ਵੱਖ ਹੋਏ ਜੁੜਵਾ ਸ਼ਹਿਰ ‘ਲਾਹੌਰ’ ਤੇ ‘ਅੰਮ੍ਰਿਤਸਰ’
ਜਿੱਥੇ ਲਾਹੌਰ ਅਤੇ ਅੰਮ੍ਰਿਤਸਰ ਪੰਜਾਬ ਦੇ ਦੋ ਵੱਡੇ ਸ਼ਹਿਰ ਸਨ ਉੱਥੇ ਹੀ ਇਹਨਾਂ
ਸ਼ਹਿਰਾਂ ਦੀ ਆਬਾਦੀ ਵੀ ਸਭ ਤੋਂ ਜਿਆਦਾ ਸੀ। ਵੰਡ ਵੇਲੇ ਦੋਨਾਂ ਸ਼ਹਿਰਾਂ ਤੋਂ ਹੀ
ਵੱਡੀ ਗਿਣਤੀ ਵਿੱਚ ਆਬਾਦੀ ਦਾ ਤਬਾਦਲਾ ਹੋਇਆ ਨਾਲ ਹੀ ਲਾਹੌਰ ਅਤੇ ਅੰਮ੍ਰਿਤਸਰ ਨੇ
ਪੰਜਾਬ ਦੀ ਵੰਡ ਵੇਲੇ ਦੇ ਸਭ ਤੋਂ ਵੱਡੇ ਫਸਾਦਾਂ ਦਾ ਸਾਹਮਣਾ ਕੀਤਾ। ਲਾਹੌਰ ਦੀ
ਸ਼ਹਿਰੀ ਹਿੰਦੂ ਸਿੱਖ ਅਬਾਦੀ ਆਰਥਿਕ ਪੱਖੋਂ ਬਹੁਤ ਮਜ਼ਬੂਤ ਸੀ। ਸ਼ਹਿਰ ਦੀ ਅਰਥ
ਵਿਵਸਥਾ ਤੇ ਕਾਰੋਬਾਰ ਵਿੱਚ ਹਿੰਦੂ ਸਿੱਖਾਂ ਦਾ ਦਬਦਬਾ ਸੀ। ਲਾਹੌਰ ਦੀਆਂ ਦੋ ਤਿਹਾਈ
ਦੁਕਾਨਾਂ ਅਤੇ 80% ਫ਼ੈਕਟਰੀਆਂ ਤੇ ਕਾਰਖ਼ਾਨਿਆਂ ਦਾ ਮਾਲਕ ਹਿੰਦੂ ਸਿੱਖ ਭਾਈਚਾਰਾ
ਸੀ। ਲਾਹੌਰ ਦੀਆਂ 215 ਸਵਦੇਸ਼ੀ ਫ਼ੈਕਟਰੀਆਂ ਤੇ ਕਾਰਖ਼ਾਨਿਆਂ ਵਿੱਚੋਂ 167 ਦੇ
ਮਾਲਿਕ ਲਾਹੌਰੀ ਹਿੰਦੂ ਸਿੱਖ ਸਨ। ਸ਼ਹਿਰ ਦੀ ਅੱਧੀ ਤੋਂ ਜਿਆਦਾ ਨਿੱਜੀ ਜਾਇਦਾਦ ਦੇ
ਮਾਲਕ ਵੀ ਹਿੰਦੂ ਸਿੱਖ ਸਨ। ਇਹਨਾਂ ਕਾਰਨਾਂ ਕਰਕੇ ਲਾਹੌਰੀ ਹਿੰਦੂ ਸਿੱਖਾਂ ਨੂੰ
ਯਕੀਨ ਸੀ ਕਿ ਲਾਹੌਰ ਭਾਰਤ ਨੂੰ ਮਿਲੇਗਾ ਅਤੇ ਇਸੇ ਕਰਕੇ ਮਾਰਚ ਅਪ੍ਰੈਲ ਦੇ
ਸ਼ੁਰੂਆਤੀ ਖ਼ਰਾਬ ਹਲਾਤਾਂ ਦੌਰਾਨ ਵੀ ਇਹ ਲਾਹੌਰ ਵਿੱਚ ਹੀ ਟਿਕੇ ਰਹੇ। ਪਰ ਉਸਤੋਂ
ਬਾਅਦ ਆਏ ਦਿਨ ਹਥਿਆਰਬੰਦ ਬ੍ਰਿਟਿਸ਼ ਫੌਜ ਦੀ ਮੌਜੂਦਗੀ ਵਿੱਚ ਵੀ ਹਿੰਦੂ ਮੁਸਲਮਾਨਾਂ
ਵਿੱਚ ਟਕਰਾਅ ਵੱਧਦਾ ਗਿਆ।
ਸ਼ੁੱਕਰਵਾਰ, 15 ਅਗਸਤ 1947 ਤਰੀਕ ਦੇ ਅਖ਼ਬਾਰ
‘ਦਾ ਸਿਵਲ ਐਂਡ ਮਿਲਟਰੀ ਗਜ਼ਟ’ ਵਿੱਚ ਲਾਹੌਰ ਦੇ ਵਿਗੜੇ ਹਲਾਤਾਂ ਦੀਆਂ ਖ਼ਬਰਾਂ ਇਸ
ਸਮੇਂ ਤੱਕ ਵੀ ਲਾਹੌਰ ਵਿੱਚ ਲਗ-ਪਗ ਦਸ ਹਜ਼ਾਰ ਹਿੰਦੂ ਸਿੱਖ ਰੁਕੇ ਹੋਏ ਸਨ, ਬਚ ਗਏ
ਹਿੰਦੂ ਸਿੱਖ ਵੀ ਲਾਹੌਰ ਦੇ ਪਾਕਿਸਤਾਨ ਵਿੱਚ ਚਲੇ ਜਾਣ ਤੇ ਬਾਅਦ ਭਾਰਤ ਆ ਗਏ ਸਨ।
ਜੂਨ ਵਿੱਚ ਵੱਡੀ ਗਿਣਤੀ ਵਿੱਚ ਫ਼ਸਾਦੀਆਂ ਨੇ ਸ਼ਾਹ ਆਲਮੀ ਬਜ਼ਾਰ ਤੇ ਹਮਲਾ
ਕਰਕੇ ਸਾਰੇ ਬਜ਼ਾਰ ਨੂੰ ਅੱਗ ਲਗਾ ਦਿੱਤੀ ਤੇ ਸਾਰਾ ਬਜ਼ਾਰ ਤੇ ਰਿਹਾਇਸ਼ੀ ਇਲਾਕਾ
ਸਾੜ ਦਿੱਤਾ, ਸ਼ਹਿਰ ਦਾ ਇਹ ਇਲਾਕਾ ਬਹੁਤ ਵੱਡਾ ਹਿੰਦੂ ਤਿਮਾਹੀ ਇਲਾਕਾ ਸੀ। ਸ਼ਹਿਰ
ਦੇ ਵਿਚਕਾਰ ਇਸ ਅੱਗਜ਼ਨੀ ਦੀ ਘਟਨਾ ਨੂੰ ਸਾਰੇ ਸ਼ਹਿਰੀਆਂ ਨੇ ਦੂਰ ਦੂਰ ਤੋਂ ਦੇਖਿਆ।
ਇਹਨਾਂ ਸ਼ੁਰੂਆਤੀ ਹਿੰਸਕ ਘਟਨਾਵਾਂ ਵਿੱਚ ਸ਼ਹਿਰ ਵਿੱਚ ਲਗ-ਪਗ 6000 ਘਰ ਤਬਾਹ ਹੋ
ਚੁੱਕੇ ਸਨ। ਮਸ਼ਹੂਰ ਲੇਖਕ 'ਸੋਮ ਆਨੰਦ' ਬੀਬੀਸੀ ਦੀ ਇੱਕ ਇੰਟਰਵਿਊ ਵਿੱਚ ਦੱਸਦਾ ਹੈ
ਕਿ ਉਹ ਮਾਡਲ ਟਾਊਨ ਵਿੱਚ ਰਹਿੰਦਾ ਸੀ ਜੋ ਕਿ ਸ਼ਹਿਰ ਦੇ ਦੱਖਣ ਵਿੱਚ ਸ਼ਾਹ ਆਲਮੀ
ਬਜ਼ਾਰ ਤੋਂ ਕਾਫ਼ੀ ਦੂਰ ਸੀ, ਗਰਮੀ ਹੋਣ ਕਰਕੇ ਉਹ ਰਾਤ ਨੂੰ ਬਾਹਰ ਛੱਤ ਤੇ ਪਿਆ ਸੀ
ਤਾਂ ਉਸਨੇ ਦੇਖਿਆਂ ਕਿ ਸ਼ਾਹ ਆਲਮੀ ਬਜ਼ਾਰ ਵੱਲੋਂ ਅੱਗ ਦਾ ਚਾਨਣ ਹੀ ਚਾਨਣ ਦਿਸ
ਰਿਹਾ ਸੀ। ਇਸ ਘਟਨਾ ਤੋਂ ਬਾਅਦ ਸ਼ਹਿਰ ਦੇ ਹਿੰਦੂ ਸਿੱਖਾਂ ਦੀ ਹਿਜਰਤ ਸ਼ੁਰੂ ਹੋ
ਗਈ। ਉਹਨਾਂ ਨੇ ਇਸ ਆਸ ਵਿੱਚ ਲਾਹੌਰ ਛੱਡਣਾ ਸ਼ੁਰੂ ਕਰ ਦਿੱਤਾ ਕਿ ਇੱਕ ਦਿਨ ਉਹ
ਵਾਪਸ ਲਾਹੌਰ ਆਉਣਗੇ। ਅਗਸਤ ਦੇ ਅੱਧ ਤੱਕ ਤਿੰਨ ਲੱਖ ਵਿੱਚੋਂ ਸਿਰਫ਼ ਦਸ ਹਜ਼ਾਰ
ਹਿੰਦੂ ਸਿੱਖ ਹੀ ਸ਼ਹਿਰ ਵਿੱਚ ਰਹਿ ਗਏ ਸਨ ਤੇ ਅਗਸਤ ਦੇ ਅਖੀਰ ਤੱਕ ਇਹ ਗਿਣਤੀ 1000
ਹੀ ਰਹਿ ਗਈ (ਕਈ ਅੰਕੜਿਆਂ ਵਿੱਚ ਸ਼ਹਿਰ ਦੀ ਹਿੰਦੂ ਸਿੱਖ ਅਬਾਦੀ 3,50,000 ਵੀ
ਲਿਖੀ ਮਿਲਦੀ ਹੈ ਜੋ ਕਿ ਉਸ ਸਮੇਂ ਕੁੱਲ ਅਬਾਦੀ ਦੀ ਅੱਧੀ ਅਤੇ ਮੁਸਲਮਾਨ ਅਬਾਦੀ ਦੇ
ਬਰਾਬਰ ਸੀ)। ਮਸ਼ਹੂਰ ਲੇਖਕ ਖੁਸ਼ਵੰਤ ਸਿੰਘ ਜੋ ਕਿ ਲਾਹੌਰ ਰਹਿੰਦੇ ਸਨ ਉਹ ਵੀ ਆਪਣੇ
ਇੱਕ ਕਾਲਮ ਵਿੱਚ ਜ਼ਿਕਰ ਕਰਦੇ ਨੇ ਕਿ ਉਸਨੇ ਅਗਸਤ ਦੇ ਪਹਿਲੇ ਹਫ਼ਤੇ ਦੀ ਇੱਕ ਸ਼ਾਮ
ਲਾਹੌਰ ਦੇ ਮਸ਼ਹੂਰ ਹਿੰਦੂ ਸਿੱਖ ਰਿਹਾਇਸ਼ੀ ਇਲਾਕਿਆਂ ਤੇ ਬਜ਼ਾਰਾਂ ਤੋਂ ਕਾਲੇ ਧੂੰਏ
ਦੇ ਉੱਡਦੇ ਬੱਦਲ਼ ਦੇਖੇ, ਗੋਲ਼ੀਆਂ ਚੱਲਣ ਦੀਆਂ, ਔਰਤਾਂ ਦੇ ਚੀਕ ਚਿਹਾੜੇ ਤੇ ਰੋਣ
ਧੋਣ ਦੀਆਂ ਅਵਾਜ਼ਾਂ ਵੀ ਸੁਣੀਆਂ।
ਦੂਜੇ ਪਾਸੇ ਲਾਹੌਰ ਦੇ ਹਿੰਦੂ ਸਿੱਖਾਂ
ਵਾਂਗ ਅੰਮ੍ਰਿਤਸਰ ਦੇ ਮੁਸਲਮਾਨਾਂ ਨੂੰ ਵੀ ਇਹ ਯਕੀਨ ਸੀ ਕਿ ਅੰਮ੍ਰਿਤਸਰ ਪਾਕਿਸਤਾਨ
ਦਾ ਹਿੱਸਾ ਬਣੇਗਾ। ਅੰਮ੍ਰਿਤਸਰ ਦੇ ਸਾਰੇ ਗੇਟਾਂ ਦੇ ਆਲੇ ਦੁਆਲੇ, ਮੁਹੱਲਾ
ਸ਼ਰੀਫਪੁਰਾ ਤੇ ਰੇਲਵੇ ਲਾਈਨ ਦੇ ਨਾਲ ਨਾਲ ਮੁਸਲਮਾਨ ਅਬਾਦੀ ਵੱਡੀ ਗਿਣਤੀ ਵਿੱਚ ਸੀ।
ਸੰਨ 1830 ਵਿੱਚ ਕਸ਼ਮੀਰ ਵਿੱਚ ਪਏ ਭਿਆਨਕ ਕਾਲ ਕਾਰਨ ਕਈ ਕਸ਼ਮੀਰੀ ਮੁਸਲਮਾਨ ਜੋ ਕਿ
ਸ਼ਾਲ ਬਣਾਉਣ ਦੇ ਵਧੀਆ ਕਾਰੀਗਰ ਸਨ ਰੋਜ਼ੀ-ਰੋਟੀ ਦੀ ਭਾਲ ਵਿੱਚ ਅੰਮ੍ਰਿਤਸਰ ਆ ਕੇ
ਪੱਕੇ ਹੀ ਇੱਥੇ ਵੱਸ ਗਏ ਸਨ। ਇਹ ਜਿਆਦਾਤਰ ਸ਼ਹਿਰ ਦੀ ਬਾਹਰਲੀ ਕੰਧ ਦੇ ਨਾਲ ਕਟੜਾ
ਖ਼ਜ਼ਾਨਾ, ਕਟੜਾ ਹਕੀਮਾਂ, ਕਟੜਾ ਕਰਮ ਸਿੰਘ ਤੇ ਕਟੜਾ ਗਰਭਾ ਸਿੰਘ ਵਿੱਚ ਵੱਸ ਗਏ।
ਕੁਝ ਕੁ ਕੂਚਾ ਕਾਜ਼ੀਆਂ, ਕੂਚਾ ਰਬਾਬੀਆਂ, ਕੂਚਾ ਰਾਗੀਆਂ ਤੇ ਕੁਝ ਸ਼ੇਖਾਂ ਬਜਾਰ
ਵਿੱਚ ਵੱਸੇ ਤੇ ਵੰਡ ਤੱਕ ਇੱਥੇ ਹੀ ਰਹੇ। ਇਸ ਸਮੇਂ ਦੌਰਾਨ ਇਹ ਪੰਜਾਬੀ ਰੰਗ ਵਿੱਚ
ਰੰਗੇ ਜਾ ਚੁੱਕੇ ਸਨ। 1947 ਤੱਕ ਸ਼ਹਿਰ ਵਿੱਚ ਇਹਨਾਂ ਦੀਆਂ ਸ਼ਾਲ ਬਣਾਉਣ ਦੀਆਂ
ਛੋਟੀਆਂ ਵੱਡੀਆਂ ਦੋ ਹਜ਼ਾਰ ਦੁਕਾਨਾਂ ਸਨ ਜੋ ਕਿ ਫ਼ਸਾਦਾਂ ਦੌਰਾਨ ਸਾਰੀਆਂ ਸਾੜ
ਦਿੱਤੀਆਂ ਗਈਆਂ ਸਨ। ਅੰਦਰੂਨ ਸ਼ਹਿਰ ਵਿੱਚ ਜਿਆਦਾ ਹਿੰਦੂ ਸਿੱਖ ਰਹਿੰਦੇ ਸੀ, ਪਰ
ਸਾਰੇ ਸ਼ਹਿਰ ਵਿੱਚ ਮੁਸਲਮਾਨ ਤੇ ਹਿੰਦੂ ਸਿੱਖ ਅਬਾਦੀ ਲਗ-ਪਗ ਬਰਾਬਰ ਹੀ ਸੀ।
ਅੰਮ੍ਰਿਤਸਰ ਦੇ ਮੁਸਲਮਾਨ ਕਾਰੀਗਰ ਤੇ ਵਪਾਰੀ ਵਰਗ ਦਾ ਇਸ ਸ਼ਹਿਰ ਦੀ ਅਰਥ ਵਿਵਸਥਾ
ਵਿੱਚ ਯੋਗਦਾਨ ਵੀ ਗ਼ੈਰ ਮੁਸਲਮਾਨ ਅਬਾਦੀ ਜਿੰਨਾ ਹੀ ਸੀ। ਮਾਰਚ ਤੋਂ ਅਗਸਤ-ਸਤੰਬਰ
ਤੱਕ ਸ਼ਹਿਰ ਵਿੱਚ ਹੋਈ ਕਤਲੋਗਾਰਤ ਤੇ ਸਾੜ ਫੂਕ ਕਾਰਨ ਕਟੜਾ ਜੈਮਲ ਸਿੰਘ ਤੇ ਹਾਲ
ਬਜ਼ਾਰ ਪੂਰੀ ਤਰ੍ਹਾਂ ਤਬਾਹ ਹੋ ਗਏ ਸਨ। ਚੌਂਕ ਪ੍ਰਾਗਦਾਸ ਇਲਾਕੇ ਵਿੱਚ ਫ਼ਸਾਦੀਆਂ
ਦੀ ਭੀੜ ਨੇ ਮੁਸਲਮਾਨਾਂ ਦਾ ਕਤਲੇਆਮ ਕੀਤਾ, ਉਹਨਾਂ ਦੀਆਂ ਦੁਕਾਨਾਂ ਤੇ ਘਰ ਬਾਰ ਸਾੜ
ਦਿੱਤੇ। ਇਸ ਘਟਨਾ ਤੋਂ ਬਾਅਦ ਕਈ ਮੁਸਲਮਾਨਾਂ ਨੇ ਅੰਮ੍ਰਿਤਸਰ ਛੱਡ ਦਿੱਤਾ।
ਅੰਮ੍ਰਿਤਸਰ ਦੇ ਵਿਗੜਦੇ ਹਾਲਾਤ ਦੇਖ ਕੇ ਇੱਥੇ ਵੀ ਬਖਤਰਬੰਦ ਫੌਜ ਤੈਨਾਤ ਕੀਤੀ ਗਈ।
ਅੰਮ੍ਰਿਤਸਰ ਵਿੱਚ ਹੋਏ ਫ਼ਸਾਦਾਂ ਤੇ ਸਾੜਫੂਕ ਤੋਂ ਬਾਅਦ ਤਬਾਹ
ਹੋਇਆ ਹਾਲ ਬਾਜ਼ਾਰ 14 ਅਗਸਤ 1947 ਨੂੰ ਨਵੇਂ ਅਜ਼ਾਦ ਮੁਲਕ
‘ਪਾਕਿਸਤਾਨ’ ਦਾ ਐਲਾਨ ਹੋ ਗਿਆ। ਪਰ ਹਜੇ ਦੋਨਾਂ ਦੇਸ਼ਾਂ ਦੀ ਸੀਮਾ ਦਾ ਐਲਾਨ ਨਾ
ਹੋਇਆ। ਲਾਹੌਰ ਤੇ ਅੰਮ੍ਰਿਤਸਰ ਸ਼ਹਿਰਾਂ ਵਿੱਚ ‘ਪਾਕਿਸਤਾਨ ਜ਼ਿੰਦਾਬਾਦ’ ਤੇ
‘ਹਿੰਦੁਸਤਾਨ ਜ਼ਿੰਦਾਬਾਦ’ ਦੇ ਰਲਵੇਂ ਨਾਅਰੇ ਲੱਗਦੇ ਰਹੇ, ਕਤਲੇਆਮ, ਸਾੜ-ਫੂਕ ਅਤੇ
ਹਿਜਰਤ ਜਾਰੀ ਰਹੀ। 17 ਅਗਸਤ ਨੂੰ 'ਰੈਡਕਲਿਫ ਬਾਊਂਡਰੀ' ਦਾ ਐਲਾਨ ਕਰ ਦਿੱਤਾ ਗਿਆ
ਜਿਸਦੇ ਨਾਲ ਲਾਹੌਰ ਤੇ ਅੰਮ੍ਰਿਤਸਰ ਦਾ ਫੈਸਲਾ ਵੀ ਹੋ ਗਿਆ। ਲਾਹੌਰ ਪਾਕਿਸਤਾਨ ਦਾ
ਹਿੱਸਾ ਬਣਿਆਂ ਤੇ ਅੰਮ੍ਰਿਤਸਰ ਭਾਰਤ ਨੂੰ ਮਿਲਿਆ। ਇਸ ਐਲਾਨ ਤੋਂ ਬਾਅਦ ਲਾਹੌਰ ਵਿੱਚ
ਬਾਕੀ ਰਹਿ ਗਏ ਹਿੰਦੂ ਸਿੱਖ ਵੀ ਭਾਰਤ ਆ ਗਏ ਤੇ ਅੰਮ੍ਰਿਤਸਰ ਤੋਂ ਮੁਸਲਮਾਨ
ਪਾਕਿਸਤਾਨ ਚਲੇ ਗਏ। ਲਾਹੌਰ ਨੇ ਆਪਣੇ ਅਮੀਰ ਤਹਿਜ਼ੀਬ ਯਾਫਤਾ ਸ਼ਹਿਰੀ ਹਿੰਦੂ ਸਿੱਖ
ਅਤੇ ਅੰਮ੍ਰਿਤਸਰ ਸਮੇਤ ਚੜ੍ਹਦੇ ਪੰਜਾਬ ਨੇ ਆਪਣੇ ਹੁਨਰਮੰਦ ਮੁਸਲਮਾਨ ਕਾਰੀਗਰ ਸਦਾ
ਲਈ ਗਵਾ ਲਏ।
ਪੂਰਬੀ ਪੰਜਾਬ ਨੂੰ ਪਿਆ ਘਾਟਾ 14
ਅਤੇ 15 ਅਗਸਤ 1947 ਨੂੰ ‘ਪਾਕਿਸਤਾਨ’ ਅਤੇ ‘ਭਾਰਤ’ ਦੇਸ਼ ਅਜ਼ਾਦ ਹੋ ਗਏ, ਪੰਜਾਬ
ਅਤੇ ਬੰਗਾਲ ਦੋਵਾਂ ਦੇਸ਼ਾਂ ਵਿੱਚ ਵੰਡੇ ਗਏ। ਇਸ ਦੌਰਾਨ ਵੱਡੇ ਪੱਧਰ ਤੇ ਹੋਈ
ਕਤਲੋਗਾਰਤ, ਹਿੰਸਾ ਤੇ ਸਾੜਫੂਕ ਕਾਰਨ ਇੱਕ ਕਰੋੜ ਤੋਂ ਵੀ ਵੱਧ ਵੱਸਦੇ ਲੋਕ ਉੱਜੜ
ਗਏ, ਤੇ ਵੀਹ ਲੱਖ ਲੋਕ ਹਿੰਸਾ ਤੇ ਕੈਂਪਾਂ ਵਿੱਚ ਫੈਲੀਆਂ ਬਿਮਾਰੀਆਂ ਕਾਰਨ
ਮਾਰੇ ਗਏ। ਉਜੜਨ ਵਾਲ਼ਿਆਂ ਵਿੱਚ ਸਭ ਤੋਂ ਵੱਧ ਗਿਣਤੀ ਪੰਜਾਬੀਆਂ ਦੀ ਸੀ। ਲਗ-ਪਗ 43
ਲੱਖ ਮੁਸਲਮਾਨ ਪੂਰਬੀ ਪੰਜਾਬ ਤੋਂ ਪੱਛਮੀ ਪੰਜਾਬ ਗਏ ਤੇ 39 ਲੱਖ ਹਿੰਦੂ ਸਿੱਖ
ਪੱਛਮੀ ਪੰਜਾਬ ਤੋਂ ਬੇਘਰ ਹੋ ਕੇ ਪੂਰਬੀ ਪੰਜਾਬ ਆਏ। ਦੋਵੇਂ ਪਾਸੇ ਲਗ-ਪਗ 75,000
ਤੋਂ 90,000 ਤੱਕ ਪੰਜਾਬੀ ਹਿੰਦੂ, ਸਿੱਖ ਤੇ ਮੁਸਲਮਾਨ ਕੁੜੀਆਂ ਅਤੇ ਔਰਤਾਂ ਅਗਵਾ
ਕੀਤੀਆਂ ਗਈਆਂ। ਮਾਰੇ ਗਏ ਲੋਕਾਂ ਵਿੱਚ ਅਲੱਗ ਅਲੱਗ ਅੰਕੜਿਆਂ ਮੁਤਾਬਕ ਦਸ ਲੱਖ ਤੱਕ
ਪੰਜਾਬੀ ਮੁਸਲਮਾਨ, ਹਿੰਦੂ ਤੇ ਸਿੱਖ ਸ਼ਾਮਲ ਸਨ। ਹੁਣ ਤੱਕ ਦੇ ਇਤਿਹਾਸ ਦਾ ਇਹ ਸਭ
ਤੋਂ ਵੱਡਾ ਮਨੁੱਖੀ ਉਜਾੜਾ ਤੇ ਆਬਾਦੀ ਦਾ ਤਬਾਦਲਾ ਸੀ। ਵੱਡੀ ਗਿਣਤੀ ਵਿੱਚ ਉੱਜੜੇ
ਹੋਏ ਲੋਕਾਂ ਨੂੰ ਦੁਬਾਰਾ ਵਸਾਉਣਾ ਬੜਾ ਹੀ ਮੁਸ਼ਕਿਲ ਕੰਮ ਸੀ ਤੇ ਅਜ਼ਾਦੀ ਤੋਂ ਬਾਅਦ
ਦੋਨਾਂ ਮੁਲਕਾਂ ਦੀਆਂ ਸਰਕਾਰਾਂ ਲਈ ਇਹ ਪਹਿਲੀ ਸਭ ਤੋਂ ਵੱਡੀ ਮੁਸ਼ਕਿਲ ਸੀ। ਆਖਿਰ
ਇਹਨਾਂ ਉੱਜੜੇ ਪੰਜਾਬੀਆਂ ਨੂੰ ਕੁਝ ਮਹੀਨੇ ਸ਼ਰਨਾਰਥੀ ਕੈਂਪਾਂ ਵਿੱਚ ਰੱਖਣ ਤੋਂ
ਬਾਅਦ ਦੁਬਾਰਾ ਵਸਾਉਣ ਦਾ ਕੰਮ ਸ਼ੁਰੂ ਹੋਇਆ। ਭਾਰਤ ਵਿੱਚ ਜਿੱਥੇ ਪਹਿਲਾਂ ਹੀ ਆਬਾਦੀ
ਕਾਫ਼ੀ ਜਿਆਦਾ ਹੋਣ ਕਰਕੇ ਹਰ ਤਰ੍ਹਾਂ ਦੇ ਸਾਧਨਾਂ ਉੱਪਰ ਬਹੁਤ ਦਬਾਅ ਸੀ ਉੱਥੇ ਹੀ
ਵੱਡੀ ਗਿਣਤੀ ਵਿੱਚ ਸ਼ਰਨਾਰਥੀਆਂ ਦੀ ਆਮਦ ਦੇ ਅਚਨਚੇਤ ਤੇ ਅਣਕਿਆਸੇ ਦਬਾਅ ਕਾਰਨ
ਇਹਨਾਂ ਲੋਕਾਂ ਨੂੰ ਅਨਾਜ, ਕੱਪੜੇ ਤੇ ਮਕਾਨ ਵਰਗੀਆਂ ਲੋੜਾਂ ਦੀ ਪੂਰਤੀ ਲਈ ਵੀ ਬੜੀ
ਮੁਸ਼ਕਿਲ ਹੋਈ। ਇਸ ਤਰ੍ਹਾਂ ਅਸਾਂਵੀ ਵੰਡ ਕਾਰਨ ਪੂਰਬੀ ਪੰਜਾਬ ਵਿੱਚ ਉੱਜੜ ਕੇ ਆਏ
ਪੰਜਾਬੀ ਸਾਰੇ ਦੇ ਸਾਰੇ ਪੰਜਾਬ ਵਿੱਚ ਨਾ ਵਸਾਏ ਜਾ ਸਕੇ ਅਤੇ ਭਾਰਤ ਦੇ ਹੋਰਨਾਂ
ਰਾਜਾਂ ਵਿੱਚ ਭੇਜ ਦਿੱਤੇ ਗਏ। ਜਦੋਂਕਿ ਪੱਛਮੀ ਪੰਜਾਬ ਵਿੱਚ ਪੂਰਬੀ ਪੰਜਾਬ ਦੇ ਸਾਰੇ
ਮੁਸਲਮਾਨਾਂ ਦੇ ਨਾਲ ਨਾਲ ਭਾਰਤ ਦੇ ਹੋਰਨਾਂ ਹਿੱਸਿਆਂ ਤੋਂ ਗਏ ਗ਼ੈਰ ਪੰਜਾਬੀ
ਮੁਸਲਮਾਨ ਵੀ ਬੜੀ ਅਸਾਨੀ ਨਾਲ ਮੁੜ ਵਸਾ ਲਏ ਗਏ।
ਵੰਡ ਵੇਲੇ ਸਾਂਝੇ ਪੰਜਾਬ
ਵਿੱਚੋਂ ਪੂਰਬੀ ਪੰਜਾਬ ਨੂੰ 37.4% ਇਲਾਕਾ ਤੇ 44.6% ਆਬਾਦੀ ਮਿਲੀ ਤੇ 62.6%
ਇਲਾਕਾ ਤੇ 55.4% ਅਬਾਦੀ ਪੱਛਮੀ ਪੰਜਾਬ ਦੇ ਹਿੱਸੇ ਆਈ, ਇਲਾਕੇ ਦੇ ਹਿਸਾਬ ਨਾਲ
ਪੱਛਮੀ ਪੰਜਾਬ ਵਿੱਚ ਉੱਜੜ ਕੇ ਗਈ ਆਬਾਦੀ ਨੂੰ ਅਸਾਨੀ ਨਾਲ ਵਸਾਉਣਾ ਕੋਈ ਔਖਾ ਕੰਮ
ਨਹੀਂ ਸੀ। ਦੂਜਾ ਕਾਰਨ ਪੱਛਮੀ ਪੰਜਾਬ ਤੋਂ ਆਉਣ ਵਾਲੇ ਹਿੰਦੂ ਤੇ ਸਿੱਖ ਪਿੱਛੇ
ਬੜੀਆਂ ਵੱਡੀਆਂ ਜਾਇਦਾਦਾਂ ਅਤੇ ਕਾਰੋਬਾਰ ਛੱਡ ਕੇ ਭਾਰਤ ਆਏ ਸਨ। ਇਸ ਤਰ੍ਹਾਂ ਪੱਛਮੀ
ਪੰਜਾਬ ਵਿੱਚ ਉੱਜੜ ਕੇ ਗਏ ਮੁਸਲਮਾਨਾਂ ਨੂੰ ਬੜੇ ਸੌਖੇ ਤਰੀਕੇ ਨਾਲ ਮੁੜ ਵਸਾ ਲਿਆ
ਗਿਆ। ਪੱਛਮੀ ਪੰਜਾਬ ਤੋਂ ਤਕਰੀਬਨ 29,50,000 ਪੇਂਡੂ ਤੇ 10,00,000 ਸ਼ਹਿਰੀ
ਹਿੰਦੂ ਸਿੱਖ ਅਬਾਦੀ ਹਿਜਰਤ ਕਰਕੇ ਭਾਰਤ ਆਈ ਤੇ ਇਧਰੋਂ 34,50,000 ਪੇਂਡੂ ਅਤੇ
9,00,000 ਸ਼ਹਿਰੀ ਮੁਸਲਮਾਨ ਆਬਾਦੀ ਪਾਕਿਸਤਾਨ ਗਈ। ਸ਼ੁਰੂਆਤ ਵਿੱਚ ਭਾਰਤ ਪਹੁੰਚਣ
ਵਾਲੇ ਉੱਜੜੇ ਪੰਜਾਬੀਆਂ ਨੂੰ ਵੱਖ ਵੱਖ ਸ਼ਹਿਰਾਂ ਕਸਬਿਆਂ ਦੇ ਸ਼ਰਨਾਰਥੀ ਕੈਂਪਾਂ
ਵਿੱਚ ਠਹਿਰਾਇਆ ਗਿਆ ਜੋ ਕਿ ਖੁਲ੍ਹੀਆਂ ਥਾਂਵਾਂ, ਕਾਲਜਾਂ, ਸਕੂਲਾਂ, ਪੁਰਾਣੀਆਂ
ਇਮਾਰਤਾਂ ਤੇ ਹੋਰ ਸਰਕਾਰੀ, ਗ਼ੈਰ ਸਰਕਾਰੀ ਇਮਾਰਤਾਂ ਵਿੱਚ ਲਗਾਏ ਗਏ ਸਨ।
ਆਬਾਦੀ ਤੇ ਖ਼ੇਤਰਫਲ ਪੱਖੋਂ ਹੋਈ ਇਸ ਅਣ ਢੁੱਕਵੀਂ ਵੰਡ ਕਰਕੇ ਪੂਰਬੀ ਪੰਜਾਬ, ਪੱਛਮੀ
ਪੰਜਾਬ ਦੇ 256 ਪ੍ਰਤੀ ਵਰਗ ਮੀਲ ਘਣਤਾ ਦੇ ਮੁਕਾਬਲੇ 338 ਪ੍ਰਤੀ ਵਰਗ ਮੀਲ ਦੀ ਘਣਤਾ
ਵਾਲਾ ਇਲਾਕਾ ਬਣ ਗਿਆ। ਸਾਂਝੇ ਪੰਜਾਬ ਦੀ 69% ਆਮਦਨ ਤੇ ਪੱਛਮੀ ਪੰਜਾਬ ਅਤੇ 31%
ਆਮਦਨ ਤੇ ਪੂਰਬੀ ਪੰਜਾਬ ਨੂੰ ਕੰਟਰੋਲ ਮਿਲਿਆ। ਸਾਂਝੇ ਪੰਜਾਬ ਦੀ ਨਹਿਰੀ ਸਿੰਜਾਈ
ਅਧੀਨ 14 ਮਿਲੀਅਨ ਏਕੜ ਜ਼ਮੀਨ ਵਿੱਚੋਂ ਸਿਰਫ 3 ਮਿਲੀਅਨ ਏਕੜ ਰਕਬਾ ਹੀ ਪੂਰਬੀ
ਪੰਜਾਬ ਨੂੰ ਮਿਲਿਆ ਜੋ ਕਿ ਸਿਰਫ 21% ਹਿੱਸਾ ਹੀ ਬਣਦਾ ਸੀ। ਗਰੇਡਿਡ ਕੱਟਾਂ ਵਾਲੀ
ਸਕੀਮ ਅਧੀਨ ਗਵਾਏ ਗਏ ਰਕਬੇ ਤੇ ਕਟੌਤੀ ਕਾਰਨ ਵੱਡੇ ਜ਼ਿਮੀਂਦਾਰ ਵਰਗ ਨੂੰ ਛੱਡੀ ਗਈ
ਜ਼ਮੀਨ ਬਦਲੇ ਬਹੁਤ ਥੋੜ੍ਹੀ ਅਤੇ ਘੱਟ ਜ਼ਮੀਨ ਵਾਲੇ ਨੂੰ ਛੱਡੀ ਗਈ ਜ਼ਮੀਨ ਬਦਲੇ
ਥੋੜ੍ਹੇ ਫਰਕ ਨਾਲ ਪਰ ਛੱਡੀ ਜ਼ਮੀਨ ਤੋਂ ਵੀ ਘੱਟ ਹੀ ਮਿਲੀ।
ਉਦਾਹਰਣ ਦੇ
ਤੌਰ ਤੇ 10 ਏਕੜ ਛੱਡੇ ਰਕਬੇ ਬਦਲੇ 7.5 ਏਕੜ ਤੇ 500 ਏਕੜ ਬਦਲੇ ਸਿਰਫ 126 ਏਕੜ
ਮਿਲੇ। ਇਹ ਜ਼ਮੀਨ ਜੋ ਮਿਲੀ ਪੱਛਮੀ ਪੰਜਾਬ ਦੀਆਂ ਜ਼ਮੀਨਾਂ ਦੇ ਮੁਕਾਬਲੇ ਘੱਟ ਉਪਜਾਊ
ਅਤੇ ਸਿੰਜਾਈ ਦੇ ਸੀਮਿਤ ਸਾਧਨ ਹੋਣ ਕਰਕੇ ਬਾਅਦ ਵਿੱਚ ਕਈ ਸਾਲਾਂ ਦੀ ਮਿਹਨਤ ਨਾਲ
ਵਾਹੀਯੋਗ ਬਣੀ। ਕਿਉਂਕਿ ਪੰਜਾਬ ਦਾ ਜਿਆਦਾ ਨਹਿਰੀ ਸਿੰਜਾਈ ਖੇਤਰ ਪੱਛਮੀ ਪੰਜਾਬ ਵੱਲ
ਚਲਾ ਗਿਆ ਸੀ। ਪੂਰਬੀ ਪੰਜਾਬ ਦੇ ਜਿੰਨ੍ਹਾਂ ਇਲਾਕਿਆਂ ਵਿੱਚ ਜ਼ਮੀਨਾਂ ਅਲਾਟ ਕੀਤੀਆਂ
ਗਈਆਂ ਉਹ ਇਲਾਕੇ ਬਹੁਤੇ ਹਜੇ ਬੇ ਆਬਾਦ ਤੇ ਬਰਾਨੀ ਇਲਾਕੇ ਸਨ। ਇਹਨਾਂ ਇਲਾਕਿਆਂ
ਵਿੱਚ ਸਿੰਜਾਈ ਦੇ ਸਾਧਨ ਬਹੁਤ ਘੱਟ ਸਨ।
ਪੱਛਮੀ ਪੰਜਾਬ ਦੇ ਸ਼ਹਿਰਾਂ
ਵਿਚਲੀ ਆਬਾਦੀ ਤੇ ਦੇ ਰਹਿਣ ਸਹਿਣ ਦਾ ਮਿਆਰ ਪੂਰਬੀ ਪੰਜਾਬ ਦੇ ਲੋਕਾਂ ਨਾਲ਼ੋਂ
ਆਰਥਿਕ ਤੇ ਹੋਰ ਸਾਰੇ ਪੱਖਾਂ ਤੋਂ ਵੀ ਉੱਚਾ ਤੇ ਸੁਧਰਿਆ ਹੋਇਆ ਸੀ। ਪੱਛਮੀ ਪੰਜਾਬ
ਦੀ ਹਿੰਦੂ ਸਿੱਖ ਪੇਂਡੂ ਆਬਾਦੀ ਵਿੱਚ ਵੀ ਕਾਫੀ ਵਿਕਸਿਤ ਸ਼ਹਿਰੀ ਲੱਛਣ ਮੌਜੂਦ ਸੀ।
ਪੱਛਮੀ ਪੰਜਾਬ ਵਿੱਚ ਭਾਂਵੇ ਹਿੰਦੂ ਸਿੱਖ ਘੱਟ ਗਿਣਤੀ ਵਿੱਚ ਸਨ ਪਰ ਉਧਰ 80%
ਉਦਯੋਗਿਕ ਤੇ ਵਪਾਰਕ ਇਕਾਈਆਂ ਵਿੱਚ ਇਹਨਾਂ ਦੀ ਮਲਕੀਅਤ ਸੀ।
ਪੱਛਮੀ ਪੰਜਾਬ
ਵਿੱਚ ਸ਼ਹਿਰੀ ਹਿੰਦੂ ਸਿੱਖ 1,55,000 ਵਧੀਆ ਹਾਲਤ ਵਾਲੇ, ਸਹੂਲਤਾਂ ਨਾਲ ਲੈਸ,
ਆਲੀਸ਼ਾਨ ਤੇ ਪੱਕੇ ਮਕਾਨ ਅਤੇ 51,000 ਦੁਕਾਨਾਂ ਅਤੇ ਵੱਡੇ ਪੱਧਰ ਦੇ ਉਦਯੋਗਿਕ ਤੇ
ਵਪਾਰਕ ਕਾਰੋਬਾਰੀ ਅਦਾਰੇ ਛੱਡ ਕੇ ਆਏ ਸਨ। ਜਦੋਂ ਕਿ ਪੂਰਬੀ ਪੰਜਾਬ ਵਿੱਚ ਸ਼ਹਿਰੀ
ਮੁਸਲਮਾਨ 1,12,000 ਮਕਾਨ ਉਹ ਵੀ ਮਾੜੀ ਹਾਲਤ ਵਿੱਚ ਅਤੇ 17,000 ਦੁਕਾਨਾਂ ਤੇ
ਛੋਟੇ ਪੱਧਰ ਦੇ ਕਾਰੋਬਾਰ ਛੱਡ ਕੇ ਗਏ ਸਨ।
ਪੱਛਮੀ ਪੰਜਾਬ ਦੇ ਵੱਡੇ ਸਟਾਕ
ਬੈਂਕਾਂ ਵਿੱਚ 90% ਧਨ ਹਿੰਦੂ ਸਿੱਖਾਂ ਦੇ ਖਾਤਿਆਂ ਵਿੱਚ ਜਮ੍ਹਾਂ ਸੀ। 90% ਤੋਂ
ਵੱਧ ਬੀਮੇ ਹਿੰਦੂ ਸਿੱਖਾਂ ਦੇ ਸਨ। ਕੀਮਤ ਪੱਖੋਂ ਪੱਛਮੀ ਪੰਜਾਬ ਦੇ ਜ਼ਿਲ੍ਹਿਆਂ
ਵਿੱਚ 75% ਨਿੱਜੀ ਤੇ ਹੋਰ ਜਾਇਦਾਦ ਹਿੰਦੂ ਸਿੱਖਾਂ ਨਾਲ ਸੰਬੰਧਿਤ ਸੀ। ਹਿੰਦੂ ਵਰਗ
ਦੇ ਜਿੱਥੇ ਵੱਡੇ ਕਾਰੋਬਾਰ ਤੇ ਵਪਾਰ ਸੀ ਉੱਥੇ ਹੀ ਸਿੱਖਾਂ ਕੋਲ ਪੱਛਮੀ ਪੰਜਾਬ ਵਿੱਚ
ਵੱਡੀਆਂ ਜਾਗੀਰਾਂ ਸਨ ਤੇ ਮਾਲੀਆ ਭਰਨ ਵਿੱਚ ਸਿੱਖ ਕਿਸਾਨਾਂ ਤੇ ਵੱਡੇ ਜ਼ਮੀਨਦਾਰਾਂ
ਦਾ 40% ਹਿੱਸਾ ਸੀ।
ਸਾਂਝੇ ਪੰਜਾਬ ਦੇ ਚਾਰ ਕਾਲਜ ਤੇ ਲਗਪਗ 400 ਸਕੂਲਾਂ
ਦਾ ਪ੍ਰਬੰਧ ਸਿੱਖਾਂ ਕੋਲ ਸੀ। ਸੰਨ 1966 ਵਿੱਚ ਜਦੋਂ ਪੂਰਬੀ ਪੰਜਾਬ ਇੱਕ ਵਾਰ ਫਿਰ
ਵੰਡਿਆ ਗਿਆ ਤਾਂ ਇਸ ਕੋਲ ਅਣਵੰਡੇ ਪੰਜਾਬ ਦੇ ਲਗ-ਪਗ 3,56,217 ਵਰਗ ਕਿ.ਮੀ. ਇਲਾਕੇ
ਵਿੱਚੋਂ ਸਿਰਫ 50,362 ਵਰਗ ਕਿ.ਮੀ. ਇਲਾਕਾ ਹੀ ਰਹਿ ਗਿਆ। ਜੋ ਕਿ ਅਣਵੰਡੇ ਪੰਜਾਬ
ਦਾ 14.1% ਹਿੱਸਾ ਹੀ ਬਣਦਾ ਸੀ ਤੇ 85.9% ਹਿੱਸਾ ਇਸ ਕੋਲੋਂ ਖੁੱਸ ਗਿਆ। ਕਈ
ਪੰਜਾਬੀ ਬੋਲਦੇ ਇਲਾਕੇ ਇਸ ਤੋਂ ਬਾਹਰ ਚਲੇ ਗਏ। ਇਸ ਤਰ੍ਹਾਂ ਪੂਰਬੀ ਪੰਜਾਬ ਨੂੰ
ਭਵਿੱਖ ਵਿੱਚ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ।
.............(ਬਾਕੀ ਅਗਲੇ ਭਾਗ ਵਿੱਚ)
ਲਖਵਿੰਦਰ ਜੌਹਲ ‘ਧੱਲੇਕੇ’ ਈਮੇਲ-:johallakwinder@gmail.com
ਮੋਬਾਇਲ ਨੰਬਰ-:+91 9815959476
|