ਇਨ੍ਹਾਂ ਸਾਰੇ ਪ੍ਰਸੰਗਾਂ ਨੂੰ ਸੀਤਲ ਜੀ ਨੇ ੧੮ ਪੁਸਤਕਾਂ ਵਿਚ ਪ੍ਰਕਾਸ਼ਿਤ
ਕੀਤਾ। ੧. ਸੀਤਲ ਕਿਰਣਾਂ
੨. ਸੀਤਲ ਸੁਨੇਹੇ
੩. ਸੀਤਲ ਹੰਝੂ
੪. ਸੀਤਲ ਹੁਲਾਰੇ
੫. ਸੀਤਲ ਤਰੰਗਾਂ
੬. ਸੀਤਲ ਪ੍ਰਸੰਗ
੭. ਸੀਤਲ ਪ੍ਰਕਾਸ਼
੮. ਸੀਤਲ ਤਰਾਨੇ
੯. ਸੀਤਲ ਵਾਰਾਂ
੧੦. ਸੀਤਲ ਤਾਘਾਂ
੧੧. ਸੀਤਲ ਵਲਵਲੇ
੧੨. ਸੀਤਲ ਚੰਗਿਆੜੇ
੧੩. ਸੀਤਲ ਚਮਕਾਂ
੧੪. ਸੀਤਲ ਰਮਜ਼ਾਂ
੧੫. ਸੀਤਲ ਉਮੰਗਾਂ
੧੬. ਸੀਤਲ ਅੰਗਿਆਰੇ
੧੭. ਸੀਤਲ ਮੁਨਾਰੇ
੧੮. ਸੀਤਲ ਸੁਗਾਤਾਂ
ਇਕ ਨਾਵਲਕਾਰ ਦੇ ਪੱਖ ਤੋਂ ਵੀ ਗਿਆਨੀ ਸੋਹਣ ਸਿੰਘ ਸੀਤਲ ਦੀ ਦੇਣ ਬਹੁਤ
ਮਹਾਨ ਹੈ। ੧੯੭੪ ਵਿਚ ਉਹਨਾਂ ਨੂੰ 'ਜੁੱਗ ਬਦਲ ਗਿਆ' ਨਾਵਲ ਵਾਸਤੇ ਭਾਰਤੀ
ਸਾਹਿਤ ਅਕਾਦਮੀ ਦਿੱਲੀ ਵੱਲੋਂ ਅਵਾਰਡ ਮਿਲਿਆ। ਉਸ ਸਮੇਂ ਭਾਰਤ ਵਿੱਚ ਇਹ
ਸਭ ਤੋਂ ਵੱਡਾ ਸਨਮਾਨ ਸੀ ਜੋ ਕਿਸੇ ਕਿਸੇ ਲੇਖਕ ਨੂੰ ਮਿਲ ਸਕਦਾ ਸੀ।
ਪੰਜਾਬ ਵਿੱਚ ਕਾਲਜ ਪੱਧਰ ਤੇ ਉਹਨਾਂ ਦੇ ਕਈ ਨਾਵਲ ਬੀ. ਏ./ ਐਮ. ਏ. ਵਾਚ
ਕੋਰਸ ਦਾ ਹਿੱਸਾ ਰਹੇ। ਉਨ੍ਹਾਂ ਦਾ ਨਾਵਲ 'ਤੂਤਾਂ ਵਾਲਾ ਖੂਹ' ਕੋਈ ੨੦
ਸਾਲ ਨਾਵੀਂ ਦਸਵੀਂ ਦੇ ਕੋਰਸ ਵਿੱਚ ਲੱਗਾ ਰਿਹਾ। ਉਨ੍ਹਾਂ ਨੇ ਕੁਲ ੨੨
ਨਾਵਲ ਲਿਖੇ ਹਨ।
੧. ਈਚੋਗਿਲ ਨਹਿਰ ਤਕ,
੨. ਸੁੰਞਾ ਆਹਲਣਾ,
੩. ਮੁੱਲ ਦਾ ਮਾਸ,
੪. ਪਤਵੰਤੇ ਕਾਤਲ,
੫. ਵਿਜੋਗਣ,
੬. ਦੀਵੇ ਦੀ ਲੋਅ,
੭. ਬਦਲਾ,
੮. ਅੰਨ੍ਹੀ ਸੁੰਦਰਤਾ,
੯. ਜੰਗ ਜਾਂ ਅਮਨ,
੧੦. ਤੂਤਾਂ ਵਾਲਾ ਖੂਹ,
੧੧. ਜੁੱਗ ਬਦਲ ਗਿਆ,
੧੨. ਕਾਲੇ ਪਰਛਾਵੇਂ,
੧੩. ਪ੍ਰੀਤ ਤੇ ਪੈਸਾ,
੧੪. ਧਰਤੀ ਦੇ ਦੇਵਤੇ,
੧੫. ਪ੍ਰੀਤ ਕਿ ਰੂਪ,
੧੬. ਧਰਤੀ ਦੀ ਬੇਟੀ,
੧੭. ਮਹਾਰਾਣੀ ਜਿੰਦਾਂ,
੧੮.ਮਹਾਰਾਜਾ ਦਲੀਪ ਸਿੰਘ
੧੯. ਹਿਮਾਲਿਆ ਦੇ ਰਾਖੇ,
੨੦. ਸੁਰਗ ਸਵੇਰਾ,
੨੧. ਸਭੇ ਸਾਝੀਵਾਲ ਸਦਾਇਨਿ,
੨੨. ਜਵਾਲਾਮੁਖੀ।
ਸ. ਸੋਹਣ ਸਿੰਘ ਸੀਤਲ ਵੱਲੋਂ ਲਿਖੇ ਨਾਵਲਾਂ 'ਚੋਂ 'ਜੁੱਗ ਬਦਲ ਗਿਆ',
'ਤੂਤਾਂ ਵਾਲਾ ਖੂਹ' ਅਤੇ 'ਜੰਗ ਜਾਂ ਅਮਨ' ਕ੍ਰਾਂਤੀਕਾਰੀ ਨਾਵਲ ਵਿਸ਼ੇਸ਼
ਤੌਰ ਤੇ ਮਹੱਤਵ ਪੂਰਨ ਹਨ। ਡਾ. ਭੁਪਿੰਦਰ ਸਿੰਘ ਜੋ ਹੁਣ ਖਾਲਸਾ ਕਾਲਜ
ਅੰਮ੍ਰਿਤਸਰ ਦੇ ਪੰਜਾਬੀ ਵਿਭਾਗ ਵਿਚ ਸੀਨੀਅਰ ਲੈਕਚਰਾਰ ਹਨ ਉਨ੍ਹਾਂ ਨੇ
ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਗਿਆਨੀ ਸੋਹਣ ਸਿੰਘ ਸੀਤਲ ਦੀ
ਨਾਵਲਕਾਰੀ 'ਤੇ ਖੋਜ ਕਰਕੇ ਪੀ. ਐੱਚ. ਡੀ.
ਦੀ ਡਿਗਰੀ ਹਾਸਲ ਕੀਤੀ ਸੀ। ਆਪ ਦੀਆਂ ਦੋ ਪੁਸਤਕਾਂ 'ਸੀਤਲ ਦੇ ਸ੍ਰੇਸ਼ਟ
ਨਾਵਲ' (੧੯੯੮) ਅਤੇ 'ਸੀਤਲ ਜੀ ਦੀ ਨਾਵਲਕਾਰੀ' (੨੦੦੪) ਨਾਨਕ ਸਿੰਘ
ਪੁਸਤਕਮਾਲਾ, ਅੰਮ੍ਰਿਤਸਰ ਤੋਂ ਪ੍ਰਕਾਸ਼ਿਤ ਹੋਈਆਂ।
ਇਸੇ ਤਰ੍ਹਾਂ ਉਨ੍ਹਾਂ ਦੀਆਂ ਇਤਿਹਾਸਕ ਲਿਖਤਾਂ
੧. ਸਿੱਖ ਰਾਜ ਕਿਵੇਂ ਬਣਿਆ,
੨. ਸਿੱਖ ਮਿਸਲਾਂ ਤੇ ਸਰਦਾਰ ਘਰਾਣੇ,
੩. ਸਿੱਖ ਰਾਜ ਤੇ ਸ਼ੇਰੇ ਪੰਜਾਬ,
੪. ਸਿੱਖ ਰਾਜ ਕਿਵੇਂ ਗਿਆ,
੫. ਦੁਖੀਏ ਮਾਂ-ਪੁੱਤ,
੬. ਮਹਾਰਾਣੀ ਜਿੰਦਾਂ,
੭. ਦਲੀਪ ਸਿੰਘ
ਸਿੱਖਾਂ ਕੌਮ ਦੀਆਂ ਪ੍ਰਪਤੀਆਂ ਅਪ੍ਰਾਪਤੀਆਂ ਅਤੇ ਦੁਖਾਂਤ, ਸੁਖਾਂਤ ਦੀ
ਵਿਥਿਆ ਹਨ। ਇਹ ਲਿਖਤਾਂ ਸਿੱਖੀ ਜਜ਼ਬੇ ਦੀ ਕਹਾਣੀ ਹਨ ਤੇ ਰਾਜ-ਦਰਬਾਰਾਂ
ਵਿਚ ਹੁੰਦੀਆਂ ਸਾਜ਼ਸ਼ਾਂ ਅਤੇ ਛੜਯੰਤਰਾਂ ਦੀ ਕਰੂਨਾਮਈ ਕਹਾਣੀ ਹਨ। ਇਹ
ਲਿਖਤਾਂ ਕਲਾਸਿਕ ਹੋ ਨਿੱਬੜੀਆਂ ਹਨ ਜੋ ਹਮੇਸ਼ਾਂ-ਹਮੇਸ਼ਾਂ ਲਈ ਸਿੱਖ ਕੌਮ ਲਈ
ਸਿੱਖਿਆਦਾਇਕ ਰਹਿਣਗੀਆਂ।
ਕਹਾਣੀ ਸੰਗ੍ਰਹਿ: ਕਦਰਾਂ ਬਦਲ ਗਈਆਂ, ਅੰਤਰਜਾਮੀ।
ਨਾਟਕ: ਸੰਤ ਲਾਧੋ ਰੇ।
ਕਵਿਤਾ: ਵਹਿੰਦੇ ਹੰਝੂ ੧੯੪੦, ਸੱਜਰੇ ਹੰਝੂ ੧੯੪੪, ਦਿਲ ਦਰਿਆ
੧੯੪੬
ਗੀਤ : 'ਕੇਸਰੀ ਦੁਪੱਟਾ' ੧੯੫੬, 'ਜਦੋਂ ਮੈਂ ਗੀਤ ਲ਼ਿਖਦਾ ਹਾਂ'
੧੯੫੮। ਉਹਨਾਂ ਦਾ ਲਿਖਿਆ 'ਕੀਮਾਂ ਮਲਕੀ', ਤੇ 'ਭਾਬੀ ਮੇਰੀ ਗੁੱਤ ਨਾ
ਕਰੀ', ਤੇ 'ਅੱਜ ਸਾਡੇ ਓਸ ਆਉਣਾ' ਵਰਗੇ ਕਈ ਗੀਤ ਬਹੁਤ ਮਕਬੂਲ ਹੋਏ।
ਪੰਜਾਬ ਦੇ ਹਰ ਮਿਆਰੀ ਕਲਚਰਲ ਪ੍ਰੋਗਰਾਮ ਵਿੱਚ ਉਹਨਾਂ ਦੇ ਗੀਤ ਗਾਏ ਜਾਂਦੇ
ਸਨ।
ਇਨ੍ਹਾਂ ਲਿਖਤਾਂ ਨੇ ਗਿਆਨੀ ਸੋਹਣ ਸਿੰਘ ਸੀਤਲ ਹੋਰਾਂ ਨੂੰ ਅਮਰ ਬਣਾ
ਦਿੱਤਾ ਹੈ।
ਇਨਾਮ ਤੇ ਸਨਮਾਨ :
੧. ਸੀਤਲ ਜੀ ਨੇ ਬਚਪਨ 'ਚ ਹੀ ਟੱਪੇ ਜੜੋਨ ਤੇ ਕਵਿਤਾ-ਕਵੀਸ਼ਰੀ ਲਿਖਣੀ
ਤੇ ਗਾਉਣੀ ਸ਼ੁਰੂ ਕਰ ਦਿੱਤੀ ਸੀ। ਸਿੱਖਿਆ ਤੇ ਉਸਤਾਦਾਂ ਦੀ ਸੁਹਿਰਦਤਾ ਨਾਲ
ਰਚਨਾਤਮਿਕ ਪ੍ਰਤਿਭਾ ਵਿਚ ਹੋਰ ਵਾਧਾ ਹੋਇਆ ਅਤੇ ਵਿਦਿਆਰਥੀ ਸੋਹਣ ਸਿੰਘ ਨੇ
ਅਠਵੀਂ 'ਚ ਪੜ੍ਹਦਿਆਂ ਪੰਜਾਬ ਯੂਨੀਵਰਸਿਟੀ ਲਾਹੌਰ ਵੱਲੋਂ ਕਰਵਾਏ ਗਏ
ਲੇਖ-ਮੁਕਾਬਲੇ ਵਿਚ 'ਤੰਦਰੁਸਤੀ' ਵਿਸ਼ੇ ' ਤੇ ਲੇਖ ਲਿਖ ਕੇ ਪਹਿਲਾ ਸਥਾਨ
ਪ੍ਰਾਪਤ ਕੀਤਾ। ਇਹ ਉਨ੍ਹਾਂ ਦੀ ਕਾਬਲੀਅਤ ਦਾ ਪਹਿਲਾ ਸਨਮਾਨ ਸੀ।
੨. ਸੰਨ ੧੯੬੨ ਵਿਚ ਭਾਸ਼ਾ ਵਿਭਾਗ ਪੰਜਾਬ ਵੱਲੋਂ 'ਕਾਲੇ ਪਰਛਾਵੇਂ' ਨਾਵਲ
ਨੂੰ ਪੁਰਸਕ੍ਰਿਤ ਕੀਤਾ ਗਿਆ।
੩. ਭਾਰਤ ਸਰਕਾਰ ਦੀ ਐਜੂਕੇਸ਼ਨ ਮਨਿਸਟਰੀ ਵਾਸਤੇ 'ਬਾਲਗ ਸਾਹਿਤ' ਲਈ
ਲਿਖਵਾਏ ਗਏ, ਤਿੰਨ ਨਿੱਕੇ ਨਾਵਲਾਂ 'ਸੁਰਗ-ਸਵੇਰਾ', ਹਿਮਾਲਿਆ ਦੇ ਰਾਖੇ'
ਅਤੇ 'ਸਭੇ ਸਾਝੀਵਾਲ ਸਦਾਇਨਿ' ਨੂੰ ਵਾਰੋ-ਵਾਰੀ ੧੯੬੨, ੬੪, ਅਤੇ ੧੯੬੬ਵੇਂ
ਵਰ੍ਹੇ, ਮੁਕਾਬਲਿਆਂ ਵਿਚ ਅਠਵੇਂ, ਦਸਵੇਂ ਤੇ ਬਾਰ੍ਹਵੇਂ ਸਥਾਨ 'ਪਰ ਇਨਾਮ
ਦਿੱਤੇ ਗਏ ਸਨ।
੪. ਉਹਨਾਂ ਨੂੰ ਸੰਨ ੧੯੭੪ ਵਿਚ 'ਜੁੱਗ ਬਦਲ ਗਿਆ' ਨਾਵਲ ਵਾਸਤੇ ਭਾਰਤੀ
ਸਾਹਿਤ ਅਕਾਦਮੀ ਦਿੱਲੀ ਵੱਲੋਂ ਅਵਾਰਡ ਮਿਲਿਆ।
੫. ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਸੰਨ
੧੯੭੯ ਵਿਚ ਗਿ. ਸੋਹਣ ਸਿੰਘ ਸੀਤਲ ਨੂੰ 'ਸ਼੍ਰੋਮਣੀ ਢਾਡੀ' ਵਜੋਂ
ਪੁਰਸਕਾਰਿਤ ਕੀਤਾ ਗਿਆ।
੬. ਭਾਸ਼ਾ ਵਿਭਾਗ ਪੰਜਾਬ ਵੱਲੋਂ ਸੰਨ ੧੯੮੩ ਵਿਚ 'ਸ਼੍ਰੋਮਣੀ ਢਾਡੀ' ਵਜੋਂ'
ਸਨਮਾਨ ਮਿਲਿਆ।
੭. ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ੧੯੮੭ ਦਾ 'ਕਰਤਾਰ ਸਿੰਘ
ਧਾਲੀਵਾਲ' ਪੁਰਸਕਾਰ ਮਿਲਿਆ।
੮. ੧੯੯੩ ਵਿਚ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਦਾ ਸਨਮਾਨ ਮਿਲਿਆ।
੯. ੧੯੯੪ 'ਚ ਪੰਜਾਬੀ ਸੱਥ ਲਾਂਬੜਾਂ ਵੱਲੋਂ 'ਭਾਈ ਗੁਰਦਾਸ ਪੁਰਸਕਾਰ'
ਪ੍ਰਦਾਨ ਕੀਤਾ ਗਿਆ।
੧੦. ਹੋਰ ਅਨੇਕਾਂ ਸਾਹਿਤਕ, ਸਭਿਆਚਾਰਿਕ ਤੇ ਧਾਰਮਿਕ ਸੰਸਥਾਵਾਂ ਵੱਲੋਂ
ਗਿ. ਸੋਹਣ ਸਿੰਘ ਸੀਤਲ ਜੀ ਦੀ ਸਖ਼ਸ਼ੀਅਤ ਨੂੰ ਅੰਤਾਂ ਦਾ ਸਤਿਕਾਰ ਅਤੇ
ਮਾਨਾਂ ਸਨਮਾਨਾਂ ਨਾਲ ਸਲਾਹਿਆ ਤੇ ਵਡਿਆਇਆ ਗਿਆ ਹੈ।
ਸਿੱਖ ਇਤਿਹਾਸ ਨਾਲ ਸੰਬੰਧਿਤ ਗਿਆਨੀ ਸੋਹਣ ਸਿੰਘ ਸੀਤਲ ਦਾ ਸਭ ਤੋਂ
ਖੋਜ ਭਰਪੂਰ ਕੰਮ 'ਸਿੱਖ ਇਤਿਹਾਸ ਦੇ ਸੋਮੇ' ਪੰਜ ਜਿਲਦਾਂ ਵਿਚ ਲਿਖਣਾ ਹੈ।
ਸਿੱਖ ਇਤਿਹਾਸ ਨਾਲ ਸੰਬੰਧਿਤ ਗ੍ਰੰਥਾਂ 'ਸ੍ਰੀ ਗੁਰ ਸੋਭਾ' ਤੋਂ ਲੈ ਕੇ
'ਸੂਰਜ ਪ੍ਰਕਾਸ਼' ਤਕ ਦੇ ਗ੍ਰੰਥਾਂ ਵਿੱਚ ਸਮਾਂ ਪੈਣ 'ਤੇ ਸਭਨਾਂ ਵਿਚ ਰਲਾ
ਪੈ ਗਿਆ। ਇਸ ਰਲੇ ਦਾ ਕਾਰਨ ਇਹ ਹੈ ਕਿ ੧੭੧੬ ਵਿਚ ਬਾਬਾ ਬੰਦਾ ਸਿੰਘ ਦੇ
ਸ਼ਹੀਦ ਹੋਣ ਪਿੱਛੋਂ ਸਿੱਖ ਦੋ ਧੜਿਆਂ ਵਿਚ ਵੰਡੇ ਗਏ। ਗਰਮ ਖਿਆਲੀਆਂ ਨੇ ਮਨ
ਬਣਾ ਲਿਆ ਕਿ ਕਿਸੇ ਵੀ ਕੀਮਤ ਉੱਤੇ ਸਰਕਾਰ ਨਾਲ ਸਮਝੌਤਾ ਨਹੀਂ ਕਰਨਾ। ਇਹ
ਤੱਤ ਖਾਲਸਾ ਜੰਗਲਾਂ ਵਿਚ ਚਲਾ ਗਿਆ। ਦੂਜੇ ਪਾਸੇ ਨਰਮ-ਖਿਆਲੀਏ ਸਿੱਖ
ਗੁਰਦੁਆਰਿਆਂ ਦੀ ਸੇਵਾ ਤਕ ਹੀ ਸੰਤੁਸ਼ਟ ਰਹਿ ਗਏ। ਸਹਿਜੇ-ਸਹਿਜੇ ਸਾਰੇ
ਗੁਰਦੁਆਰਿਆਂ ਉੱਪਰ ਪੁਜਾਰੀ ਕਾਬਜ਼ ਹੋ ਗਏ। ਇਨ੍ਹਾਂ ਪੁਜਾਰੀਆਂ ਨੇ ਹਾਕਮਾਂ
ਤੇ ਪੰਡਤਾਂ ਨੂੰ ਖੁਸ਼ ਰੱਖਣ ਲਈ ਸਿੱਖ ਧਰਮ ਦੇ ਅਸੂਲਾਂ ਵਿਚ ਢਿੱਲ ਦੇਣੀ
ਸ਼ੁਰੂ ਕਰ ਦਿੱਤੀ ਤੇ ਇਸ ਪ੍ਰਕਾਰ ਬ੍ਰਾਹਮਣੀ ਰੀਤਾਂ ਸਿੱਖੀ ਵਿਚ ਦਾਖਲ ਹੋ
ਗਈਆਂ।
ਗਿਆਨੀ ਸੋਹਣ ਸਿੰਘ ਸੀਤਲ ਜੀ ਲਿਖਦੇ ਹਨ ਕਿ ਇਕ ਦਿਨ ਮੇਰੇ ਮਨ ਵਿਚ
ਖ਼ਿਆਲ ਆਇਆ ਕਿ ਇਨ੍ਹਾਂ ਇਤਿਹਾਸਾਂ ਬਾਰੇ ਖੋਜ ਕਰਨੀ ਚਾਹੀਦੀ ਹੈ। ਸਿੱਖੀ
ਦੇ ਖ਼ਿਲਾਫ ਜੋ ਅਸਰ ਪਾਉਣ ਦਾ ਕੋਝਾ ਜਤਨ ਕੀਤਾ ਗਿਆ, ਉਸ ਉੱਤੇ ਚਾਨਣਾ
ਪਾਉਣਾ ਚਾਹੀਦਾ ਹੈ। ਮੈਂ ਮਨ ਬਣਾਇਆ ਕਿ 'ਸ੍ਰੀ ਗੁਰ ਸੋਭਾ' ਤੋਂ ਲੈ ਕੇ
'ਸੂਰਜ ਪ੍ਰਕਾਸ਼' ਤਕ ਖੋਜ ਕੀਤੀ ਜਾਵੇ। ਇਨ੍ਹਾਂ ਇਤਿਹਾਸਾਂ ਦੀ ਬੋਲੀ ਕਾਫੀ
ਔਖੀ (ਬ੍ਰਿਜ ਭਾਸ਼ਾ) ਹੈ, ਜੋ ਆਮ ਪਾਠਕ ਦੀ ਸਮਝ ਤੋਂ ਬਾਹਰ ਹੈ। ਫਿਰ ਸੰਮਤ
ਵੀ ਐਸੇ ਬਿਖੜੇ ਢੰਗ ਨਾਲ ਦਿੱਤੇ ਗਏ ਹਨ ਕਿ ਜੋ ਪੁਰਾਣ ਕਥਾਵਾਂ ਤੋਂ ਜਾਣੂ
ਨਹੀਂ, ਉਹਦੇ ਵਾਸਤੇ ਸਮਝਣੇ ਔਖੇ ਹਨ। ਜਿਵੇਂ:- 'ਸੰਮਤ ਸੋਲਾ ਸੋ ਗ੍ਰਹਿ
ਜਾਨੋ' (੧੬੦੯ ਬਿ:), 'ਸਸਿ ਖਟ ਰਿਤ ਗ੍ਰਹਿ ਸੰਮਤੋ' (੧੬੬੯), 'ਸਸਿ ਖਟ
ਗ੍ਰਹਿ ਪੁਨ ਬੇਦ ਬਖਾਨੀ' (੧੬੯੪) ਆਦਿ। ਇਹ ਗ੍ਰੰਥ ਲਿਖੇ ਵੀ ਕਵਿਤਾ ਦੇ
ਰੂਪ ਵਿਚ ਹਨ।
ਇਨ੍ਹਾਂ ਉਪਰੋਕਤ ਗੱਲਾਂ ਨੂੰ ਮੁੱਖ ਰੱਖ ਕੇ ਮੈਂ 'ਸਿੱਖ ਇਤਿਹਾਸ ਦੇ
ਸੋਮੇ' ਨਾਮ ਦਾ ਗ੍ਰੰਥ ਲਿਖਿਆ, ਜਿਸ ਦੇ ਪੰਜ ਭਾਗ ਹਨ। 'ਸਿੱਖ ਇਤਿਹਾਸ ਦੇ
ਸੋਮੇ' ਗ੍ਰੰਥ ਦੇ ਪੰਜ ਭਾਗਾਂ ਵਿਚ ਜੋ ਸਿੱਖ-ਇਤਿਹਾਸ ਨਾਲ ਸੰਬੰਧਿਤ
ਗ੍ਰੰਥ ਆਏ ਹਨ ਉਸ ਦਾ ਵੇਰਵਾ ਇਸ ਪ੍ਰਕਾਰ ਹੈ—
(ੳ) ਸਿੱਖ ਇਤਿਹਾਸ ਦੇ ਸੋਮੇ
(ਭਾਗ ਪਹਿਲਾ) ਅਕਤੂਬਰ ੧੯੮੧, ਇਸ ਵਿਚ ਪੰਜ ਗ੍ਰੰਥ ਹਨ-
(੧) ਸ੍ਰੀ ਗੁਰ ਸੋਭਾ ਕਰਤਾ ਸੈਨਾ ਪਤਿ
(੨) ਗੁਰ ਬਿਲਾਸ ਕਰਤਾ ਕੁਇਰ ਸਿੰਘ
(੩) ਗੁਰ ਬਿਲਾਸ ਪਾਤਸ਼ਾਹੀ ਛੇਵੀਂ
(੪) ਬੰਸਾਵਲੀਨਾਮਾ ਕਰਤਾ ਕੇਸਰ ਸਿੰਘ (ਛਿੱਬਰ)
(੫) ਗੁਰ ਬਿਲਾਸ ਕਰਤਾ ਸੁੱਖਾ ਸਿੰਘ
(ਅ) ਸਿੱਖ ਇਤਿਹਾਸ ਦੇ ਸੋਮੇ (ਭਾਗ ਦੂਜਾ) ਅਗਸਤ ੧੯੮੨ ਵਿੱਚ
ਗ੍ਰੰਥ ਹਨ—
(੧) ਗੁਰੂ ਨਾਨਕ ਮਹਿਮਾ ਕਰਤਾ ਸਰੂਪ ਦਾਸ ਭੱਲਾ।
(੨) ਮਹਿਮਾ ਪ੍ਰਕਾਸ਼ ਕਰਤਾ ਸਰੂਪ ਦਾਸ ਭੱਲਾ।
(੩) ਪਰਚੀਆਂ ਸੇਵਾ ਦਾਸ ਉਦਾਸੀ।
(੪) ਨੌਂ ਗੁਰ ਪ੍ਰਣਾਲੀਆਂ।
(ੲ) ਸਿੱਖ ਇਤਿਹਾਸ ਦੇ ਸੋਮੇ (ਭਾਗ ਤੀਜਾ) - ਅਗਸਤ ੧੯੮੨
ਇਸ ਵਿਚ ਕਵੀ ਸੰਤੋਖ ਸਿੰਘ ਦੀ ਰਚਨਾ 'ਨਾਨਕ ਪ੍ਰਕਾਸ਼' ਹੈ।
(ਸ) ਸਿੱਖ ਇਤਿਹਾਸ ਦੇ ਸੋਮੇ (ਭਾਗ ਚੌਥਾ) - ਨਵੰਬਰ ੧੯੮੩
ਇਸ ਵਿਚ 'ਗੁਰ ਪ੍ਰਤਾਪ ਸੂਰਜ ਗ੍ਰੰਥ' ਦੀਆਂ ਪ੍ਰਥਮ ਦਸ ਰਾਸਾਂ ਹਨ।
(ਹ) ਸਿੱਖ ਇਤਿਹਾਸ ਦੇ ਸੋਮੇ (ਭਾਗ ਪੰਜਵਾਂ) - ਜਨਵਰੀ ੧੯੮੪,
ਇਸ ਵਿਚ ਗੁਰ ਪ੍ਰਤਾਪ ਸੂਰਜ ਗ੍ਰੰਥ ਦਾ ਬਾਕੀ ਭਾਗ ਹੈ।
ਸਿੱਖ ਇਤਿਹਾਸ ਦਾ ਇਹ ਕੰਮ ਸੀਤਲ ਜੀ ਨੇ ਅਥਾਹ ਲਗਨ ਤੇ ਮਿਹਨਤ ਨਾਲ
ਕੀਤਾ। ਇਸ ਕੰਮ ਨੂੰ ਵੇਖ ਕੇ ਡਾ. ਮਹਿੰਦਰ ਸਿੰਘ ਰੰਧਾਵਾ ਨੇ ਗੁਰੂ ਨਾਨਕ
ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਾਈਸ ਚਾਂਸਲਰ ਡਾ. ਜੇ. ਐੱਸ. ਗਰੇਵਾਲ
ਨੂੰ ਕਿਹਾ ਸੀ ਕਿ ਸਾਨੂੰ ਗਿਆਨੀ ਸੋਹਣ ਸਿੰਘ ਸੀਤਲ ਨੂੰ ਡੀ.ਲਿਟ ਦੀ
ਆਨਰੇਰੀ ਡਿਗਰੀ ਦੇਣੀ ਚਾਹੀਦੀ ਹੈ। ਪਰ ਅਫਸੋਸ! ਇਹ ਸੰਭਵ ਨਾ ਹੋ ਸਕਿਆ।
'ਸਿੱਖ ਇਤਿਹਾਸ ਦੇ ਸੋਮੇ' ਦੇ ਪੰਜਾਂ ਭਾਗਾਂ ਵਿਚ ਹੀ ਆਪ ਨੇ ਮੂਲ ਰਚਨਾ
ਵਿਚ ਟਿੱਪਣੀਆਂ ਦੇ ਕੇ, ਜਿੱਥੇ ਜਿੱਥੇ ਸਿੱਖ ਸਿਧਾਂਤਾਂ ਦੀ ਅਵੱਗਿਆ ਹੋਈ,
ਓਥੇ ਉਸਦੀ ਗੁਰਮਤ ਅਨੁਸਾਰ ਸੋਧ ਕੀਤੀ ਹੈ।
੨੩ ਸਤੰਬਰ, ੧੯੯੮ ਨੂੰ ਸੀਤਲ ਜੀ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ।
ਕੀ ਗਿਆਨੀ ਸੋਹਣ ਸਿੰਘ ਸੀਤਲ ਨੂੰ ਉਹਨਾਂ ਦੀਆਂ ਪ੍ਰਾਪਤੀਆਂ ਦੇ ਸਨਮੁਖ
ਆਸ ਕੀਤੀ ਜਾ ਸਕਦੀ ਹੈ ਕਿ ਉਹਨਾਂ ਨੂੰ ਡੀ.ਲਿਟ ਦੀ ਆਨਰੇਰੀ ਡਿਗਰੀ ਦੇਣ
ਦੇ ਅਧੂਰੇ ਰਹਿ ਗਏ ਕਾਰਜ ਨੂੰ ਹੁਣ ਉਹਨਾਂ ਦੀ ਜਨਮ ਸ਼ਤਾਬਦੀ ਵਾਲੇ ਸਾਲ,
ਮਰਨ ਉਪਰਾਂਤ ਡੀ.ਲਿਟ ਦੀ ਆਨਰੇਰੀ ਡਿਗਰੀ ਦੇਕੇ ਪੂਰਾ ਕੀਤਾ ਜਾਵੇ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਅਦਾਰੇ ਤੇ ਸੁਹਿਰਦ
ਵਿਦਵਾਨ ਇਸ ਕੰਮ ਵਿੱਚ ਮਹੱਤਵ ਪੂਰਨ ਰੋਲ ਅਦਾ ਕਰ ਸਕਦੇ ਹਨ।
ਅਗਸਤ ੨੦੦੯ ਵਿਚ ਗਿਆਨੀ ਸੋਹਣ ਸਿੰਘ ਸੀਤਲ ਦੀ ਜਨਮ ਸ਼ਤਾਬਦੀ ਸਮੇਂ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੁਆਰਾ
ਪ੍ਰਕਾਸ਼ਿਤ ਕੀਤੇ ਜਾਂਦੇ ਮੈਗਜ਼ੀਨ 'ਗੁਰਮਤਿ ਪ੍ਰਕਾਸ਼' ਦਾ ਅਗਸਤ ੨੦੦੯ ਦਾ
ਅੰਕ ਗਿਆਨੀ ਸੋਹਣ ਸਿੰਘ ਸੀਤਲ ਵਿਸ਼ੇਸ਼ ਅੰਕ ਦੇ ਰੂਪ 'ਚ ਪ੍ਰਕਾਸ਼ਿਤ ਕੀਤਾ
ਹੈ। ਇਸ ਉਦਮ ਦੁਆਰਾ ਪਾਠਕਾਂ ਨੂੰ ਜਿਥੇ ਗਿਆਨੀ ਸੋਹਣ ਸਿੰਘ ਸੀਤਲ ਦੇ
ਜੀਵਨ ਬਾਰੇ ਪੁਨਰ ਜਾਣਕਾਰੀ ਮਿਲੇਗੀ, ਉਥੇ ਸਿੱਖ ਇਤਿਹਾਸ ਦੇ ਦੁਖਾਂਤਕ
ਅਤੇ ਸੁਖਾਂਤਕ ਦੌਰ ਬਾਰੇ ਵੀ ਜਾਣਕਾਰੀ ਪ੍ਰਾਪਤ ਕਰਨ ਦੀ ਇੱਛਾ ਪੈਦਾ
ਹੋਵੇਗੀ। ਇਸ ਸ਼ਲਾਘਾਯੋਗ ਉੱਦਮ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਦੇ ਪ੍ਰਧਾਨ, ਸ. ਅਵਤਾਰ ਸਿੰਘ ਜੀ ਅਤੇ 'ਗੁਰਮਤਿ ਪ੍ਰਕਾਸ਼' ਦੇ ਸੰਪਾਦਕ ਸ.
ਸਿਮਰਜੀਤ ਸਿੰਘ ਅਤੇ ਸਮੂੰਹ ਅਦਾਰਾ ਅਤੇ ਵਿਦਵਾਨ ਲੇਖਕ ਸ਼ਲਾਘਾ ਦੇ ਪਾਤਰ
ਹਨ।
ਇਸ ਮਹਾਨ ਕ੍ਰਾਂਤੀਕਾਰੀ, ਵਿਚਾਰਵਾਨ, ਢਾਡੀ, ਵਾਰਕਾਰ, ਕਵੀ,
ਇਤਿਹਾਸਕਾਰ, ਕਹਾਣੀਕਾਰ, ਨਾਵਲਕਾਰ ਗੁਰਸਿੱਖ ਸਾਹਿਤਕਾਰ ਦੀ ਯਾਦ ਵਿਚ
ਗੁਰੂ ਪੰਥ ਵਿਚ ਢਾਡੀਆਂ ਦੇ ਜਨਮ ਦਾਤੇ-ਸਰਪ੍ਰਸਤ-ਛੇਵੇਂ ਗੁਰੂ ਹਰਿਗੋਬਿੰਦ
ਸਾਹਿਬ ਜੀ ਦੇ ਜਨਮ ਅਸਥਾਨ 'ਗੁਰੂ ਕੀ ਵਡਾਲੀ' ਅੰਮ੍ਰਿਤਸਰ ਵਿਖੇ ਸ਼੍ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 'ਗਿਆਨੀ ਸੋਹਣ ਸਿੰਘ ਸੀਤਲ' ਯਾਦਗਾਰੀ
ਢਾਡੀ ਅਤੇ ਕਵੀਸ਼ਰੀ ਕਾਲਜ ਉਸਾਰੀ ਅਧੀਨ ਹੈ।
'ਸੀਤਲ' ਸਦਾ ਜਹਾਨ 'ਤੇ ਜੀਂਵਦਾ ਏ,
ਜੀਹਦਾ ਮਰ ਗਿਆਂ ਦੇ ਪਿੱਛੋਂ ਜੱਸ ਹੋਵੇ। |