5_cccccc1.gif (41 bytes)

ਕੱਫ਼ਣ ਦੀ ਉਡੀਕ ਵਿਚ
ਭਿੰਦਰ ਜਲਾਲਾਬਾਦੀ

"ਜੱਥੇਦਾਰ ਪੂਰਾ ਹੋ ਗਿਆ!" ਪਿੰਡ ਵਿਚ ਹੀ ਨਹੀਂ, ਸਾਰੇ ਇਲਾਕੇ ਵਾਂਗ ਇਹ ਗੱਲ ਧੂੰਏਂ ਵਾਂਗ 'ਰੋਲ' ਹੋ ਗਈ। ਜੱਥੇਦਾਰ ਸਾਧੂ ਸਿੰਘ ਇਲਾਕੇ ਦਾ ਹੀ ਨਹੀਂ, ਪੂਰੇ ਪੰਜਾਬ ਦਾ ਹੀ ਮਾਣ ਮੰਨਿਆਂ ਜਾਂਦਾ ਸੀ। ਸਰਕਾਰੇ ਦਰਬਾਰੇ ਉਸ ਦੀ ਪੂਰੀ ਪੁੱਛ-ਗਿੱਛ ਅਤੇ 'ਭੱਲ' ਸੀ। ਇਲਾਕੇ ਦਾ ਐੱਮ ਐੱਲ਼ ਏ ਉਸ ਤੋਂ ਪੁੱਛ ਗੱਲ ਕਰਦਾ ਸੀ। ਜਿਲ੍ਹੇ ਦੀ ਪੁਲੀਸ ਪਾਣੀ ਭਰਦੀ ਸੀ। ਸਿਆਸੀ ਬੰਦੇ ਆ ਕੇ ਉਸ ਦੇ ਪੈਰਾਂ ਵੱਲ ਬੈਠਦੇ ਸਨ। ਜੱਥੇਦਾਰ ਮਗਰ ਵੋਟਾਂ ਹੀ ਬਹੁਤ ਸਨ। ਜੇ ਪੈਰਾਂ ਵੱਲ ਨਾ ਬੈਠਦੇ, ਤਾਂ ਕੀ ਕਰਦੇ? ਜੱਥੇਦਾਰ ਸਾਧੂ ਸਿੰਘ ਬਿਨਾ ਉਹਨਾਂ ਦੀ 'ਗਤ' ਨਹੀਂ ਸੀ। ਲੋਕਾਂ ਨੇ ਤਾਂ ਕਹਾਵਤ ਘੜ੍ਹੀ ਹੋਈ ਸੀ ਕਿ ਗੁਰੂ ਬਿਨਾਂ ਗਤ ਨਹੀਂ ਤੇ ਸ਼ਾਹ ਬਿਨਾਂ ਪਤ ਨਹੀਂ! ਪਰ ਅੱਜ ਕੱਲ੍ਹ ਦੇ ਕਲਯੁਗੀ ਜ਼ਮਾਨੇ ਵਿਚ ਨਾ ਤਾਂ ਕਿਸੇ ਨੂੰ ਗੁਰੂ ਦੀ ਲੋੜ ਹੀ ਮਹਿਸੂਸ ਹੁੰਦੀ ਸੀ ਅਤੇ ਨਾ ਹੀ ਗਤ ਦੀ! ਨਾ ਸ਼ਾਹਾਂ ਦੀ ਜ਼ਰੂਰਤ ਅਤੇ ਨਾ ਹੀ ਪਤ ਦੀ! ਜੋ ਕੁਝ ਹੋ ਰਿਹਾ ਸੀ, ਸਭ 'ਡੰਡੇ' ਦੇ ਜ਼ੋਰ 'ਤੇ ਹੀ ਕੀਤਾ ਜਾ ਰਿਹਾ ਸੀ। ਤਕੜੇ ਦੀ ਔਰਤ ਹਰ ਇਕ ਦੀ 'ਭੈਣ ਜੀ' ਅਤੇ ਮਾੜੇ ਦੀ ਜਨਾਨੀ ਸਭ ਦੀ 'ਭਰਜਾਈ' ਸੀ! ਚਾਰੇ ਪਾਸੇ ਰਿਸ਼ਵਤਖ਼ੋਰੀ ਅਤੇ ਧੱਕੇਸ਼ਾਹੀ ਦਾ ਦੌਰ ਸੀ।

ਜੱਥੇਦਾਰ ਸਾਧੂ ਸਿੰਘ ਨੇ ਚੜ੍ਹਦੀ ਜਵਾਨੀ ਵੇਲੇ ਤਾਂ ਗ਼ਰੀਬੀ ਦੇ ਦਿਹਾੜੇ ਹੀ ਕੱਟੇ ਸਨ। ਮਾੜਾ ਸਰੀਰ ਹੋਣ ਕਾਰਨ ਉਸ ਨੂੰ ਖੇਤੀ-ਬਾੜੀ ਵਿਚ ਤਾਂ ਆਪਣਾ ਸਰੀਰ ਤੁਰਦਾ ਨਾ ਦਿਸਿਆ। ਪਰ ਉਹ ਝਿੜੀ ਵਾਲੇ ਸੰਤਾਂ ਦੀ ਸ਼ਰਨ ਵਿਚ ਚਲਾ ਗਿਆ ਅਤੇ ਸੰਤਾਂ ਦੇ ਡੇਰੇ ਵਿਚ ਨਿਸ਼ਕਾਮ ਸੇਵਾ ਆਰੰਭ ਕਰ ਦਿੱਤੀ। ਹੌਲੀ-ਹੌਲੀ, ਕਰਦਾ-ਕਰਾਉਂਦਾ ਉਹ ਸੰਤਾਂ ਦਾ ਡਰਾਈਵਰ ਬਣ ਗਿਆ। ਸੰਤਾਂ ਨੇ ਜਿੱਧਰ ਵੀ ਕੂਚ ਕਰਨਾ, ਉਥੇ ਸਾਧੂ ਸਿੰਘ ਨੇ ਵੀ ਨਾਲ ਹੀ ਜਾਣਾ ਹੁੰਦਾ ਸੀ। ਸੰਤਾਂ ਦੇ ਜ਼ਰੀਏ ਉਸ ਦੀ ਲੋਕਾਂ ਨਾਲ ਜਾਣ-ਪਹਿਚਾਣ ਹੁੰਦੀ ਗਈ ਅਤੇ ਲੋਕ ਵੀ ਉਸ ਨੂੰ ਸੰਤਾਂ ਦਾ ਡਰਾਈਵਰ ਹੋਣ ਕਾਰਨ ਇੱਜ਼ਤ-ਸਤਿਕਾਰ ਦੇਣ ਲੱਗ ਪਏ। ਹੁਣ ਜਿੰਨੀ ਸੇਵਾ ਸੰਤਾਂ ਦੀ ਹੁੰਦੀ, ਉਤਨੀ ਹੀ ਸਾਧੂ ਸਿੰਘ ਦੀ ਵੀ ਕੀਤੀ ਜਾਂਦੀ!

ਇੱਕ ਦਿਨ ਸੰਤ ਜੀ ਨੇ ਸਾਧੂ ਸਿੰਘ ਨੂੰ ਕੋਲ ਬਿਠਾ ਲਿਆ।
"
ਸਾਧੂ ਸਿਆਂ!"
"
ਹੁਕਮ ਮਹਾਰਾਜ?" ਉਹ ਹੱਥ ਜੋੜੀ 'ਪ੍ਰਣਾਮ' ਬਣਿਆਂ ਖੜ੍ਹਾ ਸੀ।
"
ਅਸੀਂ ਤੇਰੀ ਸੇਵਾ ਤੋਂ ਬੜੇ ਪ੍ਰਸੰਨ ਆਂ!"
"
ਇਹ ਤਾਂ ਮੇਰੇ ਧੰਨਭਾਗ ਨੇ ਮਹਾਰਾਜ!"
"
ਮੰਗ ਕੀ ਮੰਗਦੈਂ?"
"
ਤੁਹਾਡਾ ਬਖ਼ਸ਼ਿਆ ਸਭ ਕੁਝ ਹੈ ਸੱਚੀ ਸਰਕਾਰ!"
"
ਨਹੀਂ! ਮੰਗ ਕੀ ਮੰਗਦੈਂ?"
"
ਜੇ ਬਖ਼ਸ਼ਣ 'ਤੇ ਆਏ ਹੀ ਹੋ, ਤਾਂ ਇਕ ਤਾਂ ਮੇਰੀ ਸ਼ਾਦੀ ਕਰਵਾ ਦਿਓ!"
"
ਹੋਰ?"
"
ਇਕ ਕਿਸੇ ਡੇਰੇ ਦੀ ਸੇਵਾ ਸੰਭਾਲ ਦਿਓ, ਹੁਣ ਡਰਾਈਵਰੀ ਨਹੀਂ ਹੁੰਦੀ ਮਹਾਰਾਜ! ਤੁਹਾਡੇ ਆਸਰੇ ਈ ਤਾਂ ਦਿਹਾੜੇ ਕੱਟਦੇ ਐਂ!"

ਸੰਤਾਂ ਦੀ ਮਿਹਰ ਹੋ ਗਈ। ਸਾਧੂ ਸਿੰਘ ਨੂੰ ਕਿਸੇ ਲੋੜਵੰਦ ਸ਼ਰਧਾਲੂ ਦੇ ਘਰੋਂ ਰਿਸ਼ਤਾ ਹੋ ਗਿਆ। ਨਿਰੰਜਣ ਕੌਰ ਸਾਧੂ ਸਿੰਘ ਦੀ ਪਤਨੀ ਬਣ ਕੇ ਉਸ ਦੇ ਘਰ ਆ ਗਈ। ਦੂਜੀ ਕ੍ਰਿਪਾ ਸੰਤਾਂ ਦੀ ਇਹ ਹੋਈ ਕਿ ਸਾਧੂ ਸਿੰਘ ਨੂੰ ਝਿੜੀ ਵਾਲੇ ਡੇਰੇ ਦਾ 'ਕਰਤਾ-ਧਰਤਾ' ਬਣਾ ਦਿੱਤਾ ਗਿਆ। ਅੱਗੇ ਜਿਹੜਾ ਸਾਧੂ ਸਿੰਘ 'ਡਰਾਈਵਰ' ਕਰ ਕੇ ਜਾਣਿਆਂ ਜਾਂਦਾ ਸੀ, ਹੁਣ ਲੋਕ ਉਸ ਨੂੰ 'ਪ੍ਰਧਾਨ ਸਾਹਿਬ' ਆਖ ਕੇ ਬੁਲਾਉਣ ਲੱਗ ਪਏ। ਸੰਤਾਂ ਦੇ ਕਹਿਣ ਮੁਤਾਬਿਕ ਲੋਕ ਉਸ ਨੂੰ ਸਨਮਾਨ ਦੇਣ ਲੱਗ ਪਏ।

ਸਮਾਂ ਪਾ ਕੇ ਝਿੜੀ ਵਾਲੇ ਸੰਤ ਰੱਬ ਨੂੰ ਪਿਆਰੇ ਹੋ ਗਏ ਅਤੇ ਸਾਧੂ ਸਿੰਘ ਇਸ ਡੇਰੇ ਦਾ 'ਸਭ-ਕੁਛ' ਬਣ ਕੇ ਬੈਠ ਗਿਆ। ਕੁਝ ਵਿਰੋਧੀ ਉਸ ਨਾਲ 'ਈਰਖ਼ਾ' ਕਰਦੇ। ਪਰ ਸਾਧੂ ਸਿੰਘ ਹੁਣ ਤੱਕ ਘਾਟ-ਘਾਟ ਦਾ ਪਾਣੀ ਪੀ ਚੁੱਕਿਆ ਸੀ ਅਤੇ ਪੂਰਾ 'ਘਾਗ' ਬੰਦਾ ਬਣ ਚੁੱਕਿਆ ਸੀ। ਉਸ ਨੇ ਇਲਾਕੇ ਦੇ ਬਦਮਾਸ਼ ਟਾਈਪ ਬੰਦਿਆਂ ਨਾਲ ਯਾਰੀ ਗੰਢ ਲਈ ਅਤੇ ਆਪਣੇ ਵਿਰੋਧੀਆਂ ਨੂੰ 'ਮਾਤ' ਦੇ ਦਿੱਤੀ। ਬਾਹਰ ਲੋਕਾਂ ਵਿਚ ਉਹ ਨਿਮਰਤਾ ਭਰੇ ਸ਼ਬਦ ਉਚਾਰਦਾ ਅਤੇ ਅੰਦਰ ਬੰਦ ਕਮਰੇ ਵਿਚ ਬੈਠ ਉਹ 'ਵੈਲੀਆਂ' ਨਾਲ ਗੱਲ ਗੱਲ 'ਤੇ ਅੱਗ ਉਗਲਦਾ। ਵੈਲੀ ਬੰਦੇ ਵੀ ਉਸ ਦੇ ਇਕ ਇਸ਼ਾਰੇ 'ਤੇ ਮਰਨ ਮਿਟਣ ਲਈ ਤਿਆਰ ਹੋ ਜਾਂਦੇ। ਗੁਰਦੁਆਰੇ ਵਿਚ ਚੜ੍ਹਾਵਾ ਅੰਨ੍ਹਾਂ ਚੜ੍ਹਦਾ ਸੀ। ਜਿਸ ਦੀ ਵਰਤੋਂ ਸਾਧੂ ਸਿੰਘ ਅਨੁਸਾਰ ਹੀ ਕੀਤੀ ਜਾਂਦੀ। ਸੰਗਰਾਂਦ 'ਤੇ ਇਸ ਡੇਰੇ ਵਿਚ ਸੰਗਤਾਂ ਦਾ ਅਥਾਹ ਇਕੱਠ ਹੁੰਦਾ। ਮਾਇਆ ਬੋਰੀਆਂ ਭਰ ਭਰ ਅੰਦਰ 'ਢੋਹੀ' ਜਾਂਦੀ।

ਸੰਗਤਾਂ ਦਾ ਝੁਕਾਅ ਦੇਖ ਕੇ ਇਹ ਡੇਰਾ ਸਿਆਸੀ ਬੰਦਿਆਂ ਦੀ ਨਜ਼ਰ ਵੀ ਚੜ੍ਹ ਗਿਆ। ਉਹਨਾਂ ਨੂੰ ਸੰਗਤ ਦੀ ਨਹੀਂ, ਵੋਟਾਂ ਦੀ ਲੋੜ ਸੀ, ਅਤੇ ਸੰਗਤ ਸਾਧੂ ਸਿੰਘ ਦੇ ਆਖੇ ਲੱਗਦੀ ਸੀ। ਜਿੱਤੇ ਅਤੇ ਹਾਰੇ ਮੰਤਰੀ ਸਾਧੂ ਸਿੰਘ ਦੇ 'ਦਰਸ਼ਣ' ਕਰਨ ਆਉਂਦੇ। ਉਸ ਦੀਆਂ ਲੱਤਾਂ ਘੁੱਟਦੇ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਪੁਲੀਸ ਕਪਤਾਨ ਡੇਰੇ ਵਿਚ ਹਾਜ਼ਰੀ ਭਰਦੇ। ਸਾਧੂ ਸਿੰਘ ਦੀ ਇਲਾਕੇ ਵਿਚ ਧੁੰਮ ਸੀ, ਬੱਲੇ ਬੱਲੇ ਸੀ। ਹੁਣ ਸਾਧੂ ਸਿੰਘ ਦੋ ਗਜ ਜਗਾਹ ਵਿਚ ਫ਼ੈਲਰ ਕੇ ਤੁਰਦਾ। ਉਸ ਦੀਆਂ ਕੁੰਢੀਆਂ ਮੁੱਛਾਂ ਦੇਖਣ ਵਾਲੇ ਨੂੰ ਡਾਂਟਦੀਆਂ ਪ੍ਰਤੀਤ ਹੁੰਦੀਆਂ। ਉਸ ਦੇ ਗਲ ਪਿਸਟਲ ਅਤੇ ਨਾਲ ਪੰਜ ਸੱਤ ਬੰਦੂਕਾਂ ਵਾਲੇ ਅੰਗ ਰੱਖਿਅਕ ਵੀ ਹੁੰਦੇ। ਉਹ ਜਿੱਧਰ ਵੀ ਜਾਂਦਾ, ਲੋਕ ਉਠ ਉਠ ਕੇ ਹੱਥ ਮਿਲਾਉਂਦੇ। ਪੂਰੇ ਇਕ ਏਕੜ ਵਿਚ ਕੋਠੀ ਪੈ ਗਈ ਅਤੇ ਕੋਠੀ ਦੇ ਵਿਹੜੇ ਵਿਚ ਕੀਮਤੀ ਕਾਰਾਂ ਵੀ ਆ ਖੜ੍ਹੀਆਂ ਸਨ।

ਇਸ ਦੌਰਾਨ ਨਿਰੰਜਣ ਕੌਰ ਦੀ ਕੁੱਖੋਂ ਦੋ ਬੱਚੇ ਹੋਏ। ਵੱਡੀ ਕੁੜੀ ਮਨਵੀਰ ਅਤੇ ਛੋਟਾ ਲੜਕਾ ਕੀਰਤ!

ਬੱਚਿਆਂ ਦੀ ਦੇਖ ਭਾਲ ਸ਼ਹਿਜ਼ਾਦਿਆਂ ਵਾਂਗ ਕੀਤੀ ਜਾਂਦੀ। ਨਿਰੰਜਣ ਕੌਰ ਰੱਬ ਤੋਂ ਡਰਨ ਵਾਲੀ ਔਰਤ ਸੀ। ਉਹ ਦਸਾਂ ਨਹੁੰਆਂ ਦੀ ਕਿਰਤ ਕਰਨ ਵਿਚ ਵਿਸ਼ਵਾਸ ਰੱਖਦੀ। ਘਰ ਆਉਂਦਾ ਸੰਗਤ ਦਾ ਪੈਸਾ ਦੇਖ ਕੇ ਉਹ ਉਦਾਸ ਹੁੰਦੀ। ਉਸ ਦਾ ਸਤਿਯੁਗੀ ਬਾਪ ਸੰਗਤ ਦੇ ਪੈਸੇ ਨੂੰ 'ਜ਼ਹਿਰ' ਦੱਸਦਾ ਹੁੰਦਾ ਸੀ। ਪਰ ਉਹਨਾਂ ਦੇ ਘਰ ਤਾਂ ਸੰਗਤ ਦਾ ਪੈਸਾ ਮਣਾਂ ਮੂੰਹੀਂ, ਪਾਣੀ ਵਾਂਗ ਆ ਰਿਹਾ ਸੀ। ਉਹ ਕਈ ਵਾਰ ਸਾਧੂ ਸਿੰਘ ਨੂੰ ਗੱਲੀਂ ਬਾਤੀਂ ਸੰਗਤ ਦਾ ਪੈਸਾ ਕਿਸੇ ਸਾਂਝੇ ਕਾਰਜ 'ਤੇ ਵਰਤਣ ਲਈ ਆਖਦੀ। ਪਰ ਸਾਧੂ ਸਿੰਘ ਉਸ ਨੂੰ ਬੋਲ ਕਬੋਲ ਕਰਦਾ ਅਤੇ ਆਪਣਾ ਮੂੰਹ ਬੰਦ ਰੱਖਣ ਲਈ ਆਖਦਾ। ਉਹ ਨਿਰੰਜਣ ਕੌਰ ਤੋਂ ਪਹਿਲੇ ਦਿਨੋਂ ਹੀ ਅਣਭਿੱਜ ਰਿਹਾ ਸੀ। ਉਸ ਨੇ ਕਦੇ ਉਸ ਦੀ ਬਹੁਤੀ ਪ੍ਰਵਾਹ ਨਹੀਂ ਕੀਤੀ ਸੀ। ਉਹ ਕਦੇ ਨਿਰੰਜਣ ਕੌਰ ਨੂੰ ਮੂੰਹ ਨਹੀਂ ਬੋਲਿਆ ਸੀ। ਨਿਰੰਜਣ ਕੌਰ ਵੀ ਹਮੇਸ਼ਾ ਚੁੱਪ ਹੀ ਰਹੀ ਸੀ, ਸਾਧੂ ਸਿੰਘ ਦੇ ਕਦੇ ਅੱਗੇ ਨਹੀਂ ਬੋਲੀ ਸੀ। ਉਹ ਸੋਚਦੀ ਸੀ ਕਿ ਸਾਧੂ ਸਿੰਘ ਮੇਰਾ ਮਾਲਕ ਹੈ, ਮੈਂ ਉਸ ਅੱਗੇ ਬੋਲ ਕੇ ਕੀ ਜਿੱਤਣਾ ਹੈ? ਪਰ ਹੁਣ ਸੰਗਤ ਦੇ ਆਉਂਦੇ ਪੈਸੇ ਦੇਖ ਕੇ ਉਸ ਨੂੰ ਕੁਦਰਤ ਤੋਂ 'ਭੈਅ' ਆਉਂਦਾ ਰਹਿੰਦਾ। ਅੱਜ ਬੇਵੱਸੀ ਵਿਚ ਉਹ ਸਾਧੂ ਸਿੰਘ ਦੇ ਅੱਗੇ ਬੋਲੀ ਸੀ। ਜਦ ਸੰਗਤ ਦਾ ਸਾਂਝਾ ਪੈਸਾ ਘਰ ਦੇ ਕੰਮਾਂ ਲਈ ਬੜੀ ਬੇਕਿਰਕੀ ਨਾਲ ਵਰਤਿਆ ਜਾਂਦਾ ਤਾਂ ਨਿਰੰਜਣ ਕੌਰ ਦੇ ਦਿਲ ਵਿਚ 'ਡੋਬੂ' ਪੈਂਦੇ ਅਤੇ ਉਸ ਦਾ ਮੱਥਾ ਠਣਕਦਾ ਰਹਿੰਦਾ। ਉਹ ਰੱਬ ਅੱਗੇ ਹੱਥ ਜੋੜ-ਜੋੜ ਮੁਆਫ਼ੀਆਂ ਮੰਗਦੀ ਅਤੇ ਸਾਧੂ ਸਿੰਘ ਨੂੰ ਵੀ ਵਰਜਦੀ।

"ਤੁਹਾਡੀ ਗਿੱਚੀ ਪਿੱਛੇ ਮੱਤ ਹੁੰਦੀ ਐ, ਤੂੰ ਆਪਣੇ ਪੁੱਠੇ ਡਮਾਕ ਦਾ ਢੱਕਣ ਬੰਦ ਈ ਰੱਖਿਆ ਕਰ!"

ਨਿਰੰਜਣ ਕੌਰ ਚੁੱਪ ਹੀ ਰਹਿੰਦੀ। ਪਰ ਉਸ ਦੀ ਜਾਨ ਸਹਿ-ਸਹਿ ਕਰਦੀ ਰਹਿੰਦੀ। ਕਿਸੇ ਗ਼ੈਬੀ ਸਹਿਮ ਨਾਲ ਉਹ 'ਗੁੰਮ-ਸੁੰਮ' ਜਿਹੀ ਰਹਿਣ ਲੱਗੀ। ਹੁਣ ਉਹ ਬਹੁਤਾ ਨਹੀਂ ਬੋਲਦੀ ਸੀ। ਬੱਚੇ ਜੁਆਨ ਹੁੰਦੇ ਆ ਰਹੇ ਸਨ। ਸਾਧੂ ਸਿੰਘ ਕੋਲ ਸਿਆਸੀ ਬੰਦਿਆਂ ਦਾ 'ਤਾਂਤਾ' ਲੱਗਿਆ ਰਹਿੰਦਾ। ਉਹ 'ਜੋੜ-ਤੋੜ' ਵਿਚ ਹੀ ਉਲਝਿਆ ਰਹਿੰਦਾ। ਕਿਸੇ ਲਈ ਵੋਟਾਂ ਜੋੜਨੀਆਂ ਅਤੇ ਕਿਸੇ ਵੱਲੋਂ ਤੋੜਨੀਆਂ ਉਸ ਦਾ ਨਿੱਤ ਦਾ 'ਕਿੱਤਾ' ਬਣ ਗਿਆ ਸੀ।

ਨਿਰੰਜਣ ਕੌਰ ਬਿਮਾਰ ਰਹਿਣ ਲੱਗ ਪਈ। ਪਰ ਉਸ ਦਾ ਧਿਆਨ ਕਿਸ ਨੇ ਦੇਣਾਂ ਸੀ? ਬੱਚੇ ਆਪਣੀ ਉੱਚ-ਵਿਦਿਆ ਵਿਚ ਮਸ਼ਰੂਫ਼ ਸਨ ਅਤੇ ਸਾਧੂ ਸਿੰਘ ਆਪਣੀ ਸਿਆਸਤ ਵਿਚ ਸਰਗਰਮ ਸੀ। ਉਸ ਨੂੰ ਹੁਣ ਗੁਰੂ ਦੀ ਗੋਲਕ ਸਾਂਭਣ ਅਤੇ ਸਿਆਸੀ ਕਾਰਜਾਂ ਵਿਚ ਭਾਗ ਲੈਣ ਤੋਂ ਇਲਾਵਾ ਹੋਰ ਕੋਈ ਸੁਰਤ ਹੀ ਨਹੀਂ ਸੀ।

ਹੁਣ ਤਾਂ ਉਸ ਦੇ ਬੱਚੇ ਆਪਣੀ ਪੜ੍ਹਾਈ ਪੂਰੀ ਕਰਨ ਵਾਲੇ ਸਨ।

ਪਰ ਅੰਦਰਲਾ ਸਹਿਮ ਨਿਰੰਜਣ ਕੌਰ ਲਈ ਜਾਨ ਦਾ 'ਖੌਅ' ਬਣਦਾ ਜਾ ਰਿਹਾ ਸੀ। ਉਸ ਦੇ ਦਿਲ ਵਿਚ ਸਿਰਫ਼ ਇਕ ਹੀ ਖ਼ੌਫ਼ ਸੀ ਕਿ ਉਸ ਦੇ ਪਤੀ ਸਾਧੂ ਸਿੰਘ ਨੇ ਦੋਨੀਂ ਹੱਥੀਂ ਗੁਰੂ ਘਰ ਦੀ ਗੋਲਕ ਦੀ ਬੜੀ ਬੇਦਰਦੀ ਨਾਲ ਵਰਤੋਂ ਕੀਤੀ ਹੈ ਅਤੇ ਇਸ ਦਾ ਸਿੱਟਾ ਮੇਰੀ ਔਲਾਦ ਜ਼ਰੂਰ ਭੁਗਤੇਗੀ। ਬੱਸ ਇਹੀ ਗ਼ਮ ਉਸ ਨੂੰ ਅੰਦਰੇ-ਅੰਦਰ ਪੀਸਦਾ ਰਹਿੰਦਾ ਅਤੇ ਉਹ ਦਿਨੋਂ-ਦਿਨ ਹਾਰਦੀ ਜਾ ਰਹੀ ਸੀ। ਕਦੇ-ਕਦੇ ਉਸ ਨੂੰ ਮਹਿਸੂਸ ਹੁੰਦਾ ਜਿਵੇਂ ਉਸ ਨੂੰ ਦਿਸਣੋਂ ਬੰਦ ਹੁੰਦਾ ਜਾ ਰਿਹਾ ਸੀ। ਉਹ ਪਿੰਡ ਦੇ ਡਾਕਟਰ ਕੋਲ ਜਾਂਦੀ ਤਾਂ ਉਹ 'ਝੋਲਾ-ਛਾਪ' ਡਾਕਟਰ ਉਸ ਨੂੰ ਅੱਖਾਂ ਵਿਚ ਪਾਉਣ ਵਾਲੀ ਦੁਆਈ ਦੇ ਕੇ ਹੀ 'ਸਾਰ' ਦਿੰਦਾ। ਨਾ ਤਾਂ ਉਸ ਨੂੰ ਨਿਰੰਜਣ ਕੌਰ ਦੀ ਕਿਸੇ ਬਿਮਾਰੀ ਦੀ ਸਮਝ ਹੀ ਆਉਂਦੀ ਅਤੇ ਨਾ ਹੀ ਉਹ ਉਸ ਨੂੰ ਅੱਗੇ ਕਿਸੇ ਚੰਗੇ ਡਾਕਟਰ ਕੋਲ ਜਾਣ ਦੀ ਸਲਾਹ ਦਿੰਦਾ। ਨਿਰੰਜਣ ਕੌਰ ਉਸ ਦੀ ਦਿੱਤੀ ਦੁਆਈ 'ਤੇ ਹੀ ਵਿਸ਼ਵਾਸ ਕਰ ਕੇ ਅੱਖਾਂ ਵਿਚ ਪਾਉਂਦੀ ਰਹਿੰਦੀ।

ਕੀਰਤ ਅਤੇ ਮਨਵੀਰ ਆਪਣੀ ਪੜ੍ਹਾਈ ਖ਼ਤਮ ਕਰ ਕੇ ਆ ਗਏ।

ਕੰਮ ਕਰਨ ਦੀ ਤਾਂ ਉਹਨਾਂ ਨੂੰ ਸ਼ਾਇਦ ਜ਼ਰੂਰਤ ਹੀ ਨਹੀਂ ਸੀ। ਪੈਸਾ ਤਾਂ ਸਾਧੂ ਸਿੰਘ ਨੇ ਤਿੰਨ ਪੁਸ਼ਤਾਂ ਜੋਗਾ ਹੁਣ ਜਮ੍ਹਾਂ ਕਰ ਰੱਖਿਆ ਸੀ। ਕੰਮ ਕਿਸ ਲਈ ਕਰਨਾ ਸੀ? ਕੀਰਤ ਤੁਰ ਫ਼ਿਰ ਕੇ ਸਾਰਾ ਯੂਰਪ ਦੇਖਣਾ ਚਾਹੁੰਦਾ ਸੀ। ਉਸ ਨੂੰ ਸਾਧੂ ਸਿੰਘ ਨੇ ਤਾਂ ਕੀ ਰੋਕਣਾ ਸੀ? ਉਹ ਤਾਂ ਚਾਹੁੰਦਾ ਹੀ ਸੀ ਕਿ ਉਸ ਦਾ ਪੁੱਤਰ ਦੁਨੀਆਂ ਦਾ ਮੇਲਾ ਤੁਰ ਫ਼ਿਰ ਕੇ ਦੇਖੇ ਅਤੇ ਐਸ਼ ਕਰੇ! ਉਹ ਕੀਰਤ ਨੂੰ ਸਿਆਸਤ ਵਿਚ ਲਿਆਉਣਾ ਚਾਹੁੰਦਾ ਸੀ। ਮਨਵੀਰ ਵੀ ਲੰਮਾਂ ਸਮਾਂ ਹੋਸਟਲ ਵਿਚ ਰਹਿ ਕੇ ਨਿਰਮੋਹੀ ਜਿਹੀ ਬਣ ਗਈ ਸੀ। ਉਸ ਨੂੰ ਮਾਂ-ਬਾਪ ਦਾ ਬਹੁਤਾ ਮੋਹ ਨਾ ਆਉਂਦਾ। ਉਹ ਮੱਟਰ ਜਿਹੀ ਬਣੀ, ਚੁੱਪ ਚਾਪ ਤੁਰੀ ਫ਼ਿਰਦੀ ਰਹਿੰਦੀ। ਉਸ ਨੂੰ ਹੁਣ ਪਿੰਡ ਦਾ ਮਾਹੌਲ ਚੰਗਾ ਨਹੀਂ ਲੱਗਦਾ ਸੀ। ਉਹ ਪਿੰਡ ਵਾਲੇ ਲੋਕਾਂ 'ਤੇ ਹੀ ਨੱਕ-ਬੁੱਲ੍ਹ ਮਾਰਦੀ ਰਹਿੰਦੀ। ਨਿਰੰਜਣ ਕੌਰ ਨੂੰ ਇਹ ਇਕ ਹੋਰ 'ਝੋਰਾ' ਚਿੰਬੜ ਗਿਆ ਸੀ ਕਿ ਸਾਧੂ ਸਿੰਘ ਨੇ ਆਪਣਾ 'ਅੱਗਾ' ਤਾਂ ਤਬਾਹ ਕਰ ਹੀ ਲਿਆ ਸੀ। ਪਰ ਉਸ ਨੇ ਆਪਣੀ ਔਲਾਦ ਵੀ ਹੱਥੋਂ ਗੁਆ ਲਈ। ਰਿਸ਼ਤੇਦਾਰਾਂ ਨੂੰ ਤਾਂ ਸਾਧੂ ਸਿੰਘ ਨਖ਼ਰੇ ਹੇਠ ਹੀ ਨਹੀਂ ਲਿਆਉਂਦਾ ਸੀ। ਉਹਨਾਂ ਨੂੰ ਗਾਲ੍ਹਾਂ ਕੱਢਣ ਦਾ ਕੋਈ ਵੀ ਮੌਕਾ ਉਹ ਹੱਥੋਂ ਨਾ ਜਾਣ ਦਿੰਦਾ। ਰਿਸ਼ਤੇਦਾਰ ਵੀ ਇਤਨੇ ਬੇਅਣਖ਼ੇ ਨਹੀਂ ਸਨ। ਉਹ ਵੀ ਉਸ ਦਾ ਵੱਢੂੰ-ਖਾਊਂ ਕਰਨ ਵਾਲਾ ਸੁਭਾਅ ਦੇਖ ਕੇ ਪਾਸਾ ਵੱਟ ਗਏ।

ਹੁਣ ਤਾਂ ਕੋਈ ਰਿਸ਼ਤੇਦਾਰ ਉਹਨਾਂ ਨੂੰ ਮਿਲਣ ਵੀ ਨਹੀਂ ਆਉਂਦਾ ਸੀ। ਇਸ ਦਾ ਨਿਰੰਜਣ ਕੌਰ ਨੂੰ ਅਥਾਹ ਦੁੱਖ ਸੀ। ਸਾਧੂ ਸਿੰਘ ਕੋਲ 'ਵੱਡੇ-ਵੱਡੇ' ਬੰਦੇ ਆਉਂਦੇ। ਪਰ ਇਸ ਦਾ ਨਿਰੰਜਣ ਕੌਰ ਨੂੰ ਕੋਈ ਆਸਰਾ ਨਹੀਂ ਸੀ। ਉਸ ਨੇ ਵੱਡੇ ਲੋਕਾਂ ਤੋਂ ਕੀ ਲੈਣਾਂ ਸੀ? ਉਸ ਨੂੰ ਤਾਂ ਕੋਈ 'ਆਪਣਾ' ਦਰਦ ਵੰਡਾਉਣ ਲਈ ਚਾਹੀਦਾ ਸੀ। ਪਰ ਉਹ ਉਸ ਕੋਲ ਹੈ ਨਹੀਂ ਸੀ। ਉਸ ਦੀ ਹਾਲਤ ਦਿਨੋਂ-ਦਿਨ ਨਿਘਰਦੀ ਜਾ ਰਹੀ ਸੀ। ਸਾਧੂ ਸਿੰਘ ਤਾਂ ਕਦੇ ਚੰਡੀਗੜ੍ਹ ਅਤੇ ਕਦੇ ਦਿੱਲੀ ਹੀ ਤੁਰਿਆ ਰਹਿੰਦਾ।

ਪਿੰਡ ਦੇ ਮਾਹੌਲ ਤੋਂ ਤੰਗ ਜਿਹਾ ਆ ਕੇ ਮਨਵੀਰ ਨੇ ਸ਼ਹਿਰ ਵਿਚ ਨੌਕਰੀ ਕਰਨ ਦੀ ਜ਼ਿੱਦ ਫ਼ੜ ਲਈ।
ਪਰ ਸਾਧੂ ਸਿੰਘ ਕਰੋਧ ਵਿਚ ਆਪੇ ਤੋਂ ਬਾਹਰ ਹੋ ਗਿਆ।

"ਤੈਨੂੰ ਘਰੇ ਕਿਸ ਚੀਜ਼ ਦਾ ਘਾਟੈ, ਜਿਹੜੀ ਤੂੰ ਸ਼ਹਿਰ ਨੌਕਰੀ ਕਰਨੀ ਐਂ?" ਉਸ ਨੇ ਸਾਰਾ ਤਾਣ ਲਾ ਕੇ ਕੁੜੀ ਨੂੰ ਝਿੜਕਿਆ।
"
ਫ਼ੇਰ ਮੈਨੂੰ ਪੜ੍ਹਾਉਣ ਦਾ ਕੀ ਫ਼ਾਇਦਾ? ਇਸ ਨਾਲੋਂ ਤਾਂ ਮੈਨੂੰ ਘਰੇ ਈ ਰੱਖ ਲੈਂਦੇ!" ਉਸ ਨੇ ਵੀ ਬਾਪ ਦਾ ਅੱਗਾ ਰੋਕਿਆ।
"
ਜੇ ਕਦੇ ਮੇਰੇ ਅੱਗੇ ਜ਼ੁਬਾਨ ਚਲਾਈ, ਅਗਲਾ ਸਾਹ ਨਹੀਂ ਕੱਢਣ ਦਿਊਂਗਾ! ਜ਼ਬਾਨ ਚਲਾਉਂਦੀ ਐ ਇਹੇ, ਆਪਹੁਦਰੀ! ਤੂੰ ਮੈਨੂੰ ਜਾਣਦੀ ਨਹੀਂ, ਅਸੀਂ ਬਥੇਰੇ ਖਪਾ ਦਿੱਤੇ ਐ, ਅੜਨ ਵਾਲੇ! ਮਾਰ ਕੇ ਕਦੇ ਮੁਸ਼ਕ ਨਹੀਂ ਕੱਢਿਆ!" ਇਸ ਤੋਂ ਪਹਿਲਾਂ ਗੱਲ ਵਧਦੀ, ਨਿਰੰਜਣ ਕੌਰ ਪਿਉ-ਧੀ ਦੇ ਵਿਚ ਆ ਗਈ। ਪਰ ਉਸ ਤੋਂ ਬੋਲਿਆ ਨਹੀਂ ਜਾ ਰਿਹਾ ਸੀ। ਉਹ ਬੇਵਸੀ ਵਿਚ ਦੋਨਾਂ ਅੱਗੇ ਹੱਥ ਜੋੜ ਰਹੀ ਸੀ। ਉਸ ਦਾ ਸਾਰਾ ਸਰੀਰ ਤਾੜੇ ਵਾਂਗ ਕੰਬੀ ਜਾ ਰਿਹਾ ਸੀ। ਜਾਨ ਮੁੱਠੀ ਵਿਚ ਆਈ ਹੋਈ ਸੀ। ਘਰ ਦੀ ਤਬਾਹੀ ਉਸ ਅੱਗੇ 'ਦੈਂਤ' ਬਣੀ ਖੜ੍ਹੀ ਸੀ।

"ਅੱਜ ਤੋਂ ਸਮਝਾ ਦੇਈਂ ਆਪਣੀ ਕੁੜੀ ਨੂੰææ! ਮੇਰੇ ਸਾਹਮਣੇ ਅੜਨ ਦੀ ਕੋਸ਼ਿਸ਼ ਨਾ ਕਰੇ! ਮਾਰ ਕੇ ਭਾਖੜੇ 'ਚ ਸੁੱਟ ਦਿਆਂਗੇ! ਭਾਖੜੇ ਨਾਲ ਸਾਡੀ ਪੁਰਾਣੀ ਸਾਂਝ ਐ, ਬੰਦਾ ਖਾ ਕੇ ਡਕਾਰ ਵੀ ਨਹੀਂ ਮਾਰਦੀ!" ਸਾਧੂ ਸਿੰਘ ਅੱਗ ਉਗਲਦਾ ਬਾਹਰ ਚਲਿਆ ਗਿਆ।
ਨਿਰੰਜਣ ਕੌਰ ਦੀ ਜਾਨ ਕਿਰ-ਕਿਰ ਪੈਂਦੀ ਸੀ।

"ਬੜਾ ਜਾਲਮ ਐਂ ਤੇਰਾ ਪਿਉ ਮਨਵੀਰ! ਨਾ ਮੱਥਾ ਲਾਈਂ ਉਹਦੇ ਨਾਲ! ਹਾੜ੍ਹੇ ਮੇਰੀ ਧੀ, ਮੇਰੇ ਜੋੜੇ ਹੱਥਾਂ ਦੀ ਲਾਜ ਪਾਲੀਂ ਪੁੱਤ! ਆਪਣੇ ਘਰ 'ਤੇ ਕੋਈ ਸਾੜ੍ਹਸਤੀ ਆ ਗਈ ਐ, ਮੇਰੀ ਮਿੰਨਤ ਐ, ਇਹਨੂੰ ਟਾਲ ਲਵੋ...!" ਉਹ ਆਪਣੀ ਮੁਰਦਾ ਜਿਹੀ ਅਵਾਜ਼ 'ਚ ਧੀ ਅੱਗੇ ਤਰਲੇ ਲਈ ਜਾ ਰਹੀ ਸੀ।
"
ਬੀਜੀ..! ਤੁਸੀਂ ਕਿਉਂ ਫ਼ਿਕਰ ਕਰਦੇ ਓਂ? ਜੇ ਮੈਂ ਕਿਤੇ ਕੰਮ ਨਹੀਂ ਕਰ ਸਕਦੀ ਤਾਂ ਇੰਨੇ ਸਾਲ ਮੱਥਾ ਮਾਰਨ ਦਾ ਕੀ ਫ਼ਾਇਦਾ?"
"
ਕੁਛ ਕਹਿ ਪੁੱਤ! ਤੁਸੀਂ ਸਾਰੇ ਈ ਜਿੱਤੇ ਤੇ ਮੈਂ 'ਕੱਲੀ ਈ ਹਾਰੀ! ਪਰ ਮੈਂ ਰੱਬ ਦਾ ਵਾਸਤਾ ਦਿੰਨੀ ਐਂ ਪੁੱਤ, ਆਪਣੇ ਪਿਉ ਸਾਹਮਣੇ ਅੱਗੇ ਤੋਂ ਨਾ ਬੋਲੀਂ! ਉਹਦਾ ਸੁਭਾਅ ਭੈੜ੍ਹੈ, ਪਤਾ ਨਹੀਂ ਕੀ ਕਰ ਬੈਠੇ?"
"
ਜੋ ਹੁੰਦੈ, ਹੋ ਲੈਣ ਦਿਓ ਬੀਜੀ! ਮੈਨੂੰ ਤੁਸੀਂ ਕੰਮ ਕਰਨ ਤੋਂ ਵੀ ਰੋਕਦੇ ਓਂ, ਤੇ ਕੀਰਤ ਅਗਲੇ ਹਫ਼ਤੇ ਸਾਰਾ ਯੂਰਪ ਘੁੰਮਣ ਚੱਲਿਐ, ਕਿਉਂ?" ਉਸ ਨੇ ਮਾਂ ਅੱਗੇ ਉਲਟਾ ਸੁਆਲ ਸੁੱਟਿਆ।

"ਉਹ ਤਾਂ ਮੁੰਡੈ ਪੁੱਤ! ਤੂੰ ਫ਼ੇਰ ਵੀ ਧੀ ਐਂ!" ਮਾਂ ਨੇ ਆਪਣੀ ਘੜ੍ਹੀ-ਘੜ੍ਹਾਈ ਦਲੀਲ ਪੇਸ਼ ਕੀਤੀ।
"
ਅੱਜ ਕੱਲ੍ਹ ਮੁੰਡੇ ਕੁੜੀ 'ਚ ਕੋਈ ਫ਼ਰਕ ਨਹੀਂ, ਬੀਜੀ!"
"
ਪੁੱਤ, ਜੋ ਮਰਜ਼ੀ ਕਹਿ! ਮੁੰਡੇ, ਮੁੰਡੇ ਈ ਹੁੰਦੇ ਨੇ, ਤੇ ਕੁੜੀਆਂ, ਕੁੜੀਆਂ ਈ ਹੁੰਦੀਐਂææ!" ਮਾਂ ਦੀ ਅਵੱਲੀ ਕਹੀ ਗੱਲ ਸੁਣ ਕੇ ਕੁੜੀ ਫ਼ੂੰਕਾਰੇ ਮਾਰਦੀ ਬਾਹਰ ਨਿਕਲ ਗਈ।

ਨਿਰੰਜਣ ਕੌਰ ਮਿੱਟੀ ਦੀ ਮਾਧੋ ਜਿਹੀ ਬਣੀ ਮੰਜੇ 'ਤੇ ਪਈ ਰਹਿੰਦੀ। ਉਸ ਨੂੰ ਆਪਣੇ ਪੁਰਾਣੇ ਦਿਨ ਯਾਦ ਆਉਂਦੇ, ਜਦ ਸਾਧੂ ਸਿੰਘ ਗ੍ਰੰਥੀ ਸਿੰਘ ਦੀ ਸੇਵਾ ਨਿਭਾਉਂਦਾ ਹੁੰਦਾ ਸੀ। ਪਿੰਡ ਦੇ ਅਨੇਕਾਂ ਲੋਕ ਨਿਰੰਜਣ ਕੌਰ ਨਾਲ ਆ ਕੇ ਦੁਖ-ਸੁਖ ਕਰਦੇ। ਲੋਕਾਂ ਵਿਚ ਨਿਰੰਜਣ ਕੌਰ ਪਰਚੀ ਰਹਿੰਦੀ। ਪਰ ਅੱਜ ਸਾਧੂ ਸਿੰਘ 'ਵੱਡਾ' ਆਦਮੀ ਜ਼ਰੂਰ ਹੋ ਗਿਆ ਸੀ। ਪਰ ਨਿਰੰਜਣ ਕੌਰ ਨੂੰ ਮਾਨਸਿਕ ਕੱਦ ਪੱਖੋਂ 'ਬੌਣੀ' ਕਰ ਗਿਆ ਸੀ। ਹੁਣ ਉਸ ਨੂੰ ਮਹਿਸੂਸ ਹੁੰਦਾ ਕਿ ਸਾਧੂ ਸਿੰਘ ਨੂੰ ਆਪਣੀ 'ਚੌਧਰ' ਅਤੇ ਪੈਸੇ ਦਾ ਮਾਣ ਸੀ। ਉਹ ਲਾਲਚੀ ਬੰਦਾ ਹੋ ਨਿੱਬੜਿਆ ਸੀ ਅਤੇ ਲਾਲਚ ਬੁਰੀ ਬਲਾਅ ਮੰਨਿਆਂ ਗਿਆ ਹੈ! ਉਸ ਨੂੰ ਇਕ ਦਿਲ ਸਾਫ਼ ਅਤੇ ਇਕ ਲਾਲਚੀ ਮਾਤਾ ਦੀ ਕਹਾਣੀ ਚੇਤੇ ਆਉਂਦੀ। ਦੋਨੋਂ ਮਾਤਾਵਾਂ ਗੁਆਂਢਣਾਂ ਸਨ। ਇਕ ਦਿਨ ਸਾਫ਼ ਦਿਲ ਵਾਲੀ ਮਾਤਾ ਦੇ ਘਰ ਕੋਈ ਫ਼ਕੀਰ ਆ ਗਿਆ। ਉਸ ਮਾਤਾ ਨੇ, ਜੋ ਰੁੱਖੀ-ਸੁੱਖੀ ਸੀ, ਨਾਲ ਫ਼ਕੀਰ ਦੀ ਬੜੀ ਸੇਵਾ ਕੀਤੀ। ਫ਼ਕੀਰ ਬੰਦੇ ਸਤਿਕਾਰ ਅਤੇ ਭਾਵਨਾਂ ਦੇ ਕਾਇਲ ਹੁੰਦੇ ਨੇ। ਉਸ ਨੇ ਸਾਫ਼ ਨੀਅਤ ਮਾਤਾ ਨੂੰ 'ਵਰ' ਦਿੱਤਾ ਕਿ ਮਾਤਾ ਜੀ, ਭੰਡਾਰੇ ਭਰੇ ਰਹਿਣਗੇ! ਜੋ ਕੰਮ ਤੁਸੀਂ ਸਵੇਰੇ ਉਠ ਕੇ ਸ਼ੁਰੂ ਕਰੋਂਗੇ, ਉਸ ਵਿਚ ਤੋਟ ਨਹੀਂ ਆਵੇਗੀ! ਸਵੇਰੇ ਉਠ ਕੇ ਮਾਤਾ ਨੇ ਆਪਣੇ ਕਿੱਤੇ ਆਰੰਭ ਕਰ ਦਿੱਤੇ। ਸਭ ਤੋਂ ਪਹਿਲਾਂ ਉਸ ਨੇ ਆਟੇ ਵਾਸਤੇ ਪੀਹਣ ਕਰਨਾ ਸੀ। ਉਹ ਸਵੇਰੇ-ਸਵੇਰੇ ਪੀਹਣ ਕਰਨ ਲਈ ਭੜ੍ਹੋਲੇ ਵਿਚੋਂ ਕਣਕ ਕੱਢਣ ਲੱਗ ਪਈ। ਮਾਤਾ ਕਣਕ ਕੱਢੀ ਜਾਵੇ, ਪਰ ਫ਼ਕੀਰ ਦੇ ਵਰਦਾਨ ਅਨੁਸਾਰ ਕਣਕ ਖ਼ਤਮ ਹੋਣ ਦਾ ਨਾਂ ਹੀ ਨਾ ਲਵੇ? ਸ਼ਾਮ ਤੱਕ ਮਾਤਾ ਦੇ ਭੰਡਾਰੇ ਭਰਪੂਰ ਹੋ ਗਏ।

ਇਹੀ ਗੱਲ ਲੋਭੀ ਗੁਆਂਢਣ ਦੇ ਕੰਨੀਂ ਪਈ। ਉਸ ਨੇ ਵੀ ਫ਼ਕੀਰ ਨੂੰ ਲੱਭਣਾ ਸ਼ੁਰੂ ਕਰ ਦਿੱਤਾ। ਪਰ ਫ਼ਕੀਰ ਨਾ ਮਿਲ ਸਕਿਆ। ਇਕ ਦਿਨ ਅਚਾਨਕ ਫ਼ਕੀਰ ਨੇ ਫ਼ਿਰ ਇਸ ਪਿੰਡ ਵਿਚ ਆ ਅਲਖ਼ ਜਗਾਈ ਅਤੇ ਲਾਲਚੀ ਮਾਤਾ ਨੇ ਉਸ ਨੂੰ ਆ ਘੇਰਿਆ, "ਫ਼ਕੀਰ ਜੀ, ਮੇਰੇ ਘਰ ਪ੍ਰਛਾਦਾ ਛਕੋ!" ਫ਼ਕੀਰਾਂ ਵਾਸਤੇ ਤਾਂ ਰਾਜਾ ਅਤੇ ਰੰਕ ਇਕ ਬਰਾਬਰ ਹੁੰਦੇ ਨੇ। ਉਸ ਨੇ ਮਾਤਾ ਦਾ ਪ੍ਰਛਾਦਾ ਛਕਣਾ ਕਬੂਲ ਕਰ ਲਿਆ। ਮਾਤਾ ਨੇ ਛੱਤੀ ਪ੍ਰਕਾਰ ਦੇ ਭੋਜਨ ਤਿਆਰ ਕੀਤੇ ਅਤੇ ਫ਼ਕੀਰ ਨੂੰ ਛਕਾਏ। ਸ਼ਰਧਾ ਉਸ ਦੇ ਮਨ ਵਿਚ ਕਿੱਥੇ ਸੀ? ਉਹ ਤਾਂ ਫ਼ਕੀਰ ਤੋਂ ਵਰਦਾਨ ਦੀ ਲਾਲਸਾ ਰੱਖਦੀ ਸੀ। ਪ੍ਰਛਾਦਾ ਛਕ ਕੇ ਫ਼ਕੀਰ ਨੇ ਉਹੀ 'ਵਰ' ਇਸ ਮਾਤਾ ਨੂੰ ਦਿੱਤਾ ਕਿ ਮਾਤਾ ਜੀ ਭੰਡਾਰੇ ਭਰੇ ਰਹਿਣਗੇ, ਜੋ ਕੰਮ ਤੁਸੀਂ ਸਵੇਰੇ ਉਠ ਕੇ ਸ਼ੁਰੂ ਕਰੋਂਗੇ, ਉਸ ਵਿਚ ਤੋਟ ਨਹੀਂ ਆਵੇਗੀ।

ਸੋ ਰਾਤ ਨੂੰ ਮਾਤਾ ਨੇ ਚਾਂਦੀ ਦੇ ਰੁਪਏ ਸੰਦੂਕ ਵਿਚੋਂ ਬਾਹਰ ਕੱਢ ਲਏ ਕਿ ਕੱਲ੍ਹ ਨੂੰ ਸਵੇਰੇ ਉਠ ਕੇ ਇਹਨਾਂ ਨੂੰ ਗਿਣਨਾਂ ਸ਼ੁਰੂ ਕਰਾਂਗੀ ਅਤੇ ਇਹ ਸ਼ਾਮ ਤੱਕ ਨਹੀਂ ਮੁੱਕਣਗੇ। ਜਦ ਮਾਤਾ ਸਵੇਰੇ ਉਠੀ ਤਾਂ ਉਸ ਦੇ ਮਨ ਵਿਚ ਆਇਆ ਕਿ ਸਾਰੀ ਦਿਹਾੜੀ ਤਾਂ ਮੈਨੂੰ ਚਾਂਦੀ ਦੇ ਸਿੱਕੇ ਗਿਣਦਿਆਂ ਲੰਘ ਜਾਣੀ ਹੈ। ਪਰ ਮੇਰੀ ਮੱਝ ਤਾਂ ਪਿਆਸੀ ਮਰ ਜਾਵੇਗੀ? ਪਹਿਲਾਂ ਇਸ ਨੂੰ ਪਾਣੀ ਪਿਆ ਲਵਾਂ! ਸੋ ਮਾਤਾ ਨੇ ਬਿਨਾਂ ਸੋਚੇ ਹੀ ਬਾਲਟੀ ਭਰ ਮੱਝ ਨੂੰ ਪਾਣੀ ਪਿਆਉਣਾ ਸ਼ੁਰੂ ਕਰ ਦਿੱਤਾ। ਹੁਣ ਬਾਲਟੀ ਵਿਚੋਂ ਪਾਣੀ ਖ਼ਤਮ ਹੋਣ 'ਤੇ ਨਾ ਆਵੇ! ਜਦੋਂ ਪਾਣੀ ਗਲੀਆਂ ਵਿਚ ਵਗਣ ਲੱਗ ਪਿਆ ਤਾਂ ਸਾਰਾ ਗਲੀ-ਮੁਹੱਲਾ ਅਵਾਜ਼ਾਰ ਹੋ ਗਿਆ। ਉਹਨਾਂ ਨੇ ਆ ਕੇ ਮਾਤਾ ਨੂੰ ਕੜਾਹੀਏ ਵਿਚ ਪਾਣੀ ਪਾਉਣ ਤੋਂ ਰੋਕਿਆ। ਲਾਲਚੀ ਮਾਤਾ ਆਪਣੀ ਕੀਤੀ 'ਤੇ ਪਛਤਾਈ ਅਤੇ ਉਸ ਦੇ ਮਨ ਵਿਚ ਆਇਆ ਕਿ ਜਿਹੋ ਜਿਹੀ ਬੰਦੇ ਦੀ ਨੀਅਤ ਹੁੰਦੀ ਹੈ, ਤੈਸੀ ਉਸ ਨੂੰ ਮੁਰਾਦ ਮਿਲ ਜਾਂਦੀ ਹੈ! ਇਹੀ ਗੱਲ ਸੋਚ ਸੋਚ ਕੇ ਨਿਰੰਜਣ ਕੌਰ ਆਪਣੇ ਗ਼ਮਗੀਨ ਖ਼ਿਆਲਾਂ ਵਿਚ ਨਿੱਘਰੀ ਰਹਿੰਦੀ।

ਕੀਰਤ ਬਾਪੂ ਸਾਧੂ ਸਿੰਘ ਦੀ ਇਜ਼ਾਜ਼ਤ ਨਾਲ ਯੂਰਪ ਨੂੰ ਉਡਾਰੀ ਮਾਰ ਗਿਆ ਸੀ। ਕੁੜੀ ਬਾਪੂ ਤੋਂ ਚੋਰੀ ਸ਼ਹਿਰ ਨੂੰ ਤੁਰੀ ਰਹਿੰਦੀ ਅਤੇ ਕਿਸੇ ਚਿੰਤਾ ਨਾਲ ਨਿਰੰਜਣ ਕੌਰ ਦੀ ਜਾਨ ਸਹਿ-ਸਹਿ ਕਰਦੀ ਰਹਿੰਦੀ। ਹੁਣ ਉਸ ਦੀਆਂ ਅੱਖਾਂ ਦੀ ਜੋਤ ਬਿਲਕੁਲ ਜਵਾਬ ਦੇ ਚੱਲੀ ਸੀ। ਸਾਧੂ ਸਿੰਘ ਤਾਂ ਘਰੇ ਪੈਰ ਹੀ ਨਹੀਂ ਲਾਉਂਦਾ ਸੀ। ਉਹ ਤਾਂ ਅਸਮਾਨੀ ਉੱਡਣ ਵਾਲਾ ਪੰਛੀ ਬਣ ਚੁੱਕਿਆ ਸੀ, ਜਿਸ ਨੂੰ ਧਰਤੀ 'ਤੇ ਫ਼ਿਰਦੇ ਬੰਦੇ 'ਕੀੜੇ-ਮਕੌੜੇ' ਹੀ ਜਾਪਦੇ ਸਨ। ਉਸ ਦੀ ਕਦੇ ਕਿਸੇ ਮੰਤਰੀ ਨਾਲ ਮਿਲਣੀ ਹੁੰਦੀ ਅਤੇ ਕਦੇ ਕਿਸੇ ਡਿਪਟੀ ਕਮਿਸ਼ਨਰ ਨਾਲ! ਨਿੱਕੇ ਮੋਟੇ ਬੰਦਿਆਂ 'ਤੇ ਤਾਂ ਹੁਣ ਸਾਧੂ ਸਿੰਘ ਵੈਸੇ ਹੀ ਨੱਕ ਬੁੱਲ੍ਹ ਮਾਰਦਾ ਸੀ! ਆਮ ਜਨਤਾ ਹੁਣ ਉਸ ਨੂੰ 'ਪ੍ਰਧਾਨ ਸਾਹਿਬ' ਜਾਂ 'ਜੱਥੇਦਾਰ ਜੀ' ਆਖ ਕੇ ਬੁਲਾਉਂਦੀ ਸੀ!

ਅਜੇ ਕੀਰਤ ਯੂਰਪ ਦੀ ਸੈਰ ਹੀ ਕਰਦਾ ਫ਼ਿਰਦਾ ਸੀ ਕਿ ਉਸ ਦੀ ਗ਼ੈਰਹਾਜ਼ਰੀ ਵਿਚ ਹੀ ਨਿਰੰਜਣ ਕੌਰ ਅੱਖਾਂ ਮੀਟ ਗਈ। ਜਦ ਉਸ ਨੇ ਸੁਆਸ ਤਿਆਗੇ ਤਾਂ ਨਾ ਉਸ ਕੋਲ ਧੀ ਅਤੇ ਨਾ ਹੀ ਢਿੱਡੋਂ ਜੰਮਿਆਂ ਪੁੱਤ ਸੀ! ਇਸ ਦਾ ਉਸ ਨੂੰ ਅਥਾਹ ਦਰੇਗ ਸੀ। ਸਾਧੂ ਸਿੰਘ ਵੀ ਬਾਹਰ ਗਿਆ ਹੋਇਆ ਸੀ। ਆਖਰੀ ਵੇਲੇ ਵੀ ਦੋ ਬੂੰਦਾਂ ਨੌਕਰ ਨੇ ਹੀ ਉਸ ਦੇ ਮੂੰਹ ਵਿਚ ਪਾਣੀ ਦੀਆਂ ਪਾਈਆਂ ਸਨ। ਦੋ ਬੱਚਿਆਂ ਦੀ ਮਾਂ ਲਾਵਾਰਿਸਾਂ ਵਾਂਗ ਜਹਾਨੋਂ ਕੂਚ ਕਰ ਗਈ ਸੀ।

ਤੁਰ ਗਈ ਨਿਰੰਜਣ ਕੌਰ ਦਾ ਕਿਸੇ ਨੇ ਕੁੱਤੇ ਜਿੰਨਾਂ ਵੀ ਅਫ਼ਸੋਸ ਨਹੀਂ ਕੀਤਾ ਸੀ। ਹਾਂ, ਆਪਣੀ 'ਭੱਲ' ਬਣਾਉਣ ਲਈ ਸਾਧੂ ਸਿੰਘ ਨੇ ਨਿਰੰਜਣ ਕੌਰ ਦੀ ਆਤਮਿਕ ਸ਼ਾਤੀ ਲਈ ਸ੍ਰੀ ਆਖੰਡ ਪਾਠ ਜ਼ਰੂਰ ਪ੍ਰਕਾਸ਼ ਕਰਵਾਇਆ ਸੀ ਅਤੇ ਪੰਜਾਬ ਭਰ ਤੋਂ ਲੈ ਕੇ ਦਿੱਲੀ ਤੱਕ ਵੱਡੇ-ਵੱਡੇ ਲੀਡਰ ਨਿਰੰਜਣ ਕੌਰ ਨੂੰ ਸ਼ਰਧਾਂਜਲੀ 'ਭੇਂਟ' ਕਰਨ ਲਈ ਪੁੱਜੇ ਸਨ। ਆਖਰੀ ਸਮੇਂ ਜਿਸ ਨਿਰੰਜਣ ਕੌਰ ਦੇ ਕੋਲ ਕੋਈ ਮੂੰਹ ਵਿਚ ਪਾਣੀ ਪਾਉਣ ਵਾਲਾ ਵੀ ਕੋਈ ਨਹੀਂ ਸੀ, ਅੱਜ ਭੋਗ 'ਤੇ ਉਸ ਦੇ ਵਿਸ਼ੇਸ਼ ਸੋਹਿਲੇ ਗਾਏ ਗਏ ਸਨ!

ਹੁਣ ਕੁੜੀ ਨੂੰ ਕਿਸੇ ਦਾ ਡਰ ਨਹੀਂ ਰਹਿ ਗਿਆ ਸੀ। ਜਿੰਨਾਂ ਕੁ ਉਹ ਚੁੱਪ ਰਹਿੰਦੀ ਸੀ, ਆਪਣੀ ਮਾਂ ਕਰ ਕੇ ਹੀ ਚੁੱਪ ਰਹਿੰਦੀ ਸੀ। ਬਾਪੂ ਨਾਲ ਉਸ ਨੂੰ ਨਫ਼ਰਤ ਹੋ ਚੁੱਕੀ ਸੀ ਅਤੇ ਉਹ ਹੁਣ ਉਸ ਦਾ ਉਚਾ ਬੋਲ ਵੀ ਨਹੀਂ ਸਹਿੰਦੀ ਸੀ! ਜਦ ਸਾਧੂ ਸਿੰਘ ਕਿਤੇ ਬਾਹਰ ਜਾਂਦਾ, ਕੁੜੀ ਉਸ ਦੀ ਗ਼ੈਰਹਾਜ਼ਰੀ ਵਿਚ ਸ਼ਹਿਰ ਤੁਰ ਜਾਂਦੀ ਅਤੇ ਦੇਰ ਸ਼ਾਮ ਨੂੰ ਘਰ ਵੜਦੀ। ਕੀਰਤ ਯੂਰਪ ਵਿਚੋਂ ਆ ਕੇ ਕੁਝ ਬਿਮਾਰ ਰਹਿਣ ਲੱਗ ਪਿਆ ਸੀ। ਪਤਾ ਨਹੀਂ ਉਸ ਨੂੰ ਕੀ ਬਲਾਅ ਚਿੰਬੜ ਗਈ ਸੀ? ਉਸ ਦਾ ਮੂੰਹ ਹਮੇਸ਼ਾ ਉਤਰਿਆ-ਉਤਰਿਆ ਜਿਹਾ ਰਹਿੰਦਾ। ਚਿਹਰੇ 'ਤੇ ਪਿਲੱਤਣ ਆ ਗਈ ਸੀ ਅਤੇ ਉਸ ਦੇ ਹੱਥ ਪੈਰ ਕੰਬਣ ਲੱਗ ਪਏ ਸਨ।

ਇਕਲੌਤੇ ਪੁੱਤਰ ਦੀ ਖ਼ਸਤਾ ਹਾਲਤ ਦੇਖ ਕੇ ਸਾਧੂ ਸਿੰਘ ਉਸ ਨੂੰ ਚੰਡੀਗੜ੍ਹ ਕਿਸੇ ਚੰਗੇ ਹਸਪਤਾਲ ਲੈ ਗਿਆ ਸੀ। ਹਸਪਤਾਲ ਉਸ ਨਾਲ ਪਤਾ ਨਹੀਂ ਕਿੰਨੇ ਕੁ ਸੰਸਦ ਮੈਂਬਰ ਗਏ ਸਨ। ਹਸਪਤਾਲ ਦੇ ਸਮੁੱਚੇ ਸਟਾਫ਼ ਨੂੰ ਹੱਥਾਂ-ਪੈਰਾਂ ਦੀ ਪਈ ਹੋਈ ਸੀ। ਕੀਰਤ ਦੀ ਬੜੀ ਬਾਰੀਕੀ ਨਾਲ 'ਜਾਂਚ' ਕੀਤੀ ਗਈ। ਰਿਪੋਰਟ ਆਉਣ 'ਤੇ ਪਤਾ ਚੱਲਿਆ ਕਿ ਕੀਰਤ ਯੂਰਪ ਦੀ ਅਯਾਸ਼ ਜ਼ਿੰਦਗੀ ਵਿਚੋਂ 'ਏਡਜ਼' ਦੀ ਬਿਮਾਰੀ 'ਖੱਟ' ਲਿਆਇਆ ਸੀ। ਬਿਮਾਰੀ ਬਾਰੇ ਵਿਸਥਾਰ ਸੁਣ ਕੇ ਸਾਧੂ ਸਿੰਘ ਦੇ ਥੰਮ੍ਹ ਹਿੱਲ ਗਏ। ਅੱਜ ਸਾਧੂ ਸਿੰਘ ਨੂੰ ਪਹਿਲੀ ਵਾਰ ਕਿਸੇ ਗੱਲ ਦਾ 'ਦੁੱਖ' ਹੋਇਆ ਸੀ। 'ਕੱਲੇ-'ਕੱਲੇ ਪੁੱਤ ਦੀ ਪੂੰਜੀ ਉਸ ਨੂੰ ਹੱਥੋਂ ਖ਼ੁਰਦੀ ਪ੍ਰਤੀਤ ਹੋਈ। ਜਦ ਉਸ ਨੇ ਅਗਲੀ ਗੱਲ ਸੁਣੀ ਤਾਂ ਉਸ ਦੇ ਦਿਮਾਗ ਵਿਚ ਧਮਾਕਾ ਹੋਇਆ।

"ਪ੍ਰਧਾਨ ਸਾਹਿਬ, ਪਹਿਲੀ ਗੱਲ ਤਾਂ ਇਹ ਹੈ ਕਿ ਤੁਹਾਡਾ ਲੜਕਾ ਔਲਾਦ ਪੈਦਾ ਕਰਨ ਦੇ ਸਮਰੱਥ ਹੀ ਨਹੀਂ ਹੋਵੇਗਾ! ਦੂਜੀ ਗੱਲ, ਜਿਸ ਲੜਕੀ ਨਾਲ ਤੁਸੀਂ ਇਸ ਦੀ ਸ਼ਾਦੀ ਕਰੋਂਗੇ, ਉਸ ਲੜਕੀ ਨੂੰ ਵੀ ਲਾਜ਼ਮੀ ਏਡਜ਼ ਹੋ ਜਾਵੇਗੀ! ਤੇ ਤੀਜੀ ਗੱਲ, ਜੋ ਔਲਾਦ ਇਹ ਪੈਦਾ ਕਰਨਗੇ, ਉਹ ਬੱਚਾ ਵੀ ਇਸ ਬਿਮਾਰੀ ਦਾ ਮਰੀਜ਼ ਹੀ ਪੈਦਾ ਹੋਵੇਗਾ! ਸੋ ਪ੍ਰਧਾਨ ਸਾਹਿਬ, ਮੇਰੀ ਤਾਂ ਇਹੀ ਸਲਾਹ ਰਹੇਗੀ ਕਿ ਕਿਸੇ ਕੁੜੀ ਨਾਲ ਸ਼ਾਦੀ ਕਰ ਕੇ ਘੱਟੋ ਘੱਟ ਅਗਲੀ ਦੀ ਜ਼ਿੰਦਗੀ ਬਰਬਾਦ ਨਾ ਕੀਤੀ ਜਾਵੇ! ਇਹ ਬਿਮਾਰੀ ਜਿਸ ਘਰ ਵੜਦੀ ਹੈ, ਕੁਲਾਂ ਖ਼ਤਮ ਕਰਕੇ ਹੀ ਸਾਹ ਲੈਂਦੀ ਹੈ!" ਡਾਕਟਰ ਨੇ ਕਿਹਾ ਸੀ।

"ਇਹਦਾ ਕੋਈ ਇਲਾਜ ਨਹੀਂ ਡਾਕਟਰ ਸਾਹਿਬ? ਸਰਦਾਰ ਸਾਧੂ ਸਿੰਘ ਆਪਣੇ ਬੜੇ ਸਹਿਯੋਗੀ ਮਿੱਤਰ ਨੇ!" ਸੰਸਦ ਮੈਂਬਰ ਨੇ ਪੁੱਛਿਆ।
"
ਇਹਦਾ ਅਜੇ ਤੱਕ ਕੋਈ ਵੀ ਇਲਾਜ ਨਹੀਂ ਲੱਭਿਆ ਜੀ!"
"
ਅਸੀਂ ਪੁੱਤਰ ਨੂੰ ਅਮਰੀਕਾ ਕੈਨੇਡਾ, ਦਿੱਲੀ ਦੱਖਣ ਲੈ ਜਾਵਾਂਗੇ ਡਾਕਟਰ ਸਾਹਿਬ! ਦੱਸੋ ਇਲਾਜ਼ ਹੈ ਕਿੱਥੇ?" ਦੂਜਾ ਸੰਸਦ ਮੈਂਬਰ ਬੋਲਿਆ।
"
ਇਹਦਾ ਇਲਾਜ਼ ਦੁਨੀਆਂ ਭਰ ਵਿਚ ਕਿਤੇ ਵੀ ਨਹੀਂ ਹੈ ਸਰਦਾਰ ਜੀ, ਜਿੱਥੇ ਮਰਜ਼ੀ ਲੈ ਜਾਓ!" ਡਾਕਟਰ ਨੇ ਵੀ ਆਖਰੀ ਗੱਲ ਸੁਣਾ ਦਿੱਤੀ। ਸੱਚੇ ਦਿਲ ਵਾਲਾ ਡਾਕਟਰ ਉਹਨਾਂ ਨੂੰ ਕਿਸੇ ਹਨ੍ਹੇਰੇ ਵਿਚ ਨਹੀਂ ਰੱਖਣਾ ਚਾਹੁੰਦਾ ਸੀ।
ਉਹ ਉਦਾਸੇ ਮੂੰਹ ਲੈ ਕੇ ਬਾਹਰ ਆ ਗਏ।
ਸਾਧੂ ਸਿੰਘ ਨੂੰ ਖ਼ਤਮ ਹੁੰਦੀ ਜਾਂਦੀ 'ਕੁਲ' ਦਾ ਫ਼ਿਕਰ ਪੈ ਗਿਆ। ਜਿੰਨਾਂ ਉਹ ਅੱਜ ਚਿੰਤਤ ਹੋਇਆ ਸੀ, ਸ਼ਾਇਦ ਜਿੰਦਗੀ ਵਿਚ ਕਦੇ ਨਹੀਂ ਹੋਇਆ ਸੀ।

ਬਾਪੂ ਦਾ ਬਹੁਤਾ ਬਾਹਰ ਰਹਿਣਾ ਕੁੜੀ ਨੂੰ ਰਾਸ ਆ ਗਿਆ ਸੀ। ਮਨਵੀਰ ਦਿਨੋਂ-ਦਿਨ ਆਪਹੁਦਰੀ ਹੁੰਦੀ ਗਈ ਸੀ। ਉਸ ਨੇ ਸ਼ਹਿਰ ਗੇੜੇ ਦਿੰਦੀ ਨੇ ਇਕ ਨਕਲੀ ਜਿਹੇ ਡਾਕਟਰ ਨਾਲ ਸਬੰਧ ਕਾਇਮ ਕਰ ਲਏ ਸਨ। ਕੀਰਤ ਮੰਜੇ 'ਤੇ ਪਿਆ ਮੂੰਹ ਤੋਂ ਮੱਖੀਆਂ ਉਡਾਉਂਦਾ ਰਹਿੰਦਾ। ਹੁਣ ਉਸ ਨੂੰ ਨਾ ਭੁੱਖ ਅਤੇ ਨਾ ਹੀ ਚੱਜ ਨਾਲ ਪਿਆਸ ਲੱਗਦੀ। ਪੁੱਤ ਦੇ ਫ਼ਿਕਰ ਵਿਚ ਹੁਣ ਸਾਧੂ ਸਿੰਘ ਵੀ ਹਰ ਰੋਜ਼ ਦਿਨ ਖੜ੍ਹੇ ਘਰ ਪਰਤਣ ਲੱਗ ਪਿਆ ਸੀ।
ਅੱਜ ਜਦ ਸਾਧੂ ਸਿੰਘ ਸ਼ਾਮ ਨੂੰ ਘਰ ਆਇਆ ਤਾਂ ਕੀਰਤ ਮੰਜੇ 'ਤੇ ਪਿਆ ਸੀ। ਸਾਧੂ ਸਿੰਘ ਨੂੰ ਕੁੜੀ ਕਿਧਰੇ ਨਜ਼ਰ ਨਾ ਆਈ।
"
ਦੇਸੂ..!" ਉਸ ਨੇ ਆਪਣੇ ਨੌਕਰ ਨੂੰ ਅਵਾਜ਼ ਦਿੱਤੀ।
"
ਹਾਂ ਪ੍ਰਧਾਨ ਸਾਹਿਬ?" ਉਹ ਅਵਾਜ਼ ਦੀ ਕੁੰਡੀ ਨਾਲ ਹੀ ਖਿੱਚਿਆ ਤੁਰ ਆਇਆ ਸੀ।
"
ਮਨਵੀਰ ਨੀ ਦਿਸਦੀ ਕਿਤੇ?"
"
ਉਹ ਤਾਂ ਜੀ ਸ਼ਹਿਰ ਗਈ ਐ!"
"
ਸ਼ਹਿਰ ਕੀ ਕਰਨ ਗਈ ਐ?"
"
ਪਤਾ ਨਹੀਂ ਪ੍ਰਧਾਨ ਸਾਹਿਬ! ਪਰ ਉਹ ਤਾਂ ਨਿੱਤ ਹੀ ਸ਼ਹਿਰ ਜਾਂਦੀ ਐ!" ਨੌਕਰ ਆਪਣੇ ਪੱਖ ਤੋਂ ਹੈਰਾਨ ਖੜ੍ਹਾ ਸੀ।
"
ਕੀ ਕਿਹੈ? ਹਰ ਰੋਜ਼ ਸ਼ਹਿਰ ਜਾਂਦੀ ਐ?" ਉਸ ਦੇ ਦਿਮਾਗ ਵਿਚ ਆਤਿਸ਼ਬਾਜ਼ੀਆਂ ਚੱਲੀ ਜਾ ਰਹੀਆਂ ਸਨ।
ਕਰੋਧ ਨਾਲ ਸਾਧੂ ਸਿੰਘ ਕੰਧਾਂ ਵਿਚ ਮੁੱਕੀਆਂ ਮਾਰ ਰਿਹਾ ਸੀ।
"
ਤੂੰ ਹਰ ਰੋਜ਼ ਸ਼ਹਿਰ ਕੀ ਧੱਕੇ ਖਾਣ ਜਾਂਦੀ ਐਂ?" ਸਾਧੂ ਸਿੰਘ ਸ਼ਾਮ ਨੂੰ ਘਰ ਆਈ ਕੁੜੀ 'ਤੇ ਵਰ੍ਹ ਪਿਆ।
ਕੁੜੀ ਚੁੱਪ ਚਾਪ ਅੰਦਰ ਚਲੀ ਗਈ। ਉਸ ਨੇ ਬਾਪ ਦੀ ਕਿਸੇ ਗੱਲ ਦੀ ਕੋਈ ਪ੍ਰਵਾਹ ਨਾ ਕੀਤੀ।
ਸਾਧੂ ਸਿੰਘ ਦਾ ਕਰੋਪ ਸਿਰ ਨੂੰ ਚੜ੍ਹ ਗਿਆ। ਉਸ ਨੇ ਕੁੜੀ ਨੂੰ ਵਾਲਾਂ ਤੋਂ ਜਾ ਫ਼ੜਿਆ।
"
ਅੱਜ ਤੋਂ ਬਾਅਦ ਘਰੋਂ ਪੈਰ ਵੀ ਬਾਹਰ ਪੁੱਟਿਆ ਤਾਂ ਯਾਦ ਰੱਖੀਂ, ਸੂਲੀ ਟੰਗ ਦਿਊਂਗਾ!"
"
ਤੁਸੀਂ ਜੋ ਜੀ ਆਇਆ, ਕਰਿਓ! ਮੈਂ ਕਿਸੇ ਦੀ ਧਮਕੀ ਤੋਂ ਡਰਨ ਵਾਲੀ ਨਹੀਂ!"

ਕੁੜੀ ਦਾ ਬੇਬਾਕ ਉਤਰ ਸੁਣ ਕੇ ਸਾਧੂ ਸਿੰਘ ਧਰਤੀ 'ਤੇ ਪੈਰ ਪਟਕਦਾ ਬਾਹਰ ਨਿਕਲ ਗਿਆ।

ਅਗਲੇ ਦਿਨ ਮਨਵੀਰ ਦੀ ਬੜੀ ਭੇਦ ਭਰੀ ਹਾਲਤ ਵਿਚ ਮੌਤ ਹੋ ਗਈ। ਲੋਕਾਂ ਵਿਚ ਅਜੀਬ 'ਦੰਦ-ਕਥਾ' ਸੀ। ਕੋਈ ਗੁੱਝੇ ਮੂੰਹ ਆਖ ਰਿਹਾ ਸੀ ਕਿ ਕੁੜੀ ਦਾ ਕਤਲ ਖ਼ੁਦ ਪ੍ਰਧਾਨ ਨੇ ਕਰਵਾਇਆ ਸੀ। ਕੋਈ ਆਖ ਰਿਹਾ ਸੀ ਕਿ ਉਸ ਨੇ ਆਪ ਕੁਛ ਖਾ ਕੇ ਜਾਨ ਦਿੱਤੀ ਹੈ! ਜਿੰਨੇ ਮੂੰਹ, ਓਨੀਆਂ ਹੀ ਗੱਲਾਂ ਹੋ ਰਹੀਆਂ ਸਨ। ਪਰ ਅਸਲੀਅਤ ਦਾ ਕਿਸੇ ਨੂੰ ਵੀ ਪਤਾ ਨਹੀਂ ਸੀ। ਜੇ ਘਰ ਦੇ ਨੌਕਰ ਨੂੰ ਪਤਾ ਸੀ ਤਾਂ ਉਹ ਕਿਸੇ ਸ਼ਰਤ 'ਤੇ ਮੂੰਹ ਨਹੀਂ ਖੋਲ੍ਹ ਸਕਦਾ ਸੀ। ਫ਼ਿਰ ਉਸ ਦੀ ਮੌਤ ਵੀ ਪੱਕੀ, ਲੋਹੇ 'ਤੇ ਲਕੀਰ ਸੀ।

ਮਨਵੀਰ ਦਾ ਸਸਕਾਰ ਕਰ ਦਿੱਤਾ ਗਿਆ। ਸਸਕਾਰ 'ਤੇ ਵੱਡੇ ਵੱਡੇ ਆਗੂ ਪਹੁੰਚੇ ਸਨ। ਰੌਲਾ ਪਾ ਦਿੱਤਾ ਗਿਆ ਸੀ ਕਿ ਕੁੜੀ ਨੂੰ 'ਡੇਂਗੂ' ਬੁਖ਼ਾਰ ਹੋ ਗਿਆ ਸੀ ਅਤੇ ਇਹ ਬੁਖ਼ਾਰ ਉਸ ਲਈ 'ਜਾਨਲੇਵਾ' ਸਾਬਤ ਹੋਇਆ ਸੀ। ਲੋਕਾਂ ਨੇ 'ਸਤਿ' ਕਰ ਕੇ ਮੰਨ ਲਿਆ ਸੀ। ਤਕੜੇ ਦਾ ਸੱਤੀਂ ਵੀਹੀਂ ਸੌ! ਇਲਾਕੇ ਦੇ ਸਿਰਕੱਢ ਬੰਦੇ ਅੱਗੇ ਕੌਣ ਬੋਲਦਾ? ਕੌਣ ਆਖਦਾ, ਆ ਬੈਲ ਮੁਝੇ ਮਾਰ? ਕਿਸੇ ਦੀ ਲੱਗੀ ਅੱਗ ਵਿਚ ਕੋਈ ਕਿਉਂ ਹੱਥ ਪਾਉਂਦਾ?
ਕੁੜੀ ਦਾ ਕਤਲ ਘੱਟੇ ਪੈ ਗਿਆ।

ਮਨਵੀਰ ਵਾਲੀ ਗੱਲ 'ਆਈ-ਗਈ' ਹੋ ਗਈ।

ਹਾਲਤ ਕੀਰਤ ਦੀ ਵੀ ਕੋਈ ਬਹੁਤੀ ਚੰਗੀ ਨਹੀਂ ਸੀ। ਸਿਹਤ ਪੱਖੋਂ ਉਹ ਵੀ ਦਿਨੋਂ ਦਿਨ ਥੱਲੇ ਨੂੰ ਜਾ ਰਿਹਾ ਸੀ। ਹੁਣ ਸਾਧੂ ਸਿੰਘ ਦਾ ਇੱਕੋ-ਇੱਕ ਤਾਂ ਆਸਰਾ ਰਹਿ ਗਿਆ ਸੀ, ਤੇ ਉਹ ਸੀ ਕੀਰਤ! ...ਪਰ ਹੁਣ ਤਾਂ ਕੀਰਤ ਵੀ ਮੰਜੇ 'ਤੇ ਪਿਆ ਹੱਡੀਆਂ ਦੀ 'ਮੁੱਠ' ਹੀ ਜਾਪਦਾ ਸੀ! ਉਸ ਦਾ ਸਰੀਰ ਕਾਨੇ ਵਾਂਗ ਹਿੱਲਣ ਲੱਗ ਪਿਆ ਸੀ। ਉਹ ਕੀਰਤ ਬਾਰੇ ਵੱਖੋ-ਵੱਖ ਡਾਕਟਰਾਂ ਨਾਲ ਸਲਾਹ ਕਰਦਾ। ਪਰ ਸਭ 'ਨਾਂਹ' ਵਿਚ ਹੀ ਸਿਰ ਫ਼ੇਰ ਜਾਂਦੇ! ਉਦਾਸੀ ਵਿਚ ਸਿਰ ਮਾਰਦਾ ਸਾਧੂ ਸਿੰਘ ਘਰ ਪਰਤਦਾ। ਹੁਣ ਉਸ ਨੂੰ ਕਿਲ੍ਹੇ ਵਰਗਾ ਘਰ ਭਾਂਅ-ਭਾਂਅ ਕਰਦਾ ਲੱਗਦਾ, ਖਾਣ ਨੂੰ ਆਉਂਦਾ। ਕਦੇ ਕਦੇ ਉਹ ਕੀਰਤ ਦੇ ਮੰਜੇ 'ਤੇ ਬੈਠ ਨਿਰੰਜਣ ਕੌਰ ਦੀਆਂ ਕੀਤੀਆਂ ਗੱਲਾਂ ਯਾਦ ਕਰ-ਕਰ ਝੂਰਦਾ! ਹੁਣ ਉਸ ਨੂੰ ਵੀ ਮਹਿਸੂਸ ਹੋਣ ਲੱਗ ਪਿਆ ਸੀ ਕਿ ਗੁਰੂ ਦੀ ਗੋਲਕ ਦਾ ਖਾਧਾ ਪੈਸਾ ਉਸ ਦਾ 'ਵੈਰੀ' ਬਣ ਗਿਆ ਸੀ ਅਤੇ ਉਸ ਦੀ ਕੁਲ ਤਬਾਹੀ ਕਿਨਾਰੇ ਆ ਗਈ ਸੀ। ਉਹ ਕੀਰਤ ਦੇ ਸਿਰਹਾਣੇ ਬੈਠ ਹਿੱਕ ਵਿਚ ਮੁੱਕੀਆਂ ਮਾਰਦਾ। ਪਰ ਹੁਣ ਉਸ ਦੀ ਕੋਈ ਪੇਸ਼ ਨਹੀਂ ਜਾਂਦੀ ਸੀ। ਸਾਰਾ ਘਰ ਮੂਧਾ ਵੱਜ ਗਿਆ ਸੀ। ਕੀਰਤ ਉੱਜੜੀਆਂ ਨਜ਼ਰਾਂ ਨਾਲ ਬਾਪ ਵੱਲ ਦੇਖਦਾ। ਪਰ ਉਸ ਨੂੰ ਕੋਈ ਸਮਝ ਨਹੀਂ ਪੈਂਦੀ ਸੀ। ਜਦ ਬਾਪੂ ਰੋਂਦਾ ਤਾਂ ਕੀਰਤ ਉਸ ਵੱਲ ਇੱਕ ਟੱਕ ਦੇਖੀ ਜਾਂਦਾ। ਪਰ ਬੋਲਦਾ ਕੁਛ ਵੀ ਨਹੀਂ ਸੀ। ਉਸ ਨੇ ਪੂਰੀ ਜ਼ਿੰਦਗੀ ਵਿਚ ਸ਼ਾਇਦ ਪਹਿਲੀ ਵਾਰ ਬਾਪੂ ਨੂੰ ਰੋਂਦਾ ਤੱਕਿਆ ਸੀ।

ਇਕ ਸਵੇਰ ਕੀਰਤ ਸੁੱਤਾ ਪਿਆ ਹੀ ਨਾ ਉਠਿਆ।
ਇਕਲੌਤੇ ਪੁੱਤਰ ਦੀ ਲਾਸ਼ ਦੇਖ ਸਾਧੂ ਸਿੰਘ ਦਾ ਸਿਲ-ਪੱਥਰ ਹੀ ਤਾਂ ਹੋ ਗਿਆ ਸੀ। ਉਸ ਦਾ ਦਿਲ ਦੋਫ਼ਾੜ ਹੋਇਆ ਪਿਆ ਸੀ।

ਇਸ ਵਾਰ ਸਾਧੂ ਸਿੰਘ ਨੇ ਕੋਈ 'ਸ਼ੋਸ਼ਾ' ਨਾ ਕੀਤਾ। ਚੁੱਪ ਚਾਪ ਪੁੱਤਰ ਦਾ ਸਸਕਾਰ ਕਰ ਦਿੱਤਾ ਸੀ। ਹੁਣ ਦੁਰਗ ਜਿੱਡਾ ਘਰ ਉਸ ਨੂੰ ਜਿਵੇਂ ਲਾਹਣਤਾਂ ਪਾਉਂਦਾ ਸੀ। ਕੋਠੀ ਦੇ ਬਨੇਰਿਆਂ 'ਤੇ ਮੌਤ ਅਤੇ ਤਬਾਹੀ ਕੂਕਦੀ ਸੀ। ਇਕਲੌਤੇ ਪੁੱਤਰ ਦੀ ਮੌਤ ਸਾਧੂ ਸਿੰਘ ਲਈ ਇਕ ਲਾਇਲਾਜ਼ ਬਿਮਾਰੀ ਬਣ ਗਈ। ਪੁੱਤਰ ਦਾ ਗ਼ਮ ਅੱਠੇ ਪਹਿਰ ਉਸ ਦੇ ਮਨ 'ਤੇ ਬੋਝ ਬਣਿਆਂ ਰਹਿੰਦਾ। ਕਦੇ ਕਦੇ ਉਹ 'ਕੱਲਾ ਗੱਲਾਂ ਕਰਨ ਲੱਗ ਜਾਂਦਾ ਅਤੇ ਦੂਜੇ ਪਲ ਆਪ ਹੀ ਕੀਤੀ ਗੱਲ ਭੁੱਲ ਜਾਂਦਾ। ਉਸ ਦੀ ਹਾਲਤ ਤਰਸਯੋਗ ਬਣੀ ਪਈ ਸੀ। ਹੁਣ ਉਸ ਨੇ ਬਾਹਰ-ਅੰਦਰ ਜਾਣਾ ਬੰਦ ਕਰ ਦਿੱਤਾ ਸੀ। ਉਹ ਕੀੜਿਆਂ ਵਾਲੇ ਕੁੱਤੇ ਵਾਂਗ ਅੰਦਰ ਹੀ ਗੁੰਝਲੀ ਜਿਹੀ ਮਾਰ ਕੇ ਪਿਆ ਰਹਿੰਦਾ। ਕਦੇ ਕਦੇ ਉਹ ਉਚੀ-ਉਚੀ ਰੋਣ ਵੀ ਲੱਗ ਜਾਂਦਾ।

....ਤੇ ਅੱਜ ਜਦ ਜੱਥੇਦਾਰ ਦੀ ਮੌਤ ਹੋਈ ਸੀ ਤਾਂ ਪੂਰੇ ਪੰਜਾਬ ਵਿਚੋਂ ਸਿਆਸੀ ਲੀਡਰ ਅਤੇ ਵੱਖੋ-ਵੱਖ ਪਾਰਟੀਆਂ ਦੇ ਆਗੂ ਪਹੁੰਚੇ ਸਨ। ਰਿਸ਼ਤੇਦਾਰ ਕੋਈ ਵੀ ਨਹੀਂ ਬਹੁੜਿਆ ਸੀ।
ਜੱਥੇਦਾਰ ਦਾ ਇਸ਼ਨਾਨ ਕਰਵਾਉਣ ਤੋਂ ਬਾਅਦ ਕਿਸੇ ਨੇ ਅਚਾਨਕ ਕਿਹਾ, "ਜੱਥੇਦਾਰ ਦਾ ਕੱਫ਼ਣ ਕਿੱਥੇ ਐ? ਲਿਆਇਆ ਕੋਈ?"
ਇਕ ਸੰਨਾਟਾ ਛਾ ਗਿਆ। ਕੱਫ਼ਣ ਕਿਸ ਨੇ ਲਿਆਉਣਾ ਸੀ? ਵੱਖੋ-ਵੱਖ ਆਗੂ ਤਾਂ ਇਸ ਲਈ ਪਹੁੰਚੇ ਸਨ ਕਿ ਜੱਥੇਦਾਰ ਦੇ ਪੈਰੋਕਾਰ ਤਾਂ ਭਵਿੱਖ ਵਿਚ ਉਹਨਾਂ ਦੀਆਂ ਵੋਟਾਂ ਬਣਨਗੇ! ਉਹ ਜੱਥੇਦਾਰ ਕਰ ਕੇ ਨਹੀਂ, ਆਪਣੀਆਂ ਵੋਟਾਂ ਪੱਕੀਆਂ ਕਰਨ ਲਈ ਆਏ ਸਨ।
ਸਾਰੇ ਇਕ-ਦੂਜੇ ਦੇ ਮੂੰਹ ਵੱਲ ਦੇਖ ਰਹੇ ਸਨ। ਕੱਫ਼ਣ ਲਿਆਉਣ ਦਾ ਤਾਂ ਕਿਸੇ ਨੂੰ ਚੇਤਾ ਹੀ ਨਹੀਂ ਸੀ।
"
ਕੱਫ਼ਣ ਮੈਂ ਲਿਆਉਨੈਂ ਜੀ!" ਜੱਥੇਦਾਰ ਦਾ ਗ਼ਰੀਬ ਨੌਕਰ ਦੇਸੂ ਬੋਲਿਆ। ਤੇ ਸਾਰੇ ਦੇਸੂ ਦੇ ਆਉਣ ਦੀ ਉਡੀਕ ਵਿਚ ਬੈਠ ਗਏ। ਜੱਥੇਦਾਰ ਦੀ ਨਹਾਤੀ-ਧੋਤੀ ਲਾਅਸ਼ 'ਕੱਫ਼ਣ ਦੀ ਉਡੀਕ ਵਿਚ' ਨੰਗ-ਧੜੰਗੀ ਵਿਹੜੇ ਵਿਚ ਪਈ ਸੀ!
 


    ਕੱਫ਼ਣ ਦੀ ਉਡੀਕ ਵਿਚ
ਭਿੰਦਰ ਜਲਾਲਾਬਾਦੀ

ਝੱਖੜ ਝੰਬੇ ਰੁੱਖ
ਭਿੰਦਰ ਜਲਾਲਾਬਾਦੀ

ਭਰਿੰਡ
ਰੂਪ ਢਿੱਲੋਂ

ਚੋਰੀ ਦਾ ਨਤੀਜਾ
ਰੂਪ ਢਿੱਲੋਂ

ਉੱਮਰੋਂ ਲੰਮੀ ਉਡੀਕ
ਨਿਸ਼ਾਨ ਰਾਠੌਰ ‘ਮਲਿਕਪੁਰੀ’

ਬੇਹੋਸ਼
ਅਨਮੋਲ ਕੌਰ

ਹੀਣਭਾਵਨਾ
ਅਨਮੋਲ ਕੌਰ

ਮਤਲਬੀ
ਅਨਮੋਲ ਕੌਰ

ਧੀ
ਸੰਜੀਵ ਸ਼ਰਮਾ, ਫਿਰੋਜ਼ਪੁਰ (ਪੰਜਾਬ)

 ਉਸੇ ਰਾਹ ਵੱਲ
ਅਨਮੋਲ ਕੌਰ

ਚੋਰ ਉਚਕਾ ਚੌਧਰੀ…
ਅਨਮੋਲ ਕੌਰ

ਦੁਨੀਆਂ ਮਤਲਬ ਦੀ
ਸ਼ਿਵਚਰਨ ਜੱਗੀ ਕੁੱਸਾ

 ਲੈਲਾ
ਮੁਨਸ਼ੀ ਪ੍ਰੇਮ ਚੰਦ
(
ਅਨੁਵਾਦਕ:- ਹਰਦੇਵ ਸਿੰਘ ਗਰੇਵਾਲ
)

 ਲੋਹੇ ਦਾ ਘੋੜਾ
ਯਾਦਵਿੰਦਰ ਸਿੰਘ ਸਤਕੋਹਾ

 ਗਵਾਹ
ਅਨਮੋਲ ਕੌਰ

ਆਪਣੇ ਪਰਾਏ
ਸੁਰਿੰਦਰ ਪਾਲ

ਤੇ ਸਿਵਾ ਬੁਝ ਗਿਆ ਸੀ
ਸ਼ਿਵਚਰਨ ਜੱਗੀ ਕੁੱਸਾ

ਉੱਮਰੋਂ ਲੰਮੀ ਉਡੀਕ
ਨਿਸ਼ਾਨ ਰਾਠੌਰ ‘ਮਲਿਕਪੁਰੀ’

ਕਿਉਂ ਚਲੀ ਗਈ?
ਅਨਮੋਲ ਕੌਰ

ਖਲਨਾਇਕ
ਵਰਿੰਦਰ ਆਜ਼ਾਦ

ਲਾਸ਼
ਰੂਪ ਢਿੱਲੋਂ ਅਤੇ ਤੂਰ ਪਰਿਵਾਰ, ਦੁਗਰੀ

ਮੱਠੀਆਂ
ਰਵਿੰਦਰ ਸਿੰਘ ਕੁੰਦਰਾ, ਕਵੈਂਟਰੀ ਯੂ. ਕੇ.

ਕਲਦਾਰ
 ਰੂਪ ਢਿੱਲੋਂ

ਸਵਰਗ-ਨਰਕ
ਸੁਰਿੰਦਰਪਾਲ ਨੰਗਲਸ਼ਾਮਾ

ਅਰਥ
(ਨੱਨ੍ਹੀ ਕਹਾਣੀ)
ਭਿੰਦਰ ਜਲਾਲਾਬਾਦੀ

ਖੁਦਗਰਜ਼ ਲੋਕ
ਅਨਮੋਲ ਕੌਰ

ਤਲਾਕ
ਵਰਿੰਦਰ ਆਜ਼ਾਦ

ਘੱਲੂਘਾਰਾ
(6 ਜੂਨ ‘ਤੇ ਵਿਸ਼ੇਸ਼)
ਭਿੰਦਰ ਜਲਾਲਾਬਾਦੀ

ਵਿਕਾਸ
ਰੂਪ ਢਿੱਲੋਂ

ਅਸਿਹ ਸਦਮਾ
ਅਨਮੋਲ ਕੌਰ

ਸੀਰੀ
ਭਿੰਦਰ ਜਲਾਲਾਬਾਦੀ

ਉੱਡਦੇ ਪਰਿੰਦੇ
ਰਵੀ ਸਚਦੇਵਾ, ਸਚਦੇਵਾ ਮੈਡੀਕੋਜ਼, ਮਲੋਟ ਰੋਡ ਚੌਕ, ਮੁਕਤਸਰ, ਪੰਜਾਬ

ਆਖ਼ਰੀ ਦਾਅ
ਭਿੰਦਰ ਜਲਾਲਾਬਾਦੀ

ਬਦਲਦੇ ਦੇ ਰਿਸ਼ਤੇ
ਵਰਿੰਦਰ ਅਜ਼ਾਦ

ਬਿਰਧ ਆਸ਼ਰਮ
ਭਿੰਦਰ ਜਲਾਲਾਬਾਦੀ

ਦਿਲ ਵਿਚ ਬਲਦੇ ਸਿਵੇ ਦਾ ਸੱਚ
ਭਿੰਦਰ ਜਲਾਲਾਬਾਦੀ

ਪ੍ਰਿਥਮ ਭਗੌਤੀ ਸਿਮਰ ਕੈ
ਬਲਰਾਜ ਸਿੰਘ ਸਿਂਧੂ, ਯੂ. ਕੇ.

ਰਿਮ ਝਿਮ ਪਰਬਤ
ਵਰਿਆਮ ਸਿੰਘ ਸੰਧੂ

ਮੁਲਾਕਾਤ, ਢਾਬੇ ਵਾਲੇ ਨਾਲ
ਰੂਪ
ਢਿੱਲੋਂ

ਬਰਾਬਰਤਾ
ਅਨਮੋਲ ਕੌਰ

ਲਕੀਰਾਂ
ਗੁਰਪਰੀਤ ਸਿੰਘ ਫੂਲੇਵਾਲਾ
(ਮੋਗਾ)

ਸਪੀਡ
ਰੂਪ
ਢਿੱਲੋਂ

ਦੇਵ ਪੁਰਸ਼…!
ਨਿਸ਼ਾਨ ਸਿੰਘ ਰਾਠੌਰ

ਜਿਉਂਦੇ ਜੀ ਨਰਕ
ਵਰਿੰਦਰ ਆਜ਼ਾਦ

ਬੁੱਢੇ ਦਰਿਆ ਦੀ ਜੂਹ
ਸ਼ਿਵਚਰਨ ਜੱਗੀ ਕੁੱਸ

ਰਿਸ਼ਤਿਆਂ ਦਾ ਕਤਲ
ਡਾ. ਹਰੀਸ਼ ਮਲਹੋਤਰਾ ਬ੍ਰਮਿੰਘਮ
(ਅੱਖਰ ਅੱਖਰ ਸੱਚ, ਸੱਚੀਆਂ ਕਹਾਣੀਆਂ)

ਬਗ਼ਾਵਤ
ਭਿੰਦਰ ਜਲਾਲਾਬਾਦੀ

ਆਪੇ ਮੇਲਿ ਮਿਲਾਈ
ਅਨਮੋਲ ਕੌਰ

ਜਾਨਵਰ
ਨਿਸ਼ਾਨ ਸਿੰਘ ਰਾਠੌਰ

5_cccccc1.gif (41 bytes)

hore-arrow1gif.gif (1195 bytes)


Terms and Conditions
Privacy Policy
© 1999-2010, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2010, 5abi.com