੋਇਆ ਸੀ। ਸੋਚਿਆ ਕਿ
ਸਗੁਨ ਠੀਕ ਨਹੀਂ ਹੋਇਆ ਪਰ ਚਲੋ ਜੋ ਹੋਵੇਗਾ ਦੇਖਾਂਗੇ।
ਮੁਖ ਮਹਿਮਾਣ ਲੂਥਰਾ ਸਾਹਿਬ
ਤਾਂ ਠੀਕ ਗਿਆਰਾਂ ਵਜੇ ਪਹੁੰਚ ਗਏ । ਤਦ ਤਕ ਸਿਰਫ ਮੇਰੇ , ਕੁਲਦੀਪ, ਪ੍ਰਮੌਦ ਤੇ
ਸਾਡੇ ਘਰ ਦੇ ਜੀਆਂ ਤੋਂ ਇਲਾਵਾ ਹੋਰ ਅਜੇ ਕੋਈ ਨਹੀਂ ਪਹੁੰਚਿਆ ਸੀ। ਗੁਰਦੇਵ
ਚੌਹਾਨ ਵੀ ਨਹੀਂ ਜਿਸਨੇ ਮੇਰੀ ਕਿਤਾਬ ਤੇ ਪਰਚਾ ਪੜਣਾ ਸੀ। ਸਾਢੇ ਗਿਆਰਾਂ ਹੋ ਗਏ
ਪਰ ਸਾਹਿਤ ਪ੍ਰੇਮੀਆਂ ਦੀ ਗਿਣਤੀ ਬੀਹਾਂ ਤੋਂ ਅੱਗੇ ਨਾ ਹੋਈ।ਕਲਾ ਭਵਨ ਚ ਉਸ ਦਿਨ
ਐਚ ਐਸ ਭੱਟੀ ਤੋਂ ਇਲਾਵਾ ਪ੍ਰੋਫੈਸਰ ਰਾਜਪਾਲ, ਡਾ. ਰਮਾ ਰਤਨ ਵੀ ਹਾਜਰ ਸਨ ਪਰ ਉਹ
ਮੇਰੀ ਕਿਤਾਬ ਦੇ ਸਮਾਰੋਹ ਲਈ ਨਹੀਂ ਸਗੋਂ ਆਪਣੇ ਦਫਤਰੀ ਕੰਮ ਲਈ ਆਏ ਹੋਏ ਸਨ।ਮੁਖ
ਮਹਿਮਾਣ ਵਿਚਾਰਾ ਚੁਪਚਾਪ ਬੈਠਾ ਕੁਝ ਬੇਇਜਤ ਜਿਹਾ ਮਹਿਸੂਸ ਕਰ ਰਿਹਾ ਸੀ।ਅਸੀਂ ਐਚ
ਐਸ ਭੱਟੀ ਨੂੰ ਬੇਨਤੀ ਕੀਤੀ ਕਿ ਜਦ ਤਕ ਕੁਝ ਹੋਰ ਇਕਠ ਨਹੀਂ ਜੁੜ ਜਾਂਦਾ ਤਦ ਤਕ
ਉਹ ਮੁਖ ਮਹਿਮਾਣ ਨੂੰ ਆਪਣੇ ਦਫਤਰ ਚ ਬਿਠਾ ਕੇ ਉਹਨਾਂ ਦਾ ਵਕਤ ਵਿਤਾਉਣ ਦਾ ਕੁਝ
ਉਪਰਾਲਾ ਕਰਨ।
ਬਾਰਾਂ ਕੁ ਵਜੇ ਗੁਰਦੇਵ
ਚੌਹਾਨ, ਕਹਾਣੀਕਾਰ ਦੇਵ ਭਰਦਵਾਜ, ਅਮਰ ਗਿਰੀ, ਹਰਦੇਵ ਚੌਹਾਨ, ਗੁਲ ਚੌਹਾਨ,ਅਧਾਰ
ਪ੍ਰਕਾਸਨ ਵਾਲੇ ਦੇਸ਼ ਨਿਰਮੋਹੀ,ਦੈਨਿਕ ਭਾਸਕਰ ਵਾਲੇ ਹਿੰਦੀ ਦੇ ਕਵੀ ਅਰੂਨ
ਅਦਿਤਿਅ, ਹਿਮਾਚਲ ਦੇ ਇਕ ਕਵੀ ਵਸ਼ਿਸ਼ਟ, ਪੰਜਾਬੀ ਦੇ ਬਜ਼ੁਰਗ ਕਵੀ ਸਿਵ ਨਾਥ ਤੇ ਕੁਝ
ਹੋਰ ਸਾਹਿਤ ਪ੍ਰੇਮੀ ਪਹੁੰਚ ਗਏ।ਪਰ ਸਰਵਮੀਤ ਉਮੀਦ ਦੇ ਪੂਰਾ ਉਤਰਿਆ ਤੇ ਉਹ ਨਹੀਂ
ਪਹੁੰਚਿਆ। ਖਾਨਾ ਪੂਰਤੀ ਲਈ ਮੈਂ ਆਪਣੇ ਕੋਚਿੰਗ ਸੈਂਟਰ ਵਿਚ ਕੰਮ ਕਰਨਵਾਲੇ
ਕਰਮਚਾਰੀਆਂ ਤੇ ਵਿਦਿਆਰਥੀਆਂ ਨੂੰ ਜ਼ਬਰੀ ਬੁਲਾ ਲਿਆ ਸੀ।ਕੁਝ ਕੁ ਪਤਰਕਾਰ ਭਰਾ ਤੇ
ਭੈਣਾਂ ਵੀ ਪਹੁੰਚ ਗਏ। ਕਹਿਣ ਦਾ ਮਤਲਵ ਕਿ ਸਮਾਗਮ ਵਿਚ ਹਾਜਰ ਸੱਜਣਾਂ ਦੀ ਗਿਣਤੀ
ਪੰਜਾਹਾਂ ਤੋਂ ਉਪਰ ਪਹੁੰਚ ਗਈ।ਕਲਾ ਭਵਨ ਦਾ ਹਾਲ ਕੁਝ ਭਰਵਾਂ ਭਰਵਾਂ ਲਗਣ ਲਗ
ਪਿਆ।ਕੁਝ ਦਿਲ ਨੂੰ ਸਕੂਨ ਜਿਹਾ ਮਿਲਿਆ।
ਸਮਾਗਮ ਸ਼ੁਰੂ ਹੋ ਗਿਆ।ਮੁਖ
ਮਹਿਮਾਣ, ਐਚ ਐਸ ਭੱਟੀ, ਲੂਥਰਾ ਸਾਹਿਬ,ਗੁਰਦੇਵ ਚੌਹਾਨ ਤੇ ਮੈਨੂੰ ਡਾਇਸ ਦੇ ਰੂਪ
ਵਿਚ ਰੱਖੇ ਸੋਫਿਆਂ ਉਪਰ ਬਿਠਾ ਦਿੱਤਾ ਗਿਆ।
ਪ੍ਰੋਗਰਾਮ ਦਾ ਸੰਚਾਲਨ ਕੁਲਦੀਪ ਕੌਰ ਨੇ ਕਰਨਾ ਸੀ। ਸਰਦੀਆਂ ਦੀ ਰੁਤ ਹੋਣ ਦੇ
ਬਾਵਜੂਦ ਮੈਨੂੰ ਪਸੀਨਾ ਆ ਰਿਹਾ ਸੀ। ਕੁਲਦੀਪ ਨੇ ਕੁਝ ਮੇਰੇ ਵਾਰੇ ਬੋਲਿਆ। ਕੁਝ
ਮੇਰੀ ਕਿਤਾਬ ਦੀਆਂ ਕਵਿਤਾਵਾਂ ਪੜੀਆਂ। ਫਿਰ ਮੈਨੂੰ ਕੁਝ ਕਵਿਤਾਵਾਂ ਪੜਨ ਵਾਰੇ
ਕਿਹਾ। ਮੈਂ ਆਪਣੀਆਂ ਕਵਿਤਾਵਾਂ ਦਾ ਪਾਠ ਕੀਤਾ। ਪਰ ਦਿਲ ਚ ਡਰ ਸੀ ਕਿ ਗੁਰਦੇਵ
ਚੌਹਾਨ ਨੇ ਪਤਾ ਨਹੀਂ ਆਪਣੀ ਪੋਟਰੀ ਵਿਚੋਂ ਕਿਹੜਾ ਸੱਪ ਕਢਣੈ ! ਗੁਰਦੇਵ ਚੌਹਾਨ
ਨੂੰ ਪਰਚਾ ਪੜਣ ਵਾਰੇ ਕਿਹਾ ਗਿਆ। ਮੈਂ ਅੱਖਾਂ ਮੀਟ ਕੇ ਬੈਠ ਗਿਆ। ਗੁਰਦੇਵ ਚੌਹਾਨ
ਨੇ ਜੋ ਪਰਚਾ ਪੜਿਆ ਉਹ ਇਸ ਤਰਾਂ ਸੀ:
ਅਲੜ੍ਹ ਪਿਆਰ ਦੀ ਗਠੜੀ
ਬਨਾਮ ਦਿਲ ਵਾਲੀ ਫਟੜੀ ੳਰਫ ਗੋਵਰਧਨ ਗੱਬੀ……ਗੁਰਦੇਵ ਚੌਹਾਨ
“ਕਵਿਤਾ ਦੇ ਸ਼ਬਦ ਦਿਲ
ਵਿਚੋਂ ਆਉਂਦੇ ਹਨ। ਜਾਂ ਜਿਹੜੇ ਸ਼ਬਦ ਦਿਲ ਵਿਚੋਂ ਪੈਦਾ ਹੁੰਦੇ ਹਨ, ਉਹ ਕਵਿਤਾ ਬਣ
ਜਾਂਦੇ ਹਨ। ਗੋਵਰਧਨ ਗੱਬੀ ਨੇ ਤਾਂ ਆਪਣੀ ਪੁਸਤਕ ਦਾ ਖੁਦ ਨਾਂ ਹੀ ਦਿਲ ਵਾਲੀ
ਫਟੜੀ ਰਖ ਦਿਤਾ ਹੈ। ਗੱਬੀ ਜੋ ਕੁਝ ਸੋਚਦਾ ਹੈ ਉਹ ਉਸਦਾ ਮਸੌਦਾ ਬਣ ਜਾਂਦਾ ਹੈ।
ਸੱਗੋਂ ਉਹ ਤਾਂ ਹਰ ਨਖਸ਼, ਹਰ ਲਮਹਾ, ਹਰ ਅਕਸ ਆਪਣੇ ਦਿਲ ਵਿਚ ਉਤਾਰ ਵੀ ਰਿਹਾ ਹੈ।
ਇਸ ਤਰ੍ਹਾਂ ਇਹ ਕਵਿਤਾਵਾਂ ਦਿਲ ਤੋਂ ਦਿਲ ਵਲ ਸਫਰ ਕਰਦੀਆਂ ਹਨ, ਇਸ ਲਈ ਇਹ
ਕਵਿਤਾਵਾਂ ਦੋਹਰਾ ਸਫਰ ਕਰਦੀਆਂ ਹਨ, ਦੋ ਜੂਨਾਂ ਹੰਢਾਉਦੀਆਂ ਹਨ, ਦੋ ਤੈਹੀਆਂ ਹਨ।
ਫਟੀ ਉਤੇ ਲਿਖਤ
ਇਕਲੀ ਇਬਾਰਤ ਹੀ ਨਹੀਂ ਹੁੰਦੀ ਇਹ ਅਕਸ ਵੀ ਹੁੰਦੀ ਹੈ ਜਾਂ ਇਉਂ ਕਹੋ ਕਿ ਇਹ ਆਪਣਾ
ਆਪ ਪੇਸ਼ ਵੀ ਕਰ ਰਹੀ ਹੁੰਦੀ ਹੈ। ਇਹ ਪੇਸ਼ਕਾਰੀ ਦਾ ਤੱਤ---ਸਮਾਜਿਕ ਪੁਲਾਂਘ ਹੈ,
ਜਿੰਦਗੀ ਵਿਚ ਕਵੀ ਦੇ ਦਸਖਤ ਹਨ---ਕਵੀ ਦੀ ਆਪਣੀ ਕਵਿਤਾ ਰਾਹੀਂ ਆਪਣੀ ਹਾਜ਼ਰੀ ਹੈ।
ਵੈਸੇ ਮੈਨੂੰ ਇਸ ਪੁਸਤਕ
ਵਿਚ ਪਹਿਲੀ ਰਚਨਾ ਵਰਗਾ ਕੁਝ ਨਹੀਂ ਲਗਾ। ਮੈਂ ਇਹਨਾਂ ਕਵਿਤਾਵਾਂ ਨੂੰ ਪਹਿਲੀ
ਪੁਸਤਕ ਵਾਂਗ ਪੜਿਆ ਵੀ ਨਹੀਂ ਸਾਨੂੰ ਇਹ ਕਰਨਾ ਵੀ ਨਹੀਂ ਚਾਹੀਦਾ। ਲਿਖਣ ਕਾਰਜ ਇਕ
ਪ੍ਰਕ੍ਰਿਆ ਹੈ, ਅਜੇਹਾ ਪ੍ਰਕਾਰਜ ਜਿਹੜਾ ਵਕਤ ਵਿਚ ਨਿਪੁੰਨ ਹੁੰਦਾ ਹੋਇਆ ਵੀ ਵਕਤ
ਦੇ ਅਗੇ ਪਿਛੇ ਪਿਆ ਹੁੰਦਾ ਹੈ। ਕੋਈ ਰਚਨਾ ਵੀ ਰਚਨਕਾਲ ਨਾਲ ਇਸ ਤਰ੍ਹਾਂ ਨਹੀਂ
ਬੱਝੀ ਹੁੰਦੀ ਜਿਸ ਤਰ੍ਹਾਂ ਵਾਰਤਕ ਦਲੀਲ ਨਾਲ ਬੱਝੀ ਹੁੰਦੀ ਹੈ, ਜਿਸ ਤਰ੍ਹਾਂ ਗਲੀ
ਘਰ ਨਾਲ ਬੱਝੀ ਹੁੰਦੀ ਹੈ, ਸਵੇਰ ਸੂਰਜ ਦੇ ਉਦੈਅ ਹੋਣ ਨਾਲ।
ਗੱਬੀ ਦੀ ਕਵਿਤਾ ਵਿਚ ਅਜ
ਦੀ ਸਵੇਰ ਦੇ ਨਾਲ ਹੀ ਲੰਘ ਗਈ ਰਾਤ ਦਾ ਦਰਦ ਜਾਂ ਉਲਾਮਾਂ ਵੀ ਹੈ। ਉਸ ਦੀਆਂ
ਬਹੁਤੀਆਂ ਕਵਿਤਾਵਾਂ ਯਾਦ ਦੇ ਰੂਪ ਵਿਚ ਫਟੀ ਉਤੇ ਲਿਖੀ ਇਬਾਰਤ ਵਾਂਗ ਪਈਆਂ ਹਨ,
ਇੰਦਰਾਜ ਵਾਂਗ, ਫਹਿਸਤ ਵਾਂਗ, ਫੁਸਰਤੀ ਛਿਵਾ ਵਾਂਗ। ਪਿੰਡ ਕਦੇ ਮੇਰੇ ਲਈ ਵੀ ਉਹ
ਨਹੀਂ ਸੀ ਰਿਹਾ, ਆਪਣੇ ਪੁਰਾਣੇ ਰੂਪ ਦੀ ਸਿਮਰਤੀ ਬਣ ਗਿਆ ਸੀ, ਗੱਬੀ ਜਿਹੜਾ
ਮੈਂਥੋਂ ਬਹੁਤ ਛੋਟਾ ਹੈ ਵੀ ਇਵੇਂ ਮਹਿਸੂਸ ਕਰਦਾ ਹੈ। 'ਰਾਸ' ਕਵਿਤਾ ਵਿਚ ਉਹ
ਤਕਰੀਬਨ ਉਹਨਾਂ ਗਲਾਂ ਨੂੰ ਯਾਦ ਕਰਦਾ ਹੈ ਜਿਹਨਾਂ ਨੂੰ ਹਰ ਕੋਈ ਯਾਦ ਕਰਦਾ ਹੈ ਪਰ
ਲਿਖਦਾ ਨਹੀਂ। ਲਿਖਦਾ ਕੋਈ ਕੋਈ ਹੈ। ਕਵੀ ਲਈ ਕਦੇ ਪਿੰਡ ਖਤਮ ਨਹੀਂ ਹੁੰਦਾ। ਇਹ
ਉਸਦੇ ਨਾਲ ਚਲਦਾ ਹੈ-ਉਸਦੀ ਕਵਿਤਾ ਦੇ ਨਾਲ-
ਲੈ ਚਲ ਸਮਿਆਂ ਅਹਨਾਂ
ਦਿਨਾਂ ਵਲ/ਨਾ ਸੀ ਭੁਖ ਨਾ ਝੱਲ ਵਲੱਲ/ਗਲ ਸੁਣ ਮਿਤੱਰਾ, ਗਲ ਸੁਣ ਯਾਰਾ/ਮੇਰੇ
ਪਿੰਡ ਦਾ ਸੁਣਾ ਕੀ ਏ ਹਾਲ/ਸੂਏ ਵਿਚ ਵਗਦਾ ਹੋਣਾ ਮਿੱਠਾ-ਮਿੱਠਾ ਪਾਣੀ/ਚਲਦਾ ਹੋਣਾ
ਸ਼ਰਾਬੀਆਂ ਦੀ ਚਾਲ
ਮਿੱਠੀ-ਮਿੱਠੀ ਪੈਂਦੀ ਏ
ਵਰਖਾ/ਚੁਕ ਲਉ ਆਪਣਾ ਚਰਖਾ ਨੀ ਕੁੜੀਓ
ਜਦ ਅਤੀਤ ਵਰਤਮਾਨ ਨੂੰ
ਲਿਖਣ ਬੈਠਦਾ ਹੈ, ਤਾਂ ਵਰਤਮਾਨ ਉਸ ਦਾ ਜਾਨਸ਼ੀਨ ਬਣ ਜਾਂਦਾ ਹੈ- ਚਸ਼ਮਦੀਦ ਗੁਆਹ,
ਜਾਂ ਆੜੀ, ਜਾਂ ਕਸੂਰਵਾਰ। ਕਵਿਤਾ ਵੀ ਇਕ ਸਮੇਂ ਵਾਂਗ ਤ੍ਰੈਕਾਲੀ ਹੋ ਜਾਂਦੀ ਹੈ।
ਕਵਿਤਾ ਦੀਆਂ ਸਤਰਾਂ ਦੀਆਂ ਰਗਾਂ ਵਿਚ ਅਤੀਤ ਦਾ ਲਹੂ ਵਗਦਾ ਹੈ।ਅਤੀਤ ਨਾਂ ਦੀ
ਕਵਿਤਾ ਵਿਚ ਗੱਬੀ ਆਖਦਾ ਹੈ:ਚੰਨਾ ਵੇ ਤੇਰੀ ਚਾਨਣੀ ਹੈ ਦੁੱਧ ਤੋਂ ਚਿੱਟੀ/ਅਤੀਤ
ਮੇਰੇ ਦੀ ਇਸ ਵਿਚ ਝਾਕੇ ਪਈ ਮਿੱਟੀ।
ਪੰਜਾਬੀ ਦੇ ਹਰ ਕਵੀ ਦਾ
ਸ਼ਹਿਰ ਨਾਲ ਵਾਸਤਾ ਪੈ ਜਾਂਦਾ ਹੈ। ਕਈ ਸ਼ਹਿਰੀ ਹੋ ਜਾਂਦੇ ਹਨ ਅਤੇ ਫਿਰ ਵੀ ਹਮੇਸ਼ਾਂ
ਪੇਂਡੂ ਰਹਿੰਦੇ ਹਨ। ਸ਼ਹਿਰ ਉਹਨਾਂ ਨੂੰ ਰਾਸ ਆ ਕੇ ਵੀ ਮੰਜ਼ਲ ਨਹੀਂ ਬਣਦਾ, ਤ੍ਰਪਤੀ
ਨਹੀਂ ਦੇਂਦਾ, ਅਚਵੀਂ ਪੈਦਾ ਕਰਦਾ ਹੈ। ਪਿੰਡ ਦਾ ਕਵਿਤਾਈ ਸੁਭਾ ਉਹਨਾਂ ਦੀ
ਜ਼ਿੰਦਗੀ ਦੇ ਹਰ ਮੋੜ ਤੇ ਮੋੜਵਾਂ ਵਾਰ ਕਰਦਾ ਹੈ। ਪਰ ਕਵੀ ਸਮੇ ਦੇ ਨਾਲ ਬਦਲ ਵੀ
ਗਿਆ ਹੁੰਦਾ ਹੈ। ਹੁਣ ਪਿੰਡ ਜਾਂ ਬਚਪਨ ਉਸ ਲਈ ਵੇਰਵੇ, ਖਿਆਲ ਜਾਂ ਚੇਤਨਾ ਦੇ
ਆਤੰਕ ਵਾਂਗ ਪਏ ਹੂੰਦੇ ਹਨ। ਨਵੀਆਂ ਯਾਰੀਆਂ ਪੈਂਦੀਆਂ ਹਨ, ਨਵੀਆਂ ਪ੍ਰਸਿਥੀਤੀਆਂ
ਨਾਲ ਮੁਹਾਵਰਾ ਬਦਲਦਾ ਹੈ, ਜ਼ਿੰਦਗੀ ਦਾ ਅਤੇ ਕਵਿਤਾਂਵਾਂ ਦਾ। ਗੱਬੀ ਨਾਲ ਵੀ ਇੰਝ
ਹੁੰਦਾ ਹੈ। ਉਸਦੀ ਕਵਿਤਾ ਸਫਰ ਵਿਚ ਪੈਂਦੀ ਹੈ। ਆਪਣਾ ਮੁਹਾਵਰਾ ਸੈਲਾਨੀ ਬਣਾਉਂਦੀ
ਹੈ, ਪਿੰਡ ਤੋਂ ਵਿਥ ਸਿਰ ਜਾਂਦੀ ਹੈ। ਪਿੰਡ ਨੂੰ ਵਰਤਮਾਨ ਦੇ ਮੋਢੇ ਤੋਂ ਵੇਖਦੀ
ਹੈ। ਉਹ ਰੰਗ ਨਾਂ ਦੀ ਕਵਿਤਾ ਵਿਚ ਕਹਿੰਦਾ ਹੈ:ਮੈਂ ਕੁਝ ਟੁੱਟ ਜਿਹਾ ਗਿਆ
ਹਾਂ/ਜ਼ਿੰਦਗੀ ਤੋਂ ਕੁਝ ਰੁੱਠ ਜਿਹਾ ਗਿਆ ਹਾਂ
ਦੇਖ ਦੁਨੀਆਂ ਦੇ
ਜੋੜ-ਤੋੜ/ਮੈਂ ਕੁਝ ਮੁੱਕ ਜਿਹਾ ਗਿਆ ਹਾਂ
ਫਿਰ ਖਿਆਲੀ ਪੁਲਾਅ ਵਿਚ
ਕਹਿੰਦਾ ਹੈ;ਆਖਰ ਲੇਖਕ ਦੀ ਹਮ-ਸਫਰ ਹੈਂ /ਕੁਝ ਕਿਤਾਬਾਂ ਹੀ ਪਾੜ ਲੈ/ਨਹੀਂ ਤਾਂ
ਮੇਰੀਆਂ ਕਵਿਤਾਵਾਂ ਦੀਆਂ/ਕੁਝ ਸਤਰਾਂ ਹੀ ਝਾੜ ਲੈ।
ਪਿਆਰ ਇਹਨਾਂ ਕਵਿਤਾਵਾਂ ਦਾ
ਤਾਣਾ ਪੇਟਾ ਹੈ। ਪਿਆਰ ਸਾਨੂੰ ਚੀਜਾਂ ਨਾਲ ਬੰਨਦਾ ਹੈ। ਕਿਸੇ ਔਰਤੀ ਚੇਹਰੇ ਨਾਲ।
ਕਿਸੇ ਹੁਸਨ ਦੇ ਚਮਤਕਾਰ ਨਾਲ। ਪਰ ਜਿੰਦਗੀ ਸਫਰ ਹੈ, ਸਫਰ ਵਿਚ ਹੋਣਾ ਉਸ ਦਾ
ਸੁਭਾਅ ਹੈ, ਸਫਰ ਤਬਦੀਲੀ ਹੈ, ਪਿਆਰ ਵਿਚ ਤੱਰ ਵੀ। ਇਥੋਂ ਤਨਾਅ ਪੈਦਾ ਹੁੰਦਾ ਹੈ,
ਦੋਫਾੜ ਆਉਂਦੀ ਹੈ, ਬੇਬਫਾਈ ਵੀ, ਬੇਬਫਾਈ ਪਿਆਰ ਦਾ ਇਕ ਪੜਾਅ ਨਹੀ ਅੰਗ ਹੈ।
ਜਿਵੇਂ ਮੌਤ ਜਿੰਦਗੀ ਦਾ ਅੰਗ ਹੈ, ਜਿਵੇਂ ਰਾਤ ਦਿਨ ਦਾ ਅੰਗ ਹੈ, ਜਿਵੇਂ ਹੰਝੂ
ਮੁਸਕਰਾਹਟ ਦਾ ਇਕ ਅੰਗ ਹਨ।
ਗੱਬੀ ਦੇ ਕੁਝ ਬੋਲ ਸੁਣੋਂ
ਜਿਹਨਾਂ ਵਿਚ ਜਿੰਦਗੀ ਜਾਂ ਪਿਆਰ ਦੀ ਖੜੌਤ, ਬਨਾਵਟ, ਉਮੰਗ, ਕਸਕ, ਤੋਖਲਾ, ਬਗਾਵਤ
ਜਾਂ ਬੇਬਫਾਈ, ਰਿਸ਼ਤਿਆਂ ਦੀ ਬੁਝਾਰਤ ਜਾਂ ਜਿੰਦਗੀ ਉਦਾਲੇ ਫੈਲੀ ਹੋਈ ਗਹਿਰ ਰਹੱਸ
ਆਤਮਿਕਤਾ ਬੋਲਦੀ ਹੈ: ਤੇਰੀ ਬੇਪ੍ਰਵਾਹੀ ਕਿਥੇ ਲੈ ਕੇ ਆ ਗਈ/ਚੰਗੀ ਭਲੀ ਜ਼ਿੰਦਗੀ
ਵਿੱਚ ਖਾਮੋਸ਼ੀ ਜਿਹੀ ਛਾ ਗਈ।
ਸ਼ਹਿਰ ਤੇਰੇ ਦੀ ਇਕ ਨਾਗਨ
ਨੇ, ਮੈਨੂੰ ਐਸਾ ਡਸਿਆ।ਜਦ ਕਦੇ ਬੱਦਲ, ਘੇਰ ਲੈਂਦੇ ਨੇ ਚੰਨ ਨੂੰ/ਛੁਪ ਜਾਂਦਾ ਹੈ
ਵਿਚਾਰਾ, ਮਾਰ ਕੇ ਆਪਣੇ ਮਨ ਨੂੰ।ਜ਼ਿੰਦਗੀ ਦਾ ਤਾਣਾ ਬਾਣਾ/ ਸਮਝ ਨਾ ਸੱਜਣਾ
ਆਣਾ।ਕੰਢੇ ਤਾਂ ਸਾਨੂੰ ਵੀ ਚੁੱਭਦੇ/ਦਰਦ ਨਾ ਜਾਣੇ ਕੋਈ।ਜੱਗ ਦੇ ਹਮਾਮ ਵਿੱਚ,
ਨੰਗੇ ਸਾਰੇ ਯਾਰੋ/ ਆਪਣੇ ਨੂੰ ਛੱਡ ਬਸ, ਚੰਗੇ ਸਾਰੇ ਯਾਰੋ/ਕਿਹਨੂੰ ਆਖਾਂ ਸਾਬਿਤ,
ਲੰਯੇ ਸਾਰੇ ਯਾਰੋ।ਕਿਸ ਤੋਂ ਗਲਾ ਬਚਾਵਾਂ, ਫੰਦੇ ਸਾਰੇ ਯਾਰੋ।
ਗੱਬੀ ਆਪਣਾ ਗਲਾ ਕਵਿਤਾ
ਲਿਖ ਕੇ ਬਚਾ ਲੈਂਦਾ ਹੈ। ਕਵਿਤਾ ਉਸ ਲਈ ਦਵਾਈ ਹੈ ਜਾਂ ਸਫਰ ਦਾ ਇਕ ਹੋਰ ਪੈਂਡਾ
ਜਿਹੜਾ ਉਸ ਨੂੰ ਗਤੀਸ਼ੀਲ ਰਖਦਾ ਹੈ। ਉਸ ਦਾ ਮੁਹਾਵਰਾ ਤਰੋਤਾਜਾ ਰਖਦਾ ਹੈ। ਜਿੰਦਗੀ
ਵਿਚ ਸ਼ਬਦ-ਵਿਸ਼ਵਾਸ਼ ਹੈ ਕਵਿਤਾ। ਗੱਬੀ ਇਹਨਾਂ ਕਵਿਤਾਵਾਂ ਰਾਹੀਂ ਉਸ ਭਾਲ ਵਿਚ ਸ਼ਾਮਲ
ਹੋ ਜਾਂਦਾ ਹੈ ਜਿਸਨੂੰ ਜਿੰਦਗੀ ਪਹਾੜੀ 'ਤੇ ਝੁਕੀ ਹੋਈ ਸਫੇਦ ਬਦਲੀ ਵਾਂਗ ਜਾਪਦੀ
ਹੈ। ਤਾਜਾ, ਅਛੋਹ, ਬੇਦਾਗ, ਜਾਨਦਾਰ, ਸਢੋਲ, ਸੁਪਨੀਲੀ, ਜਿਵੇਂ ਇਕ ਕੁੜੀ। ਗੱਬੀ
ਕਵਿਤਾ ਨੂੰ ਕਿਸੇ ਹੁਸੀਨਾ ਨੂੰ ਪਾਏ ਖਤ ਵਾਂਗ ਲਿਖਦਾ ਹੈ ਆਪਣੇ ਦਿਲ ਦੀ ਫਟੀ
ਉਤੇ- ਉਸਦੀ ਇਸ ਅਲੜ੍ਹ ਸੰਜੀਦਗੀ ਨੂੰ ਮੇਰੀ ਮੁਬਾਰਕਬਾਦ”
ਚੌਹਾਨ ਨੇ ਆਪਣਾ ਪਰਚਾ ਖਤਮ
ਕੀਤਾ ਤਾਂ ਮੈਂ ਅੱਖਾਂ ਖੋਲੀਆਂ। ਮੇਰਾ ਰੋਮ ਰੋਮ ਨੱਚ ਉਠਿਆ ਸੀ ਕਿਉਂਕਿ ਗੁਰਦੇਵ
ਮੇਰੀ ਸਾਹਿਤਕ ਨੱਸ ਫੜਣ ਚ ਕਾਮਯਾਬ ਹੋ ਗਿਆ ਸੀ। ਇਕ ਬਹੁਤ ਵੱਡੀ ਰਾਹਤ ਮਹਿਸੂਸ
ਹੋਈ ਮੈਨੂੰ!
( ਚਲਦਾ ਹੈ) |