icon-audio-vani2XSolid1-Trans.gif (97 bytes)  ਗੁਰਮਿਤ ਸੰਗੀਤ  >>  


011103_gurmat-sangeet2_100.jpg (4120 bytes)ਗੁਰਮਤਿ ਸੰਗੀਤ ਦੇ ਸੰਸਥਾਪਕ ਗੁਰੂ ਅੰਗਦ ਦੇਵ
- ਡਾ· ਗੁਰਨਾਮ ਸਿੰਘ
 

ਸ੍ਰੀ ਗੁਰੂ ਅੰਗਦ ਦੇਵ ਜੀ ਦੇ ਜੀਵਨ ਦਰਸ਼ਨ ਸਬੰਧੀ ਪ੍ਰਚਲਿਤ ਇਤਿਹਾਸਕ ਹਵਾਲਿਆਂ ਤੇ ਬਾਣੀ ਫੁਰਮਾਨਾਂ ਤੋਂ ਪ੍ਰਤੱਖ ਹੈ ਕਿ ਭਾਈ ਲਹਿਣੇ ਦੇ ਰੂਪ ਵਿਚ ਆਪ ਨੂੰ ਗੁਰੂ ਨਾਨਕ ਦੇਵ ਜੀ ਨੇ ਜੋ ਅਪਾਰ ਬਖਸ਼ਿਸ਼ਾਂ ਕੀਤੀਆਂ, ਉਹ ਬਖਸ਼ਿਸ਼ਾਂ ਸਤਿਗੁਰ ਦੇ ਨਿਰਮਲ ਪੰਥ ਦੀਆਂ ਸਿਫਤਾਂ ਦੇ ਰੂਪ ਵਿਚ 'ਖਾਲਸਾ ਪੰਥ' ਵਜੋਂ ਪ੍ਰਫੁੱਲਤ ਹੋਈਆਂ। ਭਾਈ ਗੁਰਦਾਸ ਜੀ ਅਨੁਸਾਰ:

ਥਾਪਿਆ ਲਹਿਣਾ ਜੀਵਦੇ, ਗੁਰਿਆਈ ਸਿਰਿ ਛਤ੍ਰ ਫਿਰਾਇਆ॥
ਜੋਤੀ ਜੋਤਿ ਮਿਲਾਇ ਕੈ, ਸਤਿਗੁਰ ਨਾਨਕ ਰੂਪ ਵਟਾਇਆ॥
ਲਖ ਨ ਕੋਈ ਸਕਈ, ਆਚਰਜੇ ਆਚਰਜ ਦਿਖਾਇਆ,
ਕਾਇਆ ਪਲਟਿ ਸਰੂਪ ਬਣਾਇਆ॥
- (ਵਾਰ 1, ਪਉੜੀ 45)

011103_guru-angad1_150.jpg (9246 bytes)ਭਾਈ ਲਹਿਣੇ ਨੂੰ ਗੁਰੂ ਅੰਗਦ ਦੇਵ ਰੂਪ ਵਿਚ ਥਾਪਣ ਦੀ ਇਸ ਪ੍ਰਕਿਰਿਆ ਤੋਂ ਹੀ ਸਿੱਖ ਧਰਮ ਦੇ ਵਿਕਾਸ ਦੀ ਬੁਨਿਆਦ ਰੱਖੀ ਗਈ। ਸੇਵਾ, ਸ਼ਰਧਾ, ਸਮਰਪਣ ਤੇ ਭਗਤੀ ਭਾਵ ਦੇ ਪੁੰਜ, ਭਾਈ ਲਹਿਣਾ ਨੇ ਗੁਰੂ ਅੰਗਦ ਰੂਪ ਵਿਚ ਗੁਰੂ ਨਾਨਕ ਸਾਹਿਬ ਦੇ ਨਿਆਰੇ ਤੇ ਨਿਰਮਲ ਪੰਥ ਨੂੰ ਅਗਾਂਹ ਚਲਾਉਣ ਲਈ ਪੂਰਨ ਪ੍ਰਤਿਬੱਧਤਾ ਨਾਲ ਸਿੱਖ ਧਰਮ ਦੀ ਸਥਾਪਤੀ ਤੇ ਵਿਕਾਸ ਵਿਚ ਅਹਿਮ ਆਰੰਭਿਕ ਭੂਮਿਕਾ ਨਿਭਾਈ। ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਸੰਭਾਲ, ਗੁਰਮੁਖੀ ਲਿਪੀ ਦੇ ਵਿਕਾਸ ਤੇ ਸਿਖਲਾਈ ਕਾਰਜ ਕੀਤਾ:

ਅਖਰ ਰਚ ਕੇ ਗੁਰਮੁਖੀ ਫਿਰ ਸਿਖਨ ਪੜਾਏ
ਗੁਰ ਕੀ ਬਾਣੀ ਅਰ ਕਥਾ ਇਨਮੈ ਲਿਖਵਾਏ

- (ਭਾਈ ਗਯਾਨ ਸਿੰਘ ਜੀ ਗਯਾਨੀ, ਪੰਥ ਪ੍ਰਕਾਸ਼, ਭਾਸ਼ਾ ਵਿਭਾਗ ਪੰਜਾਬ, 1970, ਪੰਨਾ 80)

ਗੁਰੂ ਘਰ ਦੀ ਸ਼ਬਦ ਕੀਰਤਨ ਪਰੰਪਰਾ ਦੇ ਵਿਕਾਸ ਵਿਚ ਵੀ ਆਪ ਜੀ ਦਾ ਮਹੱਤਵਪੂਰਨ ਯੋਗਦਾਨ ਰਿਹਾ। ਗੁਰੂ ਅੰਗਦ ਦੇਵ ਜੀ ਦੀਆਂ ਬਖਸ਼ਿਸ਼ਾਂ ਅਤੇ ਮਹਾਨ ਕਾਰਜਾਂ ਦੇ ਬਖਾਨ ਵਿਚ ਅਜੇ ਤੱਕ ਗੁਰਮਤਿ ਸੰਗੀਤ ਪ੍ਰਤੀ ਉਨ੍ਹਾਂ ਦਾ ਯੋਗਦਾਨ ਵਧੇਰੇ ਵਿਚਾਰ ਚਰਚਾ ਦਾ ਵਿਸ਼ਾ ਨਹੀਂ ਬਣ ਸਕਿਆ। ਇਸੇ ਉਦੇਸ਼ ਹਿਤ ਅਸੀਂ ਗੁਰੂ ਅੰਗਦ ਦੇਵ ਜੀ ਦੁਆਰਾ ਗੁਰੂ ਘਰ ਦੀ ਕੀਰਤਨ ਪਰੰਪਰਾ ਦੇ ਵਿਕਾਸ ਵਿਚ ਪਾਏ ਵਿਸ਼ੇਸ਼ ਯੋਗਦਾਨ ਸਬੰਧੀ ਇਹ ਆਰੰਭਿਕ ਵਿਚਾਰ ਛੇੜੀ ਹੈ।

ਬਾਣੀ ਦੀ ਰਚਨਾ: ਗੁਰਮਤਿ ਸੰਗੀਤ ਦੀ ਰਾਗਾਤਮਕ ਸ਼ਬਦ ਕੀਰਤਨ ਪਰੰਪਰਾ ਦੇ ਸੰਦਰਭ ਵਿਚ ਵਾਚੀਏ ਤਾਂ ਗੁਰੂ ਅੰਗਦ ਦੇਵ ਜੀ ਨੇ ਮਹਲਾ 1, 2 ਅਤੇ ਮਹਲਾ 3 ਦੁਆਰਾ 9 ਰਾਗਾਂ ਅਧੀਨ ਰਚਿਤ ਵਾਰਾਂ ਅਧੀਨ ਬਾਣੀ ਉਚਾਰੀ। ਆਪ ਨੇ ਰਾਗ ਸਿਰੀ ਅਧੀਨ 2 ਸਲੋਕ (ਗੁਰੂ ਗ੍ਰੰਥ ਸਾਹਿਬ, ਪੰਨਾ 83, 89); ਰਾਗ ਮਾਝ ਅਧੀਨ 12 ਸਲੋਕ, (ਗੁਰੂ ਗ੍ਰੰਥ ਸਾਹਿਬ, ਪੰਨਾ 138-150); ਰਾਗ ਆਸਾ ਅਧੀਨ 15 ਸਲੋਕ (ਗੁਰੂ ਗ੍ਰੰਥ ਸਾਹਿਬ, ਪੰਨਾ 463-475); ਰਾਗ ਸੋਰਠ ਅਧੀਨ ਇਕ ਸਲੋਕ (ਗੁਰੂ ਗ੍ਰੰਥ ਸਾਹਿਬ, ਪੰਨਾ 653); ਰਾਗ ਸੂਹੀ ਅਧੀਨ 11 ਸਲੋਕ, (ਗੁਰੂ ਗ੍ਰੰਥ ਸਾਹਿਬ, ਪੰਨਾ 787-792); ਰਾਗ ਰਾਮਕਲੀ ਅਧੀਨ 7 ਸਲੋਕ (ਗੁਰੂ ਗ੍ਰੰਥ ਸਾਹਿਬ, ਪੰਨਾ 954-955); ਰਾਗ ਮਾਰੂ ਅਧੀਨ 1 ਸਲੋਕ (ਗੁਰੂ ਗ੍ਰੰਥ ਸਾਹਿਬ, ਪੰਨਾ 1093); ਰਾਗ ਸਾਰੰਗ ਅਧੀਨ 9 ਸਲੋਕ (ਗੁਰੂ ਗ੍ਰੰਥ ਸਾਹਿਬ, ਪੰਨਾ 1237-1245); ਰਾਗ ਮਲਾਰ ਅਧੀਨ 5 ਸਲੋਕ (ਗੁਰੂ ਗ੍ਰੰਥ ਸਾਹਿਬ, ਪੰਨਾ 1279-1290) ਦੀ ਰਚਨਾ ਕੀਤੀ।

ਸ਼ਬਦ ਕੀਰਤਨ ਤੇ ਕੀਰਤਨ ਚੌਂਕੀਆਂ ਦਾ ਵਿਕਾਸ: ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਸਮੇਂ ਜਲੰਦੇ ਜਗਤ ਨੂੰ ਤਾਰਨ ਅਤੇ ਲੋਕਾਈ ਨੂੰ ਸੋਧਣ ਹਿੱਤ ਭਾਈ ਮਰਦਾਨਾ ਦੇ ਰਬਾਬ ਦੀ ਮਧੁਰ ਝਨਕਾਰ ਵਿਚ ਸ਼ਬਦ ਦਾ ਇਲਾਹੀ ਕੀਰਤਨ ਕੀਤਾ। ਇਸ ਸ਼ਬਦ ਕੀਰਤਨ ਤੋਂ ਸਿੱਖ ਧਰਮ ਦੀ ਵਰਤਮਾਨ ਸੁਤੰਤਰ ਦੇ ਮੌਲਿਕ ਸੰਗੀਤ ਪਰੰਪਰਾ 'ਗੁਰਮਤਿ ਸੰਗੀਤ' ਦਾ ਉਦੈ ਹੋਇਆ। ਉਪਰੰਤ ਇਸ ਕੀਰਤਨ ਦੀ ਧਰਮਸਾਲ ਵਿਚ ਮਰਿਆਦਤ ਰੂਪ ਵਿਚ ਸਥਾਪਤੀ ਲਈ ਕਰਤਾਰਪੁਰ ਸਾਹਿਬ ਵਿਖੇ ਸ਼ਬਦ ਕੀਰਤਨ ਦੀ ਰੀਤ ਚਲਾਈ ਗਈ।

ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਸਾਹਿਬ ਦੁਆਰਾ ਆਰੰਭ ਕੀਤੀ ਗੁਰੂ ਘਰ ਦੀ ਕੀਰਤਨ ਪਰੰਪਰਾ ਦੇ ਨਿਰੰਤਰ ਵਿਵਹਾਰਕ ਪ੍ਰਚਲਨ ਦੁਆਰਾ, ਬਾਣੀ ਦਾ ਪ੍ਰਵਾਹ ਚਲਾਇਆ। ਇਸ ਦੁਆਰਾ ਸ਼ਬਦ ਕੀਰਤਨ ਪਰੰਪਰਾ ਦੇ ''ਸ਼ੈਲੀਗਤ-ਰੂਪ'' ਦਾ ਨਿਰੰਤਰ ਵਿਕਾਸ ਹੋਇਆ। ਗੁਰਮਤਿ ਸੰਗੀਤ ਵਿਚ ਰਾਗਾਂ ਦੇ ਸਮੇਂ ਅਨੁਸਾਰ ਨਾਮਾਂਕਣ ਕੀਤੀਆਂ ਕੀਰਤਨ ਚੌਂਕੀਆਂ ਦੀ ਵਿਸ਼ੇਸ਼ ਪਰੰਪਰਾ ਹੈ ਜਿਵੇਂ ਕਿ ਆਸਾ ਦੀ ਵਾਰ ਦੀ ਚੌਂਕੀ, ਬਿਲਾਵਲ ਦੀ ਚੌਂਕੀ, ਸਾਰੰਗ ਦੀ ਚੌਂਕੀ, ਕਲਿਆਣ ਦੀ ਚੌਂਕੀ, ਕਾਨੜੇ ਦੀ ਚੌਂਕੀ ਆਦਿ। ਕੀਰਤਨ ਚੌਂਕੀਆਂ ਦੀ ਇਹ ਪਰੰਪਰਾ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਅਤੇ ਹੋਰ ਇਤਿਹਾਸਕ ਗੁਰਦੁਆਰਿਆਂ ਵਿਚ ਨਿਰੰਤਰ ਰੂਪ ਵਿਚ ਪ੍ਰਚਲਿਤ ਹੈ।

ਕੀਰਤਨ ਚੌਂਕੀਆਂ ਦੀ ਇਸ ਪਰੰਪਰਾ ਦਾ ਵੱਖ ਵੱਖ ਗੁਰੂ ਸਾਹਿਬਾਨ ਦੁਆਰਾ ਨਿਰੰਤਰ ਵਿਕਾਸ ਹੋਇਆ। ਇਨ੍ਹਾਂ ਕੀਰਤਨ ਚੌਂਕੀਆਂ ਦੀ ਇਸ ਪਰੰਪਰਾ ਦਾ ਵਿਸ਼ਿਸ਼ਟ ਸੰਗੀਤ ਵਿਧਾਨ ਤੇ ਮੌਲਿਕ ਸੰਗੀਤਕ ਸਰੂਪ ਹੈ। ਇਨ੍ਹਾਂ ਕੀਰਤਨ ਚੌਂਕੀਆਂ ਦੀ ਪੇਸ਼ਕਾਰੀ, ਇਤਿਹਾਸਕ ਵਿਕਾਸ ਅਤੇ ਕੀਰਤਨ-ਸਮੱਗਰੀ ਦਾ ਇਕ ਵਿਸ਼ਾਲ ਖਜ਼ਾਨਾ 'ਗੁਰਮਤਿ ਸੰਗੀਤ' ਦੀ ਕੀਰਤਨ-ਵਿਰਾਸਤ ਦਾ ਅਹਿਮ ਹਿੱਸਾ ਹੈ। ਕੀਰਤਨ ਚੌਂਕੀਆਂ ਦੀ ਇਸ ਪਰੰਪਰਾ ਦੇ ਪ੍ਰਚਲਨ ਤੇ ਸੰਸਥਾਗਤ ਰੂਪ ਵਿਚ ਸਥਾਪਤੀ ਹਿੱਤ ਗੁਰੂ ਅੰਗਦ ਦੇਵ ਜੀ ਦਾ ਵਿਸ਼ੇਸ਼ ਆਰੰਭਕ ਯੋਗਦਾਨ ਰਿਹਾ ਹੈ।

ਭਾਈ ਕਾਨ੍ਹ ਸਿੰਘ ਨਾਭਾ ਦੇ ਕਥਨ ਅਨੁਸਾਰ ''ਅੰਮ੍ਰਿਤ ਵੇਲੇ ਆਸਾ ਦੀ ਵਾਰ ਗਾਉਣ ਦੀ ਰੀਤ ਵੀ ਭਾਈ ਲਹਿਣਾ ਜੀ (ਗੁਰੂ ਅੰਗਦ ਦੇਵ) ਨੇ ਗੁਰੂ ਨਾਨਕ ਸ੍ਵਾਮੀ ਦੀ ਆਗਿਆ ਅਨੁਸਾਰ ਕਰਤਾਰਪੁਰ ਵਿਖੇ ਸਥਾਪਨਾ ਕੀਤੀ। (ਗੁਰਮਤਿ ਮਾਰਤੰਡ, ਭਾਗ ਪਹਿਲਾ, ਪੰਨਾ 300)

'ਪੰਥ ਪ੍ਰਕਾਸ਼' ਦੇ ਇਕ ਹਵਾਲੇ ਅਨੁਸਾਰ:

ਸ੍ਰੀ ਅੰਗਦ ਗੁਰੁ ਆਦਿ ਕੀ ਸਭ ਰੀਤਿ ਸੰਭਾਰੀ।
ਢਰੀ ਨਿਸਾ ਤੇ ਜਾਗ ਕੇ ਲਾ ਬੈਠੇ ਤਾਰੀ।
ਅੰਮ੍ਰਿਤ ਵੇਲੇ ਆਇਕੇ ਫਿਰ ਸਭਾ ਮਝਾਰੇ।
ਆਸਾਵਾਰ ਪ੍ਰੇਮ ਸੇ ਸੁਨਹੀ ਮੁਧ ਧਾਰੇ।

(ਭਾਈ ਗਯਾਨ ਸਿੰਘ ਜੀ ਗਯਾਨੀ, ਪੰਥ ਪ੍ਰਕਾਸ਼, ਭਾਸ਼ਾ ਵਿਭਾਗ ਪੰਜਾਬ 1970, ਪੰਨਾ 80)

ਗੁਰਮਤਿ ਸੰਗੀਤ ਦੀ ਕਰਤਾਰਪੁਰੀ ਪਰੰਪਰਾ ਵਿਚ ਪਿਛਲੀ ਰਾਤ ਆਸਾ ਦੀ ਵਾਰ ਦਾ ਗਾਇਨ ਤੀਸਰੇ ਪਹਿਰ ਦਾ ਕੀਰਤਨ ਅਤੇ ਉਸ ਤੋਂ ਬਾਅਦ ਸੋਦਰ ਆਰਤੀ ਦੀ ਕੀਰਤਨ ਚੌਂਕੀ ਦਾ ਪ੍ਰਚਲਨ ਗੁਰੂ ਨਾਨਕ ਦੇਵ ਜੀ ਦੇ ਕਾਲ ਤੋਂ ਹੀ ਆਰੰਭ ਹੋ ਗਿਆ ਸੀ। (ਗਿਆਨ ਰਤਨਾਵਲੀ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ, (ਸੰਪਾ· ਜਸਬੀਰ ਸਿੰਘ ਸਾਬਰ), ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, 1993, ਪੰਨਾ 614-15)

ਭਾਈ ਗੁਰਦਾਸ ਜੀ ਨੇ ਆਪਣੀ ਬਾਣੀ ਵਿਚ ਇਸ ਸਬੰਧੀ ਉਲੇਖ ਇਸ ਤਰ੍ਹਾਂ ਕੀਤਾ ਹੈ:

ਸੋਦਰ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਪੁ ਉਚਾਰਾ (ਵਾਰ 1, ਪਉੜੀ 38)·

ਸਲੋਕ ਸ਼ੈਲੀ ਦੇ ਗਾਇਨ-ਵਿਕਾਸ ਵਿਚ ਯੋਗਦਾਨ: ਗੁਰਮਤਿ ਸੰਗੀਤ ਪਰੰਪਰਾ ਵਿਚ ਸਲੋਕ ਗਾਇਨ ਸ਼ੈਲੀ ਦਾ ਵਿਲੱਖਣ ਰੂਪ ਹੈ। ਸਦੀਆਂ ਦੇ ਵਿਵਹਾਰਕ ਪ੍ਰਚਲਨ ਦੁਆਰਾ ਗੁਰੂ ਘਰ ਦੀ ਕੀਰਤਨ ਪਰੰਪਰਾ ਵਿਚ 'ਸਲੋਕ' ਅਨਿਬੱਧ ਰੂਪ ਵਿਚ ਗਾਇਨ ਕੀਤੇ ਜਾਣ ਦੀ ਤਕਨੀਕ ਹੈ। ਮੰਗਲਾਚਰਣ ਤੇ ਬੰਦਨਾ, ਸਲੋਕ ਸ਼ੈਲੀ ਦਾ ਹੀ ਕੀਰਤਨੀ ਰੂਪ ਹਨ। 'ਆਸਾ ਦੀ ਵਾਰ' ਦੀ ਵਿਵਹਾਰਕ ਪਰੰਪਰਾ ਅਧੀਨ ਵੀ ਸਲੋਕ ਸਦੀਆਂ ਤੋਂ ਵਿਸ਼ੇਸ਼ ਲੈਅ ਅਤੇ ਅਨਿਬੱਧ ਰੂਪ ਵਿਚ ਗਾਏ ਜਾਂਦੇ ਹਨ। 'ਆਸਾ ਦੀ ਵਾਰ' ਦੀ ਪਰੰਪਰਾਗਤ ਪੁਰਾਤਨ ਰੀਤ ਅਨੁਸਾਰ ਸਲੋਕਾਂ ਦੇ ਗਾਇਨ ਸਮੇਂ ਲੈਅ ਬੰਨ੍ਹਣ ਲਈ, ਪਖਾਵਜੀ ਜਾਂ ਜੋੜੀ ਵਾਲਾ ਪਉੜੀ ਤਾਲ ਦਾ ਵਿਲੰਬਤ ਲੈਅ ਵਿਚ ਵਾਦਨ ਕਰਦਾ ਹੈ। ਇਸ ਤਰ੍ਹਾਂ ਗੁਰਬਾਣੀ ਦੀਆਂ ਵਾਰਾਂ ਦੀ ਕੀਰਤਨ ਪ੍ਰਸਤੁਤੀ, ਸਲੋਕਾਂ ਅਤੇ ਪਉੜੀਆਂ ਦੇ ਸੰਜੋਗ ਤੋਂ ਸ਼ੈਲੀਗਤ ਪੱਧਰ ਤੇ ਵਿਸ਼ੇਸ਼ ਰੂਪ ਵਿਚ ਪ੍ਰਚਲਿਤ ਤੇ ਸਰੂਪਿਤ ਹੋਈ ਹੈ।

ਕੀਰਤਨਕਾਰਾਂ ਦੀ ਘਰਾਣੇਦਾਰ ਪਰੰਪਰਾ ਦਾ ਆਰੰਭ: ਗੁਰੂ ਅੰਗਦ ਦੇਵ ਜੀ ਨੇ ਕਰਤਾਰਪੁਰ ਤੋਂ ਬਾਅਦ ਸਿੱਖੀ ਦੇ ਕੇਂਦਰ ਖਡੂਰ ਸਾਹਿਬ ਵਿਖੇ ਕੀਰਤਨ ਦੀ ਵਿਸ਼ੇਸ਼ ਪ੍ਰਥਾ ਚਲਾਈ ਜਿਸ ਅਧੀਨ ਪਰਬੀਨ ਸੰਗੀਤਕਾਰਾਂ ਦੀ ਰਬਾਬੀ ਸ਼੍ਰੇਣੀ ਨੂੰ ਗੁਰੂ ਘਰ ਨਾਲ ਪੀਢੇ ਤੌਰ 'ਤੇ ਜੋੜਨ ਦਾ ਪ੍ਰਾਰੰਭ ਕੀਤਾ। ਭਾਈ ਮਰਦਾਨਾ ਜੀ ਤੋਂ ਬਾਅਦ ਭਾਈ ਸਜਾਦਾ (ਭਾਈ ਸ਼ਹਿਜ਼ਾਦ) ਅਤੇ ਵਿਸ਼ੇਸ਼ ਰੂਪ ਵਿਚ ਭਾਈ ਬਲਵੰਡ ਦਾ ਨਾਂ ਵਰਣਨਯੋਗ ਹੈ। ਜਦੋਂ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਗੁਰਿਆਈ ਬਖਸ਼ੀ ਤਾਂ ਰਾਇ ਬਲਵੰਡ, ਗੁਰੂ ਅੰਗਦ ਦੇਵ ਜੀ ਨਾਲ ਹੀ ਖਡੂਰ ਸਾਹਿਬ ਆਏ।

ਬਾਅਦ ਵਿਚ ਗੁਰੂ ਅਮਰਦਾਸ ਅਤੇ ਗੁਰੂ ਅਰਜਨ ਦੇਵ ਜੀ ਦੇ ਕਾਲ ਵਿਚ ਰਾਇ ਬਲਵੰਡ ਨੇ ਰਬਾਬੀ ਭਾਈ ਸੱਤਾ ਜੀ ਨਾਲ ਮਿਲ ਕੇ ਕੀਰਤਨ ਦੀ ਸੇਵਾ ਨਿਭਾਈ। ਆਪ ਦੁਆਰਾ ਰਚਿਤ ਬਾਣੀ ਨੂੰ ਗੁਰੂ ਸਾਹਿਬ ਨੇ 'ਸ਼ਬਦ ਗੁਰੂ' ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਿਸ਼ੇਸ਼ ਸਥਾਨ ਦਿੱਤਾ ਜੋ 'ਰਾਮਕਲੀ ਕੀ ਵਾਰ ਰਾਇ ਬਲਵੰਡ ਤਥਾ ਸਤੈ ਡੂਮਿ ਆਖੀ' (ਗੁਰੂ ਗ੍ਰੰਥ ਸਾਹਿਬ, ਪੰਨਾ 966) ਦੇ ਸਿਰਲੇਖ ਹੇਠ ਦਰਜ ਹੈ। ਇਨ੍ਹਾਂ ਇਤਿਹਾਸਕ ਹਵਾਲਿਆਂ ਤੋਂ ਸਪਸ਼ਟ ਹੈ ਕਿ ਗੁਰੂ ਘਰ ਨੇ ਕੀਰਤਨੀਆਂ ਨੂੰ ਭਰਪੂਰ ਸਰਪ੍ਰਸਤੀ ਦੁਆਰਾ ਨਿਵਾਜਿਆ। ਗੁਰੂ ਅੰਗਦ ਦੇਵ ਜੀ ਨਾਲ ਕੀਰਤੀਏ ਦੇ ਰੂਪ ਵਿਚ ਰਬਾਬੀ ਭਾਈ ਬਲਵੰਡ ਦਾ ਖਡੂਰ ਸਾਹਿਬ ਵਿਖੇ ਆਉਣ ਨਾਲ ਗੁਰੂ ਘਰ ਵਿਖੇ ਕੀਰਤਨੀਆਂ ਦੀ ਇਕ ਵਿਸ਼ਾਲ ਘਰਾਣੇਦਾਰ ਪਰੰਪਰਾ ਸਰੂਪਤ ਤੇ ਪ੍ਰਫੁੱਲਤ ਹੋਈ।

ਸੰਖਿਪਤ ਰੂਪ ਵਿਚ ਉਕਤ ਵਿਚਾਰ ਤੋਂ ਸਪਸ਼ਟ ਹੈ ਕਿ ਗੁਰਮਤਿ ਸੰਗੀਤ ਦੀ ਵਿਵਹਾਰਕ ਪਰੰਪਰਾ ਦੀ ਸੰਸਥਾਗਤ ਰੂਪ ਵਿਚ ਸਥਾਪਤੀ ਦਾ ਮੁੱਢ ਬੰਨ੍ਹਣ ਵਿਚ ਗੁਰੂ ਅੰਗਦ ਦੇਵ ਜੀ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ। ਆਪ ਨੇ ਗੁਰੂ ਘਰ ਦੇ ਕੀਰਤਨ ਦੀ ਕਰਤਾਰਪੁਰੀ ਪਰੰਪਰਾ ਨੂੰ ਵਿਸਥਾਰ ਦਿੰਦਿਆਂ 'ਕੀਰਤਨ ਚੌਂਕੀ ਪਰੰਪਰਾ' ਦੇ ਮੌਲਿਕ ਸਰੂਪ ਨੂੰ ਵਿਸਥਾਰ ਪ੍ਰਦਾਨ ਕੀਤਾ। ਕੀਰਤਨਕਾਰਾਂ ਨੂੰ ਆਪ ਨੇ ਵਿਸ਼ੇਸ਼ ਸਰਪ੍ਰਸਤੀ ਦਿੱਤੀ। ਸਲੋਕ ਸ਼ੈਲੀ ਵਿਚ ਵੱਖ-ਵੱਖ ਰਾਗਾਂ ਅਧੀਨ ਬਾਣੀ ਉਚਾਰੀ। ਬਾਣੀ ਦੀਆਂ ਵਾਰਾਂ ਦੇ ਕੀਰਤਨ ਗਾਇਨ ਦੇ ਰੂਪ ਵਿਚ 'ਸਲੋਕ ਸ਼ੈਲੀ' ਦੇ ਕੀਰਤਨ-ਗਾਇਨ ਦੇ ਪ੍ਰਚਲਨ ਵਿਚ ਗੁਰੂ ਅੰਗਦ ਦੇਵ ਜੀ ਦੀ ਬਾਣੀ ਦਾ ਵਿਸ਼ੇਸ਼ ਸਥਾਨ ਹੈ ਜੋ ਸਿੱਖ ਧਰਮ ਦੀ ਮੌਲਿਕ, ਵਿਸ਼ਿਸ਼ਟ ਤੇ ਸਮਰਿਧ ਕੀਰਤਨ ਸ਼ੈਲੀ 'ਆਸਾ ਦੀ ਵਾਰ' ਵਿਚ ਸਲੋਕਾਂ ਦੇ ਗਾਇਨ ਤੋਂ ਵਿਸ਼ੇਸ਼ ਰੂਪ ਵਿਚ ਸਰੂਪਤ

icon-audio-vani2XSolid1-Trans.gif (97 bytes)  ਗੁਰਮਿਤ ਸੰਗੀਤ  >>  

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
(c)1999-2004, 5abi.com