ਕ੍ਰਿਸ਼ਨਾਵਤਾਰ
ਦਾ ਖੜਗ ਸਿੰਘ (1)
- ਡਾ.ਹਰਭਜਨ ਸਿੰਘ ਪਟਿਆਲਾ
ਜਦੋਂ ਦਸਮ ਗ੍ਰੰਥ ਦੀ ਬਾਣੀ ਦਾ ਵਿਰੋਧ ਕਰਨ ਵਾਲੇ ਇਹ
ਦਲੀਲ ਦਿੰਦੇ ਹਨ ਕਿ ਇਸ ਗ੍ਰੰਥ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੁੱਲ ਨਹੀਂ ਹੈ,
ਤਾਂ ਇਸਦੀ ਬਾਣੀ ਨੂੰ ਗੁਰੂ-ਕ੍ਰਿਤ ਮੰਨਣ ਵਾਲੇ ਕਈ ਤਰੀਕਿਆਂ ਨਾਲ ਇਹ ਸਥਾਪਿਤ ਕਰਨ ਦਾ
ਯਤਨ ਕਰਦੇ ਹਨ ਕਿ ਦੋਹਾਂ ਗ੍ਰੰਥਾਂ ਦੀ ਬਾਣੀ ਵਿਚ ਪੂਰੀ ਤਰ੍ਹਾਂ ਸਮਾਨਤਾ ਹੈ। ਪ੍ਰੰਤੂ
ਜੇ ਦਸਮ ਗ੍ਰੰਥ ਦੀ ਬਾਣੀ ਪੂਰੀ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਅਨੁਸਰਣ
ਕਰਦੀ ਹੋਵੇ, ਫਿਰ ਤਾਂ ਨਿਸ਼ਚਿਤ ਹੀ ਇਸਦੀ ਕੋਈ ਜ਼ਰੂਰਤ ਨਹੀਂ ਹੋ ਸਕਦੀ।
ਹਕੀਕਤ ਵਿਚ ਦਸਮ-ਗ੍ਰੰਥ ਬਾਣੀ ਦਾ ਆਸ਼ਾ-ਉਦੇਸ਼ ਗੁਰੂ ਗ੍ਰੰਥ
ਸਾਹਿਬ ਨਾਲ ਇਕ ਰੂਪ ਤਾਂ ਹੈ, ਇਕ ਸਮਾਨ ਨਹੀ। ਹਰ ਧਰਮ ਦੇ ਦੋ ਮੁੱਖ ਅੰਗ ਹਨ:- ਇਕ ਉਸਦੀ
ਅਧਿਆਤਮਿਕਤਾ ਅਤੇ ਦੂਜਾ ਉਸਦਾ ਸੰਗਠਨਾਤਮਿਕ ਸਰੂਪ। ਸਾਮੀ ਧਰਮਾਂ ਦੀ ਇਹ ਸਥਿਤੀ ਹੈ ਕਿ
ਇਹ ਦੋਵੇਂ ਅੰਗ ਧਰਮ ਗ੍ਰੰਥਾਂ ਵਿਚ ਪੂਰੀ ਤਰ੍ਹਾਂ ਰਲਗਡ ਹਨ। ਸੰਗਠਨਾਤਮਿਕ ਵਿਧੀ-ਵਿਧਾਨ
ਦਾ ਪਾਲਨ ਕਰਨ ਵਾਲਾ ਹੀ ਉਸ ਧਰਮ ਵਿਸ਼ੇਸ ਦੀ ਅਧਿਆਤਮਿਕਤਾ ਨਾਲ ਸੰਬੰਧਿਤ ਹੋ ਸਕਦਾ ਹੈ,
ਹਾਲਾਂਕਿ ਯਹੂਦੀ ਧਰਮ ਦਾ ਨਜ਼ਰੀਆ ਈਸਾਈਅਤ ਤੇ ਇਸਲਾਮ ਨਾਲੋਂ ਇਸ ਪੱਖੋਂ ਜ਼ਿਆਦਾ ਉਦਾਰਵਾਦੀ
ਮੰਨਣ ਵਿਚ ਕੋਈ ਸਮੱਸਿਆ ਨਹੀਂ। ਵੈਦਿਕ ਧਰਮ ਵਿਚ ਅਧਿਆਤਮਿਕ ਗਿਆਨ ਅਤੇ ਧਰਮਾਵਲੰਬੀਆ ਦਾ
ਧਾਰਮਿਕ ਵਿਵਹਾਰ ਦੋਵੇਂ ਵੱਖ ਰੱਖਣ ਦੀ ਚੇਸ਼ਟਾ ਕੀਤੀ ਗਈ, ਜਿਸ ਤੋਂ ਸ਼ਰੁਤੀ ਅਤੇ ਸਿਮ੍ਰਤੀ
ਗਿਆਨ ਦੀਆਂ ਦੋ ਵੱਖਰੀਆਂ ਧਾਰਾਵਾਂ ਸਥਾਪਤ ਹੋਈਆਂ। ਜਿੱਥੇ ਸ਼ਰੁਤੀ ਗਿਆਨ ਧਰਮ ਦਾ ਸਾਰ
ਹੈ, ਉਥੇ ਸਿਮਰਤੀ ਗਿਆਨ ਉਸਦੀਆਂ ਧਾਰਮਿਕ ਰਹੁ-ਰੀਤੀਆਂ ਨੂੰ ਵਿਵਸਥਿਤ ਕਰਦਾ ਹੈ। ਪਰ
ਪੂਜਾ ਪ੍ਰਧਾਨ ਧਰਮ ਹੋਣ ਕਰਕੇ ਇੰਨ੍ਹਾਂ ਦੋਹਾਂ ਦਾ ਅੰਤਰ-ਸੰਬੰਧ ਇਸ ਪ੍ਰਕਾਰ ਦਾ ਹੈ ਕਿ
ਸ਼ਰੁਤੀ ਗਿਆਨ ਉਸੇ ਲਈ ਲਾਭਕਾਰੀ ਹੈ, ਜੋ ਸਿਮਰਤੀ ਅਨੁਸਾਰ ਕਰਮ-ਕਾਂਡ ਦਾ ਪ੍ਰਤਿਪਾਲਣ
ਕਰਦਾ ਹੋਵੇ। ਸੰਗਠਨ ਦੇ ਨਿਯਮਾਂ ਅਤੇ ਅਧਿਆਤਮਵਾਦ ਦੀ ਇਸ ਰਲਗਡਤਾ ਕਾਰਨ ਇਨ੍ਹਾਂ ਵਿਚੋਂ
ਕਿਸੇ ਧਰਮ ਅੰਦਰ ਵਿਸ਼ਵ ਧਰਮ ਹੋਣ ਦੀਆਂ ਸੰਭਾਵਨਾਵਾਂ ਨਹੀਂ ਹਨ ਕਿਉਂ ਜੁ ਰ ਵਿਸ਼ਵ ਧਰਮ
ਉਹੋ ਹੋ ਸਕਦਾ ਹੈ, ਜੋ ਨਿਆਰੇ ਰਹਿਣ-ਸਹਿਣ ਨੂੰ ਪ੍ਰਵਾਨ ਕਰਦਿਆਂ ਧਰਮ ਦੇ ਅਧਿਆਤਮ-ਵਾਦ
ਤੇ ਸੰਗਠਨ ਦੋਹਾਂ ਨੂੰ ਸਪਸ਼ਟ ਤੌਰ ਤੇ ਵੱਖ ਵੱਖ ਰੱਖ ਸਕਦਾ ਹੋਵੇ। ਅਰਥਾਤ ਉਸਦੇ ਸੰਗਠਨ
ਦਾ ਕ੍ਰਿਆਸ਼ੀਲ ਮੈਂਬਰ ਬਣੇ, ਉਸਦੀ ਰੁਹਾਨੀਅਤ ਨੂੰ ਜਗਿਆਸੂ ਧਾਰਨ ਕਰ ਸਕੇ। ਸਿੱਖ
ਧਰਮ ਵਿਚ ਹੀ ਇਹ ਵਿਸ਼ੇਸ਼ਤਾ ਹੈ ਕਿ ਇਸਦੀ ਅਧਿਆਤਮਿਕਤਾ ਨੂੰ ਉਹ ਵੀ ਮਾਣ ਸਕਦਾ ਹੈ, ਜਿਸਨੇ
ਵਿਧੀ ਅਨੁਸਾਰ ਸਿੱਖ ਧਰਮ ਗ੍ਰਹਿਣ ਨਾਂ ਕੀਤਾ ਹੋਵੇ। ਜਿਸਦਾ ਕਾਰਨ ਇਹ ਹੈ ਕਿ
ਅਧਿਆਤਮਿਕਤਾ ਦੇ ਸੋਮੇ ਗੁਰੂ ਗ੍ਰੰਥ ਸਾਹਿਬ ਵਿਚ ਸਿੱਖ ਸੰਗਠਨ ਦਾ ਵਿਧੀ ਵਿਧਾਨ ਨਹੀਂ
ਹੈ। ਗੁਰੂ ਗ੍ਰੰਥ ਸਾਹਿਬ ਦਾ ਸੰਦੇਸ਼ ਮਾਨਵ ਏਕਤਾ ਦਾ ਹੈ, ਹਰ ਪੱਖ ਤੋਂ ਇਨਸਾਨੀ ਬਰਾਬਰੀ
ਦਾ ਹੈ। ਇਹ ਸਰਬ-ਸਾਂਝੀ ਗਿਆਨ-ਸਮੱਗਰੀ ਸਾਹਿਤ ਸੰਤ-ਜੀਵਨ ਦਾ ਨਿਰਮਾਣ ਤਾਂ ਕਰਦੀ ਹੈ, ਪਰ
ਸੰਗਠਨ ਦੇ ਵਿਕਾਸ ਵਾਸਤੇ ਇਕ ਪਵਿੱਤਰ ਕਿਸਮ ਦਾ ਦ੍ਵੈਤ ਅਤੇ ਨਿਰਮਲ-ਹੳ ਜ਼ਰੂਰੀ ਹੈ।
ਮੇਰ-ਤੇਰ ਸਿਰਜੇ ਬਿਨਾਂ ਜਗਤ ਵਿਚ ਰਾਵਣ ਅਤੇ ਰਾਮ, ਕੰਸ ਤੇ ਕ੍ਰਿਸ਼ਨ, ਦੇਵਤੇ ਤੇ ਰਾਖਸ਼
ਜਾਂ ਮਨਮੁੱਖ ਤੇ ਗੁਰਮੁੱਖ ਦੀ ਦ੍ਵੈਤ ਸਥਾਪਤ ਕੀਤੇ ਬਿਨਾਂ, ਜੀਵਨ ਵਿਚ ਸੰਘਰਸ਼ ਲਈ ਉਤਸ਼ਾਹ
ਨਹੀਂ ਪੈਦਾ ਹੋ ਸਕਦਾ, ਜੋ ਸੰਗਠਨ ਦੇ ਵਿਕਾਸ ਦੀ ਮੁੱਖ ਜ਼ਰੂਰਤ ਹੈ। ਆਪਣੇ ਸੰਗਠਨ ਦੀ
ਸ੍ਰੇਸ਼ਟਤਾ ਮੰਨੇ ਬਿਨਾਂ ਸੰਗਠਨ ਦੀ ਮਜ਼ਬੂਤੀ ਸੰਭਵ ਨਹੀਂ ਹੋ ਸਕਦੀ ਤੇ ਇਹ ਨਿੱਜ ਉਚਤਾ
ਦੂਜੇ ਸੰਗਠਨ ਦੇ ਲੋਕਾਂ ਵਾਸਤੇ ਪ੍ਰੇਰਨਾਂ ਸ੍ਰੋਤ ਨਹੀਂ ਹੋ ਸਕਦੀ। ਸਿੱਖ ਧਰਮ ਵਿਚ
ਜਿੱਥੇ ‘ਗੁਰੂ ਗ੍ਰੰਥ ਸਾਹਿਬ’ ਸਾਰੀ ਮਨੁੱਖਤਾ ਨੂੰ ਇਕ ਰੂਪ ਮੰਨ ਕੇ ਸਮ-ਦ੍ਰਿਸ਼ਟੀ ਰੱਖਣ
ਦਾ ਉਪਦੇਸ਼ ਦਿੰਦਾ ਹੈ, ਉਥੇ ‘ਦਸਮ-ਗ੍ਰੰਥ’ ਮਨਮੁੱਖ ਤੇ ਗੁਰਮੁੱਖ ਵਿਚ ਭੇਦ ਸਥਾਪਤ ਕਰਕੇ
ਮਨਮੁੱਖਾਂ ਵਿਰੁੱਧ ਨਿਰੰਤਰ ਸੰਘਰਸ਼ ਦੀ ਪ੍ਰੇਰਨਾਂ ਦਿੰਦਾ ਹੈ- ਅਰਥਾਤ ਗੁਰੂ ਗ੍ਰੰਥ
ਸਾਹਿਬ ਦੀ ਨਿਰੋਲ ਅਦ੍ਵੈਤਵਾਦੀ ਦ੍ਰਿਸ਼ਟੀ ਨੂੰ ਦਸਮ-ਗ੍ਰੰਥ ਸੰਗਠਨ ਦੀ ਲੋੜ ਵਾਸਤੇ ਜ਼ਰੂਰੀ
ਵਿਵਹਾਰਕ ਦ੍ਵੈਤਵਾਦ ਦਾ ਅਧਾਰ ਦਿੰਦਾ ਹੈ। ਇਸ ਸੰਬੰਧ ਵਿਚ ‘ਵਾਰ ਸ੍ਰੀ ਭਗਉਤੀ ਜੀ ਕੀ’
ਦੀ ਦੂਜੀ ਪਉੜੀ ਧਿਆਨ ਦੇਣ ਯੋਗ ਹੈ:
ਖੰਡਾ ਪ੍ਰਥਮੈ ਸਾਜਿ ਕੈ ਜਿਨ
ਸਭ ਸੈਸਾਰ ਉਪਾਇਆ॥
ਬ੍ਰਹਮਾ ਬਿਸਨੁ ਮਹੇਸ ਸਾਜਿ ਕੁਦਰਤਿ ਦਾ ਖੇਲੁ ਬਣਾਇਆ॥
ਸਿੰਧੁ ਪਰਬਤ ਮੇਦਨੀ ਬਿਨੁ ਥੰਮਾ ਗਗਨ ਰਹਾਇਆ॥
ਸਿਰਜੇ ਦਾਨੋ ਦੇਵਤੇ ਤਿਨ ਅੰਦਰਿ ਬਾਦੁ ਰਚਾਇਆ॥
ਤੈ ਹੀ ਦੁਰਗਾ ਸਾਜਿ ਕੈ ਦੈਤਾ ਦਾ ਨਾਸ ਕਰਾਇਆ॥
ਤੈਥੋ ਹੀ ਬਲੁ ਰਾਮ ਲੈ ਨਾਲ ਬਾਣਾ ਦਹਸਿਰ ਘਾਇਆ॥
ਤੈਥੋ ਹੀ ਬਲੁ ਕ੍ਰਿਸਨ ਲੈ ਕੰਸ ਕੇਸੀ ਪਕੜਿ ਗਿਰਾਇਆ॥…
ਦੋਹਾਂ ਗ੍ਰੰਥਾਂ ਵਿਚ ਇਕ ਵੱਡਾ ਅੰਤਰ ਇਹ ਹੈ ਕਿ ਗੁਰੂ
ਗ੍ਰੰਥ ਸਾਹਿਬ ‘ਮਨਮੁੱਖਤਾਈ’ ਵਿਰੁੱਧ ਜੂਝਣ ਉਤੇ ਕੇਂਦ੍ਰਤ ਹੈ, ਜਦੋਂ ਕਿ ਦਸਮ-ਗ੍ਰੰਥ
‘ਮਨਮੁੱਖਾਂ’ ਵਿਰੁੱਧ ਜੂਝਣ ਉਤੇ ਬਲ ਦਿੰਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਾਮਾਦਿ
ਮਨਮੁੱਖਤਾਈਆਂ ਜੋ ਇਨਸਾਨੀਅਤ ਦੀ ਸਾਂਝੀ ਸਮੱਸਿਆ ਹੈ, ਉਨ੍ਹਾਂ ਨਾਲ ਆਤਮ-ਬਲ ਦਾ ਹਥਿਆਰ
ਲੈਕੇ ਸੰਘਰਸ਼ ਕਰਨ ਉਪਰ ਬਲ ਦਿੰਦੀ ਹੈ, ਜਦੋਂ ਕਿ ਦਸਮ-ਗ੍ਰੰਥ ਦੀਆਂ ਰਚਨਾਵਾਂ ਕੰਸ ਅਤੇ
ਰਾਵਣ ਜਿਹੀਆਂ ਆਸੁਰੀ ਤਾਕਤਾਂ ਨੂੰ ਵਿਭਿੰਨ ਪ੍ਰਕਾਰ ਦੇ ਸ੍ਰੇਸ਼ਠ ਹਥਿਆਰਾਂ ਨਾਲ ਕੁਚਲ
ਦੇਣ ਦੀ ਪ੍ਰੇਰਨਾਂ ਦਿੰਦੀਆਂ ਹਨ। ਹਕੀਕਤਨ ਜਦੋਂ ਕਾਮਾਦਿ ਨਾਲ ਸੰਘਰਸ਼ ਕਰੀਦਾ ਹੈ ਤਾਂ
ਕਾਮਾਦਿ ਤੋਂ ਪ੍ਰੇਰਤ ਲੋਕ-ਸਮੂਹ, ਗੁਰਮੁੱਖ ਦਾ ਰਸਤਾ ਆ ਰੋਕਦਾ ਹੈ। ਬਹੁਤੇ ਲੋਕ ਇਸ ਗੱਲ
ਉਤੇ ਸੰਤੁਸ਼ਟ ਹੋ ਜਾਂਦੇ ਹਨ ਕਿ ਉਨ੍ਹਾਂ ਆਪਣੇ ਕਾਮਾਦਿ ਉਤੇ ਕਾਬੂ ਪਾ ਲਿਆ ਹੈ, ਪਰ ਕੁੱਝ
ਕੁੱਝ ਗੁਰਮੁੱਖ ਕਾਮਾਦਿ ਨੂੰ ਸਮਾਜਿਕ-ਵਿਕ੍ਰਤੀ ਮੰਨ ਕੇ ਉਸਦੇ ਸਮੂਲ ਨਾਸ਼ ਵਾਸਤੇ ਉਸਦੇ
ਪ੍ਰਬਲ ਸਮ੍ਰਥਕਾਂ ਨਾਲ ਜੂਝਣ ਤੋਂ ਪਿੱਛੇ ਨਹੀਂ ਹਟਦੇ। ਸਰਲ ਸ਼ਬਦਾਂ ਵਿਚ ਇਸ ਤਰ੍ਹਾਂ
ਕਿਹਾ ਜਾ ਸਕਦਾ ਹੈ ਕਿ ਗੁਰੂ ਗ੍ਰੰਥ ਸਾਹਿਬ ‘ਸੰਤ’ ਦਾ ਨਿਰਮਾਣ ਕਰਦਾ ਹੈ ਜਦੋਂ ਕਿ
ਦੋਵੇਂ ਗ੍ਰੰਥ ਮਿਲਕੇ ਉਸੇ ਤਰ੍ਹਾਂ ‘ਸੰਤ-ਸਿਪਾਹੀ’ ਦੀ ਸਿਰਜਣਾ ਕਰਦੇ ਹਨ, ਜਿਵੇਂ
ਹਰਿਮੰਦਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਮੀਰੀ ਪੀਰੀ ਦਾ। ਉਪਰ ਵਰਣਿਤ ਉਦਾਰਵਾਦੀ ਵਿਵਸਥਾ
ਦੇ ਕਾਰਨ ਇਹ ਗੱਲ ਬਹੁਤ ਸਪਸ਼ਟ ਹੈ ਕਿ ਸਿੱਖ ਧਰਮ ਨਾਲ ਸੰਬੰਧਤ ਹੋਏ ਲੋਕਾਂ ਦੇ ਦੋ ਵਰਗ
ਹੋਣੇ ਹੀ ਸਨ। ਇਕ ਰੁਹਾਨੀਅਤ ਦੀ ਸਾਂਝ ਰੱਖਣ ਵਾਲੇ ਤੇ ਦੂਜੇ ਉਸ ਰੁਹਾਨੀਅਤ ਦੇ ਆਧਾਰ
ਉਤੇ ਬਣੇ ਸਾਂਝੇ ਸੰਗਠਨ ਦੇ ਮੈਂਬਰ। ਜਿਹੜੇ ਲੋਕ ਸਾਡੇ ਨਾਲ ਗੁਰੂ ਗ੍ਰੰਥ ਸਾਹਿਬ ਦੀ
ਰੁਹਾਨੀਅਤ ਤੱਕ ਸਹਿਮਤ ਹਨ, ਉਹ ਸਹਿਜਧਾਰੀ ਹਨ ਤੇ ਜਿਹੜੇ ਗੁਰਬਾਣੀ ਦੇ ਨਾਲ ਨਾਲ
ਦਸਮ-ਗ੍ਰੰਥ ਦੀ ਪ੍ਰੇਰਨਾਂ ਦੇ ਆਧਾਰ ਉਤੇ ਰੁਹਾਨੀਅਤ-ਵਿਰੋਧੀ ਅਨਸਰਾਂ ਨਾਲ ਦੋ ਹੱਥ ਕਰਨ
ਵਾਸਤੇ ਭੀ ਤਿਆਰ ਹਨ, ਉਹ ਅੰਮ੍ਰਿਤਧਾਰੀ ਖਾਲਸੇ ਹਨ। ਇਸ ਸੰਬੰਧੀ ਸਾਡੇ ਮਨਾਂ ਵਿਚ ਕੋਈ
ਦੁਚਿੱਤੀ ਨਹੀਂ ਹੋਣੀ ਚਾਹੀਦੀ ਕਿ ਖਾਲਸੇ ਦੇ ਰੂਪ ਵਿਚ ਵਿਸ਼ਵ-ਧਰਮ ਦੀ ਕਲਪਨਾ ਕਰਨੀ
ਔਰੰਗਜ਼ੇਬੀ ਸੋਚ ਹੈ, ਜਦੋਂ ਕਿ ਗੁਰੂ ਘਰ ਦੀ ਸੋਚ ਨਿਆਰੇ-ਪਣ ਵਿਚ ਏਕਤਾ ਦੀ ਹੈ।
ਸੰਗਠਨਾਤਮਿਕ ਰੁਚੀਆਂ ਨੂੰ ਨਾਲ ਪ੍ਰਫੁੱਲਤ ਕਰਨ ਕਰਕੇ ਹੀ ਦਸਮ-ਗ੍ਰੰਥ ਦੀ ਬਾਣੀ
ਅੰਮ੍ਰਿਤਧਾਰੀਆਂ ਵਿਚ ਹੀ ਪ੍ਰਚੱਲਤ ਹੋਈ, ਸਹਿਜਧਾਰੀਆਂ ਵਿਚ ਨਹੀਂ। ਇਸ ਸਥਿਤੀ ਵਿਚ
ਦਸਮ-ਗ੍ਰੰਥ ਬਾਰੇ ਇਸ ਤਰ੍ਹਾਂ ਪ੍ਰਚਾਰ ਕਰਨਾ ਕਿ ਇਹ ਬ੍ਰਾਹਮਣਵਾਦੀ ਤਾਕਤਾਂ ਨੂੰ ਬਲ
ਪ੍ਰਦਾਨ ਕਰਨ ਵਾਲਾ ਗ੍ਰੰਥ ਹੈ, ਪੂਰੀ ਤਰ੍ਹਾਂ ਨਿਰਮੂਲ ਵਿਚਾਰ ਹੈ। ਜੇ ਇਹ ਸੱਚ ਹੁੰਦਾ
ਤਾਂ ਸਹਿਜਧਾਰੀ ਦਸਮ-ਗ੍ਰੰਥ ਪੜ੍ਹਦੇ, ਜਦੋਂ ਕਿ ਅੰਮ੍ਰਿਤਧਾਰੀ ਕੇਵਲ ਗੁਰੂ ਗ੍ਰੰਥ
ਸਾਹਿਬ।
ਵਾਸਤਵ ਵਿਚ ਗੁਰੂ ਗ੍ਰੰਥ ਸਾਹਿਬ ‘ਅਕਾਲ ਪੁਰਖ’ ਦੀ ਗਾਥਾ
ਹੈ, ਜਦੋਂ ਕਿ ਦਸਮ ਗ੍ਰੰਥ ‘ਕਾਲ-ਪੁਰਖ’ ਦਾ ਵਰਨਣ ਹੈ। ਗੁਰੂ ਗ੍ਰੰਥ ਸਾਹਿਬ ਅੰਦਰ ਉਹ
ਸੱਚ ਹੈ ਜੋ ਸਰਬਕਾਲੀ ਹੈ। ਉਸ ਸਮੱਸਿਆ ਦਾ ਹੱਲ ਹੈ ਜੋ ਯੁੱਗਾਂ-ਯੁਗਾਂਤਰਾਂ ਤੋਂ
ਮਨੁੱਖਤਾ ਦੇ ਨਾਲ ਹੈ। ਕਾਮਾਦਿ ਉਹ ਵਿਕਾਰ ਜੋ ਕਿਸੇ ਖਾਸ ਕਾਲ ਵਿਚ ਮਨੁੱਖਤਾ ਅੰਦਰ
ਪ੍ਰਵੇਸ਼ ਨਹੀਂ ਕਰਦੇ ਅਤੇ ਜਿੰਨ੍ਹਾਂ ਦਾ ਪ੍ਰਤਾਪ ਸਮੇਂ ਦੇ ਬਦਲਾਵ ਤੋਂ ਪ੍ਰਭਾਵਿਤ ਨਹੀਂ,
ਗੁਰੂ ਗ੍ਰੰਥ ਸਾਹਿਬ ਵਿਚ ਉਨ੍ਹਾਂ ਤੋਂ ਨਿਰਲੇਪ ਰਹਿਣ ਦਾ ਉਪਦੇਸ਼ ਹੈ, ਪਰ ਦਸਮ ਗ੍ਰੰਥ ਦਾ
ਸੰਬੰਧ ਸਮੇਂ ਨਾਲ ਹੈ। ਸਮੇਂ ਨਾਲ ਆਉਂਦੇ ਉਤਰਾਅ-ਚੜ੍ਹਾਅ ਮਨਮੁੱਖਤਾ ਅਥਵਾ ਗੁਰਮੁੱਖਤਾਈ
ਦੇ ਕਾਲ ਘੇਰੇ ਵਿਚ ਹੋਏ ਸੰਘਰਸ਼ਾਂ ਦਾ ਵਰਨਣ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪ੍ਰਮੇਸ਼ਰ
ਦੇ ਗੁਣਾਂ ਦਾ ਵਿਖਿਆਣ ਹੈ ਅਤੇ ਗੁਣ-ਆਧਾਰਿਤ ਨਾਵਾਂ ਨੂੰ ‘ਕ੍ਰਿਤਮ-ਨਾਂਵ’ ਕਿਹਾ ਜਾਂਦਾ
ਹੈ। ਗੁਣ ਸਰਬ-ਕਾਲੀ ਹੋਣ ਕਰਕੇ ਸਮੇਂ-ਵਿਸ਼ੇਸ਼ ਤੋਂ ਉਪਰ ਸਥਿਤ ਹਨ, ਜਿਸ ਕਰਕੇ ਗੁਰੂ
ਗ੍ਰੰਥ ਸਾਹਿਬ ਦਾ ਗੁਣ-ਮੂਲ ਪ੍ਰਮੇਸ਼ਰ ‘ਅਕਾਲ ਪੁਰਖ’ ਹੈ। ‘ਅਕਾਲ’ ਵਾਹਿਗੁਰੂ ਦਾ ਇਕ
ਮੁੱਖ ਗੁਣ ਹੈ, ਇਸ ਕਰਕੇ ਗੁਰੂ ਗ੍ਰੰਥ ਸਾਹਿਬ ‘ਅਕਾਲ’ ਦੀ ਵਿਅਖਿਆ ਹੈ, ਪਰ ਜੋ ਪ੍ਰਮੇਸ਼ਰ
ਸਮੇਂ ਤੋਂ ਉਪਰ ਹੈ, ਉਹੀ ਸਮੇਂ ਅੰਦਰ ਵੀ ਹੈ, ਯਥਾ-
ਆਦਿ ਸਚੁ ਜੁਗਾਦਿ ਸਚੁ॥ ਹੈ
ਭੀ ਸਚੁ ਨਾਨਕ ਹੋਸੀ ਭੀ ਸਚੁ॥
ਜੇ ਥੋੜ੍ਹਾ ਜਿਹਾ ਧਿਆਨ ਦੇਈਏ ਤਾਂ ਗੁਰੂ ਜੀ ਨੇ ਦਸਮ
ਗ੍ਰੰਥ ਦਾ ਪ੍ਰਯੋਜਨ ‘ਕਰਮ ਨਾਮ ਬਰਨਤ ਸੁਮਤਿ’ ਕਹਿ ਕੇ ਜਾਪੁ ਬਾਣੀ ਦੇ ਪਹਿਲੇ ਹੀ ਛੰਦ
ਵਿਚ ਸਪਸ਼ਟ ਕਰ ਦਿੱਤਾ ਹੈ। ਕਰਮ-ਨਾਮ ਦਾ ਸੰਬੰਧ ਪ੍ਰਮੇਸ਼ਰ ਦੇ ਉਨਾਂ ਕੌਤਕਾਂ ਨਾਲ ਹੈ ਜੋ
ਵਿਸ਼ੇਸ਼ ਕਰਕੇ ਉਹ ਧਾਰਮਿਕ ਵਿਵਸਥਾ ਬਹਾਲ ਕਰਨ ਵਾਸਤੇ ਵਿਭਿੰਨ ਸਮਿਆਂ ਵਿਚ ਅਵਤਾਰੀ
ਪੁਰਖਾਂ ਰਾਹੀਂ ਇਤਿਹਾਸ ਵਿਚ ਪ੍ਰਵੇਸ਼ ਕਰਕੇ ਵਰਤਾਉਂਦਾ ਹੈ। ਇੱਥੇ ਇਹ ਗੱਲ ਧਿਆਨ ਦੇਣ
ਵਾਲੀ ਹੈ ਕਿ ਗੁਰੂ ਜੀ ਨੇ ਅਵਤਾਰੀ ਪੁਰਖਾਂ ਦੀ ਸਤਿਆ ਨੂੰ ਪ੍ਰਮੇਸ਼ਰ ਦੀ ਸਮਰੱਥਾ ਸਵੀਕਾਰ
ਕਰਕੇ ਉਨ੍ਹਾਂ ਵੱਲੋਂ ਵਰਤਾਏ ਦੈਵੀ-ਕੌਤਕਾਂ ਨੂੰ ਪਰਮ-ਸੱਤਾ ਵਿਚ ਅਭੇਦ ਕਰਕੇ ਪ੍ਰਮੇਸ਼ਰ
ਨੂੰ ਕਰਮ-ਨਾਮ ਦਿੱਤੇ ਹਨ। ਜਿਸ ਤਰ੍ਹਾਂ ਸ੍ਰੀ ਕ੍ਰਿਸ਼ਨ ਰਾਹੀਂ ਅਕਾਲ ਪੁਰਖ ਨੇ ‘ਮੁਰ’
ਰਾਖਸ਼ ਨੂੰ ਮਾਰਿਆ ਤੇ ‘ਮੁਰ’ ਦਾ ਅਰਿ (ਵੈਰੀ) ਹੋਣ ਕਰਕੇ ਸ੍ਰੀ ਕ੍ਰਿਸ਼ਨ ਦਾ ‘ਮੁਰਾਰੀ’
ਨਾਮ ਪ੍ਰਮੇਸ਼ਰ ਦਾ ਕਰਮ-ਨਾਮ ਮੰਨਿਆਂ ਗਿਆ ਹੈ। ਇਸ ਤਰ੍ਹਾਂ ਦਸਮ ਗ੍ਰੰਥ ਕਰਮ-ਨਾਮ ਦੀ
ਗਾਥਾ ਹੈ। ਕਰਮ-ਨਾਮ ਦਾ ਸੰਬੰਧ ਕਿਉਂਕਿ ਇਤਿਹਾਸ ਨਾਲ ਹੈ, ਜਾਂ ਕਥਾ-ਪੁਨੀਤ ਹੈ, ਇਸ
ਕਰਕੇ ਕਰਮ-ਨਾਮ ਦਾ ਬਿਆਨ ਕਥਾ-ਪੁਨੀਤ ਬਿਨਾਂ ਵੀ ਜੇ ਕਰ ਲਈਏ ਤਾਂ ਉਹ ਬਹੁਤ ਪ੍ਰਭਾਵਕਾਰੀ
ਨਹੀਂ ਹੋ ਸਕਦਾ। ਕਥਾ-ਪੁਨੀਤ ਸੰਗਠਨ ਨੂੰ ਮਜ਼ਬੂਤੀ ਦੇਣ ਵਾਲੀ ਹੈ ਇਸ ਕਰਕੇ ਇਸ ਤੋਂ
ਬਿਨਾਂ ਕੌਮਾਂ ਦਾ ਪ੍ਰਫੁੱਲਤ ਹੋਣਾਂ ਅਤੇ ਸੰਗਠਨ ਦਾ ਮਜ਼ਬੂਤ ਹੋਣਾ ਸੰਭਵ ਨਹੀਂ ਹੈ। ਇਹੀ
ਕਾਰਨ ਹੈ ਕਿ ਬਾਹਰੀ ਦੁਸ਼ਮਨ ਨੇ ਜਦੋਂ ਸਿੱਖ ਸੰਗਠਨ ਉਪਰ ਪਹਿਲਾ ਵੱਡਾ ਹਮਲਾ ਕੀਤਾ ਤਾਂ
ਸੰਗਠਨ ਨੂੰ ਮਜ਼ਬੂਤੀ ਦੇਣ ਲਈ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਢਾਡੀ ਵਾਰਾਂ ਦੇ ਗਾਇਨ
ਰਾਹੀਂ ਕਥਾ-ਪੁਨੀਤ ਦੇ ਬਿਆਨ ਦੀ ਪੱਕੀ ਵਿਵਸਥਾ ਕਰ ਦਿੱਤੀ। ਕਥਾ-ਪੁਨੀਤ ਦਾ ਸੰਬੰਧ
ਸੰਸਕ੍ਰਿਤੀ-ਵਿਸ਼ੇਸ਼ ਨਾਲ ਹੈ, ਜਿਸ ਕਰਕੇ ਹਰ ਕੌਮ ਵਾਸਤੇ ਉਹੋ ਕਥਾ-ਪੁਨੀਤ ਸਾਰਥਕ ਹੋ
ਸਕਦੀ ਹੈ ਜੋ ਉਸਦੀ ਸੰਸਕ੍ਰਿਤੀ ਨਾਲ ਸੰਬੰਧਿਤ ਹੋਵੇ। ਦਸਮ ਗ੍ਰੰਥ ਵਿਚ ਉਹੋ ਕਥਾ
ਕਹਾਣੀਆਂ ਨਵੀਂ ਰੰਗਤ ਵਿਚ ਹਨ ਜੋ ਸਾਡੇ ਬਜ਼ੁਰਗਾਂ ਦੀ ਚਿੱਤ-ਬਿਰਤੀ ਵਿਚ ਸਥਿਤ ਸਨ। ਜੇ
ਵਿਸ਼ੇਸ਼ ਅਧਿਆਤਮਿਕ ਮਾਰਗ ਨੂੰ ਕੌਮੀਅਤ ਵਿਚ ਸੂਤ੍ਰ-ਬਧ ਕਰਨਾਂ ਹੈ, ਰਾਜਨੀਤੀ ਨੂੰ ਧਰਮ ਦਾ
ਇਕ ਅਭਿੰਨ ਅੰਗ ਮੰਨਣਾ ਹੈ ਅਤੇ ਕੌਮ-ਵਿਸ਼ੇਸ਼ ਦੇ ਰਾਜਨੀਤਕ ਹਿੱਤਾਂ ਨੂੰ ਸੁਰੱਖਿਅਤ ਰੱਖਣਾ
ਹੈ ਤਾਂ ਕਥਾ-ਪੁਨੀਤ ਨੂੰ ਧਰਮ ਦਾ ਅਹਿਮ ਅੰਗ ਮੰਨਣਾ ਪਵੇਗਾ।
ਇਸ ਤਰ੍ਹਾਂ ਕਥਾ-ਪੁਨੀਤ ਤੋਂ ਉਪਜਣ ਵਾਲੇ ਕਰਮ-ਨਾਮ ਤੇ
ਦੈਵੀ-ਗੁਣ ਅਧਾਰਿਤ ਕਿਰਤਮ-ਨਾਮ ਵਿਚ ਜੇ ਭੇਦ ਕਰਨਾਂ ਹੋਵੇ ਤਾਂ ਇਹ ਕਹਿ ਸਕਦੇ ਹਾਂ ਕਿ
ਜਿੱਥੇ ਕਿਰਤਮ-ਨਾਮ ਗੁਰਮੁੱਖ ਬਣਾ ਸਕਦਾ ਹੈ, ਉਥੇ ਗੁਰਮੁੱਖਾਂ ਨੂੰ ਜਮਾਤ ਦਾ ਰੂਪ ਦੇਣ
ਵਾਸਤੇ ਕਿਰਤਮ-ਨਾਮ ਦੇ ਨਾਲ ਨਾਲ ਕਰਮ-ਨਾਮ ਦੇ ਆਸਰੇ ਦੀ ਜ਼ਰੂਰਤ ਹੈ। ਇਹ ਗੱਲ ਹੋਰ ਸਮਝਣ
ਵਾਲੀ ਹੈ ਕਿ ਮਹਾਂਪੁਰਖਾਂ ਦੇ ਬਚਨਾਂ ਨੂੰ ਸਮਝਣਾ ਫਿਰ ਵੀ ਕੁੱਝ ਆਸਾਨ ਹੈ, ਉਨ੍ਹਾਂ ਦੇ
ਕੌਤਕਾਂ ਨੂੰ ਜਾਨਣਾ ਹੋਰ ਵੀ ਮੁਸ਼ਕਿਲ ਹੁੰਦਾ ਹੈ। ਇਸੇ ਕਰਕੇ ਪੈਗੰਬਰਾਂ ਦੇ
ਜੀਵਨ-ਵਿਵਹਾਰ ਦੀਆਂ ਕਈ ਕਥਾਵਾਂ ਜੋ ਧਰਮ ਦੇ ਆਰੰਭ ਵਿਚ ਪਵਿੱਤ੍ਰ ਮੰਨੀਆਂ ਜਾਂਦੀਆਂ ਹਨ,
ਮਗਰੋਂ ਆਕੇ ਦਲੀਲਾਂ ਰਾਹੀਂ ਰੱਦ ਕਰ ਦਿੱਤੀਆਂ ਜਾਂਦੀਆਂ ਹਨ, ਜਦੋਂ ਕਿ ਉਨ੍ਹਾਂ ਦੇ
ਰੁਹਾਨੀ ਬਚਨਾਂ ਉਤੇ ਵੀ ਕਿੰਤੂ ਨਹੀਂ ਕੀਤਾ ਜਾਂਦਾ। ਇਸਦਾ ਵੱਡਾ ਕਾਰਨ ਇਹ ਹੈ ਕਿ
ਮਹਾਂਪੁਰਖ ਜਦੋਂ ਉਪਦੇਸ਼ਾਤਮਿਕ ਬਾਣੀ ਉਚਾਰਦੇ ਹਨ ਤਾਂ ਇਕ ਨਿਸ਼ਚਿਤ ਰੂਹਾਨੀ ਉਚਾਈ ਤੋਂ
ਬੋਲੇ ਬਚਨਾਂ ਨੂੰ ਹੀ ਉਹ ਪਵਿੱਤ੍ਰਤਾ ਨਾਲ ਸੰਬੰਧਤ ਕਰਦੇ ਹਨ, ਜਦੋਂ ਕਿ ਇਨਸਾਨ ਪ੍ਰਤੀ
ਮੁਹੱਬਤ ਕਾਰਨ ਜੀਵਨ-ਅਮਲ ਵਿਚ ਉਨ੍ਹਾਂ ਨੂੰ ਪਾਪੀਆਂ ਅਤੇ ਪੁੰਨ-ਕਰਮੀਆਂ ਦੋਹਾਂ ਦੇ ਨਾਲ
ਖੜੋਣਾ ਪੈਂਦਾ ਹੈ। ਕਈ ਵਾਰੀ ਇੰਨਾਂ ਉੱਤੇ ਥੱਲੇ ਉਤਰਨਾਂ ਪੈਂਦਾ ਹੈ ਕਿ ਓਪਰੀ ਸ਼ਰਧਾ
ਵਾਲੇ ਨਿਰੋਲ ਬੁੱਧੀਵਾਦੀ ਧਰਮ-ਸ਼ਾਸਤ੍ਰੀ ਝੂਠਾ ਰੌਲਾ ਪਾ ਦਿੰਦੇ ਹਨ ਕਿ ਅਮਕਾ ਕਰਮ ਕੋਈ
ਮਹਾਂਪੁਰਖ ਕਰ ਹੀ ਨਹੀਂ ਸਕਦਾ, ਪਰ ਇਹ ਤਾਂ ਰਹਿਬਰ ਨੂੰ ਹੀ ਪਤਾ ਹੈ ਕਿ ਇਨਸਾਨੀ ਅਮਲ
ਧਾਰਨ ਕੀਤੇ ਬਿਨਾਂ ਉਹ ਡਿਗਿਆਂ ਹੋਇਆਂ ਨੂੰ, ਪਤਿਤ ਹੋਇਆਂ ਨੂੰ ਉਚੇ ਉਠਣ ਦਾ ਆਤਮ-ਬਲ
ਤਾਂ ਦੇ ਸਕਦੇ ਹਨ, ਪਰ ਲੈਣ ਵਾਲੇ ਅੰਦਰ ਇਹ ਆਤਮ-ਵਿਸ਼ਵਾਸ਼ ਨਹੀਂ ਜਾਗ੍ਰਿਤ ਹੁੰਦਾ ਕਿ ਉਹ
ਵੀ ਉਚਾ ਉਠ ਸਕਦਾ ਹੈ। ਇਹ ਵਿਸ਼ਵਾਸ਼ ਤਦੋਂ ਜਾਗ੍ਰਿਤ ਹੁੰਦਾ ਹੈ ਜਦੋਂ ਰਹਿਬਰ ਉਸ ਵਰਗੀ
ਸਥਿਤੀ ਵਿਚ ਆਪ ਪ੍ਰਵੇਸ਼ ਕਰੇ। ਇਸੇ ਕਾਰਨ ਗੁਰੂ ਨੂੰ ਜੋਗਾ ਸਿੰਘ ਦੀ ਪ੍ਰੀਤ ਵੇਸਵਾ ਦੇ
ਦਰ ਤੱਕ ਵੀ ਲੈ ਆਉਂਦੀ ਹੈ। ਭਾਵੇਂ ਇਸ ਸਾਖੀ ਨੂੰ ਯੁਕਤੀਆਂ ਨਾਲ ਸਹਿਜੇ ਹੀ ਰੱਦ ਕੀਤਾ
ਜਾ ਸਕਦਾ ਹੈ, ਪਰ ਵਿਸ਼ਵਾਸ਼ੀ ਇਸ ਨੂੰ ਸੱਚ ਮੰਨਦੇ ਰਹੇ ਹਨ। ਕੋਈ ਅਸ਼ਰਧਕ ਉਚ ਦਾ ਪੀਰ ਬਨਣ
ਵਾਲੀ ਸਾਖੀ ਨੂੰ ਇਨਸਾਨੀ ਕਮਜ਼ੋਰੀ ਵੀ ਕਹਿ ਸਕਦਾ ਹੈ, ਪਰ ਗੁਰੂ ਤਾਂ ਪੂਰਨ ਅਧਿਆਪਕ ਹੈ।
ਇਹ ਨਹੀਂ ਕਿ ਸਿੱਖ ਨੂੰ ਸੰਘਰਸ਼ ਵਿਚ ਵਾੜ ਦੇਵੇ ਪਰ ਮਿਸ਼ਨ-ਪੂਰਤੀ ਵਾਸਤੇ ਕੰਮ ਆਉਣ ਵਾਲੇ
ਜਾਇਜ਼ ਦਾਅ-ਪੇਚ ਸਿਖਾਵੇ ਹੀ ਨਾਂ।
‘ਜ਼ਫਰਨਾਮੇ’ ਨੂੰ ਪੜ੍ਹ ਕੇ ਇਹ ਪਤਾ ਲੱਗ ਜਾਂਦਾ ਹੈ ਕਿ
ਗੁਰੂ ਜੀ ਆਪਣੇ ਮਿਸ਼ਨ ਵਿਚ ਕਿੰਨੇ ਪੱਕੇ, ਪਰ ਕੱਟੜ ਦੁਸ਼ਮਣ ਨਾਲ ਗੱਲਬਾਤ ਕਰਨ ਵਿਚ ਕਿੰਨੇ
ਨਰਮ ਹਨ। ਜੇ ਕਿਸੇ ਆਲੋਚਨਾਂ ਹੀ ਕਰਨੀ ਹੋਵੇ ਤਾਂ ਉਹ ਕਹਿ ਸਕਦਾ ਹੈ ਕਿ ਜ਼ਫਰਨਾਮੇ ਵਿਚ
ਔਰੰਗਜ਼ੇਬ ਦੀ ਪ੍ਰਸੰਸਾ ਗੁਰੂ ਜੀ ਦੇ ਆਚਰਣ-ਅਨੁਕੂਲ ਨਹੀਂ ਹੈ ਅਤੇ ਇਸੇ ਕਰਕੇ ਕੁੱਝ
ਨਾਮਵਰ ਬੁੱਧੀ-ਜੀਵੀ ਇਹ ਕਹਿਣ ਤੋਂ ਸੰਕੋਚ ਨਹੀਂ ਕਰਦੇ ਕਿ ਜ਼ਫਰਨਾਮਾ ਗੁਰੂ ਜੀ ਦੀ ਰਚਨਾ
ਹੀ ਨਹੀਂ ਹੈ। ਇਹ ਸਾਰਾ ਕੁੱਝ ਕਹਿਣ ਦਾ ਭਾਵ ਇਹ ਹੈ ਕਿ ਪੈਗੰਬਰੀ ਬਾਣੀ ਨਾਲੋਂ ਉਸਦੇ
ਕੌਤਕ ਸਮਝਣੇ ਹੋਰ ਔਖੇ ਹਨ। ਗੀਤਾ ਨੂੰ ਸਮਝਣ ਨਾਲੋਂ ਸ੍ਰੀ ਕ੍ਰਿਸ਼ਨ ਦੇ ਕੌਤਕ ਸਮਝਣੇ
ਮੁਸ਼ਕਿਲ ਹਨ ਕਿਉਂਕਿ ਅਧਰਮ ਉਸ ਲਈ ਧਾਰਨ ਕਰਨਾ ਜ਼ਰੂਰੀ ਹੈ, ਪਰ ਇਹ ਕਾਲਖ ਉਸਦੀ ਅਸੀਮ
ਸੁੰਦਰਤਾ ਤੇ ਪਵਿੱਤ੍ਰਤਾ ਨੂੰ ਪ੍ਰਭਾਵਿਤ ਨਹੀਂ ਕਰਦੀ, ਇਸ ਕਰਕੇ ਉਹ ਆਪਣੇ ਕਾਲੇ-ਵਰਣ
ਵਿਚ ਵੀ ਪੂਜਣ-ਯੋਗ ‘ਸਿਆਮ ਸੁੰਦਰ’ ਹੈ। ਕ੍ਰਿਸ਼ਨ ਦਾ ਸਤਿਕਾਰ ਹੋਰ ਸਾਰੇ ਅਵਤਾਰਾਂ ਨਾਲੋਂ
ਜ਼ਿਆਦਾ ਇਸੇ ਕਰਕੇ ਹੈ ਕਿ ਉਹ ਆਪਣੇ ਭਗਤਾਂ ਦੀ ਪ੍ਰੀਤ ਪਾਲਣ ਲਈ ਸੰਸਾਰ ਦੀ ਕਾਲਖ ਆਪਣੇ
ਉਤੇ ਲੈ ਸਕਦਾ ਹੈ ਅਤੇ ਹੋਰ ਅਵਤਾਰਾਂ ਨਾਲੋਂ ਇਨਸਾਨੀ ਅਮਲ ਦੇ ਬਹੁਤਾ ਨੇੜੇ ਹੈ। ਜੇ
ਗੰਭੀਰਤਾ ਸਹਿਤ ਵਿਚਾਰ ਕਰੀਏ ਤਾਂ ਇੰਜ ਜਾਪਦਾ ਹੈ ਕਿ ਸਿੱਖਾਂ ਵਾਸਤੇ ਸਭ ਤੋਂ
ਸਤਿਕਾਰਯੋਗ ਗੁਰੂ ਨਾਨਕ ਦੇਵ ਜੀ ਹਨ ਕਿਉਂਕਿ ਜਿਸ ਮੋਹ ਮਾਇਆ ਵਿਚ ਅਸੀਂ ਵਿਚਰਦੇ ਹਾਂ,
ਉਸ ਤੋਂ ਉਹ ਬਹੁਤ ਉਚੇ ਸਨ। ਪਰ ਦਸ ਗੁਰੂ ਜਾਮਿਆਂ ਵਿਚ ਸਿੱਖਾਂ ਨੂੰ ਗੁਰੂ ਗੋਬਿੰਦ ਸਿੰਘ
ਨਾਲ ਪ੍ਰੀਤ ਇਸ ਕਰਕੇ ਹੈ ਕਿਉਂ ਜੁ ਉਹ ਸੇਵਕ ਸਿੱਖਾਂ ਦੇ ਬਹੁਤੇ ਨੇੜੇ ਹੈ। ਗੁਰੂ ਦੇ ਦਸ
ਨਿਆਰੇ ਰੂਪਾਂ ਦੀ ਆਪਣੀ ਵਿਲੱਖਣਤਾ ਹੈ ਜੋ ਅੱਜ ਦੀ ਜੋਤਿਮਈ ਸਿਧਾਂਤਿਕ ਏਕਤਾ ਵਿਚ ਲੁਪਤ
ਹੋ ਰਹੀ ਹੈ। ਗੁਰੂ ਨਾਨਕ ਦੀ ਵਿਲੱਖਣਤਾ ਉਸਦੀ ਉਚਿਆਈ ਹੈ। ਪਰ ਗੁਰੂ ਗੋਬਿੰਦ ਸਿੰਘ ਦੇ
ਰੂਪ ਵਿਚ ਉਸਦਾ ਨਿਆਰਾਪਣ ਇਹੋ ਹੈ ਕਿ ਉਹ ਸਾਡੇ ਜੀਵਨ-ਵਿਵਹਾਰ ਦੇ ਬਹੁਤ ਨੇੜੇ ਹੈ। ਉਸਦੀ
ਨੇੜਤਾ ਸਥਿਰ ਨਹੀਂ ਸਗੋਂ ਉਹ ਨਿਰੰਤਰ ਸਾਡੇ ਹੋਰ ਨੇੜੇ ਆਈ ਜਾਂਦਾ ਹੈ। ਪਹਿਲਾਂ ਉਹ
ਫੌਜਾਂ ਦਾ ਸਰਦਾਰ ਸਾਡਾ ਗੁਰੂ ਬਣਦਾ ਹੈ। ਫਿਰ ਅੰਮ੍ਰਿਤ ਛਕ ਕੇ ਗੁਰੂ ਅਤੇ ਸਿੱਖ ਨੂੰ
ਬਰਾਬਰ ਕਰ ਦਿੰਦਾ ਹੈ ਅਤੇ ਚਮਕੌਰ ਵਿਚ ਸਿੱਖਾਂ ਦਾ ਹੁਕਮ ਮੰਨਣ ਵੇਲੇ ਉਹ ਚੇਲੇ ਦੇ ਰੂਪ
ਨੂੰ ਗ੍ਰਹਿਣ ਕਰਦਾ ਹੈ। ਗੁਰੂ ਰੂਪ ਵਿਚ ਉਹ ਸਾਡੇ ਸਿਰ ਦਾ ਸਾਈਂ ਹੈ, ਬਰਾਬਰੀ ਸਮੇਂ ਉਹ
ਸਾਡੇ ਨਾਲ ਹੈ ਅਤੇ ਚੇਲੇ ਦੇ ਰੂਪ ਵਿਚ ਅਧੀਨ ਪਦ ਧਾਰਨ ਕਰਨ ਵੇਲੇ ਉਹ ਨਿਵਾਣਾਂ ਵਿਚ
ਖੜ੍ਹਾ ਹੋਕੇ ਸਾਨੂੰ ਵਿਕਾਰਾਂ ਦੇ ਟੋਏ ਤੋਂ ਉਪਰ ਉਠਾਈ ਰੱਖਦਾ ਹੈ। ਉਹ ਕਾਮ ਦੇ ਹਮਲਿਆਂ
ਵਿਚ ਸਾਡੇ ਨਾਲ ਖੜ੍ਹਾ ਹੋ ਕੇ ਇਸਦੇ ਨਿਆਰੇ ਨਿਆਰੇ ਹਮਲੇ, ਉਨ੍ਹਾਂ ਦੇ ਮਨ ਤੇ ਸਮਾਜ ਉਤੇ
ਬੁਰੇ ਪ੍ਰਭਾਵ, ਅਤੇ ਉਸਤੋਂ ਬਚਾਓ ਦੇ ਸਾਧਨ ਦੱਸਦਾ ਹੈ। ਗੁਰੂ ਨਾਨਕ ਅਤੇ ਗੁਰੂ ਗੋਬਿੰਦ
ਸਿੰਘ ਜੀ ਦੇ ਵਿਵਹਾਰ ਵਿਚ ਇਹ ਅੰਤਰ ਇਸ ਕਰਕੇ ਹੈ ਕਿ ਗੁਰੂ ਹੌਲੀ ਹੌਲੀ ਲੋਕਾਈ ਦੇ
ਨਜ਼ਦੀਕ ਆਉਂਦਾ ਹੈ। ਜੇ ਉਹ ਪਹਿਲਾਂ ਆਪਣੀ ਉਚਤਾ ਸਥਾਪਤ ਨਾ ਕਰੇ ਤਾਂ ਲੋਕਾਂ ਵਿਚ
ਪੂਜਣਯੋਗ ਨਹੀਂ ਹੋ ਸਕਦਾ ਅਤੇ ਇਹੀ ਕਾਰਨ ਹੈ ਕਿ ਗੁਰੂ ਨਾਨਕ ਦੀ ਆਮ ਸਿੱਖ ਦੇ ਮਨ ਵਿਚ
ਅਜਿਹੀ ਤਸਵੀਰ ਰਹੀ ਹੈ ਕਿ ਉਹ ਅੱਖਾਂ ਮੀਚ ਕੇ ਕਿਤੇ ਵੀ ਪੁੱਜ ਸਕਦਾ ਸੀ। ਉਸ ਦੀਆਂ
ਉਚਾਈਆਂ ਉਸਨੂੰ ਧਰੂਅ ਤਾਰੇ ਤੋਂ ਵੀ ਅੱਗੇ ਲੈ ਜਾਂਦੀਆਂ ਹਨ। ਧਰਤੀ ਤੋਂ ਹਜ਼ਾਰਾਂ ਜੋਜਨ
ਉਪਰ, ਉਥੇ ਜਿੱਥੇ ਕੋਈ ਹੋਰ ਨਹੀਂ ਪੁੱਜ ਸਕਦਾ, ਉਹ ਜਾਣ ਦੇ ਸਮਰੱਥ ਹੈ। ਉਸ ਉਤੇ ਸੱਪ ਤੇ
ਰੁੱਖ ਭਾਵ ਜੜ੍ਹ-ਕੁਦਰਤ ਵੀ ਛਾਂ ਕਰਦੀ ਹੈ। ਉਸ ਦੀਆਂ ਉਚਾਈਆਂ ਉਸਦੀ ਅਧਿਆਤਮਿਕ
ਸੁੰਦ੍ਰਤਾ ਬਣ ਜਾਂਦੀਆਂ ਹਨ ਜਿਸਨੂੰ ਹਰ ਕੋਈ ਸਤਿਕਾਰਦਾ ਹੈ। ਦੂਜੇ ਪਾਸੇ ਗੁਰੂ ਗੋਬਿੰਦ
ਸਿੰਘ ਜੀ ਦੀ ਅਸੀਮ ਸ਼ਰੀਰਕ ਸੁੰਦ੍ਰਤਾ, ਉਨ੍ਹਾਂ ਦਾ ਚਿੱਟਾ ਬਾਜ਼, ਉਨ੍ਹਾਂ ਦਾ ਨੀਲਾ
ਘੋੜਾ, ਉਸਦੀ ਸੋਹਣੀ ਕਲਗੀ, ਉਸਦੇ ਰਣਜੀਤ ਨਗਾਰੇ, ਉਸਦੀਆਂ ਜਰਨੈਲਾਂ ਵਰਗੀਆਂ ਬੇ-ਪ੍ਰਵਾਹ
ਸ਼ਾਨਾਂ ਭਾਵੇਂ ਕਈਆਂ ਦੇ ਦਿਲਾਂ ਵਿਚ ਖੌਫ ਪੈਦਾ ਕਰਦੇ ਹਨ, ਪਰ ਉਨ੍ਹਾਂ ਦੇ ਸਿੱਖ ਦੇ ਮਨ
ਵਿਚ ਇਸ ਅਸੀਮ ਸਥੂਲ ਸੁੰਦ੍ਰਤਾ ਲਈ ਬੇਸ਼ੁਮਾਰ ਖਿੱਚ ਪੈਦਾ ਕਰਦੇ ਹਨ। ਗੰਗਾ ਦੇ ਕਿਨਾਰੇ
ਖੇਡ੍ਹਦਾ ਉਹ ਸੇਵਕਾਂ ਵਾਸਤੇ ਜਮੁਨਾ ਕਿਨਾਰੇ ਗੋਪੀਆਂ ਨਾਲ ਕੇਲ ਕਰਨ ਵਾਲਾ ਕ੍ਰਿਸ਼ਨ ਹੀ
ਹੈ। ਇਨ੍ਹਾਂ ਅਰਥਾਂ ਵਿਚ ਹੀ ਉਹ ਬਚਿੱਤ੍ਰ ਨਾਟਕ ਦਾ ‘ਸਿਆਮ-ਕਵਿ’ ਹੈ। ਗੁਰੂ ਨਾਨਕ ਦੇਵ
ਜੀ ਨਾਲੋਂ ਗੁਰੂ ਅੰਗਦ ਸਿੱਖਾਂ ਦੇ ਹੋਰ ਨੇੜੇ ਜਾਪਦੇ ਹਨ ਕਿਉਂ ਜੁ ਉਹ ਗੁਰੂ ਹੋਣ ਦੇ
ਨਾਲ ਨਾਲ ਸਿੱਖ ਵੀ ਹੈ। ਉਨ੍ਹਾਂ ਦੇ ਗੁਰੂ ਹੋਣ ਦੀਆਂ ਸਾਖੀਆਂ ਸਾਨੂੰ ਉਤਨੀਆਂ ਯਾਦ ਨਹੀਂ
ਜਿੰਨੀਆਂ ਸਿੱਖ ਹੋਣ ਦੀਆਂ। ਸੋ, ਦੂਜੇ ਰੂਪ ਵਿਚ ਗੁਰੂ ਨਾਨਕ ਸਾਡੇ ਹੋਰ ਜ਼ਿਆਦਾ ਨੇੜੇ ਹੈ
ਅਤੇ ਦਸਵੇਂ ਰੂਪ ਵਿਚ ਉਹ ਸਾਡੇ ਬਿਲਕੁੱਲ ਨਾਲ ਇਸ ਤਰ੍ਹਾਂ ਖੜ੍ਹਾ ਹੈ –‘ਸਾਜਨੜਾ ਮੇਰਾ
ਸਾਜਨੜਾ ਨਿਕਟਿ ਖਲੋਇਅੜਾ ਮੇਰਾ ਸਾਜਨੜਾ’॥
ਜੇ ਜੀਵਨ ਦੀ ਹਰ ਨੀਚਾਈ ਨੂੰ ਗੁਰੂ ਦੀ ਛੋਹ ਨਾ ਮਿਲੇ ਤਾਂ
ਸਿੱਖ ਨੂੰ ਜੀਵਨ ਦੀ ਪੂਰਨਤਾ ਕਿੱਥੋਂ ਪ੍ਰਾਪਤ ਹੋਵੇਗੀ? ਇਹੋ ਕਾਰਨ ਹੈ ਕਿ ਸਿੱਖ ਦਾ
ਚਿੱਤ ਗੁਰੂ ਗ੍ਰੰਥ ਸਾਹਿਬ ਵਿਚ ਲੀਨ ਹੈ, ਪਰ ਉਸਦੇ ਹਿਰਦੇ ਵਿਚ ਜਾਪੁ ਸਾਹਿਬ, ਅਕਾਲ
ਉਸਤਤਿ, ਚੰਡੀ ਦੀ ਵਾਰ ਦਾ ਸਨੇਹ ਹੈ।
ਦਸਮ ਗ੍ਰੰਥ ਦਾ ਵੱਡਾ ਭਾਗ ‘ਬਚਿੱਤ੍ਰ ਨਾਟਕ’ ਸਿਰਲੇਖ ਅਧੀਨ
ਆਈਆਂ ਬਾਣੀਆਂ ਨੇ ਘੇਰਿਆ ਹੋਇਆ ਹੈ। ਆਮ ਤੌਰ ਤੇ ‘ਬਚਿੱਤ੍ਰ ਨਾਟਕ’ ਗੁਰੂ ਜੀ ਦੀ ਆਤਮ
ਕਥਾ ਕਹੀ ਜਾਣ ਵਾਲੀ ਬਾਣੀ ਨੂੰ ਹੀ ਮੰਨਿਆਂ ਜਾਂਦਾ ਹੈ, ਜਦੋਂ ਕਿ ਹਕੀਕਤਨ ਆਤਮ-ਕਥਾ
ਸਮੇਤ ‘ਚੰਡੀ ਚਰਿੱਤ੍ਰ' ਅਤੇ ‘ਚੌਬੀਸ ਅਵਤਾਰ’ ਦੀਆਂ ਸਾਰੀਆਂ ਬਾਣੀਆਂ ‘ਬਚਿੱਤ੍ਰ ਨਾਟਕ’
ਦਾ ਹੀ ਹਿੱਸਾ ਹਨ। ਬਚਿੱਤ੍ਰ ਨਾਟਕ ਸਿਰਲੇਖ ਇਸ ਗੱਲ ਦਾ ਪ੍ਰਤੀਕ ਹੈ ਕਿ ਇਹ ਬਾਣੀਆਂ
ਦੈਵੀ-ਕੌਤਕਾਂ ਨੂੰ ਅਜੀਬ ਨਾਟਕ ਦੇ ਰੂਪ ਵਿਚ ਪ੍ਰਸਤੁਤ ਕਰਦੀਆਂ ਹਨ ਕਿਉਂਕਿ ਨਾਟਕ ਦੇ
ਪਾਤਰ, ਸਥਾਨ ਆਦਿ ਕਾਲਪਨਿਕ ਹੁੰਦੇ ਹਨ, ਇਸ ਕਰਕੇ ਇਨ੍ਹਾਂ ਰਚਨਾਵਾਂ ਵਿਚ ਆਈਆਂ ਘਟਨਾਵਾਂ
ਨੂੰ ਹੂ-ਬਹੂ ਮੰਨਣਾ ਅਗਿਆਨ ਹੈ ਅਤੇ ਇਸੇ ਅਗਿਆਨ ਦੇ ਅਧੀਨ ਅਸੀਂ ਹੇਮਕੁੰਟ ਸੰਬੰਧੀ
ਆਪਣੀਆਂ ਧਾਰਨਾਵਾਂ ਬਣਾ ਲਈਆਂ ਹਨ। ਗੁਰੂ ਜੀ ਨੇ ਧਰਮ-ਯੁੱਧ ਦਾ ਚਾਅ ਪੈਦਾ ਕਰਨ ਵਾਸਤੇ
ਕੁੱਝ ਨਾਟਕੀ ਘਟਨਾਵਾਂ ਸਿਰਜਿਤ ਕੀਤੀਆਂ ਜੋ ਅਸੀਂ ਅੱਖਰ ਅੱਖਰ ਸੱਚ ਸਵੀਕਾਰ ਕਰ ਲੈਣ ਦੀ
ਗਲਤੀ ਕਰ ਰਹੇ ਹਾਂ। ਗੁਰੂ ਜੀ ਦੁਆਰਾ ਰਚੇ ਨਾਟਕ ਨੂੰ ਸਾਡੇ ਅਲਪ-ਵਿਵੇਕ ਨੇ ਗ੍ਰਹਿਣ
ਨਹੀਂ ਕੀਤਾ, ਕਾਰਨ ਅਸੀਂ ਉਪਰ ਦੱਸ ਆਏ ਹਾਂ ਕਿ ਮਹਾਂਪੁਰਖਾਂ ਦੇ ਕੌਤਕ ਸਮਝਣੇ ਹੋਰ ਵੀ
ਔਖੇ ਹਨ। ਅਜਿਹੇ ਹਰ ਕੌਤਕ ਦੀ ਹਰ ਸਮੇਂ ਵਿਚ ਵੱਖਰੀ ਵਿਆਖਿਆ ਅਤੇ ਵੱਖਰੀ ਸਾਰਥਕਤਾ
ਹੁੰਦੀ ਹੈ ਜੋ ਹਰ ਸਮੇਂ ਵਿਚ ਨਵੀਨ-ਵਿਵੇਕ ਨਾਲ ਸਮਝਣੀ ਪੈਂਦੀ ਹੈ ਅਤੇ ਇਸ ਵਿਕਾਸਵਾਦੀ
ਨਵੀਨ-ਵਿਵੇਕ ਦੀ ਸਾਡੀ ਕੌਮ ਵਿਚ ਘਾਟ ਸੰਬੰਧੀ ਕੋਈ ਦੁਚਿੱਤੀ ਨਹੀਂ ਹੈ। ਜਾਂ ਤਾਂ ਲੋਕ
ਨਾਟਕ ਨੂੰ ਅੱਖਰ ਅੱਖਰ ਇਤਿਹਾਸ ਮੰਨਣ ਦੀ ਗਲਤੀ ਕਰ ਰਹੇ ਹਨ, ਜਾਂ ਫਿਰ ਸਮਝ ਨਾਂ ਆਉਣ
ਕਰਕੇ ਮੂਲੋਂ ਤਿਆਗ ਕਰਨ ਲਈ ਪ੍ਰਾਣਾਂ ਦੀ ਬਾਜ਼ੀ ਲਗਾਈ ਬੈਠੇ ਹਨ।
.......................(ਚਲਦਾ)
|