|
|
|
|
ਚਰਚਾ ਪੈਰ ਬਿੰਦੀਆਂ ਵਾਲ਼ੇ ਚਾਰ ਅੱਖਰਾਂ ਦੀ ਸ਼ਿੰਦਰਪਾਲ
ਮਾਹਲ (23/12/2022)
ਸੰਸਾਰ ਪੱਧਰ 'ਤੇ
ਪੰਜਾਬੀ ਭਾਸ਼ਾ ਦੇ ਅਨੇਕਾਂ ਸਰੋਕਾਰਾਂ ਨੂੰ ਲੈ ਕੇ ਅਨੇਕਾਂ ਤਰਾਂ ਦੀਆਂ
ਗਤੀਵਿਧੀਆਂ ਕਈ ਦਹਾਕਿਆਂ ਤੋਂ ਸਰਗਰਮ ਹਨ। ਪਰ ਕੋਈ ਠੋਸ ਫੈਸਲੇ ਜਾਂ ਅਮਲ
ਹੋਏ ਨਜਰ ਨਹੀਂ ਆ ਰਹੇ। ਪੰਜਾਬੀ ਭਾਸ਼ਾ ਦੇ ਮਿਆਰੀਕਰਨ ਕਰਨ ਦਾ
ਮੁੱਦਾ ਵੀ ਆਪਣੇ ਆਪ ਵਿੱਚ ਉਲ਼ਝਿਆ ਪਿਆ ਹੈ। ਇੱਥੋਂ ਤੱਕ ਕਿ ਪੰਜਾਬੀ ਭਾਸ਼ਾ
ਕੋਲ਼ ਆਪਣਾ ਸਰਵ ਪ੍ਰਵਾਣਿਤ ਸੰਪੂਰਨ ਅੱਖਰ ਸਮੇਤ ਲਗਾ-ਮਾਤਰਾ, ਪੈਰੀਂ ਪੈਣ
ਵਾਲ਼ੇ ਅੱਖਰ, ਅੱਧਾ ਯ ਅਤੇ ਯਕਸ਼ ਮਾਤਰਾ ਅਤੇ ਵਿਸ਼ਰਾਮ ਚਿੰਨ੍ਹ ਸੈੱਟ ਵੀ ਨਹੀਂ
ਹੈ। ਨਾ ਹੀ ਕਿਸੇ ਦਾ ਇਸ ਵੱਲ੍ਹ ਕੋਈ ਧਿਆਨ ਹੀ ਹੈ। ਖੈਰ,
ਪੰਜਾਬੀ ਦੇ ਸੂਝਵਾਨ ਹਿਤੈਸ਼ੀਆਂ ਵੱਲੋਂ ਪੰਜਾਬੀ ਵਿਕਾਸ ਮੰਚ ਯੂ.ਕੇ.
(ਪਵਿਮ) ਦੇ ਭਾਸ਼ਾ ਵਿਚਾਰ ਮੰਚ ਉੱਤੇ ਅਕਸਰ ਹੀ ਭਾਸ਼ਾ ਦੇ ਮੁੱਦਿਆਂ 'ਤ ਵਿਚਾਰ
ਚਰਚਾ ਹੁੰਦੀ ਹੀ ਰਹਿੰਦੀ ਹੈ। ਪੰਜਾਬੀ ਭਾਸ਼ਾ ਦੇ ਮਿਆਰੀਕਰਨ ਦਾ ਮੁੱਦਾ ਬੜਾ
ਗੰਭੀਰ ਅਤੇ ਲਟਕਵਾਂ ਹੈ। ਇਸ ਨੂੰ ਮੁੱਖ ਰੱਖ ਕੇ ਪਿਛਲੇ ਦਿਨੀਂ ਇੱਕ ਚਰਚਾ
ਅਰੰਭ ਕੀਤੀ ਗਈ। ਚਰਚਾ ਦਾ ਅਰੰਭ ਕਰਦਿਆਂ ਸ. ਸ਼ਿੰਦਰਪਾਲ ਸਿੰਘ ਮਾਹਲ
ਵਲ੍ਹੋਂ ਸੁਝਾਅ ਰੱਖਿਆ ਗਿਆ ਕਿ ਪੰਜਾਬੀ ਪੈਂਤੀ ਵਿੱਚੋਂ ਗ਼, ਖ਼, ਫ਼, ਜ਼
ਅੱਖਰ ਹਟਾ ਦਿੱਤੇ ਜਾਣੇ ਚਾਹੀਦੇ ਹਨ! ਭਾਵ ਕਿ ਇਹਨਾਂ ਪੈਰ ਬਿੰਦੀਆਂ
ਵਾਲ਼ੇ ਅੱਖਰਾਂ, ਜੋ ਕਿ ਫਾਰਸੀ ਲਿੱਪੀ ਦੀ ਹੀ ਤਰਜਮਾਨੀ ਕਰਦੇ ਹਨ। ਇਹਨਾਂ ਦੀ
ਵਰਤੋਂ ਬੋਲੋੜੀ ਵਰਤੋਂ ਬੰਦ ਕਰਨ ਦੇ ਨਾਲ਼ ਇਹਨਾਂ ਨਾਲ਼ ਬਣੇ ਸ਼ਬਦਾਂ ਦੇ ਅਰਥਾਂ
ਵਿੱਚ ਕੋਈ ਫਰਕ ਨਹੀਂ ਪੈਂਦਾ ਜਿਵੇਂ ਕਿ ਬਗਾਵਤ, ਬਾਗੀ, ਖਾਹਮਖਾਹ, ਖਤ,
ਖਬਰ, ਲਫਾਫਾ, ਫਲ਼, ਫਿਕਰ, ਫਖਰ, ਜੰਜੀਰ, ਜਿੰਦਗੀ, ਜਜਬਾਤ ਆਦਿ। ਇੱਥੇ ਇਹ
ਵੀ ਜਿਕਰਯੋਗ ਹੈ ਕਿ ਨਵੇਂ ਦੌਰ ਦੇ ਵਿਦਿਆਰਥੀਆਂ ਨੂੰ ਇਹਨਾਂ ਦੀ ਵਰਤੋਂ ਅਤੇ
ਮਹੱਤਤਾ ਦਰਸਾਉਣਾ ਅਤੇ ਵਿਦਿਆਰਥੀਆਂ ਨੂੰ ਸਮਝਾਉਣਾ ਮੌਜੂਦਾ ਸਮੇਂ ਦੇ
ਅਧਿਆਪਕਾਂ ਲਈ ਬਹੁਤ ਮੁਸ਼ਕਲ ਹੈ। ਚਰਚਾ ਸ਼ੁਰੂ ਕਰਨ ਬਾਅਦ ਇਹ ਵੀ
ਵਿਚਾਰ ਆਈ ਕਿ ਇਸ ਚਰਚਾ ਦਾ ਘੇਰਾ ਮੋਕ੍ਹਲ਼ਾ ਕਰਕੇ ਇਸਨੂੰ ਪੰਜਾਬੀ.ਕੌੱਮ ਦੇ
ਵਿਸ਼ਾਲ ਅੰਬਰ ਉੱਤੇ ਤਾਣ ਦਿੱਤਾ ਜਾਵੇ। ਜਿੱਥੇ ਪੰਜਾਬੀ ਭਾਸ਼ਾ ਦੇ ਵਿਕਾਸ
ਅਤੇ ਮਿਆਰੀਕਰਨ ਵਿੱਚ ਰੁਚੀ ਰੱਖਣ ਵਾਲ਼ੇ ਹੋਰ ਸੂਝਵਾਨ ਪੰਜਾਬੀ ਵੀ ਆਪੋ
ਆਪਣੇ ਵਿਚਾਰ ਸਾਂਝੇ ਕਰ ਸਕਣ। ਇਹ ਵੀ ਉਮੀਦ ਹੈ ਕਿ ਇਸ ਚਰਚਾ ਤੋਂ
ਪੰਜਾਬੀ ਦੇ ਸਭ ਪਾਠਕ ਖਾਸ ਕਰ ਵਿਦਿਆਰਥੀ ਜਰੂਰ ਲਾਹਾ ਲੈਣਗੇ। ਸੋ, ਸਭ ਦੇ
ਵਿਚਾਰਾਂ/ਸੁਝਾਵਾਂ ਦੀ ਉਡੀਕ ਰਹੇਗੀ।
ਇਸ ਚਰਚਾ ਵਿੱਚ
ਸ਼ਾਮਲ ਹੋਣ ਲਈ ਦੋ ਹੀ ਰਾਹ:
1. ਹਰ ਕੋਈ ਆਪਣੇ ਵਿਚਾਰ
ਯੂਨੀਕੋਡ ਲਿਖਤ ਵਿਧਾਨ ਦੁਆਰਾ ਲਿਖ ਕੇ ਇਸ ਬਿਃਡਾਕ (ਈਮੇਲ) ਸਿਰਨਾਵੇਂ ਉੱਤੇ
ਭੇਜ ਸਕਦਾ ਹੈ: info@5abi.ccom
2. ਆਪਣੇ ਆਪਨੂੰ ਭਾਸ਼ਾ ਵਿਚਾਰ ਮੰਚ ਵਿੱਚ ਸ਼ਾਮਲ ਕਰਨ ਲਈ ਇਸ
ਵਟਸਐਪ ਨੰਬਰ ‘ਤੇ ਸੰਦੇਸ਼ ਭੇਜ ਕੇ ਸੰਪਰਕ ਕਰ ਸਕਦੇ ਹੋ: +44 7729
348513
ਚਰਚਾ ਅਰੰਭ ਵਿੱਚ ਹੀ ਹੋਰ ਅਨੇਕਾਂ ਹਵਾਲਿਆਂ ਦੇ ਨਾਲ਼ ਸ਼੍ਰੀ
ਗੁਰੂ ਗੋਬਿੰਦ ਸਿੰਘ ਜੀ ਦੀ ਇਤਿਹਾਸਕ ਰਚਨਾ ਜ਼ਫ਼ਰਨਾਮਾ ਵਿੱਚ ਆਏ ਜ਼ ਅਤੇ
ਫ਼ ਦਾ ਮਹੱਤਵ ਉਘਾੜਨ ਲਈ ਇਸ ਲਿਖ ਦਾ ਉਚੇਚਾ ਜ਼ਿਕਰ ਕੀਤਾ ਗਿਆ।
ਚਰਚਾ ਦੀ ਲੜੀ ਨੂੰ ਤੋਰਨ ਵਾਸਤੇ ਅਸੀਂ ਡਾ. ਜੋਗਾ ਸਿੰਘ ਜੀ, ਜੋ
ਕਿਸੇ ਜਾਣ ਪਛਾਣ ਦੇ ਮੁਥਾਜ ਨਹੀਂ ਅਤੇ ਇਹਨਾਂ ਅੱਖਰਾਂ ਦੀ ਵਰਤੋਂ ਬੰਦ ਹੋਣ
ਦੇ ਹੱਕ ਵਿੱਚ ਹਨ, ਨੂੰ ਵੀ ਸ਼ਾਮਲ ਕਰ ਰਹੇ ਹਾਂ। ਉਹਨਾਂ ਦੇ ਦੱਸਣ ਮੁਤਾਬਿਕ
ਉਹਨਾਂ ਨੇ ਆਪਣੀ ਨਵੀਂ ਪੰਜਾਬੀ ਵਿਆਕਰਨ ਦੀ ਕਿਤਾਬ ਵਿੱਚੋਂ ਇਹ ਚਾਰੇ
ਅੱਖਰਾਂ ਦੇ ਪੈਰਾਂ ਵਿੱਚ ਪੈਣ ਵਾਲ਼ੀਆਂ ਬਿੰਦੀਆਂ ਵਰਤੋਂ ਪਹਿਲਾਂ ਹੀ ਬੰਦ ਕਰ
ਦਿੱਤੀ ਹੈ। ਉਹ ਇਸ ਵਿਸ਼ੇ ਤੇ ਵੱਖਰਾ, ਮੁਕੰਮਲ ਲੇਖ ਲਿਖ ਕੇ ਸਾਨੂੰ ਭੇਜਣਗੇ
ਜੋ ਅਸੀਂ ਆਪਣੇ ਪਾਠਕਾਂ ਦੇ ਰੂ-ਬ-ਰੂ ਕਰਾਂਗੇ। ਉਪ੍ਰੋਕਤ ਵਿਸ਼ੇ ਸਬੰਧੀ
ਭਾਸ਼ਾ ਵਿਚਾਰ ਮੰਚ 'ਤੇ ਪੇਸ਼ ਕੀਤੇ ਗਏ ਹੇਠ ਲਿਖੇ ਸੰਖੇਪ ਵਿਚਾਰਾਂ ਨਾਲ਼
ਸ਼ੁਰੂਆਤ ਕਰਦੇ ਹਾਂ:
1. 'ਜ਼ਫ਼ਰਨਾਮਾ' ਫਾਰਸੀ ਦੀ ਰਚਨਾ
ਏਂ ਨਾ ਕਿ ਪੰਜਾਬੀ ਦੀ। ਫਾਰਸੀ ਨੂੰ ਗੁਰਮੁਖੀ ਵਿੱਚ ਲਿਖਣਾ ਤੇ ਪੰਜਾਬੀ ਨੂੰ
ਗੁਰਮੁਖੀ ਵਿੱਚ ਲਿਖਣਾ ਦੋ ਵੱਖਰੀਆਂ ਗੱਲਾਂ ਨੇ।
2.
ਨਿਸਚੇ ਈ ਗੁਰੂ ਸਾਹਿਬਾਨ ਅਰਬੀ ਤੇ ਫਾਰਸੀ ਸ਼ਬਦਾਂ ਦੇ ਮੂਲ ਉਚਾਰਣ ਨੂੰ
ਜਾਣਦੇ ਸਨ। ਪਰ ਇਹਨਾਂ ਸ਼ਬਦਾਂ ਦੇ ਮੂਲ ਉਚਾਰਣ ਨੂੰ ਲਿਖਣ ਲਈ ਉਹਨਾਂ ਨੇ
ਗੁਰਮੁਖੀ ਲਿੱਪੀ ਵਿੱਚ ਕੋਈ ਵਾਧਾ ਕਿਉਂ ਨਹੀਂ ਕੀਤਾ? ਕੀ ਉਹਨਾਂ ਕੋਲ ਇਹ
ਸੂਝ ਹੈ ਨਹੀਂ ਸੀ? ਉਹਨਾਂ ਕੋਲ ਪੂਰੀ ਸੂਝ ਸੀ ਏਸੇ ਕਰਕੇ ਉਹਨਾਂ ਕੋਈ ਵਾਧਾ
ਨਹੀਂ ਕੀਤਾ। ਉਹਨਾਂ ਨੂੰ ਸੂਝ ਸੀ ਪਈ ਸ਼ਬਦ ਲਏ ਜਾਂਦੇ ਨੇ ਪਰ ਮੂਲ ਭਾਸ਼ਾ
ਦੇ ਉਚਾਰਣ ਅਨੁਸਾਰ ਨਹੀਂ। 3. ਖ਼, ਗ਼, ਜ਼, ਫ਼ ਤੋਂ ਬਿਨਾ ਹੋਰ
ਧੁਨੀਆਂ ਵਾਲੇ ਸ਼ਬਦ ਵੀ ਅਰਬੀ, ਫਾਰਸੀ ਤੇ ਹੋਰ ਭਾਖਾਵਾਂ ਤੋਂ ਪੰਜਾਬੀ ਵਿੱਚ
ਵਿੱਚ ਆਏ ਨੇ। ਉਹਨਾਂ ਦੇ ਮੂਲ਼ ਉਚਾਰਣ ਵਾਂਙ ਲਿਖਣ ਦਾ ਜੁਗਾੜ ਆਪਾਂ ਕਿਉਂ
ਨਹੀਂ ਕਰਦੇ? ਮਿਸਾਲ ਲਈ ਫਾਰਸੀ ਵਿੱਚ ਕ ਅੱਖਰ ਦੋ ਭਾਂਤ ਦੇ ਤੇ ਜ ਤਿੰਨ
ਭਾਂਤ ਦੇ ਨੇ। ਇਹਨਾਂ ਨੂੰ ਆਪਾਂ ਮੂਲ ਵਾਂਙ ਲਿਖਣ ਦਾ ਹੀਲਾ ਕਿਉਂ ਨਹੀਂ
ਕਰਦੇ? ਪੰਜਾਬੀ ਦੇ ਚ, ਟ ਤੇ ਅੰਗਰੇਜੀ ਦੇ ਚ, ਟ ਦਾ ਉਚਾਰਣ ਵੱਖਰਾ ਏ।
ਅੰਗਰੇਜੀ ਤੋਂ ਆਏ ਚ, ਟ ਵਾਲੇ ਸ਼ਬਦਾਂ ਦਾ ਉਚਾਰਣ ਆਪਾਂ ਮੂਲ ਵਾਂਙ ਕਿਉਂ
ਨਹੀਂ ਕਰਦੇ ਤੇ ਇਸ ਲਈ ਗੁਰਮੁਖੀ ਵਿੱਚ ਕੋਈ ਜੁਗਾੜ ਕਿਉਂ ਨਹੀਂ ਕਰਦੇ। ਏਸੇ
ਤਰ੍ਹਾਂ ਹੋਰ ਭਾਖਾਵਾਂ ਬਾਰੇ ਆਖਿਆ ਜਾ ਸੱਕਦਾ ਏ। 4. ਜੇ ਤੁਹਾਡੀ
ਦਲੀਲ ਮੰਨ ਲਈ ਜਾਵੇ ਤਾਂ ਹਰ ਭਾਖਾ ਨੂੰ ਆਪਣੀ ਲਿੱਪੀ ਵਿੱਚ ਕੋਈ ਸੌ ਕੁ
ਅੱਖਰ ਜਾਂ ਚਿੰਨ੍ਹ ਤਾਂ ਘੜਨੇ ਈ ਪੈਣਗੇ, ਕਿਉਂਕਿ ਸ਼ਬਦ ਤੇ ਅਨੇਕਾਂ
ਭਾਖਾਵਾਂ ਤੋਂ ਆਉਂਦੇ ਨੇ ਤੇ ਉਹਨਾਂ ਵਿੱਚ ਬੜੀਆਂ ਧੁਨੀਆਂ ਟੀਚਾ ਭਾਖਾ ਤੋਂ
ਵੱਖਰੀਆ ਹੁੰਦੀਆਂ ਨੇ। ਕੀ ਤੁਸੀਂ ਇਸ ਘੜਾ-ਘੜਾਈ ਦਾ ਸੁਝਾਅ ਹਰ ਭਾਖਾ ਵਾਲੇ
ਨੂੰ ਦੇਣਾ ਚਾਹੋਗੇ? 5. ਕਿਸੇ ਭਾਖਾ ਚ ਬਾਹਰੋਂ ਆਈਆਂ ਧੁਨੀਆਂ ਨੂੰ
ਜੇ ਮੂਲ ਭਾਖਾ ਵਾਂਙ ਉਚਾਰਾਂਗੇ ਤਾਂ ਭਾਖਾ ਦੀ ਸਾਰੀ ਧੁਨੀ-ਵਿਉਂਤਵੀ ਲੈਅ
ਨੂੰ ਹਿਲਾਉਣਾ ਹੋਵੇਗਾ। ਅੱਜ ਵੀ ਬਣਾਉਟੀ ਪੰਜਾਬੀ ਬੋਲਣ ਵਾਲੇ ਈ ਖ਼, ਗ਼,
ਜ਼, ਫ਼ ਦਾ ਉਚਾਰਣ ਉਚੇਚ ਨਾਲ ਕਰਦੇ ਨੇ। ਪੰਜਾਬੀ ਦੇ ਸਹਿਜ ਉਚਾਰਣ ਚ ਇਹ
ਧੁਨੀਆਂ ਨਹੀਂ ਹੁੰਦੀਆਂ।
6. ਹਾਲੇ ਏਨਾ ਈ
ਵਿਚਾਰਨਾ ਜੀ। ਹੋਰ ਲੋੜ ਹੋਈ ਤਾਂ ਮੁੜ ਵਿਚਾਰ ਕਰਾਂਗੇ। ਸਰਬੱਤ ਦਾ ਭਲਾ।
ਉਪ੍ਰੋਕਤ ਵਿਚਾਰ ਚਰਚਾ ਨੂੰ ਅੱਗੇ ਤੋਰਦਿਆਂ ਸ. ਜਸਬੀਰ ਸਿੰਘ ਪਾਬਲਾ*
ਦੇ ਨਿੱਜੀ ਵਿਚਾਰ ਸਾਂਝੇ ਕਰਨ ਦੀ ਖੁਸ਼ੀ ਲੈ ਰਹੇ ਹਾਂ:
1. ਇਹ ਗੱਲ ਤਾਂ ਸਾਰੇ ਹੀ ਜਾਣਦੇ ਹਨ ਕਿ 'ਜ਼ਫ਼ਰਨਾਮਾ' ਫ਼ਾਰਸੀ ਦੀ ਰਚਨਾ
ਹੈ, ਗੱਲ ਤਾਂ ਇਸ ਸ਼ਬਦ ਨੂੰ ਤੇ ਇਹੋ-ਜਿਹੇ ਹੋਰ ਸ਼ਬਦਾਂ ਨੂੰ ਗੁਰਮੁਖੀ
ਵਿੱਚ ਲਿਖਣ ਦੀ ਹੈ। ਕੀ ਪੈਰ-ਬਿੰਦੀ ਵਾਲ਼ੇ ਅੱਖਰਾਂ ਦਾ ਤਿਆਗ ਕਰ ਕੇ ਤੁਸੀਂ
ਇਸ ਨੂੰ ਤੇ ਇਹਨਾਂ ਵਰਗੇ ਹੋਰ ਸ਼ਬਦਾਂ ਨੂੰ ਜ ਤੇ ਫ ਆਦਿ (ਬਿੰਦੀ-ਮੁਕਤ)
ਅੱਖਰਾਂ ਨਾਲ਼ ਹੀ ਲਿਖੋਗੇ? ਕੀ ਤੁਸੀਂ ਫਿਰ 'ਗ਼ਜ਼ਲ' ਨੂੰ ਵੀ 'ਗਜਲ' ਤੇ
ਅਰਬੀ/ਫ਼ਾਰਸੀ ਦੇ ਬਿੰਦੀ-ਯੁਕਤ ਹੋਰ ਸ਼ਬਦਾਂ ਨੂੰ ਵੀ 'ਗਜਲ' (ਤੁਹਾਡੇ
ਅਨੁਸਾਰ) ਵਾਂਗ ਹੀ ਲਿਖੋਗੇ? 2. ਇਹ ਗੱਲ ਵੀ ਸਾਰੇ ਹੀ ਜਾਣਦੇ ਹਨ
ਕਿ ਗੁਰੂ ਸਾਹਿਬਾਨ ਵੇਲ਼ੇ ਪੈਰ-ਬਿੰਦੀ ਵਾਲ਼ੇ ਅੱਖਰਾਂ ਦੀ ਕੋਈ ਵਿਵਸਥਾ ਹੀ
ਨਹੀਂ ਸੀ। ਹਾਂ, ਉਹਨਾਂ ਨੂੰ ਏਨਾ ਜ਼ਰੂਰ ਪਤਾ ਸੀ ਕਿ ਪੈਰ-ਬਿੰਦੀ ਵਾਲ਼ੇ
ਅੱਖਰਾਂ/ਸ਼ਬਦਾਂ ਦਾ ਉਚਾਰਨ ਕਿਵੇਂ ਕਰਨਾ ਹੈ। ਉਸ ਸਮੇਂ ਦੇ ਹੋਰ
ਪੜ੍ਹੇ-ਲਿਖੇ ਲੋਕ ਵੀ ਅਜਿਹੇ ਅੱਖਰਾਂ/ਸ਼ਬਦਾਂ ਦਾ ਉਚਾਰਨ ਬਿੰਦੀਆਂ ਸਮੇਤ ਹੀ
ਕਰਦੇ ਹੋਣਗੇ। ਗੁਰਮੁਖੀ ਵਿੱਚ ਪੈਰ-ਬਿੰਦੀ ਵਾਲ਼ੇ ਅੱਖਰਾਂ ਦਾ
ਚਲਨ ਹੀ 1850 ਈ. ਤੋਂ ਬਾਅਦ ਈਸਾਈ ਪਾਦਰੀਆਂ ਦੁਆਰਾ ਸ਼ੁਰੂ ਕੀਤਾ ਗਿਆ ਸੀ।
ਹਰ ਖੋਜ ਜਾਂ ਕਾਢ ਦੇ ਹੋਂਦ ਵਿੱਚ ਆਉਣ ਦਾ ਪੜਾਅਵਾਰ ਕੋਈ ਨਾ ਕੋਈ ਢੁਕਵਾਂ
ਸਮਾਂ ਹੁੰਦਾ ਹੈ। ਮਿਸਾਲ ਦੇ ਤੌਰ 'ਤੇ ਗੁਰੂ ਨਾਨਕ ਸਾਹਿਬ ਵੇਲ਼ੇ ਊੜਾ
ਅੱਖਰ ਗੁਰਮੁਖੀ ਦਾ ਪਹਿਲਾ ਅੱਖਰ ਨਹੀਂ ਸੀ ਹੁੰਦਾ। ਇਸ ਨੂੰ ਪਹਿਲੇ ਸਥਾਨ
'ਤੇ ਲਿਆਉਣ ਵਾਲ਼ੇ ਉਹਨਾਂ ਤੋਂ ਬਾਅਦ ਵਾਲ਼ੇ ਗੁਰੂ ਅੰਗਦ ਦੇਵ ਜੀ ਹਨ।
ਪ੍ਰੋ. ਪਿਆਰਾ ਸਿੰਘ ਪਦਮ ਅਨੁਸਾਰ ਗੁਰੂ ਅੰਗਦ ਦੇਵ ਜੀ ਨੇ ਹੀ ਇੱਕ-ਦੋ
ਗੁਰਮੁਖੀ ਅੱਖਰਾਂ ਦੀ ਘਾੜਤ/ਸ਼ਕਲ/ਲਿਖਤ ਵਿੱਚ ਵੀ ਤਬਦੀਲੀ ਲਿਆਂਦੀ ਸੀ।
ਇਹਨਾਂ ਦੋਂਹਾਂ ਗੱਲਾਂ ਦਾ ਮੰਤਵ ਗੁਰਮੁਖੀ ਅੱਖਰਾਂ ਦੀ ਮੁਹਾਰਨੀ ਵਿੱਚ
ਰਵਾਨੀ ਲਿਆਉਣਾ ਅਤੇ ਗੁਰਮੁਖੀ ਅੱਖਰਾਂ ਦੇ ਲਿਖਣ-ਢੰਗ ਵਿੱਚ ਸੁਖੈਨਤਾ
ਲਿਆਉਣਾ ਸੀ। ਇਹ ਗੱਲਾਂ ਮਨੁੱਖੀ ਲੋੜ ਵਿੱਚੋਂ ਉਪਜੀਆਂ ਸਨ ਤੇ ਇਹਨਾਂ ਦਾ
ਢੁਕਵਾਂ ਸਮਾਂ ਵੀ ਗੁਰੂ ਅੰਗਦ ਦੇਵ ਜੀ ਦੇ ਸਮੇਂ ਵਾਲ਼ਾ ਹੀ ਸੀ, ਗੁਰੂ ਨਾਨਕ
ਦੇਵ ਜੀ ਦੇ ਸਮੇਂ ਵਾਲ਼ਾ ਨਹੀਂ। ਇਸੇ ਤਰ੍ਹਾਂ ਅਰਬੀ/ਫ਼ਾਰਸੀ
ਭਾਸ਼ਾਵਾਂ ਦੇ ਅੱਖਰਾਂ/ਸ਼ਬਦਾਂ ਨੂੰ ਲਿਖਣ ਵਿੱਚ ਸੌਖ ਲਿਆਉਣ ਲਈ ਇਸ ਦਾ
ਢੁਕਵਾਂ ਸਮਾਂ 1850 ਤੋਂ ਬਾਅਦ ਵਾਲ਼ਾ ਹੀ ਸੀ ਕਿਉਂਕਿ ਪੰਜਾਬ ਉੱਤੇ
ਅੰਗਰੇਜ਼ਾਂ ਦਾ ਕਬਜ਼ਾ ਹੋਣ ਉਪਰੰਤ ਪੰਜਾਬ ਦੀ ਸਰਕਾਰੀ ਭਾਸ਼ਾ ਫ਼ਾਰਸੀ ਬਣਾ
ਦਿੱਤੀ ਗਈ ਸੀ ਇਸ ਲਈ ਇਸ ਭਾਸ਼ਾ ਦੇ ਬਹੁਤ ਸਾਰੇ ਬਿੰਦੀਆਂ ਵਾਲ਼ੇ ਸ਼ਬਦਾਂ
ਨੂੰ ਹੂ-ਬਹੂ ਗੁਰਮੁਖੀ ਵਿੱਚ ਲਿਖਣ ਲਈ ਅਜਿਹੇ ਅੱਖਰਾਂ ਦੀ ਲੋੜ ਸੀ। ਕਿਉਂਕਿ
'ਲੋੜ ਕਾਢ ਦੀ ਮਾਂ ਹੈ' ਇਸ ਲਈ ਇਸ ਕਾਢ ਦਾ ਢੁਕਵਾਂ ਸਮਾਂ ਵੀ ਇਹੋ ਹੀ ਸੀ।
ਦੂਜੇ, ਅੰਗਰੇਜ਼ ਮਿਸ਼ਨਰੀ ਉਸ ਸਮੇਂ ਬਾਈਬਲ ਦਾ ਪੰਜਾਬੀ ਵਿੱਚ ਤਰਜਮਾ ਕਰ
ਰਹੇ ਸਨ ਇਸ ਲਈ ਉਹਨਾਂ ਨੂੰ ਜ਼ੈੱਡ (ਜ਼), ਐੱਫ਼ (ਫ਼), ਐੱਸ (ਜ਼=prison),
ਗ਼: (ਜੀ+ਐੱਚ) ਆਦਿ ਅੱਖਰ/ਸ਼ਬਦ ਲਿਖਣ ਲਈ ਵੀ ਪੈਰ-ਬਿੰਦੀਆਂ ਵਾਲ਼ੇ ਅੱਖਰਾਂ
ਦੀ ਲੋੜ ਸੀ। ਇਸੇ ਲੋੜ ਵਿੱਚੋਂ ਹੀ ਇਹਨਾਂ ਅੱਖਰਾਂ ਦੀ ਘਾੜਤ ਘੜੀ ਗਈ ਸੀ।
ਇਹਨਾਂ ਅੱਖਰਾਂ ਨੂੰ ਪੂਰਨ ਰੂਪ ਵਿੱਚ ਬਾਕਾਇਦਾ ਪ੍ਰਵਾਨਗੀ ਪਿਛਲ਼ੀ ਸਦੀ ਦੇ
ਅੱਧ ਤੋਂ ਬਾਅਦ (ਪੰ.ਸ਼ਬਦ-ਰੂਪ ਅਤੇ ਸ਼ਬਦ-ਜੋੜ ਕੋਸ਼ ਛਪਣ ਉਪਰੰਤ) ਹੀ
ਮਿਲ਼ੀ ਹੈ।
ਹਰ ਭਾਸ਼ਾ ਦਾ ਆਪਣਾ ਮੁਹਾਵਰਾ ਹੁੰਦਾ ਹੈ।
ਜੇਕਰ ਬੋਲ-ਚਾਲ ਅਤੇ ਲਿਖਤ ਵਿੱਚ ਵਧੇਰੇ ਸਪਸ਼ਟਤਾ ਲਿਆਉਣ ਲਈ ਕੁਝ ਹੋਰ
ਧੁਨੀਆਂ (ਖ਼ ਗ਼ ਜ਼ ਫ਼ ਆਦਿ) ਅਪਣਾ ਲਈਆਂ ਗਈਆਂ ਹਨ ਤਾਂ ਇਸ ਵਿੱਚ ਕਿਹੜਾ
ਕਹਿਰ ਢਹਿ ਗਿਆ ਹੈ? ਸ਼ ਧੁਨੀ ਤਾਂ ਪਹਿਲਾਂ ਵੀ ਭਾਰਤੀ ਭਾਸ਼ਾਵਾਂ ਵਿੱਚ
ਵਰਤੀ ਜਾਂਦੀ ਸੀ ਭਾਵੇਂ ਪੰਜਾਬੀ ਵਿੱਚ ਪਹਿਲਾਂ ਇਸ ਦਾ ਲਿਖਤੀ ਰੂਪ ਮੌਜੂਦ
ਨਹੀਂ ਸੀ ਪਰ ਮੌਖਿਕ ਰੂਪ ਵਿੱਚ ਇਹ ਵਰਤੀ ਜਾਂਦੀ ਰਹੀ ਹੈ। ਇਸ ਤੋਂ ਬਿਨਾਂ
ਲ਼ ਧੁਨੀ ਵੀ ਪੰਜਾਬੀਆਂ ਦੀ ਮੁੱਢ ਕਦੀਮੀ ਧੁਨੀ ਹੈ। ਜੇ
ਅਰਬੀ/ਫ਼ਾਰਸੀ ਭਾਸ਼ਾਵਾਂ ਦੇ ਕੁਝ ਸ਼ਬਦਾਂ ਨੂੰ ਹੂ-ਬਹੂ ਲਿਖਣ ਲਈ ਇਹਨਾਂ
ਚਾਰ ਧੁਨੀਆਂ ਖ਼ ਗ਼ ਜ਼ ਫ਼ ਨੂੰ ਸ਼ ਲ਼ ਸਮੇਤ ਸ਼ਾਮਲ ਕਰ ਲਿਆ ਗਿਆ ਹੈ ਤਾਂ
ਇਸ ਵਿੱਚ ਬੁਰਾਈ ਹੀ ਕੀ ਹੈ ਸਗੋਂ ਫ਼ਾਇਦਾ ਹੀ ਹੋਇਆ ਹੈ। ਇਹਨਾਂ ਫ਼ਾਇਦਿਆਂ
ਨੂੰ ਦੇਖਦਿਆਂ ਹੋਇਆਂ ਹੀ ਸਾਡੇ ਵਿਦਵਾਨਾਂ ਨੇ ਇਹਨਾਂ ਧੁਨੀਆਂ ਨੂੰ ਹਰ
ਪੱਖੋਂ ਸੋਚ-ਵਿਚਾਰ ਕੇ, ਲੋਕਾਂ ਦੀ ਮੰਗ 'ਤੇ ਗੁਰਮੁਖੀ ਲਿਪੀ ਵਿੱਚ ਸ਼ਾਮਲ
ਕੀਤਾ ਸੀ। 1947 ਤੋਂ ਪਹਿਲਾਂ ਲਗ-ਪਗ ਸੌ ਸਾਲ ਤੱਕ ਇਹਨਾਂ ਧੁਨੀਆਂ ਦੀ
ਵਰਤੋਂ ਲਗਾਤਾਰ ਹੁੰਦੀ ਰਹੀ ਹੈ। ਭਾਈ ਕਾਨ੍ਹ ਸਿੰਘ ਨਾਭਾ ਨੇ ਵੀ 'ਮਹਾਨ
ਕੋਸ਼' ਵਿੱਚ ਇਹਨਾਂ ਧੁਨੀਆਂ ਦੀ ਵਰਤੋਂ ਕੀਤੀ ਹੈ। ਇਸੇ ਕਾਰਨ ਹੀ ਅਜ਼ਾਦੀ
ਤੋਂ ਬਾਅਦ ਸਿੱਖਿਆ ਦਾ ਮਾਧਿਅਮ ਉਰਦੂ ਦੀ ਥਾਂ ਪੰਜਾਬੀ ਹੋ ਜਾਣ 'ਤੇ ਇਹਨਾਂ
ਧੁਨੀਆਂ ਨੂੰ ਬਾਕਾਇਦਾ ਤੌਰ 'ਤੇ ਗੁਰਮੁਖੀ ਲਿਪੀ ਵਿੱਚ ਸ਼ਾਮਲ ਕਰ ਲਿਆ ਗਿਆ
ਸੀ ਤੇ ਬਾਅਦ ਵਿੱਚ ਲ਼ ਧੁਨੀ ਵੀ ਸ਼ਾਮਲ ਕਰ ਲਈ ਗਈ ਸੀ।
ਸਮੇਂ-ਸਮੇਂ 'ਤੇ ਬੋਲੀ ਅਤੇ ਲਿਪੀ ਵਿੱਚ ਕਈ ਤਰ੍ਹਾਂ ਦੇ ਬਦਲਾਅ ਆਉਂਦੇ
ਰਹਿੰਦੇ ਹਨ। ਗੁਰੂ ਸਾਹਿਬਾਨ ਸਮੇਂ ਹ ਰ ਵ ਸਮੇਤ ਕਈ ਹੋਰ ਅੱਖਰ ਵੀ ਦੁੱਤ
ਅੱਖਰਾਂ ਵਜੋਂ ਵਰਤੇ ਜਾਂਦੇ ਰਹੇ ਹਨ ਪਰ ਹੁਣ ਇਹਨਾਂ ਨੂੰ ਛੱਡ ਕੇ ਬਾਕੀ
ਅੱਖਰ ਦੁੱਤ ਅੱਖਰਾਂ ਵਜੋਂ ਹਟਾ ਦਿੱਤੇ ਗਏ ਹਨ। ਪਹਿਲਾਂ ਅਧਕ ਦੀ ਵਰਤੋਂ
ਨਹੀਂ ਸੀ ਕੀਤੀ ਜਾਂਦੀ, ਹੁਣ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਪੈਰ-ਬਿੰਦੀ
ਵਾਲੇ ਅੱਖਰ ਉਦੋਂ ਨਹੀਂ ਸਨ ਪਰ ਹੁਣ ਇਹ ਸ਼ਾਮਲ ਕਰ ਲਏ ਗਏ ਹਨ।
ਮੈਨੂੰ ਫਿਰ ਕਹਿਣਾ ਪੈ ਰਿਹਾ ਹੈ ਕਿ ਸਿੱਖ ਧਾਰਮਿਕ ਹਲਕਿਆਂ ਵਿੱਚ
ਅਕਸਰ 'ਜ਼ਫ਼ਰਨਾਮਾ' ਸ਼ਬਦ ਦੀ ਵਰਤੋਂ ਹੁੰਦੀ ਹੈ। ਕੀ ਤੁਸੀਂ ਇਸ ਰਚਨਾ ਦਾ
ਹਵਾਲਾ ਦੇਣ ਸਮੇਂ ਜ਼ ਫ਼ ਦੀ ਥਾਂ ਜ ਫ ਅੱਖਰ ਇਸਤੇਮਾਲ ਕਰੋਗੇ? ਗ਼ਜ਼ਲ
ਲਿਖਣ ਸਮੇਂ ਇਸ ਨੂੰ 'ਗਜਲ' ਲਿਖੋਗੇ ਤੇ ਉਚਾਰੋਗੇ ? ਕੀ ਸਾਡੀਆਂ ਆਉਣ
ਵਾਲ਼ੀਆਂ ਪੀੜ੍ਹੀਆਂ ਵੱਡੀਆਂ ਹੋ ਕੇ ਸਾਨੂੰ ਇਹ ਸਵਾਲ ਨਹੀਂ ਪੁੱਛਣਗੀਆਂ ਕਿ
ਤੁਸੀਂ ਸਾਨੂੰ ਤਾਂ ਜ਼ਫ਼ਰਨਾਮੇ ਨੂੰ ਜ ਫ ਅੱਖਰਾਂ ਨਾਲ਼ ਅਤੇ ਗ਼ਜ਼ਲ ਨੂੰ
'ਗਜਲ' ਲਿਖਣਾ ਹੀ ਸਿਖਾਇਆ ਸੀ ਪਰ ਅਸਲ ਸ਼ਬਦ-ਜੋੜ ਤਾਂ ਹੋਰ ਹੀ ਹਨ। ਉਹਨਾਂ
ਨੂੰ ਤੁਸੀਂ ਕੀ ਜਵਾਬ ਦਿਓਗੇ? ਇਹੋ-ਜਿਹੇ ਅਰਬੀ/ਫ਼ਾਰਸੀ ਦੇ ਹੋਰ ਵੀ ਅਨੇਕਾਂ
ਸ਼ਬਦ ਹਨ। ਇਹ ਤਾਂ ਕੇਵਲ ਇੱਕ ਉਦਾਹਰਨ ਮਾਤਰ ਹੀ ਹਨ।
ਮਾਲੇਰਕੋਟਲੇ ਸਮੇਤ ਕਈ ਹੋਰ ਥਾਂਵਾਂ ਦੇ ਵਿਦਿਆਰਥੀ ਜੋਕਿ ਸ਼ੁਰੂ ਤੋਂ ਹੀ
ਉਰਦੂ ਅਤੇ ਪੰਜਾਬੀ ਦੋਵੇਂ ਭਾਸ਼ਾਵਾਂ ਪੜ੍ਹਦੇ ਹਨ, ਕੀ ਉਹ ਅੱਜ ਦੇ
ਸਿੱਖਿਆ-ਸ਼ਾਸਤਰੀਆਂ ਨੂੰ ਅਜਿਹੇ ਸਵਾਲ ਨਹੀਂ ਪੁੱਛਣਗੇ ਕਿ ਤੁਸੀਂ ਇਹ
ਭੰਬਲ਼ਭੂਸੇ ਕਿਉਂ ਪੈਦਾ ਕਰ ਰਹੇ ਹੋ? ਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਪੜ੍ਹਨ
ਅਤੇ ਲਿਖਣ ਦਾ ਹਰ ਕਿਸੇ ਨੂੰ ਹੱਕ ਹੈ। ਤੁਸੀਂ ਆਪਹੁਦਰੀਆਂ ਕਰ ਕੇ ਉਹਨਾਂ
ਨੂੰ ਉਹਨਾਂ ਦੇ ਸ਼ੁੱਧ ਪੰਜਾਬੀ ਲਿਖਣ/ਸਿੱਖਣ ਦੇ ਇਸ ਹੱਕ ਤੋਂ ਵਾਂਝਿਆਂ ਨਾ
ਕਰੋ ਤੇ ਪੰਜਾਬੀ ਦੀ ਜੱਖਣਾ ਪੁੱਟਣ ਦੀ ਕੋਸ਼ਸ਼ ਨਾ ਕਰੋ।
ਜੇਕਰ ਕਿਸੇ ਦੀ ਇਹ ਨਿੱਜੀ ਸਮੱਸਿਆ ਹੈ ਤਾਂ ਉਸ ਨੂੰ ਕਿਹੜਾ ਕੋਈ ਅਜਿਹੇ
ਸ਼ਬਦਾਂ ਨੂੰ ਸਿੱਖਣ ਲਈ ਮਜਬੂਰ ਕਰ ਰਿਹਾ ਹੈ? ਜਿੱਥੇ ਕੁਝ ਹੋਰ ਲੋਕ ਗ਼ਲਤ
ਸ਼ਬਦ-ਜੋੜ ਲਿਖ ਰਹੇ ਹਨ, ਉੱਥੇ ਤੁਸੀਂ ਵੀ ਲਿਖੀ ਜਾਓ। ਜਿਹੜੇ ਲੋਕ ਸਿੱਖਣਾ
ਚਾਹੁੰਦੇ ਹਨ, ਉਹਨਾਂ ਨੂੰ ਤਾਂ ਸਿਖਣ ਦਿਓ! 'ਕਿਸੇ ਨੂੰ ਮਾਂਹ ਬਾਦੀ ਤੇ
ਕਿਸੇ ਨੂੰ ਸਵਾਦੀ' ਵੀ ਹੋ ਸਕਦੇ ਹਨ। ਹੈਰਾਨੀ ਦੀ ਗੱਲ ਹੈ ਕਿ ਵਿਦਵਾਨਾਂ ਨੇ
ਤਾਂ ਸਗੋਂ ਇਹ ਗੱਲਾਂ ਬਾਕੀ ਲੋਕਾਂ ਨੂੰ ਸਿਖਾਉਣੀਆਂ ਸਨ, ਇਸ ਦੇ ਉਲਟ ਉਹ
ਸਗੋਂ ਬਾਕੀ ਲੋਕਾਂ ਨੂੰ ਹੀ ਗ਼ਲਤ ਦਿਸ਼ਾ ਵੱਲ ਜਾਣ ਲਿਜਾਣ ਦੀਆਂ ਕੋਸ਼ਸ਼ਾਂ
ਵਿੱਚ ਜੁਟੇ ਹੋਏ ਹਨ। ਤੁਹਾਡੀ ਤਾਂ ਉਹ ਗੱਲ ਹੈ ਕਿ 'ਨਾ ਰਹੇ ਬਾਂਸ ਤੇ ਨਾ
ਵੱਜੇ ਬੰਸਰੀ' --ਸਾਰੇ ਖਲਜਗਣ ਨਾਲ਼ੋਂ ਗੁਰਮੁਖੀ ਲਿਪੀ ਵਿੱਚੋਂ ਹੀ ਇਹਨਾਂ
ਅੱਖਰਾਂ ਨੂੰ ਬਾਹਰ ਦਾ ਰਸਤਾ ਦਿਖਾ ਦਿਓ, ਅਖੇ- ਨਾ ਚੋਰ ਦੇਖੇ ਤੇ ਨਾ
ਕੁੱਤਾ ਭੌਂਕੇ। ਇਸ ਲਈ ਅਜਿਹੇ ਲੋਕ ਜਿਹੜੇ ਇਹਨਾਂ
ਧੁਨੀਆਂ ਦੀ ਵਿਰੋਧਤਾ ਕਰ ਰਹੇ ਹਨ, ਉਹਨਾਂ ਨੂੰ ਖ਼ੁਦ ਇਹਨਾਂ ਭਾਸ਼ਾਵਾਂ
(ਅਰਬੀ/ਫ਼ਾਰਸੀ) ਦੇ ਸ਼ਬਦਾਂ ਦੇ ਸ਼ੁੱਧ ਸ਼ਬਦ-ਰੂਪ ਸਿੱਖਣ ਦੀ ਸਖ਼ਤ ਲੋੜ ਹੈ
ਤਾਂ ਜੋ ਉਹ ਇਸ ਸੰਬੰਧ ਵਿੱਚ ਲੋਕਾਂ ਦੀ ਯੋਗ ਅਗਵਾਈ ਕਰ ਸਕਣ।
ਮੇਰੀਆਂ ਗੱਲਾਂ ਉੱਤੇ ਠਰ੍ਹੰਮੇ ਨਾਲ਼ ਸੋਚ-ਵਿਚਾਰ ਕੀਤੀ ਜਾਵੇ ਜੀ।
(*ਪਾਠਕਾਂ ਦੇ ਗਿਆਤ ਹਿੱਤ: ਸ. ਪਾਬਲਾ ਜੀ ਪੰਜਾਬੀ
ਭਾਸ਼ਾ ਨਾਲ਼ ਬੜੇ ਲੰਮੇ ਸਮੇਂ ਤੋਂ ਬਹੁਤ ਗੂੜ੍ਹੀ ਤਰਾਂ ਜੁੜੇ ਹੋਏ ਹਨ। ਉਹ
ਲੰਮੇ ਸਮੇਂ ਤੋਂ ਪੰਜਾਬੀ ਭਾਸ਼ਾ ਦੇ ਵੱਖ ਵੱਖ ਸਰੋਕਾਰਾਂ ਸਬੰਧੀ ਪੰਜਾਬ
ਸਕੂਲ ਸਿੱਖਿਆ ਬੋਰਡ ਦੇ ਸਲਾਹਕਾਰ ਵੀ ਹਨ। ਉਹਨਾਂ ਦੇ ਪੰਜਾਬੀ ਭਾਸ਼ਾ ਦੇ
ਅਨੇਕਾਂ ਵਿਸ਼ਿਆਂ, ਖ਼ਾਸ ਕਰ ਸ਼ਬਦ-ਜੋੜਾਂ ਅਤੇ ਸ਼ਬਦ ਨਿਰੁਕਤੀ ਨੂੰ
ਮੁਖਾਤਿਬ ਅਨੇਕਾਂ ਲੇਖ ਅਨੇਕਾਂ ਅਖਬਾਰਾਂ ਰਸਾਲਿਆਂ ਤੇ ਫੇਸਬੁੱਕ ਦੇ ਨਾਲ਼
ਨਾਲ਼ ਸਿੱਖਿਆ ਬੋਰਡ ਵਲੋਂ ਪ੍ਰਕਾਸ਼ਨਾਵਾਂ ਵਿੱਚ ਛਪ ਚੁੱਕੇ ਹਨ।)
ਇਸ ਦਰਮਿਆਨ ਮੇਰੇ ਵਲੋਂ ਪ੍ਸ਼ ਕੀਤੇ ਗਏ ਸੰਖੇਪ ਵਿਚਾਰ ਇਸ ਪਰਕਾਰ ਸਨ:
ਜੋਗਾ ਜੀ ਨੇ ਬਹੁਤ ਵਧੀਆ ਸਮਝਾਇਆ। ਇਹ ਕਿਸੇ ਨੂੰ ਹੈਰਾਨੀ ਨਹੀਂ
ਜਾਂ ਕਿਸੇ ਵੀ ਸਵਾਲ ਨਹੀਂ ਉਠਾਇਆ ਕਿ ਕੱਕੇ ਪੈਰ ਬਿੰਦੀ ਕਿਉਂ ਨਹੀਂ ਰੱਖੀ
ਗਈ? ਜਦ ਕਿ ਫ਼ਾਰਸੀ ਦੇ ਅਨੇਕਾਂ ਸ਼ਬਦ ਕ਼ (ਪੈਰ ਬਿੰਦੀ) ਨਾਲ਼ ਪੈਂਦੇ ਹਨ,
ਜਿਵੇਂ ਕਿ ਕ਼ਿਸਮਤ, ਕ਼ਿਆਮਤ, ਸਾਦਿਕ਼, ਕ਼ੌਮ ਆਦਿ। ਇਹ ਵੀ ਕਿ
ਜ਼ੰਜੀਰ ਨੂੰ ਜੰਜੀਰ, ਜ਼ਿੰਦਗੀ ਨੂੰ ਜਿੰਦਗੀ, ਬਾਗ਼ੀ ਨੂੰ ਬਾਗੀ ਜਾਂ
ਬਗ਼ਾਵਤ ਨੂੰ ਬਗਾਵਤ ਫ਼ਲ਼ ਨੂੰ ਫਲ਼, ਖ਼ਤ ਨੂੰ ਖਤ ਕਹਿਣ ਨਾਲ਼ ਸ਼ਬਦਾਂ ਦੇ
ਅਰਥ ਨਹੀਂ ਬਦਲ ਜਾਂਦੇ। ਸਿਰਫ ਸਭ ਦੇ ਗਿਆਤ ਹਿੱਤ: ਫ਼ਾਰਸੀ ਵਿੱਚ
ਜ਼ ਲਈ 4, ਸ ਲਈ 3 ਅਤੇ ਕ ਲਈ 2 ਕ਼ਾਫ ਅਤੇ ਕਾਫ ਅੱਖਰ ਹਨ।
ਜਸਵੀਰ ਸਿੰਘ ਪਾਬਲਾ ਜੀ ਦੇ ਉਪ੍ਰੋਕਤ ਵਿਚਾਰਾਂ ਤੋਂ ਅੱਗੇ ਡਾ. ਜੋਗਾ
ਸਿੰਘ ਜੀ ਆਪਣੇ ਵਿਚਾਰ ਇਸ ਤਰਾਂ ਵਿਅਕਤ ਕਰਦੇ ਹਨ: 1. ਜੀ ਹਾਂ,
ਗ਼ਜ਼ਲ ਬਣਾਉਟੀ ਪੰਜਾਬੀ ਏ ਤੇ ਗਜਲ ਅਸਲੀ। 2. ਜਿਵੇਂ ਹਾਸਪਿਟਲ
ਨੂੰ ਹਸਪਤਾਲ, ਟੈਕਨਾਲੋਜੀ ਨੂੰ ਤਕਨਾਲੋਜੀ, ਅਰਿਸਟੋਟਲ ਨੂੰ ਅਰਸਤੂ, ਤੇ ਹੋਰ
ਅਨੇਕਾਂ ਨੂੰ ਪੰਜਾਬੀ ਬਣਾ ਲਿਆ ਏ ਉਂਞੇ ਈ ਅਸਲੀ ਪੰਜਾਬੀ ਬੋਲਣ ਵਾਲਿਆਂ ਨੇ
ਗ਼ਜ਼ਲ ਗਜਲ ਕਰ ਲਈ ਹੋਈ ਏ। (ਜਸਵੀਰ ਸਿੰਘ ਜੀ ਆਹ ਅਗਲੇ ਕਮਾਨੀਆਂ ਵਿਚਲੇ
ਬੋਲ (ਕਬੋਲ) ਤੁਹਾਡੇ ਲਈ ਨਹੀਂ ਇਹ ਵਿਸ਼ਵ-ਵਿਦਿਆਲਵੀ ਵਿਦ-ਵਾਹਨਾਂ ਲਈ ਨੇ -
"ਉੱਚ-ਵਰਣੀਆਂ ਨੇ ਕਦੇ ਵੀ ਨਹੀਂ ਚਾਹਿਆ ਪਈ ਆਮ ਜੀਅ ਦੀ ਭਾਖਾ ਸੱਤਾ ਦੇ
ਥਾਵਾਂ ਦੀ ਭਾਖਾ ਬਣੇ। ਇਸ ਕਰਕੇ ਬਣਾਉਟੀ ਗ਼ਜ਼ਲ ਨੂੰ ਅਸਲੀ ਗਜਲ ਆਖਣ ਨਾਲ
ਉਹਨਾਂ ਵਿਦ-ਵਾਹਨਾਂ ਨੂੰ ਮਾਸੀ ਨੂੰ ਅੰਟੀ ਆਖਣ ਨਾਲੋਂ ਅਰਬਾਂ-ਖਰਬਾਂ ਗੁਣਾ
ਵੱਧ ਪੀੜ ਹੁੰਦੀ ਏ (ਦਹਾਕਾ ਕੁ ਪਹਿਲਾਂ ਮੈਨੂੰ ਵੀ ਲੇਹਰਾਂ ਉੱਠਦੀਆਂ ਸਨ)-
ਹੁਣ ਤੇ ਦਰਬਾਰ ਸਾਹਿਬ ਵੀ ਗੋਲਡਨ ਟੈਂਪਲ ਬਣ ਗਿਆ ਏ, ਮਾਸੀ ਵਿਚਾਰੀ ਦਾ ਕੀ
ਬਚਣਾ ਸੀ।" 3. ਜਸਵੀਰ ਸਿੰਘ ਜੀ ਬੇਨਤੀ ਏ ਕਿ ਮੇਰੇ ਲਿਖੇ
ਨੁਕਤਿਆਂ ਨੂੰ ਦੋ-ਚਾਰ ਦਿਨ ਵਿਚਾਰ ਲਵੋ। ਮੁੜ ਗੱਲ ਕਰਾਂਗੇ। ਤੁਹਾਡੀਆਂ
ਹਾਲੀਆ ਟਿੱਪਣੀਆਂ ਤੋਂ ਮੈਨੂੰ ਲੱਗਾ ਏ ਮੈਂ ਆਪਣੀ ਗੱਲ ਹਾਲੇ ਸਮਝਾ ਨਹੀਂ
ਸਕਿਆ। ਹਾਲੇ ਬੱਸ ਏਨਾ ਈ ਆਖਾਂਗਾ ਪਈ ਜੇ ਤੁਹਾਡੀ ਲਿਖੀ ਦਲੀਲ ਮੰਨ ਲਈ ਜਾਵੇ
ਤਾਂ ਮੁੜ ਸ਼ਿੰਦਰ ਮਾਹਲ ਜੀ ਦੀ ਡਾਕ ਵਿਚਲੇ ਜ (ਚਾਰ), ਸ (ਤਿੰਨ) ਦੇ
ਨਾਲ-ਨਾਲ ਕ (ਦੋ) ਅਤੇ ਸੰਸਕ੍ਰਿਤ ਦੇ क्ष, त्र, ज्ञ, ष, ऋ ਆਦਿ ਪਿਛੋਕੜ
ਵਾਲੇ ਸ਼ਬਦਾਂ ਨੂੰ ਪੰਜਾਬੀ ਵਿੱਚ ਲਿਖਣ ਲਈ ਗੁਰਮੁਖੀ ਵਿੱਚ ਕੁਝ ਕਰਨਾ ਈ
ਪਵੇਗਾ। ਏਨਾਂ ਈ ਨਹੀਂ, ਹੋਰਨਾਂ ਭਾਖਾਵਾਂ ਤੋਂ ਆਏ ਤੇ ਆਉਣ ਵਾਲੇ ਪੰਜਾਬੀ
ਦੀਆਂ ਧੁਨੀਆਂ ਤੋਂ ਹਰ ਵੱਖਰੀ ਧੁਨੀ ਵਾਲੇ ਸ਼ਬਦ ਨੂੰ ਲਿਖਣ ਲਈ ਗੁਰਮੁਖੀ
ਲਿੱਪੀ ਵਿੱਚ ਹਰ ਵੇਲੇ ਬਦਲਾਅ ਕਰਨ ਲਈ ਪੰਜਾਬੀ ਕੌਮ ਨੂੰ ਤਿਆਰ ਰਹਿਣਾ
ਪਵੇਗਾ। .... ਇਸਤੋਂ ਅਗਲੀ ਚਰਚਾ ਅਗਲੀ ਵਾਰ। ਉੱਪਰ ਦਿੱਤੇ
ਸੰਪਰਕ ਨੰਬਰ - ਬਿਃਡਾਕ ਸਿਰਨਾਵੇਂ 'ਤੇ ਤੁਹਾਡੇ ਭੇਜੇ ਵਿਚਾਰ ਵੀ ਇਸ ਚਰਚਾ
ਵਿੱਚ ਜਰੂਰ ਹੀ ਣਮਿਲ ਕਰਾਂਗੇ - ਤਦ ਤੱਕ ਲਈ ਰੱਬ ਰਾਖਾ !!
|
ਡੇਰਾਵਾਦ ਇੱਕ ਚਿੰਤਾ ਦਾ ਵਿਸ਼ਾ ਪਿੱਛਲੇ ਕੁੱਝ
ਦਿਨਾਂ ਤੋਂ ਡੇਰਾ ਵਿਵਾਦ ਨੇ ਕਾਫ਼ੀ ਮਾਹੌਲ ਗਰਮਾ ਦਿੱਤਾ , ਅਦਾਲਤ ਨੇ ਨਿਆ ਪ੍ਰਣਾਲੀ
ਨੂੰ ਜਿਉਂਦੇ ਰੱਖਦੇ ਬਣਦੀ ਕਾਰਵਾਈ ਕੀਤੀ ਤੇ ਵੱਧ ਤੋਂ ਵੱਧ ਸੁਰੱਖਿਆ ਦੇ ਇੰਤਜ਼ਾਮ
ਕੀਤੇ ਗਏ। ਕਾਫ਼ੀ ਅਹਿਮ ਖ਼ੁਲਾਸੇ ਹੋਏ ਤੇ ਡੇਰਾ ਵਾਦ ਦੀਆਂ ਫੈਲ ਰਹੀਆਂ ਜੜ੍ਹਾਂ ਨੂੰ
ਵਿਸਥਾਰ ਸਹਿਤ ਦਸਣ ਦੀ ਸ਼ਾਇਦ ਲੋੜ ਨਹੀਂ,ਵਿਗਿਆਨਕ ਯੁੱਗ ਅੰਦਰ ਵੀ ਭਾਰਤ ਵਿੱਚ
ਡੇਰਾਵਾਦ ਦਿਨੋਂ ਦਿਨ ਸਿਰ ਕੱਢ ਰਿਹਾ ਹੈ, ਪੰਜਾਬ ਅੰਦਰ ਡੇਰਾਵਾਦ ਉਪਜਣਾਂ ਇੱਕ
ਚਿੰਤਾ ਦਾ ਵਿਸ਼ਾ ਹੈ,ਸਾਰੀ ਦੁਨੀਆਂ ਲਈ ਮਿਸਾਲ ਦੇਣ ਵਾਲੀ ਸਿੱਖੀ ਦੀ ਮਹਾਨ ਫ਼ਿਲਾਸਫ਼ੀ
ਹੁੰਦੇ ਹੋਏ ਵੀ ਧਰਮ ਦੇ ਠੇਕੇਦਾਰ ਲੁੱਟਣ ਦੇ ਨਵੇਂ ਰਾਹ ਲੱਭਣ ਤੋਂ ਗੁਰੇਜ਼ ਨਹੀਂ
ਕਰਦੇ। ਸਿੱਖ ਧਰਮ ਤੋਂ ਲੋਕਾਂ ਦਾ ਟੁੱਟਣਾ ਤੇ ਡੇਰਿਆਂ ਨੂੰ ਆਸਰਾ ਲੱਭਣਾ ਕਾਫ਼ੀ
ਅਫ਼ਸੋਸ ਜਨਕ ਹੈ ,ਸਿੱਖੀ ਅੰਦਰ ਜਾਤਪਾਤ ਦੇ ਨਾਮ ਤੇ ਵਿਤਕਰਾ ਹੋਣਾ ਵੀ ਇੱਕ ਅਹਿਮ
ਪਹਿਲੂ ਹੀ ਲੋਕਾਂ ਦਾ ਡੇਰਿਆਂ ਵੱਲ ਜਾਣਾ, ਜੇ ਕਰ ਨਿਗ੍ਹਾ ਮਾਰੀ ਜਾਵੇੇ ਤਾਂ
ਪਿੰਡਾਂ ਵਿੱਚ ਜਾਤਾਂ ਦੇ ਹਿਸਾਬ ਨਾਲ ਗੁਰਦੁਆਰੇ ਵੀ ਵੰਡੇ ਹੋਏ ਨੇ। ਗੁਰੂ ਸਾਹਿਬ
ਨੇ ਜਾਤਪਾਤ ਨੂੰ ਸਿੱਖੀ ਵਿੱਚ ਕੋਈ ਥਾਂ ਨਹੀਂ ਦਿੱਤੀ ਤੇ ਇੱਕ ਰਾਹ ਤੁਰਨ ਦਾ ਆਦੇਸ਼
ਦਿੱਤਾ,ਪਰ ਅੱਜ ਜਾਤੀ ਵਿਤਕਰਾ ਅਣਗੌਲੇ ਨਹੀਂ ਕੀਤਾ ਜਾ ਸਕਦਾ ,ਸਿੱਖ ਧਰਮ ਵਿੱਚ ਵੀ
ਡੇਰੇ ਹੋਣਾ ਤੇ ਅਲੱਗ ਪ੍ਰਚਾਰ ਹੋਣਾ ਸੋਚਣ ਲਈ ਮਜ਼ਬੂਰ ਕਰਦਾ ਹੈ। ਗੁਰੂਦਵਾਰਾ
ਕਮੇਟੀਆਂ ਨੂੰ ਜਾਤਪਾਤ ਦੇ ਖ਼ਾਤਮੇ ਲਈ ਖੜੇ ਹੋਣਾ ਅੱਜ ਦੇ ਸਮੇਂ ਦੀ ਮੁੱਖ ਲੋੜ੍ਹ
ਹੈ।
ਸੋਚਿਆ ਜਾਵੇ ਤਾਂ ਡੇਰਿਆਂ ਅੰਦਰ ਨਾਮਦਾਨ ਦਾ ਗੁਪਤ ਰੱਖਣਾ ਪਰ ਪ੍ਰਚਾਰ ਗੁਰਬਾਣੀ
ਦਾ ਕਰਨਾ, ਭਾਵਨਾਵਾਂ ਦੇ ਨਾਮ ਤੇ ਇੱਕ ਬੰਦੇ ਨੂੰ ਰੱਬ ਬਣਾ ਦੇਣਾ ਮਾਨਸਿਕ ਤੇ
ਧਾਰਮਿਕ ਲੁੱਟ ਤੋਂ ਵੱਧ ਕੁੱਝ ਨਹੀਂ ਹੋ ਸਕਦਾ। ਕਿੰਨੇ ਜ਼ੁਰਮ ,ਕਿੰਨੀ ਮਾਇਆ ,ਕਿੰਨੀ
ਜਾਇਦਾਦ ਦਿਨੋਂ ਦਿਨ ਡੇਰੇਵਾਦ ਵਿੱਚ ਸਿਖ਼ਰਾਂ ਤੇ ਹੈ । ਲੋਕਾਂ ਦੀ ਮਾਨਸਿਕਤਾਂ ਨੂੰ
ਕਮਜ਼ੋਰ ਬਣਾ ਦਿੱਤਾ ਹੈ ਡੇਰੇਵਾਦ ਨੇ। ਸੋ ਆਜੋ ਸੱਚ ਪਛਾਣੀਏ ਤੇ ਗੁਰਬਾਣੀ ਦੇ ਲੜ
ਲਗੀਏ, ਸਮਾਜ ਨੂੰ ਜੋੜਨ ਦੇ ਕਾਰਜ ਕਰੀਏ ਤਾਂ ਤੇ ਵੱਧ ਰਹੇ ਡੇਰੇਵਾਦ ਨੂੰ ਨੱਥ ਪਾਈ
ਜਾਵੇ ।
ਸੰਦੀਪ ਪੁਆਰ
(9517168676)
30/08/2017 |
ਆਪਣੇ ਵਿਚਾਰ ਸਾਨੂੰ
ਲਿਖੋ
(info@5abi.com) |
|
ਲਗ ਪਗ ਅੱਧੀ ਸਦੀ ਤੋਂ, ਆਜ਼ਾਦ ਭਾਰਤ ਵਿਚ, ਪੰਜਾਬੀ ਭਾਸ਼ਾ ਨੂੰ ਉਸਾਰਨ ਅਤੇ ਉੱਚ
ਕੋਟੀ ਦੀ ਸਿੱਖਿਆ ਦਾ ਮਾਧਿਅਮ ਬਣਾਉਣ ਦੇ ਚਰਚੇ ਲਗਾਤਾਰ ਚਲਦੇ ਆ ਰਹੇ ਹਨ। ਇਸ ਵਿਸ਼ੇ
'ਤੇ ਹਰ ਰਾਜਨੀਤਕ ਰੰਗ ਦੇ ਆਗੂ ਲੋਕ ਵੱਡੀਆਂ ਵੱਡੀਆਂ ਗੱਲਾਂ ਕਰਕੇ ਲੋਕਾਂ ਨੂੰ
ਭਰਮਾਉਂਦੇ ਅਤੇ ਉਕਸਾਉੰਦੇ ਰਹੇ ਅਤੇ ਰਹਿੰਦੇ ਹਨ। ਉਹ ਪੰਜਾਬੀ ਨੂੰ 'ਵਿਗਿਆਨਕ' ਭਾਸ਼ਾ ਬਣਾਉਣ
ਦੇ ਲਗਾਤਾਰ ਵੱਡੇ ਵੱਡੇ ਦਾਅਵੇ ਕਰਦੇ ਹਨ ... ਪਰ ਹੋਇਆ ਅੱਜ ਤਕ ਕੁੱਝ ਵੀ ਨਹੀ! ਸਗੋਂ ਇਸ ਦੇ
ਉਲਟ ਪੰਜਾਬੀ ਭਾਸ਼ਾ ਦੀ ਹਾਲਤ ਖਰਾਬ ਹੀ ਹੋਈ ਹੈ। ਉਪਨਿਵੇਸ਼ੀ ਭਾਸ਼ਾ ਕੈਂਸਰ ਦੇ ਰੋਗ
ਵਾਂਗੂ ਸਮਾਜ ਨੂੰ ਚਿੰਬੜੀ ਹੋਈ ਹੈ; ਕੌਨਵੈਂਟ ਸਕੂਲਾਂ ਦੀ ਗਿਣਤੀ ਲਗਾਤਾਰ ਵਧ ਰਹੀ
ਹੈ, ਵਿਸ਼ਵਿਦਿਆਲਿਆਂ ਦੀ ਬੇਤਹਾਸ਼ਾ ਭਰਮਾਰ ਨਾਲ ਵਿਦਿਆ ਦੇ ਮਿਆਰ ਵਿਚ ਫਿਕਰਮੰਦ
ਗਿਰਾਵਟ ਆਈ ਹੈ। ਸਮਾਜ ਦੀ ਸੋਚਣ ਸ਼ਕਤੀ ਨੂੰ ਜੜ੍ਹੋਂ ਖਤਮ ਕਰਕੇ 'ਨਕਲਚੀ' ਸਮਾਜ
ਸਿਰਜਣ ਵਿੱਚ ਕੋਈ ਕਸਰ ਨਹੀਂ ਛੱਡੀ। ਅੱਜ ਕੱਲ ਦੇ ਸਕੂਲਾਂ, ਕਾਲਜਾਂ ਅਤੇ ਵਿਸ਼ਵਵਿਦਿਆਲਿਆਂ ਤੋਂ
"ਪੜ੍ਹੇ ਲਿਖੇ" ਲੋਕ ਆਪਣੇ ਆਪ ਨੂੰ ਪੰਜਾਬੀ ਵਿਚ ਪ੍ਰਗਟਾਉਣ ਦੇ ਅਸਮਰੱਥ ਹਨ। ਸੰਚਾਰ
ਮਾਧਿਅਮ ਅਤੇ ਸਮਾਜਕ ਅਦਾਨ ਪ੍ਰਦਾਨ ਵਿਚ ਵਰਤੀ ਜਾਂਦੀ ਅਸ਼ਲੀਲ ਅਤੇ ਕੂੜ ਕਿਸਮ ਦੀ
ਭਾਸ਼ਾ ਇਸ ਦਾ ਜਿਉਂਦਾ ਜਾਗਦਾ ਸਬੂਤ ਹੈ। ਪੰਜਾਬ ਦੇ ਵਿਦਿਅਕ ਅਤੇ ਸਰਕਾਰੀ ਅਦਾਰੇ ਇਸ
ਅਪਰਾਧ ਦੇ ਬਰਾਬਰ ਦੇ ਭਾਗੀਦਾਰ ਹਨ। 5abi.com 'ਤੇ ਸਾਡੀ
ਮੁੱਢ ਤੋਂ ਹੀ ਕੋਸ਼ਿਸ਼ ਰਹੀ ਹੈ ਕਿ ਆਧੁਨਿਕ, ਵਿਗਿਆਨਕ ਅਤੇ ਤਕਨੀਕੀ ਵਿਸ਼ਿਆਂ 'ਤੇ
ਖਾਸ ਅਤੇ ਲੋੜੀਂਦੀ ਜਾਣਕਾਰੀ ਮੁਹੱਈਆ ਕਰਾਈ ਜਾਵੇ। ਪਰ, ਕਿਉਂਕਿ ਪੰਜਾਬੀ ਭਾਸ਼ਾ ਵਿਚ ਇਸ ਤਰ੍ਹਾਂ ਦਾ ਸਾਹਿਤ ਰਚਿਆ
ਨਹੀ ਜਾਂਦਾ, ਇਸ ਲਈ ਸਾਡੀ ਇਹ ਕੋਸ਼ਿਸ਼ ਨਿਰਾਸ਼ਾਜਨਕ ਰਹੀ ਹੈ ... ਪਰ ਸਮੇ ਸਮੇ ਅਸੀਂ
ਇਹ ਕੋਸ਼ਿਸ਼ ਕਰਦੇ ਹੀ ਰਹਿੰਦੇ ਹਾਂ। ਸਾਡੇ ਬਹੁਤ ਸਾਰੇ ਸੂਝਵਾਨ ਪਾਠਕਾਂ ਵਲੋਂ ਵਾਰ
ਵਾਰ ਇਸ਼ਾਰਾ ਮਾਤਰ ਉਂਗਲ ਉਠਾਈ ਜਾਂਦੀ ਰਹੀ ਹੈ ਕਿ ਕਿਉਂ ਨਹੀਂ ਯੁਨੀਵਰਸਿਟੀਆਂ ਦੇ ਵਿਦਿਵਾਨ ਇਸ ਤਰ੍ਹਾਂ ਦਾ ਸਾਹਿਤ ਪੈਦਾ
ਕਰਦੇ?
ਪਿਛਲੇ ਕੁੱਝ ਸਾਲਾਂ ਤੋਂ ਸੰਚਾਰ ਮਾਧਿਅਮ ਅਤੇ ਸੂਚਨਾ ਤਕਨੀਕ ਵਿਚ ਬੜੀ ਸ਼ਾਨਦਾਰ
ਅਤੇ ਸ਼ਲਾਘਾਯੋਗ ਵਿਕਾਸ ਹੋਇਆ ਹੈ, ਜ਼ਾਹਰ ਹੈ ਪੰਜਾਬੀ ਭਾਸ਼ਾ ਨੂੰ ਵੀ ਇਸਨੇ
ਪ੍ਰਭਾਵਿਤ ਕੀਤਾ ਹੈ। ਕੰਪਿਊਟਰ ਤਕਨੀਕ ਵਿੱਚ ਵੀ ਪੰਜਾਬੀ ਭਾਸ਼ਾ ਪਿੱਛੇ ਨਹੀਂ ਰਹੀ।
ਪਰ ਬੇਹੱਦ ਅਫਸੋਸ-ਜਨਕ ਗੱਲ ਇਹ ਹੈ ਕਿ ਇਸ ਦੀ ਵਰਤੋਂ, ਪੰਜਾਬੀਆਂ ਵਿਚ, ਵਿਸ਼ਾਲ
ਪੱਧਰ 'ਤੇ ਨਹੀ ਹੋਈ ਤੇ ਨਾ ਹੀ ਹੋ ਰਹੀ ਦਿਸ ਰਹੀ ਹੈ। ਇਸ ਦੇ ਬਹੁਤ ਸਾਰੇ ਸਮਾਜਕ,
ਆਰਥਿਕ, ਵਿਦਿਅਕ ਅਤੇ ਰਾਜਨੀਤਕ ਕਾਰਨ ਹੋ ਸਕਦੇ ਹਨ। ਪਰ ਮੌਜੂਦਾ ਸਮੇਂ ਦੀ ਮੁੱਖ
ਲੋੜ ਹੈ ਪੰਜਾਬੀ ਵਿਚ "ਵਿਗਿਆਨਕ ਸੱਭਿਆਚਾਰ" ਪੈਦਾ ਕਰਨ ਦੀ ਜੋ ਇਕ "ਠੋਸ ਅਤੇ
ਧੜੱਲੇਦਾਰ ਮੁਹਿੰਮ" ਹੀ ਸੰਭਵ ਹੋ ਸਕਦਾ ਹੈ। ਇਸ ਮੁਹਿੰਮ ਦਾ ਝੰਡਾ ਅਤੇ
ਨਗਾਰਾ ਬਣਾਇਆ ਜਾਵੇ ‘ਪੰਜਾਬੀ ਯੂਨੀਕੋਡ’ ਜਿਸ ਤੋਂ ਬਿਨਾਂ ਹੋਰ ਕੋਈ ਚਾਰਾ ਨਜ਼ਰ
ਨਹੀਂ ਆ ਰਿਹਾ। ਇਸ ਮੁਹਿੰਮ ਵਿੱਚ ਹਰ ਪੰਜਾਬੀ ਦਾ ਅਤੇ ਅਦਾਰੇ ਦਾ ਪਾਰਦਰਸ਼ ਅਤੇ
ਪ੍ਰਤੀਬੱਧ ਯੋਗਦਾਨ ਬਹੁਤ ਜ਼ਰੂਰੀ ਲੋੜੀਂਦਾ ਹੈ। ਇਸ ਮੰਤਵ ਨੂੰ ਮੁੱਖ ਰੱਖਦੇ ਹੋਏ
ਅਸੀ, 5abi.com, 'ਤੇ ਯੂਨੀਕੋਡ ਦੇ ਵਿਸ਼ੇ 'ਤੇ ਇਕ ਛੋਟਾ ਜਿਹਾ ਉਪਰਾਲਾ ਸ਼ੁਰੂ ਕਰ
ਰਹੇ ਹਾਂ। ਅਸੀਂ ਉਮੀਦ ਰੱਖਾਂਗੇ ਕਿ ਸਾਡੇ ਸੁਹਿਰਦ ਪਾਠਕ ਇਸ ਵਿੱਚ ਉਤਸ਼ਾਹਪੂਰਵਕ
ਹਿੱਸਾ ਲੈ ਕੇ ਅਤੇ ਬਣਦਾ ਯੋਗਦਾਨ ਪਾ ਕੇ ਪੰਜਾਬੀ ਭਾਸ਼ਾ ਦੀ ਤਰੱਕੀ ਅਤੇ ਪਾਸਾਰ
ਕਰਨ ਵਿੱਚ ਆਪਣਾ ਬਣਦਾ ਫਰਜ਼ ਜ਼ਰੂਰ ਨਿਭਾਉਣਗੇ।
.... ਸੰਪਾਦਕ, 25
ਦਿਸੰਬਰ 2015. |
ਪੰਜਾਬੀ ਭਾਸ਼ਾ ਅਤੇ ਸੰਚਾਰ ਮਾਧਿਅਮ
ਸ਼ਿੰਦਰ ਪਾਲ ਸਿੰਘ |
ਸਤਿਕਾਰਯੋਗ ਸੰਪਾਦਕ, ਡਾ. ਬਲਦੇਵ ਸਿੰਘ ਕੰਦੋਲਾ ਜੀ
ਬਹੁਤ ਅਰਸੇ ਬਾਅਦ ਆਪਜੀ ਨੂੰ ਇਹ ਖਤ, ਉਹ ਵੀ
ਪੰਜਾਬੀ:XL
ਕੀ-ਬੋਰਡ ਦੀ ਵਰਤੋਂ ਕਰਕੇ, ਯੂਨੀਕੋਡ ਅੱਖਰਾਂ ‘ਚ ਲਿਖਿਆ ਜਾ ਰਿਹਾ ਹੈ।
ਆਪਜੀ ਨੂੰ ਯਾਦ ਹੋਵੇਗਾ ਕਿ
ਸਾਲ 2004/2005 ਵਿੱਚ ਇੱਕ ਵਾਰ, ਏਸੇ ਹੀ ਸਾਈਟ
ਤੇ, ਆਪਸੀ ਵਿਚਾਰ ਵਟਾਂਦਰੇ ਲਈ ਪੰਜਾਬੀ ‘ਚ ਖਤ ਲਿਖਣ ਲਈ ਮੁਹਿੰਮ ਵਿੱਢੀ ਗਈ ਸੀ।
ਉਸਦਾ ਅਸਰ ਅਤੇ ਨਤੀਜਾ ਬਹੁਤੇ ਪਾਠਕਾਂ ਨੂੰ ਸ਼ਾਇਦ ਅੱਜ ਵੀ ਯਾਦ ਹੋਵੇ। ਪਰ ਉਸ
ਨਤੀਜੇ/ਮੁਕਾਮ ਤੇ ਪਹੁੰਚਣ ਲਈ ਕਿਹੜੇ ਢੰਗ ਤਰੀਕੇ ਅਪਨਾਏ ਗਏ ਹੋਣਗੇ, ਯਾਦ ਕਰਕੇ ਕੇ
ਅੱਜ ਸੋਚ ਅਜੀਬ ਦੁਬਿਧਾ ਵਿੱਚ ਹੈ। ਪ੍ਰਚਾਰ ਅਤੇ ਸੰਚਾਰ ਸਾਧਨਾਂ ‘ਚ ਇਨ੍ਹਾਂ ਦਸ
ਸਾਲਾਂ ਵਿੱਚ ਕਿੰਨੀ ਤਬਦੀਲੀ ਹੋ ਗਈ ਜੋ ਸ਼ਾਇਦ ਬਹੁਤਿਆਂ ਲਈ ਸਮਝ ਤੋਂ ਬਾਹਰ ਹੈ।
ਕਈ ਵਾਰ ਜਾਪਦਾ ਹੈ ਕਿ ਬੰਦਾ ਤੇ ਸਮਾਂ ਵਿਪਰੀਤ ਦਿਸ਼ਾਵਾਂ ‘ਚ ਸਫਰ ਕਰ ਰਹੇ ਹਨ ਤੇ
ਉਹ ਇੱਕ ਦੂਜੇ ਦੇ ਕੋਲੋਂ ਜਾਂ ਦੂਰੋਂ ਏਨੀ ਤੇਜ਼ੀ ਨਾਲ਼ ਗੁਜ਼ਰ ਜਾਂਦੇ ਹਨ ਕਿ ਕਿਸੇ
ਨੂੰ ਕੋਈ ਖ਼ਬਰ ਵੀ ਨਹੀਂ ਹੁੰਦੀ।
ਖੁਸ਼ੀ ਦੀ ਗੱਲ ਕਿ ਪੰਜਾਬੀ ਨੂੰ ਕੰਪਿਊਟਰ ਦੇ ਸਮਰੱਥ ਭਾਸ਼ਾ ਬਣਾਉਣ ਲਈ ਅਤੇ
ਕੰਪਿਊਟਰ ਤੇ ਇਸਦੀ ਨਿੱਜੀ ਵਰਤੋਂ ਕਰਨ ਅਤੇ ਵਿਸ਼ਵ ਪੱਧਰ ਤੇ ਆਪਸੀ ਸਾਂਝ ਅਤੇ ਸੰਚਾਰ
ਵਧਾਉਣ ਹਿੱਤ ਪੰਜਾਬੀ ਲਿਖਣ ਵਾਲ਼ਿਆਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦਾ ਸਹੀ ਹੱਲ,
ਪੰਜਾਬੀ:XL ਦੇ ਰੂਪ ‘ਚ ਪੇਸ਼ ਹੋਇਆ ਹੈ।
ਇਸ ਕੀ-ਬੋਰਡ ਦਾ ਆਪਣੀ ਸੰਪੂਰਨ ਸਮਰੱਥਾ ਦੀ ਪਰਖ ਵਾਸਤੇ ਇੰਗਲੈਂਡ ਦੇ ਬੁੱਧੀਜੀਵੀਆਂ
ਦੀ ਕਚਹਿਰੀ ਵਿੱਚ ਪੇਸ਼ ਹੋਣਾ ਜਿੱਥੇ ਆਪਣੇ ਆਪ ਵਿੱਚ ਅਹਿਮ ਘਟਨਾ ਹੈ ਉੱਥੇ ਸ਼ੁੱਭ
ਸ਼ਗਨ ਵੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜਿੱਥੇ ਬਹੁਮਤ ਵਲੋਂ ਇਸਦਾ ਬਣਦਾ
ਭਰਵਾਂ ਸਵਾਗਤ ਕੀਤਾ ਗਿਆ ਉੱਥੇ ਕੁੱਝ ਤੇਜ ਨਜਰ ਪਾਰਖੂਆਂ ਵਲੋਂ ਇਸਦੀ ਯੋਗ
ਕਾਰਗੁਜ਼ਾਰੀ ਅਤੇ ਇਸਦੇ ਪਿਛੋਕੜ ਤੇ ਇਤਿਹਾਸ ਸਬੰਧੀ ਢੁੱਕਵੇਂ ਸਵਾਲ ਵੀ ਉਠਾਏ ਗਏ।
ਪਰ ਖ਼ਾਸ ਗੱਲ ਕਿ ਇਨਾਂ ਵਿੱਚ ਕਿਸੇ ਕਿਸਮ ਦੀ ਸ਼ੰਕਾ ਕੋਈ ਨਹੀਂ ਸੀ। ਹਰ ਇੱਕ ਨੂੰ
ਆਪਣੇ ਸਵਾਲ ਦਾ ਤਰਕਸ਼ੀਲ ਤੇ ਤਸੱਲੀਬਖਸ਼ ਜਵਾਬ ਮਿਲ਼ਿਆ। ਇਨ੍ਹਾਂ ਸਵਾਲਾਂ ‘ਚੋਂ
ਜ਼ਿਆਦਾਤਰ ਕੰਪਿਊਟਰ ਤੇ, ਮਸਾਂ ਮਸਾਂ ਜਾਂ ਬੜੀ
ਮੁਸ਼ਕਿਲ ਨਾਲ, ਪੰਜਾਬੀ ਲਿਖਣੀ ਸਿੱਖਣ ਵਾਲ਼ਿਆਂ ਦੇ ਮਨਾਂ ‘ਚ ਨਵੀਆਂ ਪੈਦਾ ਹੋਈਆਂ
ਮੁਸ਼ਕਿਲਾਂ ਦੇ ਡਰ ‘ਚੋਂ ਉਪਜੇ ਜਾਪਦੇ ਹਨ। ਇਹ ਵੀ ਸਹੀ ਹੈ ਕਿ ਉਨਾਂ ਨੂੰ ਦਿਸਦੀਆਂ
ਮੁਸ਼ਕਿਲਾਂ ਜਾਂ ਉਨਾਂ ਦੇ ਮਨਾਂ ‘ਚ ਵਸੇ ਡਰ ਵੀ ਕਿਸੇ ਹੱਦ ਤੱਕ ਜਾਇਜ ਹਨ। ਪਰ ਇੱਕ
ਗੱਲ ਜ਼ਰੂਰ ਹੈ ਕਿ ਇਹ ਡਰ ਬੜੇ ਓਪਰੇ ਜਾਂ ਥੋੜ੍ਹ ਚਿਰੇ ਹੀ ਹਨ।
ਵਿਸ਼ਾ ਬਹੁਤ ਵਿਸ਼ਾਲ ਹੈ, ਸ਼ਾਇਦ ਕੁੱਝ ਇੱਕ ਲਈ ਗੁੰਝਲਦਾਰ ਵੀ ਪਰ ਡਰਾਉਣਾ ਕਤਈ
ਨਹੀਂ। ਹਾਂ ਇਕੱਲਿਆਂ ਇਕਹਿਰਿਆਂ ਲਈ ਸ਼ਾਇਦ ਇਹ ਜ਼ਰੂਰ ਹੋਵੇ।
ਸਿਖਲਾਈ ਵਰਕਸ਼ਾਪਸ
ਤੋਂ ਬਾਅਦ, ਇਹ ਗੱਲ ਵੀ ਸ਼ਾਇਦ ਠੀਕ ਹੋਵੇ ਕਿ, ਬਹੁਤਿਆਂ ਦੀ ਅਜੇ ਪੂਰੀ ਤਸੱਲੀ ਨਾ
ਵੀ ਹੋਈ ਹੋਵੇ ਜਾਂ ਫਿਰ ਉਨ੍ਹਾਂ ਦੇ ਮਨਾਂ ਵਿੱਚ ਕੁੱਝ ਹੋਰ, ਨਵੇਂ ਸਵਾਲ ਵੀ ਪੈਦਾ
ਹੋ ਗਏ ਹੋਣ, ਹੋ ਸਕਦਾ ਹੈ ਕਿਸੇ ਨੂੰ ਸਵਾਲ ਕਰਨ ਦਾ ਮੌਕਾ ਹੀ ਨਾ ਮਿਲ਼ਿਆ ਹੋਵੇ,
ਹੋ ਸਕਦਾ ਹੈ ਕੋਈ ਮਨ ਹੀ ਮਨ ਡਰਦਾ ਪੁੱਛਣ ਤੋਂ ਝਿਜਕ ਗਿਆ ਹੋਵੇ, ਹੌਸਲਾ ਹੀ ਨਾ ਕਰ
ਸਕਿਆ ਹੋਵੇ.... ਜਾਂ ਕੋਈ ਹੋਰ ਕਾਰਨ ਵੀ ਹੋ ਸਕਦਾ ਹੈ। ਇਸ ਲਈ ਸਾਰਿਆਂ ਵਾਸਤੇ
ਸਾਂਝੇ ਪਲੇਟ ਫਾਰਮ ਤੇ ਜੁੜ ਬੈਠਣਾ ਬਹੁਤ ਹੀ ਜ਼ਰੂਰੀ ਹੈ। ਜਿੱਥੇ ਸਾਰੇ ਆਪਣਾ ਆਪਣਾ
ਫਿਕਰ, ਡਰ ਜਾਂ ਸ਼ੰਕਾ ਨਵਿਰਤ ਕਰਨ ਦਾ ਮੌਕਾ ਸਹਿਜ ਸੁਭਾਅ ਹੀ ਪ੍ਰਾਪਤ ਕਰ ਸਕਦੇ
ਹਨ, ਬਿਨਾ ਕਿਸੇ ਝਿਜਕ ਦੇ।
ਵਿਸ਼ੇ ਦੇ ਸੰਦਰਭ ਵਿੱਚ ਆਪਣੇ ਨਿੱਜੀ ਤਜਰਬੇ ਤੋਂ, ਇੱਕ ਗੱਲ ਹੋਰ ਸ਼ਾਮਿਲ ਕਰਨੀ
ਚਾਹਾਂਗਾ ਕਿ ਵਿਦਿਆਰਥੀ ਅਕਸਰ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਅਧਿਆਪਕ ਤੋਂ ਸਿੱਖਣ
ਦੇ ਨਾਲ਼ ਨਾਲ਼ ਆਪਣੇ ਸੰਗੀ ਸਾਥੀਆਂ ਤੋਂ ਵੀ ਸਿੱਖਦੇ ਹਨ। ਮੈਂ ਸੋਚਦਾਂ ਕਿ ਇਹ
ਬਹੁਤ ਜ਼ਰੂਰੀ ਹੈ ਕਿ ਨਵੇਂ ਸਿਖਾਂਦਰੂਆਂ ਲਈ ਅਜੇਹਾ ਮੌਕਾ ਸਿਰਜਿਆ ਜਾਵੇ ਤਾਂ ਕਿ
ਉਹ ਬੇਝਿਜਕ ਆਪਣੇ ਮਨ ਦੇ ਸ਼ੰਕੇ ਤੇ ਸਵਾਲ ਬਾਕੀਆਂ ਨਾਲ਼ ਸਾਂਝੇ ਕਰ ਸਕਣ। ਪਰ ਇਸ
ਤੋਂ ਪਹਿਲਾਂ ਇੱਕ ਸੁਝਾਅ ਹੋਰ ਹੈ ਕਿ ਇਸ ਕੀ-ਬੋਰਡ ਨੂੰ ਕੰਪਿਊਟਰ ਤੇ ਉਤਾਰਨ ਭਾਵ
ਡਾਊਨਲੋਡ ਕਰਨ ਲਈ ਇਸਦਾ ਲਿੰਕ, ਸਭ ਹਦਾਇਤਾਂ ਸਮੇਤ, ਉਪਲਬਧ ਕਰਾ ਦਿੱਤਾ ਜਾਵੇ ਤਾਂ
ਕਿ ਬਾਕੀ ਸਾਰੇ ਇਸਨੂੰ ਡਾਊਨਲੋਡ ਕਰਕੇ ਇਸਦਾ ਅਭਿਆਸ ਅਤੇ ਪਰਖ ਕਰ ਸਕਣ।
(ਪੰਜਾਬੀ:XL
ਡਾਊਨਲੋਡ ਸਿਰਫ ਵਿੰਡੋਜ਼ ਲਈ) ਇਸਦੇ ਨਾਲ ਹੀ ਸਾਰੇ
ਪਾਠਕਾਂ ਖਾਸ ਪੰਜਾਬੀ ਲਿਖਣ ਦੇ ਚਾਹਵਾਨਾਂ ਨੂੰ ਅਪੀਲ ਹੈ ਕਿ ਉਹ ਆਪਣਾ ਤਜਰਬਾ ਅਤੇ
ਪ੍ਰਤੀਕਰਮ ਬਾਕੀਆਂ ਨਾਲ ਜ਼ਰੂਰ ਸਾਂਝਾ ਕਰਨ ਤਾਂ ਕਿ ਵੱਧ ਤੋਂ ਵੱਧ ਲੋਕ ਇਸਨੂੰ ਅਮਲ
‘ਚ ਲਿਆ ਸਕਣ। ਇਸ ਕਾਰਜ ਲਈ ਉਹ ਰਾਵੀ ਫੌਂਟ/ਅੱਖਰ, ਜੋ ਕਿ ਨਵੇਂ ਕੰਪਿਊਟਰ ਤੇ
ਲੈਪ-ਟੌਪਸ ਤੇ ਪਹਿਲਾਂ ਹੀ ਉਪਲਬਧ ਹਨ, ਜਾਂ ਫਿਰ ਅਨਮੋਲਯੂਨੀ ਅੱਖਰ ਹੀ
ਵਰਤਣ। ਅਜਿਹਾ ਕਰਨ ਨਾਲ਼ ਉਹ 'ਅਸੀਸ',
'ਸਤਲੁਜ',
'ਧਨੀ ਰਾਮ ਚਾਤ੍ਰਿਕ',
'ਗੁਰਬਾਣੀ ਲਿੱਪੀ',
'ਸਮਤੋਲ' ਆਦਿ
ਸੈਂਕੜੇ ਅੱਖਰਾਂ ਤੋਂ ਛੁਟਕਾਰਾ ਪਾ ਸਕਦੇ ਹਨ। ਮੇਰੇ ਨਿੱਜੀ ਖਿਆਲ ਮੁਤਾਬਿਕ
ਅਨਮੋਲਯੂਨੀ (AnmolUni)ਅੱਖਰਾਂ ਦੀ ਦਿੱਖ ਰਾਵੀ
(Raavi) ਨਾਲ਼ੋਂ ਚੰਗੀ ਹੈ।
ਅਖ਼ੀਰ ਵਿੱਚ ਮੈਂ ਏਸੇ ਸੁਨੇਹੇ ਨਾਲ਼ ਆਪਣੀ ਗੱਲ ਖ਼ਤਮ ਕਰਨ ਦੀ ਇਜਾਜ਼ਤ ਲਵਾਂਗਾ
ਕਿ ਯੂਨੀਕੋਡ ਅਤੇ Windows XP ਦੀ ਆਮਦ ਨੇ ਪੰਜਾਬੀ ਭਾਸ਼ਾ ਲਈ ਨਵੇਂ ਦਿਸਹੱਦੇ
ਸਿਰਜੇ ਸਨ ਪਰ ਅਫਸੋਸ ਕਿ ਪੰਜਾਬੀ ਇਨ੍ਹਾਂ ਤੋਂ ਪਾਰ ਦੇਖ ਹੀ ਨਾ ਸਕੇ। ਪਰ ਹੁਣ ਇੱਕ
ਵਾਰ ਫੇਰ ਪੰਜਾਬੀ:XL ਨੇ ਪੰਜਾਬੀਆਂ ਲਈ
ਸਾਰੇ ਬੂਹੇ ਬਾਰੀਆਂ ਇੱਕ ਵਾਰ ਫੇਰ ਖ੍ਹੋਲ ਦਿੱਤੇ ਹਨ। ਸਾਰੇ ਇਸਦਾ ਫਾਇਦਾ ਉਠਾਓ ਤੇ
ਆਪਣੇ ਅਤੇ ਪੰਜਾਬੀ ਭਾਸ਼ਾ ਦੇ ਚਿਰਾਂ ਤੋਂ ਸੁੱਤੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ
ਆਪਣੀ ਮੱਦਦ ਆਪ ਕਰੋ। ਭਾਵ ਹਰ ਇੱਕ ਦਾ ਏਹੋ ਅਕੀਦਾ ਹੋਵੇ ਕਿ ਆਪਸੀ ਸੰਪਰਕ, ਚਿੱਠੀ
ਪੱਤਰ, ਤਾਲ਼-ਮੇਲ਼, ਵਿਚਾਰ ਵਟਾਂਦਰਾ, ਜਾਣਕਾਰੀ ਦੀ ਭਾਲ਼, ਖੋਜ ਕਾਰਜ ਪੰਜਾਬੀ
ਵਿੱਚ ਹੀ ਕਰਨਾ ਹੈ ਅਤੇ ਉਹ ਵੀ ਯੂਨੀਕੋਡ ਵਿੱਚ, ਜਿਸਨੂੰ ਕੋਈ ਵੀ, ਦੁਨੀਆਂ ਦੇ
ਕਿਸੇ ਵੀ ਖੂੰਜੇ ਬੈਠਾ ਪੰਜਾਬੀ ਬਿਨਾ ਕਿਸੇ ਮੁਸ਼ਕਿਲ ਦੇ ਪੜ੍ਹ ਸਕਦਾ ਹੈ। ਇਸ
ਵਾਸਤੇ ਕਿਸੇ ਵੀ ਕਿਸਮ ਦੇ ਕਨਵਰਟਰ ਜਾਂ
ਵਿਚੋਲੇ ਦੀ ਲੋੜ ਜਾਂ ਕੋਈ ਹੋਰ ਝੰਜਟ ਹੀ ਨਾ ਹੋਵੇ। ਇਹ ਕੋਈ ਔਖਾ ਕਾਰਜ ਨਹੀਂ।
ਕਿਸੇ ਨੂੰ ਵੀ, ਕਿਸੇ ਵੀ ਤਰਾਂ ਦੀ ਕੋਈ ਮੁਸ਼ਕਿਲ ਆਉਂਦੀ ਹੋਵੇ, ਕੋਈ ਗੱਲ ਸਮਝ ਨਾ
ਲੱਗਦੀ ਹੋਵੇ ਤਾਂ ਕਿਸੇ ਵੀ ਤਰਾਂ ਦੀ ਹੀਣਤਾ, ਸ਼ਰਮ, ਡਰ ਜਾਂ ਝਿਜਕ ਮਹਿਸੂਸ ਕੀਤੇ
ਬਿਨਾ, ਕੋਈ ਵੀ ਸਲਾਹ ਇੱਕ ਦੂਜੇ ਨੂੰ ਪੁੱਛ ਦੱਸ ਸਕਦੇ ਹੋ।
ਨਵੇਂ ਸਾਲ਼ ਦਾ ਆਪਣੇ ਆਪ ਨਾਲ਼ ਏਹੋ ਪ੍ਰਣ (ਰੈਜ਼ੋਲੂਸ਼ਨ) ਹੋਵੇ ਕਿ "ਮੈਂ
ਪੰਜਾਬੀ ਯੂਨੀਕੋਡ ਸਿੱਖਣਾ ਤੇ ਪੰਜਾਬੀ:XL
ਅਪਨਾਉਣਾ ਹੀ ਹੈ!! "
ਇਸ ਭਰਪੂਰ ਆਸ ਨਾਲ਼ ਸਭ ਨੂੰ ਤੇ ਪੰਜਾਬੀ ਦੇ ਉੱਜਲ ਭਵਿੱਖ ਨੂੰ
ਨਵੇਂ ਸਾਲ਼ ਦੀਆਂ ਮੁਬਾਰਕਾਂ
ਅਤੇ ਦਿਲੀ ਸ਼ੁੱਭ ਇੱਛਾਵਾਂ ਸਹਿਤ
ਸ਼ਿੰਦਰ ਪਾਲ ਸਿੰਘ |
ਆਪਣੇ ਵਿਚਾਰ ਸਾਨੂੰ
ਲਿਖੋ
(info@5abi.com) |
ਪਾਠਕਾਂ ਦੀ ਪ੍ਰਤੀਕਿਰਿਆ ... |
ਨਛੱਤਰ ਬੇਲੀ (11/03/16) ਪਿਆਰੇ ਸੰਪਾਦਕ ਸਾਹਬ ਜੀ,
ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਓ ਤੇ ਵਧਾਈ ਦੇ ਪੂਰੇ ਹੱਕਦਾਰ ਹੋ ਜੀ। ਮੈਨੂੰ ਵੀ
ਤੁਹਾਡੇ ਪਾਠਕਾਂ ਵਾਂਗ ਹੀ ਬੌਹਤ ਸ਼ੌਂਕ ਹੈ ਜੀ ਕੰਪੂਟਰ ਤੇ ਪੰਜਾਬੀ ਲਿਖਣ ਦਾ।
ਤੁਹਾਡੀਆਂ ਕੋਸ਼ਿਸ਼ਾਂ ਨੂੰ ਸਲਾਮ। ਏਕਮਦੀਪ ਜੀ ਦੇ ਲੋਖ ਬੀ ਪੜੇ ਤੇ ਸ਼ਿੰਦਰ ਪਾਲ
ਸਿੰਘ ਦੇ ਵਿਚਾਰ ਪੜਕੇ ਅਤੇ ਇਸ ਨਵੇਂ ਕੀ-ਬੋਰਡ ਬਾਰੇ ਜਾਣ ਕੇ ਬਹੁਤ ਖੁਸ਼ੀ ਹੋਈ ਤੇ
ਲੱਗਿਆ ਕਿ ਉਮੀਦਾਂ ਵਧੀਆਂ ਹਨ। ਇਹੋ ਹੀ ਹੋ ਸਕਦਾ ਹੈ ਮੌਜੂਦਾ ਸਮੇਂ ਵਿੱਚ ਪੰਜਾਬੀ
ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਦਾ ਹੱਲ। ਮੈਂ ਕੁਛ ਸਮੇਂ ਤੋਂ ਵਿੱਚ ਤੁਹਾਡੀ ਸਾਈਟ
ਤੋਂ ਪੰਜਾਬੀ:XL ਦਾ ਉਤਾਰਾ ਕੀਤਾ ਹੈ ਤੇ ਪਹਿਲੇ ਦਿਨ ਤੋਂ ਹੀ ਅਭਿਆਸ ਸ਼ੁਰੂ ਹੈ।
ਇੱਕ ਗੱਲ ਜ਼ਰੂਰ ਹੈ ਕਿ ਇਸ ਦੀ ਵਰਤੋਂ ਕਰਨ ‘ਚ ਅਜੇ ਬਹੁਤ ਕਠਨਾਈਆਂ ਵੀ ਆ ਰਹੀਆਂ
ਹਨ। ਨਵੇਂ ਸਾਜ਼ ਦੀਆਂ ਸੁਰਾਂ ਵੀ ਨਵੀਆਂ। ਇਹ ਵੀ ਗੱਲ ਸਹੀ ਹੈ ਕਿ ਤਬਦੀਲੀ
ਪਰਿਵਰਤਨ ਦੀ ਨਿਸ਼ਾਨੀ ਹੈ। ਪਰ ਤਾਂ ਵੀ ਬਹੁਤ ਹੈਰਾਨੀ ਅਤੇ ਦੁੱਖ ਦੀ ਗੱਲ ਕਿ ਇਸ
ਮਹਾਨ ਭਾਸ਼ਾ ਦੇ ਨਿਯਮ ਬਣਾਉਣ ਤੇ ਇਨਾਂ ਨੂੰ ਲਾਗੂ ਕਰਨ ਜਾਂ ਕਰਾਉਣ ਵਾਲ਼ੀ ਕੋਈ ਵੀ
ਸੰਸਥਾ ਨਹੀਂ ਜੋ ਅੱਗੇ ਆ ਕੇ ਕਹਿ ਸਕੇ ਕਿ ਕੰਪਿਊਟਰ ਤੇ ਪੰਜਾਬੀ ਦੀ ਵਰਤੋਂ ਲਈ
ਕਿਹੜੀ ਵਿਧਾ ਸਹੀ ਹੈ। ਪਰ ਪੰਜਾਬੀ ਨੂੰ ਵਿਸ਼ਵ ਪੱਧਰ ਦੀਆਂ ਭਾਸ਼ਾਵਾਂ ਦੇ ਬਰਾਬਰ
ਦਰਜਾ ਦਿਵਾਉਣ ਲਈ ਜਿੱਥੇ ਸੱਭ ਤੋਂ ਪਹਿਲਾ ਸਿਹਰਾ ਯੂਨੀਕੋਡ ਸੰਸਥਾ ਦੇ ਸਿਰ ਬੱਝਦਾ
ਹੈ ਉੱਥੇ ਪੰਜਾਬੀ ਦੇ ਇਸ ਢੁਕਵੇਂ ਕੀ-ਬੋਰਡ ਲਈ ਪੰਜਾਬੀ ਵਿਕਾਸ ਮੰਚ ਸਿਰਫ ਵਧਾਈ ਦੇ
ਲਾਈਕ ਹੀ ਨਹੀਂ ਬਲਕਿ ਵਡਮੁੱਲੇ ਸਿਹਰੇ ਦਾ ਪੂਰਾ ਅਤੇ ਸਹੀ ਹੱਕਦਾਰ ਵੀ ਹੈ।
ਮੈਂ ਪੰਜਾਬੀ:XL ਦ ਉਤਾਰਾ (ਡਾਊਨਲੋਡ) ਕਰਨ ਬਾਅਦ ਪਹਿਲਾ ਕੰਮ ਏਹੋ ਕੀਤਾ ਹੈ ਕਿ
ਬਾਕੀ ਦੇ ਅੱਖਰਾਂ ਨੂੰ ਇੱਕ ਪਾਸੇ ਰੱਖ ਦਿੱਤਾ ਹੈ ਤੇ ਉਹ ਸਿਰਫ ਪੜਨ ਲਈ ਰੱਖ ਲਏ
ਹਨ। ਪਰ ਲਿਖਣ ਲਈ ਸਿਰਫ ਤੁਹਾਡੇ ਵਾਲ਼ਾ ਪਂਜਾਬੀ:XL ਹੀ ਵਰਤਣਾ ਸ਼ੁਰੂ ਕੀਤਾ ਹੈ।
ਕੱਲਾ ਕੱਲਾ ਬਟਨ ਦੱਬਕੇ ਦੇਖਦੇ ਰਹਿਣ ਨਾਲ਼ ਹੌਲ਼ੀ ਹੌਲ਼ੀ ਪਤਾ ਲਗਦੇ ਪੈ। ਮਮੂਲੀ
ਅੜਚਣਾਂ ਦੇ ਬਾਵਜੂਦ ਇਸ ਕੀ-ਬੋਰਡ ਦੇ ਬਹੁਤ ਜ਼ਿਆਦਾ ਫਾਇਦੇ ਵੀ ਹਨ। ਜੋ ਅਗਲੀ ਬਾਰ
ਸਾਂਝੇ ਕੀਤੇ ਜਾਣਗੇ ਤੇ ਤੁਹਾਡੀ ਮੱਦਦ ਦੀ ਲੋੜ ਪਵੇਗੀ। ਹਾਲ ਦੀ ਘੜੀ ਐਨਾ ਹੀ ਕਿ
ਬਹੁਤ ਬਹੁਤ ਵਧਾਈ। ਲਿਖਣ ਵੇਲੇ ਸ਼ਬਦ ਜੋੜ ਦੀਆਂ ਕਈ ਗਲਤੀਆਂ/ਕਮੀਆਂ ਰਹਿ ਗਈਆਂ
ਹੋਣੀਆਂ ਪਰ ਮਾਫ ਕਰੀਓ।
ਆਹ ਲਿਖਣ ਨੂੰ ਕਈ ਘੰਟੇ ਲੱਗੇ ਪਰ ਲਿਖ ਕੇ ਬਹੁਤ ਖੁਸ਼ੀ ਹੋਈ ਆ। ਮੈਂ ਤਾਂ ਸੋਚਿਆ
ਤੁਸੀਂ ਵਿਚਾਰ ਬਟਾਂਦਰਾ ਬੰਦ ਹੀ ਕਰਤਾ - ਪਰ ਨਹੀਂ ਹੁਣ ਦੇਖ ਕੇ ਖੁਸ਼ੀ ਹੈ ਕਿ ਏਹ
ਫੇਰ ਆ ਗਿਆ। ਤਹਾਡਾ ਸ਼ੁਕਰੀਆ ਜੀ।
ਮੈਨੂੰ ਪੈਰੀਂ ਰਾਰਾ ਤੇ ਹਾਹਾ ਪੌਣ 'ਚ ਮੁਸ਼ਕਲ ਔਂਦੀ ਹੈ ਅਜੇ। ਹੌਲ਼ੀ ਹੌਲ਼ੀ ਸਿੱਖੀ
ਜਾ ਰਿਹਾ ਹਾਂ ਜੀ।
ਬੌਹਤ ਸਨੇਹ ਨਾਲ
ਨਛੱਤਰ ਬੇਲੀ
11/03/2016
|
ਸ਼ੁੱਭ ਆਗ਼ਾਜ਼
ਏਕਮ.ਦੀਪ
ਸਭ ਤੋਂ ਪਹਿਲਾਂ 5abi.com ਦੇ ਸਾਰੇ ਨਵੇਂ ਅਤੇ ਪੁਰਾਣੇ ਪਾਠਕਾਂ ਨੂੰ ਸਨਿਮਰ
ਸਤਿਕਾਰਤ ਆਦਾਬ !
ਨਵੇਂ ਸਾਲ ਦੀ ਆਮਦ ਤੇ ਸਭ ਨੂੰ ਦਿਲ ਦੀਆਂ ਗਹਿਰਾਈਆਂ 'ਚੋਂ ਨਿੱਘੀ ਮੁਬਾਕਬਾਦ !!
ਜੇ ਸਉ ਚੰਦਾ ਉਗਵਿਹ ਸੂਰਜ ਚੜਹਿ ਹਜਾਰ ॥
ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ ॥੨॥ {ਪੰਨਾ463}
ਪਿਆਰੇ ਸੂਝਵਾਨ ਲੇਖਕੋ ਅਤੇ ਪਾਠਕੋ !
ਇਸਤੋਂ ਪਹਿਲਾਂ ਕਿ ਮੈਂ ਇਸ ਸਟੇਜ ਤੋਂ ਸ਼ੁਰੂ ਕੀਤੇ ਮੁਹਿੰਮ ਕਾਰਜ ਵਿੱਚ ਸ਼ਿਰਕਤ
ਕਰਾਂ, ਮੈਂ ਇਸ ਵਿਸ਼ੇ ਦੇ ਸੰਦਰਭ ਵਿੱਚ ਤੇ ਆਪਣੇ ਵਿਚਾਰਾਂ ਦੇ ਸ਼ੁਰੂ ਵਿੱਚ ਇਹ
ਕਹਿਣਾ ਜ਼ਰੂਰੀ ਸਮਝਾਂਗਾ ਕਿ ਲੱਗਦਾ ਹੈ ਪੰਜਾਬੀ ਅਤੇ ਇਸਦੇ ਸੁਹਿਰਦ ਫਿਕਰਮੰਦਾਂ ਦੀ
ਸੁਣੀ ਜਾਵੇਗੀ, ਅਗਰ ਸਾਰੇ ਰਲ਼ ਮਿਲਕੇ ਸਾਂਝੇ ਯਤਨ ਕਰਨ ਤਾਂ। ਸਾਰਿਆਂ ਲਈ ਇਹ
ਸੁਨਹਿਰੀ ਮੌਕਾ ਹੈ ਇਕੱਠੇ ਹੋ ਬਹਿਣ ਦਾ ਅਤੇ ਆਪਣੇ ਦਿਲ ਦੀ ਗੱਲ ਕਹਿਣ ਦਾ। ਇਸ
ਕਾਰਜ ਨੂੰ ਸ਼ੁੱਭ ਆਗ਼ਾਜ਼ ਕਿਹਾ ਜਾਣਾ ਬਣਦਾ ਹੈ।
ਇਸ ਲਈ ਡਾ. ਕੰਦੋਲਾ ਜੀ, ਸ਼ਿੰਦਰ ਮਾਹਲ ਜੀ, ਨਿਰਮਲ ਸੰਘਾ ਜੀ ਤੇ ਪੰਜਾਬੀ ਵਿਕਾਸ
ਮੰਚ ਦੀ ਸਮੂਹ ਟੀਮ, ਸਾਰੇ ਹੀ ਵਧਾਈ ਦੇ ਪਾਤਰ ਹਨ। ਸਭ ਨੂੰ, ਸਭ ਤੋਂ ਪਹਿਲੀ ਬੇਨਤੀ
ਇਹ ਹੋਵੇਗੀ ਕਿ ਇਸ ਬਹਿਸ ਵਿੱਚ ਪੈ ਕਿ ਸਮਾਂ ਬਰਬਾਦ ਨਾ ਕੀਤਾ ਜਾਵੇ ਕਿ ਸਰਕਾਰ ਨੇ
ਜਾਂ ਕਿਸੇ ਸੰਸਥਾ ਨੇ ਆਹ ਨੀ ਕੀਤਾ...ਔਹ ਨੀ ਕੀਤਾ। ਕਿਸੇ ਤੋਂ ਕਿਸੇ ਕਿਸਮ ਦੀ ਆਸ
ਰੱਖਣੀ ਖੁਦ ਨੂੰ ਹਨੇਰੇ 'ਚ ਰੱਖਣ ਵਾਲ਼ੀ ਗੱਲ ਹੋਵੇਗੀ। ਇਸਦੀ ਤਾਜ਼ਾ ਮਿਸਾਲ ਹਾਲ ਹੀ
ਵਿੱਚ ਸੀਰੀਅਨ ਸ਼ਰਨਾਰਥੀਆਂ ਦੀ ਦਿੱਤੀ ਜਾ ਸਕਦੀ ਹੈ, ਜਿਨ੍ਹਾਂ ਨੇ ਹਿੰਮਤ ਕਰਕੇ,
ਆਪਣੇ ਬਲਬੂਤੇ ਤੇ ਹੌਸਲਾ ਕਰਕੇ, ਦੋਜ਼ਖ਼ ਵਰਗੀ ਜ਼ਿੰਦਗੀ ਤੋਂ ਨਿਜਾਤ ਪਾਉਣ ਲਈ ਸਣੇ
ਬੱਚਿਆਂ ਦੇ ਖ਼ੁਦ ਨੂੰ ਖ਼ੌਫ਼ਨਾਕ ਸਮੁੰਦਰ ਵਿੱਚ ਠ੍ਹੇਲ ਦਿੱਤਾ ਤੇ ਕਿਸੇ ਟਿਕਾਣੇ ਪੁੱਜ
ਗਏ। ਸ਼ਾਇਦ ਇਹ ਮਿਸਾਲ ਬਹੁਤ ਸਾਰੇ ਪੰਜਾਬੀਆਂ ਤੇ ਵੀ ਢੁੱਕਦੀ ਹੈ। ਸਭ ਨੇ ਹੀ ਆਪਣੇ
ਬਲਬੂਤੇ ਮਿਹਨਤ ਕਰਕੇ ਖ਼ੁਦ ਨੂੰ ਦੇਸ਼ਾਂ ਵਿਦੇਸ਼ਾਂ ਦੀਆਂ ਧਰਤੀਆਂ ਤੇ ਪੱਕੇ ਪੈਰੀਂ
ਸਥਾਪਤ ਕਰ ਲਿਆ ਹੈ। ਖ਼ਾਸ ਕਰ ਜਰਮਨੀ, ਹੌਲੈਂਡ, ਸਪੇਨ, ਪੁਰਤਗਾਲ ਦੇ ਨਾਲ਼ ਨਾਲ਼
ਸਕੈਂਡਨੇਵੀਅਨ ਅਤੇ ਅਰਬ ਮੁਲਕਾਂ ਦੇ ਪੰਜਾਬੀਆਂ ਦੀ ਮਿਸਾਲ ਦਿੱਤੀ ਜਾ ਸਕਦੀ ਹੈ
ਜਿੱਥੋਂ ਦੀ ਪਰ ਚੀਜ਼ ਉਨ੍ਹਾਂ ਲਈ ਓਪਰੀ ਅਤੇ ਅਜਨਬੀ ਸੀ। ਪਰ ਉਨ੍ਹਾਂ ਖ਼ੁਦ ਨੂੰ
ਸਥਾਪਤ ਕਰਨ ਦੀ ਮਨ 'ਚ ਠਾਣ ਲਈ ਸੀ।
ਦੂਜੀ ਜ਼ਰੂਰੀ ਗੱਲ ਕਿ ਅਜੋਕੇ ਗਰਮ ਬਾਜ਼ਾਰ ਵਿੱਚ ਕੁਛ ਚੰਗੇ ਦੇ ਨਾਲ਼ ਨਾਲ਼ ਬਹੁਤ ਕੁਛ
ਜਾਅਲੀ, ਨਕਲੀ, ਫਰੇਬੀ ਅਤੇ ਭੁਲੇਖਾ ਪਾਊ ਵੀ ਹੈ। ਜਿਸਦੇ ਜਾਲ਼ ਵਿੱਚ ਸਧਾਰਨ ਤੇ
ਭੋਲ਼ੇ ਲੋਕਾਂ ਲਈ ਫਸ ਜਾਣਾ ਬਹੁਤ ਸੌਖੀ ਗੱਲ ਹੁੰਦੀ ਹੈ। ਫੇਰ ਉਨ੍ਹਾਂ ਕੋਲ਼ ਪਛਤਾਵਾ
ਹੀ ਰਹਿ ਜਾਂਦਾ ਹੈ। ਏਹੋ ਹਾਲ ਹੈ ਸੰਸਾਰ ਦੇ ਸ਼ਕਤੀਸ਼ਾਲੀ ਸੰਚਾਰ ਮਾਧਿਅਮ
"ਇੰਟਰਨੈੱਟ" ਤੇ ਪੰਜਾਬੀ ਬਾਰੇ। ਸੈਂਕੜੇ ਵੈੱਬ-ਸਾਈਟਸ ਹਨ ਜੋ ਲੋਕਾਂ ਨੂੰ ਪੰਜਾਬੀ
ਸਿਖਾਉਣ ਦਾ ਦਾਅਵਾ ਕਰਦੀਆਂ ਪਨ। ਭੁਲੇਖਾ ਪਾਊ ਸਮਗਰੀ ਦੀ ਭਰਮਾਰ ਏਨੀ ਹੈ ਕਿ ਸਧਾਰਨ
ਬੰਦਾ ਦੇਖ-ਸੋਚ ਕੇ ਬੌਂਦਲ਼ ਜਾਂਦਾ ਹੈ। ਉਹ ਇਸ ਚੱਕ੍ਰਵਿਊ ਦੇ ਭਰਮ ਜਾਲ਼ ਵਿੱਚ ਐਸਾ
ਫਸਦਾ ਹੈ ਕਿ ਉਸਨੂੰ ਬਾਹਰ ਜਾਣ ਦਾ ਰਾਹ ਹੀ ਭੁੱਲ ਜਾਂਦਾ ਹੈ। ਉਸਦੇ ਦਿਮਾਗ਼ 'ਚ ਏਨਾ
ਕੁ ਬੇਲੋੜਾ ਭਰ ਜਾਂਦਾ ਹੈ ਜਾਂ ਭਰ ਦਿੱਤਾ ਜਾਂਦਾ ਹੈ ਕਿ ਉਸਨੂੰ ਜੋ ਸ਼ੁਰੂ ਵਿੱਚ
ਚੰਗਾ ਕਰਨਾ ਆਉਂਦਾ ਸੀ ਉਹ ਵੀ ਭੁੱਲ ਜਾਂਦਾ ਹੈ ਤੇ ਉਸਦੀ ਹਾਲਤ ਫੁੱਟਬਾਲ ਜਾਂ ਹਾਕੀ
ਦੇ ਮੈਚ ਵਿੱਚ 'ਬਾਲ' ਵਰਗੀ ਹੋ ਜਾਂਦੀ ਹੈ। ਸ਼ਾਇਦ ਏਹੋ ਹਾਲ ਬਹੁਤ ਸਾਰੇ ਉਨ੍ਹਾਂ
ਪੰਜਾਬੀਆਂ ਦਾ ਵੀ ਹੋਵੇ ਜਿਨ੍ਹਾਂ ਦਾ ਕੰਪਿਊਟਰ ਉੱਤੇ ਪੰਜਾਬੀ ਲਿਖਣੀ ਸਿੱਖਣ ਦੇ
ਸ਼ੌਂਕ ਜਾਂ ਦਿਲ ਦੀ ਰੀਝ ਨੂੰ ਪੂਰਿਆਂ ਕਰਨ ਦਾ ਚਿਰੋਕਾ ਸੁਪਨਾ ਅਜੇ ਵੀ ਅੱਧ ਵਿਚਕਾਰ
ਹੀ ਲਟਕ ਰਿਹਾ ਹੋਵੇ।
ਅਤੀਤ ਵੱਲ੍ਹ ਦੇਖੀਏ ਤਾਂ ਵਾਕਈ ਪੰਜਾਬੀ ਨੇ ਕੰਪਿਊਟਰ ਤੇ ਜਗਾਹ ਬਣਾਉਣ ਲਈ ਬੜੇ
ਪਾਪੜ ਵੇਲੇ ਹਨ। ਇਸਦੀ ਬਾਂਹ ਦੀ ਸਾਰੇ ਦਾਅਵੇ ਕਰਦੇ ਹਨ ਇਸਦੀ ਅਸਲ ਹਾਲਤ ਇੱਕ
ਲਾਵਾਰਿਸ ਬੱਚੇ ਵਰਗੀ ਹੈ। ਇਸ ਬਾਰੇ ਸ਼ਾਇਦ ਇਹ ਅਖਾਣ ਵੀ ਇੱਥੇ ਢੁਕਵਾਂ ਹੋਵੇ; “ਸਿਰ
ਤੇ ਹੈ ਨੀ ਕੁੰਡਾ ..." ਬਾਕੀ ਸਾਰੇ ਜਾਣਦੇ ਹੀ ਹਨ। ਜਿਸ ਅਨਾਥ ਦੇ ਸਿਰ ਤੇ ਕੋਈ
ਸਹਾਰਾ ਨਾ ਹੋਵੇ ਉਸਦੀ ਹਾਲਤ ਬਾਰੇ ਅੰਦਾਜ਼ਾ ਲਗਾਉਣਾ ਮੁਸ਼ਕਿਲ ਨਹੀਂ। ਇਹ ਕੋਈ ਮਹਿਜ਼
ਜਜ਼ਬਾਤੀ ਗੱਲਾਂ ਨਹੀਂ ਬਲਕਿ ਇਨ੍ਹਾਂ ਪਿੱਛੇ ਗਹਿਰਾ ਦਰਦ ਹੈ।
ਬਹੁਤ ਸਾਰੇ ਵਿਦਵਾਨ ਫਿਕਰਮੰਦ ਆਪਣੀ ਮਾਂ ਬੋਲੀ ਦੀ ਸ਼ਰਨਾਰਥੀ ਕੈਂਪਾਂ 'ਚ ਹੋ ਰਹੀ
ਮਨੁੱਖਤਾ ਦੀ ਦੁਰਦਸ਼ਾ ਵਰਗੀ ਇਸਦੀ ਹਾਲਤ ਵੇਖ ਰੋ ਕੁਰਲਾਅ ਕੇ ਚੁੱਪ ਕਰ ਬੈਠ ਗਏ ਹਨ।
ਬੇਵਸੀ ਅਤੇ ਲਾਚਾਰੀ ਦੇ ਇਸ ਆਲਮ ਵਿੱਚ ਪੰਜਾਬੀ ਦੇ ਸਿਰ ਤੇ ਹੱਥ ਰੱਖਣ ਵਾਲ਼ੀ ਕੋਈ
ਸਰਕਾਰ ਜਾਂ ਕੋਈ ਸਰਕਾਰੀ ਜਾਂ ਕੋਈ ਲੋਕ-ਸੰਸਥਾ ਅਜਿਹੀ ਨਹੀਂ ਜੋ ਇਸਦੀ ਸਹੀ ਵਰਤੋਂ
ਨੂੰ ਯਕੀਨੀ ਬਣਾਉਣ ਲਈ ਕੋਈ ਠੋਸ ਫੈਸਲਾ ਕਰ ਸਕੇ, ਗ਼ਲਤ ਸ਼ਬਦਾਂ ਦੀ ਵਰਤੋਂ ਨੂੰ ਰੋਕ
ਸਕੇ, ਨਵੇਂ ਵਿਗਿਆਨਕ ਸ਼ਬਦ ਘੜ ਕੇ ਵਿਗਿਆਨ ਵਰਗੇ ਮੁੱਖ ਵਿਸ਼ੇ ਨੂੰ ਬੁੱਕਲ਼ 'ਚ ਲੈ
ਸਕੇ, ਸਰਕਾਰ, ਸੰਸਥਾਵਾਂ ਅਤੇ ਲੋਕਾਂ 'ਚ ਪ੍ਰਸਪਰ ਸੰਚਾਰ ਬਣਾ ਸਕੇ ਜਾਂ ਮਿਲ਼ਣੀਆਂ
ਦੇ ਮੌਕੇ ਪੈਦਾ ਕਰ ਸਕੇ। ਅਫਸੋਸ ਅਜਿਹਾ ਕੁਛ ਵੀ ਨਹੀਂ।
ਆਪਣੇ ਮੁਢਲੇ ਲੇਖਾਂ ਵਿੱਚ ਪੰਜਾਬੀ 'ਕੀ-ਬੋਰਡ' ਦੇ ਇਤਿਹਾਸਕ ਪਿਛੋਕੜ, ਪੰਜਾਬੀ
ਪ੍ਰਤੀ ਸਰਕਾਰੀ ਤੇ ਗ਼ੈਰ-ਸਰਕਾਰੀ ਰੁਝਾਨ ਤੋਂ ਇਲਾਵਾ ਪੰਜਾਬੀ ਵਿਕਾਸ ਮੰਚ, ਯੂ.ਕੇ,
ਤੇ ਖ਼ਾਸ ਕਰ ਡਾ. ਬਲਦੇਵ ਸਿੰਘ ਕੰਦੋਲਾ ਦੇ ਉੱਦਮੀ ਉਪ੍ਰਾਲਿਆਂ ਸਦਕਾ, ਪੰਜਾਬੀ ਨੂੰ
ਦਰਪੇਸ਼ ਚਣੌਤੀਆਂ ਦਾ ਟਾਕਰਾ ਕਰਨ ਲਈ 'ਕੰਪਿਊਟਰ ਤੇ ਪੰਜਾਬੀ ਲਿਖਣ ਦੇ 'ਸੰਪੂਰਨ
ਹੱਲ' ਲਈ ਪੇਸ਼ ਹੋਏ ਨਵੇਂ ਅੰਤਰਰਾਸ਼ਟਰ ਅਤੇ ਭਾਰਤ ਦੇ ਮਿਆਰੀ ਕੀ-ਬੋਰਡ 'ਪੰਜਾਬੀ:XL'
ਤੋਂ ਪੈਦਾ ਹੋਈਆਂ ਸੰਭਾਵਨਾਵਾਂ ਦਾ ਵਿਸਤ੍ਰਿਤ ਜ਼ਿਕਰ ਕੀਤਾ ਗਿਆ ਹੈ ਜਿਸ ਬਾਰੇ ਕਈ
ਪਾਠਕਾਂ/ਮਿੱਤਰਾਂ ਦੇ ਤਲਖ਼ ਤਜਰਬੇ ਵੀ ਸੁਣਨ ਨੂੰ ਮਿਲੇ ਹਨ। ਪਰ ਕਿਉਂਕਿ ਹਰ ਪੰਜਾਬੀ
ਸਿੱਧੀ ਉਂਗਲ ਨਾਲ਼ ਘਿਉ ਕੱਢਣ ਦਾ ਹੀ ਆਦੀ ਹੋ ਚੁੱਕਾ ਹੈ। ਕਿਸੇ ਵੀ ਪੰਜਾਬੀ ਨੂੰ
ਪੁੱਛ ਵੇਖੋ ਕਿ ਜਰਮਨੀ, ਇਟਲੀ, ਸਪੇਨ 'ਚ ਟੈਕਸੀ ਦਾ ਟੈਸਟ ਪਾਸ ਕਰਕੇ ਲਾਇਸੰਸ ਲੈਣਾ
ਕਿੰਨਾ ਕੁ ਸੌਖਾ ਹੈ। ਪਰ ਜਿਵੇਂ ਸ਼ਿੰਦਰ ਜੀ ਨੇ ਠੀਕ ਹੀ ਕਿਹਾ ਹੈ, ਮਿੱਤਰੋ ਇਹ
ਤਲਖ਼ੀਆਂ, ਇਹ ਡਰ ਥੋੜ੍ਹ ਚਿਰੇ ਹਨ। ਸਿਰਫ ਮਨ ਨੂੰ ਟਿਕਾਉਣ ਅਤੇ ਅਭਿਆਸ ਦੀ ਲੋੜ ਹੈ।
ਪਰ ਜੇ ਤੁਸੀਂ ਇਹ ਵੀ ਨਹੀਂ ਕਰ ਸਕਦੇ ਤਾਂ ਦਿੱਲੀ ਤੁਹਾਡੇ ਤੋਂ ਵਾਕਈ ਹੋਰ ਵੀ ਬਹੁਤ
ਦੂਰ ਹੋ ਜਾਵੇਗੀ ਤੇ ਭੁੱਲ ਜਾਇਓ ਕਿ ਤੁਸੀਂ ਪਹੁੰਚ ਵੀ ਪਾਓਗੇ। 'ਅਸਮਾਨ ਸੇ ਗਿਰੇ,
ਖਜੂਰ ਮੇੰ ਲਟਕੇ' ਵਾਲ਼ੀ ਹਾਲਤ ਤੁਹਾਡੀ ਸਦਾ ਬਣੀ ਰਹੇਗੀ। ਫ਼ੈਸਲਾ ਤੁਹਾਡੇ ਹੱਥ ਹੈ।
ਅਖ਼ੀਰ 'ਚ ਸਭ ਨੂੰ ਏਹੋ ਕਹਾਂਗਾ ਕਿ ਕਿਸੇ ਨੇ ਤੁਹਾਡੇ ਲਈ ਕੁਛ ਨੀ ਕਰਨਾ, ਤੁਹਾਨੂੰ
ਖ਼ੁਦ ਨੂੰ ਹੀ ਕਰਨਾ ਪੈਣਾ ਹੈ। ਜੇ ਅਜੇ ਤੱਕ ਪੰਜਾਬੀ:XL ਡਾਊਨਲੋਡ ਨਹੀਂ ਕੀਤਾ ਤਾਂ
ਜ਼ਰੂਰ ਕਰ ਲਵੋ। ਪਿਛਲਾ ਯਾਦ ਕੀਤਾ (ਅਣ-ਮਿਆਰੀ ਕੀ-ਬੋਰਡ, ਜੈਸੇ ਫੋਨੈਟਿਕ, ਰਮਿੰਗਟਨ
ਆਦਿ) ਸਭ ਮਿਟਾ ਕੇ, ਇਕਾਗਰ ਚਿੱਤ ਹੋ ਕੇ, ਸਿੱਖਣਾ ਤੇ ਅਭਿਆਸ ਸ਼ੁਰੂ ਕਰ ਦਿਓ। ਯਾਦ
ਰੱਖਿਓ ਕਿ ਅਰੰਭ ਵਿੱਚ ਜ਼ਰਾ ਮੁਸ਼ਕਿਲ ਜ਼ਰੂਰ ਆਵੇਗੀ ਜਿਵੇਂ ਤੁਹਾਨੂੰ ਪਹਿਲਾਂ ਪਹਿਲ
ਸਾਈਕਲ ਸਿੱਖਣ ਵੇਲੇ ਆਈ ਸੀ। ਪਰ ਘਬਰਾਇਓ ਨਾ। ਫਿਲਹਾਲ ਇਸ ਕੀ-ਬੋਰਡ ਬਾਰੇ ਸਿਰਫ
ਏਨਾ ਕੁ ਕਹਿਣਾ ਜ਼ਰੂਰ ਬਣਦਾ ਹੈ; ": "ਮਨ ਨੂੰ ਟਿਕਾ ਕੇ, ਸਾਰੀ ਗਲਬਾਤ ਪੰਜਾਬੀ 'ਚ
ਕਹੋ ਤੇ ਸਾਰੇ ਕੰਮ ਪੰਜਾਬੀ 'ਚ ਕਰੋ ਜੀ "" - ਤੁਸੀਂ ਇਹ ਸਤਰ ਇੱਕ ਉਂਗਲ਼ ਨਾਲ਼ ਹੀ
ਲਿਖ ਸਕਦੇ ਹੋ ਤੇ ਸ਼ਾਇਦ ਹੀ ਕਿਸੇ ਹੋਰ ਕੀ-ਬੋਰਡ ਨੂੰ ਇਹ ਕਮਾਲ ਹਾਸਿਲ ਹੋਵੇ। ਪਰ
'ਸਿਤਾਰੋਂ ਕੇ ਆਗੇ ਜਹਾਂ ਔਰ ਭੀ ਹੈਂ"। ਭਵਿੱਖ 'ਚ ਹੋਰ ਤਜਰਬੇ ਹੋਣਗੇ, ਹੋਰ ਨਵੇਂ
ਕਮਾਲ ਸਾਹਮਣੇ ਆਉਣਗੇ - ਆਮਿਨ !
01/01/2016
|
ਨਿਰਮਲ ਸੰਘਾ, ਲੰਡਨ ਸ਼ੁੱਭ-ਸ਼ਗਨ,
ਸੰਪਾਦਕ ਜੀ, ਇੱਕ ਲੰਬੀ ਸੋਚ ਅਤੇ ਝਿਜਕ ਬਾਅਦ ਪੱਤਰ ਲਿਖ ਰਿਹਾ ਹਾਂ। ਸਭ ਤੋਂ
ਪਹਿਲਾਂ ਤਾਂ ਜੋ ਤੁਸੀਂ ਪੰਜਾਬੀ ਦੇ ਮਿਆਰੀ ਕੀ-ਬੋਰਡ ਦੇ ਬਹੁਤ ਹੀ ਲੋੜੀਂਦੇ ਅਤੇ
ਅਹਿਮ ਮੁੱਦੇ ਨੂੰ ਅਤੇ ਇਸ ਦੀ ਲੋੜ ਨੂੰ ਉਭਾਰਿਆ ਹੈ ਉਸ ਲਈ ਵਧਾਈ ਦੇ ਪਾਤਰ ਹੋ। ਇਸ
ਕੀ-ਬੋਰਡ ਸਬੰਧੀ ਦੋਸਤਾਂ ਨਾਲ਼ ਸਲਾਹ ਮਸ਼ਵਰਾ ਹੁੰਦਾ ਰਹਿੰਦਾ ਹੈ ਜੋ ਕਿ ਪਹਿਲਾਂ
ਹੀ ਕੰਪਿਊਟਰ ਤੇ ਪੰਜਾਬੀ ਲਿਖਣ ਦੇ ਮਾਹਰ ਹਨ। ਪਰ ਅਫਸੋਸ ਕਿ ਸਾਰਿਆਂ ਵਲੋਂ ਹੀ ਖਾਸ
ਉਤਸ਼ਾਹ ਜਨਕ ਹੁੰਗਾਰਾ ਨਹੀਂ ਮਿਲ਼ਿਆ। ਕੁਛ ਦਾ ਕਹਿਣਾ ਹੈ ਕਿ ਕੀ-ਬੋਰਡ ਬਦਲਣ ਨਾਲ਼
ਕੀ ਫਰਕ ਪੈਂਦਾ ਹੈ? ਕੁੱਝ ਇੱਕ ਦਾ ਕਹਿਣਾ ਹੈ ਕਿ ਇਹ ਨਵਾਂ ਕੀ ਬੋਰਡ ਬਹੁਤ
ਮੁਸ਼ਕਿਲ ਹੈ। ਜਦ ਕਿ ਇੱਕ ਦੋ ਨੇ ਭਰਪੂਰ ਤਸੱਲੀ ਵੀ ਪ੍ਰਗਟਾਈ ਹੈ। ਕਹਿ ਸਕਦਾ ਹਾਂ
ਕਿ ਕੁੱਲ ਮਿਲ਼ਾ ਕੇ ਪ੍ਰਤੀਕਰਮ ਰਲ਼ਵਾਂ-ਮਿਲ਼ਵਾਂ ਹੀ ਹੈ। ਪਰ ਸ਼ੁਰੂਆਤ ਸ਼ੁੱਭ
ਸ਼ਗਨ ਹੈ।
ਫੇਰ ਵੀ ਸੋਚਿਆ ਕਿ ਆਪਣੀ ਕੋਸ਼ਿਸ਼ ਜਾਰੀ ਰੱਖੀ ਜਾਵੇ। ਤੁਹਾਡੀ ਸਾਈਟ ਤੋਂ
ਮਿਲ਼ੀ ਜਾਣਕਾਰੀ ਦੇ ਨਾਲ਼ ਨਾਲ਼ ਹੁਣ ਤੱਕ ਦੀ ਕੀਤੀ ਮਾੜੀ ਮੋਟੀ ਖੋਜ ਤੋਂ ਬਾਅਦ ਏਸ
ਨਤੀਜੇ ਤੇ ਪਹੁੰਚਿਆ ਹਾਂ ਕਿ ਯੂਨੀਕੋਡ ਅੱਖਰਾਂ ਦੀ ਵਰਤੋਂ ਤੋਂ ਬਿਨਾ ਹੋਰ ਕੋਈ
ਚਾਰਾ ਨਹੀਂ। ਹੈਰਾਨੀ ਦੇ ਨਾਲ਼ ਅਫਸੋਸ ਵੀ ਹੁੰਦਾ ਹੈ ਕਿ ਕਿਸੇ ਵੀ ਪੰਜਾਬੀ
ਬੁੱਧੀਜੀਵੀ ਨੇ ਇਸ ਵੱਲ ਧਿਆਨ ਦਿੱਤਾ ਹੀ ਕਿਉਂ ਨਹੀਂ? ਪਰ ਪੰਜਾਬੀ ਸੁਭਾਅ ਜਾਂ ਆਦਤ
ਦੀ ਥੋੜੀ ਕੁ ਸਮਝ ਹੋਣ ਕਰਕੇ ਇਸ ਸਵਾਲ ਤੇ ਚੁੱਪ ਕਰ ਜਾਣਾ ਹੀ ਠੀਕ ਹੈ। ਇਹ ਨਾ
ਸੋਚਿਆ ਜਾਵੇ ਕਿ ਪਿੱਛੇ ਕੀ ਹੋਇਆ ਸਗੋਂ ਹੁਣ ਇਹ ਸੋਚਿਆ ਜਾਵੇ ਕਿ ਅੱਗੇ ਕੀ ਹੋ
ਸਕਦਾ ਹੈ ਜਾਂ ਅੱਗੇ ਕੀ ਕਰਨਾ ਹੈ। ਕਿਸੇ ਸ਼ਬਦ ਜੋੜ ਦੀ ਗਲਤੀ ਲਈ ਖਿਮਾ।
ਆਉਣ ਵਾਲ਼ੇ ਸਮੇਂ ਵਿੱਚ ਤੁਹਾਡੇ ਵਲੋਂ ਸਾਕਾਰਤਮਿਕ ਸਹਿਯੋਗ, ਸਹੀ ਦਿਸ਼ਾ ਵੱਲ
ਸੇਧ, ਹੋਰ ਸਿੱਖਣ ਦੀ ਜਗਿਆਸਾ ਅਤੇ ਪੂਰੀਆਂ ਉਮੀਦਾਂ ਸਹਿਤ
ਆਪ ਜੀ ਦਾ ਸ਼ੁੱਭ ਚਿੰਤਕ
ਨਿਰਮਲ ਸੰਘਾ, ਲੰਡਨ (29/12/15) |
|
ਗੁਰਮੀਤ ਸਿੰਘ Anyone can see that signboards of Central Govt
institutions rarely use Punjabi boards in cities of Punjab. What we
can say for states in which Punjabi is second language E.g Haryana,
Himachal Pradesh etc. What we can expect from Punjabi institutions?:
Gurmeet Singh (29/12/15)।
|
|
ਆਪਣੇ ਵਿਚਾਰ ਸਾਨੂੰ
ਲਿਖੋ
(info@5abi.com) |
|
ਹੋਰ ਜਾਣਕਾਰੀ ਭਰਪੂਰ ਕੜੀਆਂ |
|
|
|
|
|
|
|