060104_krishaavtar1_100.jpg (2749 bytes)ਕ੍ਰਿਸ਼ਨਾਵਤਾਰ ਦਾ ਖੜਗ ਸਿੰਘ (2)
- ਡਾ.ਹਰਭਜਨ ਸਿੰਘ ਪਟਿਆਲਾ

‘ਚਉਬੀਸ ਅਵਤਾਰ’ ਗ੍ਰੰਥ ਵਿਚੋਂ ‘ਕ੍ਰਿਸ਼ਨਾਵਤਾਰ’ ਬਾਣੀ ‘ਬਚਿੱਤ੍ਰ ਨਾਟਕ’ ਦੇ ਮੁੱਖ ਸਿਰਲੇਖ ਹੇਠ ਇਕ ਲੰਬੀ ਬਾਣੀ ਹੈ, ਜਿਸਦੇ  ਕੁਲ ਬੰਦ 2492 ਹਨ। ਇਸ ਬਾਣੀ ਵਿਚ ਹੀ ਇਸਦਾ ਰਚਨਾ-ਸਥਾਨ ਪਾਉਂਟਾ ਸਾਹਿਬ ਅਤੇ ਰਚਨਾ-ਕਾਲ ਸਾਵਣ ਸੁਦੀ 7, 1745 (24 ਜੁਲਾਈ 1688) ਲਿਖਿਆ ਹੋਇਆ ਹੈ। ਇਸਦਾ ਪ੍ਰਯੋਜਨ ਦੱਸਦਿਆਂ ਗੁਰੂ ਜੀ ਨੇ ਲਿਖਿਆ ਹੈ:

ਦਸਮ ਕਥਾ ਭਗੌਤ ਕੀ ਭਾਖਾ ਕਰੀ ਬਨਾਇ॥
ਅਵਰ ਬਾਸਨਾ ਨਾਹਿ ਪ੍ਰਭ ਧਰਮ ਯੁਧ ਕੈ ਚਾਇ॥

ਪਰ ਭਾਗਵਤ ਪੁਰਾਣ ਦੀ ਇਹ ਕਥਾ ਆਪਣੇ ਪੌਰਾਣਿਕ ਸਰੂਪ ਤੋਂ ਬਿਲਕੁੱਲ ਭਿੰਨ ਹੈ। ਇਥੇ ਇਹ ਗੱਲ ਵੀ ਸਪਸ਼ਟ ਕਰ ਲਈਏ ਕਿ ਜੇ ਇਹ ਰਚਨਾ ਕਿਸੇ ਹੋਰ ਵਿਅਕਤੀ, ਵਿਸ਼ੇਸ਼ ਤੌਰ ਤੇ ਬ੍ਰਾਹਮਣਵਾਦੀ ਰੁਚੀਆਂ ਵਾਲੇ ਵਿਅਕਤੀ ਨੇ ਕੀਤੀ ਹੁੰਦੀ, ਤਾਂ ਉਸ ਨੇ ਇਸਦਾ ਪੌਰਾਣਿਕ ਸਰੂਪ ਕਾਇਮ ਰੱਖਣ ਦੀ ਭਰਪੂਰ ਚੇਸ਼ਟਾ ਕਰਨੀ ਸੀ, ਜਦੋਂ ਕਿ ਇਹ ਰਚਨਾ ਹਰ ਮੋੜ ਤੇ ਪੌਰਾਣਿਕ ਬੰਧਨਾ ਤੋਂ ਆਜ਼ਾਦ ਹੋਣ ਵੱਲ ਰੁਚਿਤ ਹੈ। ਰਚਨਾ ਵਿਚ ਵਾਰ ਵਾਰ ਰਾਮ ਤੇ ਸਿਆਮ ਕਵਿ-ਨਾਮ ਆਉਂਦੇ ਹਨ, ਜਿਸ ਤੋਂ ਆਮ ਤੌਰ ਤੇ ਇਹ ਅੰਦਾਜ਼ਾ ਲਗਾ ਲਿਆ ਜਾਂਦਾ ਹੈ ਕਿ ਇਹ ਰਾਮ ਤੇ ਸਿਆਮ ਦੇ ਦੋ ਕਵੀਆਂ ਨੇ ਰਚੀ ਹੋਵੇਗੀ, ਪਰ ਰਚਨਾ ਕੇਵਲ ਇਕ ਲਿਖਾਰੀ ਦੀ ਹੈ। ਜੇ ਦੋ ਲਿਖਾਰੀ ਰਚਨਾ ਕਰਦੇ ਤਾਂ ਉਹ ਇਸ ਰਚਨਾ ਦੇ ਹਿੱਸੇ ਆਪਸ ਵਿਚ ਵੰਡ ਲੈਂਦੇ, ਪਰ ਇਥੇ ਇਕ ਪਦ ਰਾਮ ਦਾ ਲਿਖਿਆ ਹੈ, ਤਾਂ ਅਗਲਾ ਸਿਆਮ ਦਾ ਲਿਖਿਆ ਹੋਇਆ ਹੈ। ਪਰ ਕਥਾ ਦੇ ਵਰਨਣ ਵਿਚ ਕਿਤੇ ਅਟਕਾਅ ਨਹੀਂ। ਸਭ ਸ਼ੈਲੀ ਬੋਲੀ ਇੱਕੋ ਜਿਹੀ ਹੈ, ਜਿਸਤੋਂ ਹੈਰਾਨ ਹੋਇਆ ਸ਼ਮਸ਼ੇਰ ਸਿੰਘ ‘ਅਸ਼ੋਕ’ ਲਿਖਦਾ ਹੈ ਕਿ ਇੰਨ੍ਹਾਂ ਕਵੀਆਂ ਦੀ ਰਚਨਾ ਵਿਚ ਸਮਾਨਤਾ ਇਸ ਪੱਧਰ ਤੱਕ ਹੈ ਕਿ ਦੋਹਾਂ ਦੀ ਰਚਨਾ ਨੂੰ ਵੱਖ ਵੱਖ ਕਰਨਾ ਮੁਸ਼ਕਿਲ ਜਾਪਦਾ ਹੈ, ਪਰ ਵੱਖ ਕਰਨਾ ਤਾਂ ਹੀ ਸੰਭਵ ਹੁੰਦਾ ਜੇ ਕਵੀ ਦੋ ਹੁੰਦੇ। ਅਸਲ ਵਿਚ ਰਾਮ ਤੇ ਸਿਆਮ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਨਾਟਕੀ ਨਾਮ ਹਨ, ਜੋ ਕਿਸੇ ਪ੍ਰੀਵਾਰਕ ਮਜ਼ਬੂਰੀ ਕਰਕੇ ਕਿਸੇ ਵੱਲੋਂ ਦਿੱਤੇ ਹੋਏ ਨਾਮ ਨਹੀਂ। ਹਕੀਕਤਨ ਉਹ ਸੰਦੇਸ਼ ਦੇਣਾ ਚਾਹੁੰਦੇ ਹਨ ਕਿ ਜਿਵੇਂ ਤ੍ਰੇਤੇ ਵਿਚ ਰਾਮ ਨੇ ਰਾਵਣ ਦਾ ਬਧ ਕੀਤਾ ਸੀ ਅਤੇ ਦੁਆਪਰ ਵਿਚ ਸਿਆਮ ਨੇ ਕੰਸ ਜਿਹੇ ਕਈ ਅਸੁਰਾਂ ਨੂੰ ਸੋਧਿਆ ਸੀ। ਇਸੇ ਤਰ੍ਹਾਂ ਉਹ ਇਸ ਕਾਲ ਦੇ ਅਸੁਰ ਜੋ ਰਾਵਣ ਤੇ ਕੰਸ ਦੋਹਾਂ ਦੇ ਦੁਰਗੁਣਾ ਦਾ ਸੰਯੁਕਤ ਰੂਪ ਹੈ, ਉਸ ਨੂੰ ਰਾਮ, ਕ੍ਰਿਸ਼ਨ ਆਦਿ ਸਮਸਤ ਅਵਤਾਰਾਂ ਦੀ ਸਮਰੱਥਾ ਨਾਲ ਭਰਪੂਰ ਹੋਕੇ ਸੋਧਣ ਆਏ ਹਨ, ਗੁਰੂ ਗ੍ਰੰਥ ਸਾਹਿਬ ਦੇ ਨਿਮਨਾਂਕਿਤ ਬਚਨ ਵੀ ਗੁਰੂ ਪ੍ਰਤੀ ਇਸੇ ਦ੍ਰਿਸ਼ਟੀਕੋਣ ਦੀ ਪ੍ਰਸਤੁਤੀ ਹੈ:

ਸਤਿਯੁਗ ਤੈ ਮਾਣਿਓ ਛਲਿਓ ਬਲਿ ਬਾਵਨ ਭਾਇਓ॥
ਤ੍ਰੇਤੈ ਤੈ ਮਾਣਿਓ ਰਾਮੁ ਰਘੁਵੰਸ ਕਹਾਇਓ॥
ਦੁਆਪਰਿ ਕ੍ਰਿਸਨ ਮੁਰਾਰਿ ਕੰਸੁ ਕਿਰਤਾਰਥ ਕੀਓ॥
ਉਗ੍ਰਸੈਣ ਕਉ ਰਾਜੁ ਅਭੈ ਭਗਤਹ ਜਨ ਦੀਓ॥
ਕਲਿਜੁਗਿ ਪ੍ਰਮਾਣੁ ਨਾਨਕ ਗੁਰੁ ਅੰਗਦੁ ਅਮਰੁ ਕਹਾਇਓ॥
ਸ੍ਰੀ ਗੁਰੁ ਰਾਜੁ ਅਬਿਚਲੁ ਅਟਲੁ ਆਦਿ ਪੁਰਖਿ ਫੁਰਮਾਇਓ॥

ਕ੍ਰਿਸ਼ਨਾਵਤਾਰ ਵਿਚ ਦੋ ਨਾਟਕੀ ਨਾਵਾਂ ਵਾਲੇ ਅਜਾਇਬ ਖਾਨ ਤੇ ਗੈਰਤ ਖਾਨ ਜੋ ਮੁਸਲਮਾਨ ਹਨ, ਸ੍ਰੀ ਕ੍ਰਿਸ਼ਨ ਦੇ ਹਿਮਾਇਤੀ ਹਨ। ਬਚਿੱਤ੍ਰ ਨਾਟਕ ਦੀ ਧਾਰਨਾ ਅਨੁਸਾਰ ‘ਅਜਾਇਬ’ ਦਾ ਅਰਥ ਹੀ ਵਿਚਿਤ੍ਰ ਹੈ, ਕਿਉਂਕਿ ਉਸ ਸਮੇਂ ਇਸਲਾਮ ਦਾ ਅਜੇ ਉਦਗਮ ਹੀ ਨਹੀਂ ਸੀ ਹੋਇਆ, ਇਸ ਕਰਕੇ ਕ੍ਰਿਸ਼ਨ ਦਾ ਮੱਦਦਗਾਰ ਕੋਈ ਵਿਚਿਤ੍ਰ ਮੁਸਲਮਾਨ ਹੀ ਹੋ ਸਕਦਾ ਹੈ। ਇਹ ਬਿਚਿਤ੍ਰ ਮੁਸਲਮਾਨ ਗੈਰਤਮੰਦ ਖਾਨ ਹਨ, ਜੋ ਧਰਮ ਦਾ ਸਾਥ ਦੇਣ ਵਾਸਤੇ ਸ੍ਰੀ ਕ੍ਰਿਸ਼ਨ ਦੇ ਨਾਲ ਹਨ। ਇੱਥੇ ਇਹ ਯਾਦ ਰਹੇ ਕਿ ਪਉਂਟਾ ਸਾਹਿਬ ਵਿਖੇ ਵਕਤ ਦੇ ‘ਰਾਮ-ਸਿਆਮ’ ਦੀ ਸੈਨਾ ਵਿਚ ਵੀ ਕੁੱਝ ‘ਗੈਰਤਮੰਦ’ ਖਾਨ ਸ਼ਾਮਲ ਸਨ ਅਤੇ ਅਜਿਹੇ ਗੈਰਤਮੰਦਾਂ ਦਾ ਸਿਰਦਾਰ ਪੀਰ ਬੁੱਧੂ ਸ਼ਾਹ ਸੀ ਜੋ ਪਾਉਂਟੇ ਗੁਰੂ ਦਰਸ਼ਨਾਂ ਲਈ ਅਕਸਰ ਆਉਂਦਾ ਸੀ। ਗੁਰੂ ਸਾਹਿਬ ਨਾਲ ਉਸਦਾ ਸਿਆਸੀ ਗਠਜੋੜ ਨਹੀਂ, ਧਰਮ ਆਧਾਰਿਤ ਗਠਜੋੜ ਹੈ, ਜਿਸ ਨੂੰ ਅਜੀਬ ਕਿਸਮ ਦੇ ਗੈਰਤ ਖਾਨ ਦਾ ਰੂਪ ਦਿੱਤਾ ਹੈ ਕਿਉਂਕਿ ਗੁਰੂ ਜੀ ਦਾ ਸਾਥ ਦੇਣ ਵਾਲੇ ਮੁਸਲਮਾਨ ਬਾਰੇ ਲੋਕ-ਧਾਰਨਾਂ ਕੇਵਲ ਇਹ ਹੋ ਸਕਦੀ ਹੈ ਕਿ ‘ਇਹ ਅਜੀਬ ਮੁਸਲਮਾਨ ਹੈ, ਪਰ ਗੁਰੂ ਦੀ ਦ੍ਰਿਸ਼ਟੀ ਵਿਚ ਉਹ ਗੈਰਤਮੰਦ ਹੈ, ਜੋ ਅਧਰਮ ਵਿਰੁੱਧ ਧਰਮ ਦਾ ਸਾਥ ਦੇ ਰਿਹਾ ਹੈ’। ਇਥੇ ਇਹ ਯਾਦ ਰਹੇ ਕਿ ਕ੍ਰਿਸ਼ਨਾਵਤਾਰ ਵਿਚ ਇਕ ਪਾਸੇ ਗੁਰੂ ਜੀ ਆਪਣੇ ਆਪ ਨੂੰ ਸਿਆਮ ਲਿਖਦੇ ਹਨ, ਤਾਂ ਨਾਲ ਹੀ ਕ੍ਰਿਸ਼ਨ ਦੇ ਔਗੁਣ ਦੱਸ ਕੇ ਸਪਸ਼ਟ ਕਰ ਦਿੰਦੇ ਹਨ, ਕਿ ਸਿਆਮ ਕਹਿਣ ਤੋਂ ਉਨ੍ਹਾਂ ਦਾ ਸੀਮਤ ਪ੍ਰਯੋਜਨ ਹੈ, ਅਤੇ ਵਾਸਤਵ ਵਿਚ ਕਿਸ਼ਨ-ਭਗਤ ਬ੍ਰਾਹਮਣੀਕਲ ਸਮਾਜ ਵਿਰੁੱਧ ਵੀ ਖੜਗ ਸਿੰਘ ਦੇ ਰੂਪ ਵਿਚ ਸਿੱਖਾਂ ਨੇ ਸੰਘਰਸ਼ ਕਰਨਾਂ ਹੈ। ਜਰਾਸੰਧ ਤੇ ਕ੍ਰਿਸ਼ਨ ਦੇ ਯੁੱਧ ਵਿਚ ਪਹਿਲੀ ਵਿਸ਼ੇਸ਼ ਗੱਲ ਧਿਆਨ ਦੇਣ ਵਾਲੀ ਇਹ ਹੈ ਕਿ ਸ੍ਰੀ ਕ੍ਰਿਸ਼ਨ ਨਾਲ ਲੜਨ ਵਾਸਤੇ ਪੰਜ ਵਿਅਕਤੀ ‘ਸਿੰਘ’ ਨਾਮ ਵਾਲੇ ਆਉਂਦੇ ਹਨ, ਉਦਾਹਰਣਾਰਥ,

ਸ੍ਰੀ ਨਰ ਸਿੰਘ ਬਲੀ ਗਜ ਸਿੰਘ ਚਲਯੋ ਧਨ ਸਿੰਘ ਸਰਾਸਨ ਲੈ॥
ਹਰੀ ਸਿੰਘ ਬਡੋ ਰਨ ਸਿੰਘ ਨਰੇਸ ਤਹਾ ਕੋ ਚਲਿਯੋ ਦਿਜ ਕੋ ਧਨ ਦੈ॥
…(1088)

ਇੰਨ੍ਹਾਂ ਪੰਜਾਂ ਦੇ ਮਰ ਮਿਟਣ ਤੇ ਫਿਰ ਅਮਿਤ ਸਿੰਘ, ਅਣਗ ਸਿੰਘ, ਅਮਰ ਸਿੰਘ, ਅਚਲ ਸਿੰਘ, ਅਨਘ ਸਿੰਘ ਪੰਜ ਹੋਰ ਯੁੱਧ ਭੂਮੀ ਵਿਚ ਨਿੱਤਰਦੇ ਹਨ ਅਤੇ ਜਦੋਂ ਉਹ ਵੀ ਬੀਰ-ਗਤੀ ਪ੍ਰਾਪਤ ਕਰ ਜਾਂਦੇ ਹਨ ਤਾਂ ਪੰਜ ਹੋਰ ਧੂਮ ਸਿੰਘ, ਧੁਜ ਸਿੰਘ, ਮਨਿ ਸਿੰਘ, ਧਉਲ ਸਿੰਘ, ਧਰਾਤਲ ਸਿੰਘ ਲੜਨ ਲਈ ਕ੍ਰਿਸ਼ਨ ਦੇ ਸਾਹਮਣੇ ਆਉਂਦੇ ਹਨ। ਕੀ ਪੰਜਾਂ ਦਾ ਵਾਰ-ਵਾਰ ਇਹ ਵਰਨਣ ਇਸ ਪਾਸੇ ਸੰਕੇਤ ਤਾਂ ਨਹੀਂ ਕਰਦਾ ਕਿ ਪਾਉਂਟਾ ਸਹਿਬ ਵਿਖੇ ਵਿਚਰਨ ਸਮੇਂ ਗੁਰੂ ਜੀ ਦੇ ਚਿੱਤ ਵਿਚ ਪੰਚ-ਪ੍ਰਧਾਨੀ ਖਾਲਸਈ ਵਿਵਸਥਾ ਦਾ ਸੰਕਲਪ ਜਨਮ ਲੈ ਚੁੱਕਾ ਸੀ? ਇਕ ਚੀਜ਼ ਹੋਰ ਜੋ ਸਾਹਮਣੇ ਆ ਰਹੀ ਹੈ, ਉਹ ਹੈ ਸਿੰਘ ਪਦ ਨੂੰ ਪ੍ਰਚੱਲਤ ਕਰਨ ਦੀ ਪ੍ਰਬਲ ਰੁਚੀ ਤੇ ਸਿੰਘ ਨਾਵਾਂ ਵਾਲੇ ਕਾਲਪਨਿਕ ਵਿਅਕਤੀਆਂ ਨੂੰ ਬਹਾਦਰੀ ਨਾਲ ਜੋੜਨ ਦਾ ਯਤਨ। ਅਣਗ ਸਿੰਘ ਨੂੰ ਮਾਰਨ ਵਾਸਤੇ ਛੇ ਸੂਰਬੀਰਾਂ ਦੀ ਜ਼ਰੂਰਤ ਪੈਂਦੀ ਹੈ, ਜਿਸਦਾ ਸੂਖਮ ਭਾਵ ਹੈ ਸਿੰਘ ਨਾਮ ਨੂੰ ਸੂਰਬੀਰਤਾ ਨਾਲ ਸਬੰਧਿਤ ਕਰਨਾਂ। ਇਕ ਹੋਰ ਰੁਚੀ ਪ੍ਰਵੇਸ਼ ਕਰਦੀ ਹੈ, ਉਹ ਹੈ ‘ਸਿੰਘ’ ਨਾਵਾਂ ਨੂੰ ਖੂਬਸੂਰਤੀ ਪ੍ਰਦਾਨ ਕਰਨਾ। ‘ਸਿੰਘ’ ਨਾਮ ਰਾਜਪੂਤਾਂ ਵਿਚ ਪ੍ਰਚੱਲਤ ਸੀ। ਗੁਰੂ ਜੀ ਦੇ ਸਿੰਘ ਦੀ ਘਾੜਤ ਬਹਾਦਰੀ ਅਤੇ ਸੁੰਦ੍ਰਤਾ ਦਾ ਸੁਮੇਲ ਹੋਣੀ ਸੀ, ਇਸ ਕਰਕੇ ਸਿੰਘਾਂ ਦੇ ਸੋਹਣੇ ਨਾਮ ਕਥਾ ਵਿਚ ਪ੍ਰਵੇਸ਼ ਕਰ ਜਾਂਦੇ ਹਨ, ਜਿਵੇਂ ਕਿ ਸਾਹਿਬ ਸਿੰਘ, ਸਦਾ ਸਿੰਘ, ਸੁੰਦਰ ਸਿੰਘ, ਸਾਜਨ ਸਿੰਘ, ਸਫਲ ਸਿੰਘ, ਸਕਤਿ ਸਿੰਘ, ਸਵਛ ਸਿੰਘ। ਜਾਪਦਾ ਹੈ ਕਿ ਇਸ ਸਵਛ ਸਿੰਘ ਦੇ ਸੰਕਲਪ ਨੇ ਹੀ ਅੱਗੇ ਪਵਿੱਤ੍ਰ ਜੀਵਨ ਵਾਲੇ ਖਾਲਸੇ ਦਾ ਰੂਪ ਧਾਰਨ ਕਰਨਾ ਸੀ। ਪੰਜ ਸਿੰਘ ਨਾਮ ਕਥਾ ਵਿਚ ਵਾਰ-ਵਾਰ ਦੁਹਰਾਏ ਗਏ ਹਨ, ਜਿੰਨ੍ਹਾਂ ਦਾ ਖਾਲਸਾ ਸਿਰਜਨਾ ਦੇ ਸੰਬੰਧ ਵਿਚ ਇਕ ਨਿਸਚਿਤ ਪ੍ਰਯੋਜਨ ਸਮਝਣ ਦੀ ਲੋੜ ਹੈ।

ਯੁੱਧ ਭੂਮੀ ਵਿਚ ਵੀ ਧਰਮੀਆਂ ਅਤੇ ਅਧਰਮੀਆਂ ਦਾ ਵਿਵਹਾਰ ਵੱਖ ਵੱਖ ਹੈ। ਸ਼ਾਂਤ-ਚਿੱਤ ਧਰਮੀ, ਸ਼ਸਤ੍ਰਾਂ ਦਾ ਵਾਰ ਕਰਦਿਆਂ ਕ੍ਰੋਧ-ਮੁਕਤ ਹੋਕੇ ਜ਼ੁਬਾਨ ਤੋਂ ਉਸ ਪ੍ਰਮੇਸ਼ਰ ਦਾ ਨਾਮ ਜਪਦੇ ਹਨ ਜੋ ਸਾਹਮਣੇ ਖੜੋਤੇ ਦੁਸ਼ਮਣ ਵਿਚ ਵੀ ਰਮਿਆ ਹੋਇਆ ਹੈ, ਜਦੋਂ ਕਿ ਅਧਰਮੀ ਕ੍ਰੋਧ ਵਿਚ ਮਾਰ ਦਿਓ, ਮਾਰ ਦਿਓ ਹੀ ਉਚਾਰਦੇ ਹਨ:

ਇਕ ਰਾਮ ਹੀ ਰਾਮ ਕਹੈਂ ਮੁਖਿ ਤੇ ਇਕੁ ਮਾਰੁ ਹੀ ਮਾਰੁ ਇਹੈ ਉਚਰੈ॥…(1191)

ਕ੍ਰਿਸ਼ਨਾਵਤਾਰ ਦਾ ਇਕ ਵੱਡਾ ਹਿੱਸਾ ਸੂਰਬੀਰ ਖੜਗ ਸਿੰਘ ਨੂੰ ਸਮਰਪਿਤ ਹੈ, ਜਿਸਨੂੰ ਸ੍ਰੀ ਖੜਗੇਸ ਵੀ ਕਿਹਾ ਹੈ। ਇਹ ਪ੍ਰਸੰਗ ਕ੍ਰਿਸ਼ਨਾਵਤਾਰ ਦੇ ਪਦ 1370 ਤੋਂ 1717 ਤੱਕ ਚੱਲਦਾ ਹੈ। ਉਸਦੀ ਸੂਰਬੀਰਤਾ ਕ੍ਰਿਸ਼ਨਾਵਤਾਰ ਵਿਚ ਇਸ ਤਰ੍ਹਾਂ ਛਾਈ ਹੋਈ ਹੈ ਕਿ ਜਿਵੇਂ ਖੜਗ ਸਿੰਘ ਦੀ ਅਸੀਮ ਬਹਾਦਰੀ ਨੂੰ ਪ੍ਰਸਤੁਤ ਕਰਨਾਂ ਇਸ ਰਚਨਾ ਦਾ ਮੂਲ ਪ੍ਰਯੋਜਨ ਹੋਵੇ, ਜਾਂ ਖੜਗਧਾਰੀ ਸਿੰਘਾਂ ਦੀ ਅਜਿਹੀ ਅਸੀਮ ਸੂਰਬੀਰਤਾ ਨੂੰ ਹੀ ਗੁਰੂ ਜੀ ਸਿਰਜਿਤ ਕਰਨਾ ਚਾਹੁੰਦੇ ਹਨ। ਖੜਗ ਸਿੰਘ ਕਿਉਂਕਿ ਕ੍ਰਿਸ਼ਨ ਦੇ ਵੇਲੇ ਕੋਈ ਵਿਅਕਤੀ ਹੈ ਹੀ ਨਹੀਂ ਸੀ, ਸੋ ਇਹ ਪੌਰਾਣਿਕ ਕਹਾਣੀ ਦੀ ਨਿਵੇਕਲੀ ਵਿਆਖਿਆ ਨਹੀਂ, ਬਲਕਿ ਇਕ ਨਵੀਂ ਪ੍ਰਸੰਗ ਸਿਰਜਨਾ ਹੈ ਜੋ ਗੁਰੂ ਜੀ ਦਾ ਹੀ ਨਿਸ਼ਾਨਾ ਹੋ ਸਕਦਾ ਹੈ। ਉਹ ਦੱਬੇ ਕੁਚਲੇ ਨਿਰਬਲ ਲੋਕਾਂ ਨੂੰ ਉਸ ਖੜਗ ਸਿੰਘ ਦਾ ਰੂਪ ਦੇਣਾ ਚਾਹੁੰਦੇ ਹਨ, ਜਿਸਦੀ ਬਹਾਦਰੀ ਅੱਗੇ ਸਭ ਦੇਵੀ ਦੇਵਤਿਆਂ ਦੇ ਸਿੰਘਾਸਣ ਡੋਲ ਜਾਣ। ਸ੍ਰੀ ਕ੍ਰਿਸ਼ਨ ਨਾਲ ਖੜਗ ਸਿੰਘ ਦਾ ਕੋਈ ਨਿੱਜੀ ਵਿਰੋਧ ਨਹੀਂ, ਜਿਵੇਂ ਗੁਰੂ ਤੇ ਗੁਰੂ ਦੇ ਸਿੱਖਾਂ ਦਾ ਔਰੰਗਜ਼ੇਬ ਨਾਲ ਨਿੱਜੀ ਵਿਰੋਧ ਨਹੀਂ। ਖੜਗ ਸਿੰਘ ਜਰਾਸੰਧ ਦਾ ਮਿੱਤ੍ਰ ਹੈ। ਜਰਾਸੰਧ ਦੀ ਧੀ ਨਾਲ ਜ਼ਿਆਦਤੀ ਹੋਈ ਅਤੇ ਖੜਗ ਸਿੰਘ ਜਰਾਸੰਧ ਦਾ ਉਸੇ ਤਰ੍ਹਾਂ ਦਾ ਮਿੱਤ੍ਰ ਹੈ, ਜਿਵੇਂ ਕਰਮਕਾਂਡੀ, ਜ਼ਾਤੀਵਾਦੀ, ਬੁੱਤ-ਪੂਜ ਹਿੰਦੂ ਭਾਵੇਂ ਧਰਮ ਦੇ ਰਾਹ ਤੋਂ ਦੂਰ ਸਨ, ਪਰ ਉਨ੍ਹਾਂ ਦੀ ਇੱਜ਼ਤ ਆਬਰੂ ਉਤੇ ਲਗਾਤਾਰ ਹੋ ਰਹੇ ਹਮਲਿਆਂ ਕਾਰਨ ਗੁਰੂ ਉਨ੍ਹਾਂ ਦਾ ਮਿੱਤ੍ਰ ਸੀ। ਉਹ ਉਨ੍ਹਾਂ ਦੇ ਧਰਮ ਦਾ ਸਮਰਥਕ ਨਹੀਂ, ਪਰ ਉਨ੍ਹਾਂ ਉਤੇ ਹੋ ਰਹੇ ਜ਼ੁਲਮ ਦਾ ਵਿਰੋਧੀ ਹੈ।ਜਰਾਸੰਧ ਨਾਲ ਖੜਗ ਸਿੰਘ ਦੀ ਮਿੱਤ੍ਰਤਾ ਸਬੰਧੀ ਕਿਹਾ ਹੈ:

ਤਿਹ ਭੂਪਤਿ ਕੋ ਮਿਤ੍ਰ ਇਕ ਖੜਗ ਸਿੰਘ ਤਿਹ ਨਾਮ॥
ਪੈਰੇ ਸਮਰ-ਸਮੁਦ੍ਰ ਬਹੁ ਮਹਾਰਥੀ ਬਲਧਾਮ॥
…(1370)

ਉਸ ਨਾਲ ਵੀ ਬੀਰ ਸਿੰਘ, ਗਵਨ ਸਿੰਘ, ਧਰਮ ਸਿੰਘ, ਭਵ ਸਿੰਘ ਇਹ ਚਾਰ ਹੋਰ ਰਾਜੇ ਹਨ, ਭਾਵ ਉਸ ਸਮੇਤ ਇਥੇ ਵੀ ਪੰਜ ਸੈਨਾ ਮੁਖੀ ਹਨ:

ਕਰੁੱਧਤ ਹ੍ਵੈ ਅਤਿ ਮਨ ਬਿਖੈ ਚਾਰ ਭੂਪ ਤਿਹ ਸਾਥ॥
ਜੁੱਧੁ ਕਰਨਿ ਹਰਿ ਸਿਉ ਚਲਯੋ ਅਮਿੱਤ ਸੈਨ ਲੈ ਸਾਥ॥…
(1371)

ਇੰਨ੍ਹਾਂ ਨੇ ਦਸ ਹਜ਼ਾਰ ਸਾਥੀਆਂ ਸਹਿਤ ਭਾਰੀ ਫੌਜ ਨਾਲ ਯਾਦਵਾਂ ਨੂੰ ਘੇਰ ਲਿਆ। ਸਿੰਘ ਦਾ ਮੁਕਾਬਲਾ ਸਿੰਘ ਹੀ ਕਰ ਸਕਦਾ ਹੈ। ਉਸ ਸਮੇਂ ਦੀ ਸਥਿਤੀ ਇਹੋ ਹੈ। ਜੇ ਕੁੱਝ ਅਣਖ ਵਾਲੇ ਭਾਰਤੀ ਲੋਕ ਮੁਗਲਾਂ ਨਾਲ ਸੰਘਰਸ਼ ਕਰ ਰਹੇ ਹਨ ਤਾਂ ਦੂਜੇ ਪਾਸੇ ਖੱਤ੍ਰੀ ਆਪਣਾ ਧਾਰਮਿਕ ਕਰਤੱਵ ਤਿਆਗ ਕੇ ਮੁਗਲਾਂ ਦੀ ਮੱਦਦ ਲਈ ਆਪਣੇ ਭਰਾਵਾਂ ਨਾਲ ਹੀ ਲੜ ਰਹੇ ਹਨ। ਇਹ ਭਾਵ ਹੈ ਦੋਹਾਂ ਪਾਸੇ ਸਿੰਘ ਨਾਵਾਂ ਦਾ। ਸੋ, ਕ੍ਰਿਸ਼ਨ ਵੱਲੋਂ ਵੀ ਸਿੰਘਾਂ ਦਾ ਮੁਕਾਬਲਾ ਕਰਨ ਵਾਸਤੇ ਸਰਸ ਸਿੰਘ, ਬੀਰ ਸਿੰਘ, ਮਹਾਂ ਸਿੰਘ, ਸਾਰ ਸਿੰਘ (ਭਾਵ ਸਰਬਲੋਹ ਸਿੰਘ) ਸਾਹਮਣੇ ਆਉਂਦੇ ਹਨ। ਸਾਰ ਸਿੰਘ ਦੇ ਰੂਪ ਵਿਚ ਇਥੇ ਸਰਬਲੋਹ ਦੀ ਵਿਸ਼ੇਸ਼ਤਾ ਸਿਰਜਿਤ ਕੀਤੀ ਗਈ ਹੈ, ਜੋ ਕੇਵਲ ਗੁਰੂ-ਚਿੱਤ ਵਿਚੋਂ ਆ ਸਕਦੀ ਹੈ। ਸਰਬਲੋਹ ਦੇ ਸ਼ਸਤ੍ਰਾਂ ਦੀ ਪਵਿੱਤ੍ਰਤਾ ਦਾ ਸਬਕ ਕੋਈ ਆਪਣੇ ਦੁਸ਼ਮਣ ਨੂੰ ਨਹੀਂ ਪੜ੍ਹਾ ਸਕਦਾ। ਦੁਸ਼ਮਣ ਤਾਂ ਸ਼ਸਤ੍ਰਹੀਣ ਕਰਨਾਂ ਚਾਹੁੰਦਾ ਹੈ। ਦਸਮ ਗ੍ਰੰਥ ਵਿਚ ਕੀਤੀ ਸ਼ਸਤਰਾਂ ਦੀ ਮਹਿਮਾ ਰਾਹੀਂ ਸਿੱਖਾਂ ਨੂੰ ਸ਼ਸ਼ਤ੍ਰਧਾਰੀ ਯੋਧੇ ਬਣਨ ਦੀ ਪ੍ਰੇਰਨਾ ਸਿੱਖਾਂ ਦੇ ਕਿਸੇ ਮਿੱਤ੍ਰ-ਪਿਆਰੇ ਦੀ ਹੋ ਸਕਦੀ ਹੈ, ਵੈਰੀ ਦੀ ਬਿਲਕੁੱਲ ਨਹੀਂ। ਵੈਰੀ ਕਿਉਂ ਚਾਹੇਗਾ ਕਿ ਉਸਦਾ ਵਿਰੋਧੀ ਸ਼ਸਤ੍ਰਧਾਰੀ ਸੂਰਮਾ ਹੋਵੇ। ਸਾਰ ਸਿੰਘ ਸਮੇਤ ਉਪਰੋਕਤ ਸਾਰਿਆਂ ਨੂੰ ਖੜਗ ਸਿੰਘ ਨੇ ਮਾਰ ਦਿੱਤਾ। ਸੂਰਤ ਸਿੰਘ, ਸੰਪੂਰਨ ਸਿੰਘ, ਬਰ ਸਿੰਘ, ਮਤਿ ਸਿੰਘ, ਵੀ ਜੂਝੇ, ਪਰ ਖੜਗ ਸਿੰਘ ਦੇ ਹੱਥੋਂ ਸਭ ਮਾਰੇ ਗਏ। ਯੁੱਧ ਵਿਚ ਉਸਦੀ ਫੁਰਤੀ ਦੇਖਣ ਵਾਲੀ ਹੈ:

ਖੜਗ ਸਿੰਘ ਅਤਿ ਲਰਤ ਹੈ ਰਸ ਰੁਦ੍ਰਹਿ ਅਨੁਰਾਗਿ॥
ਰਨ ਚੰਚਲਤਾ ਬਹੁਤ ਕਰਤ ਜਨ ਨਟੂਆ ਬਡਭਾਗਿ॥

ਇਥੇ ਹੀ ਰਚਨਾਕਾਰ ਸੰਸਾਰ ਵਿਚ ਚੱਲ ਰਹੇ ਸੰਘਰਸ਼ ਨੂੰ ਸੁਖਦ ਰੂਪ ਵਿਚ ਪੇਸ਼ ਕਰਦਾ ਹੈ। ਅਹਿੰਸਾਵਾਦੀ ਲੋਕ ਜਿੱਥੇ ਸੰਘਰਸ਼ ਤੋਂ ਬੇਮੁੱਖ ਹੋਕੇ ਇਸਦੀ ਬੁਰੀ ਤਸਵੀਰ ਪੇਸ਼ ਕਰਦੇ ਹਨ, ਉਥੇ ਸੰਘਰਸ਼ ਨੂੰ ਵਿਕਾਸਵਾਦੀ ਰੁਚੀਆਂ ਦਾ ਮੂਲ ਮੰਨ ਕੇ, ਇਸ ਨੂੰ ਸੁਭਾਵਿਕ ਸਮਝਣ ਵਾਲੇ ਲੋਕ, ਇਸਦੇ ਮਾੜੇ ਨਤੀਜਿਆਂ ਦੀ ਇੰਨੀ ਬੁਰੀ ਤਸਵੀਰ ਲੋਕਾਂ ਸਾਹਮਣੇ ਪੇਸ਼ ਨਹੀਂ ਕਰਦੇ ਕਿ ਬੁਰਾਈ ਵਿਰੱਧ ਜੂਝਣ ਦਾ ਉਤਸ਼ਾਹ ਹੀ ਖਤਮ ਹੋ ਜਾਵੇ। ਜੇ ਯੁੱਧ, ਮੌਤ ਦਾ ਤਾਂਡਵ ਹੈ ਤਾਂ ਇਹ ਵੀ ਸੱਚ ਹੈ ਕਿ ਧਰਮ-ਹਿੱਤ ਲੜਨ ਵਾਲੇ ਸੂਰਬੀਰਾਂ ਦਾ ਡੁੱਲ੍ਹਿਆ ਖੂਨ ਅਜਿਹਾ ਵਾਤਾਵਰਣ ਪੈਦਾ ਕਰਦਾ ਹੈ ਜਿਥੇ ਸਭ ਬੰਧਨਾ ਤੋਂ ਆਜ਼ਾਦ ਹੋਈ ਖਲਕਤ ਹੋਲੀ ਦਾ ਗੁਲਾਲ ਨਿਰਭੈ ਹੋਕੇ ਬਖੇਰ ਸਕੇ। ਇਸ ਕਰਕੇ ਗਿਆਨਵਾਨਾ ਲਈ ਸ਼ਹੀਦਾਂ ਦਾ ਖੁਨ ਹੀ ਗੁਲਾਲ ਬਣ ਜਾਂਦਾ ਹੈ:

ਬਾਨ ਚਲੇ ਤੇਈ ਕੁੰਕਮ ਮਾਨੋ ਮੂਠ ਗੁਲਾਲ ਕੀ ਸਾਂਗ ਪ੍ਰਹਾਰੀ॥
ਢਾਲ ਮਨੋ ਡਫ ਮਾਲ ਬਨੀ ਹਥ ਨਾਲ ਬੰਦੂਕ ਛੁਟੇ ਪਿਚਕਾਰੀ॥
ਸ੍ਰਉਨ ਭਰੇ ਪਟ ਬੀਰਨ ਕੇ ਉਪਮਾ ਜਨੁ ਘੋਰ ਕੈ ਕੇਸਰ ਡਾਰੀ॥
ਖੇਲਤ ਫਾਗੁ ਕਿ ਬੀਰ ਲਰੇ ਨਵਲਾਸੀ ਲੀਏ ਕਰਵਾਰ ਕਟਾਰੀ॥
(1385)

ਖੜਗ ਸਿੰਘ ਨਾਲ ਜੂਝਦੇ ਸ੍ਰੀ ਕ੍ਰਿਸ਼ਨ ਦੇ ਸਾਰੇ ਸੂਰਬੀਰ ਹਾਰ ਰਹੇ ਹਨ, ਉਹ ਨਿਰਾਸ਼ਾ ਅਤੇ ਗੁੱਸੇ ਵਿਚ ਸਾਰੇ ਸਮਰਥਕਾਂ ਨੂੰ ਵੰਗਾਰ ਕੇ ਕਹਿੰਦਾ ਹੈ ਕਿ ਸਾਰੀ ਸੈਨਾ ਵਿਚ ਕੌਣ ਅਜਿਹਾ ਸੂਰਬੀਰ ਹੈ ਜੋ ਖੜਗ ਸਿੰਘ ਦਾ ਮੁਕਾਬਲਾ ਕਰ ਸਕੇ? ਉਸ ਸਮੇਂ ਘਨ ਸਿੰਘ, ਘਾਤ ਸਿੰਘ, ਘਨੁਸਰ ਸਿੰਘ, ਘਮੰਡ ਸਿੰਘ ਨਿਕਲਦੇ ਹਨ। ਪਰ ਖੜਗ ਸਿੰਘ ਹੱਥੋਂ ਮਾਰੇ ਜਾਂਦੇ ਹਨ। ਇੱਥੇ ਨਾਵਾਂ ਵਿਚ ਬਦਸੂਰਤੀ ਆ ਗਈ ਹੈ, ਕਿਉਂਕਿ ਹਾਰ ਦੇਖ ਕੇ ਜੋ ਯੋਧਾ ਧੀਰਜ ਅਤੇ ਅਡੋਲਤਾ ਨੂੰ ਤਿਆਗ ਕੇ ਵਿਚਲਿਤ ਹੋ ਜਾਂਦਾ ਹੈ ਤਾਂ ਯੁੱਧ ਵਿਚ ਭ੍ਰਿਸ਼ਟ-ਵਿਵਹਾਰ ਆਉਣ ਦਾ ਸੰਦੇਹ ਬਣ ਜਾਂਦਾ ਹੈ। ਸ੍ਰੀ ਕ੍ਰਿਸ਼ਨ ਦੇ ਵੀਹ ਹਜ਼ਾਰ ਸੈਨਿਕ ਖੜਗ ਸਿੰਘ ਨੇ ਮਾਰ ਦਿੱਤੇ। ਇਸ ਵਿਗੜੇ ਵਿਵਹਾਰ ਕਾਰਨ ਸ੍ਰੀ ਕ੍ਰਿਸ਼ਨ ਰਾਕਸ਼ਾਂ ਦੀ ਮੱਦਦ ਲੈਣ ਤੋਂ ਵੀ ਸੰਕੋਚ ਨਹੀਂ ਕਰਦੇ। ਰਾਕਸ਼ਾਂ ਦਾ ਮੁਖੀ ਬਿਜਲੀ ਜੈਸੀ ਚਮਕਦੀ ਤਲਵਾਰ ਹੱਥ ਵਿਚ ਲੈਕੇ ਖੜਗ ਸਿੰਘ ਉਤੇ ਟੁੱਟ ਪਿਆ। ਤੀਰਾਂ ਦੀ ਭਰਪੂਰ ਵਰਖਾ ਕੀਤੀ, ਪਰ ਖੜਗ ਸਿੰਘ ਨੇ ਉਸਨੂੰ ਵੀ ਮਾਰ ਦਿੱਤਾ। ਹੁਣ ਸਾਰੀ ਦੈਂਤ ਸੈਨਾ ਖੜਗ ਸਿੰਘ ਉਤੇ ਟੁੱਟ ਪਈ। ਪਰ ਖੜਗ ਸਿੰਘ ਡਰਦਾ ਨਹੀਂ, ਤੀਰਾਂ ਨਾਲ ਉਨ੍ਹਾਂ ਦੀਆਂ ਛਾਤੀਆਂ ਵਿੰਨ੍ਹ ਦਿੰਦਾ ਹੈ। ਖੜਗ ਸਿੰਘ ਜ਼ਖਮੀ ਤਾਂ ਹੋ ਜਾਂਦਾ ਹੈ, ਪਰ ਜ਼ਖਮਾਂ ਦੀ ਪ੍ਰਵਾਹ ਨਾਂ ਕਰਦਿਆਂ ਉਹ ਸਾਰੇ ਰਾਕਸ਼ਸ਼ਾਂ ਨੂੰ ਜਮਪੁਰੀ ਪਹੁੰਚਾ ਦਿੰਦਾ ਹੈ। ਇਸ ਤੋਂ ਮਗਰੋਂ ਜੂਝਨ ਸਿੰਘ ਲੜਨ ਲਈ ਖੜਗ ਸਿੰਘ ਦੇ ਸਾਹਮਣੇ ਆਇਆ, ਪਰ ਉਸ ਦੇ ਮਰਨ ਨਾਲ ਯਾਦਵ ਸੈਨਾ ਇੰਝ ਦੌੜੀ ਜਿਵੇਂ ਬੱਕਰੀਆਂ ਸ਼ੇਰ ਅੱਗੇ। ਖੜਗ ਸਿੰਘ ਨੇ ਦੌੜਦੇ ਯਾਦਵਾਂ ਦਾ ਪਿੱਛਾ ਕਰਦਿਆਂ ਉਨ੍ਹਾਂ ਨੂੰ ਵੰਗਾਰਿਆ।

ਯਾਦਵਾਂ ਨੇ ਵਿਚਾਰ ਕੀਤੀ ਕਿ ਇਕ ਤਕੜਾ ਹਮਲਾ ਕਰਕੇ ਸਾਰੇ ਰਲ ਕੇ ਇਸਨੂੰ ਘੇਰ ਲਈਏ, ਪਰ ਸ੍ਰੀ ਕ੍ਰਿਸ਼ਨ ਦੇ ਜ਼ਖਮੀ ਹੋ ਜਾਣ ਕਰਕੇ ਉਹ ਟਿਕ ਨਾਂ ਸਕੇ। ਕ੍ਰਿਸ਼ਨ ਤੇ ਬਲਰਾਮ ਸਹਿਤ ਸਾਰੇ ਯਾਦਵ ਦੌੜ ਗਏ। ਸ੍ਰੀ ਕ੍ਰਿਸ਼ਨ ਮਨ ਵਿਚ ਆਪਣੇ ਆਪ ਨੂੰ ਕੋਸਦੇ ਵੀ ਹਨ ਕਿ ਆਖਿਰ ਮੈਂ ਗਵਾਲਿਆਂ ਵਾਲਾ ਕੰਮ ਹੀ ਕੀਤਾ ਹੈ। ਸ੍ਰੀ ਕ੍ਰਿਸ਼ਨ ਸੈਨਾ ਨੂੰ ਸੰਗਠਿਤ ਕਰਕੇ ਫਿਰ ਵਾਪਸ ਪਰਤੇ। ਉਨ੍ਹਾਂ ਖੜਗ ਸਿੰਘ ਨੂੰ ਲਲਕਾਰ ਕੇ ਕਿਹਾ ਕਿ ਇਕ ਪਹਿਰ ਦਿਨ ਰਹਿੰਦਿਆਂ ਹੀ ਮੈਂ ਤੈਨੂੰ ਮਾਰ ਦੇਵਾਂਗਾ। ਤੂੰ ਚੰਮ ਦੇ ਸਿੱਕੇ ਚਲਾ ਲਏ ਹਨ, ਮਸਤਿਆ ਹਾਥੀ ਤਦੋਂ ਤੱਕ ਗਰਜਦਾ ਹੈ, ਜਦੋਂ ਤੱਕ ਸ਼ੇਰ ਕ੍ਰੋਧ ਕਰਕੇ ਉਸ ਨੂੰ ਗਰਦਨ ਤੋਂ ਨਾਂ ਫੜ੍ਹ ਲਵੇ। ਉਸ ਨੇ ਕਿਹਾ ਪ੍ਰਾਣਾ ਦੀ ਪੂੰਜੀ ਐਵੇਂ ਨਾਂ ਲੁਟਾ, ਹਥਿਆਰ ਸੁੱਟ ਕੇ ਚੁੱਪ ਚਾਪ ਤੁਰ ਜਾ। ਖੜਗ ਸਿੰਘ ਨੇ ਜੁਵਾਬ ਦਿੱਤਾ “ਕਿਉਂ ਉਸ ਵਿਅਕਤੀ ਵਾਂਗ ਰੌਲਾ ਪਾ ਰਿਹਾ ਹੈਂ, ਜਿਸ ਨੂੰ ਕਿਸੇ ਨੇ ਜੰਗਲ ਵਿਚ ਲੁੱਟ ਲਿਆ ਹੋਵੇ”॥ ਖੜਗ ਸਿੰਘ ਦੀ ਕ੍ਰਿਸ਼ਨ ਨੂੰ ਨਸੀਹਤ ਰਾਹੀਂ ਕਵੀ, ਯੁੱਧ ਵਿਚ ਧੀਰਜ ਬਣਾਈ ਰੱਖਣ ਦੀ ਪ੍ਰੇਰਨਾ ਦਿੰਦਾ ਹੈ: ‘ਕਾਹੇ ਕੋਉ ਕ੍ਰੋਧ ਸੋਂ ਜੁੱਧ ਕਰੋ ਹਰਿ’। ਪਰ ਕ੍ਰਿਸ਼ਨ ਫਿਰ ਗੁੱਸੇ ਵਿਚ ਹੀ ਤੀਰ ਚਲਾਉਂਦਾ ਹੈ। ਦੋਵੇਂ ਜ਼ਖਮੀ ਹੋ ਜਾਂਦੇ ਹਨ। ਕ੍ਰਿਸ਼ਨ ਨੇ ਆਪਣੀ ਮੱਦਦ ਵਾਸਤੇ ਇੰਦ੍ਰ ਸਹਿਤ ਸਵਰਗ ਦੇ ਸਾਰੇ ਯੋਧੇ ਬੁਲਾ ਲਏ, ਪਰ ਉਹ ਖੜਗ ਸਿੰਘ ਦੀ ਮਾਰ ਤੋਂ ਡਰਕੇ ਦੌੜ ਗਏ। ਲਾਚਾਰ ਕ੍ਰਿਸ਼ਨ ਨੇ ਫਿਰ ਰਾਕਸ਼ਾਂ ਦੀ ਮੱਦਦ ਲਈ। ਇਥੇ ਇਕ ਰਾਕਸ਼ ਦਾ ਨਾਮ ਕਰੂਰਕਰਮ ਦੱਸਿਆ ਹੈ, ਜਿਸ ਤੋਂ ਗੁਰੂ ਜੀ ਦਾ ਭਾਵ ਇਹ ਹੈ, ਕਿ ਆਰੀਆ ਲੋਕਾਂ ਵਾਂਗ ਵਿਰੋਧੀਆਂ ਨੂੰ ਰਾਕਸ਼ ਨਹੀਂ ਕਹਿਣਾ ਚਾਹੀਦਾ, ਬਲਕਿ ਰਾਕਸ਼ ਉਹ ਹੈ, ਜੋ ਬੁਰੇ ਕਰਮ ਕਰਦਾ ਹੈ:

ਕਰੂਰਕਰਮ ਇਕ ਰਾਛਸ ਨਾਮਾ॥
ਜਿਨ ਜੀਤੇ ਆਗੇ ਸੰਗ੍ਰਾਮਾ॥
…(1471)

ਇਹ ਰਾਕਸ਼ ਵੀ ਖੜਗ ਸਿੰਘ ਨੇ ਮਾਰ ਭਜਾਏ। ਸ੍ਰੀ ਕ੍ਰਿਸ਼ਨ ਨੇ ਜਲ-ਦੇਵ ਨੂੰ ਬੁਲਾਇਆ। ਪਰ ਉਹ ਵੀ ਖੜਗ ਸਿੰਘ ਨੂੰ ਜਿੱਤ ਨਾ ਸਕਿਆ। ਫਿਰ ਕੁਬੇਰ ਨੂੰ ਸੱਦਿਆ ਗਿਆ। ਕੁਬੇਰ ਦੇ ਅਨੇਕ ਦਲ ਇੱਕੋ ਬਾਣ ਨਾਲ ਮਾਰੇ ਗਏ। ਕੁਬੇਰ ਅਤੇ ਜਲ-ਦੇਵ ਨੂੰ ਬੁਲਾਉਣ ਦਾ ਸੰਬੰਧ ਯੁੱਧ-ਨੀਤੀ ਨਾਲ ਹੈ। ਕਵੀ ਨਾਟਕੀ ਭਾਸ਼ਾ ਵਿਚ ਦੱਸ ਰਿਹਾ ਹੈ ਕਿ ਯੁੱਧ-ਨੀਤੀ ਵਿਚ ਪਾਣੀ ਦੀ ਵਰਤੋਂ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ। ਸ੍ਰੀ ਕ੍ਰਿਸ਼ਨ ਦੁਆਰਾ ਜਲ-ਦੇਵ ਨੂੰ ਸੱਦਣ ਦਾ ਭਾਵ ਇਹ ਹੈ ਕਿ ਜਾਂ ਤਾਂ ਉਨ੍ਹਾਂ ਜਲ ਦੇ ਕਿਸੇ ਵਿਸ਼ਾਲ ਸੋਮੇ ਦੀ ਵਰਤੋਂ ਕਰਕੇ ਉਸਦੇ ਪਾਣੀ ਦਾ ਵਹਾਅ ਖੜਗ ਸਿੰਘ ਦੀ ਸੈਨਾ ਵੱਲ ਮੋੜ ਦਿੱਤਾ, ਜਾਂ ਉਨ੍ਹਾਂ ਪਾਣੀ ਨਾਲ ਆਪਣੀ ਸੁਰੱਖਿਆ ਦਾ ਪ੍ਰਬੰਧ ਕੀਤਾ ਹੋਵੇਗਾ, ਜਿਸ ਤਰ੍ਹਾਂ ਕਿਲ੍ਹਿਆਂ ਦੇ ਬਾਹਰ ਖਾਈ ਵਿਚ ਪਾਣੀ ਭਰ ਦਿੱਤਾ ਜਾਂਦਾ ਸੀ। ਇਹ ਨੀਤੀਵਾਨਾ ਲਈ ਇਕ ਮਹਾਂ-ਉਪਦੇਸ਼ ਹੈ। ਕੁਬੇਰ ਤੋਂ ਭਾਵ ਹੈ, ਧਨ ਦੀ ਵਰਤੋਂ ਨਾਲ ਦੁਸ਼ਮਣ ਦੀ ਫੌਜ ਨੂੰ ਖਰੀਦਣਾ, ਜਾਂ ਧਨ ਦੇ ਕੇ ਹਮਲਾਵਰ ਤੋਂ ਆਪਣੀ ਜਾਨ ਛੁਡਾਉਣੀ। ਅਜਿਹੀ ਪੇਸ਼ਕਸ਼ ਬੰਦਾ ਸਿੰਘ ਬਹਾਦਰ ਸਾਹਮਣੇ ਰੱਖੀ ਗਈ ਸੀ। ਉਸਨੇ ਇਹ ਪੇਸ਼ਕਸ਼ ਠੁਕਰਾ ਦਿੱਤੀ, ਪਰ ਜਦੋਂ ਵਿਰੋਧੀ ਧਿਰ ਨੇ ਲਾਲਚਵਸ ਇਸ ਪੇਸ਼ਕਸ਼ ਨੂੰ ਪ੍ਰਵਾਨ ਕਰ ਲਿਆ ਤਾਂ ਸਿੱਖਾਂ ਦੀ ਜਿੱਤੀ ਹੋਈ ਬਾਜ਼ੀ ਹਾਰੀ ਗਈ। ਸੋ ਗੁਰੂ ਜੀ ਦਾ ਖੜਗ ਸਿੰਘ ਉਹ ਹੋ ਸਕਦਾ ਹੈ, ਜੋ ਯੁੱਧ-ਕਲਾ ਨੂੰ ਜਾਣਦਾ ਹੋਵੇ। ਕ੍ਰਿਸ਼ਨਾਵਤਾਰ ਦਾ ਖੜਗ ਸਿੰਘ ਉਹ ਹੈ ਜਿਸ ਦੀ ਦ੍ਰਿੜਤਾ ਸਹਿਤ ਕੀਤੀ ਤੀਰਾਂ ਦੀ ਵਰਖਾ ਅੱਗੇ ਧਨ ਦੀਆਂ ਸਾਰੀਆਂ ਪੇਸ਼ਕਾਰੀਆ ਬਲ ਹਾਰ ਗਈਆਂ:

ਨਿਜ ਕਰ ਮੈ ਧਨੁ ਬਾਨ ਸੰਭਾਰਿਓ॥
ਅਗਨਤ ਦਲੁ ਇਕ ਪਲ ਮੈ ਮਾਰਿਓ॥
  (1495)

ਮਜ਼ਬੂਰ ਕ੍ਰਿਸ਼ਨ ਨੇ ਰੁਦ੍ਰ-ਅਸਤ੍ਰ ਚਲਾ ਕੇ ਸ਼ਿਵ ਨੂੰ ਬੁਲਾਇਆ। ਉਹ ਗਣੇਸ਼, ਕਾਰਤਿਕ ਅਤੇ ਗਣਾਂ ਸਹਿਤ ਖੜਗ ਸਿੰਘ ਨਾਲ ਲੜਨ ਵਾਸਤੇ ਆ ਗਿਆ। ਪਰ ਖੜਗ ਸਿੰਘ ਉਹ ਹੈ ਜੋ ਗੈਬੀ-ਸ਼ਕਤੀਆ ਦੀ ਮੱਦਦ ਦੀ ਆਸ ਉਤੇ ਨਹੀਂ ਜਿਉਂਦਾ, ਜਿਵੇਂ ਕਿ ਗੁਰੂ ਸਾਹਿਬ ਦੇ ਵੇਲੇ ਵੀ ਬ੍ਰਾਹਮਣਵਾਦੀ ਅਨਸਰ ਲੋਕਾਂ ਵਿਚ ਇਹ ਭਰਮ ਪੈਦਾ ਕਰ ਰਿਹਾ ਸੀ ਕਿ ਦੇਵੀ ਪ੍ਰਗਟ ਹੋਵੇਗੀ ਤਾਂ ਹੀ ਜ਼ੁਲਮ ਰੁਕ ਸਕਦਾ ਹੈ ਅਤੇ ਗੁਰੂ ਜੀ ਨੇ ਲੋਕਾਂ ਦੇ ਮਨ ਤੋਂ ਇਸ ਭਰਮ ਦੇ ਪਰਦੇ ਨੂੰ ਹਟਾਉਣ ਲਈ ਬ੍ਰਾਹਮਣਾਂ ਨੂੰ ਦੇਵੀ ਪ੍ਰਗਟ ਕਰਨ ਦੀ ਵੰਗਾਰ ਪਾਈ ਸੀ ਅਤੇ ਅੰਤ ਵਿਚ ਲੋਕਾਂ ਨੂੰ ਦੱਸ ਦਿੱਤਾ ਕਿ ਨਿੱਜ-ਬਲ ਹੀ ਦੁੱਖ-ਮੁਕਤੀ ਦਾ ਅੰਤਮ ਸਾਧਨ ਹੈ। ਖੜਗ ਸਿੰਘ ਅਜਿਹੇ ਵਹਿਮਾਂ-ਭਰਮਾਂ ਤੋਂ ਉਪਰ ਹੈ। ਉਹ ਆਤਮ-ਵਿਸ਼ਵਾਸੀ ਯੋਧਾ ਇਕ ਨਹੀਂ, ਅਨੇਕਾਂ ਦੇਵਤਿਆਂ ਨੂੰ ਲਲਕਾਰ ਕੇ ਆਖਦਾ ਹੈ:

ਰੇ ਸ਼ਿਵ ਆਜ ਅਯੋਧਨ ਮੈ ਲਰਿ ਲੈ ਹਮ ਸੋ ਕਰ ਲੈ ਬਲ ਜੇਤੋ॥
ਐ ਰੇ ਗਨੇਸ਼ ਲਰੈਂ ਹਮਰੈ ਸੰਗ ਤੁਮਰੇ ਤਨ ਮੇ ਬਲ ਏਤੋ॥
ਕਿਉਂ ਰੇ ਖੜਾਨਨ ਤੂ ਗਰਬੈ ਮਰ ਹੈ ਅਬ ਹੀ ਇਕ ਬਾਨ ਲਗੈ ਤੋ॥
ਕਾਹੇ ਕਉ ਜੂਝ ਮਰੋਂ ਰਨ ਮੈ ਅਬ ਲਉ ਨ ਗਯੋ ਕਛੁ ਜੀਅ ਮਹਿ ਚੇਤੋ॥
(1504)

ਅਜਿਹੇ ਦ੍ਰਿੜ-ਸੰਕਲਪ ਵੀਰ-ਨਾਇਕ ਖੜਗ ਸਿੰਘ ਅੱਗੇ ਕਿਸ ਨੇ ਟਿਕਣਾ ਸੀ:

ਜਬ ਸਿਵ ਜੂ ਕਛੁ ਸੰਗਿਆ ਪਾਈ॥ਭਾਜਿ ਗਯੋ ਤਜ ਦਈ ਲਰਾਈ॥
ਔਰ ਸਗਲ ਡਰ ਕੈ ਗਨ ਭਾਗੈ॥ਐਸੋ ਕੋ ਭਟ ਆਵੈ ਆਗੈ॥
(1528)

ਖੜਗ ਸਿੰਘ ਅੰਦਰ ਯੁੱਧ ਦਾ ਚਾਅ ਹੈ ਤੇ ਹਾਰ-ਜਿੱਤ ਦੀ ਕੋਈ ਚਿੰਤਾ ਨਹੀਂ। ਅਸਲ ਸੂਰਬੀਰ ਉਹੋ ਹੈ ਜੋ ਹਾਰ-ਜਿੱਤ ਦੀ ਪ੍ਰਵਾਹ ਕੀਤੇ ਬਿਨਾਂ ਆਪਣਾ ਫਰਜ਼ ਜਾਣ ਕੇ ਪੂਰਾ ਜੀਵਨ ਚਾਅ ਸਹਿਤ ਸੰਘਰਸ਼ ਕਰੇ। ਯੁੱਧ ਦਾ ਚਾਅ ਖੜਗ ਸਿੰਘ ਅੰਦਰ ਅਜਿਹੀ ਉਦਾਰਤਾ ਪੈਦਾ ਕਰਦਾ ਹੈ ਕਿ ਉਹ ਜਦੋਂ ਕ੍ਰਿਸ਼ਨ ਨੂੰ ਵਾਲਾਂ ਤੋਂ ਫੜ੍ਹ ਲੈਂਦਾ ਹੈ ਅਤੇ ਉਸਨੂੰ ਮਾਰਨਾ ਕੋਈ ਮੁਸ਼ਕਲ ਨਹੀਂ ਤਾਂ ਵੀ ਉਹ ਇਹ ਸੋਚ ਕੇ ਉਸਨੂੰ ਮਾਰਦਾ ਨਹੀਂ ਕਿ ਜੇ ਇਹ ਮਰ ਗਿਆ ਤਾਂ ਲੜਾਈ ਦਾ ਸਵਾਦ ਨਹੀਂ ਆਉਣਾ। ਗੁਰੂ ਜੀ ਸਿੱਖਿਆ ਦਿੰਦੇ ਹਨ ਕਿ ਯੋਧਾ ਕੇਵਲ ਉਹ ਨਹੀਂ ਜੋ ਵਾਰ ਕਰਦਾ ਹੈ, ਸਗੋਂ ਅਸਲ ਸੂਰਬੀਰ ਉਹ ਹੈ ਜੋ ਮਨੁੱਖਤਾ ਦੇ ਉਥਾਨ ਵਾਸਤੇ ਆਪਣੇ ਤਨ ਉਪਰ ਚੋਟਾਂ ਸਹਿ ਕੇ ਪ੍ਰਸੰਨ ਹੁੰਦਾ ਹੈ। ਖੜਗ ਸਿੰਘ ਅਜਿਹਾ ਹੀ ਬੀਰ-ਬਹਾਦਰ ਹੈ ਜੋ ਸ਼ਰੀਰ ਉਤੇ ਪੈਂਦੀਆਂ ਚੋਟਾਂ ਵਿਚੋਂ ਆਨੰਦ ਦੀ ਅਨੁਭੂਤੀ ਕਰਦਾ ਹੈ:

ਚਿੰਤ ਕਰੀ ਚਿੱਤ ਮੈ ਤਿਹ ਭੂਪਤਿ ਜੋ ਇਹ ਕਉ ਅਬ ਹਉ ਬਧ ਕੈ ਹਉਂ॥
ਸੈਨ ਸਭੈ ਭਜ ਹੈ ਜਬ ਹੀ ਤਬ ਕਾ ਸੰਗ ਜਾਇ ਕੈ ਜੁੱਧ ਮਚੈ ਹਉਂ॥
ਹਉਂ ਕਿਹ ਪੈ ਕਰਿਹੋਂ ਬਹੁ ਘਾਇਨ ਕਾ ਕੈ ਹਉਂ ਘਾਇਨ ਸਨਮੁਖ ਖੈ ਹਉਂ॥
ਛਾਡਿ ਦਯੋ ਕਹਿਓ ਜਾਹੁ ਚਲੇ ਹਰਿ ਤੋ ਸਮ ਸੁਰ ਕਹੂੰ ਨਹੀ ਪੈ ਹਉਂ॥
(1533)

ਇਸ ਹਾਲਤ ਵਿਚ ਬ੍ਰਹਮਾਂ, ਸ੍ਰੀ ਕਿਸ਼ਨ ਦੀ ਸਹਾਇਤਾ ਲਈ ਆਇਆ ਅਤੇ ਉਸ ਨੇ ਸ਼੍ਰੀ ਕ੍ਰਿਸ਼ਨ ਨੂੰ ਆਖਿਆ ਕਿ ਇਸ ਨਾਲ ਵਿਸ਼ਨੂੰ ਸੰਘਰਸ਼ ਕਰੇ ਤੇ ਸਾਰੇ ਸੂਰਬੀਰ ਦੇਵਤੇ ਯੁੱਧ ਕਰਨ ਵਾਸਤੇ ਬੁਲਾਏ ਜਾਣ। ਫਿਰ ਸੁਰਗ-ਪਰੀਆਂ ਵੀ ਕਾਮੁਕ ਹਾਵ-ਭਾਵ ਕਰਕੇ ਇਸਦੇ ਚਿੱਤ ਨੂੰ ਵਿਚਿਲਤ ਕਰ ਦੇਣ। ਇਹ ਤਾਂ ਮਰ ਸਕਦਾ ਹੈ, ਪਰ ਇਹ ਸਾਰੇ ਯਤਨ ਅਸਫਲ ਰਹੇ। ਬ੍ਰਹਮਾਂ ਨੇ ਕਿਹਾ ਕਿ ਇਸਦੇ ਹੱਥ ਵਿਚ ਜਿਹੜਾ ਤਾਵੀਜ਼ ਅਤੇ ਸ੍ਰੀ ਰਾਮ ਚੰਦ੍ਰ ਦਾ ਜੋ ਤਾਜ ਇਸ ਕੋਲ ਹੈ, ਉਹ ਭਿਖਾਰੀ ਬਣ ਕੇ ਛਲ ਨਾਲ ਇਸਤੋਂ ਦਾਨ ਵਿਚ ਮੰਗਿਆ ਜਾਵੇ ਤਾਂ ਇਸਨੂੰ ਮਾਰਨਾਂ ਆਸਾਨ ਹੋ ਸਕਦਾ ਹੈ। ਕ੍ਰਿਸ਼ਨ ਨੇ ਬ੍ਰਾਹਮਣ ਦਾ ਰੂਪ ਬਣਾਇਆ ਪਰ ਖੜਗ ਸਿੰਘ ਨੇ ਉਸ ਨੂੰ ਪਛਾਣ ਲਿਆ। ਪਛਾਨਣ ਦੇ ਬਾਵਜੂਦ ਉਹ ਬਹਾਦਰਾਂ ਵਾਂਗ ਉਦਾਰ-ਦਿਲੀ ਨਾਲ ਕਹਿੰਦਾ ਹੈ ਕਿ ਜੇ ਮੰਗਤੇ ਬਣੇ ਹੋ ਤਾਂ ਮੰਗੋ ਜੋ ਮੰਗਣਾ ਹੈ। ਇਥੇ ਇਹ ਸੰਕੇਤ ਦਿੱਤਾ ਗਿਆ ਹੈ ਕਿ ਯੋਧੇ ਜਿੰਨਾਂ ਉਦਾਰ-ਚਿੱਤ ਹੋਰ ਕੋਈ ਵਿਅਕਤੀ ਨਹੀਂ ਹੋ ਸਕਦਾ। ਉਹ ਪਰ-ਸਵਾਰਥ ਲਈ ਆਪਣੇ ਪ੍ਰਾਣਾਂ ਦਾ ਮਹਾਂਦਾਨ ਦੇਣ ਤੋਂ ਕਦੇ ਪਿੱਛੇ ਨਹੀਂ ਹਟਦਾ। ਕ੍ਰਿਸ਼ਨ ਨੇ ਬ੍ਰਹਮਾਂ ਦੇ ਕਹਿਣ ਅਨੁਸਾਰ ਦੋਵੇਂ ਚੀਜ਼ਾਂ ਮੰਗ ਲਈਆਂ। ਉਸ ਸੂਰਬੀਰ ਨੇ ਕਿਹਾ ਮਰਨਾਂ ਤਾਂ ਇਕ ਦਿਨ ਹੈ, ਇਸ ਕਰਕੇ ਨੇਕੀ ਤੋਂ ਪਿੱਛੇ ਨਾਂ ਹਟਾਂ। ਪਰਉਪਕਾਰ ਦੇ ਰਾਹ ਉਤੇ ਅਡੋਲ ਅੱਗੇ ਵਧਦਾ ਖੜਗ ਸਿੰਘ ਮਨ ਵਿਚ ਵਿਚਾਰਦਾ ਹੈ:

ਕਿਉਂ ਤਨ ਕੀ ਮਨ ਸੰਕ ਕਰੈ ਥਿਰ ਤੋ ਜਗ ਮੈ ਅਬ ਤੂ ਨ ਰਹੈ ਹੈਂ॥
ਯਾ ਤੇ ਭਲੋ ਨ ਕਛੂ ਇਹ ਤੇ ਜਸੁ ਲੈ ਰਨ ਅੰਤਹਿ ਮੋ ਤਜਿ ਜੈ ਹੈਂ॥
ਰੇ ਮਨ ਢੀਲ ਰਹਯੋ ਗਹਿ ਕਾਹੇ ਤੇ ਅਉਸਰ ਬੀਤ ਗਏ ਪਛੁਤੈ ਹੈਂ॥
ਸ਼ੋਕ ਨਿਵਾਰਿ ਨਿਸੰਕ ਹੁਇ ਦੈ ਭਗਵਾਨ ਸੋ ਭਿੱਛਕ ਹਾਥ ਨ ਐ ਹੈ॥
(1558)

ਕੈਸੀ ਪਰਉਪਕਾਰੀ ਮੂਰਤ ਸਿਰਜਣ ਦੇ ਆਹਰ ਵਿਚ ਹੈ ਸੱਚਾ ਗੁਰੂ। ਕਾਸ਼! ਗੁਰਦੇਵ ਦੇ ਕੁੱਝ ਸੋਹਣੇ ਬਚਨ ਉਨ੍ਹਾਂ ਬਹੁਤੇ ਅਕਲਮੰਦਾਂ ਦੇ ਪੱਲੇ ਵੀ ਪੈ ਜਾਣ ਜਿੰਨ੍ਹਾਂ ਨੂੰ ਦਿਨ-ਰਾਤ ਦਸਮ ਗ੍ਰੰਥ ਬਿਨਾਂ ਕਾਰਨ ਹੀ ਭੈਅ-ਭੀਤ ਕਰ ਰਿਹਾ ਹੈ। ਖੜਗ ਸਿੰਘ ਦੇ ਮੁਕਟ ਦਿੰਦਿਆਂ ਹੀ ਵੈਰੀ ਟੁੱਟ ਪਿਆ ਪਰ ਖੜਗ ਸਿੰਘ ਸਭ ਦੇਵਤਿਆਂ ਦੀ ਸੈਨਾ ਨੂੰ ਤੀਰਾਂ ਨਾਲ ਵਿੰਨ੍ਹ ਦਿੰਦਾ ਹੈ। ਅਤਿਪਵਿੱਤ੍ਰ ਸਿੰਘ, ਮਹਾਜਸ ਸਿੰਘ, ਮਹਾਬਲੀ ਸਿੰਘ, ਤੇਜਸ ਸਿੰਘ ਸਭ ਮਾਰੇ ਗਏ ਹਨ। ਅਰਥਾਤ ਪਵਿੱਤ੍ਰਤਾ ਦੀਆਂ ਸਭ ਉਚਾਈਆਂ, ਮਾਨ-ਪ੍ਰਤਿਸ਼ਠਾ, ਬਲ ਅਤੇ ਜੱਸ, ਖੜਗ ਸਿੰਘ ਦੇ ਪੈਰਾਂ ਵਿਚ ਰੁਲਦੇ ਹਨ। ਖੜਗ ਸਿੰਘ ਨੇ ਸ਼ੇਰ ਖਾਨ, ਸੈਦ ਖਾਂ, ਨਾਹਰ ਖਾਂ, ਸ਼ੇਖ ਸਾਦਿਕ, ਸ਼ੇਖ ਫਰੀਦ ਸਭ ਧਰਤੀ ਦੀ ਕੁੱਖ ਵਿਚ ਦਫਨ ਕਰ ਦਿੱਤੇ। ਉਹ ਸਾਰੇ ਸੂਰਮਿਆਂ ਨੂੰ ਲਲਕਾਰ ਕੇ ਕਹਿੰਦਾ ਹੈ:

ਪਸਚਿਮ ਸੂਰ ਚੜਹਿ ਕਬਹੂੰ ਅਰੁ ਗੰਗ ਬਹੀ ਉਲਟੀ ਜੀਅ ਆਵੈ॥
ਜੇਠ ਕੇ ਮਾਸ ਤੁਖਾਰ ਪਰੇ ਬਨ ਅਉਰ ਬਸੰਤ ਸਮੀਰ ਜਰਾਵੈ॥
ਲੋਕ ਹਲੈ ਧਰੂਅ ਕੋ ਜਲ ਕੋ ਥਲੁ ਹੋਇ ਥਲ ਕਉ ਕਬਹੂੰ ਜਲ ਜਾਵੈ॥
ਕੰਚਨ ਕੋ ਨਗੁ ਪੰਖਨ ਧਾਰਿ ਉਡੈ ਖੜਗੇਸ਼ ਨ ਪੀਠ ਦਿਖਾਵੈ॥
(1613)

ਹੁਣ ਕ੍ਰਿਸ਼ਨ ਦੀ ਮੱਦਦ ਉਤੇ ਪਾਂਡਵ ਆਏ। ਭੀਮ ਅਤੇ ਅਰਜਨ ਦੋਵੇਂ ਖੜਗ ਸਿੰਘ ਨਾਲ ਬਲਪੂਰਬਕ ਲੜੇ। ਅਰਜਨ ਨੇ ਖੜਗ ਸਿੰਘ ਨੂੰ ਤੀਰ ਮਾਰਿਆ ਤਾਂ ਖੜਗ ਸਿੰਘ ਦੁਸ਼ਮਣ ਦੀ ਸਿਫਤ ਕਰਦਾ ਕਹਿੰਦਾ ਹੈ:

ਪਉਰਖ ਪੇਖ ਕੇ ਜੀਅ ਹਰਿਖਿਓ ਬਲ ਟੇਰ ਨਰੇਸ ਸੋ ਐਸ ਸੁਨਾਯੋ॥
ਧੰਨ ਪਿਤਾ ਧੰਨ ਵੈ ਜਨਨੀ ਜੁ ਧਨਜੇ ਨਾਮ ਜਿਨੋ ਸੁਤ ਜਾਯੋ॥
(1618)

ਖੜਗ ਸਿੰਘ ਨੇ ਪਾਂਡਵ ਵੀ ਮਾਰ ਭਜਾਏ। ਬਹੁਤ ਸਪਸ਼ਟ ਹੈ ਕਿ ਗੁਰੂ ਜੀ ਕੌਰਵਾਂ ਅਤੇ ਪਾਂਡਵਾਂ, ਦੇਵਤਿਆਂ ਅਤੇ ਦੈਤਾਂ, ਧਰਤੀ ਅਤੇ ਅਕਾਸ਼-ਪਤਾਲ ਦੇ ਸਮੂਹ ਪ੍ਰਾਣਧਾਰੀਆਂ ਤੋਂ ਵਧੀਕ ਸਾਹਸੀ ਪੁਰਖ ਨਿਰਮਿਤ ਕਰਨਾਂ ਚਾਹੁੰਦੇ ਸਨ। ਪਾਂਡਵਾਂ ਤੋਂ ਇਲਾਵਾ ਦੁਰਯੋਧਨ ਦੀ ਸੈਨਾ ਆਈ। ਕੌਰਵਾਂ ਪਾਂਡਵਾਂ ਦੇ ਮਿਲੇ-ਜੁਲੇ ਮੁਕਾਬਲੇ ਮਗਰੋਂ ਹੁਣ ਸ੍ਰੀ ਕ੍ਰਿਸ਼ਨ ਅਤੇ ਖੜਗ ਸਿੰਘ ਆਹਮੋ-ਸਾਹਮਣੇ ਹੋਏ। ਪਰ ਸ੍ਰੀ ਕ੍ਰਿਸ਼ਨ ਅਸਫਲ ਰਹੇ। ਇਸ ਲਾਚਾਰੀ ਵਿਚ ਸ਼ਿਵ ਨੇ ਇਕ ਉਪਾਅ ਸੋਚ ਕੇ ਮਿੱਟੀ ਤੋਂ ਅਜੀਤ ਸਿੰਘ ਨਾਮ ਦਾ ਪੁੱਤਲਾ ਬਣਾਇਆ। ਸ੍ਰੀ ਕ੍ਰਿਸ਼ਨ ਜੀ ਨੇ ਉਸ ਪੁੱਤਲੇ ਵਿਚ ਸਾਹ ਪਾਏ ਤੇ ਸ਼ਿਵ ਨੇ ਵਰ ਦਿੱਤਾ ਕਿ ਉਸ ਨੂੰ ਕੋਈ ਵੀ ਮਾਰ ਨਹੀਂ ਸਕੇਗਾ। ਅਜੀਤ ਸਿੰਘ ਦੀ ਮੱਦਦ ਲਈ ਸਭ ਦੇਵਤੇ ਬੁਲਾਏ ਗਏ। ਹੁਣ ਕ੍ਰਿਸ਼ਨ, ਸ਼ਿਵ ਅਤੇ ਬ੍ਰਹਮਾਂ ਯੁੱਧ- ਨੀਤੀ ਸੰਬੰਧੀ ਵਿਚਾਰ ਕਰਨ ਲੱਗੇ ਤਾਂ ਬ੍ਰਹਮਾਂ ਨੇ ਸਲਾਹ ਦਿੱਤੀ ਕਿ ਸੂਰਬੀਰ ਕਾਮ ਅੱਗੇ ਹੀ ਬਲ ਹਾਰ ਸਕਦਾ ਹੈ। ਇਹ ਵਿਚਾਰ ਕੇ ਸੁਰਗ ਪਰੀਆਂ ਬੁਲਾਈਆਂ ਗਈਆਂ। ਖੜਗ ਸਿੰਘ ਦਾ ਦੇਵਗਣਾਂ ਵੱਲ ਧਿਆਨ ਜਾਂਦਿਆਂ ਹੀ ਕ੍ਰਿਸ਼ਨ ਨੇ ਤੀਰ ਮਾਰ ਕੇ ਉਸਨੂੰ ਮੂਰਛਿਤ ਕਰ ਦਿੱਤਾ। ਬ੍ਰਹਮਾਂ ਕੋਲ ਆਇਆ ਤੇ ਆਖਿਆ ਹੁਣ ਸਵਰਗ ਜਾਓ, ਜੋ ਚਾਹੁੰਦੇ ਹੋ ਮਿਲੇਗਾ। ਗੁਰੂ ਗੋਬਿੰਦ ਸਿੰਘ ਦਾ ਇਹ ਖੜਗ ਸਿੰਘ ਕਹਿਣ ਲੱਗਾ:

ਮੋ ਸੋ ਬੀਰ ਸਸਤ੍ਰ ਜਬ ਧਰੈ॥
ਕਹੁ ਬਿਸਨ ਬਿਨੁ ਕਾ ਸੋ ਲਰੈ॥
ਤੁਮ ਸਭ ਜਾਨਤ ਬਿਸ੍ਵ ਕਰਿ ‘ਖੜਗ ਸਿੰਘ’ ਮੋਹਿ ਨਾਉਂ॥
ਲਾਜ ਆਪਨੀ ਨਾਉਂ ਕੀ ਕਹੋ ਕਹਾ ਭੱਜਿ ਜਾਉਂ॥
(1687)

ਉਪਰੋਕਤ ਕਹਾਣੀ ਫਜ਼ੂਲ ਨਹੀਂ, ਇਸਦੇ ਗੂੜ੍ਹੇ ਅਧਿਆਤਮਿਕ ਅਰਥ ਹਨ। ਖੜਗ ਸਿੰਘ ਬਲ-ਧਾਰੀ ਹੈ ਜਿਸ ਦੀ ਸ਼ਸਤ੍ਰ ਵਿਦਿਆ ਦਾ ਮੁਕਾਬਲਾ ਧਰਤੀ ਅਤੇ ਅਕਾਸ਼ ਦਾ ਕੋਈ ਪ੍ਰਾਣਧਾਰੀ ਨਹੀਂ ਕਰ ਸਕਦਾ। ਪਰ ਅਜੀਤ ਸਿੰਘ ਉਹ ਹੋ ਸਕਦਾ ਹੈ ਜੋ ਖੜਗ ਸਿੰਘ ਦੇ ਸਾਰੇ ਗੁਣਾਂ ਦਾ ਧਾਰਨੀ ਤਾਂ ਹੋਵੇ, ਨਾਲ ਹੀ ਕਾਮ ਦੇ ਬਾਣਾ ਤੋਂ ਸਰਬ-ਭਾਂਤ ਆਪਣੀ ਸੁਰੱਖਿਆ ਕਰਨ ਲਈ ਸੁਚੇਤ ਹੋਵੇ। ਉਹ ਸ਼ਰੀਰ ਨੂੰ ਮਿੱਟੀ ਦਾ ਪੁੱਤਲਾ ਜਾਣੇ ਅਤੇ ਪ੍ਰਾਣਾਂ ਨੂੰ ਪ੍ਰਮੇਸ਼ਰ ਦੀ ਪੂੰਜੀ। ਉਸਦੇ ਸਵਾਸ ਪ੍ਰਮੇਸ਼ਰ ਦੇ ਸਿਮਰਨ ਵਿਚ ਅਭੇਦ ਹੋਣ।

ਜਦੋਂ ਯੋਧਾ ਸੰਸਾਰ ਤੋਂ ਜਾਂਦਾ ਹੈ ਤਾਂ ਉਹ ਆਪਣਾ ਮਨ ਦੁਨੀਆਂ ਦੀਆ ਸਮਸਤ ਪਕੜਾਂ ਤੋਂ ਆਜ਼ਾਦ ਰੱਖੇ। ਇਸ ਪ੍ਰੇਰਨਾਂ ਹਿੱਤ ਬ੍ਰਹਮਾਂ ਤੋਂ ਖੜਗ ਸਿੰਘ ਨੂੰ ਉਪਦੇਸ਼ ਦਿਵਾਇਆ ਹੈ:

ਬਹੁਰਿ ਬਿਧਾਤਾ ਭੂਪਤਿ ਕੋ ਇਹ ਬਿਧਿ ਕਹਿਯੋ॥
ਭਗਤਿ ਗਯਾਨ ਕੋ ਤੱਤੁ ਭਲੀ ਬਿਧਿ ਤੈ ਲਹਿਯੋ॥
ਤਾ ਤੇ ਅਬ ਤਨ ਸਾਥਹਿ ਸੁਰਗਿ ਸਿਧਾਰੀਐ॥
ਹੋ ਮੁਕਤ ਓਰ ਕਰਿ ਦ੍ਰਿਸ਼ਟਿ ਨਾ ਜੁੱਧ ਨਿਹਾਰੀਐ॥
(1691)

ਖੜਗ ਸਿੰਘ ਦਾ ਮਨ ਅੰਤਮ ਸਮੇਂ ਸਭ ਵਾਸ਼ਨਾਵਾਂ ਤੋਂ ਇਸ ਤਰ੍ਹਾਂ ਮੁਕਤ ਹੈ ਜਿਵੇਂ ਮੁਕਤੀ-ਦਾਤੇ ਗੁਰੂ ਗੋਬਿੰਦ ਸਿੰਘ ਸਾਹਮਣੇ ਭਾਈ ਮਹਾਂ ਸਿੰਘ ਦਾ। ਖੜਗ ਸਿੰਘ ਬ੍ਰਹਮਾਂ ਨੂੰ ਉਪਦੇਸ਼ ਕਰਦਾ ਹੈ ਕਿ ਉਸ ਲਈ ਲੜ ਕੇ ਮਰਨਾਂ ਚਾਹੀਦਾ ਹੈ ਜਿਸ ਪਰਮ ਹਸਤੀ ਦਾ ਨਾਮ ਚਾਰ ਯੁੱਗਾਂ ਵਿਚ ਹਮੇਸ਼ਾ ਜਪਿਆ ਜਾਂਦਾ ਹੈ:

ਜਿਹ ਕੋ ਜੁੱਗ ਚਾਰ ਮੈ ਨਾੳ ਜਪੈ ਤਿਹ ਸੋਂ ਲਰਿਕੈ ਮਰੀਐ ਤਰੀਐ॥(1688)

ਕ੍ਰਿਸ਼ਨਾਵਤਾਰ ਦੀ ਇਹ ਕਥਾ ਦੱਸਦੀ ਹੈ ਕਿ ਗੁਰੂ ਗੋਬਿੰਦ ਸਿੰਘ ਇਕ ਅਜਿਹਾ ਖੜਗਧਾਰੀ ਮਨੁੱਖ ਨਿਰਮਿਤ ਕਰਨਾ ਚਾਹੁੰਦੇ ਸਨ ਜੋ ਸ਼ਰੀਰਕ ਬਲ, ਯੁੱਧ-ਨੀਤੀ, ਸ਼ਸਤ੍ਰ-ਵਿਦਿਆ ਆਦਿ ਵਿਚ ਪੂਰੀ ਤਰ੍ਹਾਂ ਨਿਪੁੰਨ ਸੂਰਬੀਰ ਹੋਵੇ। ਜਿਸ ਨੂੰ ਕਾਮ ਸਹਿਤ ਲੋਕ-ਪ੍ਰਲੋਕ ਦੀ ਕੋਈ ਸ਼ਕਤੀ ਨਾਂ ਮਾਰ ਸਕੇ। ਕਾਮ ਨੂੰ ਜਿੱਤਣ ਵਾਲਾ ਹੀ ਜੰਗਾਂ ਦਾ ਅੰਤਿਮ ਜੇਤੂ ਹੈ। ਕਾਮ ਕਿਹੜੇ ਤਰੀਕਿਆਂ ਨਾਲ ਮਾਰਦਾ ਹੈ ਉਹ ‘ਚਿੱਰਤਰੋਪਾਖਯਾਨ’ ਵਿਚ ਵਰਣਿਤ ਹੈ। ਜੇ ਦਸਮ ਗ੍ਰੰਥ ਦੇ ਇੰਨੇ ਕੁ ਹਿੱਸੇ ਵਿਚ ਜੀਵਨ-ਵਿਵਹਾਰ ਸੰਬੰਧੀ ਇਸ ਤਰ੍ਹਾਂ ਦੇ ਕੀਮਤੀ ਬਚਨ ਪਏ ਹਨ ਤਾਂ ਸਾਰੇ ਦਸਮ ਗ੍ਰੰਥ ਵਿਚ ਕਿੰਨੇ ਰਤਨ-ਪਦਾਰਥ ਹੋ ਸਕਦੇ ਹਨ। ਇਹ ਵਿਚਾਰ ਕਰਨ ਨਾਲ ਹੀ ਸਮਝ ਆ ਸਕਦਾ ਹੈ, ਨਿਰੀ ਬਹਿਸਬਾਜ਼ੀ ਨਾਲ ਨਹੀਂ। ਦਸਮ ਗ੍ਰੰਥ ਦੇ ਸੰਬੰਧ ਵਿਚ ਜਿਸ ਬ੍ਰਾਹਮਣ-ਵਾਦ ਦਾ ਹਊਆ ਖੜ੍ਹਾ ਕੀਤਾ ਜਾ ਰਿਹਾ ਹੈ ਉਸਦੇ ਸਾਰੇ ਦੇਵੀ-ਦੇਵਤੇ, ਬੀਰ-ਬਹਾਦਰ, ਅਵਤਾਰ, ਧਰਮ-ਕਰਮ, ਸੁਰਗ-ਨਰਕ ਆਦਿ ਖੜਗ ਸਿੰਘ ਦੇ ਪੈਰਾਂ ਹੇਠ ਰੁਲਦੇ ਦਿਸ ਰਹੇ ਹਨ। ਪਰ ਪਤਾ ਨਹੀਂ ਕਿਸ ਵਿਵੇਕ ਨਾਲ ਇਹੋ ਜਿਹੀਆਂ ਰਚਨਾਵਾਂ ਨੂੰ ਬ੍ਰਾਹਮਣਵਾਦ ਦੀ ਸਾਜ਼ਿਸ਼ ਦੱਸ ਕੇ ਭਰਮ ਪੈਦਾ ਕੀਤਾ ਜਾ ਰਿਹਾ ਹੈ? ........(ਸਮਾਪਤ)

ਭਾਗ (1) >> 


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
(c)1999-2004, 5abi.com