WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
ਪ੍ਰਦੇਸਾਂ ਵਿੱਚ ਪੰਜਾਬੀ ਨੂੰ ਹੁਲਾਰਾ
ਸ਼ਿੰਦਰ ਪਾਲ ਸਿੰਘ

ਸਮੁੱਚੇ ਪੰਜਾਬ ਅਤੇ ਇਸਦੀ ਰਾਜਧਾਨੀ ਵਿੱਚ ਪੰਜਾਬੀ ਭਾਸ਼ਾ ਨੂੰ ਲੈ ਕੇ ਭਖ਼ੇ ਸੰਘਰਸ਼ ਬਾਰੇ ਇੱਕ ਗੱਲ ਤਾਂ ਭਲੀ ਭਾਂਤ ਸਪਸ਼ਟ ਹੋ ਗਈ ਹੈ ਕਿ ਪੰਜਾਬ ਦੇ ਲੋਕਾਂ ਵਿੱਚ ਆਪਣੀ ਭਾਸ਼ਾ ਪ੍ਰਤੀ ਉਹ ਪਿਆਰ, ਮਾਣ ਜਾਂ ਸੁਹਿਰਦਤਾ ਨਹੀਂ ਜੋ ਫ੍ਰਾਂਸੀਸੀਆਂ ਅਤੇ ਜਰਮਨਾਂ ਜਾਂ ਅੰਗਰੇਜ਼ਾਂ ਨੂੰ ਹੈ। ਹਾਲ ਹੀ ਦੀ ਪੰਜਾਬ ਫੇਰੀ ਦੌਰਾਨ ਇਸਦਾ ਸ਼ਿੱਦਤ ਭਰਿਆ ਅਹਿਸਾਸ ਹੋਇਆ। ਮਹਿਸੂਸ ਹੋਇਆ ਕਿ ਪੰਜਾਬੀ ਤਾਂ ਹੱਦ ਦਰਜੇ ਦੇ ਬੇ-ਪ੍ਰਵਾਹ ਅਤੇ ਅਵੇਸਲ਼ੇ ਹੋ ਗਏ ਹਨ। ਨਹੀੰ ਤਾਂ ਕੋਈ ਕਾਰਨ ਹੀ ਨਹੀਂ ਸੀ ਕਿ ਪੰਜਾਬੀ ਭਾਸ਼ਾ ਨੂੰ ਮੌਜੂਦਾ ਹਾਲਾਤਾਂ ਵਿੱਚ ਏਸ ਕਦਰ ਨਮੋਸ਼ੀ ਦਾ ਸਾਹਮਣਾ ਕਰਨ ਦੀ ਨੌਬਤ ਆਉਂਦੀ। ਅਕਾਲੀਆਂ ਦਾ 10 ਸਾਲ ਦੀ ਕੁੰਭ ਕਰਨੀ ਨੀਂਦ ਤੋਂ ਜਾਗਣਾ ਤੇ ਅੱਖਾਂ ਮਲ਼ਦਿਆਂ ਪੰਜਾਬੀ ਦਾ ਹੇਜ ਜਤਾਉਣਾ, ਕੇਂਦਰ 'ਚ ਆਪਣੀ ਭਾਈਵਾਲੀ ਵਾਲ਼ੀ ਸਰਕਾਰ ਦੇ ਗ੍ਰਹਿ ਮੰਤਰੀ ਅੱਗੇ ਗਿੜਗੜਾਉਣਾ, ਦੂਜੇ ਪਾਸੇ ਪੰਜਾਬ ਦੇ ਸ਼ਹਿਰਾਂ ਵਿੱਚ, ਪੰਜਾਬੀ ਪਰਿਵਾਰਾਂ ਵਿੱਚ, ਗ਼ੈਰ-ਸਰਕਾਰੀ ਤੇ ਨਿੱਜੀ ਸਕੂਲਾਂ ਵਿੱਚ ਅਤੇ ਬਿਜਲਈ ਮੀਡੀਏ ਉੱਤੇ ਹੋ ਰਹੀ ਪੰਜਾਬੀ ਦੀ ਦੁਰਵਰਤੋਂ ਬਾਰੇ ਕਦੇ ਵੀ ਕੋਈ ਉਜਰ ਨਾ ਕਰਨਾ, ਚੋਣਾਂ 'ਚ ਕਿਸੇ ਵੀ ਪਾਰਟੀ ਵਲੋਂ ਪੰਜਾਬੀ ਭਾਸ਼ਾ ਨੂੰ ਚੋਣ ਮਨੋਰਥ ਪੱਤਰ ਵਿੱਚ ਸ਼ਾਮਿਲ ਨਾ ਕਰਨਾ, ਆਪਣੇ ਆਪ ਵਿੱਚ ਅਹਿਮ ਮਿਸਾਲਾਂ ਹਨ। ਅਤੇ ਇਨ੍ਹਾਂ ਲਈ ਸਮੂਹਿਕ ਤੌਰ ਤੇ ਕਸੂਰਵਾਰ ਵੀ ਖੁਦ ਪੰਜਾਬੀ ਹੀ ਹਨ।

ਇੱਕ ਹੋਰ ਵੀ ਵੱਡੀ ਮੁਸ਼ਕਿਲ ਜਾਂ ਸਮੱਸਿਆ ਇਹ ਵੀ ਜਾਪਦੀ ਹੈ ਕਿ ਕਿਸੇ ਵੀ ਖੇਤਰੀ ਪਾਰਟੀ, ਸਿਰਕੱਢ ਸੰਸਥਾ ਅਤੇ ਵਿਸ਼ਵ-ਵਿਦਿਆਲੇ ਕੋਲ਼ ਪੰਜਾਬੀ ਭਾਸ਼ਾ ਦੇ ਮੁੱਦੇ ਉੱਤੇ ਕੋਈ ਵੀ ਜਾਂ ਇੱਕ ਵੀ ਅਜੰਡਾ ਨਹੀਂ ਜੋ ਦੇਸ਼-ਵਿਆਪਕ ਲਹਿਰ ਬਣਾ ਸਕੇ। ਭਾਵੇਂ ਕੁੱਝ ਹੀ ਸਾਲਾਂ ਵਿੱਚ ਪੰਜਾਬ ਦੇ ਵਿਸ਼ਵ-ਵਿਦਿਆਲੇ ਖੁੰਬਾਂ ਵਾਂਗ ਉੱਗ ਆਏ ਹਨ, ਪਰ ਇਨ੍ਹਾਂ ਵਿੱਚੋਂ ਇੱਕ ਨੂੰ ਵੀ ਪੰਜਾਬੀ ਭਾਸ਼ਾ ਨਾਲ਼ ਕਿਸੇ ਕਿਸਮ ਦਾ ਕੋਈ ਸਰੋਕਾਰ ਨਹੀਂ। ਸ਼ਾਇਦ ਪੰਜਾਬ ਅਤੇ ਪੰਜਾਬੀ ਵਿਸ਼ਵ-ਵਿਦਿਆਲੇ ਪੰਜਾਬੀ ਸਬੰਧੀ ਉਪ੍ਰਾਲੇ ਆਪੋ ਆਪਣੇ ਤਰੀਕੇ ਅਤੇ ਯਥਾਯੋਗ, ਸਾਧਨਾਂ ਨਾਲ਼ ਕਰ ਰਹੇ ਹੋਣ ਪਰ ਮੀਡੀਏ ਵਿੱਚ ਇਸਦੀ ਕੋਈ ਉੱਘ-ਸੁੱਘ ਨਹੀਂ।

ਪਰਦੇਸਾਂ 'ਚ ਬੈਠੇ ਪੰਜਾਬੀ ਤੇ ਪ੍ਰਵਾਸੀ ਪੰਜਾਬੀ ਮੀਡੀਆ ਪੰਜਾਬ 'ਚ ਪੰਜਾਬੀ ਲਈ ਹੋ ਰਹੇ ਯਤਨਾਂ ਤੋਂ ਬਿਲਕੁਲ ਅਣਜਾਣ ਹੈ। ਇਹ ਵੀ ਅਹਿਸਾਸ ਹੋਇਆ ਹੈ ਕਿ ਚੰਡੀਗੜ੍ਹ ਪੰਜਾਬੀ ਮੰਚ ਨੂੰ ਪੰਜਾਬ ਦੇ ਸਾਰੇ ਖੇਤਰਾਂ ਦੇ ਸਹਿਯੋਗ ਲਈ ਅਪੀਲ ਕਰਨ ਦੀ ਵੀ ਲੋੜ ਹੈ। ਇਸਦੇ ਨਾਲ਼ ਹੀ ਸਾਰੇ ਪੰਜਾਬੀਆਂ ਨੂੰ ਆਪਣੀ ਭਾਸ਼ਾ ਦੀ ਇਸ ਲਹਿਰ ਨੂੰ ਸੂਬਾਈ ਲਹਿਰ ਬਣਾਉਣ ਦੀ ਵੀ ਅਹਿਮ ਲੋੜ ਹੈ। ਗੱਲ ਸਿਰਫ ਚੰਡੀਗੜ੍ਹ ਤੱਕ ਹੀ ਸਿਮਟ ਕੇ ਨਹੀਂ ਰਹਿ ਜਾਣੀ ਚਾਹੀਦੀ। ਮੌਜੂਦਾ ਲੋਕਤੰਤਰ 'ਚ ਲੋੜ ਹੈ ਸਭ ਦੇ ਰਲ਼ ਮਿਲ਼ ਬੈਠਣ ਤੇ ਸਿਰ ਜੋੜ ਕੇ ਕੰਮ ਕਰਨ ਦੀ ਜਿਸਤੋਂ ਬਿਨਾ ਕੋਈ ਵੀ ਪ੍ਰਾਪਤੀ ਦੀ ਸੰਭਾਵਨਾ ਨਹੀਂ।

ਦੂਜੇ ਪਾਸੇ ਹੁਣ ਜ਼ਰਾ 'ਗਲੋਬ' ਦੇ ਦੂਜੇ ਸਿਰੇ ਵੱਲ੍ਹ ਨਜ਼ਰ ਮਾਰੀਏ ਤਾਂ ਆਸ ਦੀ ਕਿਰਨ ਦਾ ਝਲਕਾਰਾ ਪੈੰਦਾ ਹੈ। ਜਿੱਥੇ ਕੁੱਲ ਵੱਸੋਂ ਵਿੱਚ ਆਟੇ 'ਚ ਲੂਣ ਪੰਜਾਬੀਆਂ ਵਲੋਂ ਆਪਣੀ ਭਾਸ਼ਾ ਨੂੰ ਸੰਭਾਲ਼ ਤੋਂ ਵੀ ਅੱਗੇ ਪੰਜਾਬੀ ਦੇ ਪਰਸਾਰ ਲਈ ਯਤਨ ਨਿਰੰਤਰ ਜਾਰੀ ਹਨ। ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪਾਸਾਰ ਨੂੰ ਲੈ ਕੇ ਪੰਜਾਬੀ ਵਿਕਾਸ ਮੰਚ ਯੂ.ਕੇ ਨੇ ਸਮੁੱਚੇ ਪੰਜਾਬੀਆਂ, ਪੰਜਾਬੀ ਮੀਡੀਏ, ਸੰਸਥਾਵਾਂ, ਮੰਦਰਾਂ, ਪੰਜਾਬੀ ਸਕੂਲਾਂ ਅਤੇ ਗੁਰੂਘਰਾਂ ਦੇ ਸਹਿਯੋਗ ਨਾਲ਼ ਵੱਲੋਂ ਅਰੰਭੀ ਮੁਹਿੰਮ ਉਪ੍ਰੰਤ ਬੀ.ਬੀ.ਸੀ. ਵੱਲੋਂ ਆਪਣੇ ਵੈੱਬਸਾਈਟ ਅਤੇ ਨੈੱਟਵਰਕ ਤੇ ਪੰਜਾਬੀ ਨੂੰ ਸ਼ਾਮਲ ਕਰਨ ਦੇ ਐਲਾਨ ਨਾਲ਼ ਪੰਜਾਬੀ ਭਾਸ਼ਾ ਨੂੰ ਸੰਸਾਰ ਦੇ ਪਰਦੇ ਉੱਪਰ ਅਹਿਮ ਹੁਲਾਰੇ ਦੇ ਨਾਲ਼ ਨਾਲ਼ ਪੰਜਾਬੀਆਂ ਨੂੰ ਵੱਡਾ ਸਕੂਨ ਮਿਲ਼ਿਆ ਹੈ।

ਸਿਤਮ ਜ਼ਰੀਫ਼ੀ ਇਸ ਗੱਲ ਦੀ ਵੀ ਹੈ ਕਿ ਸੰਸਾਰ ਭਰ ਦੀਆਂ ਬਹੁਤ ਸਾਰੀਆਂ ਸੰਸਥਾਵਾਂ ਅਜਿਹੀਆਂ ਹਨ ਜਿਨ੍ਹਾਂ ਨੂੰ "ਮਾਤ-ਭਾਸ਼ਾ" ਦੀ ਕਦਰ ਅਤੇ ਮਨੁੱਖਾ ਜੀਵਨ ਵਿੱਚ ਇਸਦੀ ਅਹਿਮੀਅਤ ਦਾ ਅਹਿਸਾਸ ਹੀ ਨਹੀਂ। ਪਰ ਬਦਕਿਸਮਤੀ ਕਿ ਉਨ੍ਹਾਂ ਲੋਕਾਂ/ਕੌਮਾਂ ਨੂੰ ਇਸਦੀ ਕੋਈ ਕਦਰ ਹੀ ਨਹੀਂ ਜਿਨ੍ਹਾਂ ਦੀਆਂ ਭਾਸ਼ਾਵਾਂ ਨੂੰ ਪੈਦਾ ਹੋਏ ਖਤਰੇ ਬਾਰੇ ਯੁਨੈਸਕੋ ਵੀ ਫਿਕਰਮੰਦ ਹੈ ਤੇ ਗਾਹੇ-ਬਗਾਹੇ ਸੁਚੇਤ ਕਰਦਾ ਹੈ। ਅਤੇ ਨਾ ਅਜਿਹੀਆਂ ਸੁਹਿਰਦ ਸੰਸਥਾਵਾਂ ਵਲੋਂ ਆਪਦੀ ਭਾਸ਼ਾ ਦੀ ਸੰਭਾਲ਼ ਅਤੇ ਸਲਾਮਤੀ ਲਈ ਕੀਤੇ ਯਤਨਾਂ ਦੀ ਕੋਈ ਕਦਰ ਹੀ ਕੀਤੀ ਜਾਂਦੀ ਹੈ। ਇਸ ਸ਼ੁਮਾਰ ਵਿੱਚ ਪਹਿਲਾ ਨੰਬਰ ਜੇ ਪੰਜਾਬੀ ਕੌਮ ਦਾ ਮੰਨ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਬਹੁ-ਗਿਣਤੀ ਪੰਜਾਬੀ ਕੌਮ  'ਚ ਏਨਾ ਕੁ ਨਿਗਾਰ ਆ ਗਿਆ ਹੈ ਕਿ ਉਨ੍ਹਾਂ ਨੂੰ ਪਤਾ ਹੀ ਨਹੀਂ ਕਿ ਉਨ੍ਹਾਂ ਦੀ ਭਾਸ਼ਾ ਨਾਲ਼ ਸ਼ਰੇਆਮ "ਸਮੂਹਿਕ ਬਲਾਤਕਾਰ" ਹੋ ਰਿਹਾ ਹੈ। ਪਰ ਕਿਸੇ ਨੂੰ ਕੋਈ ਪ੍ਰਵਾਹ ਨਹੀਂ - ਕੋਈ ਫਿਕਰ ਜਾਂ ਕੋਈ ਹਿੰਮਤੀ ਉਪ੍ਰਾਲਾ ਨਜ਼ਰ ਨਹੀਂ ਆ ਰਿਹਾ।

ਪਰ ਹੁਣ ਬ੍ਰਤਾਨੀਆ ਵਿੱਚ ਪੰਜਾਬੀ ਭਾਸ਼ਾ ਨੂੰ ਇੱਕ ਹੋਰ ਵੀ ਬਹੁਤ ਹੀ ਉਤਸ਼ਾਹੀ ਖ਼ਬਰ ਸੁਣਨ ਵਿੱਚ ਆਈ ਹੈ। ਵੁਲਵਰਹੈਂਪਟਨ ਤੋਂ ਸਾਬਕਾ ਬ੍ਰਤਾਨਵੀ ਸੰਸਦ ਮੈਂਬਰ ਰੌਬ ਮੌਰਿਸ ਵਲੋਂ ਪਿੱਛੇ ਜਹੇ ਯੂ. ਕੇ. ਦੇ ਨਾਮਵਰ ਪੰਜਾਬੀ ਟੀ.ਵੀ. 'ਸਿੱਖ ਚੈਨਲ' ਤੇ ਇੱਕ ਭੇਂਟ ਵਾਰਤਾ ਦੌਰਾਨ, ਉਨ੍ਹਾਂ ਵੱਲੋਂ ਪੰਜਾਬੀ ਭਾਸ਼ਾ ਅਤੇ ਭਾਈਚਾਰੇ ਪ੍ਰਤੀ ਪਾਏ ਗਏ ਸਹਿਯੋਗ ਦੇ ਸਬੰਧ ਵਿੱਚ, ਇਨ੍ਹਾਂ ਸਤਰਾਂ ਦੇ ਸਿਰਜਕ ਦੁਆਰਾ ਪੁੱਛੇ ਗਏ ਇੱਕ ਸਵਾਲ ਦਾ ਜਵਾਬ ਦਿੰਦਿਆਂ ਇੱਕ ਅਹਿਮ ਖੁਲਾਸਾ ਕੀਤਾ ਗਿਆ ਜਿਸ ਵਿੱਚ ਦੱਸਿਆ ਗਿਆ ਕਿ ਬ੍ਰਤਾਨੀਆ ਵਿੱਚ ਹੋਣ ਵਾਲ਼ੀ ਅਗਲੀ ਮਰਦਮਸ਼ੁਮਾਰੀ ਦੀ "ਔਨ-ਲਾਈਵ" (ਇੰਟਰਨੈੱਟ ਰਾਹੀਂ) ਸੇਵਾ ਦੌਰਾਨ ਪੰਜਾਬੀ ਭਾਸ਼ਾ ਵਰਤੇ ਜਾਣ ਤੇ ਵੀ ਵਿਚਾਰ ਹੋ ਰਹੀ ਹੈ। ਰੌਬ ਮੌਰਿਸ ਮੁਤਾਬਕ ਕਾਗ਼ਜ਼ੀ ਸਰਵੇਖਣ ਵਾਸਤੇ ਪੰਜਾਬੀ ਦੀ ਵਰਤੋਂ ਦਾ ਮਾਮਲਾ ਮੁਸ਼ਕਿਲ ਤੇ ਕਾਫੀ ਗੁੰਝਲ਼ਦਾਰ ਹੈ ਪਰ ਔਨ-ਲਾਈਨ  ਵਾਸਤੇ ਪੰਜਾਬੀ ਦੀ ਵਰਤੋਂ ਨੂੰ ਸੁਖੇਰਿਆਂ ਬਣਾਇਆ ਜਾ ਸਕਦਾ ਹੈ। ਉਮੀਦ ਹੈ ਬਹੁਤ ਸਾਰੇ ਪੰਜਾਬੀ ਘਰ ਬੈਠੇ ਏਸ ਸੇਵਾ ਦਾ ਫ਼ਾਇਦਾ ਲੈ ਸਕਣਗੇ। ਪੰਜਾਬੀ ਭਾਈਚਾਰਾ ਮਰਦਮਸ਼ੁਮਾਰੀ ਲਈ ਆਪਣੀ ਭਾਸ਼ਾ ਵਿੱਚ ਆਪਣੇ ਵਿਚਾਰ, ਲੋੜਾਂ ਅਤੇ ਆਪੋ ਆਪਣੀ ਪਸੰਦ ਅਤੇ ਮਨਚਾਹੀ ਤਰਜੀਹ ਦਰਜ ਕਰਾ ਸਕਣਗੇ ਜੋ ਕਿ ਭਵਿੱਖ ਵਿੱਚ ਉਨ੍ਹਾਂ ਦੀ ਆਪਣੀ ਸ਼ਨਾਖ਼ਤ ਦੀ ਸਲਾਮਤੀ ਵਾਸਤੇ ਬਹੁਤ ਹੀ ਮਹੱਤਵਪੂਨ ਹੈ।

ਪੰਜਾਬ ਵਾਸੀਆਂ ਨੂੰ ਵੀ ਇਨ੍ਹਾਂ ਯਤਨਾਂ ਅਤੇ ਪ੍ਰਪਤੀਆਂ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ। ਸਭ ਦੀ ਕੋਸ਼ਿਸ਼ ਹੋਵੇ ਕਿ ਉਹ ਪੰਜਾਬੀ ਨੂੰ ਬਣਦਾ ਸਥਾਨ ਦਿਵਾਉਣ ਲਈ ਆਪਣੇ ਸੰਘਰਸ਼ ਨੂੰ ਪ੍ਰਚੰਡ ਕਰਨ ਲਈ ਹਰ ਸੰਭਵ ਉੱਦਮ ਕਰਨ। ਪੰਜਾਬ ਦੇ ਲੋਕਾਂ ਵਲੋਂ ਆਪਣੇ ਪ੍ਰਵਾਸੀ ਸਾਥੀਆਂ ਤੋਂ ਸਬਕ ਲੈਂਦਿਆਂ ਆਪਣੀ ਭਾਸ਼ਾ ਦੇ ਬਣਦੇ ਮਾਣ ਸਤਿਕਾਰ ਅਤੇ ਪੂਰੇ ਸੂਬੇ ਵਿੱਚ ਪੰਜਾਬੀ ਨੂੰ ਲਾਗੂ ਕਰਨ ਲਈ ਮੁਹਿੰਮ ਤੇਜ਼ ਕਰਨ ਦੀ ਲੋੜ ਹੈ। ਹੁਣ ਸਮਾਂ ਨਹੀਂ ਕਿ ਕਬੂਤਰ ਵਾਂਗ ਅੱਖਾਂ ਮੀਟੀ ਬੈਠਿਆ ਜਾਵੇ। ਲੀਡਰਾਂ ਨੂੰ ਕੁੰਭਕਰਨੀ ਨੀਂਦ ਤੋਂ ਜਗਾਉਣ ਦੀ ਲੋੜ ਹੈ। "ਆਖਰ ਕੋਈ ਤਾਂ ਉੱਠੇ ਐਨਿਆਂ 'ਚੋਂ ਕੋਈ ਸੂਰਮਾ।" ਪੰਜਾਬੀ ਦੇ ਬਣਦੇ ਸਤਿਕਾਰ ਅਤੇ ਬਹਾਲੀ ਦੀ ਮੰਗ ਸਮੇਂ ਦੀ ਅਹਿਮ ਲੋੜ ਹੈ ਅਤੇ ਹਰ ਪੰਜਾਬੀ ਨੂੰ ਸੁਹਿਰਦਤਾ, ਪ੍ਰਤੀਬੱਧਤਾ ਅਤੇ ਗੰਭੀਰਤਾ ਦੀ ਵੀ।

ਉਪ੍ਰੋਕਤ ਵਿਸ਼ੇ ਅਤੇ ਉਤਸ਼ਾਹ ਪੂਰਨ ਖ਼ਬਰਾਂ ਦੇ ਨਾਲ਼ ਨਾਲ਼ ਹੀ ਪੰਜਾਬੀ ਭਾਈਚਾਰੇ ਅਤੇ ਦਾਨਿਸ਼ਵਰ ਵਰਗ ਲਈ ਇੱਕ ਅਹਿਮ ਚੁਣੌਤੀ ਵੀ ਪੈਦਾ ਹੋ ਗਈ ਹੈ। ਇਸ ਉਤਸ਼ਾਹ ਦੇ ਪ੍ਰਛਾਵੇਂ ਥੱਲੇ ਪੰਜਾਬੀ ਭਾਈਚਾਰੇ ਵਿੱਚ ਕੰਪਿਊਟਰ-ਹੁਨਰ (IT Skills) ਦੀ ਵੱਡੀ ਘਾਟ ਕਾਰਨ ਨੂੰ ਲੈ ਕੇ, ਇੱਕ ਡਰ ਵੀ ਪਨਪ ਰਿਹਾ ਹੈ ਕਿ ਵੱਡੀ ਗਿਣਤੀ ਪੰਜਾਬੀ ਜਨ-ਸੰਖਿਆ ਨੂੰ ਇਨ੍ਹਾਂ ਸਹੂਲਤਾਂ ਦਾ ਕੋਈ ਲਾਭ ਨਹੀਂ ਹੋਣਾ। ਇਸ ਲਈ ਧਾਰਮਿਕ, ਸਾਹਿਤਕ, ਖੇਡ, ਵਪਾਰਕ, ਵਿੱਦਿਅਕ ਅਤੇ ਮੀਡੀਆ ਸੰਸਥਾਵਾਂ ਨੂੰ ਬੀਬੀਸੀ  ਅਤੇ ਔਨ-ਲਾਈਨ  ਮਰਦਮਸ਼ੁਮਾਰੀ ਲਈ ਪੰਜਾਬੀ ਦੀਆਂ ਸਹੂਲਤਾਂ ਲੈਣ ਵਾਸਤੇ ਕੰਪਿਊਟਰ ਉੱਤੇ ਪੰਜਾਬੀ ਵਰਤਣੀ ਸਿੱਖਣ ਵਾਸਤੇ ਭਾਈਚਾਰੇ ਨੂੰ ਜਾਗਰੂਕ ਕਰਨ ਦੀ ਸਖ਼ਤ ਲੋੜ ਹੈ। ਭਾਵੇਂ ਪੰਜਾਬੀ ਵਿਕਾਸ ਮੰਚ, ਯੂ.ਕੇ. ਵੱਲੋਂ ਕੰਪਿਊਟਰ ਤੇ ਪੰਜਾਬੀ ਦੀ ਵਰਤੋਂ ਸਿਖਾਉਣ ਵਾਸਤੇ ਵਿਸ਼ੇਸ਼ ਤੌਰ ਤੇ ਮੁਫ਼ਤ ਸਿਖਲਾਈ ਕੈਂਪਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ, ਪਰ ਇਸਦਾ ਸਾਰਥਕ ਪ੍ਰਭਾਵ ਨਜ਼ਰ ਨਹੀਂ ਆ ਰਿਹਾ। ਇਸਦਾ ਸਿਹਰਾ ਪੰਜਾਬੀ ਭਾਈਚਾਰੇ ਨੂੰ ਆਵਦੇ ਸਿਰ ਹੀ ਬੰਨ੍ਹਣਾ ਪਵੇਗਾ।

ਯਾਦ ਰਹੇ ਅੱਜ ਕੰਪਿਊਟਰ ਦਾ ਯੁੱਗ ਹੈ। ਜਿੱਥੇ ਅਸੀਂ ਪੰਜਾਬੀ ਨੂੰ ਦੂਜੀਆਂ ਭਾਸ਼ਾਵਾਂ ਦੇ ਬਰਾਬਰ ਦੇਖਣ ਦੇ ਚਾਹਵਾਨ ਹਾਂ, ਉੱਥੇ ਖ਼ੁਦ ਨੂੰ ਵੀ ਕੰਪਿਊਟਰ ਦੇ ਆਦੀ/ਹਾਣੀ ਬਣਾਉਣਾ ਪਵੇਗਾ। ਨਵੇਂ ਪੰਜਾਬੀ ਹੁਨਰ ਖ਼ੁਦ ਨੂੰ ਅਤੇ ਬੱਚਿਆਂ ਨੂੰ ਵੀ ਸਿਖਾਉਣੇ ਪੈਣਗੇ। ਪੰਜਾਬੀ ਐਸ ਵੇਲੇ ਦੁਨੀਆਂ ਦੀਆਂ ਤਕਨੀਕੀ ਭਾਸ਼ਾਵਾਂ ਵਿੱਚ ਯੂਨੀਕੋਡ ਪ੍ਰਣਾਲੀ ਸਦਕਾ ਆਪਣੀ ਪੱਕੀ ਥਾਂ ਬਣਾ ਚੁੱਕੀ ਹੈ। ਪੰਜਾਬੀ ਦੀ ਆਉਣ ਵਾਲ਼ੀਆਂ ਪੀੜ੍ਹੀਆਂ ਦੇ ਦਿਲਾਂ ਵਿੱਚ ਪੱਕੀ ਜਗਾਹ ਬਣਾਉਣਾ ਸਭ ਦਾ ਸਾਂਝਾ ਨਿਸ਼ਾਨਾ ਹੋਵੇ। ਏਸੇ ਹੀ ਵੈੱਬਸਾਈਟ ਤੇ ਯੂਨੀਕੋਡ ਪ੍ਰਣਾਲੀ ਬਾਰੇ ਵਿਸਥਾਰ ਸਹਿਤ ਜਾਣਕਾਰੀ ਪੇਸ਼ ਕੀਤੀ ਗਈ ਹੈ। ਜਿਸ ਨੂੰ ਪੜ੍ਹਨਾ ਅਤੇ ਵਰਤੋੰ 'ਚ ਲਿਆਉਣਾ ਹਰ ਪੰਜਾਬੀ ਦਾ ਨੈਤਿਕ ਫਰਜ ਹੋਵੇ।

ਅੰਤ 'ਚ ਸਿਰਫ ਏਨਾ ਕਿ ਪੰਜਾਬੀ ਦਾ ਭਵਿੱਖ ਤਾਂ ਹੀ ਰੋਸ਼ਨ ਹੋਵੇਗਾ ਜੇ ਸਾਡੇ ਅੰਦਰ ਜਗਿਆਸੂ ਲੋਅ ਹੋਵੇਗੀ। ਅਸੀਂ ਪੰਜਾਬੀ ਨੂੰ ਕਿੱਸਿਆਂ ਦੇ ਹਨੇਰੇ 'ਚੋਂ ਕੱਢ ਕੇ ਕੰਪਿਊਟਰ ਦੀ ਰੋਸ਼ਨੀ 'ਚ ਲੈ ਆਈਏ। ਇਸਨੂੰ ਤਕਨੀਕੀ ਭਾਸ਼ਾ ਦੇ ਤੌਰ ਤੇ ਜਾਣੀਏ, ਸਮਝੀਏ, ਸਿੱਖੀਏ, ਅਤੇ ਵਰਤੀਏ ਤੇ ਮੁਹਾਰਤ ਹਾਸਲ ਕਰੀਏ ਜਰਮਨਾਂ, ਫ਼੍ਰਾਂਸੀਸੀਆਂ ਤੇ ਚੀਨੀਆਂ ਵਾਂਗ। ਆਪਣੇ ਅਤੇ ਆਪਣੀ ਭਾਸ਼ਾ ਦੇ ਸ੍ਵੈ-ਮਾਣ ਨੂੰ ਨਵੇਂ ਦਿਸਹੱਦਿਆਂ ਤੱਕ ਪਹੁੰਚਾਈਏ। ਆਪਣੀ ਭਾਸ਼ਾ ਤੇ ਮਾਣ ਕਰੀਏ ਅਤੇ ਗਰਵ ਨਾਲ਼ ਸਿਰ ਉੱਚਾ ਕਰ ਕੇ ਤੁਰੀਏ।

09/08/17


ਆਪਣੇ ਵਿਚਾਰ ਸਾਨੂੰ ਲਿਖੋ (info@5abi.com)

ਹੋਰ ਜਾਣਕਾਰੀ ਭਰਪੂਰ ਕੜੀਆਂ

ਕਥਾ ਪੰਜਾਬੀ ਯੂਨੀਕੋਡ ਦੀ  - ਸ਼ਿੰਦਰ ਪਾਲ ਸਿੰਘ
ਵਾਇਰਸ ਨੂੰ ‘ਬਿਗੜ’ ਨਾ ਬਣਾਓ
ਡਾ ਸੀ ਪੀ ਕੰਬੋਜ
ਸੱਚ ਸੋਹੇ ਸਿਰ ਪੱਗ ਜਿਓਂ
ਹੁਣ ਬੱਚੇ ਸਿੱਖਣਗੇ ਉਂਗਲੀ ਦੀ ਛੋਹ ਰਾਹੀਂ ਪੰਜਾਬੀ
ਪੰਜਾਬੀ ਫੌਂਟਾਂ ਨਾਲ ਜੁੜੇ ਮਸਲੇ

ਪੰਜਾਬੀ ਭਾਸ਼ਾ ਦੇ ਵਿਕਾਸ ਵਿੱਚ ਯੂਨੀਕੋਡ ਪ੍ਰਣਾਲੀ ਦੀ ਮਹਤੱਤਾ

ਡਾ. ਥਿੰਦ ਵਲੋਂ ਹੁਣ ਕੰਪੂਟਰ ਲਈ ਯੂਨੀਕੋਡ ਗੁਰਮੁਖੀ ਅੱਖਰਮਾਲਾ ਦਾ ਪਹਿਲਾ ਸੈਟ ਤਿਆਰ।
ਪੰਜਾਬੀ ਸੌਫਟਵੇਅਰਜ਼ ਦਾ ਪੂਰਾ ਲਾਭ ਨਹੀਂ ਲੈ ਰਹੇ ਲੋਕ
ਯੂਨੀਕੋਡ ਪ੍ਰਣਾਲੀ (Unicode System)
ਪੰਜਾਬੀ ਦੀਆਂ ਦੁਸ਼ਵਾਰੀਆਂ ਤੇ ਆਸ ਦੀ ਕਿਰਨ
ਪੰਜਾਬੀ ਦਾ ਕੰਪਿਊਟਰ ਕੀ-ਬੋਰਡ – ਇੱਕ ਚੁਣੌਤੀ
ਪੰਜਾਬੀ ਭਾਸ਼ਾ - ਦੁਰਦਸ਼ਾ ਦੀ ਦਾਸਤਾਨ

ਪੰਜਾਬੀ:XL ਡਾਊਨਲੋਡ

ਪੰਜਾਬੀ ਭਾਸ਼ਾ ਚੇਤਨਾ

ਪੰਜਾਬੀ:XL ਸਿਖਲਾਈ ਕੋਰਸ

ਭਾਸ਼ਾ ਬਾਰੇ ਟੀ ਵੀ ਵਿਚਾਰ ਵਿਮਰਸ਼

ਮਾਤ ਭਾਸ਼ਾ ਮੰਥਨ



Terms and Conditions
Privacy Policy
© 1999-2017, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2017, 5abi.com