'ਸ਼੍ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ' ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਅਚਾਨਕ ਅਸਤੀਫ਼ੇ
ਨਾਲ 'ਅਕਾਲੀ ਦਲ ਬਾਦਲ' ਦੀਆਂ ਸਫਾਂ ਵਿੱਚ ਹਲਚਲ ਮੱਚ ਗਈ ਹੈ। ਇੱਕ ਕਿਸਮ ਨਾਲ
'ਸ਼੍ਰੋਮਣੀ ਅਕਾਲੀ ਦਲ ਬਾਦਲ' ਗਹਿਰੇ ਸੰਕਟ ਵਿੱਚ ਫਸ ਗਿਆ ਹੈ ਤੇ ਤੂਫ਼ਾਨ ਵਰਗੀ
ਸਥਿਤੀ ਪੈਦਾ ਹੋ ਗਈ ਹੈ।
ਹਰਜਿੰਦਰ ਸਿੰਘ ਧਾਮੀ ਨੇ ਜਲਦਬਾਜ਼ੀ ਵਿੱਚ ਬੁਲਾਈ ਪ੍ਰੈਸ ਕਾਨਫ਼ਰੰਸ ਵਿੱਚ ਆਪਣੇ ਅਸਤੀਫ਼ੇ ਦਾ ਐਲਾਨ
ਕਰਕੇ 'ਸ੍ਰੀ ਅਕਾਲ ਤਖ਼ਤ ਸਾਹਿਬ' ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਨੂੰ ਸ਼੍ਰੋਮਣੀ
ਅਕਾਲੀ ਦਲ ਦੇ ਪੁਨਰਗਠਨ ਲਈ ਭਰਤੀ ਕਰਨ ਦੀ ਸੁਪਰਵੀਜ਼ਨ ਕਰਨ ਲਈ ਬਣਾਈ ਗਈ
ਸਤ ਮੈਂਬਰੀ ਕਮੇਟੀ ਦੇ ਪ੍ਰਧਾਨਗੀ ਤੋਂ ਵੀ ਫਾਰਗ ਕਰਨ ਲਈ ਕਿਹਾ ਹੈ।
ਸ੍ਰੀ
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਦੇ ਲੋਕ ਮਾਧਿਅਮ ‘ਤੇ ਸ੍ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ ਗਿਆਨੀ ਹਰਪ੍ਰੀਤ ਸਿੰਘ ਦੀ
ਬਰਖਾਸਤਗੀ ਤੇ ਨਰਾਜ਼ਗੀ ਪ੍ਰਗਟ ਕਰਦਿਆਂ ਕਿਹਾ ਸੀ ਕਿ ਮੰਦਭਾਗੀ ਗੱਲ ਹੈ। ਹਰਜਿੰਦਰ
ਸਿੰਘ ਧਾਮੀ ਨੇ ਕਿਹਾ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ
ਸਿੰਘ ਦਾ ਸਤਿਕਾਰ ਕਰਦੇ ਹਨ, ਗਿਆਨੀ ਹਰਪ੍ਰੀਤ ਸਿੰਘ ਦੀ ਬਰਖਾਸਤਗੀ ਦਾ ਫ਼ੈਸਲਾ ਉਸਦੀ
ਪ੍ਰਧਾਨਗੀ ਵਿੱਚ ਹੋਇਆ ਹੈ, ਇਸ ਲਈ ਉਹ ਨੈਤਿਕ ਜ਼ਿੰਮੇਵਰੀ ਲੈਂਦਾ ਹੋਇਆ ਆਪਣੇ ਅਹੁਦੇ
ਤੋਂ ਅਸਤੀਫ਼ਾ ਦਿੰਦਾ ਹੈ।
ਇਉਂ ਲੱਗਦਾ ਹੈ ਕਿ ਗਿਆਨੀ ਰਘਵੀਰ ਸਿੰਘ ਦੀ ਲੋਕ
ਮਾਧਿਅਮ ਤੇ ਪਾਈ ਪੋਸਟ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਦਬਾਅ ਵਿੱਚ ਆ
ਗਏ ਸਨ ਤੇ ਉਨ੍ਹਾਂ ਨੂੰ ਉਮੀਦ ਸੀ ਕਿ ਗਿਆਨੀ ਰਘਵੀਰ ਸਿੰਘ ਵਿਦੇਸ਼ੀ ਦੌਰੇ ਤੋਂ ਵਾਪਸ
ਆ ਕੇ ਕੋਈ ਸਖ਼ਤ ਫ਼ੈਸਲਾ ਲੈ ਸਕਦੇ ਹਨ, ਇਸ ਲਈ ਉਨ੍ਹਾਂ ਤੁਰੰਤ ਅਸਤੀਫ਼ਾ ਦੇਣ ਦਾ
ਫ਼ੈਸਲਾ ਕਰ ਲਿਆ।
ਹਰਜਿੰਦਰ ਸਿੰਘ ਧਾਮੀ ਮਗਰ ਮੱਛ ਦੇ ਅਥਰੂ ਵਹਾ ਰਿਹਾ ਹੈ,
ਜੇ ਉਸਨੂੰ ਸ੍ਰੀ ਅਕਾਲ ਤਖ਼ਤ ਅਤੇ ਜਥੇਦਾਰ ਗਿਆਨੀ ਰਘਵੀਰ ਸਿੰਘ ਦਾ ਇਤਨਾ ਹੀ ਸਤਿਕਾਰ
ਸੀ ਤਾਂ ਉਸਨੂੰ ਸ੍ਰੀ ਅਕਾਲ ਤਖ਼ਤ ਵੱਲੋਂ ਬਣਾਈ ਗਈ ਸਤ ਮੈਂਬਰੀ ਕਮੇਟੀ ਦਾ
ਚੇਅਰਮੈਨ ਹੁੰਦਿਆਂ ਅਕਾਲੀ ਦਲ ਨੂੰ ਆਪਣੀ ਮਰਜ਼ੀ ਨਾਲ ਭਰਤੀ ਕਰਨ ਦੀ ਇਜ਼ਾਜ਼ਤ
ਕਿਉਂ ਦਿੰਦਾ ਰਿਹਾ? ਉਸਨੂੰ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਦੇ ਨਾਲ ਖੜ੍ਹਨਾ ਚਾਹੀਦਾ
ਸੀ। ਗਿਆਨੀ ਹਰਪ੍ਰੀਤ ਸਿੰਘ ਨੂੰ ਬਰਖਾਸਤ ਕਰਨ ਲਈ ਤਾਂ ਅੰਤ੍ਰਿਮ ਕਮੇਟੀ ਦੀ ਮੀਟਿੰਗ
ਬੁਲਾ ਲਈ ਪ੍ਰੰਤੂ ਸਤ ਮੈਂਬਰੀ ਕਮੇਟੀ ਦੀ ਮੀਟਿੰਗ ਬੁਲਾਉਣ ਲਈ ਆਨੀ ਕਾਨੀ ਕਰਦਾ
ਰਿਹਾ। ਹਰਜਿੰਦਰ ਸਿੰਘ ਧਾਮੀ ਦੀ ਇਹ ਭਾਂਜਵਾਦੀ ਕਾਰਵਾਈ ਹੈ। ਮੈਦਾਨ ਵਿੱਚੋਂ,
ਡਰਪੋਕ ਭੱਜਦੇ ਹੁੰਦੇ ਹਨ। ਤਿੰਨ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ
ਪ੍ਰਧਾਨ ਰਿਹਾ ਤੇ ਅਕਾਲੀ ਦਲ ਦਾ ਹਰ ਹੁਕਮ ਮੰਨਕੇ ਸਿੱਖ ਸੰਸਥਾਵਾਂ ਦਾ ਨੁਕਸਾਨ ਕਰਨ
ਵਿੱਚ ਹਿੱਸੇਦਾਰ ਰਿਹਾ ਹੈ। 2 ਦਸੰਬਰ 2024 ਦਾ ਦਿਨ ਸਿੱਖ ਇਤਿਹਾਸ
ਵਿੱਚ ਅਤਿਅੰਤ ਮਹੱਤਵਪੂਰਨ ਹੈ, ਕਿਉਂਕਿ ਇਸ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ
ਤੋਂ ਪੰਜ ਸਿੰਘ ਸਾਹਿਬਾਨ ਦਾ ਸਰਬਸੰਮਤੀ ਨਾਲ ਕੀਤਾ ਫ਼ੈਸਲਾ ਸ੍ਰੀ ਅਕਾਲ ਤਖ਼ਤ ਦੇ
ਜਥੇਦਾਰ ਗਿਆਨੀ ਰਘਵੀਰ ਸਿੰਘ ਨੇ ਸੁਣਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ
ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦੀ ਸਰਕਾਰ ਸਮੇਂ ਕੀਤੇ ਗੁਨਾਹਾਂ ਨੂੰ
ਮੁੱਖ ਰਖਦਿਆਂ ਤਨਖ਼ਾਹੀਆ ਕਰਾਰ ਦਿੱਤਾ ਸੀ। ਇਸ ਦੇ ਨਾਲ ਹੀ ਬਾਕੀ ਅਕਾਲੀ ਸਰਕਾਰ ਦੇ
ਮੰਤਰੀਆਂ, ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ
ਅਹੁਦੇਦਾਰਾਂ ਨੂੰ ਵੀ ਸਜ਼ਾਵਾਂ ਦਿੱਤੀਆਂ ਸਨ।
ਗਿਆਨੀ ਰਘਵੀਰ ਸਿੰਘ
ਨੇ 'ਵਿਰਸਾ ਸਿੰਘ ਵਲਟੋਹਾ' ਨੂੰ ਅਕਾਲੀ ਦਲ ਵਿੱਚੋਂ ਕੱਢਣ ਦਾ ਹੁਕਮ ਕੀਤਾ ਸੀ
ਪ੍ਰੰਤੂ ਅਕਾਲੀ ਦਲ ਨੇ ਉਸ ਤੋਂ ਅਸਤੀਫ਼ਾ ਲੈ ਲਿਆ। ਉਨ੍ਹਾਂ ਸੁਖਬੀਰ ਸਿੰਘ ਬਾਦਲ ਦਾ
ਪ੍ਰਧਾਨਗੀ ਤੋਂ ਦਿੱਤਾ ਅਸਤੀਫ਼ਾ ਤਿੰਨ ਦਿਨਾ ਵਿੱਚ ਪ੍ਰਵਾਨ ਕਰਨ ਲਈ ਵੀ ਹੁਕਮ ਕੀਤਾ
ਸੀ ਪ੍ਰੰਤੂ ਉਸ ਲਈ ਵੀ ਦੋ ਮਹੀਨੇ ਦਾ ਲੰਬਾ ਸਮਾਂ ਲੈ ਕੇ ਅਸਤੀਫ਼ਾ ਲਮਕਾ ਕੇ ਪ੍ਰਵਾਨ
ਕੀਤਾ ਸੀ। ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਦੀ ਪ੍ਰਕ੍ਰਿਆ ਸਤ ਮੈਂਬਰੀ ਕਮੇਟੀ ਤੋਂ
ਕਰਵਾਉਣ ਬਾਰੇ ਵਾਰ-ਵਾਰ ਅਕਾਲੀ ਦਲ ਦਾ ਡੈਪੂਟੇਸ਼ਨ ਜਥੇਦਾਰ ਸਾਹਿਬ ਨੂੰ
ਮਿਲਕੇ ਇਹ ਕਹਿੰਦਾ ਰਿਹਾ ਕਿ ਚੋਣ ਕਮਿਸ਼ਨ ਅਕਾਲੀ ਦਲ ਦੀ ਮਾਣਤਾ ਰੱਦ ਕਰ ਦੇਵੇਗਾ।
ਇਹ ਸਾਰੀਆਂ ਗੱਲਾਂ ਟਾਲ ਮਟੋਲ ਕਰਨ ਲਈ ਕੀਤੀਆਂ ਜਾ ਰਹੀਆਂ ਸਨ।
'ਅਕਾਲੀ
ਫੂਲਾ ਸਿੰਘ' ਤੋਂ ਬਾਅਦ ਗਿਆਨੀ ਰਘਵੀਰ ਸਿੰਘ ਪਹਿਲੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ
ਹਨ, ਜਿਨ੍ਹਾਂ ਨੇ ਸਿੱਖ ਧਰਮ ਦੀਆਂ ਸੰਸਥਾਵਾਂ ਦੇ ਵਕਾਰ ਨੂੰ ਮੁੜ ਸਥਾਪਤ ਕੀਤਾ ਹੈ।
ਇਸ ਤੋਂ ਪਹਿਲਾਂ ਜਿਤਨੇ ਵੀ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਹੋਏ ਹਨ, ਉਨ੍ਹਾਂ ਨੇ
ਸਿਆਸਤਦਾਨਾ ਦੇ ਦਬਾਓ ਕਰਕੇ ਅਜਿਹੇ ਫ਼ੈਸਲੇ ਲੈਣ ਦੀ ਹਿੰਮਤ ਹੀ ਨਹੀਂ ਕੀਤੀ ਸੀ,
ਸਗੋਂ ਜਿਹੜੇ ਜਥੇਦਾਰ ਸਾਹਿਬਾਨ ਸਿਆਸਤਦਾਨਾ ਦੇ ਹੁਕਮ ਮੰਨਣ ਨੂੰ ਤਿਆਰ ਨਹੀਂ ਹੁੰਦੇ
ਸਨ, ਉਨ੍ਹਾਂ ਨੂੰ ਤੁਰੰਤ ਬਾਹਰ ਦਾ ਰਸਤਾ ਵਿਖਾ ਦਿੱਤਾ ਜਾਂਦਾ ਸੀ।
ਸ੍ਰੀ
ਅਕਾਲ ਸਾਹਿਬ ਨੂੰ ਅਕਾਲੀ ਦਲ ਦੇ ਅਧੀਨ ਸਮਝਿਆ ਜਾਂਦਾ ਸੀ। 'ਸ਼੍ਰੋਮਣੀ ਗੁਰਦੁਆਰਾ
ਪ੍ਰਬੰਧਕ ਕਮੇਟੀ' ਨੂੰ ਅਕਾਲੀ ਦਲ ਆਪਣਾ ਵਿੰਗ ਸਮਝਣ ਲੱਗ ਪਿਆ ਸੀ। ਮਰਹੂਮ ਪਰਕਾਸ਼
ਸਿੰਘ ਬਾਦਲ ਨੂੰ ਸਿਆਸਤ ਦਾ ਬਾਬਾ ਬੋਹੜ ਕਿਹਾ ਜਾਂਦਾ ਸੀ ਪ੍ਰੰਤੂ ਉਨ੍ਹਾਂ ਦੇ ਮੁੱਖ
ਮੰਤਰੀ ਹੁੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ
ਦੀਆਂ ਸਿੱਖ ਸੰਸਥਾਵਾਂ ਨੂੰ ਅਣਡਿਠ ਹੀ ਨਹੀਂ ਸਗੋਂ ਖ਼ਤਮ ਹੀ ਕਰ ਦਿੱਤਾ ਗਿਆ ਸੀ।
ਇਨ੍ਹਾਂ ਸੰਸਥਾਵਾਂ ਜਿਨ੍ਹਾਂ ਵਿੱਚ ਸ੍ਰੀ ਅਕਾਲ ਤਖਤ, 'ਸਿੱਖ ਸਟੂਡੈਂਟ ਫੈਡਰੇਸ਼ਨ',
ਸਿੱਖ ਐਜੂਕੇਸ਼ਨ ਕਾਨਫ਼ਰੰਸਾਂ ਆਦਿ ਸ਼ਾਮਲ ਹਨ।
ਸ੍ਰੀ ਅਕਾਲ ਤਖ਼ਤ ਤੋਂ ਸਿੱਖ
ਪਰੰਪਰਾਵਾਂ ਅਤੇ ਰਹਿਤ ਮਰਿਆਦਾਵਾਂ ਦੇ ਵਿਰੁੱਧ ਫ਼ੈਸਲੇ ਕਰਵਾਏ ਜਾਂਦੇ ਰਹੇ। ਇੱਥੋਂ
ਤੱਕ ਕਿ ਜਥੇਦਾਰ ਸਾਹਿਬਾਨ ਨੂੰ ਆਪਣੀ ਕੋਠੀ ਬੁਲਾਕੇ ਹੁਕਮ ਕੀਤੇ ਜਾਂਦੇ ਸਨ। ਸ੍ਰੀ
ਗੁਰੂ ਗੋਬਿੰਦ ਸਿੰਘ ਦਾ ਸਾਂਗ ਲਾਉਣ ਵਾਲੇ ਸਿਰਸਾ ਡੇਰਾ ਦੇ ਮੁੱਖੀ ਰਾਮ ਰਹੀਮ ਨੂੰ
ਪੰਥ ਵਿੱਚ ਸ਼ਾਮਲ ਕਰ ਲਿਆ ਅਤੇ ਇਸ ਫ਼ੈਸਲੇ ਨੂੰ ਸਹੀ ਸਾਬਤ ਕਰਨ ਲਈ 95 ਲੱਖ ਰੁਪਏ ਦੇ
ਇਸ਼ਤਿਹਾਰ ਦਿੱਤੇ ਗਏ। ਇਸ ਦੌਰਾਨ ਪੁਲਿਸ ਨੇ ਦੋ ਸਿੰਘ ਸ਼ਹੀਦ ਕਰ ਦਿੱਤੇ ਗਏ। ਸੁਮੇਧ
ਸਿੰਘ ਸੈਣੀ ਨੂੰ ਡਾਇਰੈਕਟਰ ਜਨਰਲ ਪੰਜਾਬ ਪੁਲਿਸ ਲਗਾਇਆ ਗਿਆ ਆਦਿ।
ਇਨ੍ਹਾਂ ਸਾਰੀਆਂ ਗ਼ਲਤੀਆਂ/ਗੁਨਾਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਸ਼੍ਰੋਮਣੀ
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੰਨਿਆਂ, ਜਿਸ ਕਰਕੇ ਉਸਨੂੰ
ਤਨਖ਼ਾਹੀਆ ਕਰਾਰ ਦਿੱਤਾ ਗਿਆ ਕਿਉਂਕਿ ਸੁਖਬੀਰ ਸਿੰਘ ਬਾਦਲ 2008 ਤੋਂ ਸ਼੍ਰੋਮਣੀ
ਅਕਾਲੀ ਦਲ ਦਾ ਪ੍ਰਧਾਨ ਸੀ ਅਤੇ ਡਿਪਟੀ ਮੁੱਖ ਮੰਤਰੀ ਹੁੰਦਿਆਂ ਗ੍ਰਹਿ
ਵਿਭਾਗ ਦੇ ਮੰਤਰੀ ਸਨ।
ਜਦੋਂ ਸ੍ਰ ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖ਼ਤ
ਵੱਲੋਂ ਲਗਾਈ ਤਨਖ਼ਾਹ ਭੁਗਤ ਰਹੇ ਸਨ ਤਾਂ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਉਨ੍ਹਾਂ
ਉਪਰ ਹਮਲਾ ਵੀ ਹੋਇਆ ਸੀ। ਇਸ ਘਟਨਾ ਤੋਂ ਬਾਅਦ ਲੋਕਾਂ ਵਿੱਚ ਸੁਖਬੀਰ ਸਿੰਘ ਬਾਦਲ
ਨਾਲ ਹਮਦਰਦੀ ਹੋ ਗਈ ਸੀ ਪ੍ਰੰਤੂ ਸੁਖਬੀਰ ਸਿੰਘ ਬਾਦਲ ਇਸ ਹਮਦਰਦੀ ਦਾ ਲਾਭ ਨਹੀਂ
ਉਠਾ ਸਕਿਆ ਸਗੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫ਼ੈਸਲਿਆਂ ਨੂੰ ਇੰਨ ਬਿੰਨ ਲਾਗੂ ਕਰਨ
ਤੋਂ ਟਾਲਾ ਵੱਟਦਾ ਰਿਹਾ।
ਪਹਿਲਾਂ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ
ਹਰਪ੍ਰੀਤ ਸਿੰਘ ਦੀ ਉਸਦੇ ਰਿਸ਼ਤੇਦਾਰ ਵੱਲੋਂ ਕੀਤੀ ਸ਼ਿਕਾਇਤ ‘ਤੇ ਪੜਤਾਲੀਆ ਕਮੇਟੀ
ਬਣਾਕੇ ਉਸਨੂੰ ਆਪਣੇ ਫਰਜ਼ ਨਿਭਾਉਣ ਤੋਂ 15 ਦਿਨ ਲਈ ਰੋਕ ਦਿੱਤਾ ਗਿਆ। ਇਹ ਸ਼ਿਕਾਇਤ
ਵੀ 18 ਸਾਲ ਪੁਰਾਣੇ ਕੇਸ ਨਾਲ ਸੰਬੰਧਤ ਸੀ, ਜਿਸਨੇ ਸ਼ਿਕਾਇਤ ਕੀਤੀ ਸੀ ਉਹ ਜੇਲ੍ਹ
ਵਿਚੋਂ ਸਜਾ ਭੁਗਤ ਕੇ ਆਇਆ ਸੀ।
ਲੋਕਾਂ ਨੂੰ ਗੁੱਸਾ ਸੀ ਕਿ ਇੱਕ ਸਜ਼ਾ
ਯਾਫ਼ਤਾ ਵਿਅਕਤੀ ਦੀ ਸ਼ਿਕਾਇਤ ਤੇ ਪੜਤਾਲ ਕਰਵਾਈ ਜਾ ਰਹੀ ਹੈ। ਫਿਰ ਅਖ਼ੀਰ ਗਿਆਨੀ
ਹਰਪ੍ਰੀਤ ਸਿੰਘ ਨੂੰ ਬਰਤਰਫ ਕਰ ਦਿੱਤਾ।
ਜੇਕਰ ਗਿਆਨੀ ਹਰਪ੍ਰੀਤ ਸਿੰਘ ਦੋਸ਼ੀ
ਸੀ ਤਾਂ ਸ੍ਰੀ ਅਕਾਲ ਤਖ਼ਤ ਦਾ ਐਕਟਿੰਗ ਜਥੇਦਾਰ ਕਿਉਂ ਬਣਾਇਆ ਗਿਆ ਸੀ?
ਹੁਣ ਅਚਾਨਕ ਉਹ ਗ਼ਲਤ ਕਿਵੇਂ ਹੋ ਗਿਆ, ਉਦੋਂ ਦੁੱਧ ਧੋਤਾ ਸੀ ਤੇ ਹੁਣ ਗ਼ਲਤ ਹੋ ਗਿਆ।
ਅਸਲ ਵਿੱਚ ਸ੍ਰ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਤੋਂ ਕਬਜ਼ਾ
ਛੱਡਣਾ ਨਹੀਂ ਚਾਹੁੰਦਾ। ਇਸ ਕਰਕੇ ਹੀ ਉਸਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ
ਦੀ ਅਵੱਗਿਆ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਦੀ ਭਰਤੀ ਲਗਪਗ ਪੂਰੀ ਕਰਵਾ
ਹੀ ਲਈ, ਜਦੋਂ ਕਿ ਇਹ ਭਰਤੀ ਅਕਾਲ ਤਖ਼ਤ ਵੱਲੋਂ ਬਣਾਈ ਗਈ ਕਮੇਟੀ ਦੀ ਨਿਗਰਾਨੀ ਹੇਠ
ਕਰਨੀ ਸੀ। ਇਸ ਕਮੇਟੀ ਦੇ ਮੁੱਖੀ ਹਰਜਿੰਦਰ ਸਿੰਘ ਧਾਮੀ ‘ਤੇ ਇਸ ਕਮੇਟੀ ਦੀ ਮੀਟਿੰਗ
ਨਾ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਸੀ।
ਹਫਤਾ ਪਹਿਲਾਂ ਧਾਮੀ ਸਾਹਿਬ ਨੇ
ਮੀਟਿੰਗ ਬੁਲਾਈ ਸੀ, ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਐਕਟਿੰਗ ਪ੍ਰਧਾਨ
ਬਲਵਿੰਦਰ ਸਿੰਘ ਭੁੰਦੜ ਨੂੰ ਸ਼ਾਮਲ ਹੋਣ ਲਈ ਭਰਤੀ ਸੰਬੰਧੀ ਪੱਖ ਪੇਸ਼ ਕਰਨ ਲਈ ਕਿਹਾ
ਸੀ ਪ੍ਰੰਤੂ ਪਹਿਲਾਂ ਤਾਂ ਉਨ੍ਹਾਂ ਰੁਝੇਵਿਆਂ ਦਾ ਬਹਾਨਾ ਲਾਇਆ, ਫਿਰ ਜਦੋਂ ਉਸਦੇ
ਕਹਿਣ ‘ਤੇ ਮੀਟਿੰਗ ਬੁਲਾਈ ਗਈ ਤਾਂ ਉਹ ਫਿਰ ਵੀ ਹਾਜ਼ਰ ਨਹੀਂ ਹੋਇਆ।
ਅਜਿਹੇ
ਹਾਲਾਤ ਵਿੱਚ ਕਮੇਟੀ ਦੇ ਮੁੱਖੀ ਹਰਜਿੰਦਰ ਸਿੰਘ ਧਾਮੀ ਅਤੇ ਗੁਰਪ੍ਰਤਾਪ ਸਿੰਘ ਵਡਾਲਾ
ਬਲਵਿੰਦਰ ਸਿੰਘ ਭੁੰਦੜ ਨੂੰ ਉਨ੍ਹਾਂ ਦੇ ਘਰ ਮਿਲਣ ਲਈ ਗਏ ਤਾਂ ਉਨ੍ਹਾਂ ਦੋ ਦਿਨ ਦਾ
ਸਮਾਂ ਲੈ ਲਿਆ। ਇਸ ਸਾਰੀ ਪ੍ਰਕ੍ਰਿਆ ਤੋਂ ਇਹ ਸਾਬਤ ਹੁੰਦਾ ਹੈ ਕਿ ਅਕਾਲੀ ਦਲ ਬਾਦਲ
ਸ੍ਰੀ ਅਕਾਲ ਤਖ਼ਤ ਦੇ ਹੁਕਮ ਮੰਨਣ ਲਈ ਤਿਆਰ ਨਹੀਂ। ਸਿਆਸੀ ਪੜਚੋਲਕਾਰ ਇਹ ਮਹਿਸੂਸ
ਕਰਦੇ ਹਨ ਕਿ ਸ੍ਰ ਸੁਖਬੀਰ ਸਿੰਘ ਬਾਦਲ ਨੂੰ ਸਭ ਤੋਂ ਵੱਡਾ ਦੁੱਖ ਉਨ੍ਹਾਂ ਦੇ ਮਰਹੂਮ
ਪਿਤਾ ਪ੍ਰਕਾਸ਼ ਸਿੰਘ ਬਾਦਲ ਤੋਂ ਫ਼ਖ਼ਰੇ ਕੌਮ ਦਾ ਖ਼ਿਤਾਬ ਵਾਪਸ ਲੈਣ ਦਾ ਹੈ।
ਇਹ ਵੀ ਪਤਾ ਲੱਗਾ ਹੈ ਕਿ ਉਹ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਨੂੰ
ਹਟਾਕੇ ਉਹ ਪਰਕਾਸ਼ ਸਿੰਘ ਬਾਦਲ ਦੇ ਫ਼ਖ਼ਰੇ ਕੌਮ ਵਾਲੇ ਫ਼ੈਸਲੇ ਨੂੰ ਰੱਦ ਕਰਵਾਉਣ ਦੀ
ਤਾਕ ਵਿੱਚ ਸਨ।
ਅੱਗੇ ਵੇਖੋ ਊਂਟ ਕਿਸ ਕਰਵਟ ਬੈਠਦਾ ਹੈ। ਪਰ ਇੱਕ ਗੱਲ
ਸ਼ਪਸ਼ਟ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਅਕਸ ਪਹਿਲਾਂ ਨਾਲੋਂ ਵੀ ਵਧੇਰੇ ਨੀਂਵਾਂ ਹੋ
ਗਿਆ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ
ਅਧਿਕਾਰੀ ਮੋਬਾਈਲ-94178 13072
ujagarsingh48@yahoo.com
|