WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
ਸਮੂਹ ਪੰਜਾਬੀਆਂ ਲਈ ਪਰਖ ਦੀ ਘੜੀ
ਸ਼ਿੰਦਰ ਪਾਲ ਸਿੰਘ

ਜਦ ਕੁੱਝ ਸਮਾਂ ਪਹਿਲਾਂ ਯੂਨੈਸਕੋ ਨੇ ਐਲਾਨ ਕੀਤਾ ਸੀ ਕਿ ਬੁਹਤ ਸਾਰੀਆਂ ਭਾਸ਼ਾਵਾਂ ਦੇ ਨਾਲ਼ ਨਾਲ਼ ਪੰਜਾਬੀ ਵੀ ਖ਼ਤਮ ਹੋ ਜਾਵੇਗੀ ਤਾਂ ਆਮ ਪੰਜਾਬੀਆਂ ਨੂੰ ਸ਼ਾਇਦ ਇਹ ਗੱਲ ਬਹੁਤ ਹਾਸੋ ਹੀਣੀ ਲੱਗੀ ਹੋਵੇ। ਕਿਸੇ ਵੀ ਪੰਜਾਬੀ ਨੇ ਇਸ ਨੂੰ ਗੰਭੀਰਤਾ ਨਾਲ਼ ਲਿਆ ਹੀ ਨਹੀਂ। ਸਗੋਂ ਆਪੋ ਆਪਣੀਆਂ ਦਲੀਲਾਂ ਵਰਤ ਕੇ ਏਸ ਹੋਕੇ ਨੂੰ ਰੱਦ ਕਰਨ ਦੀ ਕੋਸ਼ਿਸ਼ ਕੀਤੀ ਅਤੇ ਕਈ ਹਾਲੇ ਤੱਕ ਵੀ ਕਰੀ ਜਾ ਰਹੇ ਹਨ। ਜਦ ਕਿ ਇਸ ਬਹੁਤ ਹੀ ਗੰਭੀਰ ਵਿਸ਼ੇ ਤੇ ‘ਚਿੰਤਕ ਪੰਜਾਬੀਆਂ’ ਨੂੰ ਸਿਰ ਜੋੜ ਕੇ ਬੈਠਣ ਦੀ ਜ਼ਰੂਰਤ ਹੈ। ਪਰ ਬੈਠੇ ਕੌਣ? ਪੰਜਾਬੀਆਂ ਕੋਲ਼ ਤਾਂ ਸ਼ਾਇਦ ‘ਚਿੰਤਕ ਜੁੱਟ’ (‘ਥਿੰਕ ਟੈੰਕ) ਹੈ ਹੀ ਨਹੀਂ ! ਭਾਵੇਂ ਇਹ ਵਿਸ਼ਾ ਬਹੁਤ ਵਿਸਥਾਰ ਮੰਗਦਾ ਹੈ ਪਰ ਕੁੱਝ ਇੱਕ ਮੁੱਖ ਨੁਕਤਿਆਂ ਤੇ ਗੱਲ ਕਰਦੇ ਹਾਂ।

ਮੁੱਢਲਾ ਕਾਰਨ: ਜਦ ਵੀ ਪੰਜਾਬੀ ਭਾਸ਼ਾ ਦੀ ਤਰੱਕੀ, ਚੜ੍ਹਦੀ ਕਲਾ ਜਾਂ ਦੁਰਦਸ਼ਾ ਦੀ ਗੱਲ ਹੋਵੇਗੀ, ਸ. ਲਛਮਣ ਸਿੰਘ ਦੀ ਦੂਰ-ਅੰਦੇਸ਼ੀ ਸਭ ਨੂੰ ਯਾਦ ਆਵੇਗੀ। ਪੰਜਾਬੀ ਦੇ ਮੌਜੂਦਾ ਨਿਘਾਰ ਦਾ ਸਭ ਤੋਂ ਵੱਡਾ ਕਾਰਨ ਪੰਜਾਬੀਆਂ ਦੇ ਖ਼ੂਨ ‘ਚ ਰਚੀ ‘ਗ਼ੁਲਾਮ ਮਾਨਸਿਕਤਾ’ ਅਤੇ ‘ਖ਼ੁਦਗ਼ਰਜ਼ ਸੱਭਿਆਚਾਰ’ ‘ਚੋਂ ਲੱਭਣਾ ਪਵੇਗਾ। ਇਸ ਹਕੀਕਤ ਨੂੰ ਬ੍ਰਦਾਸ਼ਤ ਕਰਨਾ ਸ਼ਾਇਦ ਬਹੁਤਿਆਂ ਲਈ ਮੁਸ਼ਕਿਲ ਵੀ ਹੋਵੇ, ਪਰ ਸੱਚ ਸੋਨਾ ਹੈ। ਇਸਦਾ ਮੁੱਖ ਕਾਰਨ ਵੀ ਸ਼ਾਇਦ ਵਿਸ਼ਵੀਕਰਨ ਦੀ ਦੌੜ ਵਿੱਚ ਇੱਕ ਦੂਜੇ ਤੋਂ ਅੱਗੇ ਲੰਘਣ ਦੀ ਗੁੱਝੀ ਰੁਚੀ ਜਾਂ ਸਪਸ਼ਟ ਲਾਲਸਾ ਹੀ ਹੋਵੇ। ਪੰਜਾਬੀਆਂ ਵਿੱਚ ਦੂਰ-ਅੰਦੇਸ਼ੀ ਦੀ ਘਾਟ ਵਿੱਚ ਹਰ ਪੱਧਰ ਤੇ ਨਿਘਾਰ ਆਇਆ ਹੈ ਜਿਸਨੇ ਪੰਜਾਬੀ ਦੀ ਹਰ ਜੜ੍ਹ ਨੂੰ ਖੋਖਲਾ ਕਰ ਦਿੱਤਾ ਹੈ। ਖੋਖਲੀਆਂ ਜੜ੍ਹਾਂ ਤੋਂ ਹਰਿਆਵਲ ਅਤੇ ਫ਼ਲ਼ ਦੀ ਕੀ ਆਸ ਰੱਖੀ ਜਾ ਸਕਦੀ ਹੈ?

ਗ਼ੁਲਾਮ ਸੋਚ: ਪੰਜਾਬੀ ਅੰਗ੍ਰੇਜ਼ੀ ਨੂੰ ਫੈਸ਼ਨ ਕਿਉਂ ਸਮਝਣ ਲੱਗ ਪਏ ਹਨ? ਬੜਾ ਗੰਭੀਰ ਅਤੇ ਅਹਿਮ ਸਵਾਲ ਹੈ। ਪੰਜਾਬੀ ਵਿਗਿਆਨਕ ਸੋਚ ਕਿਵੇਂ ਅਪਨਾਉਂਦੇ, ਇਹ ਤਾਂ ਉਹ ਕਦੇ ਪੈਦਾ ਹੀ ਨਹੀਂ ਕਰ ਸਕੇ। ਉਨ੍ਹਾਂ ਦੇ ਦਿਮਾਗ਼ ‘ਚ ਇਹ ਵਹਿਮ ਕੁੱਟ ਕੁੱਟ ਕੇ ਭਰ ਦਿੱਤਾ ਗਿਆ, ਜਿਸਦੀ ਚੜ੍ਹਤ ਦੇ ਅਸੀਂ ਸਾਰੇ ਚਸ਼ਮਦੀਦ ਗਵਾਹ ਹਾਂ, ਕਿ ਪੰਜਾਬੀ ਤਾਂ ਵਿਗਿਆਨ ਦੀ ਭਾਸ਼ਾ ਕਦੇ ਹੋਈ ਹੀ ਨਹੀਂ ਸਕਦੀ। ਬੱਸ ਫੇਰ ਕੀ ਸੀ ਦੇਖੋ ਦੇਖੀ, ਰੀਸੋ ਰੀਸੀ ਹਰ ਕੋਈ ਏਸ ਧਾਰਨਾ ਦਾ ਕਾਇਲ ਹੋ ਗਿਆ। ਗੋਰਿਆਂ ਦੀ ਦੂਰ-ਅੰਦੇਸ਼ੀ ਨੇ ਸੌ ਸਾਲ ਦੇ ਰਾਜ ਵਿੱਚ ਹੀ ਪੰਜਾਬ ਦੀਆਂ ਜੜ੍ਹਾਂ ਵਿੱਚ ਅੰਗ੍ਰੇਜ਼ੀ ਡੂੰਘੇ ਬੀਜ ਬੀਜ ਦਿੱਤੇ। ਜਿਸਦੀ ਭਰਿਆ ਬਾਗ਼ ਸਭ ਦੇ ਸਾਹਵੇਂ ਹੈ। ਪੰਜਾਬੀ ਇਹ ਗੱਲ ਮੰਨਣ ਤੋਂ ਤਾਂ ਕੀ ਸਗੋਂ ਸੋਚਣ ਸਮਝਣ ਤੋਂ ਵੀ ਇਨਕਾਰੀ ਹਨ ਕਿ ਜਪਾਨੀ, ਚੀਨੀ, ਜਰਮਨਾਂ ਤੇ ਫ੍ਰਾਂਸੀਸੀ ਕੌਮਾਂ ਨੇ ਖ਼ੁਦ ਨੂੰ ਦੁਨੀਆਂ ‘ਚ ਆਪਣੀ ਤਾਕਤ ਦਾ ਲੋਹਾ ਮਨਵਾਇਆ ਅਤੇ ਆਪਣੀਆਂ ਜ਼ੁਬਾਨਾਂ ਤੇ ਫ਼ਖ਼ਰ ਮਹਿਸੂਸ ਕਰਕੇ ਇਸਦੀ ਜੀਅ ਜਾਨ ਨਾਲ਼ ਰਾਖੀ ਕੀਤੀ। ਜਰਮਨ ਦੀ ਆਗੂ ਐਂਜਲਾ ਮਰਕਲ ਅੱਜ ਵੀ ਹਰ ਸਭਾ ਵਿੱਚ ਮਾਣ ਨਾਲ਼ ਜਰਮਨ ਬੋਲਦੀ ਹੈ ਤੇ ਦੂਜੇ ਪਾਸੇ ਘਟੀਆ ਤੋਂ ਘਟੀਆ ਪੰਜਾਬੀ ਆਗੂ ਅਤੇ ਸਟੇਜ ਸੰਚਾਲਕ ਅਤੇ ਖ਼ਾਸ ਕਰ ਟੈਲੀਵੀਯਨ ਸੰਚਾਲਕ ਵਕਤਾ (ਐਂਕਰ) ਘਟੀਆ ਤੋਂ ਘਟੀਆ ਕਿਸਮ ਦੀ ਅੰਗ੍ਰੇਜ਼ੀ ਬੋਲਣ ‘ਚ ਮਾਣ ਮਹਿਸੂਸ ਕਰਦੇ ਹਨ। ਪੰਜਾਬ ਦਾ ਮੌਜੂਦਾ ਮੁਖੀ ਅਤੇ ਸਾਬਕਾ ਉੱਪ ਮੁੱਖੀ ਇਸਦੀ ਮਿਸਾਲ ਆਪ ਹਨ। ਗੱਲ ਇੱਥੇ ਹੀ ਖ਼ਤਮ ਨਹੀਂ ਹੋ ਜਾਂਦੀ, ਵਤਨ ਗਏ ਹਰ ਪੰਜਾਬੀ ਨੂੰ ਆਪਣੀ ਮਾਂ ਬੋਲੀ ‘ਚ ਗੱਲ ਕਰਨ ਵਿੱਚ ਜਿੰਨੀ ਮੁਸ਼ਕਿਲ ਪੰਜਾਬ ‘ਚ ਆਉਂਦੀ ਹੈ ਸ਼ਾਇਦ ਕਿਸੇ ਹੋਰ ਮੁਲਕ ਵਿੱਚ ਨਹੀਂ। ਇੱਥੋਂ ਤੱਕ ਕਿ ਉਸਦੀ ਕਾਬਲੀਅਤ ਨੂੰ ਵੀ ਘਿਰਣਾ ਅਤੇ ਸ਼ੱਕ ਦੀ ਨਜ਼ਰ ਨਾਲ਼ ਵੀ ਦੇਖਿਆ ਜਾਂਦਾ ਹੈ।

ਮੀਡੀਏ ਦਾ ਕਿਰਦਾਰ: ਪੰਜਾਬੀ ਨੂੰ ਬੇਹੋਸ਼ੀ ਦੀ ਟੀਕਾ ਲਾਉਣ ਵਿੱਚ ਪਹਿਲਾ ਇਨਾਮ ਜੇ ਟੈਲੀਵਿਯਨ ਮੀਡੀਏ  ਨੂੰ ਦੇ ਦਿੱਤਾ ਜਾਵੇ ਤਾਂ ਸ਼ਾਇਦ ਅਤਿਕਥਨੀ ਨਹੀਂ ਹੋਵੇਗੀ। ਚੁਫੇਰੇ ਨਿਗਾਹ ਮਾਰ ਕੇ ਦੇਖਿਆ ਜਾਵੇ ਤਾਂ ਖ਼ਾਸ ਕਰ ਟੈਲੀਵਿਯਨ ਵਲੋਂ ਪੈਦਾ ਕੀਤੇ ਜਾ ਰਹੇ ਵਿਗਾੜ ਤੋਂ ਇਹ ਹਕੀਕਤ ਸਪਸ਼ਟ ਨਜ਼ਰ ਆ ਜਾਵੇਗੀ। ਕੁੱਝ ਇੱਕ ਟੈਲੀਵਿਯਨ ਬੁਹਤ ਵਧੀਆ ਪ੍ਰੋਗਰਾਮ ਵੀ ਦਿੰਦੇ ਹੋਣਗੇ ਪਰ ਇਨ੍ਹਾਂ ਦੀ ਗਿਣਤੀ ਵੀ ਆਟੇ ‘ਚ ਲੂਣ ਹੋਵੇਗੀ। ਏਸ ਵਿਆਪਕ ਦੋਸ਼ ਵਿੱਚ ਐਂਕਰ, ਪੱਤਰਕਾਰ, ਆਗੂ ਜਾਂ ਮਹਿਮਾਨ ਬੁਲਾਰੇ ਹੀ ਨਹੀਂ ਸਗੋਂ ਪਰਦੇ ਭਾਵ ਸਕਰੀਨ ਤੇ ਦਿਖਾਈਆਂ ਜਾਣ ਵਾਲ਼ੀਆਂ ਖ਼ਬਰਾਂ ਲਿਖਣ ਵਾਲ਼ੇ ਵੀ ਬਰਾਬਰ ਦੇ ਭਾਗੀਦਾਰ ਹਨ। ਮਜਾਲ ਹੈ ਕਿ ਕਿਸੇ ਪਿਉ ਦੇ ਪੁੱਤ ਨੇ ਇੱਕ ਵੀ ਖ਼ਬਰ ਵਿੱਚ ਸਹੀ ਸ਼ਬਦ-ਜੋੜ ਵਰਤੇ ਹੋਣ। ਇਸਦਾ ਕਾਰਨ ਵੀ ਕੌਨਵੈਂਟ ਸਕੂਲਾਂ ਵਿੱਚ ਪੜ੍ਹਾਈ ਜਾਂਦੀ ਪੰਜਾਬੀ ਹੀ ਹੈ, ਜਿਸ ਨੇ ਸਾਰਿਆਂ ਨੂੰ ਹੀ ਚ੍ਰਿੜ-ਘੁੱਗ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਪ੍ਰੈਸ ਮੀਡੀਆ ਵੀ ਇਸ ਦੋਸ਼ ਤੋਂ ਬਰੀ ਨਹੀਂ ਕੀਤਾ ਜਾ ਸਕਦਾ। ਕਿਉਂਕਿ ਇਸ ਵਿੱਚ ਕੰਮ ਕਰਨ ਵਾਲ਼ੇ ਬਹੁਤੇ ਨਵੇਂ ਦੌਰ ਦੇ ਕੰਪਿਊਟਰ ਮਾਹਰਾਂ ਦਾ ਵੀ ਪਿਛਕੋੜ ਵੀ ਸ਼ਾਇਦ ਅੰਗ੍ਰੇਜ਼ੀ ਮਾਧਿਅਮ ਸਕੂਲਾਂ ਨਾਲ਼ ਹੀ ਜੁੜਿਆ ਹੋਇਆ ਹੈ। ਪ੍ਰਦੇਸਾਂ ‘ਚ ਬੈਠੇ ਪੰਜਾਬੀ ਇੰਟਰਨੈੱਟ ਦੀ ਅਦਭੁੱਤ ਸੌਗਾਤ ਸਦਕਾ ਬਹੁਤ ਸਾਰੇ ਪੰਜਾਬੀ, ਬਹੁਤ ਸਾਰੀਆਂ ਪੰਜਾਬੀ ਬਿਜਲਈ ਅਖ਼ਬਾਰਾਂ ਰਾਹੀਂ ਪੰਜਾਬ ਨਾਲ਼ ਜੁੜੇ ਹੋਏ ਹਨ। ਇਨ੍ਹਾਂ ਅਖ਼ਬਾਰਾਂ ਵਿੱਚ ਵੀ ਸ਼ਬਦ-ਜੋੜਾਂ ਦੀਆਂ ਅਨੇਕਾਂ ਗ਼ਲਤੀਆਂ ਰੋਜ਼ਾਨਾ ਦੇਖਣ-ਪੜ੍ਹਨ ਨੂੰ ਮਿਲ਼ਦੀਆਂ ਹਨ। ਜਿਨ੍ਹਾਂ ਦਾ ਵਿਸਥਾਰ ‘ਚ ਕੀਤਾ ਬਿਆਨ ਇੱਥੇ ਜ਼ਰੂਰ ਕੁਥਾਵਾਂ ਹੋਵੇਗਾ।

ਪ੍ਰਵਾਸੀਆਂ ਦਾ ਸੁਪਨਾ: ਹਰ ਪ੍ਰਵਾਸੀ ਪੰਜਾਬੀ ਦਾ ਸੁਪਨਾ ਆਪਣੀ ਭਾਸ਼ਾ ਦੀ ਸਦੀਵਤਾ ਹੈ, ਪਰ ਸਿਰਫ਼ ਜਜ਼ਬਾਤੀ ਪੱਖ ਤੋਂ ਨਹੀਂ। ਆਮ ਤੌਰ ਤੇ ਗੁਰਦਵਾਰਿਆਂ ਵਿੱਚ ਸੁਣਨ ਨੂੰ ਮਿਲ਼ਦਾ ਹੈ ਕਿ ਜੇ ਬੱਚੇ ਪੰਜਾਬੀ ਨਹੀਂ ਪੜ੍ਹਨਗੇ ਤਾਂ ਉਹ ਪਾਠ ਨਹੀਂ ਕਰ ਸਕਣਗੇ। ਇਹ ਗੱਲ ਕਿਸੇ ਹੱਦ ਤੱਕ ਠੀਕ ਹੈ ਪਰ ਇਸ ਧਾਰਨਾ ਤੋਂ ਉੱਪਰ ਉੱਠਣ ਦੀ ਜ਼ਰੂਰਤ ਹੈ। ਹਰ ਪ੍ਰਵਾਸੀ ਪੰਜਾਬੀ ਚਾਹੇ ਉਹ ਧਾਰਮਿਕ ਹੈ, ਮੀਡੀਏ ਨਾਲ਼ ਜੁੜਿਆ ਹੈ, ਰਾਜਨੀਤਕ ਹੈ, ਵਪਾਰੀ ਹੈ, ਜਾਂ ਉਹ ਅਧਿਆਪਕ, ਡਾਕਟਰ, ਇੰਜਨੀਅਰ ਜਾਂ ਵਿਗਿਆਨੀ ਹੈ ਇੱਥੋਂ ਕਿ ਭਾਵੇਂ ਉਹ ਕਿਸੇ ਵੀ ਧਰਮ ਦਾ ਅਨੁਯਾਈ ਹੈ ਨੂੰ ਪੰਜਾਬੀ ਨਾਲ਼ ਪਿਆਰ ਹੈ। ਪ੍ਰਦੇਸਾਂ ‘ਚ ਵੱਸਦੇ ਲਹਿੰਦੇ ਪੰਜਾਬ ਦੇ ਬਹੁਤ ਸਾਰੇ ਲੋਕ ਠੇਠ ਪੰਜਾਬੀ ‘ਚ ਗੱਲ ਕਰਦੇ ਹਨ ਭਾਵੇਂ ਉਨ੍ਹਾਂ ਦੀ ਲਿੱਪੀ ਚੜ੍ਹਦੇ ਪੰਜਾਬ ਦੀ ਲਿੱਪੀ ਨਾਲ਼ੋਂ ਵੱਖਰੀ ਹੈ। ਪਰ ਉਨ੍ਹਾਂ ਵਿੱਚ ਆਪਣੀ ਜ਼ੁਬਾਨ ਵਾਸਤੇ ਪਿਆਰ ਦਾ ਜਜ਼ਬਾ ਕਮਾਲ ਦਾ ਹੈ। ਬ੍ਰਤਾਨੀਆ ਵਿੱਚ ਪੰਜਾਬੀ ਲਈ ਅਰੰਭ ਕੀਤੀ ਮੁਹਿੰਮ ਨੇ ਬੀ.ਬੀ.ਸੀ. ਦੇ ਵੈੱਬਸਾਈਟ ਉੱਤੇ ਬਣਦੇ ਆਪਣੇ ਬਰਾਬਰੀ ਦੇ ਹੱਕ ਅਤੇ ਸਥਾਨ ਵਾਸਤੇ ਨਵੇਂ ਰਾਹ ਖੋਹਲ ਕੇ ਪੰਜਾਬੀਆਂ ਨੂੰ ਜਾਗਰੂਕ ਕੀਤਾ ਹੈ।

ਸੰਘਰਸ਼ ਦਾ ਹੋਕਾ: "ਪੰਜਾਬੀ ਵਿਕਾਸ ਮੰਚ, ਯੂ.ਕੇ." ਵਲੋਂ ਪੰਜਾਬ ਵਿੱਚ ਪੰਜਾਬੀ ਭਾਸ਼ਾ ਲਈ ਚੱਲ ਰਹੇ ਸੰਘਰਸ਼ ਨੂੰ ਪੂਰਾ ਸਮਰਥਨ ਦੇਣ ਦੇ ਨਾਲ਼ ਨਾਲ਼ ਦੇਸ਼-ਵਿਦੇਸ਼ ਦੇ ਸਮੂਹ ਪੰਜਾਬੀ ਪ੍ਰਵਾਸੀਆਂ ਨੂੰ ਅਪੀਲ ਹੈ ਕਿ ਉਹ ਵੀ ਇਸ ਮੁਹਿੰਮ ਨੂੰ ਪੂਰਾ ਸਹਿਯੋਗ ਦੇਣ। "ਚੰਡੀਗੜ੍ਹ ਪੰਜਾਬੀ ਮੰਚ" ਦੀ ਆਵਾਜ਼ ਨਾਲ਼ ਆਵਾਜ਼ ਮਿਲ਼ਾ ਕੇ, ਮੋਢੇ ਨਾਲ਼ ਮੋਢਾ ਜੋੜ ਕੇ ਹਰ ਤਰਾਂ ਦਾ ਦਬਾਅ ਪਾਇਆ ਜਾਵੇ। ਪਰ ਗੱਲ ਸਿਰਫ਼ ਦਬਾਅ ਨਾਲ਼ ਹੀ ਨਹੀਂ ਬਣਨੀ ਆਮ ਲੋਕਾਂ ਦੀ ਸੋਚ ਨੂੰ ਵੀ ਹਰ ਹੀਲੇ, ਜਜ਼ਬਾਤੀ ਅਤੇ ਮਾਨਸਿਕ ਤੌਰ ਤੇ ਝੰਜੋੜਿਆ ਜਾਵੇ। ਪੰਜਾਬੀ ਮੰਚ ਦੀ ਆਵਾਜ਼ ਆਮ ਲੋਕਾਂ ਦੀ ਆਵਾਜ਼ ਬਣੇ। ਲੋਕ ਆਪਣੇ ਲੀਡਰਾਂ ਤੇ ਦਬਾਅ ਪਾਉਣ - ਧਰਨੇ ਦੇਣ, ਰੋਸ ਮੁਜ਼ਾਹਰੇ ਅਤੇ ਘਿਰਾਓ ਜ਼ਰੂਰ ਕਰਨ, ਪਰ ਸੜਕਾਂ ਦੀ ਆਵਾਜਾਈ ਬੰਦ ਕਰਨ ਤੋਂ ਗੁਰੇਜ਼ ਕਰਨ। ਉਨ੍ਹਾਂ ਦਾ ਗੁੱਸਾ ਪ੍ਰਸ਼ਾਸਨ ਅਤੇ ਸਰਕਾਰ ਵਿਰੁੱਧ ਹੋਵੇ ਆਮ ਜਨਤਾ ਨਾਲ਼ ਨਹੀਂ। ਸਾਰੀਆਂ ਸੰਸਥਾਵਾਂ ਆਪਣਾ ਬਣਦਾ ਯੋਗਦਾਨ ਪਾਉਣ। ਇਸ ਵਿਆਪਕ ਸੰਘਰਸ਼ ਵਿੱਚ ਹਰ ਪ੍ਰਕਾਰ ਦਾ ਪੰਜਾਬੀ ਮੀਡੀਆ ਆਪਣਾ ਬਣਦਾ ਸੁਹਿਰਦ ਅਤੇ ਪ੍ਰਤੀਬੱਧ ਯੋਗਦਾਨ ਪਾਵੇ।

08/07/17


ਆਪਣੇ ਵਿਚਾਰ ਸਾਨੂੰ ਲਿਖੋ (info@5abi.com)

ਹੋਰ ਜਾਣਕਾਰੀ ਭਰਪੂਰ ਕੜੀਆਂ

ਕਥਾ ਪੰਜਾਬੀ ਯੂਨੀਕੋਡ ਦੀ  - ਸ਼ਿੰਦਰ ਪਾਲ ਸਿੰਘ
ਵਾਇਰਸ ਨੂੰ ‘ਬਿਗੜ’ ਨਾ ਬਣਾਓ
ਡਾ ਸੀ ਪੀ ਕੰਬੋਜ
ਸੱਚ ਸੋਹੇ ਸਿਰ ਪੱਗ ਜਿਓਂ
ਹੁਣ ਬੱਚੇ ਸਿੱਖਣਗੇ ਉਂਗਲੀ ਦੀ ਛੋਹ ਰਾਹੀਂ ਪੰਜਾਬੀ
ਪੰਜਾਬੀ ਫੌਂਟਾਂ ਨਾਲ ਜੁੜੇ ਮਸਲੇ

ਪੰਜਾਬੀ ਭਾਸ਼ਾ ਦੇ ਵਿਕਾਸ ਵਿੱਚ ਯੂਨੀਕੋਡ ਪ੍ਰਣਾਲੀ ਦੀ ਮਹਤੱਤਾ

ਡਾ. ਥਿੰਦ ਵਲੋਂ ਹੁਣ ਕੰਪੂਟਰ ਲਈ ਯੂਨੀਕੋਡ ਗੁਰਮੁਖੀ ਅੱਖਰਮਾਲਾ ਦਾ ਪਹਿਲਾ ਸੈਟ ਤਿਆਰ।
ਪੰਜਾਬੀ ਸੌਫਟਵੇਅਰਜ਼ ਦਾ ਪੂਰਾ ਲਾਭ ਨਹੀਂ ਲੈ ਰਹੇ ਲੋਕ
ਯੂਨੀਕੋਡ ਪ੍ਰਣਾਲੀ (Unicode System)
ਪੰਜਾਬੀ ਦੀਆਂ ਦੁਸ਼ਵਾਰੀਆਂ ਤੇ ਆਸ ਦੀ ਕਿਰਨ
ਪੰਜਾਬੀ ਦਾ ਕੰਪਿਊਟਰ ਕੀ-ਬੋਰਡ – ਇੱਕ ਚੁਣੌਤੀ
ਪੰਜਾਬੀ ਭਾਸ਼ਾ - ਦੁਰਦਸ਼ਾ ਦੀ ਦਾਸਤਾਨ

ਪੰਜਾਬੀ:XL ਡਾਊਨਲੋਡ

ਪੰਜਾਬੀ ਭਾਸ਼ਾ ਚੇਤਨਾ

ਪੰਜਾਬੀ:XL ਸਿਖਲਾਈ ਕੋਰਸ

ਭਾਸ਼ਾ ਬਾਰੇ ਟੀ ਵੀ ਵਿਚਾਰ ਵਿਮਰਸ਼

ਮਾਤ ਭਾਸ਼ਾ ਮੰਥਨTerms and Conditions
Privacy Policy
© 1999-2017, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2017, 5abi.com