ਕਥਾ ਪੰਜਾਬੀ ਯੂਨੀਕੋਡ ਦੀ
ਸ਼ਿੰਦਰ ਪਾਲ ਸਿੰਘਭਾਗ 1
ਸੱਭ
ਤੋਂ ਮੁੱਢਲੀ ਅਤੇ ਅਹਿਮ ਗੱਲ: ਇਸ ਹਕੀਕਤ ਨੂੰ ਚੰਗੀ ਤਰਾਂ ਸਮਝ ਕੇ, ਦਿਮਾਗ਼ ‘ਚ
ਬਿਠਾ ਲੈਣਾ ਲਾਜ਼ਮੀ ਹੈ ਕਿ “ਯੂਨੀਕੋਡ ਕਿਸੇ ਅੱਖਰ ਦਾ ਨਾਮ ਨਹੀਂ - ਇਹ ਇੱਕ ਮਿਆਰੀ
ਲਿਖਤ-ਵਿਧਾਨ ਦਾ ਨਾਮ ਹੈ।”
ਯੂਨੀਕੋਡ ਵਿਧਾ ਦੁਆਰਾ ਵਰਤੀ ਜਾਣ ਵਾਲ਼ੀ ਹਰ ਭਾਸ਼ਾ ਦਾ ਆਪਣਾ ਵਿਸ਼ੇਸ਼ - ਪੱਕਾ -
ਨਿਯਮਤ - ਮਿਆਰੀ ਵਿਧਾਨ ਜਿਸਦੀ ਵਰਤੋਂ ਦੁਨੀਆਂ ਭਰ ਦੇ ਹਰ ਕੰਪਿਊਟਰ ਉੱਤੇ ਇੱਕ
ਸਮਾਨ ਹੈ। ਇਸ ਵਿੱਚ ਕਿਸੇ ਵੀ ਕਿਸਮ ਦਾ ਰੱਤੀ ਭਰ ਬਦਲਾਵ ਜਾਂ ਤਬਦੀਲੀ ਦੀ ਉੱਕਾ ਹੀ
ਗੁਜਾਇਸ਼ ਨਹੀਂ। ਮੌਜੂਦਾ ਵਿਗਿਆਨਕ ਯੁੱਗ ਵਿੱਚ ਅਨੇਕਾਂ ਭਾਸ਼ਾਵਾਂ ਦੀ ਵਰਤੋਂ ਨੂੰ,
ਕੰਪਿਊਟਰ ਤੇ, ਸੁਖੇਰਿਆਂ ਬਣਾਉਣ ਵਾਸਤੇ ਅਮਰੀਕਾ ਦੇ ਯੂਨੀਕੋਡ ਕੰਸੋਰਟੀਅਮ
ਦੀ ਇਹ ਅਹਿਮ ਅਤੇ ਮਹਾਨ ਦੇਣ ਹੈ। ਜਿਸਦੇ ਉੱਦਮ ਸਦਕਾ ਦੁਨੀਆਂ ਦੀ ਲਗਭਗ ਹਰ ਭਾਸ਼ਾ
ਨੂੰ ਯੂਨੀਕੋਡ ਵਿਧਾਨ ਦਾ ਜਾਮਾ ਪਹਿਨਾਅ ਕੇ ਉਸਦਾ ਕੰਪਿਊਟਰ ਜਗਤ ਵਿੱਚ ਪੱਕਾ ਅਤੇ
ਇੱਕਸਾਰ ਵਿਧਾਨ ਬਣਾਇਆ ਜਾ ਚੁੱਕਾ ਹੈ। ਇਸ ਤੋਂ ਵੀ ਅਹਿਮ ਗੱਲ ਇਹ ਕਿ ਦੁਨੀਆਂ ਦੇ
ਕੰਪਿਊਟਰ ਖੇਤਰ ਵਿੱਚ ਸੰਸਾਰ ਦੀਆਂ ਨਾਮਵਰ ਕੰਪਨੀਆਂ ਮਾਈਕ੍ਰੋਸੌਫਟ ਅਤੇ ਐਪਲ ਦੇ
ਕੰਪਿਊਟਰਾਂ ਤੇ ਵੀ ਇਹ ਲਿਖਤ-ਵਿਧਾਨ ਹੁਣ ਆਮ ਉਪਲਬਧ ਹੈ। ਐਪਰ ਇਸ ਵਿਧਾਨ/ਪ੍ਰਣਾਲ਼ੀ,
ਯੂਨੀਕੋਡ, ਨੂੰ ਸਮਝਣਾ ਹੀ ਪੰਜਾਬੀਆਂ ਲਈ ਵੱਡੀ ਸਮੱਸਿਆ ਬਣਿਆ ਪਿਆ ਹੈ।
ਕੀ-ਬੋਰਡ ਕੀ ਹੈ? : ਮਹਾਂ-ਸਮੱਸਿਆ ਦੇ ਧੁਰ ਤੱਕ ਜਾਣ ਲਈ ਸੱਭ ਤੋਂ
ਪਹਿਲਾਂ ਕੀ-ਬੋਰਡ (ਵਰਣਪਟ) ਬਾਰੇ ਜਾਨਣਾ ਤੇ ਸਮਝਣਾ ਲਾਜ਼ਮੀ ਹੈ। ‘ਕੀ-ਬੋਰਡ’ ਤੋਂ
ਭਾਵ ਹੈ “ਇੱਕ ਮਸ਼ੀਨ, ਕੰਪਿਊਟਰ ਚਾਲਕ ਅਤੇ ਇੱਕ ਮਿਆਰੀ, ਨਿਯਮਤ ਲਿਖਤ-ਵਿਧਾਨ”
(Layout – Code mapping)। ਆਮ ਪੰਜਾਬੀਆਂ ਵਿੱਚ ਅੱਖਰਾਂ (Fonts ਜਾਂ ਵਰਣਮੁਖ),
ਚਾਲਕ (Keyboard) ਅਤੇ ਲਿਖਤ-ਵਿਧਾਨ (Mapping/Layout) ਸਬੰਧੀ ਬਹੁਤ ਵੱਡਾ ਅਤੇ
ਜਟਿਲ ਭੁਲੇਖਾ ਹੈ। ਜਿਹੜੇ ਲੋਕ ਅੱਖਰਾਂ (ਵਰਣਮੁਖ) ਅਤੇ ਕੀ-ਬੋਰਡ (ਵਰਣਪਟ) ਨੂੰ
ਇੱਕੋ ਹੀ ਸਮਝ ਰਹੇ ਹਨ ਉਨ੍ਹਾਂ ਦਾ ਭੁਲੇਖਾ ਦੂਰ ਕਰਨਾ ਨਿਹਾਇਤ ਹੀ ਜ਼ਰੂਰੀ ਹੈ। “ਕੀ
ਲਿਖਾਰੀ, ਕੀ ਪਾਠਕ, ਕੀ ਪੱਤ੍ਰ-ਪ੍ਰੇਰਕ, ਕੀ ਅਧਿਆਪਕ, ਗੱਲ ਕੀ ਸਾਰੇ ਹੀ ਇਨ੍ਹਾਂ
ਤਿੰਨਾਂ ਨੂੰ ਇੱਕੋ ਗੱਲ/ਚੀਜ਼ ਹੀ ਸਮਝੀ ਜਾ ਰਹੇ ਹਨ ਤੇ ਵਾਰ ਵਾਰ ਏਸੇ ਭੁਲੇਖੇ ਦਾ
ਸ਼ਿਕਾਰ ਹਨ।” ਵਾਰ ਵਾਰ ਸਮਝਾਉਣ ਤੇ ਵੀ ਬਹੁਤਿਆਂ ਨੂੰ ਇਸਦੀ ਸਮਝ ਨਹੀਂ ਆ ਰਹੀ।
ਬਹੁਤ ਸਾਰੇ ਸੂਝਵਾਨ ਜੋ ਕਿਸੇ ਲਿਖਣ-ਵਿਧਾ ਨੂੰ ਅੱਖਰ ਹੀ ਸਮਝੀ ਬੈਠੇ ਹਨ, ਅਤੇ ਹਰ
ਵਾਰ ਅੱਖਰਾਂ (Fonts, ਵਰਣਮੁਖ) ਦੀ ਗੱਲ ਕਰ ਰਹੇ ਹਨ, ਉਹ ਇਹ ਜਾਣਦੇ ਹੀ ਨਹੀਂ,
ਜਾਂ ਸਮਝ ਨਹੀਂ ਰਹੇ ਕਿ, ਉਹ ਕਿਸੇ ਵਿਸ਼ੇਸ਼ ਲਿਖਤ-ਵਿਧਾਨ ਦੀ ਗੱਲ ਕਰ ਰਹੇ ਹਨ।
ਪੰਜਾਬੀ ਦੇ ਬਹੁਤੇ ਕੀ-ਬੋਰਡ ਅਰਥਾਤ ਲਿਖਤ-ਵਿਧਾਨਾਂ, ਜੋ ਲੋਕਾੰ ਦੀ ਸਮਝ ਮੁਤਾਬਿਕ
ਸਿਰਫ ਅੱਖਰ ਹੀ ਹਨ, ਦੇ ਨਿਯਮ ਅਰਥਾਤ ਵਰਤਣ-ਵਿਧੀ ਵੱਖਰੀ ਵੱਖਰੀ ਹੈ , ਭਾਵ ਆਪੋ
ਆਪਣੀ ਹੈ। ਕਿਸੇ ਦਾ ਵੀ ਕਿਸੇ ਨਾਲ਼ ਕੋਈ ਮੇਲ਼ ਜੋਲ਼, ਸਮਾਨਤਾ ਨਹੀਂ ਹੈ ਜਿਸ ਕਰਕੇ
ਕਿਸੇ ਇੱਕ ਵਿਧਾਨ ਦੀ ਲਿਖਤ ਦੂਜੇ ਤੋਂ ਪੜ੍ਹੀ ਨਹੀਂ ਜਾ ਸਕਦੀ।
ਏਹ ਵਜਾਹ ਹੀ ਜਟਿਲ ਸਮੱਸਿਆ, ਭਾਵ ਨਾ-ਸਮਝੀ ਦੇ ‘ਮਹਾਂ ਘੜਮੱਸ’ ਦਾ ਕਾਰਨ ਬਣੀ
ਹੋਈ ਹੈ। ਰਹਿੰਦੀ ਖੂੰਹਦੀ ਕਸਰ ‘ਪੰਜਾਬੀ ਦੇ ਅਖ਼ੌਤੀ ਕੰਪਿਊਟਰ ਮਾਹਰਾਂ ਨੇ ਕੱਢ
ਦਿੱਤੀ ਹੈ’। ਉਨ੍ਹਾਂ ਨੇ ਰੋਗ ਦੀ ਗੁੰਝਲ਼ ਨੂੰ ਸਮਝਣ ਅਤੇ ਸੁਲਝਾਉਣ ਦੀ ਬਜਾਏ,
ਮਨ-ਚਾਹੇ ਅਣਮਿਆਰੀ ਕੀ-ਬੋਰਡ ਬਣਾ ਕੇ, ਬਲ਼ਦੀ ਲਈ ਹਵਾ ਦਾ ਕੰਮ ਕੀਤਾ ਹੈ। ਸਭ ਤੋਂ
ਪਹਿਲਾਂ ਏਸ ਸਮੱਸਿਆ ਨੂੰ ਜਾਨਣਾ, ਸਮਝਣਾ ਅਤੇ ਦੂਰ ਕਰਨਾ ਹਰ ਪੰਜਾਬੀ ਭਾਸ਼ਾ ਦੇ
ਵਰਤੋਂਕਾਰ ਲਈ ਪਹਿਲੀ ਸ਼ਰਤ ਹੈ। ਇਹ ਵੀ ਵਿਸ਼ੇਸ਼ ਤੌਰ ਤੇ ਜ਼ਿਕਰ ਅਤੇ ਯਾਦ ਰੱਖਣ ਯੋਗ
ਹੈ ਕਿ ‘ਪੰਜਾਬੀ ਦੇ ਅੱਖਰਾਂ; ਅਨਮੋਲ ਲਿੱਪੀ, ਧਨੀ ਰਾਮ ਚਾਤ੍ਰਿਕ
ਜਾਂ ਅਮਰ ਲਿੱਪੀ ਆਦਿ ਹੋਰ ਅਨੇਕਾਂ ਨਾਵਾਂ ਦੇ ਵਰਣਮੁਖਾਂ (Fonts)
ਦੀ ਤੁਲਣਾ ਅੰਗ੍ਰੇਜ਼ੀ ਦੇ ਵਰਣਮੁਖਾਂ Ariel, Times New
Roman, Comic Sans, Tahoma ਜਾਂ Verdana ਨਾਲ਼ ਨਹੀਂ ਕੀਤੀ ਜਾ ਸਕਦੀ।’
ਇਸਦੇ ਪਿੱਛੇ ਦਾ ਖ਼ਾਸ ਤਰਕ ਵੀ ਬਹੁਮਤ ਦੇ ਸੌਖਿਆਂ ਸਮਝ ਪੈਣ ਵਾਲ਼ਾ ਨਹੀਂ ਹੈ।
ਅੰਗ੍ਰੇਜ਼ੀ ਦੇ ਇਨ੍ਹਾਂ ਅਤੇ ਹੋਰ ਸੈਂਕੜੇ ਵਰਣਮੁਖਾਂ ਦੇ ਨਾਮ ਅਤੇ ਸ਼ਕਲਾਂ ਵੱਖਰੀਆਂ
ਹੋਣ ਦੇ ਬਾਵਜੂਦ ਵੀ ਇਨ੍ਹਾਂ ਦਾ ਲਿਖਤ-ਵਿਧਾਨ, ਚਾਲਕ, ਭਾਵ ਕੀ-ਬੋਰਡ ਇੱਕ ਹੈ ਅਤੇ
ਹਰ ਥਾਂ ਇੱਕ ਸਮਾਨ ਹੈ। ਇਸਦਾ ਇੱਕ ਮਿਆਰ (Standard) ਹੈ। ਆਮ ਕਰਕੇ ਇਸਨੂੰ ਸਾਰੇ
‘ਰੋਮਨ ਕੀ-ਬੋਰਡ’ ਦੇ ਨਾਮ ਨਾਲ਼ ਭਲੀ ਭਾਂਤ ਜਾਣਦੇ ਹਨ। ਜਦ ਕਿ ਪੰਜਾਬੀ ਵਰਣਮੁਖਾਂ
ਵਿੱਚ ਐਸੀ ਕੋਈ ਸਾਂਝ, ਬਰਾਬਰਤਾ ਜਾਂ ਸਮਾਨਤਾ ਬਿਲਕੁਲ ਹੀ ਨਹੀਂ। ਜਿਸਨੇ ਪੰਜਾਬੀ
ਤੇ ਪੰਜਾਬੀਆਂ ਦੀ ਨੀਂਦ ਦੁਸ਼ਵਾਰ ਕਰ ਰੱਖੀ ਹੈ। ਇਸ ਨਾ-ਸਮਝੀ ਕਾਰਨ ਕੀ ਸਮਝਦਾਰ ਤੇ
ਕੀ ਅਣਜਾਣ ਸਭ ਆਪੋ ਆਪਣੀ ਪ੍ਰੇਸ਼ਾਨੀ ਨਾਲ਼ ਜੂਝ ਰਹੇ ਹਨ। ਸਭ ਤੋਂ ਪਹਿਲਾਂ ਏਸ ਅਤਿ
ਗੁੰਝਲ਼ਦਾਰ ਅਤੇ ਮਹਾਂ-ਸਮੱਸਿਆ ਨੂੰ ਜਾਨਣ ਅਤੇ ਸਮਝਣ ਲਈ ਬਹੁਤ ਜ਼ਰੂਰੀ ਹੈ ਕਿ ਇਸ ਦੀ
ਜੜ੍ਹ ਤੱਕ ਪਹੁੰਚਿਆ ਜਾਵੇ। ਆਓ ਹੁਣ ਹੋਰ ਵੀ ਸਮਝੀਏ ਗੁੱਝੀਆਂ ਰਮਜ਼ਾਂ:
ਬਿਮਾਰੀ ਅਤੇ ਦੋਸ਼: ਰੋਮਨ ਕੀ-ਬੋਰਡ (ਲਿਖਤ-ਵਿਧਾਨ) ਦੇ ਸਬੰਧ ਵਿੱਚ
ਉੱਪਰ ਦਿੱਤਾ ਗਿਆ ਤਰਕ ਹੀ ਇਸਦੀ ਕਾਮਯਾਬੀ ਦਾ ਕਾਰਨ ਹੈ। ਜਦ ਇਕ ਇਸਦੇ ਉਲਟ ਪੰਜਾਬੀ
ਦੇ ਅਨੇਕਾਂ ਲਿਖਤ-ਵਿਧਾਨ, ਕੀ-ਬੋਰਡ (ਵਰਣਪਟ), ਹੋਣ ਕਾਰਨ ਪੰਜਾਬੀ ਨੂੰ ਕੰਪਿਊਟਰ
ਤੇ ਵਰਤਣ ਵਿੱਚ ਨਿਤਾ ਪ੍ਰਤੀ ਦੁਸ਼ਵਾਰੀਆਂ ਵਿੱਚੋਂ ਗੁਜ਼ਰਨਾ ਪੈ ਰਿਹਾ ਹੈ। ਵੱਡਿਆਂ
ਅਤੇ ਪੜ੍ਹੇ ਲਿਖਿਆਂ ਨੂੰ ਦਰਪੇਸ਼ ਮਸਲੇ ਆਉਣ ਵਾਲ਼ੀ ਪੀੜ੍ਹੀਆਂ ਲਈ ਬੁਹਤ ਖ਼ਤਰਨਾਕ ਹਨ।
ਇਸ ਸੰਗੀਨ ਜੁਰਮ ਵਿੱਚ ਸਭ ਤੋਂ ਵੱਡਾ ਅਤੇ ਪਹਿਲਾ ਦੋਸ਼ੀ ਭਾਰਤ ਦਾ ‘ਸੂਚਨਾ ਅਤੇ
ਸੰਚਾਰ ਵਿਭਾਗ' ਹੀ ਹੈ ਜਿਸਨੇ ਪੰਜਾਬੀ ਦਾ ਇੰਸਕ੍ਰਿਪਟ ਕੀਬੋਰਡ ਬਣਾ
ਕੇ ਇਸਨੂੰ ਲੋਕਾਂ ਤੱਕ ‘ਨਿਰਮਾ ਵਾਸ਼ਿੰਗ ਪਾਊਡਰ’ ਵਾਂਗ ਪਹੁੰਚਾਉਣ ਦੀ ਕੋਸ਼ਿਸ਼ ਹੀ
ਨਹੀਂ ਕੀਤੀ। ਦੂਜੇ ਨੰਬਰ ਦੀ ਦੋਸ਼ੀ ਪੰਜਾਬ ਸਰਕਾਰ ਅਤੇ ਇਸਦਾ ਸੂਚਨਾ ਅਤੇ ਸੰਚਾਰ
ਵਿਭਾਗ, ਤੀਜੇ ਨੰਬਰ ਦੇ ਦੋਸ਼ੀ ਹਨ ਸਾਰੀਆਂ ਸਰਕਾਰੀ ਅਤੇ ਗ਼ੈਰ-ਸਰਕਾਰੀ ਵਿੱਦਿਅਕ ਅਤੇ
ਤਕਨੀਕੀ ਸੰਸਥਾਵਾਂ ਸਮੇਤ ਅਖੌਤੀ ਕੰਪਿਊਟਰ ਮਾਹਰ ਜੋ ਅਜੇ ਵੀ ਯੂਨੀਕੋਡ ਦੀ ਸਰਲਤਾ
ਅਤੇ ਅਹਿਮੀਅਤ ਨੂੰ ਅੱਖੋਂ-ਪ੍ਰੋਖੇ ਕਰਕੇ, ਨੀਮ ਹਕੀਮਾਂ ਵਾਂਗ, ਆਪਣੇ ਹੀ ਬਣਾਏ
ਭਾਂਤ ਭਾਂਤ ਦੇ ਨਕਲੀ ਇਲਾਜਾਂ ਨਾਲ਼ ‘ਪੰਜਾਬੀ ਭਾਸ਼ਾ ਦੀ ਲਾ-ਇਲਾਜ ਬਿਮਾਰੀ’ ਦੇ
ਸ਼ਰਤੀਆ ਇਲਾਜ ਕਰਨ ਦਾ ਢੰਡੋਰਾ ਪਿੱਟੀ ਜਾ ਰਹੇ ਹਨ। ਪਰ ..... “ਸੂਝਵਾਨ ਪੰਜਾਬੀਓ!
ਪੱਕਾ ਤੇ ਸ਼ਰਤੀਆ ਇਲਾਜ ਹੈ ਪੰਜਾਬੀ ਯੂਨੀਕੋਡ - ਸਿੱਖੋ ਤੇ ਅਪਨਾਓ!!
ਪੰਜਾਬੀ ਅੱਖਰ (ਵਰਣਮੁਖ) ਅਤੇ ਕੀ-ਬੋਰਡ (ਵਰਣਪਟ): ਉਪ੍ਰੋਕਤ ਚਰਚਾ ਤੋਂ
ਸਿੱਧ ਹੋ ਗਿਆ ਹੈ ਕਿ ਬਹੁ-ਗਿਣਤੀ ਵਰਤੋਂਕਾਰ ਭਾਂਤ ਭਾਂਤ ਦੇ ਅੱਖਰਾਂ (ਦਰਅਸਲ
ਲਿਖਤ-ਵਿਧਾਨਾਂ) ਦੇ ਬੋਲੋੜੇ ਚੱਕਰਵਿਊ ‘ਚ ਪਏ ਹੋਏ ਹਨ। ਉਨ੍ਹਾਂ ਨੂੰ ਸਮਝ ਨਹੀੰ
ਲੱਗ ਰਹੀ ਕਿ ਉਪ੍ਰੋਕਤ, ਰੋਮਨ ਕੀ-ਬੋਰਡ ਦੇ ਵਿਧਾਨ ਵਾਲਾ ਮਿਆਰ, ਪੰਜਾਬੀ ਤੇ ਕਦੇ
ਲਾਗੂ ਹੋ ਹੀ ਨਹੀਂ ਸਕਦਾ ਕਿਉਂਕਿ ਕਿ ਪੰਜਾਬੀ ਅੱਖਰ (ਲਿਖਤ-ਵਿਧਾਨ) ਘਾੜਿਆਂ ਨੂੰ
ਓਸ ਵੇਲੇ ਕਿਸੇ ਨਿਯਮਤ ਵਿਧਾਨ ਜਾਂ ਮਿਆਰ ਬਾਰੇ ਕੋਈ ਗਿਆਨ ਹੀ ਨਹੀਂ ਸੀ। ਉਹ ਤਾਂ
ਬੱਸ ਰੀਸੋ ਰੀਸੀ, ਦੇਖੋ ਦੇਖੀ, ਮਨ ਆਈਆਂ ਕਰਨ ਵਿੱਚ ਰੁੱਝ ਗਏ - ਜੋ ਸੁੱਝਾ ਜਾਂ ਮਨ
‘ਚ ਆਇਆ ਘੜ ਮਾਰਿਆ। ਸ਼ਾਇਦ ਕਿਸੇ ਟਾਵੇਂ ਨੂੰ ਹੀ ਪਤਾ ਹੋਵੇਗਾ ਕਿ ਬਹੁਤ ਸਾਰੀਆਂ
ਭਾਰਤੀ ਭਾਸ਼ਾਵਾਂ, ਜਿਨ੍ਹਾਂ ਵਿੱਚ ਪੰਜਾਬੀ ਵੀ ਸ਼ਾਮਲ ਹੈ, ਦਾ ਕੰਪਿਊਟਰੀਕਰਨ ਦੇ
ਮਕਸਦ ਲਈ ਇੱਕ ਵਿਸ਼ੇਸ਼ ਲਿਖਤ-ਵਿਧਾਨ ਸਦੀ ਦੇ ਅਰੰਭ ਵਿੱਚ ਹੀ ਹੋਂਦ ਵਿੱਚ ਆ ਚੁੱਕਾ
ਸੀ ਜਿਸਨੂੰ ਭਾਰਤੀ ਸਰਕਾਰ ਦੇ ਸੂਚਨਾ ਅਤੇ ਸੰਚਾਰ ਵਿਭਾਗ ਵਲੋੰ ਮਾਰਚ 1988 ਵਿੱਚ
ਕੰਪਿਊਟਰ ਵਿਗਿਆਨ ਦੇ ਵਿਕਾਸ ਲਈ ਸਥਾਪਤ ਕੀਤੇ ਗਏ ਸੈੰਟਰ C-DAC (Centre for
Development of Advanced Computing) ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ਼,
ਵਿਸ਼ੇਸ਼ ਤਰਕ ਦੇ ਅਧਾਰ ਤੇ ਤਿਆਰ ਤਾਂ ਕਰ ਲਿਆ ਪਰ ਪ੍ਰਚਾਰ ਜਾਂ ਇਸਨੂੰ ਲਾਗੂ ਕਰਨ ਦੀ
ਕੋਈ ਕੋਸ਼ਿਸ਼ ਨੀ ਕੀਤੀ। ਲਛਮਣ ਸਿੰਘ ਗਿੱਲ ਦੀ ਸਰਕਾਰ ਵੇਲੇ ਪੰਜਾਬੀ ਰਾਜ ਭਾਸ਼ਾ
ਐਕਟ/ਕਨੂੰਨ ਬਣਾਉਣ ਵਾਂਗ। ਨਾ ਹੀ ਇਸ ਬਾਰੇ ਕਿਸੇ ਪੰਜਾਬੀ ਕੰਪਿਊਟਰ ਮਾਹਰ ਨੇ ਗਿਆਨ
ਹਾਸਲ ਕਰਨ ਦੀ ਕੋਸ਼ਿਸ਼ ਹੀ ਕੀਤੀ, ਸ਼ਾਇਦ ਇਹ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਦੀ ਹੀ
ਗੱਲ਼ ਸੀ। ਭਾਰਤੀ ਸੰਚਾਰ ਮੰਤ੍ਰਾਲੇ ਵਲੋਂ ਇਸਦੇ ਪ੍ਰਚਾਰ ਦਾ ਉੱਦਮ ਸ਼ੁਰੂ ਵਿੱਚ ਹੀ
ਹੋ ਜਾਂਦਾ ਤਾਂ ਪੰਜਾਬੀ ਭਾਸ਼ਾ ਦੀ ਅੱਜ ਵਾਲ਼ੀ ਅੱਧੋਗਤੀ ਜਾਂ ਦੁਰਦਸ਼ਾ ਸ਼ਾਇਦ ਨਾ
ਹੁੰਦੀ।
ਦੂਜੇ ਪਾਸੇ ਪੰਜਾਬੀ ਦੇ ਅਖ਼ੌਤੀ ਕੰਪਿਊਟਰ ਮਾਹਰਾਂ ਨੂੰ ਜੋ ਵੀ ਸਮਝ ਆਇਆ, ਠੀਕ
ਲੱਗਾ ਬੱਸ ਓਸੇ ਤਰਾਂ ਦੇ ਉਹ ਪੰਜਾਬੀ ਦੇ ਮਨ-ਚਾਹੇ ਕੀ-ਬੋਰਡ (ਵਰਣਪਟ) ਅਤੇ ਨਾਲ
ਲਗਦੇ ਵਰਣਮੁਖ ਘੜਦੇ ਗਏ। ਉਨ੍ਹਾਂ ਦੇ ਅਨੁਯਾਈ ਆਪੋ ਆਪਣੀ ਸੌਖ ਲਈ ਵਰਤਦੇ ਗਏ ਜਿਸਦਾ
ਹਸ਼ਰ ਅੱਜ ਸਾਡੇ ਸਾਹਮਣੇ ਹੈ ਕਿ ਮੰਡੀ ‘ਚ ਪੰਜਾਬੀ ਦੇ ਕੀ-ਬੋਰਡਾਂ, ਕੁੰਜੀਆਂ, ਦੇ
ਢੇਰ ਤਾਂ ਲੱਗੇ ਪਏ ਹਨ, ਪਰ ਜੰਦਰੇ ਨੂੰ ਕੋਈ ਵੀ ਨਹੀਂ ਲੱਗ ਰਹੀ, ਕਿਉਂਕਿ ਕਿਸੇ ਦਾ
ਕੋਈ ਮਿਆਰ (ਸਟੈੰਡਰਡ) ਨਹੀਂ ਅਤੇ ਨਾ ਹੀ ਸਮਰੱਥਾ। ਭਾਵ ਨਾ ਹੀ ਇਨ੍ਹਾਂ ‘ਚੋਂ ਕਿਸੇ
ਨਾਲ਼ ਪੰਜਾਬੀ ‘ਚ ਈ-ਮੇਲ ਹੀ ਕੀਤੀ ਜਾ ਸਕਦੀ ਹੈ, ਨਾ ਹੀ ਗੂਗਲ ਜਾਂ ਹੋਰ ਭਾਲ਼ ਇੰਜਣ
ਤੇ ਪੰਜਾਬੀ ਵਿੱਚ ਖੋਜ ਹੀ ਕੀਤੀ ਜਾ ਸਕਦੀ ਹੈ, ਨਾ ਹੀ ਇਨ੍ਹਾਂ ਨਾਲ਼ ਦਸਤਾਵੇਜ਼
ਸੰਭਾਲ਼ਣ ਵੇਲੇ ਮਿਸਲਾਂ (ਫਾਇਲਾਂ) ਦੇ ਪੰਜਾਬੀ ਵਿੱਚ ਨਾਮ ਹੀ ਰੱਖੇ ਜਾ ਸਕਦੇ ਹਨ
ਅਤੇ ਨਾ ਹੀ ਇਨ੍ਹਾਂ ਵਿੱਚੋਂ ਬਹੁਤ-ਗਿਣਤੀ ਇੱਕ ਦੂਜੇ ਦੇ ਕੰਪਿਊਟਰ ਤੇ ਪੜ੍ਹੇ ਜਾਂ
ਵਰਤੇ ਹੀ ਜਾ ਸਕਦੇ ਹਨ। ਆਪਣੇ ਅਤੇ ਆਉਣ ਵਾਲ਼ੀਆਂ ਪੀੜ੍ਹੀਆਂ ਦੇ ਭਵਿੱਖ ਦੇ ਤੁਸੀਂ
ਖ਼ੁਦ ਜ਼ੁੰਮੇਵਾਰ ਹੋ - ਮੌਜੂਦਾ ਅਤੇ ਭਵਿੱਖ ਦਾ ਫੈਸਲਾ ਤੁਹਾਡੇ ਹੱਥ ਹੈ !!
ਆਓ ਹੁਣ ਸ਼ੁਰੂ ਕਰੀਏ ਸਧਾਰਣ ਭਾਸ਼ਾ ਵਿੱਚ ਅਗਲੀ ਗੱਲ: ਕੋਈ ਸ਼ੱਕ ਨਹੀਂ
ਕਿ ਪੰਜਾਬੀਆਂ ਨੇ ਦੁਨੀਆਂ ਦੇ ਹਰ ਕੋਨੇ ਵਿੱਚ ਆਪਣੀ ਪੱਕੀ ਪਛਾਣ ਹੀ ਨਹੀਂ ਥਾਂ ਵੀ
ਬਣਾ ਲਈ ਹੈ। ਵਿਦੇਸ਼ਾਂ ਵਿੱਚ ਭਾਸ਼ਾ ਦੀ ਸੰਭਾਲ਼ ਅਤੇ ਪ੍ਰਸਾਰ ਲਈ ਯਤਨ ਜਾਰੀ ਹਨ।
ਅੱਜ ਦੇ ਕੰਪਿਊਟਰ ਯੁੱਗ ਵਿੱਚ ਪੰਜਾਬੀ ਵੀ ਮਾਣ ਨਾਲ਼ ਕਹਿ ਸਕਦੇ ਹਨ ਕਿ ਉਨ੍ਹਾਂ ਦੀ
ਭਾਸ਼ਾ ਵੀ ਦੁਨੀਆਂ ਭਰ ਦੀਆਂ ਬਾਕੀ ਭਾਸ਼ਾਵਾਂ ਦੇ ਬਰਾਬਰ ਖੜੀ ਹੋਣ ਜੋਗੀ ਹੋ ਗਈ
ਹੈ। ਬ੍ਰਤਾਨੀਆਂ ਭਰ ਵਿੱਚ ਬੀ.ਬੀ.ਸੀ. ਦੀ ਵੈੱਬਸਾਈਟ ਤੇ ਪੰਜਾਬੀ ਨੂੰ ਦੂਜੀਆਂ
ਭਾਸ਼ਵਾਂ ਦੇ ਬਰਾਬਰ ਦੀ ਦਰਜਾ ਦਿਵਾਉਣ ਲਈ ਅਰੰਭੀ ਮੁਹਿੰਮ ਦਾ ਜ਼ਿਕਰ ਕੁਥਾਵਾਂ
ਨਹੀਂ ਹੋਵੇਗਾ। ਪਰ ਬਹੁਤਿਆਂ ਨੂੰ ਇਸ ਬਰਾਬਰਤਾ ਦੀ ਗੱਲ ਦੀ ਪੂਰੀ ਸਮਝ ਪਵੇ ਜਾਂ ਨਾ
- ਇਹ ਗੱਲ ਵੱਖਰੀ ਹੈ। ਪਰ ਇਨ੍ਹਾਂ ਯਤਨਾਂ ਵਿੱਚ ਇਹ ਗੱਲ ਤਾਂ ਉੱਭਰ ਕੇ ਸਾਹਮਣੇ ਆਈ
ਹੈ ਕਿ ਲੋਕ ਆਪਣੀ ਪੰਜਾਬੀ ਪ੍ਰਤੀ ਕਿੰਨੇ ਕੁ ਜਾਗਰੂਕ ਅਤੇ ਸੁਚੇਤ ਹੋਏ ਹਨ - ਇਹ
ਤਾਂ ਆਉਣ ਵਾਲ਼ਾ ਸਮਾਂ ਹੀ ਦੱਸੇਗਾ। ਪਰ ਹੱਥਲੇ ਲੇਖ ਵਿੱਚ ਪੰਜਾਬੀ ਦੇ ਮਿਆਰੀਕਰਨ,
ਵਿਗਿਆਨੀਕਰਨ ਅਤੇ ਕੰਪਿਊਟਰੀਕਰਨ ਦੇ ਮੁੱਖ ਮੁੱਦੇ ਅਧੀਨ ਆਉਂਦੇ ਬਹੁਤ ਸਾਰੇ ਸਬੰਧਤ
ਵਿਸ਼ਿਆਂ ਅਤੇ ਦਰਪੇਸ਼ ਸਮੱਸਿਆਵਾਂ ਦੀ ਬਰੀਕ ਨਿਸ਼ਾਨਦੇਹੀ ਕਰਨ ਦਾ ਯਤਨ ਹੈ।
ਨਿੱਜੀ ਘਾਟ ਜਾਂ ਕਮਜ਼ੋਰੀ: ਇਸ ਦਾ ਇੱਕ ਕਾਰਨ ਸ਼ਾਇਦ ਇਹ ਵੀ ਹੋਵੇ ਕਿ
ਬਹੁਤ ਸਾਰੇ ਪੰਜਾਬੀ ਚੌਗਿਰਦੇ ਵਿੱਚ ਹੋ ਰਹੀਆਂ ਗਤੀਵਿਧੀਆਂ ਤੋਂ ਅੰਞਾਣ ਹਨ ਜਾਂ
ਫਿਰ ਪੂਰੇ ਬੇ-ਧਿਆਨ ਜੋ ਅਜੇ ਵੀ ਅਤੀਤ ਵਿੱਚ ਹੀ ਵਿਚਰ ਰਹੇ ਹਨ। ਮੌਜੂਦਾ ਵਿਗਿਆਨਕ
ਯੁੱਗ ਵਿੱਚ ਪੰਜਾਬੀ ਨੂੰ ਦਰਪੇਸ਼ ਅਨੇਕਾਂ ਸਮੱਸਿਆਵਾਂ ਤੋਂ ਬਿਲਕੁਲ ਕੋਰੇ ਜਾਂ
ਲਾ-ਪ੍ਰਵਾਹ - ਕੋਈ ਨਾਮ ਵੀ ਦੇ ਸਕਦੇ ਹੋ। ਪੰਜਾਬੀ ਕੰਪਿਊਟਰ ਦੀ ਭਾਸ਼ਾ ਕਿਵੇਂ ਬਣੇ
ਜਾਂ ਬਣਾਈ ਜਾਵੇ? ਕੀ ਪੰਜਾਬ ਦੇ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਕੰਪਿਊਟਰ ਰਾਹੀਂ
ਸਿਖਾਈ ਜਾ ਸਕਦੀ ਹੈ? ਸਿਖਾਈ ਜਾਣੀ ਚਾਹੀਦੀ ਹੈ? ਜੇ ਇਨ੍ਹਾਂ ਸਵਾਲਾਂ ਦਾ ਜਵਾਬ
'ਹਾਂ' ਵਿੱਚ ਹੈ ਤਾਂ ਸਭ ਨੂੰ ਸੋਚਣਾ ਪਵੇਗਾ ਕਿ ਕਿਵੇਂ? ਬਹੁਮਤ ਗਿਣਤੀ ਇਹ ਵੀ
ਨਹੀਂ ਜਾਣਦੀ ਜਾਂ ਜਾਣ ਸਕਦੀ ਕਿ ਬਹੁਤ ਸਾਰੀਆਂ ਅੜਚਣਾਂ ਪੰਜਾਬੀ ਦੇ ਏਸ ਕਾਰਜ ਦੇ
ਰਾਹਾਂ ਵਿੱਚ ਖੱਡੇ ਬਣੀਆਂ ਪਈਆਂ ਹਨ ਜਿਨ੍ਹਾਂ ਨੂੰ ਜਾਂ ਤਾਂ ਕੋਈ ਹਟਾਉਣਾ ਹੀ ਨਹੀਂ
ਚਾਹੁੰਦਾ ਜਾਂ ਕਿਸੇ ਨੂੰ ਹਟਾਉਣ ਜਾਚ ਹੀ ਨਹੀਂ। ਪਰ ਇਹ ਵੀ ਲਗਦਾ ਹੈ ਕਿ ਦੋਵੇਂ
ਗੱਲਾਂ ਹੀ ਦਰੁਸਤ ਹਨ। " ਤਾੜੀ ਹਮੇਸ਼ਾ ਦੋ ਹੱਥਾਂ ਨਾਲ਼ ਵੱਜਦੀ ਹੈ" ਸੋ ਵੱਜੀ ਜਾ
ਰਹੀ ਹੈ। ਇਹ ਵੀ ਹੋ ਸਕਦਾ ਹੈ ਇਸ ਲਾ-ਪ੍ਰਵਾਹੀ ਪਿੱਛੇ ਉਨ੍ਹਾਂ ਦੀ ਗੁੱਝੀ ਅਯੋਗਤਾ,
ਨਾ-ਕਾਬਲੀਅਤ ਦੱਬੀ ਘੁੱਟੀ ਬੈਠੀ ਹੋਵੇ ਜਿਸਨੂੰ ਛੁਪਾਈ ਰੱਖਣ ਲਈ ਹਰ ਹਰਬਾ-ਜ਼ਰਬਾ
ਵਰਤਣ ਤੋਂ ਉਹ ਕਦੇ ਗੁਰੇਜ਼ ਨਹੀਂ ਕਰਦੇ। ਕਿਸੇ ਦੀ ਵੀ ਅਜਿਹੀ ਮਾਨਸਿਕਤਾ ਉਸਨੂੰ
ਜਗਿਆਸੂ ਬਣਨ ਤੋਂ ਰੋਕੀ ਰੱਖਦੀ ਹੈ।
ਵੱਡੀ ਅੜਚਣ: ਪੰਜਾਬੀ ਭਾਸ਼ਾ ਦੇ ਰਾਹ ਦੀ ਸੱਭ ਤੋਂ ਵੱਡੀ ਖਾਈ ਹੈ ਭਾਂਤ
ਭਾਂਤ ਦੇ, ਸਮਾਂ ਵਿਹਾ ਚੁੱਕੇ, ਆਮ ਦੀ ਧਾਰਨਾ ਅਨੁਸਾਰ ਅਣਮਿਆਰੀ ਵਰਣਮੁਖ
(Fonts) ਜਿਨ੍ਹਾਂ ਤੋਂ ਹੁਣ ਸਦਾ ਲਈ ਛੁਟਕਾਰਾ ਪਾਉਣ ਦੀ ਲੋੜ ਹੈ। ਇਨ੍ਹਾਂ ਨੂੰ
ਬਹੁਤ ਸਾਰੇ ਵਰਤੋਂਕਾਰ ਧਨੀ ਰਾਮ ਚਾਤ੍ਰਿਕ (ਡਾ. ਚਾਤ੍ਰਿਕ ਵੀ),
ਅਨਮੋਲ ਲਿੱਪੀ, ਗੁਰਬਾਣੀ ਅੱਖਰ, ਅਸੀਸ, ਜੁਆਏ
ਅਤੇ ਸਭ ਤੋਂ ਜ਼ਿਆਦਾ ਖਤਰਨਾਕ ਸਤਲੁਜ ਆਦਿ ਨਾਵਾਂ ਨਾਲ਼ ਜਾਣਦੇ ਹਨ।
ਅਜਿਹੇ ਅਣਮਿਆਰੀ ਵਰਣਮੁਖਾਂ (ਫੌਂਟਸ) ਦੀ ਗਿਣਤੀ ਸ਼ਾਇਦ 50 ਤੋਂ ਉੱਪਰ ਹੀ ਹੋਵੇ।
ਇਹ ਠੀਕ ਹੈ ਕਿ ਕੋਈ ਸਮਾਂ ਸੀ ਜਦ ਇਨ੍ਹਾਂ ਦੀ ਵੀ ਆਪਣੀ ਲੋੜ, ਅਹਿਮੀਅਤ ਜਾਂ
ਸਾਰਥਿਕਤਾ ਸੀ, ਤੇ ਕਿਸੇ ਹੱਦ ਤੱਕ, ਆਪਣੇ ਸੀਮਤ ਦਾਇਰੇ ਵਿੱਚ ਰਹਿ ਕੇ, ਕੰਮ ਚਲਾਇਆ
ਜਾ ਸਕਦਾ ਸੀ। ਪਰ ਹੁਣ ਸਮਾਂ ਉਹ ਸਮਾਂ ਫਲ੍ਹਿਆਂ ਨਾਲ਼ ਕਣਕ ਗਾਹੁਣ ਅਤੇ ਹੱਥੀਂ ਕੇਰ
ਕੇ ਕਣਕ ਬੀਜਣ ਵਾਂਗ ਨਹੀਂ ਲੱਗਦਾ? ਭਾਂਤ ਭਾਂਤ ਦੀਆਂ ਔਖਿਆਈਆਂ ਅਤੇ ਤਰੱਦਦ!
ਪੰਜਾਬੀ ਦਾ ਬੜਾ ਪੁਰਾਣਾ ਗੀਤ ਹੈ ਜਿਸਦੀ ਨੁਹਾਰ ਹਮੇਸ਼ਾ ਤਾਜ਼ਾ ਰਹੀ ਹੈ ਅਤੇ
ਰਹੇਗੀ: "ਪਿੱਪਲ਼ੀ ਦੇ ਪੱਤਿਆ ਕੀ ਖੜ ਖੜ ਲਾਈ ਆ, ਝੜ ਗਏ ਪੁਰਾਣੇ ਰੁੱਤ ਨਵਿਆਂ ਦੀ
ਆਈ ਆ" - ਪੁਰਾਣਿਆਂ ਤੋਂ ਬਾਅਦ ਨਵਿਆਂ ਦਾ ਆਉਣਾ ਕੁਦਰਤ ਦਾ ਅਟੱਲ ਨਿਯਮ ਹੈ। ਪਰ
ਅੱਜ ਦੇ ਯੁੱਗ ਵਿੱਚ ਕੰਪਿਊਟਰ ਨੇ ਹਰ ਖੇਤਰ ਵਿੱਚ ਦਿਸਹੱਦਿਆਂ ਤੋਂ ਪਾਰ ਦੇਖਣ ਲਈ
ਨਵੇਂ ਰਾਹ ਖ੍ਹੋਲ ਦਿੱਤੇ ਹਨ ਅਤੇ ਹੁਣ ਸਿਰਫ ਲੋੜ ਹੈ ਖ਼ੁਦ ਦੀਆਂ ਅੱਖਾਂ ਖੋਲ੍ਹ ਕੇ
ਦੇਖਣ ਦੀ ਅਤੇ ਤਬਦੀਲੀ ਨੂੰ ਸਵੀਕਾਰਨ ਅਤੇ ਖਿੜੇ ਮੱਥੇ ਪ੍ਰਵਾਨ ਕਰਨ ਦੀ।
ਬਦਲ ਦੀ ਲੋੜ: ਜਿੰਨਾ ਚਿਰ ਪੁਰਾਣੇ ਵਰਣਮੁਖਾਂ ਦੀ ਵਰਤੋਂ ਬੰਦ ਕਰਕੇ
ਯੂਨੀਕੋਡ ਨੂੰ ਨਹੀਂ ਅਪਣਾਇਆ ਜਾਂਦਾ ਉਨਾਂ ਚਿਰ ਪੰਜਾਬੀ ਭਾਸ਼ਾ ਦੀਆਂ ਅੜਚਣਾਂ
ਬਨਾਮ ਮੁਸ਼ਕਲਾਂ ਬਰਕਰਾਰ ਰਹਿਣਗੀਆਂ। ਪਰ ਅਫਸੋਸ ਹੈ ਕਿ ਸਾਰੇ ਪੰਜਾਬੀ, ਸਮੇਤ
ਦਾਨਿਸ਼ਵਰ ਅਤੇ ਲੇਖਕ ਵਰਗ ਵੀ ਪੁਰਾਣੀ ਪੰਜਾਬੀ ਲਿਖਣ ਪ੍ਰਣਾਲ਼ੀ, ਢਲ਼ਦੇ ਪਰਛਾਵਿਆਂ
ਨੂੰ, ਘੁੱਟ ਕੇ ਜੱਫਾ ਮਾਰੀ ਬੈਠੇ ਹਨ। ਬਦਲਦੇ ਸਮੇਂ ਨਾਲ਼ ਬਦਲਣ ਲਈ ਉਹ ਕਤਈ ਤਿਆਰ
ਨਹੀਂ। ਉਨ੍ਹਾਂ ਨੂੰ ਇਹ ਕੌੜੀ ਹਕੀਕਤ ਸਵੀਕਾਰ ਕਰਨੀ ਹੀ ਪਵੇਗੀ। ਉਨ੍ਹਾਂ ਦੇ ਸਮੇਂ
ਦਾ ਸੂਰਜ ਢਲ਼ ਰਿਹਾ ਹੈ ਤੇ ਉਹ ਹੱਥ ਤੇ ਹੱਥ ਧਰ ਕੇ ਦੇਖਣਾ ਹਾਨੀਕਾਰਕ ਹੈ। ਬਹੁਤ
ਸਾਰੇ ਸ਼ਾਇਦ ਇਸ ਸੋਚ ਦੇ ਧਾਰਨੀ ਵੀ ਹੋਣਗੇ ਕਿ ‘ਲਾ ਲਓ ਜ਼ੋਰ - ਆਪਾਂ ਨੀ
ਬਦਲ਼ਣਾ’। ਇਹ ਆਪਣੇ ਆਪ ਵਿੱਚ ਪੰਜਾਬੀਆਂ ਅਤੇ ਪੰਜਾਬੀ ਲਈ ਤ੍ਰਾਸਦੀ ਦਾ ਸਪਸ਼ਟ
ਸੰਕੇਤ ਹੈ। ਸਿਆਣਿਆਂ ਕਿਹੈ 'ਸੌ ਹੱਥ ਰੱਸਾ ਸਿਰੇ ਤੇ ਗੰਢ' - ਸਾਰੀਆਂ ਅੜਚਣਾਂ ਦੂਰ
ਕਰਨ ਦਾ ਇੱਕੋ ਇੱਕ, ਬਿਲਕੁਲ ਪੱਕਾ ਤੇ ਸ਼ਰਤੀਆ ਇਲਾਜ ਹੈ : "ਪੰਜਾਬੀ ਯੂਨੀਕੋਡ!"
ਸ਼ਾਇਦ ਬਹੁਤਿਆਂ ਲਈ ਇਹ ਵੀ ਖੁਸ਼ੀ ਦੀ ਗੱਲ ਹੋਵੇ, ਸ਼ਾਇਦ ਕਈਆਂ ਨੂੰ ਪਤਾ ਨਾ ਵੀ
ਹੋਵੇ, ਕਿ ਹਰ ਨਵੇਂ ਕੰਪਿਊਟਰ ਜਾਂ ਲੈਪ-ਟੌਪ ਤੇ, ਜਿਸ ਤੇ ਵਿੰਡੋਜ਼ ਸਿਸਟਮ ਹੈ,
ਪੰਜਾਬੀ ਲਿਖਣ ਲਈ ਕੀ-ਬੋਰਡ ਉਪਲੱਬਧ ਹੈ ਜੋ ਯੂਨੀਕੋਡ ਪ੍ਰਣਾਲ਼ੀ ਤੇ ਅਧਾਰਤ ਹੈ। ਇਸ
ਨੂੰ ਵਰਤਣ ਲਈ ਹਰ ਮਸ਼ੀਨ, ਹਰ ਉਪਕਰਣ ਤੇ 'ਰਾਵੀ' ਨਾਮ ਦੇ ਦਾ ਵਰਣਮੁਖ ਪਹਿਲਾਂ ਹੀ
ਉਪਲੱਬਧ ਹੈ। ਪਰ ਇਨ੍ਹਾਂ ਦੀ ਵਰਤੋਂ ਲਈ ਸਭ ਤੋਂ ਪਹਿਲਾਂ ਪੰਜਾਬੀ ਕੀ-ਬੋਰਡ ਦੀ ਚੋਣ
ਕਰਨੀ ਅਤਿ ਜ਼ਰੂਰੀ ਹੈ ਜੋ ਤੁਹਾਡੇ ਅੱਖਰਾਂ ਦੀ ਗੱਡੀ ਦੀ ਚਾਲਕ ਹੈ। ਇਹ ਖੁਦ
ਕੋਸ਼ਿਸ਼ ਕਰਨ ਜਾਂ ਕਿਸੇ ਮਾਹਰ ਦੋਸਤ ਦੀ ਮੱਦਦ ਨਾਲ਼ ਵੀ ਸੰਭਵ ਹੋ ਸਕਦੀ ਹੈ।
'ਰਾਵੀ' ਅੱਖਰਾਂ ਤੋਂ ਇਲਾਵਾ ਤੁਸੀਂ ਆਪਣੀ ਪਸੰਦ ਮੁਤਾਬਿਕ ਹੋਰ ਸੋਹਣੇ ਦਿਖਣ/ਲੱਗਣ
ਵਾਲ਼ੇ, ਜਿਵੇਂ ਕਿ 'ਅਨਮੋਲਯੂਨੀ' (ਤਿੰਨ ਕਿਸਮਾਂ) 'ਸਾਅਬ', 'ਨਿਰਮਲਾ' ਅਤੇ ਅਕਾਸ਼
ਆਦਿਕ ਫੌਂਟ ਵੀ ਇੰਟਰਨੈੱਟ ਤੋਂ ਉਤਾਰ ਅਤੇ ਵਰਤ ਸਕਦੇ ਹੋ। ਇਨ੍ਹਾਂ ਫੌਂਟਾਂ
(ਵਰਣਮੁਖਾਂ) ਨੂੰ ਵਰਤਣ ਲਈ ਕੀਬੋਰਡ ਓਹੀ ਰਹਿੰਦਾ ਹੈ (ਭਾਵ ਇਨਸਕਰਿਪਟ) ਬਦਲਦਾ
ਨਹੀ।
ਯੂਨੀਕੋਡ ਦਾ ਸੂਰਜ: ਯਾਦ ਰਹੇ, ਜਿਵੇਂ ਉੱਪਰਦੱਸ ਹੀ ਆਏ ਹਾਂ ਕਿ
ਯੂਨੀਕੋਡ ਵਿੱਚ ਲਿਖੀ ਪੰਜਾਬੀ ਹੀ ਦੁਨੀਆਂ ਦੇ ਹਰ ਕੋਨੇ ਵਿੱਚ, ਹਰ ਕੰਪਿਊਟਰ ਤੇ,
ਆਸਾਨੀ ਨਾਲ਼ ਪੜ੍ਹੀ ਜਾ ਸਕਦੀ ਹੈ। ਇਹ ਸਹੂਲਤ ਉੱਪਰ ਦੱਸੇ ਪੁਰਾਣੇ ਲਿਖਤ-ਵਿਧਾਨਾਂ
ਵਿੱਚ ਬਿਲਕੁਲ ਹੀ ਨਹੀਂ। ਯੂਨੀਕੋਡ ਪ੍ਰਣਾਲ਼ੀ ਰਾਹੀਂ ਕੰਪਿਊਟਰ ਤੇ ਪੰਜਾਬੀ ਦੀ
ਵਰਤੋਂ ਲਈ ਕਿਸੇ ਵੀ ਕਨਵਰਟਰ ਦੇ ਸਹਾਰੇ ਦੀ ਲੋੜ ਹੀ ਨਹੀਂ,
ਜਿਨ੍ਹਾਂ ਨੇ ਬੜੇ ਲੰਮੇ ਸਮੇਂ ਤੋਂ ਪੰਜਾਬੀ ਭਾਸ਼ਾ ਨੂੰ ਮਹਾਂ ਭੰਬਲਭੂਸੇ 'ਚ ਪਾ
ਰੱਖਿਆ ਹੈ। ਰਾਹ ਭਟਕਾਉਣ ਵਾਲ਼ੇ ਬਹੁਤ ਹਨ ਪਰ ਸਹੀ ਰਾਹ ਦੱਸਣ ਵਾਲ਼ਾ ਕੋਈ ਵੀ
ਨਹੀਂ। ਇਹ ਗੱਲ ਕਿਉਂ ਨਹੀਂ ਸਮਝ ਵਿੱਚ ਪੈਂਦੀ ਕਿ ਪੰਜਾਬੀ ਲਿਖਣ ਲਈ 40-50 ਤਰਾਂ
ਦੇ ਅੱਖਰਾਂ/ਕੀ-ਬੋਰਡਜ਼ ਦੀ ਲੋੜ ਹੀ ਨਹੀਂ। ਪੰਜਾਬ ਦੇ ਵਿਸ਼ਵ-ਵਿਦਿਆਲੇ ਅਤੇ
ਪੰਜਾਬੀ ਦੇ ਕੰਪਿਊਟਰ ਵਿਗਿਆਨੀ ਇਸ ਵਿਸ਼ੇ ਤੇ ਅੱਖਾਂ ਮੀਟੀ ਬੈਠੇ ਦਿਸਦੇ ਹਨ।
ਕਨਵਰਟਰ ਤਾਂ ਵਥੇਰੇ ਬਣਾ ਲਏ, (ਜਿਸ ਪਿੱਛੇ ਕੰਮ ਕਰਦੇ ਤਰਕ/ਕਾਰਨ ਦੀ ਸਹੀ ਤੇ
ਪਾਰਦਰਸ਼ ਜਾਂਚ ਪੜਤਾਲ ਦੀ ਲੋੜ ਹੈ) ਪਰ ਕਿਸੇ ਨੇ ਅੱਜ ਤੱਕ ਅਸਲੀ, ਇੱਕ ਤਰਾਂ ਦੇ
ਮਿਆਰੀ ਪੰਜਾਬੀ ਕੀ-ਬੋਰਡ ਬਣਾਉਣ ਦਾ ਸੋਚਿਆ ਤੱਕ ਹੀ ਨਹੀਂ, ਜੋ ਵੱਡੀਆਂ ਕੰਪਨੀਆਂ
ਵਲੇਂ ਪਹਿਲਾਂ ਹੀ ਪ੍ਰਵਾਨਿਆ ਜਾ ਚੁੱਕਾ ਹੈ। ਇਸੇ ਕਾਰਨ ਸਮੁੱਚੇ ਪੰਜਾਬ ਭਰ ਦੇ
ਸਕੂਲਾਂ/ਕਾਲਜਾਂ ਵਿੱਚ ਕੰਪਿਊਟਰ ਰਾਹੀਂ ਪੰਜਾਬੀ ਸਿੱਖਣ/ਸਿਖਾਉਣ ਜਾਂ ਕੰਪਿਊਟਰ ਤੇ
ਮਿਆਰੀ (ਸਟੈਂਡਰਡ) ਪੰਜਾਬੀ ਦੀ ਵਰਤੋਂ ਦਾ ਮਤਲਬ ਹੀ ਨਹੀਂ। ਸਿਰਫ਼ ਇੱਕ ਮਿਆਰੀ
ਕੀ-ਬੋਰਡ ਦੀ ਅਣਹੋਂਦ ਕਾਰਨ ਕੰਪਿਊਟਰ ਉੱਤੇ ਪੰਜਾਬੀ ਦਾ ਸੁਪਨਾ ਲਿਆ ਵੀ ਕਿਵੇਂ ਜਾ
ਸਕਦਾ ਹੈ? ਕਿਵੇਂ ਹੋ ਜਾਊ ਪੰਜਾਬੀ ਦਾ ਪਰਸਾਰ - ਅੱਜ ਦੇ ਵਿਗਿਆਨਕ ਯੁੱਗ ਵਿੱਚ? -
“ਨਾ ਹੋਵੇ ਬਾਂਸ ਤੇ ਨਾ ਵੱਜੇ ਬੰਸਰੀ”। ਪੰਜਾਬ ਵਿੱਚ ਤਾਂ ਇਸਦੀ ਹਾਲਤ ਬਿਲਕੁਲ ਇਸ
ਅਖਾਣ ਵਰਗੀ ਜਾਪਦੀ ਹੈ। ਕੁੱਝ ਹੰਭੇ ਹਾਰੇ ਤਾਂ ਇਹ ਕਹਿੰਦੇ ਵੀ ਸੁਣੇ ਹਨ ਕਿ
"ਪੰਜਾਬੀ ਤਾਂ ਜੀ, ਵਿਗਿਆਨ ਦੀ ਭਾਸ਼ਾ ਹੋ ਹੀ ਨਹੀਂ ਸਕਦੀ?" ਉਨ੍ਹਾਂ ਨੂੰ ਪੁੱਛਣ
ਵਾਲ਼ਾ ਕੋਈ ਹੋਵੇ ਕਿ ਭਲਿਓਮਾਣਸੋ ਕੀ ਸਾਰੇ ਰੂਸੀ, ਚੀਨੀ, ਜਰਮਨ, ਜਪਾਨੀ
ਅੰਗ੍ਰੇਜ਼ੀ ਵਿੱਚ ਹੀ ਵਿਗਿਆਨ ਪੜ੍ਹੇ ਜਾਂ ਪੜ੍ਹਦੇ ਹਨ?
ਆਸ ਦੀ ਕਿਰਨ: ਪਰ ਵਿਦੇਸ਼ਾਂ ਵਿੱਚ ਪੰਜਾਬੀ ਭਾਸ਼ਾ ਦੇ ਹਿਤੈਸ਼ੀ ਹੱਥ
ਤੇ ਹੱਥ ਧਰਕੇ ਕਦੇ ਨਹੀਂ ਬੈਠੇ। ਪਿਛਲੇ ਸਾਲ "ਪੰਜਾਬੀ ਵਿਕਾਸ ਮੰਚ, ਯੂ. ਕੇ."
ਵਲੋਂ ਇੰਗਲੈਂਡ ਦੇ ਸ਼ਹਿਰ ਵੁਲਵਰਹੈਂਪਟਨ ਵਿਖੇ ਕੰਪਿਊਟਰ ਅਤੇ ਲੈਪ-ਟੌਪ ਤੇ ਪੰਜਾਬੀ
ਦੀ ਵਰਤੋਂ ਨੂੰ ਹੋਰ ਸੁਖੇਰੀ ਤੇ ਸਰਲ ਬਣਾਉਣ ਲਈ ਪੰਜਾਬੀ ਦੇ ਨਵੇਂ ਕੀ-ਬੋਰਡ
ਪੰਜਾਬੀXL ਨੂੰ ਸਮੂਹ ਪੰਜਾਬੀਆਂ ਦੇ ਰੂ-ਬਰੂ ਕੀਤਾ ਗਿਆ ਹੈ ਜਿਸਨੂੰ ਪੰਜਾਬੀ
ਭਾਈਚਾਰੇ ਵਲੋਂ ਉਤਸ਼ਾਹ ਭਰਪੂਰ 'ਜੀ ਆਇਆਂ' ਕਿਹਾ ਗਿਆ। ਇੱਥੋਂ ਤੱਕ ਕਿ ਇੱਕ ਸਾਬਕਾ
ਅੰਗਰੇਜ਼ ਐਮ. ਪੀ. ਨੇ ਵੀ ਇਸ ਨੂੰ ਪੰਜਾਬੀ ਭਾਸ਼ਾ ਲਈ ਅਹਿਮ ਪ੍ਰਾਪਤੀ ਦੱਸਿਆ।
ਦੁਨੀਆਂ ਭਰ ਦੇ ਪੰਜਾਬੀਆਂ ਦੇ ਗਿਆਤ ਲਈ ਦੱਸਿਆ ਜਾ ਰਿਹਾ ਹੈ ਕਿ, ਇਸ ਕੀ-ਬੋਰਡ ਦਾ
ਉਤਾਰਾ, ਗੂਗਲ ਤੇ PanjabiXL Keyboard ਭਾਲ਼ ਕਰਕੇ ਬੜੀ ਆਸਾਨੀ ਨਾਲ਼ ਕੀਤਾ ਜਾ
ਸਕਦਾ ਹੈ। ਇਸ ਅਨਮੋਲ ਤੋਹਫ਼ੇ ਦਾ ਕੋਈ ਮੁੱਲ ਨਹੀਂ, ਇਹ ਸਭ ਲਈ ਬਿਲਕੁਲ ਮੁਫ਼ਤ ਹੈ।
ਇਸ ਬਾਰੇ ਹੋਰ ਜਾਣਕਾਰੀ ਆਖ਼ਰ ‘ਚ ਦਿੱਤੀ ਜਾਵੇਗੀ। ਫ਼ਿਲਹਾਲ ਸਿਰਫ ਏਨਾ ਹੀ ਯਾਦ
ਰੱਖਣ ਦੀ ਲੋੜ ਹੈ ਕਿ ਜੇ ਸੱਚੇ ਦਿਲੋਂ ਪੰਜਾਬੀ ਭਾਸ਼ਾ ਦੀ ਤਰੱਕੀ/ਪਾਸਾਰ ਦੇਖਣ ਦੀ
ਇੱਛਾ ਹੈ ਤਾਂ, ਇਸਨੂੰ ਸਿੱਖਣਾ ਤੇ ਵਰਤਣਾ ਹਰ ਪੰਜਾਬੀ ਅਤੇ ਵਿੱਦਿਅਕ ਅਦਾਰੇ ਲਈ
ਹੁਣ ਲਾਜ਼ਮੀ ਹੋਵੇਗਾ॥
ਭਾਗ 2
ਯੂਨੀਕੋਡ ਕੀ-ਬੋਰਡ: ਲੇਖ ਦੇ ਇਸ ਦੂਜੇ ਭਾਗ ਵਿੱਚ, ਉਹਨਾਂ ਲੋਕਾਂ ਲਈ
ਜੋ ਯੂਨੀਕੋਡ ਦੀ ਵਰਤੋਂ ਜਾਂ ਅਹਿਮੀਅਤ ਤੋਂ ਬਿਲਕੁਲ ਕੋਰੇ ਜਾਂ ਅਣਜਾਣ ਹਨ, ਦੇ
ਗਿਆਤ ਲਈ ਮੁੱਢਲੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਇਸਦੀ
ਖ਼ਾਸੀਅਤ ਅਤੇ ਉਪਯੋਗਤਾ ਬਾਰੇ ਵਿਸਥਾਰ ਵਿੱਚ ਜਾਣਿਆ ਜਾ ਸਕੇ। ਸੱਭ ਤੋਂ ਪਹਿਲਾਂ ਇਹ
ਗੱਲ ਵਿਸ਼ੇਸ਼ ਤੌਰ ਤੇ ਜਾਣ ਲੈਣ ਅਤੇ ਪੱਲੇ ਬੰਨ੍ਹ ਲੈਣ ਵਾਲ਼ੀ ਹੈ ਕਿ ਇਹ
ਕੀ-ਬੋਰਡ, ਜਿਸਦਾ ਨਿਰਮਾਣ ਬ੍ਰਤਾਨੀਆ ਵਿੱਚ ਇੰਜਨੀਆਰ ਡਾ. ਬਲਦੇਵ ਸਿੰਘ ਕੰਦੋਲਾ
ਵਲੋਂ ਕੀਤਾ ਗਿਆ ਹੈ, ਦਾ ਨਾਮ ਉਨ੍ਹਾਂ
“PunjabiXL”
ਰੱਖਿਆ ਹੈ। ਜਿਵੇਂ ਲੇਖ ਦੇ ਪਹਿਲੇ ਭਾਗ ਵਿੱਚ ਦੱਸਿਆ ਹੀ ਹੈ ਕਿ ਇਹ ਭਾਰਤ
ਸਰਕਾਰ ਦੀ ਮਾਨਤਾ ਪ੍ਰਾਪਤ ਸੰਸਥਾ CDAC ਦੁਆਰਾ ਬਣਾਏ ਗਏ ਪੰਜਾਬੀ ਦੇ “ਇੰਸਕ੍ਰਿਪਟ
ਕੀ-ਬੋਰਡ” ਦੇ ਅਧਾਰ ਉੱਤੇ, ਪਰ ਇਸ ਵਿੱਚਲੀਆਂ ਅਣਗਿਣਤ ਖ਼ਾਮੀਆਂ ਨੂੰ ਦੂਰ ਕਰਕੇ
ਤਿਆਰ ਕੀਤਾ ਗਿਆ ਹੈ। ਜਿਨ੍ਹਾਂ ਦੀ ਸੂਚੀ ਅਤੇ
ਵਿਸਥਾਰ ਕਾਫੀ ਗੁੰਝਲ਼ਦਾਰ ਹੋਣ ਕਰਕੇ ਇੱਥੇ ਦਰਜ ਕਰ ਸਕਣਾ ਸੰਭਵ ਨਹੀਂ। ਇਸ
ਕੀ-ਬੋਰਡ ਦੀ ਬਣਤਰ, ਲੇਅ-ਆਊਟ ਪਿੱਛੇ ਵੀ ਇੱਕ ਲੰਮਾ ਚੌੜਾ ਤਰਕਸ਼ੀਲ ਇਤਿਹਾਸਕ
ਵਿਸਥਾਰ ਹੈ ਜਿਸਨੂੰ ਸਮਝਣਾ ਬਹੁਤ ਜ਼ਰੂਰੀ ਤਾਂ ਹੈ ਜੋ ਲੇਖ ਦੇ ਪਹਿਲੇ ਭਾਗ ਵਿੱਚ
ਦੇਣ ਦੀ ਕੋਸ਼ਿਸ਼ ਕੀਤੀ ਹੈ। ਏਥੇ ਸੰਖੇਪ 'ਚ ਇੰਨਾ ਹੀ ਕਿਹਾ ਜਾ ਸਕਦਾ ਹੈ ਕਿ ਇਸ
ਕੀ-ਬੋਰਡ ਦੀ ਖ਼ਾਸੀਅਤ ਇਹ ਹੈ ਕਿ ਇਸ ਵਿੱਚ ਸ੍ਵਰ-ਅੱਖਰਾਂ ਦੇ ਨਾਲ਼ ਲੱਗਦੀ
ਢੁੱਕਵੀਂ ਲਗ-ਮਾਤਰ ਪਹਿਲਾਂ ਹੀ ਉਪਲਬਧ ਕਰਾ ਦਿੱਤੀ ਗਈ ਹੈ, ਜਿਸ ਲਈ ਸਿਰਫ ਇੱਕ ਹੀ
ਕੁੰਜੀ ਦੀ ਲੋੜ ਹੈ। ਇਸ ਨਾਲ਼ ਲਿਖਣ ਵਾਲ਼ੇ ਲਈ, ਖ਼ਾਸ ਕਰ ਨਵੇਂ ਸਿਖਾਂਦਰੂ ਲਿਖਾਰੀ
ਵਾਸਤੇ, ਗ਼ਲਤੀ ਕਰਨ ਦੇ ਮੌਕੇ ਬਹੁਤ ਹੀ ਘੱਟ ਹਨ।
ਸੌਖ ਦਾ ਤਰਕ: ਇਸਦੀ ਵਰਤੋਂ ਕਰਦਿਆਂ ਅਣਜਾਣ ਨੂੰ ਵੀ ਪਤਾ ਲੱਗ ਜਾਵੇਗਾ
ਕਿ ਅੱਖਰ 'ੳ' ਨੂੰ ਸਿਹਾਰੀ ਜਾਂ ਬਿਹਾਰੀ ਨਹੀਂ ਪੈ ਸਕਦੀ। ਨਾਲ਼ ਹੀ, ਇਹ ਵੀ ਕਿ,
'ੳ' ਤੇ 'ੲ' ਇਕੱਲੇ ਨਹੀਂ ਵਰਤੇ ਜਾ ਸਕਦੇ ਜਾਂ ਵਰਤੋਂ ਵਿੱਚ ਨਹੀਂ ਆਉਂਦੇ। ਪਰ 'ਅ'
ਇਕੱਲਾ ਵਰਤਿਆ ਜਾ ਸਕਦਾ ਹੈ ਜਿਵੇਂ ਅਮਲ, ਅਸਲ, ਅਮਰ ਆਦਿ,
ਅਤੇ ਇਸਦੀ ਸਹੂਲਤ ਇਸ ਕੀ-ਬੋਰਡ ਵਿੱਚ ਉਪਲਬਧ ਹੈ। ਪਰ 'ੳ' ਅਤੇ 'ੲ' ਕਦੇ ਇਕੱਲੇ
ਵਰਤੇ ਹੀ ਨਹੀਂ ਜਾ ਸਕਦੇ। 'ੳ' ਨਾਲ਼ ਔਂਕੜ ਜਾਂ ਦੁਲੈਂਕੜ ਜਾਂ ਫਿਰ ਹੋੜੇ ਦੀ
ਆਵਾਜ਼ ਲਈ 'ਓ' ਵਰਤਿਆ ਜਾ ਸਕਦਾ ਹੈ, ਜੋ ਇੱਕੋ ਕੁੰਜੀ ਨਾਲ਼ ਹੀ ਪਾਏ ਜਾ ਸਕਦੇ ਹਨ।
ਏਸੇ ਤਰਾਂ ਹੀ 'ੲ' ਨਾਲ਼ ਸਿਰਫ ਲਾਂਵ, ਸਿਹਾਰੀ ਜਾਂ ਬਿਹਾਰੀ ਹੀ ਵਰਤੀ ਜਾ ਸਕਦੀ
ਹੈ। ਏਸੇ ਕਰਕੇ 'ੳ', 'ਅ' ਅਤੇ 'ੲ' ਨਾਲ਼ ਲੱਗਣ ਵਾਲ਼ੀਆਂ ਸਹੀ ਲਗਾ ਮਾਤਰਾਂ
ਪਹਿਲਾਂ ਹੀ ਮੌਜੂਦ ਹਨ। ਇਸ ਕਰਕੇ ਕੋਈ ਵੀ ਲਿਖਣ ਜਾਂ ਸਿੱਖਣ ਵਾਲ਼ਾ, ਅਨਾੜੀ ਜਾਂ
ਮਾਹਰ, ਗ਼ਲਤੀ ਕਰ ਹੀ ਨਹੀਂ ਸਕਦਾ। ਇਸ ਵਿੱਚ ਇਕੱਲਾ 'ਅ' ਵਰਤਣ ਦੀ ਸੁਵਿਧਾ ਵੀ
ਮੌਜੂਦ ਹੈ। ਜਦ ਕਿ ਇਹ ਇੱਕ ਕੁੰਜੀ ਵਾਲ਼ੀ ਸਹੂਲਤ ਭਾਵ 'ਔ', 'ਐ', 'ਆ', 'ਊ', 'ਉ',
'ਈ', 'ਏ', 'ਇ' ਆਦਿ, ਪੁਰਾਣੇ (ਯੂਨੀਕੋਡ ਤੋਂ ਬਾਹਰੇ) ਕੀ-ਬੋਰਡਾਂ (ਅੱਖਰਾਂ)
ਵਿੱਚ ਬਿਲਕੁਲ ਹੀ ਉਪਲਬਧ ਨਹੀਂ। ਮਾਈਕ੍ਰੋਸੌਫਟ ਅਤੇ ਐਪਲ ਵੱਲੋਂ ਸਿਰਫ ਯੂਨੀਕੋਡ ਤੇ
ਅਧਾਰਿਤ ਇੰਸਕ੍ਰਿਪਟ ਕੀ-ਬੋਰਡ ਦੀ ਚੋਣ ਕਰਨੀ ਹੀ ਪੰਜਾਬੀ ਭਾਸ਼ਾ ਦੀ ਦੁਨੀਆਂ ਵਿੱਚ
ਇੱਕ ਅਹਿਮ ਇਨਕਲਾਬ ਸੀ। ਪਰ ਇਹ ਸੂਰਜ ਸਾਡੇ ਪੰਜਾਬੀਆਂ ਦੀ ਅੱਖ ਤੋਂ ਲੁਕਿਆ ਹੀ
ਰਿਹਾ ਜਿਸ ਕਰਕੇ ‘ਕੰਪਿਊਟਰ ਤੇ ਪੰਜਾਬੀ’ ਦੀ ਹੋ ਰਹੀ ਦੁਰਦਸ਼ਾ ਸਾਡੇ ਸਭ ਦੇ ਸਾਹਮਣੇ
ਹੀ ਹੈ।
ਅਭਿਆਸ ਅਤੇ ਵਰਤੋਂ: ਆਓ ਹੁਣ ਜਾਣੀਏ, ਉੱਪਰ ਦਿੱਤੇ ਬਿਰਤਾਂਤ ਦੀ ਅਮਲੀ
ਵਰਤੋਂ ਬਾਰੇ ਲੋੜੀਂਦੀ ਜਾਣਕਾਰੀ ਜਾਂ ਵਰਤੋਂ ਵਿਧੀ ਬਾਰੇ ਗਿਆਨ। ਧ੍ਵਨੀ ਜਾਂ
ਧ੍ਵਨੀਆਂ ਪੈਦਾ ਕਰਨ ਵਾਲ਼ੇ 'ਸ੍ਵਰ-ਅੱਖਰਾਂ' ਨਾਲ਼ ਲੱਗਣ ਵਾਲ਼ੀਆਂ ਲਗਾ ਮਾਤਰਾਂ
ਵਾਲ਼ੇ ਅੱਖਰ ਲਿਖਣ ਲਈ ਆਮ ਤੌਰ ਤੇ ਅੰਗਰੇਜ਼ੀ ਦੇ ਵੱਡੇ (ਕੈਪੀਟਲ - ਭਾਵ ਸ਼ਿਫਟ
ਦੱਬ ਕੇ ਪੈਣ ਵਾਲ਼ੇ) ਅੱਖਰਾਂ ਨਾਲ ਹੀ ਸ੍ਵਰ-ਅੱਖਰ ਪਾਏ ਜਾਂ ਵਰਤੇ ਜਾ ਸਕਦੇ ਹਨ,
ਉਦਾਹਰਣ ਦੇ ਦੌਰ ਤੇ,
'Q' ਨਾਲ਼ 'ਔ' - 'W' ਨਾਲ਼ 'ਐ' - 'E' ਨਾਲ਼ 'ਆ' -
'R' ਨਾਲ਼ 'ਈ' - 'T' ਨਾਲ਼ 'ਊ'
'A' ਨਾਲ਼ 'ਓ' - 'S' ਨਾਲ਼ 'ਏ' - ('D' ਨਾਲ਼ 'ਅ')
- 'F' ਨਾਲ਼ 'ਇ' - 'G' ਨਾਲ਼ 'ਉ'
ਜਦ ਕਿ ਉਪ੍ਰੋਕਤ ਛੋਟੇ ਅੱਖਰਾਂ (small Roman letters) ਦੀ ਮੱਦਦ ਨਾਲ਼
ਕ੍ਰਮਵਾਰ ਕਨੌੜਾ, ਦੁਲਾਵਾਂ, ਕੰਨਾ, ਬਿਹਾਰੀ, ਦੁਲੈਂਕੜ, ਹੋੜਾ, ਲਾਂਵ ਤੇ ਔਂਕੜ
ਆਦਿ ਲਗਾ-ਮਾਤਰਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ, ਪਰ D ਨੂੰ ਛੱਡ ਕੇ, ਜਿਸ ਨਾਲ਼ ਅ
ਪੈਂਦਾ ਹੈ। ਬਿੰਦੀ, ਟਿੱਪੀ ਤੇ ਅੱਧਕ ਬਾਰੇ ਜ਼ਰਾ ਅੱਗੇ ਜਾ ਕੇ। "ਅਭਿਆਸ ਹੀ ਹਰ
ਇਨਸਾਨ ਨੂੰ ਸੰਪੂਰਨ / ਮੁਕੰਮਲ ਬਣਾਉਂਦਾ ਹੈ!" ਆਓ ਹੁਣ ਉਪ੍ਰੋਕਤ ਸ੍ਵਰ ਅਤੇ
ਵਿਅੰਜਨ ਅੱਖਰਾਂ ਨਾਲ਼ ਵਰਤੀਆਂ ਜਾਣ ਵਾਲ਼ੀਆਂ ਲਗਾ-ਮਾਤਰਾਂ ਦਾ, ਕੁੰਜੀ ਤਰਤੀਬ
ਅਨੁਸਾਰ, ਅਭਿਆਸ ਕਰੀਏ ਭਾਵ Q ਤੋਂ T ਤੱਕ ਅਤੇ A ਤੋਂ G ਤੱਕ - ਪਰ D ਨੂੰ ਛੱਡ
ਕੇ:
ਔਖ - QK; ਐਬ - Wy;
ਆਮ - Ec; ਈਦ - Ro;
ਊਭ - TY
ਕੌਮ - kqc; ਵੈਰ - bwj;
ਖਾਸ - Kem; ਰੀਸ - jrm;
ਰੂਸ - jtm
ਓਮ - Ac; ਏਕਮ - Skc;
ਇਸ - Fm; ਉਨ - Gv
ਪੋਪ - hah; ਸਵੇਰ - mbsj;
ਲਿਖ - nfK; ਗੁਰ - igj
ਆਓ ਹੁਣ ਜਾਣੀਏ ਵਿਯੰਜਨ ਅੱਖਰਾਂ ਬਾਰੇ ਜਿਨ੍ਹਾਂ ਲਈ ਹੇਠ ਲਿਖੀ ਸਾਰਣੀ ਪੇਸ਼
ਹੈ। ਸਧਾਰਨ ਅਤੇ ਬ੍ਰੈਕਟਾਂ ਵਿੱਚ ਵੱਡੇ ਅੱਖਰਾਂ, ਭਾਵ ਸ਼ਿਫਟ ਦੱਬਣ, ਨਾਲ਼ ਪੈਣ
ਵਾਲ਼ੇ ਅੱਖਰ ਇਸ ਤਰਾਂ ਹਨ :
y - ਬ(ਭ); u - ਹ(ਙ);
i - ਗ(ਘ); o -
ਦ(ਧ); p - ਜ(ਝ);
[- ਡ(ਢ)
] – ਖਾਲੀ(ਞ); h -
ਪ(ਫ); j - ਰ(ੜ);
k - ਕ(ਖ); l - ਤ(ਥ);
; - ਚ(ਛ);
‘ - ਟ(ਠ),
# -‘ (“) \ - ਖਾਲੀ, z - ; (:), x - ਿਟੱਪੀ(ਿਬੰਦੀ), c - ਮ(ਣ),
v - ਨ(ਜ਼),
b – ਵ(ੲ), n - ਲ(ਲ਼),
m - ਸ(ਸ਼), , - , . - . (। ਡੰਡੀ) / - ਯ(?)
ਵਿਸਰਾਮ ਚਿੰਨ੍ਹ: ਕੌਮੇ ਨਾਲ਼ ਕੌਮਾ, ਡੌਟ ਨਾਲ਼ ਡੌਟ ਭਾਵ ਬਿੰਦੀ ਨਾਲ਼
ਬਿੰਦੀ - ਪਰ ਸ਼ਿਫਟ ਨਾਲ਼ ਡੰਡੀ
ਪੈਰ ‘ਚ ਹਾਹਾ : '1' ਤੋਂ ਪਹਿਲੀ ਕੁੰਜੀ, ਪੈਰ ‘ਚ ਰਾਰਾ: ਸ਼ਿਫਟ+'3',
ਅੱਧਕ ਲਈ: ਸ਼ਿਫਟ+'4', ਟਿੱਪੀ ਲਈ small ਭਾਵ ਛੋਟੀ x, ਬਿੰਦੀ ਲਈ ਵੱਡੀ
(ਕੈਪੀਟਲ) X ਦੀ ਵਰਤੋਂ ਕੀਤੀ ਜਾਂਦੀ ਹੈ।
ਨੋਟ: ਯਾਦ ਰੱਖਣ ਵਾਲ਼ੀ ਹੈ ਕਿ ਅਨਮੋਲ ਲਿੱਪੀ ਜਾਂ ਡਾ.
ਚਾਤ੍ਰਿਕ ਵਿਧਾਨ ਤੋਂ ਉਲ਼ਟ, ਯੂਨੀਕੋਡ ਵਿੱਚ ਸਿਹਾਰੀ ਵੀ ਬਾਕੀ
ਲਗਾ-ਮਾਤਰਾ ਵਾਂਗ ਅੱਖਰ ਤੋਂ ਬਾਅਦ ਹੀ ਵਰਤੀ ਜਾਂਦੀ ਹੈ, ਜਿਵੇਂ ਕਿ ਸਿਰ, ਗਿਣ,
ਦਿਨ, ਲਿਖਣ ਲਈ ਪਹਿਲਾਂ ਸ, ਗ, ਦ, ਅੱਖਰਾਂ ਤੋਂ ਬਾਅਦ ਸਿਹਾਰੀ ਵਾਸਤੇ ਰੋਮਨ ਕੁੰਜੀ
f (ਐੱਫ) ਵਰਤੋਂ ਜ਼ਰੂਰੀ ਹੈ। ਜਦ ਕਿ ਇਹ ਸਿਹਾਰੀ ਉਪ੍ਰੋਕਤ ਅਣ-ਮਿਆਰੀ ਕੀ-ਬੋਰਡਾਂ
ਦੀ i ਕੁੰਜੀ ਵਿੱਚ ਹੈ ਅਤੇ ਹਰ ਸ਼ਬਦ ਦੇ ਅੱਖਰ ਤੋਂ ਪਹਿਲਾਂ ਵਰਤੀ ਜਾਂਦੀ ਹੈ। ਪਰ
ਯੂਨੀਕੋਡ ਵਿੱਚ 'ੲ' ਨੂੰ ਸਿਹਾਰੀ ਪਾਉਣ ਦੀ ਸਹੂਲਤ ਪਹਿਲਾਂ ਹੀ, ਬਾਕੀ
ਸ੍ਵਰ-ਅੱਖਰਾਂ ਵਾਂਗ F (ਨਾ ਕਿ f) ਕੁੰਜੀ ਵਿੱਚ ਉਪਲਬਧ ਕਰਾ ਦਿੱਤੀ ਗਈ ਹੈ - ਜਦ
ਕਿ ਇਸ f ਦੀ ਵਰਤੋਂ ਹੋਰ ਅੱਖਰਾਂ ਨਾਲ਼ ਲੱਗਣ ਵਾਲ਼ੀ ਸਿਹਾਰੀ ਲਈ ਕੀਤੀ ਜਾੰਦੀ ਹੈ।
ਲਗਨ ਤੇ ਅਭਿਆਸ ਦੀ ਲੋੜ: ਅੰਗਰੇਜ਼ ਲੋਕਾਂ 'ਚ ਇਹ ਕਹਾਵਤ “ਰੋਮ ਕਿਹੜਾ
ਇੱਕ ਦਿਨ ਵਿੱਚ ਬਣ ਗਿਆ ਸੀ" ਬੜੀ ਮਸ਼ਹੂਰ ਹੈ ਅਤੇ ਹੱਥਲੇ ਵਿਸ਼ੇ ਤੇ ਹੈ ਪੂਰੀ
ਢੁੱਕਦੀ ਹੈ। ਜਾਂ ਫਿਰ ਉਪ੍ਰੋਕਤ ਤੱਥ ਕਿ "ਅਭਿਆਸ ਹੀ ਮੁਕੰਮਲ ਬਣਾਉਂਦਾ ਹੈ!"
ਨਿਤਾ-ਪ੍ਰਤੀ ਥੋੜ੍ਹਾ ਥੋੜ੍ਹਾ ਅਭਿਆਸ ਕਰਨ ਨਾਲ਼ ਲਿਖਣਾ ਅਸਾਨ ਲੱਗਣ ਲੱਗੇਗਾ ਤੇ
ਤੁਸੀਂ ਬਿਨਾਂ ਕਿਸੇ ਕਨਵਰਟਰ ਦੀ ਮੱਦਦ ਦੇ ਆਪਣਾ ਸੁਨੇਹਾ ਆਪਣੀ ਮਾਤ ਭਾਸ਼ਾ
ਵਿੱਚ ਦੇਸ਼-ਵਿਦੇਸ਼ ਦੇ ਮਿੱਤਰਾਂ ਦੋਸਤਾਂ ਤੇ ਲੱਖਾਂ ਪਾਠਕਾਂ ਤੱਕ ਪੁਚਾਅ ਸਕਦੇ
ਹੋ। ਵਿਚਕਾਰ ਕਿਸੇ ਵਿਚੋਲੇ, ਭਾਵ ਕਨਵਰਟਰ, ਨੂੰ ਪਾਉਣ ਦੀ ਉੱਕਾ ਲੋੜ ਨਹੀਂ
ਹੈ ਤੇ ਨਾ ਹੀ ਦੂਜੇ ਪਾਸੇ ਪੜ੍ਹਨ ਵਾਲ਼ੇ ਨੂੰ ਹੀ ਕਿਸੇ ਕਿਸਮ ਦੇ ਤਰੱਦਦ ਦੀ ਕੋਈ
ਲੋੜ ਹੈ। ਪੰਜਾਬੀ ਦੇ ਅਖੌਤੀ ‘ਕੰਪਿਊਟਰ ਮਾਹਰਾਂ’ ਨੇ ਪੰਜਾਬ ਦੇ ਸਰਕਾਰੀ ਤੇ
ਗ਼ੈਰ-ਸਰਕਾਰੀ ਸਮਗਲਰਾਂ ਵਾਂਗ ਹੀ ਦੁਨੀਆਂ ਦੇ ਪੜ੍ਹੇ ਲਿਖੇ ਪੰਜਾਬੀਆਂ ਨੂੰ ‘ਭਾਂਤ
ਭਾਂਤ ਦੇ ਕੰਨਵਰਟਰਾਂ ਦੇ ਨਸ਼ਿਆਂ ਤੇ ਲਾ ਛੱਡਿਆ ਹੈ।’ ਜਿਸ ਦੀ ਹੁਣ
ਉੱਕਾ ਹੀ ਲੋੜ੍ਹ ਨਹੀਂ। “ਪੰਜਾਬੀਓ ਜਾਗੋ ਤੋ ਹੋਸ਼ ਸੰਭਾਲ਼ੋ” ! ਇਨਕਲਾਬੀ ਕਵੀ ਸੰਤ
ਰਾਮ ਉਦਾਸੀ ਦਾ ਪ੍ਰੇਨਾ ਦਾਇਕ ਗੀਤ ਹੈ: “ਉੱਠ ਕਿਰਤੀਆ ਉੱਠ ਵੇ ਉੱਠਣ ਦਾ ਵੇਲਾ -
ਤੇਰੇ ਸਿਰ ਤੇ ਚੋਅ ਚੋਅ ਚਾਨਣ ਗਏ ਨੇ ਤੇਰੇ ਜੁੱਟ ਵੇ - ਉੱਠਣ ਦਾ ਵੇਲਾ”। ਯੂਨਾਕੋਡ
ਦੇ ਸੂਰਜ ਨੇ ਤੁਹਾਡੇ ਸਿਰਾਂ ਤੇ ਚਾਨਣ ਧੂੜ ਦਿੱਤਾ ਹੈ ਤੇ ਹੁਣ ਚੁਫੇਰੇ ਪਸਰੀ ਕਾਲ਼ਖ਼
ਤੋਂ ਖ਼ੁਦ ਨੂੰ ਸੁਤੰਤਰ ਨਾ ਕਰ ਸਕੇ ਤਾਂ ਫੇਰ ਤੁਹਾਡਾ ਰੱਬ ਹੀ ਰਾਖਾ!! ਇੱਕ ਦੂਜੇ
ਨੂੰ ਆਪਣੀ ਮਾਂ-ਭਾਸ਼ਾ - ਪੰਜਾਬੀ ਵਿੱਚ ਈ-ਮੇਲ ਭੇਜ ਸਕਣਾ ਅੱਜ ਤੋਂ ਤੁਹਾਡਾ ਮੁੱਖ
ਨਿਸ਼ਾਨਾ ਅਤੇ ਖ਼ੁਦ ਨਾਲ਼ ਅਹਿਦ ਹੋਵੇ। ਜਿਸ ਦਿਨ ਕਾਮਯਾਬ ਹੋ ਗਏ, ਸਮਝ ਲੈਣਾ ਕਿ
ਤੁਸੀਂ ਸਿੱਖ ਗਏ ਹੋ। ਗਲਤੀਆਂ ਤੋਂ ਨਾ ਡਰੋ। ਕੁੱਝ ਵੀ ਨਵਾਂ ਸਿੱਖਣ ਲਈ, ਪੁੱਛਣ
ਤੋਂ ਕਦੇ ਨਾ ਸੰਙੋ। ਇਹ ਸੰਙ ਹੀ ਬਹੁਤਿਆਂ ਨੂੰ ਅੱਗੇ ਵਧਣ ਦੀ ਬਜਾਇ ਸੈਆਂ ਕੋਹਾਂ
ਪਿੱਛੇ ਪਾ ਦਿੰਦੀ ਹੈ। ਯਾਦ ਰਹੇ ਕਿ 'ਪਹਿਲਾਂ ਸਿੱਖ ਕੇ ਤਾਂ ਕੋਈ ਵੀ ਨਹੀਂ ਸੀ
ਆਇਆ’ !!
ਖ਼ੁਦ ਨਾਲ਼ ਅਹਿਦ: “ਆਪਣੇ ਹੱਥੀਂ ਆਪਣਾ, ਆਪੇ ਹੀ ਕਾਜ ਸਵਾਰੀਏ” ਆਓ
ਅੱਜ ਤੋਂ ਆਪ ਕੋਸ਼ਿਸ਼ ਕਰਨੀ ਸ਼ੁਰੂ ਕਰੀਏ - ਸ਼ੁਰੂਆਤ ਹੌਲ਼ੀ ਹੀ ਸਹੀ ਪਰ ਇਹ ਸਭ
ਤੋਂ ਆਸਾਨ ਤਰੀਕਾ ਹੈ ਜੋ ਸਾਨੂੰ ਸਭ ਨੂੰ ਬਾਕੀ ਸਾਰੇ ਝੰਜਟਾਂ ਤੋਂ ਮੁਕਤ ਕਰਾਉਂਦਾ
ਹੈ। ਤੁਸੀਂ ਆਪਣਾ ਸੰਦੇਸ਼ ਦੇਸ਼-ਵਿਦੇਸ਼ ਦੇ ਲੱਖਾਂ ਪੰਜਾਬੀਆਂ ਤੱਕ ਕਿਵੇਂ
ਪਹੁੰਚਾਉਣਾ ਹੈ? ਕਿਹੜਾ ਰਾਹ ਚੁਣਨਾ ਹੈ? ਸੌਖਾ ਅਤੇ ਸਿੱਧਾ, ਜਾਂ ਬਿਖੜਾ ਤੇ ਔਖਾ -
ਇਸਦਾ ਫ਼ੈਸਲਾ ਤੁਹਾਡੇ ਤੇ ਛੱਡ ਦਿੱਤਾ ਜਾਂਦਾ ਹੈ। ਪਰ ਤੁਸੀਂ ਆਪਣਾ ਅਨੁਭਵ ਬਾਕੀਆਂ
ਨਾਲ਼ ਜ਼ਰੂਰ ਸਾਂਝਾ ਕਰਨ ਦੀ ਕੋਸ਼ਿਸ਼ ਕਰੋ। ਭਾਂਤ ਭਾਂਤ ਦੇ, ਆਪਣੀ ਮਿਆਦ ਪੁਗਾ
ਚੁੱਕੇ ਅੱਖਰਾਂ ਨਹੀਂ ਸਗੋਂ ਲਿਖਤ-ਵਿਧਾਨਾਂ ਅਤੇ ਕਨਵਰਟਰਾਂ ਦੇ
ਚੱਕਰਵਿਯੂ ਜਾਂ ਚੁੰਗਲ਼ 'ਚੋਂ ਆਪ ਵੀ ਨਿੱਕਲੋ ਤੇ ਦੂਜਿਆਂ ਨੂੰ ਵੀ ਬਾਹਰ ਦਾ ਰਸਤਾ
ਦਿਖਾਓ। ਸ਼ੁਰੂਆਤ ਸ਼ਾਇਦ ਕਈਆਂ ਨੂੰ ਔਖੀ ਲੱਗੇ ਪਰ ਦੁੱਖ ਪਾ ਕੇ ਹੀ ਸੁੱਖ ਮਿਲ਼ਦਾ ਹੈ।
ਸੰਸਾਰ ਬਹੁਤ ਅੱਗੇ ਨਿੱਕਲ਼ ਗਿਆ ਹੈ। ਆਓ ਇਸ ਨਾਲ਼ ਰਲ਼ੀਏ - ਇਸਦੇ ਕਦਮ ਨਾਲ਼ ਕਦਮ
ਮਿਲ਼ਾਈਏ। ਮੌਜੂਦਾ ਪ੍ਰਸਥਿਤੀਆਂ ਦੇ ਸੰਦਰਭ ਵਿੱਚ ਪੰਜਾਬੀ ਭਾਸ਼ਾ ਤੁਹਾਥੋਂ ਮੰਗ
ਕਰਦੀ ਹੈ, ‘ਹੇ ਮੇਰੇ ਸਪੂਤੋ! ਪੁਰਾਣੇ ਕਾਇਦੇ ਛੱਡੋ ਹੁਣ ਕੰਪਿਊਟਰ ਤੇ ਯੂਨੀਕੋਡ
ਸਿੱਖੋ ਅਤੇ ਵਰਤੋ'!
ਉਲਾਂਭੇ ਦਾ ਸੁਭਾਅ ਤਿਆਗੋ : ਆਮ ਤੌਰ ਤੇ ਦੇਖਣ, ਸੁਣਨ ਅਤੇ ਪੜ੍ਹਨ
ਵਿੱਚ ਆਉਂਦਾ ਹੈ ਕਿ ਬਹੁਤੇ ਲੋਕ, ਸਮੇਤ ਬਹੁਤ ਸਾਰੇ ਲੇਖਕ ਅਤੇ ਜਨਤਕ ਆਗੂ ਵੀ, ਹਰ
ਸਮੱਸਿਆ ਦਾ ਕਸੂਰ ਸਰਕਾਰ ਅਤੇ ਪ੍ਰਸ਼ਾਸਨ ਸਿਰ ਮੜ੍ਹਦੇ ਹਨ। ਪਰ ਇਹ ਯੂਨੀਕੋਡ ਮੁੱਖ
ਮੰਤਰੀ, ਜਾਂ ਸਿੱਖਆ ਮੰਤਰੀ ਜਾਂ ਕਿਸੇ ਡੀ. ਸੀ. ਨੇ ਸਿਖਾਉਣ ਨਹੀਂ ਆਉਣਾ, ਕਿਉਂਕਿ
ਉਨਾਂ ਨੂੰ ਤਾਂ ਆਪ ਹੀ ਨਹੀਂ ਪਤਾ ਇਸ ਬਾਰੇ, ਨਾ ਹੀ ਉਨ੍ਹਾਂ ਨੂੰ ਕੋਈ ਪ੍ਰਵਾਹ ਹੈ
ਅਤੇ ਨਾ ਹੀ ਉਨ੍ਹਾਂ ਦੇ ਇਹ ਵੱਸ ਦਾ ਇਹ ਰੋਗ ਹੀ ਹੈ। ਇਹ ਤਾਂ ਤੁਹਾਨੂੰ ਖੁਦ ਨੂੰ
ਹੀ ਲਗਨ ਨਾਲ਼, ਯਤਨ ਕਰਕੇ ਸਿੱਖਣਾ ਪੈਣਾ ਹੈ। ਜਦ ਤੱਕ ਤੁਸੀਂ ਆਪ ਨਹੀਂ ਸਿੱਖਦੇ
ਅਤੇ ਇਸਦੀ ਵਰਤੋਂ ਨਹੀਂ ਕਰਦੇ ਉਦੋਂ ਤੱਕ ਨਾ ਹੀ ਕਿਸੇ ਨੂੰ ਕੁੱਝ ਸਮਝਾ ਸਕਦੇ ਹੋ
ਨਾ ਹੀ ਕੋਈ ਦੋਸ਼ ਕਿਸੇ ਸਿਰ ਮੜ੍ਹ ਸਕਦੇ ਹੋ। ਜਦ ਤੱਕ ਤੁਸੀਂ ਈ-ਮੇਲ ਪੰਜਾਬੀ ਵਿੱਚ
ਕਰਨ ਦੇ ਯੋਗ ਨਹੀਂ ਹੁੰਦੇ, ਭਾਵੇਂ ਤੁਸੀਂ ਕਿੰਨੇ ਵੀ ਪੰਜਾਬੀ ਭਾਸ਼ਾ ਪੱਖੀ ਭਾਵ
ਸਮਰਥਕ ਕਿਉਂ ਨਾ ਹੋਵੋਂ, ਤੁਸੀਂ ਆਪਣੇ ਆਪ ਨੂੰ ਅੰਗਰੇਜ਼ੀ ਦੇ ਗ਼ੁਲਾਮ ਹੀ ਸਮਝਿਓ !
ਗਲ਼ ਪਿਆ ਢੋਲ ਵਜਾਉਣਾ ਛੱਡੋ। ਨਵਾਂ ਸਿੱਖੋ - ਜੋ ‘ਅੱਜ ਅਤੇ ਹੁਣ ਦੀ ਲੋੜ' ਹੈ।
ਖੁਦ ਨੂੰ ਸਿਖਾਉਣ ਦਾ ਅਹਿਦ ਲਵੋ - ਦਿਲ ਲਾ ਕੇ ਸਿੱਖੋ - ਹੋਰਨਾਂ ਨੂੰ ਵੀ ਸਿਖਾਓ,
ਨਹੀਂ ਤਾਂ ਬਹੁਤ ਹੀ ਦੇਰ ਹੋ ਜਾਵੇਗੀ - ਜਾਗੋ - ਅੱਖ ਉਘਾੜੋ - ਚੁਫੇਰੇ ਤੱਕੋ -
ਹਿੰਮਤ ਕਰੋ - ਯਤਨ ਸ਼ੁਰੂ ਕਰੋ - ਕਾਮਯਾਬ ਹੋਵੋ:
“ਵਕਤ ਵਿਚਾਰੇ ਸੋ ਬੰਦਾ ਹੋਇ” -
ਸਮਾਂ ਹੈ ਹੁਣ ਵਕਤ ਵਿਚਾਰਨ ਦਾ - ਪੁਰਾਣਾ ਭੁਲਾ ਕੇ ਨਵਾਂ ਸਿੱਖਣ ਦਾ !!
ਮੱਦਦ ਮੰਗਣ ‘ਚ ਕਾਹਦੀ ਝਿਜਕ? ਬਹੁਤ ਲੋਕਾਂ ਦਾ ਵਿਸ਼ੇਸ਼ ਸੁਭਾਅ ਹੈ ਕਿ
ਜੇ ਕਿਸੇ ਗੱਲ ਦਾ ਪਤਾ ਨਾ ਹੋਵੇ ਤਾੰ ਕਿਸੇ ਨੂੰ ਪੁੱਛਣਾ ਨਹੀਂ, ਏਸ ਡਰ ਕਰਕੇ ਕਿ
ਕਿਤੇ ਦੂਜਿਆਂ ਨੂੰ ਸ਼ਾਇਦ ਉਨ੍ਹਾਂ ਦੀ ਕਮਜ਼ੋਰੀ ਦਾ ਪਤਾ ਨਾ ਲੱਗ ਜਾਵੇ। ਏਹੋ ਗੱਲ
ਭਾਵ ਸ਼ਰਮ ਜਾਂ ਸੰਙ ਹੀ ਸਾਨੂੰ ਅਕਸਰ ਚੰਗਾ ਸਿੱਖਣ ਅਤੇ ਚੰਗਾ ਬਣਨ ਤੋਂ ਰੋਕ ਦਿੰਦੀ
ਹੈ। ਤੁਸੀਂ ਕੁਛ ਪੁੱਛੋਗੇ ਤਾਂ ਹੀ ਮੱਦਦ ਪ੍ਰਾਪਤ ਕਰ ਸਕੋਗੇ। ਬੱਚੇ ਦੇ ਰੋਣ ਤੋਂ
ਬਿਨਾਂ ਮਾਂ ਨੂੰ ਕਿਵੇਂ ਪਤਾ ਲੱਗੇ ਕਿ ਉਹਦੇ ਬੱਚੇ ਨੂੰ ਭੁੱਖ ਲੱਗੀ ਹੈ ਜਾਂ ਕੋਈ
ਤਕਲੀਫ਼ ਹੈ। ਬਿਨਾਂ ਰੋਗ ਪਛਾਣਿਆਂ ਕੋਈ ਡਾਕਟਰ ਵੀ ਦਵਾਈ ਨਹੀਂ ਦਿੰਦਾ। ਸਵਾਲ
ਪੁੱਛੋਗੇ ਤਾਂ ਹੀ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਜ਼ਰੂਰ ਮਿਲ਼ੇਗਾ, ਲੋੜੀਂਦੀ,
ਸੰਭਵ ਮੱਦਦ ਸਹਿਤ। ਤੁਹਾਡਾ ਸਵਾਲ ਕਿੰਨਾ ਵੀ ਸਧਾਰਨ, ਸੌਖਾ ਜਾਂ ਔਖਾ ਕਿਉਂ ਨਾ
ਹੋਵੇ ਸੰਙ, ਸ਼ਰਮ ਤੇ ਡਰ ਨੂੰ ਪਰ੍ਹਾਂ ਹਟਾ ਕੇ ਜ਼ਰੂਰ ਪੁੱਛੋ। ਤੁਹਾਡੀ ਹਰ
ਮੁਸ਼ਕਿਲ ਆਸਾਨ ਕਰਨ ਦਾ ਹਰ ਸੰਭਵ ਯਤਨ ਕੀਤਾ ਜਾਵੇਗਾ। ਹੋਰ ਜਾਣਕਾਰੀ ਪ੍ਰਾਪਤ ਕਰਨ
ਸਬੰਧੀ, ਇਸ ਲਿਖਤ ਦੇ ਇੰਟਰਨੈੱਟ ਦੇ ਪਾਠਕ ਇਸ ਲਿੰਕ :
“PunjabiXL
Keyboard” ਤੇ ਕਲਿੱਕ, ਕਰਕੇ ਪੰਜਾਬੀ
ਯੂਨੀਕੋਡ ਕੀ-ਬੋਰਡ ਡਾਊਨਲੋਡ ਕਰ ਸਕਦੇ ਹਨ। ਗੂਗਲ ਤੇ ਭਾਲ਼ ਕਰਕੇ ਵੀ ਲੱਭਿਆ ਜਾ
ਸਕਦਾ ਹੈ। ਕਿਸੇ ਨੂੰ ਵੀ ਕਿਸੇ ਕਿਸਮ ਦੀ ਵੀ ਮੁਸ਼ਕਿਲ ਆਉਣ ਦੀ ਸੂਰਤ ਵਿੱਚ ਅਖੀਰ
‘ਚ ਦਿੱਤੇ ਗਏ ਸਿਰਨਾਵੇਂ ਤੇ ਈ-ਮੇਲ ਰਾਹੀਂ ਬੇ-ਝਿਜਕ ਸੰਪਰਕ ਕੀਤਾ ਜਾ ਸਕਦਾ ਹੈ।
ਹਰ ਇੱਕ ਦੀ ਪੂਰੀ ਮੱਦਦ ਕਰਨ ਦਾ ਹਰ ਸੰਭਵ ਯਤਨ ਕੀਤਾ ਜਾਵੇਗਾ। ਪਰ ਸੱਭ ਤੋਂ
ਜ਼ਰੂਰੀ ਹੈ ਆਪਣੇ ਅੰਦਰ ਖ਼ੁਦ ਨੂੰ ‘ਪੰਜਾਬੀ ਯੂਨੀਕੋਡ’ ਸਿਖਾਉਣ ਦਾ
ਆਤਮ-ਵਿਸ਼੍ਵਾਸ਼ ਪੈਦਾ ਕਰੋ। ਇਹ ਹੀ ਤੁਹਾਡੀ ਆਪਣੀ ਮਾਂ-ਭਾਸ਼ਾ ਪ੍ਰਤੀ ਸੁਹਿਰਦ ਅਤੇ
ਪ੍ਰਤੀਬੱਧ ਪ੍ਰਤਿੱਗਿਆ ਹੈ।
ਫ਼ੈਸਲਾ ਤੁਹਾਡੇ ਹੱਥ: ਉਪ੍ਰੋਕਤ ਵਿਸਥਾਰ ਪੜ੍ਹਨ ਅਤੇ ਸਮਝਣ ਦਾ ਯਤਨ
ਕਰਨ ਉਪ੍ਰੰਤ ਤੁਹਾਡੇ ਫ਼ੈਸਲੇ ਜਾਂ ਚੋਣ ਬਾਰੇ ਜਾਨਣ ਦੀ ਉਤਸੁਕਤਾ ਰਹੇਗੀ, ਇਸ
ਭਰਪੂਰ ਉਮੀਦ ਨਾਲ਼ ਕਿ ਤੁਸੀਂ ਪੰਜਾਬੀ ਭਾਸ਼ਾ ਦੀਆਂ ਉਮੀਦਾਂ ਤੇ ਪੂਰਾ ਉੱਤਰਨ ਅਤੇ
ਖ਼ੁਦ ਨੂੰ ਨਵਾਂ ਸਿਖਾਉਣ/ਸੁਧਾਰਨ ਲਈ ਯਤਨਸ਼ੀਲ ਹੋ। ਜਿੰਨਾ ਚਿਰ ਪੰਜਾਬ ਦੇ ਪੜ੍ਹੇ
ਲਿਖੇ ਵਰਗ ਦੇ ਦਿਮਾਗ਼ ਵਿੱਚ ਯੂਨੀਕੋਡ ਘਰ ਨਹੀਂ ਕਰ ਜਾਂਦਾ ਉਨਾਂ ਚਿਰ ਚੰਡੀਗੜ੍ਹ
ਅਤੇ ਹੋਰ ਸ਼ਹਿਰਾਂ ਦੇ ਪ੍ਰਸ਼ਾਸਨ ਪੰਜਾਬੀ ਲਾਗੂ ਕਰਨ ਤੋਂ ਭੱਜਦੇ ਜਾਂ ਕੰਨੀ
ਕਤਰਾਉਂਦੇ ਰਹਿਣਗੇ। ਪੰਜਾਬ ਸਰਕਾਰ ਜਾਂ ਲੋਕ ਭਾਵੇਂ ਆਪਣੀ ਮਾਂ-ਭਾਸ਼ਾ ਨੂੰ ਕੰਪਿਊਟਰ
ਤੇ ਵਰਤਣ ਤੋਂ ਮੂੰਹ ਮੋੜ ਲੈਣ ਜਾਂ ਕੰਪਿਊਟਰ ਦੇ ਮਾਹਰ ਵਿਗਿਆਨੀ ਅਤੇ ਸਧਾਰਨ
ਵਰਤੋਂਕਾਰ ਵੀ ਯੂਨੀਕੋਡ ਸਿੱਖਣ ਅਤੇ ਵਰਤਣ ਦੀ ਕੋਸ਼ਿਸ਼ ਤੋਂ ਗੁਰੇਜ਼ ਕਰਨ, ਪਰ
ਪੰਜਾਬੀ ਵਿਕਾਸ ਮੰਚ, ਯੂ.ਕੇ. ਦੀ ਆਖ਼ਰ ਤੱਕ ਕੋਸ਼ਿਸ਼ ਰਹੇਗੀ ਕਿ ਵਿਦੇਸ਼ਾਂ 'ਚ ਵਸਦੇ
ਪੰਜਾਬੀ ਇਸਨੂੰ ਸਿੱਖਣ, ਸਿਖਾਉਣ ਅਤੇ ਵਰਤਣ ਲਈ ਹਮੇਸ਼ਾ ਯਤਨਸ਼ੀਲ ਰਹਿਣ। ਪੰਜਾਬੀ
ਵਿਕਾਸ ਮੰਚ ਵੱਲੋਂ ਯੂ. ਕੇ. ਭਰ ਵਿੱਚ ਯੂਨੀਕੋਡ ਕੀ-ਬੋਰਡ ਦੀ ਸਿਖਲਾਈ ਲਈ ਹਰ ਤਰਾਂ
ਦੇ ਸਹਿਯੋਗ ਦਾ ਮੁਫ਼ਤ ਪ੍ਰਬੰਧ ਉਪਲਬਧ ਹੈ। ਕਿਸੇ ਕਿਸਮ ਵੀ ਜਾਣਕਾਰੀ ਲੈਣ ਜਾਂ
ਯੂਨੀਕੋਡ ਸਬੰਧੀ ਕੋਈ ਮੁਸ਼ਕਲ ਹੱਲ ਕਰਾਉਣ ਲਈ ਬੇ-ਝਿਜਕ ਸੰਪਰਕ ਕਰੋ। ਸਾਨੂੰ ਇਹ
ਯਕੀਨ ਹੋ ਜਾਣ ਦੀ ਅਤਿਅੰਤ ਖ਼ੁਸ਼ੀ ਹੋਵੇਗੀ ਕਿ ਪੰਜਾਬੀਆਂ ਵਿੱਚ ਜਗਿਆਸਾ ਦਾ ਕੋਈ ਕਣ
ਅਜੇ ਵੀ ਸਹਿਕਦਾ ਜਾਂ ਜਿਉਂਦਾ ਹੈ !!
ਸੰਪਰਕ ਕਰਨ ਲਈ :punjabi-unicode@5abi.com
(05\06\17) |
ਸਤਿਕਾਰਯੋਗ ਸੰਪਾਦਕ, ਡਾ. ਬਲਦੇਵ ਸਿੰਘ ਕੰਦੋਲਾ ਜੀ
ਬਹੁਤ ਅਰਸੇ ਬਾਅਦ ਆਪਜੀ ਨੂੰ ਇਹ ਖਤ, ਉਹ ਵੀ
ਪੰਜਾਬੀ:XL
ਕੀ-ਬੋਰਡ ਦੀ ਵਰਤੋਂ ਕਰਕੇ, ਯੂਨੀਕੋਡ ਅੱਖਰਾਂ ‘ਚ ਲਿਖਿਆ ਜਾ ਰਿਹਾ ਹੈ।
ਆਪਜੀ ਨੂੰ ਯਾਦ ਹੋਵੇਗਾ ਕਿ
ਸਾਲ 2004/2005 ਵਿੱਚ ਇੱਕ ਵਾਰ, ਏਸੇ ਹੀ ਸਾਈਟ
ਤੇ, ਆਪਸੀ ਵਿਚਾਰ ਵਟਾਂਦਰੇ ਲਈ ਪੰਜਾਬੀ ‘ਚ ਖਤ ਲਿਖਣ ਲਈ ਮੁਹਿੰਮ ਵਿੱਢੀ ਗਈ ਸੀ।
ਉਸਦਾ ਅਸਰ ਅਤੇ ਨਤੀਜਾ ਬਹੁਤੇ ਪਾਠਕਾਂ ਨੂੰ ਸ਼ਾਇਦ ਅੱਜ ਵੀ ਯਾਦ ਹੋਵੇ। ਪਰ ਉਸ
ਨਤੀਜੇ/ਮੁਕਾਮ ਤੇ ਪਹੁੰਚਣ ਲਈ ਕਿਹੜੇ ਢੰਗ ਤਰੀਕੇ ਅਪਨਾਏ ਗਏ ਹੋਣਗੇ, ਯਾਦ ਕਰਕੇ ਕੇ
ਅੱਜ ਸੋਚ ਅਜੀਬ ਦੁਬਿਧਾ ਵਿੱਚ ਹੈ। ਪ੍ਰਚਾਰ ਅਤੇ ਸੰਚਾਰ ਸਾਧਨਾਂ ‘ਚ ਇਨ੍ਹਾਂ ਦਸ
ਸਾਲਾਂ ਵਿੱਚ ਕਿੰਨੀ ਤਬਦੀਲੀ ਹੋ ਗਈ ਜੋ ਸ਼ਾਇਦ ਬਹੁਤਿਆਂ ਲਈ ਸਮਝ ਤੋਂ ਬਾਹਰ ਹੈ।
ਕਈ ਵਾਰ ਜਾਪਦਾ ਹੈ ਕਿ ਬੰਦਾ ਤੇ ਸਮਾਂ ਵਿਪਰੀਤ ਦਿਸ਼ਾਵਾਂ ‘ਚ ਸਫਰ ਕਰ ਰਹੇ ਹਨ ਤੇ
ਉਹ ਇੱਕ ਦੂਜੇ ਦੇ ਕੋਲੋਂ ਜਾਂ ਦੂਰੋਂ ਏਨੀ ਤੇਜ਼ੀ ਨਾਲ਼ ਗੁਜ਼ਰ ਜਾਂਦੇ ਹਨ ਕਿ ਕਿਸੇ
ਨੂੰ ਕੋਈ ਖ਼ਬਰ ਵੀ ਨਹੀਂ ਹੁੰਦੀ।
ਖੁਸ਼ੀ ਦੀ ਗੱਲ ਕਿ ਪੰਜਾਬੀ ਨੂੰ ਕੰਪਿਊਟਰ ਦੇ ਸਮਰੱਥ ਭਾਸ਼ਾ ਬਣਾਉਣ ਲਈ ਅਤੇ
ਕੰਪਿਊਟਰ ਤੇ ਇਸਦੀ ਨਿੱਜੀ ਵਰਤੋਂ ਕਰਨ ਅਤੇ ਵਿਸ਼ਵ ਪੱਧਰ ਤੇ ਆਪਸੀ ਸਾਂਝ ਅਤੇ ਸੰਚਾਰ
ਵਧਾਉਣ ਹਿੱਤ ਪੰਜਾਬੀ ਲਿਖਣ ਵਾਲ਼ਿਆਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦਾ ਸਹੀ ਹੱਲ,
ਪੰਜਾਬੀ:XL ਦੇ ਰੂਪ ‘ਚ ਪੇਸ਼ ਹੋਇਆ ਹੈ।
ਇਸ ਕੀ-ਬੋਰਡ ਦਾ ਆਪਣੀ ਸੰਪੂਰਨ ਸਮਰੱਥਾ ਦੀ ਪਰਖ ਵਾਸਤੇ ਇੰਗਲੈਂਡ ਦੇ ਬੁੱਧੀਜੀਵੀਆਂ
ਦੀ ਕਚਹਿਰੀ ਵਿੱਚ ਪੇਸ਼ ਹੋਣਾ ਜਿੱਥੇ ਆਪਣੇ ਆਪ ਵਿੱਚ ਅਹਿਮ ਘਟਨਾ ਹੈ ਉੱਥੇ ਸ਼ੁੱਭ
ਸ਼ਗਨ ਵੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜਿੱਥੇ ਬਹੁਮਤ ਵਲੋਂ ਇਸਦਾ ਬਣਦਾ
ਭਰਵਾਂ ਸਵਾਗਤ ਕੀਤਾ ਗਿਆ ਉੱਥੇ ਕੁੱਝ ਤੇਜ ਨਜਰ ਪਾਰਖੂਆਂ ਵਲੋਂ ਇਸਦੀ ਯੋਗ
ਕਾਰਗੁਜ਼ਾਰੀ ਅਤੇ ਇਸਦੇ ਪਿਛੋਕੜ ਤੇ ਇਤਿਹਾਸ ਸਬੰਧੀ ਢੁੱਕਵੇਂ ਸਵਾਲ ਵੀ ਉਠਾਏ ਗਏ।
ਪਰ ਖ਼ਾਸ ਗੱਲ ਕਿ ਇਨਾਂ ਵਿੱਚ ਕਿਸੇ ਕਿਸਮ ਦੀ ਸ਼ੰਕਾ ਕੋਈ ਨਹੀਂ ਸੀ। ਹਰ ਇੱਕ ਨੂੰ
ਆਪਣੇ ਸਵਾਲ ਦਾ ਤਰਕਸ਼ੀਲ ਤੇ ਤਸੱਲੀਬਖਸ਼ ਜਵਾਬ ਮਿਲ਼ਿਆ। ਇਨ੍ਹਾਂ ਸਵਾਲਾਂ ‘ਚੋਂ
ਜ਼ਿਆਦਾਤਰ ਕੰਪਿਊਟਰ ਤੇ, ਮਸਾਂ ਮਸਾਂ ਜਾਂ ਬੜੀ
ਮੁਸ਼ਕਿਲ ਨਾਲ, ਪੰਜਾਬੀ ਲਿਖਣੀ ਸਿੱਖਣ ਵਾਲ਼ਿਆਂ ਦੇ ਮਨਾਂ ‘ਚ ਨਵੀਆਂ ਪੈਦਾ ਹੋਈਆਂ
ਮੁਸ਼ਕਿਲਾਂ ਦੇ ਡਰ ‘ਚੋਂ ਉਪਜੇ ਜਾਪਦੇ ਹਨ। ਇਹ ਵੀ ਸਹੀ ਹੈ ਕਿ ਉਨਾਂ ਨੂੰ ਦਿਸਦੀਆਂ
ਮੁਸ਼ਕਿਲਾਂ ਜਾਂ ਉਨਾਂ ਦੇ ਮਨਾਂ ‘ਚ ਵਸੇ ਡਰ ਵੀ ਕਿਸੇ ਹੱਦ ਤੱਕ ਜਾਇਜ ਹਨ। ਪਰ ਇੱਕ
ਗੱਲ ਜ਼ਰੂਰ ਹੈ ਕਿ ਇਹ ਡਰ ਬੜੇ ਓਪਰੇ ਜਾਂ ਥੋੜ੍ਹ ਚਿਰੇ ਹੀ ਹਨ।
ਵਿਸ਼ਾ ਬਹੁਤ ਵਿਸ਼ਾਲ ਹੈ, ਸ਼ਾਇਦ ਕੁੱਝ ਇੱਕ ਲਈ ਗੁੰਝਲਦਾਰ ਵੀ ਪਰ ਡਰਾਉਣਾ ਕਤਈ
ਨਹੀਂ। ਹਾਂ ਇਕੱਲਿਆਂ ਇਕਹਿਰਿਆਂ ਲਈ ਸ਼ਾਇਦ ਇਹ ਜ਼ਰੂਰ ਹੋਵੇ।
ਸਿਖਲਾਈ ਵਰਕਸ਼ਾਪਸ
ਤੋਂ ਬਾਅਦ, ਇਹ ਗੱਲ ਵੀ ਸ਼ਾਇਦ ਠੀਕ ਹੋਵੇ ਕਿ, ਬਹੁਤਿਆਂ ਦੀ ਅਜੇ ਪੂਰੀ ਤਸੱਲੀ ਨਾ
ਵੀ ਹੋਈ ਹੋਵੇ ਜਾਂ ਫਿਰ ਉਨ੍ਹਾਂ ਦੇ ਮਨਾਂ ਵਿੱਚ ਕੁੱਝ ਹੋਰ, ਨਵੇਂ ਸਵਾਲ ਵੀ ਪੈਦਾ
ਹੋ ਗਏ ਹੋਣ, ਹੋ ਸਕਦਾ ਹੈ ਕਿਸੇ ਨੂੰ ਸਵਾਲ ਕਰਨ ਦਾ ਮੌਕਾ ਹੀ ਨਾ ਮਿਲ਼ਿਆ ਹੋਵੇ,
ਹੋ ਸਕਦਾ ਹੈ ਕੋਈ ਮਨ ਹੀ ਮਨ ਡਰਦਾ ਪੁੱਛਣ ਤੋਂ ਝਿਜਕ ਗਿਆ ਹੋਵੇ, ਹੌਸਲਾ ਹੀ ਨਾ ਕਰ
ਸਕਿਆ ਹੋਵੇ.... ਜਾਂ ਕੋਈ ਹੋਰ ਕਾਰਨ ਵੀ ਹੋ ਸਕਦਾ ਹੈ। ਇਸ ਲਈ ਸਾਰਿਆਂ ਵਾਸਤੇ
ਸਾਂਝੇ ਪਲੇਟ ਫਾਰਮ ਤੇ ਜੁੜ ਬੈਠਣਾ ਬਹੁਤ ਹੀ ਜ਼ਰੂਰੀ ਹੈ। ਜਿੱਥੇ ਸਾਰੇ ਆਪਣਾ ਆਪਣਾ
ਫਿਕਰ, ਡਰ ਜਾਂ ਸ਼ੰਕਾ ਨਵਿਰਤ ਕਰਨ ਦਾ ਮੌਕਾ ਸਹਿਜ ਸੁਭਾਅ ਹੀ ਪ੍ਰਾਪਤ ਕਰ ਸਕਦੇ
ਹਨ, ਬਿਨਾ ਕਿਸੇ ਝਿਜਕ ਦੇ।
ਵਿਸ਼ੇ ਦੇ ਸੰਦਰਭ ਵਿੱਚ ਆਪਣੇ ਨਿੱਜੀ ਤਜਰਬੇ ਤੋਂ, ਇੱਕ ਗੱਲ ਹੋਰ ਸ਼ਾਮਿਲ ਕਰਨੀ
ਚਾਹਾਂਗਾ ਕਿ ਵਿਦਿਆਰਥੀ ਅਕਸਰ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਅਧਿਆਪਕ ਤੋਂ ਸਿੱਖਣ
ਦੇ ਨਾਲ਼ ਨਾਲ਼ ਆਪਣੇ ਸੰਗੀ ਸਾਥੀਆਂ ਤੋਂ ਵੀ ਸਿੱਖਦੇ ਹਨ। ਮੈਂ ਸੋਚਦਾਂ ਕਿ ਇਹ
ਬਹੁਤ ਜ਼ਰੂਰੀ ਹੈ ਕਿ ਨਵੇਂ ਸਿਖਾਂਦਰੂਆਂ ਲਈ ਅਜੇਹਾ ਮੌਕਾ ਸਿਰਜਿਆ ਜਾਵੇ ਤਾਂ ਕਿ
ਉਹ ਬੇਝਿਜਕ ਆਪਣੇ ਮਨ ਦੇ ਸ਼ੰਕੇ ਤੇ ਸਵਾਲ ਬਾਕੀਆਂ ਨਾਲ਼ ਸਾਂਝੇ ਕਰ ਸਕਣ। ਪਰ ਇਸ
ਤੋਂ ਪਹਿਲਾਂ ਇੱਕ ਸੁਝਾਅ ਹੋਰ ਹੈ ਕਿ ਇਸ ਕੀ-ਬੋਰਡ ਨੂੰ ਕੰਪਿਊਟਰ ਤੇ ਉਤਾਰਨ ਭਾਵ
ਡਾਊਨਲੋਡ ਕਰਨ ਲਈ ਇਸਦਾ ਲਿੰਕ, ਸਭ ਹਦਾਇਤਾਂ ਸਮੇਤ, ਉਪਲਬਧ ਕਰਾ ਦਿੱਤਾ ਜਾਵੇ ਤਾਂ
ਕਿ ਬਾਕੀ ਸਾਰੇ ਇਸਨੂੰ ਡਾਊਨਲੋਡ ਕਰਕੇ ਇਸਦਾ ਅਭਿਆਸ ਅਤੇ ਪਰਖ ਕਰ ਸਕਣ।
(ਪੰਜਾਬੀ:XL
ਡਾਊਨਲੋਡ ਸਿਰਫ ਵਿੰਡੋਜ਼ ਲਈ) ਇਸਦੇ ਨਾਲ ਹੀ ਸਾਰੇ
ਪਾਠਕਾਂ ਖਾਸ ਪੰਜਾਬੀ ਲਿਖਣ ਦੇ ਚਾਹਵਾਨਾਂ ਨੂੰ ਅਪੀਲ ਹੈ ਕਿ ਉਹ ਆਪਣਾ ਤਜਰਬਾ ਅਤੇ
ਪ੍ਰਤੀਕਰਮ ਬਾਕੀਆਂ ਨਾਲ ਜ਼ਰੂਰ ਸਾਂਝਾ ਕਰਨ ਤਾਂ ਕਿ ਵੱਧ ਤੋਂ ਵੱਧ ਲੋਕ ਇਸਨੂੰ ਅਮਲ
‘ਚ ਲਿਆ ਸਕਣ। ਇਸ ਕਾਰਜ ਲਈ ਉਹ ਰਾਵੀ ਫੌਂਟ/ਅੱਖਰ, ਜੋ ਕਿ ਨਵੇਂ ਕੰਪਿਊਟਰ ਤੇ
ਲੈਪ-ਟੌਪਸ ਤੇ ਪਹਿਲਾਂ ਹੀ ਉਪਲਬਧ ਹਨ, ਜਾਂ ਫਿਰ ਅਨਮੋਲਯੂਨੀ ਅੱਖਰ ਹੀ
ਵਰਤਣ। ਅਜਿਹਾ ਕਰਨ ਨਾਲ਼ ਉਹ 'ਅਸੀਸ',
'ਸਤਲੁਜ',
'ਧਨੀ ਰਾਮ ਚਾਤ੍ਰਿਕ',
'ਗੁਰਬਾਣੀ ਲਿੱਪੀ',
'ਸਮਤੋਲ' ਆਦਿ
ਸੈਂਕੜੇ ਅੱਖਰਾਂ ਤੋਂ ਛੁਟਕਾਰਾ ਪਾ ਸਕਦੇ ਹਨ। ਮੇਰੇ ਨਿੱਜੀ ਖਿਆਲ ਮੁਤਾਬਿਕ
ਅਨਮੋਲਯੂਨੀ (AnmolUni)ਅੱਖਰਾਂ ਦੀ ਦਿੱਖ ਰਾਵੀ
(Raavi) ਨਾਲ਼ੋਂ ਚੰਗੀ ਹੈ।
ਅਖ਼ੀਰ ਵਿੱਚ ਮੈਂ ਏਸੇ ਸੁਨੇਹੇ ਨਾਲ਼ ਆਪਣੀ ਗੱਲ ਖ਼ਤਮ ਕਰਨ ਦੀ ਇਜਾਜ਼ਤ ਲਵਾਂਗਾ
ਕਿ ਯੂਨੀਕੋਡ ਅਤੇ Windows XP ਦੀ ਆਮਦ ਨੇ ਪੰਜਾਬੀ ਭਾਸ਼ਾ ਲਈ ਨਵੇਂ ਦਿਸਹੱਦੇ
ਸਿਰਜੇ ਸਨ ਪਰ ਅਫਸੋਸ ਕਿ ਪੰਜਾਬੀ ਇਨ੍ਹਾਂ ਤੋਂ ਪਾਰ ਦੇਖ ਹੀ ਨਾ ਸਕੇ। ਪਰ ਹੁਣ ਇੱਕ
ਵਾਰ ਫੇਰ ਪੰਜਾਬੀ:XL ਨੇ ਪੰਜਾਬੀਆਂ ਲਈ
ਸਾਰੇ ਬੂਹੇ ਬਾਰੀਆਂ ਇੱਕ ਵਾਰ ਫੇਰ ਖ੍ਹੋਲ ਦਿੱਤੇ ਹਨ। ਸਾਰੇ ਇਸਦਾ ਫਾਇਦਾ ਉਠਾਓ ਤੇ
ਆਪਣੇ ਅਤੇ ਪੰਜਾਬੀ ਭਾਸ਼ਾ ਦੇ ਚਿਰਾਂ ਤੋਂ ਸੁੱਤੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ
ਆਪਣੀ ਮੱਦਦ ਆਪ ਕਰੋ। ਭਾਵ ਹਰ ਇੱਕ ਦਾ ਏਹੋ ਅਕੀਦਾ ਹੋਵੇ ਕਿ ਆਪਸੀ ਸੰਪਰਕ, ਚਿੱਠੀ
ਪੱਤਰ, ਤਾਲ਼-ਮੇਲ਼, ਵਿਚਾਰ ਵਟਾਂਦਰਾ, ਜਾਣਕਾਰੀ ਦੀ ਭਾਲ਼, ਖੋਜ ਕਾਰਜ ਪੰਜਾਬੀ
ਵਿੱਚ ਹੀ ਕਰਨਾ ਹੈ ਅਤੇ ਉਹ ਵੀ ਯੂਨੀਕੋਡ ਵਿੱਚ, ਜਿਸਨੂੰ ਕੋਈ ਵੀ, ਦੁਨੀਆਂ ਦੇ
ਕਿਸੇ ਵੀ ਖੂੰਜੇ ਬੈਠਾ ਪੰਜਾਬੀ ਬਿਨਾ ਕਿਸੇ ਮੁਸ਼ਕਿਲ ਦੇ ਪੜ੍ਹ ਸਕਦਾ ਹੈ। ਇਸ
ਵਾਸਤੇ ਕਿਸੇ ਵੀ ਕਿਸਮ ਦੇ ਕਨਵਰਟਰ ਜਾਂ
ਵਿਚੋਲੇ ਦੀ ਲੋੜ ਜਾਂ ਕੋਈ ਹੋਰ ਝੰਜਟ ਹੀ ਨਾ ਹੋਵੇ। ਇਹ ਕੋਈ ਔਖਾ ਕਾਰਜ ਨਹੀਂ।
ਕਿਸੇ ਨੂੰ ਵੀ, ਕਿਸੇ ਵੀ ਤਰਾਂ ਦੀ ਕੋਈ ਮੁਸ਼ਕਿਲ ਆਉਂਦੀ ਹੋਵੇ, ਕੋਈ ਗੱਲ ਸਮਝ ਨਾ
ਲੱਗਦੀ ਹੋਵੇ ਤਾਂ ਕਿਸੇ ਵੀ ਤਰਾਂ ਦੀ ਹੀਣਤਾ, ਸ਼ਰਮ, ਡਰ ਜਾਂ ਝਿਜਕ ਮਹਿਸੂਸ ਕੀਤੇ
ਬਿਨਾ, ਕੋਈ ਵੀ ਸਲਾਹ ਇੱਕ ਦੂਜੇ ਨੂੰ ਪੁੱਛ ਦੱਸ ਸਕਦੇ ਹੋ।
ਨਵੇਂ ਸਾਲ਼ ਦਾ ਆਪਣੇ ਆਪ ਨਾਲ਼ ਏਹੋ ਪ੍ਰਣ (ਰੈਜ਼ੋਲੂਸ਼ਨ) ਹੋਵੇ ਕਿ "ਮੈਂ
ਪੰਜਾਬੀ ਯੂਨੀਕੋਡ ਸਿੱਖਣਾ ਤੇ ਪੰਜਾਬੀ:XL
ਅਪਨਾਉਣਾ ਹੀ ਹੈ!! "
ਇਸ ਭਰਪੂਰ ਆਸ ਨਾਲ਼ ਸਭ ਨੂੰ ਤੇ ਪੰਜਾਬੀ ਦੇ ਉੱਜਲ ਭਵਿੱਖ ਨੂੰ
ਨਵੇਂ ਸਾਲ਼ ਦੀਆਂ ਮੁਬਾਰਕਾਂ
ਅਤੇ ਦਿਲੀ ਸ਼ੁੱਭ ਇੱਛਾਵਾਂ ਸਹਿਤ
ਸ਼ਿੰਦਰ ਪਾਲ ਸਿੰਘ |