ਪੰਜਾਬ ਦੀ ਵੰਡ ਤੇ ਪੰਜਾਬੀਆਂ ਦਾ ਉਜਾੜਾ ਬਰਤਾਨਵੀ ਰਾਜ
ਦੇ ਅੰਤ ਵੇਲੇ ਭਾਰਤ ਨੂੰ ਅਜ਼ਾਦੀ ਮਿਲੀ ਤੇ ਇੱਕ ਨਵਾਂ ਮੁਲਕ ‘ਪਾਕਿਸਤਾਨ’ ਬਣਿਆਂ।
ਦੇਸ਼ ਵੰਡਿਆ ਗਿਆ, ਪਰ ਜੇ ਸਹੀ ਤਰ੍ਹਾਂ ਦੇਖਿਆ ਜਾਵੇ ਤਾਂ ਇਹ ਵੰਡ ਦੇਸ਼ ਦੀ ਨਹੀਂ
ਬਲਕਿ ਪੰਜਾਬ ਅਤੇ ਬੰਗਾਲ ਦੀ ਵੰਡ ਸੀ। ਇਹ ਦੋਨੋਂ ਸੂਬੇ ਹੀ ਸਨ ਜਿੰਨ੍ਹਾਂ ਨੇ
ਅਜ਼ਾਦੀ ਦੀ ਬੜੀ ਮਹਿੰਗੀ ਕੀਮਤ ਅਦਾ ਕੀਤੀ। ਇਹਨਾਂ ਦੋਨਾਂ ਸੂਬਿਆਂ ਵਿੱਚ ਵੱਡੇ
ਪੱਧਰ ਤੇ ਫ਼ਸਾਦ ਹੋਏ ਅਤੇ ਇਤਿਹਾਸ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਵਸੋਂ ਦਾ
ਤਬਾਦਲਾ ਹੋਇਆ। ਜਦੋਂਕਿ ਹੋਰ ਕਿਸੇ ਵੀ ਸੂਬੇ ਵਿੱਚ ਵੱਡੇ ਪੱਧਰ ਤੇ ਅਜਿਹਾ ਕੁਝ ਨਾ
ਹੋਇਆ, ਭਾਰਤ ਦੇ ਦਿੱਲੀ, ਯੂ.ਪੀ., ਬਿਹਾਰ, ਮੱਧ ਪ੍ਰਦੇਸ਼ ਤੇ ਹੋਰ ਦੱਖਣੀ ਰਾਜਾਂ
ਵਿੱਚ ਅੱਜ ਵੀ ਮੁਸਲਮਾਨਾਂ ਦੀ ਵੱਡੀ ਵਸੋਂ ਰਹਿ ਰਹੀ ਹੈ। ਪਾਕਿਸਤਾਨ ਦੇ 'ਸਿੰਧ'
ਪ੍ਰਾਂਤ ਵਿੱਚ ਹੁਣ ਵੀ ਤਕਰੀਬਨ ਪੱਚੀ ਲੱਖ ਹਿੰਦੂ ਰਹਿ ਰਹੇ ਨੇ।
ਪਹਿਲਾਂ
ਤਜਵੀਜ਼ ਇਹ ਸੀ ਕਿ ਮੁਸਲਿਮ ਬਹੁਗਿਣਤੀ ਵਾਲੇ ਸੂਬੇ ਪਾਕਿਸਤਾਨ ਵੱਲ ਦਿੱਤੇ ਜਾਣਗੇ
ਤੇ ਪੰਜਾਬ ਵੀ ਇਸ ਵਿੱਚ ਸ਼ਾਮਿਲ ਸੀ।
1941 ਦੀ ਮਰਦਮਸ਼ੁਮਾਰੀ ਅਨੁਸਾਰ
ਪੰਜਾਬ ਦੀ ਮੁਸਲਿਮ ਅਬਾਦੀ 53.2%, ਹਿੰਦੂ 29.1%, ਸਿੱਖ 14.9%, ਇਸਾਈ, ਪਾਰਸੀ ਤੇ
ਹੋਰ 2.8% ਸੀ। ਮੁਸਲਿਮ ਬਹੁਗਿਣਤੀ ਸੂਬਾ ਹੋਣ ਕਰਕੇ ਪੰਜਾਬ ਸਾਰਾ ਪਾਕਿਸਤਾਨ ਨੂੰ
ਮਿਲ ਰਿਹਾ ਸੀ। ਬਾਅਦ ਵਿੱਚ ਪੂਰਬ ਵਿੱਚ ਹਿੰਦੂ ਬਹੁਗਿਣਤੀ ਅਤੇ ਜਲੰਧਰ, ਲਾਹੌਰ
ਡਵੀਜ਼ਨਾਂ ਵਿਚਲੀ ਹਿੰਦੂ ਸਿੱਖ ਗਿਣਤੀ ਨੂੰ ਧਿਆਨ ਵਿੱਚ ਰੱਖ ਕੇ ਪੰਜਾਬ ਦੀ ਵੰਡ ਦਾ
ਫੈਸਲਾ ਲਿਆ ਗਿਆ। ਰਾਵਲਪਿੰਡੀ ਤੇ ਮੁਲਤਾਨ ਡਵੀਜ਼ਨਾਂ ਵਿੱਚ ਮੁਸਲਿਮ ਬਹੁਗਿਣਤੀ ਹੋਣ
ਕਰਕੇ ਇਹ ਦੋਨੇ ਡਵੀਜ਼ਨਾਂ ਪਾਕਿਸਤਾਨ ਨੂੰ ਦੇ ਦਿੱਤੀਆਂ ਗਈਆਂ। ਰਾਵਲਪਿੰਡੀ ਡਵੀਜ਼ਨ
ਦੇ ਜ਼ਿਲ੍ਹਾ ਰਾਵਲਪਿੰਡੀ ਵਿੱਚ 80% ਮੁਸਲਮਾਨ, 10.5% ਹਿੰਦੂ ਤੇ 8.2% ਸਿੱਖ;
ਜਿਹਲਮ ਵਿੱਚ 89.4% ਮੁਸਲਮਾਨ, 6.5% ਹਿੰਦੂ ਤੇ 3.9%ਸਿੱਖ; ਗੁਜਰਾਤ ਵਿੱਚ 85.6%
ਮੁਸਲਮਾਨ, 7.7% ਹਿੰਦੂ ਤੇ 6.4% ਸਿੱਖ; ਸਰਗੋਧਾ ਵਿੱਚ 83.7% ਮੁਸਲਮਾਨ, ਹਿੰਦੂ
10.1% ਤੇ 4.8%ਸਿੱਖ; ਕੈਂਬਲਪੁਰ ਵਿੱਚ 90.4%ਮੁਸਲਮਾਨ, 6.4% ਹਿੰਦੂ ਤੇ 3%
ਸਿੱਖ; ਅਤੇ ਮੀਆਂਵਾਲੀ ਵਿੱਚ 78.4% ਮੁਸਲਮਾਨ, 20.3% ਹਿੰਦੂ ਤੇ 1.2%
ਸਿੱਖ ਵਸੋਂ ਸੀ। ਮੁਲਤਾਨ ਡਵੀਜ਼ਨ ਦੇ ਜ਼ਿਲ੍ਹਾ ਮਿੰਟਗੁਮਰੀ ਵਿੱਚ 69.1% ਮੁਸਲਮਾਨ,
14.4% ਹਿੰਦੂ ਤੇ 13.2% ਸਿੱਖ; ਲਾਇਲਪੁਰ ਵਿੱਚ 66% ਮੁਸਲਮਾਨ, 7.2% ਹਿੰਦੂ ਤੇ
19.8% ਸਿੱਖ; ਝੰਗ ਵਿੱਚ 82.5% ਮੁਸਲਮਾਨ, 15.9% ਹਿੰਦੂ ਤੇ 1.5% ਸਿੱਖ; ਮੁਲਤਾਨ
ਵਿੱਚ 72.4% ਮੁਸਲਮਾਨ, 20.5% ਹਿੰਦੂ ਤੇ 5.2%ਸਿੱਖ; ਮੁਜ਼ੱਫਰਗੜ੍ਹ ਵਿੱਚ 86.4%
ਮੁਸਲਮਾਨ, 12.7% ਹਿੰਦੂ ਤੇ 0.8%ਸਿੱਖ; ਅਤੇ ਡੇਰਾ ਗ਼ਾਜ਼ੀ ਖਾਂ ਵਿੱਚ 88.9%
ਮੁਸਲਮਾਨ, 10.9% ਹਿੰਦੂ ਤੇ 0.2%ਸਿੱਖ ਅਬਾਦੀ ਸੀ।
ਵੰਡ ਤੋਂ
ਬਾਅਦ ਪੂਰਬੀ (ਲਾਲ ਰੰਗ) ਤੇ ਪੱਛਮੀ ਪੰਜਾਬ (ਹਰਾ ਰੰਗ)। (ਸ੍ਰੋਤ ਨਕਸ਼ਾ
: ਤਾਰਿਕ ਅਮੀਰ,4 ਜਨਵਰੀ 2011) ਅੰਬਾਲਾ ਡਵੀਜ਼ਨ ਦੇ ਜ਼ਿਲ੍ਹਿਆਂ ਵਿੱਚ ਹਿੰਦੂ
ਬਹੁਗਿਣਤੀ ਹੋਣ ਕਰਕੇ ਇਹ ਪੂਰਬੀ ਪੰਜਾਬ ਵਿੱਚ ਸ਼ਾਮਲ ਕਰ ਦਿੱਤੀ ਗਈ। ਇਸ ਡਵੀਜ਼ਨ
ਦੇ ਜ਼ਿਲ੍ਹਾ ਹਿਸਾਰ ਵਿੱਚ 28.3%ਮੁਸਲਮਾਨ, 64.8% ਹਿੰਦੂ ਤੇ 6% ਸਿੱਖ; ਰੋਹਤਕ
ਵਿੱਚ 17.4% ਮੁਸਲਮਾਨ, 81.6% ਹਿੰਦੂ ਤੇ 0.2% ਸਿੱਖ; ਗੁੜਗਾਓ ਵਿੱਚ 33.8%
ਮੁਸਲਮਾਨ, 66.2% ਹਿੰਦੂ ਤੇ 0.1%ਸਿੱਖ; ਕਰਨਾਲ ਵਿੱਚ 30.6% ਮੁਸਲਮਾਨ, 67%
ਹਿੰਦੂ ਤੇ 2% ਸਿੱਖ; ਅੰਬਾਲਾ ਵਿੱਚ 31.7% ਮੁਸਲਮਾਨ, 48.4% ਹਿੰਦੂ ਤੇ 18.5%
ਸਿੱਖ; ਅਤੇ ਸ਼ਿਮਲਾ ਵਿੱਚ 18.2%ਮੁਸਲਮਾਨ, 76.4% ਹਿੰਦੂ ਤੇ 2.7% ਸਿੱਖ ਅਬਾਦੀ
ਸੀ।
ਜਲੰਧਰ ਡਵੀਜ਼ਨ ਵੀ ਸਾਰੀ ਪੂਰਬੀ ਪੰਜਾਬ ਵਿੱਚ ਹੀ ਸ਼ਾਮਿਲ ਕੀਤੀ ਗਈ,
ਜਦੋਂਕਿ ਜਲੰਧਰ ਤੇ ਫ਼ਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਮੁਸਲਿਮ ਅਬਾਦੀ ਹਿੰਦੂ ਸਿੱਖ
ਅਬਾਦੀ ਮਿਲਾਕੇ ਵੀ ਤਕਰੀਬਨ ਅੱਧੀ ਗਿਣਤੀ ਵਿੱਚ ਸੀ । ਜਲੰਧਰ ਡਵੀਜ਼ਨ ਦੇ ਜ਼ਿਲ੍ਹਾ
ਕਾਂਗੜਾ ਵਿੱਚ 93.2% ਹਿੰਦੂ, 0.5% ਸਿੱਖ ਤੇ 4.8% ਮੁਸਲਮਾਨ; ਹੁਸ਼ਿਆਰਪੁਰ ਵਿੱਚ
49.9% ਹਿੰਦੂ, 16.9% ਸਿੱਖ ਤੇ 32.4% ਮੁਸਲਮਾਨ; ਜਲੰਧਰ ਵਿੱਚ 27.6% ਹਿੰਦੂ,
26.5% ਸਿੱਖ ਤੇ 45.2% ਮੁਸਲਮਾਨ; ਲੁਧਿਆਣਾ ਵਿੱਚ 20.4% ਹਿੰਦੂ, 41.6% ਸਿੱਖ ਤੇ
37% ਮੁਸਲਮਾਨ; ਅਤੇ ਫ਼ਿਰੋਜ਼ਪੁਰ ਵਿੱਚ 19.6% ਹਿੰਦੂ, 33.7% ਸਿੱਖ ਤੇ 45.1%
ਮੁਸਲਮਾਨ ਅਬਾਦੀ ਰਹਿ ਰਹੀ ਸੀ। ਉਸ ਸਮੇਂ ਸਿਰਫ ਲੁਧਿਆਣਾ ਹੀ ਇਕਲੌਤਾ ਜ਼ਿਲ੍ਹਾ ਸੀ
ਜਿਸ ਵਿੱਚ ਸਿੱਖ ਅਬਾਦੀ ਜਿਆਦਾ ਸੀ ਅਤੇ ਬਿਲਕੁਲ ਇਸਦੇ ਨਾਲ ਲੱਗਦੀ ਜ਼ਿਲ੍ਹਾ
ਫ਼ਿਰੋਜ਼ਪੁਰ ਦੀ ਤਹਿਸੀਲ ਮੋਗਾ ਵਿੱਚ ਸਿੱਖ ਬਹੁਗਿਣਤੀ ਵਿੱਚ ਸਨ।
ਕੇਂਦਰੀ
ਡਵੀਜ਼ਨ ਲਾਹੌਰ ਦੇ ਜ਼ਿਲ੍ਹਾ ਅੰਮ੍ਰਿਤਸਰ ਨੂੰ ਭਾਰਤੀ ਪੰਜਾਬ ਵੱਲ ਜੋੜਿਆ ਗਿਆ,
ਕਿਉਂਕਿ ਉਸ ਸਮੇਂ ਦੇ ਸਿੱਖ ਆਗੂਆਂ ਨੇ ਭਾਰਤ ਵੱਲ ਜਾਣ ਦਾ ਫੈਸਲਾ ਕੀਤਾ ਸੀ ਤਾਂ
ਅੰਮ੍ਰਿਤਸਰ ਦੀ ਸਿੱਖਾਂ ਲਈ ਮਹੱਤਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਅੰਮ੍ਰਿਤਸਰ ਨੂੰ
ਪੂਰਬੀ ਪੰਜਾਬ ਵੱਲ ਕਰ ਦਿੱਤਾ ਗਿਆ, ਪਰ ਇਹ ਤਿੰਨ ਪਾਸਿਆਂ ਤੋਂ ਪਾਕਿਸਤਾਨ ਵਿੱਚ
ਘਿਰਦਾ ਸੀ। ਇਸ ਲਈ ਗੁਰਦਾਸਪੁਰ ਜ਼ਿਲ੍ਹੇ ਦੀ ਮੁਸਲਿਮ ਬਹੁਗਿਣਤੀ ਤਹਿਸੀਲ ਸ਼ੰਕਰਗੜ
ਨੂੰ ਕੱਟ ਕੇ ਸਿਆਲਕੋਟ ਨਾਲ ਜੋੜ ਦਿੱਤਾ ਤੇ ਬਾਕੀ ਗੁਰਦਾਸਪੁਰ ਜ਼ਿਲ੍ਹਾ ਪੂਰਬੀ
ਪੰਜਾਬ ਵੱਲ ਕਰ ਦਿੱਤਾ। ਜ਼ਿਲ੍ਹਾ ਲਾਹੌਰ ਦੀ ਤਹਿਸੀਲ ਕਸੂਰ ਦੇ 186 ਪਿੰਡ ਪੱਟੀ
ਸਮੇਤ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਮਿਲਾ ਦਿੱਤੇ ਗਏ ਅਤੇ ਲਾਹੌਰ ਡਵੀਜ਼ਨ ਦੇ ਬਾਕੀ
ਜ਼ਿਲ੍ਹੇ ਲਾਹੌਰ, ਗੁੱਜਰਾਂਵਾਲ਼ਾ, ਸ਼ੇਖ਼ੂਪੁਰਾ ਤੇ ਸਿਆਲਕੋਟ ਪਾਕਿਸਤਾਨ ਨੂੰ ਦੇ
ਦਿੱਤੇ ਗਏ। ਲਾਹੌਰ ਡਵੀਜ਼ਨ ਦੇ ਜ਼ਿਲ੍ਹਾ ਅੰਮ੍ਰਿਤਸਰ ਵਿੱਚ 45.4% ਮੁਸਲਮਾਨ,
17.7% ਹਿੰਦੂ ਤੇ 35.2%ਸਿੱਖ; ਗੁਰਦਾਸਪੁਰ ਵਿੱਚ 50.%2 ਮੁਸਲਮਾਨ, 25.9%ਹਿੰਦੂ
ਤੇ 18.8%ਸਿੱਖ; ਲਾਹੌਰ ਵਿੱਚ 61% ਮੁਸਲਮਾਨ, 16.3% ਹਿੰਦੂ ਤੇ 18.4% ਸਿੱਖ;
ਸਿਆਲਕੋਟ ਵਿੱਚ 62.1%ਮੁਸਲਮਾਨ, 19.4% ਹਿੰਦੂ ਤੇ 11.7% ਸਿੱਖ; ਗੁੱਜਰਾਂਵਾਲ਼ਾ
ਵਿੱਚ 70.5% ਮੁਸਲਮਾਨ, 11.8% ਹਿੰਦੂ ਤੇ 10.9% ਸਿੱਖ; ਅਤੇ ਸ਼ੇਖ਼ੂਪੁਰਾ ਵਿੱਚ
63.6% ਮੁਸਲਮਾਨ, 9.1% ਹਿੰਦੂ ਤੇ 18.9% ਸਿੱਖ ਵਸੋਂ ਸੀ।
ਹਿਜਰਤ ਕਰਕੇ ਜਾ ਰਹੇ ਲੋਕਾਂ ਦਾ ਕਾਫ਼ਲਾ ਤੇ ਕੋਲ ਪਿਆ ਖਿੱਲਰਿਆ ਸਮਾਨ
(ਫੋਟੋ ਸ੍ਰੋਤ: ਗੂਗਲ) ਪੰਜਾਬ ਖ਼ਿੱਤੇ ਦੀਆਂ ਦੇਸੀ ਰਿਆਸਤਾਂ ਨੂੰ ਵੀ ਉਸ ਸਮੇਂ
ਦੋਨਾਂ ਦੇਸ਼ਾਂ ਵਿੱਚੋਂ ਆਪਣੀ ਮਰਜ਼ੀ ਨਾਲ ਕਿਸੇ ਵੀ ਦੇਸ਼ ਵਿੱਚ ਰਲਣ ਦਾ ਮੌਕਾ
ਦਿੱਤਾ ਗਿਆ ਤੇ ਇਹ ਵੀ ਅਧਿਕਾਰ ਦਿੱਤਾ ਗਿਆ ਕਿ ਉਹ ਅਲੱਗ ਵੀ ਰਹਿ ਸਕਦੀਆਂ ਸਨ।
ਰਾਜਪੂਤਾਨਾ (ਹੁਣ ਰਾਜਸਥਾਨ) ਨਾਲ ਲੱਗਦੀ ਪੱਛਮੀ ਰਿਆਸਤ ਬਹਾਵਲਪੁਰ ਦੇ ਮੁਸਲਮਾਨ
ਸ਼ਾਸਕ ਨਵਾਬ 'ਸਾਦਿਕ ਮੁਹੰਮਦ ਖਾਨ' ਪੰਜਵੇਂ ਨੇ ਪਾਕਿਸਤਾਨ ਵੱਲ ਜਾਣ ਦਾ ਫੈਸਲਾ
ਲਿਆ, ਉਸ ਸਮੇਂ ਇਸ ਰਿਆਸਤ ਵਿੱਚ 83% ਮੁਸਲਮਾਨ, 14% ਹਿੰਦੂ ਅਤੇ 3% ਸਿੱਖ ਆਬਾਦੀ
ਸੀ। ਪੂਰਬ ਵੱਲ ਦੀਆਂ ਰਿਆਸਤਾਂ ਭਾਰਤ ਵੱਲ ਚਲੀਆਂ ਗਈਆਂ। ਇਹਨਾਂ ਵਿੱਚੋਂ ਮਾਲਵਾ
ਖੇਤਰ ਦੀ ਰਿਆਸਤ ਮਲੇਰਕੋਟਲਾ ਵਿੱਚ 38.4 % ਮੁਸਲਮਾਨ ਅਬਾਦੀ ਸੀ ਅਤੇ ਇੱਥੋਂ ਦਾ
ਸ਼ਾਸਕ 'ਅਹਿਮਦ ਅਲੀ ਖਾਨ' ਮੁਸਲਮਾਨ ਸੀ। ਬਾਕੀ 27% ਹਿੰਦੂ ਅਤੇ 34.4% ਸਿੱਖ ਇਸ
ਰਿਆਸਤ ਦੇ ਵਸਨੀਕ ਸਨ। ਇਸ ਤੋਂ ਇਲਾਵਾ ਪ੍ਰਮੁੱਖ ਦੇਸੀ ਰਿਆਸਤਾਂ ਪਟਿਆਲਾ ਵਿੱਚ
47.3% ਸਿੱਖ, 22.6% ਮੁਸਲਮਾਨ ਤੇ 30% ਹਿੰਦੂ; ਨਾਭਾ ਵਿੱਚ 40% ਸਿੱਖ, 20%
ਮੁਸਲਮਾਨ ਤੇ 40% ਹਿੰਦੂ; ਜੀਂਦ ਵਿੱਚ 11.3% ਸਿੱਖ, 14.1% ਮੁਸਲਮਾਨ ਤੇ
74.2%ਹਿੰਦੂ; ਕਪੂਰਥਲਾ ਵਿੱਚ 25.9% ਸਿੱਖ, 56.4% ਮੁਸਲਮਾਨ ਤੇ 16.3% ਹਿੰਦੂ;
ਅਤੇ ਫਰੀਦਕੋਟ ਵਿੱਚ 57.7% ਸਿੱਖ, 30.7% ਮੁਸਲਮਾਨ ਤੇ 10.9% ਹਿੰਦੂ ਅਬਾਦੀ ਰਹਿ
ਰਹੀ ਸੀ। ਜਿੱਥੇ ਫਰੀਦਕੋਟ ਤੇ ਪਟਿਆਲਾ ਰਿਆਸਤਾਂ ਵਿੱਚ ਸਿੱਖ ਗਿਣਤੀ ਜਿਆਦਾ ਸੀ,
ਉੱਥੇ ਰਿਆਸਤ ਕਪੂਰਥਲਾ ਬਹੁਗਿਣਤੀ ਮੁਸਲਮਾਨ ਆਬਾਦੀ ਵਾਲੀ ਰਿਆਸਤ ਸੀ ਜਿਸਦਾ
ਹੁਕਮਰਾਨ ਸਿੱਖ ਸੀ।
ਸੰਨ 1946 ਦੇ ਅਗਸਤ ਤੋਂ 1947 ਦੀ ਸ਼ੁਰੂਆਤ ਤੱਕ
ਅਜ਼ਾਦੀ ਤੇ ਵੱਖਰੇ ਮੁਲਕ ਦੀ ਮੰਗ ਦੇ ਸੁਰ ਵੀ ਹੋਰ ਵੀ ਤੇਜ਼ ਹੋ ਗਏ। ਅਜਿਹੇ ਵਿੱਚ
ਹੀ ਕੁਝ ਅਜਿਹੀਆਂ ਸਿਆਸੀ ਘਟਨਾਵਾਂ ਵਾਪਰੀਆਂ ਜਿੰਨ੍ਹਾਂ ਦੀ ਵਜ੍ਹਾ ਨਾਲ ਪੰਜਾਬ
ਸਮੇਤ, ਦੇਸ਼ ਦੇ ਕਈ ਹਿੱਸਿਆਂ ਵਿੱਚ ਹਿੰਸਾ ਸ਼ੁਰੂ ਹੋ ਗਈ। ਪੰਜਾਬ ਵਿੱਚ ਇਸਦੀ
ਸ਼ੁਰੂਆਤ ਮਾਰਚ 1947 ਵਿੱਚ ਰਾਵਲਪਿੰਡੀ ਡਵੀਜ਼ਨ (ਪੋਠੋਹਾਰ) ਵਿੱਚ ਹੋਈ ਅਤੇ ਇਸਦੇ
ਨਾਲ ਹੀ ਪੋਠੋਹਾਰ ਦੇ ਸਿੱਖਾਂ ਤੇ ਹਿੰਦੂਆਂ ਦੀ ਪੂਰਬੀ ਪੰਜਾਬ ਵੱਲ ਹਿਜਰਤ ਵੀ
ਸ਼ੁਰੂ ਹੋ ਗਈ। ਹਿੰਦੂ ਸਿੱਖਾਂ ਦੀ ਹਿਜਰਤ ਪਹਿਲਾਂ ਪੱਛਮੀ ਪੰਜਾਬ ਦੇ ਪੋਠੋਹਾਰ ਤੋਂ
ਮਾਰਚ ਵਿੱਚ ਹੀ ਸ਼ੁਰੂ ਹੋ ਗਈ ਸੀ। ਮੁਲਤਾਨ, ਡੇਰਾ ਗ਼ਾਜ਼ੀ ਖਾਂ, ਮੁਜ਼ੱਫ਼ਰਗੜ੍ਹ,
ਝੰਗ ਤੇ ਰਾਵਲਪਿੰਡੀ ਡਵੀਜ਼ਨ ਦੇ ਜ਼ਿਲ੍ਹੇ ਪੂਰਬੀ ਪੰਜਾਬ ਤੋਂ ਬੜੀ ਦੂਰ ਸਨ ਇਸ ਲਈ
ਇੱਥੇ ਰਹਿਣ ਵਾਲੇ ਹਿੰਦੂ ਤੇ ਸਿੱਖ ਬੜੀ ਮੁਸ਼ਕਿਲ ਨਾਲ ਚੜ੍ਹਦੇ ਪੰਜਾਬ ਪਹੁੰਚੇ।
ਲਾਇਲਪੁਰ ਅਤੇ ਮਿੰਟਗੁਮਰੀ ਜ਼ਿਲ੍ਹਿਆਂ ਵਿੱਚ ਰਹਿੰਦੇ ਸਿੱਖਾਂ ਕੋਲ ਹਥਿਆਰ ਕਾਫ਼ੀ
ਮਾਤਰਾ ਵਿੱਚ ਸਨ ਜਿਸ ਵਜ੍ਹਾ ਕਰਕੇ ਇਹ ਫ਼ਸਾਦੀਆਂ ਲਈ ਸਖ਼ਤ ਮੁਕਾਬਲੇਬਾਜ਼ ਸਾਬਿਤ
ਹੋਏ। ਗੁੱਜਰਾਂਵਾਲ਼ਾ ਤੇ ਸ਼ੇਖ਼ੂਪੁਰਾ ਦੇ ਸਿੱਖ ਤਕੜੇ ਤੇ ਰਸੂਖ਼ ਵਾਲੇ ਹੋਣ ਕਰਕੇ
ਇਹਨਾਂ ਨੇ ਵੀ ਫ਼ਸਾਦੀਆਂ ਨੂੰ ਤਕੜੀ ਟੱਕਰ ਦਿੱਤੀ ਜਿਸ ਕਰਕੇ ਇਹਨਾਂ ਨੂੰ ਜਲਦੀ ਕੋਈ
ਉੱਥੋ ਕੱਢ ਨਾ ਸਕਿਆ। ਪਰ ਬਾਅਦ ਵਿੱਚ ਬਲੋਚ ਰੈਜਮੈਂਟ ਬੁਲਾਕੇ ਇਹਨਾਂ ਨੂੰ ਬੇਰਹਿਮੀ
ਨਾਲ ਉੱਥੋਂ ਉਜਾੜਿਆ ਗਿਆ। ਜਾਨੀ ਨੁਕਸਾਨ ਤਾਂ ਹੋਇਆ ਹੀ ਨਾਲ ਹੀ ਸਿੱਖਾਂ ਨੂੰ ਆਪਣਾ
ਪਿਆਰਾ ਨਨਕਾਣਾ ਸਾਹਿਬ, ਬਾਰਾਂ ਦੀਆਂ ਉਪਜਾਊ ਜ਼ਮੀਨਾਂ ਜਿੰਨ੍ਹਾਂ ਨੂੰ ਉਹਨਾਂ ਨੇ
ਸਖ਼ਤ ਮਿਹਨਤ ਨਾਲ ਵਾਹੀਯੋਗ ਬਣਾਇਆ ਸੀ ਇਹ ਸਭ ਛੱਡਣਾ ਪਿਆਂ। ਸ਼ਹਿਰਾਂ ਵਿੱਚ
ਰਹਿੰਦੇ ਹਿੰਦੂ ਸਿੱਖ ਕਾਰੋਬਾਰੀਆਂ, ਵਪਾਰੀਆਂ ਨੂੰ ਆਪਣੇ ਜੰਮੇ ਜਮਾਏ ਕਾਰੋਬਾਰ
ਛੱਡਣੇ ਪਏ। ਰਿਆਸਤ ਬਹਾਵਲਪੁਰ ਦੇ ਹਿੰਦੂ ਸਿੱਖ ਨਾਲ ਲੱਗਦੇ ਅਬੋਹਰ, ਫਾਜ਼ਿਲਕਾ ਤੇ
ਰਾਜਪੂਤਾਨਾ ਦੀ ਰਿਆਸਤ ਬੀਕਾਨੇਰ ਦੇ ਖੇਤਰਾਂ ਵਿੱਚੋਂ ਭਾਰਤ ਵਿੱਚ ਦਾਖਲ ਹੋਏ।
ਪੂਰਬੀ ਡਵੀਜ਼ਨ ਅੰਬਾਲਾ ਦੇ ਸਿਰਸਾ ਤੇ ਹਿਸਾਰ ਖੇਤਰਾਂ ਵਿੱਚ ਸਦੀਆਂ ਤੋਂ ਰਹਿ
ਰਹੀ ਮੁਸਲਿਮ ਅਬਾਦੀ ਹਿਜਰਤ ਕਰਕੇ ਪਾਕਿਸਤਾਨ ਚਲੀ ਗਈ। ਪਰ ਗੁੜਗਾਓ ਜ਼ਿਲ੍ਹੇ ਦੀ
ਅੱਧੀ ਮੁਸਲਮਾਨ ਆਬਾਦੀ ਹੀ ਪਾਕਿਸਤਾਨ ਗਈ। ਰਿਆਸਤ ਮਲੇਰਕੋਟਲਾ ਦੀ ਹੱਦ ਵਿੱਚ
ਰਹਿੰਦੇ ਮੁਸਲਮਾਨ ਵੀ ਮਹਿਫੂਜ਼ ਰਹੇ ਅਤੇ ਬਾਹਰਲੇ ਇਲਾਕਿਆਂ ਦੇ ਮੁਸਲਮਾਨਾਂ ਲਈ
ਪਾਕਿਸਤਾਨ ਜਾਂਦਿਆਂ ਸਿਰਫ ਇਹੀ ਰਿਆਸਤ ਇੱਕ ਸੁਰੱਖਿਅਤ ਠਾਹਰ ਵੀ ਸੀ, ਵਿਸ਼ਵਾਸ ਹੈ
ਕਿ ਦਸਵੇਂ ਸਿੱਖ ਗੁਰੂ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ
ਨੂੰ ਸਮੇਂ ਦੀ ਹਕੂਮਤ ਵੱਲੋਂ ਦਿੱਤੀ ਗਈ ਸਜ਼ਾ ਦਾ ਇਸ ਰਿਆਸਤ ਦੇ ਵਡੇਰੇ ਨਵਾਬ
'ਸ਼ੇਰ ਮੁਹੰਮਦ ਖਾਨ' ਨੇ ਵਿਰੋਧ ਕੀਤਾ ਸੀ। ਜਿੱਥੇ ਸਾਰੇ ਪੰਜਾਬ ਵਿੱਚ ਖ਼ੂਨ
ਖ਼ਰਾਬਾ, ਸਾੜ-ਫੂਕ, ਲੁੱਟਾਂ-ਖੋਹਾਂ, ਔਰਤਾਂ ਅਗਵਾ ਤੇ ਬੇਪੱਤ ਹੋ ਰਹੀਆਂ ਸਨ ਉੱਥੇ
ਮਲੇਰਕੋਟਲਾ ਵਿੱਚ ਅਮਨ ਅਮਾਨ ਸੀ, ਭਾਈਚਾਰਕ ਸਾਂਝ ਬਰਕਰਾਰ ਸੀ ਤੇ ਅੱਜ ਵੀ ਹੈ। ਇਸ
ਤਰ੍ਹਾਂ ਇੱਥੋਂ ਮੁਸਲਮਾਨ ਆਬਾਦੀ ਦੀ ਹਿਜਰਤ ਨਾ ਹੋਈ। ਪਰ ਨਵਾਬ ਮਲੇਰਕੋਟਲਾ ਦੇ ਕਈ
ਰਿਸ਼ਤੇਦਾਰ ਪਾਕਿਸਤਾਨ ਚਲੇ ਗਏ ਤੇ ਹੁਣ ਲਾਹੌਰ ਵਿੱਚ ਵੱਸ ਰਹੇ ਨੇ। ਅੱਜ ਵੀ
ਮਲੇਰਕੋਟਲਾ ਤੇ ਇਸਦੇ ਆਲੇ ਦੁਆਲੇ ਦੇ ਇਲਾਕੇ ਵਿੱਚ ਵੱਡੀ ਗਿਣਤੀ ਵਿੱਚ ਮੁਸਲਿਮ
ਆਬਾਦੀ ਵੱਸ ਰਹੀ ਹੈ। ਦੇਸੀ ਰਿਆਸਤਾਂ ਪਟਿਆਲਾ, ਨਾਭਾ, ਜੀਂਦ, ਫਰੀਦਕੋਟ ਵਿੱਚੋਂ
ਅਤੇ ਅੰਬਾਲਾ ਡਵੀਜ਼ਨ ਦੇ ਇਹਨਾਂ ਨਾਲ ਜੁੜਦੇ ਖੇਤਰਾਂ ਵਿੱਚੋਂ ਵੀ ਮੁਸਲਮਾਨ
ਪਾਕਿਸਤਾਨ ਚਲੇ ਗਏ।
ਵੰਡ ਵੇਲੇ ਹਿਜਰਤ ਕਰ ਰਹੇ ਲੋਕ
(ਫੋਟੋ ਸ੍ਰੋਤ: ਗੂਗਲ) ਜਲੰਧਰ ਡਵੀਜ਼ਨ ਦੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸਤਲੁਜ
ਨਾਲ ਲੱਗਦੇ ਇਲਾਕੇ ਵਿੱਚ ਮੁਸਲਮਾਨਾਂ ਦੀ ਕਾਫ਼ੀ ਅਬਾਦੀ ਸੀ ਜੋ ਕਿ ਉੱਜੜ ਕੇ ਲਗ-ਪਗ
ਸਾਰੀ ਹੀ ਪਾਕਿਸਤਾਨ ਚਲੀ ਗਈ ਸੀ। ਜਲੰਧਰ ਸ਼ਹਿਰ ਦੀ 66% ਮੁਸਲਿਮ ਆਬਾਦੀ ਸੀ ਅਤੇ
ਗੁਆਂਢੀ ਰਿਆਸਤ ਕਪੂਰਥਲਾ ਵਿੱਚ ਵੀ ਮੁਸਲਿਮ ਆਬਾਦੀ ਜਿਆਦਾ ਸੀ ਤੇ ਇਹ ਵੀ ਸਾਰੀ
ਮੁਸਲਿਮ ਆਬਾਦੀ ਪਾਕਿਸਤਾਨ ਚਲੀ ਗਈ। ਕਾਂਗੜਾ ਜ਼ਿਲ੍ਹੇ ਤੋਂ ਹਿਜਰਤ ਕਰਨ ਵਾਲੀ
ਮੁਸਲਮਾਨ ਆਬਾਦੀ ਵਿੱਚੋਂ ਅੱਧੇ ਲੋਕ ਪਾਕਿਸਤਾਨ ਪਹੁੰਚਣ ਤੋਂ ਪਹਿਲਾਂ ਰਾਸਤੇ ਵਿੱਚ
ਹੀ ਮਾਰੇ ਗਏ ਤੇ ਬਾਕੀ ਪਾਕਿਸਤਾਨ ਪਹੁੰਚੇ। ਅੰਕੜਿਆਂ ਮੁਤਾਬਕ ਜ਼ਿਲ੍ਹਾ ਲੁਧਿਆਣਾ
ਦੇ ਮੁਸਲਮਾਨ ਵੀ ਵੱਡੀ ਗਿਣਤੀ ਵਿੱਚ ਮਾਰੇ ਗਏ ਸਨ। ਪਰ 1951 ਦੀ ਮਰਦਮਸ਼ੁਮਾਰੀ
ਵਿੱਚ ਪੱਛਮੀ ਪੰਜਾਬ ਦੇ ਬਹੁਤੇ ਜ਼ਿਲ੍ਹਿਆਂ ਵਿੱਚ ਹਿੰਦੂ ਸਿੱਖ ਅਬਾਦੀ ਦਾ ਅੰਕੜਾ
0.0% ਸੀ ਜਦੋਂਕਿ ਪੂਰਬੀ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਮੁਸਲਮਾਨ ਅਬਾਦੀ 0.1 ਤੋਂ
0.7% ਫ਼ੀਸਦੀ ਤੱਕ ਸੀ, 0.0% ਕਿਤੇ ਵੀ ਨਹੀਂ ਸੀ। ਅੰਬਾਲਾ, ਸ਼ਿਮਲਾ ਅਤੇ
ਗੁਰਦਾਸਪੁਰ ਜ਼ਿਲ੍ਹਿਆਂ ਵਿੱਚ ਮੁਸਲਿਮ ਆਬਾਦੀ ਕ੍ਰਮਵਾਰ 2.4%, 1.4% ਤੇ 1.3 %
ਸੀ। ਸਭ ਤੋਂ ਵੱਧ ਗੁੜਗਾਓ ਜ਼ਿਲ੍ਹੇ ਵਿੱਚ 16.9% ਮੁਸਲਿਮ ਅਬਾਦੀ ਸੀ ਜਿਸਦਾ ਕਾਰਨ
ਸੰਤਾਲੀ ਵੇਲੇ ਇੱਥੋਂ ਅੱਧੀ ਮੁਸਲਮਾਨ ਆਬਾਦੀ ਦੀ ਹਿਜਰਤ ਸੀ। .....(ਬਾਕੀ ਅਗਲੇ
ਭਾਗ ਵਿੱਚ)
ਲਖਵਿੰਦਰ ਜੌਹਲ ‘ਧੱਲੇਕੇ’
ਈਮੇਲ-:johallakwinder@gmail.com
ਮੋਬਾਇਲ ਨੰਬਰ-:+91 9815959476
|