ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ॥ ਜਲ ਤੇ ਤ੍ਰਿਭਵਣੁ ਸਾਜਿਆ ਘਟਿ
ਘਟਿ ਜੋਤਿ ਸਮੋਇ॥ (ਸਿਰੀ ਰਾਗੁ
ਮ. ੧ ਅੰਗ : ੧੯)
'ਪਾਣੀ ਹੀ ਜੀਵਨ ਹੈ', ਸ੍ਰੀ ਗੁਰੂ ਨਾਨਕ ਸਾਹਿਬ
ਜੀ ਦੇ ਇਸ ਕਥਨ ਨਾਲ ਆਧੁਨਿਕ ਵਿਗਿਆਨ ਵੀ ਸਹਿਮਤ ਹੈ, ਕਿ ਹਵਾ ਤੇ ਪਾਣੀ ਬਿਨਾਂ
ਜੀਵਨ ਦੀ ਓਤਪਤੀ ਹੀ ਸੰਭਵ ਨਹੀਂ। ਸੋ, ਜੀਵਨ ਲਈ ਹਵਾ ਤੇ ਪਾਣੀ ਤੋਂ ਵੱਧ ਮਹੱਤਤਾ
ਕਿਸੇ ਵੀ ਹੋਰ ਚੀਜ਼ ਦੀ ਨਹੀਂ ਹੋ ਸਕਦੀ। ਪਰ ਅਸੀਂ ਹਵਾ ਵੀ ਪਲੀਤ ਕਰ ਰਹੇ ਹਾਂ ਤੇ
ਪਾਣੀ ਵੀ।
ਰਾਸ਼ਟਰ ਸੰਘ ਦੀ ਇਕ ਰਿਪੋਰਟ ਕਹਿੰਦੀ ਹੈ ਕਿ ਦੁਨੀਆ ਵਿਚ
ਘੱਟੋ-ਘੱਟ 300 ਥਾਵਾਂ 'ਤੇ ਪਾਣੀ ਲਈ ਸੰਘਰਸ਼ ਹੋਣ ਦਾ ਖਤਰਾ ਹੈ। ਵਿਸ਼ਵਾਸਯੋਗ ਰਸਾਲੇ
'ਨਿਊਜ਼ਵੀਕ' ਨੇ ਅਪ੍ਰੈਲ 2013 ਦੇ ਅੰਕ ਵਿਚ ਲਿਖਿਆ ਸੀ ਕਿ ਦੁਨੀਆ ਵਿਚ ਕਿਸੇ ਵੀ
ਵੇਲੇ ਪਾਣੀ ਕਾਰਨ ਲੜਾਈ ਛਿੜ ਸਕਦੀ ਹੈ। ਭਾਵੇਂ ਭਾਰਤ ਤੇ ਪਾਕਿਸਤਾਨ ਵਿਚ ਸ਼ੁਰੂ
ਹੋਈਆਂ ਝੜਪਾਂ ਵਿਚ ਜੰਗਬੰਦੀ ਹੋ ਗਈ ਹੈ ਪਰ ਜਿਸ ਤਰ੍ਹਾਂ ਦੀ ਤਲਖ-ਕਲਾਮੀ ਭਾਰਤ
ਵਲੋਂ 'ਸਿੰਧੂ ਜਲ ਸੰਧੀ' ਨੂੰ ਮੁਲਤਵੀ ਕਰ ਦੇਣ ਦੇ ਫ਼ੈਸਲੇ 'ਤੇ ਹੋ ਰਹੀ ਹੈ, ਪਤਾ
ਨਹੀਂ ਕਦੋਂ ਇਹ ਅੱਗ ਫਿਰ ਭੜਕ ਪਵੇ। ਉਂਜ ਵੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ
ਮੋਦੀ ਤਾਂ ਸਾਫ਼ ਐਲਾਨ ਹੀ ਕਰ ਚੁੱਕੇ ਹਨ ਕਿ ਅੱਤਵਾਦ ਵਿਰੁੱਧ ਸ਼ੁਰੂ ਕੀਤਾ ਗਿਆ
ਆਪ੍ਰੇਸ਼ਨ ਸੰਧੂਰ ਅਜੇ ਵੀ ਜਾਰੀ ਹੈ।
ਗੌਰਤਲਬ ਹੈ ਕਿ ਭਾਰਤ ਨੂੰ
ਸਿੰਧੂ ਜਲ ਸੰਧੀ ਵਿਚ ਆਪਣੀਆਂ ਜ਼ਰੂਰਤਾਂ ਨੂੰ ਮੁੱਖ ਰੱਖਦੇ ਹੋਏ ਕੁਝ ਬਦਲਾਅ ਤਾਂ
ਕਰਨੇ ਹੀ ਪੈਣੇ ਹਨ। ਕਿਉਂਕਿ ਭਾਰਤ ਕੋਲ ਦੁਨੀਆ ਵਿਚ ਉਪਲਬੱਧ ਮਨੁੱਖੀ ਵਰਤੋਂ ਯੋਗ
ਪਾਣੀ ਸਿਰਫ਼ 4 ਫ਼ੀਸਦੀ ਹੀ ਹੈ। ਉਂਜ ਤਾਂ ਭਾਰਤ ਕੋਲ ਧਰਤੀ ਹੋਰ ਵੀ ਘੱਟ ਸਿਰਫ਼ 2.4
ਫ਼ੀਸਦੀ ਹੀ ਹੈ। ਫਿਰ ਜਿਸ ਤਰ੍ਹਾਂ ਪਾਣੀ ਦੀ ਸਥਿਤੀ ਵਿਚ ਭਾਰਤ ਪਾਕਿਸਤਾਨ ਨੂੰ
ਜਾਂਦੇ ਤਿੰਨ ਦਰਿਆਵਾਂ ਉੱਪਰ ਬੈਠਾ ਹੈ, ਇਸੇ ਤਰ੍ਹਾਂ ਹੀ ਕੁਝ ਦਰਿਆਵਾਂ ਉੱਪਰ ਚੀਨ
ਭਾਰਤ ਤੋਂ ਉੱਪਰ ਬੈਠਾ ਹੈ, ਚੀਨ ਤਾਂ ਦਰਿਆ ਬ੍ਰਹਮਪੁੱਤਰ ਉੱਪਰ ਵੀ ਇਕ ਵੱਡਾ ਬੰਨ੍ਹ
ਬਣਾ ਰਿਹਾ ਹੈ, ਜੋ ਭਾਰਤ ਲਈ ਕਈ ਤਰ੍ਹਾਂ ਦੇ ਖਤਰੇ ਪੈਦਾ ਕਰ ਸਕਦਾ ਹੈ। ਸੋ, ਭਾਰਤ
ਵੀ ਪਾਣੀ ਕਾਰਨ ਹੋਣ ਵਾਲੀ ਲੜਾਈ ਦੇ ਸੰਭਾਵਿਤ ਖੇਤਰਾਂ ਵਿਚ ਸ਼ਾਮਿਲ ਹੈ।
ਖ਼ੈਰ, ਅੱਜ ਸਾਡੇ ਸਾਹਮਣੇ ਪ੍ਰਮੁੱਖ ਪੱਤਰਕਾਰ 'ਕੰਚਨ ਵਾਸਦੇਵ' ਦੀ ਇਕ ਰਿਪੋਰਟ ਹੈ
ਜੋ ਪਾਣੀਆਂ ਦੀ ਧਰਤੀ ਮੰਨੇ ਜਾਂਦੇ ਪੰਜਾਬ ਦੇ ਰਹਿਬਰਾਂ ਦੀ ਨਲਾਇਕੀ ਤੇ ਲਾਪ੍ਰਵਾਹੀ
ਦੀ ਇਕ ਦਰਦਨਾਕ ਦਾਸਤਾਨ ਦਾ ਪ੍ਰਗਟਾਵਾ ਕਰਦੀ ਹੈ। ਉਂਜ ਇਨ੍ਹਾਂ ਕਾਲਮਾਂ ਵਿਚ ਵੀ 28
ਜੂਨ, 2019 ਤੇ ਉਸ ਤੋਂ ਪਹਿਲਾਂ ਵੀ ਕਈ ਵਾਰ ਪੰਜਾਬ ਦੇ ਦਰਿਆਈ ਪਾਣੀਆਂ ਦੀ ਵਰਤੋਂ
ਵਿਚ ਕੀਤੀ ਜਾ ਰਹੀ ਲਾਪ੍ਰਵਾਹੀ ਦਾ ਜ਼ਿਕਰ ਹੁੰਦਾ ਰਿਹਾ ਹੈ ਪਰ ਕੰਚਨ ਵਾਸਦੇਵ ਦੀ
ਰਿਪੋਰਟ ਪੂਰੀ ਤਰ੍ਹਾਂ ਅੰਕੜਿਆਂ 'ਤੇ ਆਧਾਰਿਤ ਹੈ, ਜੋ ਸਾਬਤ ਕਰਦੀ ਹੈ ਕਿ ਸਾਡੇ
ਰਾਜ ਦੇ ਨੇਤਾ ਗੱਲੀਂਬਾਤੀਂ ਤਾਂ ਪੰਜਾਬ ਦੇ ਪਾਣੀਆਂ ਦੀ ਰਾਖੀ ਦੇ ਦਮਗਜ਼ੇ ਮਾਰਦੇ
ਹਨ, ਪਰ ਅਮਲੀ ਤੌਰ 'ਤੇ ਪੰਜਾਬ ਦੇ ਪਾਣੀਆਂ ਨਾਲ ਕੇਂਦਰ ਵਲੋਂ ਕੀਤੇ ਗਏ ਧੱਕਿਆਂ ਦੇ
ਬਾਵਜੂਦ ਮਿਲੇ ਪਾਣੀ ਨੂੰ ਵੀ ਵਰਤਣ ਵਿਚ ਅਸਫਲ ਰਹੇ ਹਨ।
ਇਸ ਰਿਪੋਰਟ ਵਿਚ
ਪਿਛਲੇ 10 ਸਾਲਾਂ ਵਿਚ ਪੰਜਾਬ, ਹਰਿਆਣਾ ਤੇ ਰਾਜਸਥਾਨ ਨੂੰ 'ਭਾਖੜਾ, ਬਿਆਸ,
ਪ੍ਰਬੰਧਕੀ ਮੰਡਲ' ਤੋਂ ਅਲਾਟ ਪਾਣੀਆਂ ਨੂੰ ਵਰਤੇ ਜਾਣ ਦਾ ਲੇਖਾ-ਜੋਖਾ ਕੀਤਾ ਗਿਆ
ਹੈ, ਜਿਸ ਵਿਚ ਸਾਫ਼ ਹੈ ਕਿ ਪੰਜਾਬ ਨੇ ਪਿਛਲੇ 10 ਸਾਲਾਂ ਵਿਚ ਰਾਜ ਨੂੰ ਅਲਾਟ ਪਾਣੀ
ਦਾ ਸਿਰਫ਼ 64 ਤੋਂ 91 ਫ਼ੀਸਦੀ ਹਿੱਸਾ ਹੀ ਵਰਤਿਆ ਹੈ ਜਦੋਂ ਕਿ ਹਰਿਆਣਾ ਆਪਣੇ ਹਿੱਸੇ
ਦੇ ਪਾਣੀ ਦਾ 80 ਤੋਂ 110 ਫ਼ੀਸਦੀ ਤੱਕ ਪਾਣੀ ਵਰਤਦਾ ਰਿਹਾ ਹੈ ਅਤੇ ਰਾਜਸਥਾਨ ਤਾਂ
ਹੋਰ ਵੀ ਜ਼ਿਆਦਾ ਪਾਣੀ ਵਰਤਦਾ ਆ ਰਿਹਾ ਹੈ, ਉਸ ਨੇ ਕਦੇ ਵੀ 101 ਫ਼ੀਸਦੀ ਤੋਂ ਘੱਟ
ਪਾਣੀ ਨਹੀਂ ਵਰਤਿਆ, ਸਗੋਂ ਉਹ ਆਪਣੇ ਹਿੱਸੇ ਤੋਂ ਵੀ ਕਰੀਬ ਤੀਜਾ ਹਿੱਸਾ ਜ਼ਿਆਦਾ ਭਾਵ
130 ਫ਼ੀਸਦੀ ਤੱਕ ਪਾਣੀ ਵਰਤਦਾ ਰਿਹਾ ਹੈ। ਗੌਰਤਲਬ ਹੈ ਕਿ ਇਨ੍ਹਾਂ 10 ਸਾਲਾਂ ਵਿਚ
ਅਕਾਲੀ ਦਲ, ਭਾਜਪਾ, ਕਾਂਗਰਸ ਤੇ 'ਆਪ' ਦੀਆਂ ਹੀ ਸਰਕਾਰਾਂ ਰਹੀਆਂ ਹਨ। ਪਰ ਫਿਰ ਵੀ
ਇਸ ਗੱਲ ਲਈ 'ਆਪ' ਸਰਕਾਰ ਦੀ ਤਾਰੀਫ਼ ਕਰਨੀ ਬਣਦੀ ਹੈ ਕਿ ਉਸ ਨੇ ਨਹਿਰੀ ਪਾਣੀ ਦੀ
ਵਰਤੋਂ ਵੱਲ ਧਿਆਨ ਹੀ ਨਹੀਂ ਦਿੱਤਾ, ਸਗੋਂ ਲੋਕਾਂ ਵਲੋਂ ਵਾਹ ਲਏ ਗਏ ਸੂਏ, ਖਾਲੇ ਤੇ
ਨਹਿਰਾਂ ਦੀ ਜ਼ਮੀਨ ਦੇ ਕਬਜ਼ੇ ਵੀ ਛੁਡਵਾਏ ਤੇ ਨਹਿਰੀ ਪਾਣੀ ਦੀ ਵਰਤੋਂ ਵੀ ਵਧਾਈ ਹੈ।
ਭਾਵੇਂ ਕਿ ਅਜੇ ਬਹੁਤ ਕੁਝ ਕਰਨਾ ਬਾਕੀ ਹੈ।
ਪੰਜਾਬ ਦੇ ਸਰਕਾਰੀ ਮੰਤਰੀ
ਹਰਜੋਤ ਸਿੰਘ ਬੈਂਸ ਨੇ ਕਿਹਾ ਹੈ ਕਿ ਸਾਡੇ ਸੱਤਾ ਸੰਭਾਲਣ ਤੋਂ ਪਹਿਲਾਂ ਪੰਜਾਬ ਸਿਰਫ਼
23 ਫ਼ੀਸਦੀ ਨਹਿਰੀ ਪਾਣੀ ਹੀ ਵਰਤਦਾ ਸੀ, ਹੁਣ ਇਸ ਦੀ ਵਰਤੋਂ 60 ਫ਼ੀਸਦੀ ਹੋ ਗਈ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਅਫਸੋਸ ਹੈ ਕਿ ਕਿਸਾਨ ਅਜੇ ਵੀ ਨਹਿਰੀ ਪਾਣੀ ਨਾਲੋਂ
ਟਿਊਬਵੈੱਲ ਦੇ ਪਾਣੀ ਨੂੰ ਤਰਜੀਹ ਦਿੰਦੇ ਹਨ।
ਉਹ ਕਿਉਂ ਨਾ ਦੇਣ
ਟਿਊਬਵੈੱਲ ਦੇ ਪਾਣੀ ਨੂੰ ਤਰਜੀਹ, ਨਹਿਰੀ ਪਾਣੀ ਦੀ ਵਾਰੀ ਦਾ ਇੰਤਜ਼ਾਰ ਕਰਨਾ ਪੈਂਦਾ
ਹੈ, ਖੁਦ ਜਾਂ ਕਰਿੰਦੇ ਨੂੰ ਮੌਕੇ 'ਤੇ ਜਾ ਕੇ ਨੱਕੇ ਮੋੜਨੇ ਪੈਂਦੇ ਹਨ। ਪਰ
ਟਿਊਬਵੈੱਲ ਦਾ ਮੁਫ਼ਤ ਪਾਣੀ ਆਟੋ ਸਟਾਰਟਰਾਂ ਰਾਹੀਂ ਆਪੇ ਚਲਦਾ ਹੈ,
ਬੰਦ ਹੋ ਜਾਂਦਾ ਹੈ। 'ਮਾਲੇ ਮੁਫ਼ਤ ਦਿਲੇ ਬੇਰਹਿਮ', ਸ਼ਾਇਦ ਇਹੀ
ਵੱਡਾ ਕਾਰਨ ਹੈ, ਕਿ ਹਰਿਆਣਾ ਤੇ ਰਾਜਸਥਾਨ ਦੇ ਕਿਸਾਨ 100 ਫ਼ੀਸਦੀ ਤੋਂ ਵੀ ਵਧੇਰੇ
ਨਹਿਰੀ ਪਾਣੀ ਵਰਤ ਰਹੇ ਹਨ, ਕਿਉਂਕਿ ਉਥੇ ਟਿਊਬਵੈੱਲਾਂ ਦੀ ਬਿਜਲੀ ਮੁਫ਼ਤ ਨਹੀਂ ਹੈ।
ਪੰਜਾਬ ਵਿਚ 15 ਲੱਖ ਟਿਊਬਵੈੱਲ ਹਨ ਤੇ ਲਗਭਗ 90 ਫ਼ੀਸਦੀ ਆਟੋ ਸਟਾਰਟਰ
ਤੇ ਹਨ ਭਾਵੇਂ ਖੇਤ ਨੂੰ ਪਾਣੀ ਦੀ ਲੋੜ ਹੋਵੇ ਭਾਵੇਂ ਨਾ, ਜਾਂ ਪਾਣੀ ਦੀ ਲੋੜ ਘੱਟ
ਹੋਵੇ ਪਰ ਰਾਤ ਨੂੰ ਅਚਾਨਕ ਆਈ ਬਿਜਲੀ ਨਾਲ ਆਪਣੇ-ਆਪ ਚੱਲੇ ਟਿਊਬਵੈੱਲ ਪਾਣੀ ਦਾ
ਨੁਕਸਾਨ ਤਾਂ ਕਰਦੇ ਹੀ ਹਨ। ਬੇਸ਼ੱਕ ਕੁਝ ਕਿਸਾਨ ਮੋਟਰਾਂ ਦਾ ਬਟਨ ਬੰਦ ਵੀ ਕਰਦੇ ਹਨ।
ਇਥੇ ਪੰਜਾਬ ਸਰਕਾਰ ਨੂੰ ਇਹ ਕਹਿਣ ਤੋਂ ਨਹੀਂ ਰੁਕ ਸਕਦੇ ਕਿ ਸਿਰਫ਼ 20 ਦਿਨਾਂ ਲਈ
ਰੋਜ਼ਾਨਾ 4.5 ਕਿਊਸਿਕ ਪਾਣੀ ਬਚਾਉਣ ਲਈ ਉਨ੍ਹਾਂ ਦੀ ਲੜਾਈ ਭਾਵੇਂ ਹੱਕ ਬਜਾਨਬ ਹੈ ਪਰ
ਜਦੋਂ ਤੱਕ ਉਹ ਪੰਜਾਬ ਪੁਨਰਗਠਨ ਐਕਟ ਦੀਆਂ ਧਾਰਾਵਾਂ 78, 79 ਅਤੇ 80 ਹਟਾਉਣ 'ਤੇ
ਪੰਜਾਬ ਦੇ ਪਾਣੀਆਂ ਦੀ ਮੁਕੰਮਲ ਮਾਲਕੀ ਦੀ ਲੜਾਈ ਨਹੀਂ ਲੜਦੇ ਤੇ ਪਾਣੀਆਂ 'ਤੇ
ਅਧਿਕਾਰ ਸਥਾਪਤ ਕਰਕੇ ਪਾਣੀਆਂ ਦੀ ਕੀਮਤ ਲਈ ਨਹੀਂ ਜੂਝਦੇ, ਉਨ੍ਹਾਂ ਦੀ ਇਹ ਲੜਾਈ
ਵੋਟਾਂ ਲਈ ਪ੍ਰਚਾਰ ਤੇ ਵਿਖਾਵੇ ਵਾਂਗ ਹੀ ਜਾਪੇਗੀ।
ਅਗਰ ਫੁਰਸਤ ਮਿਲੇ
ਪਾਨੀ ਕੀ ਤਹਿਰੀਰੋਂ ਕੋ ਪੜ੍ਹ ਲੇਨਾ, ਹਰ ਇਕ ਦਰਿਆ ਹਜ਼ਾਰੋਂ ਸਾਲ ਕਾ ਅਫਸਾਨਾ
ਲਿਖਤਾ ਹੈ। - (ਬਸ਼ੀਰ
ਬਦਰ)
ਕੀਤਾ ਕੀ ਜਾਵੇ ਸ਼ਾਇਰ ਅੱਬਾਸ ਤਬਿਸ
ਦਾ ਇਕ ਸ਼ਿਅਰ ਹੈ:
ਪਾਨੀ ਆਂਖ ਮੇਂ ਭਰ ਕਰ ਲਾਇਆ ਜਾ ਸਕਤਾ ਹੈ, ਅਬ
ਭੀ ਜਲਤਾ ਸ਼ਹਿਰ ਬਚਾਇਆ ਜਾ ਸਕਦਾ ਹੈ।
ਭਾਵ ਜੇ ਹੁਣ ਵੀ ਦਿਲ ਵਿਚ ਦਰਦ
ਹੋਵੇ ਤੇ ਅੱਖਾਂ ਨਮ ਹੋਣ ਤਾਂ ਪੰਜਾਬ ਨੂੰ ਅਜੇ ਵੀ ਬਚਾਇਆ ਜਾ ਸਕਦਾ ਹੈ। ਇਸ ਲਈ
ਹੋਰ ਉਪਾਵਾਂ ਤੋਂ ਇਲਾਵਾ ਨਹਿਰੀ ਪਾਣੀ ਦੀ ਵਰਤੋਂ ਨੂੰ ਆਖਰੀ ਹੱਦ ਤੱਕ ਵਧਾਇਆ
ਜਾਵੇ। ਬਰਸਾਤ ਦੇ ਪਾਣੀ ਦੀ ਸੰਭਾਲ ਨੂੰ ਯਕੀਨੀ ਬਣਾਇਆ ਜਾਵੇ, ਜਿਸ ਕਿਸਾਨ ਦੇ ਖੇਤ
ਵਿਚ ਇਮਦਾਦ ਵਾਲਾ ਟਿਊਬਵੈੱਲ ਹੈ, ਉਸ ਲਈ ਜ਼ਰੂਰੀ ਹੈ ਕਿ ਉਹ ਆਪਣੇ ਖੇਤਾਂ ਵਿਚ ਪਾਣੀ
ਰੀਚਾਰਜ ਕਰਨ ਦਾ ਸਿਸਟਮ ਬਣਾਵੇ, ਜਿਸ ਦਾ ਤਰੀਕਾ ਮਾਹਿਰਾਂ ਵਲੋਂ ਸੁਝਾਇਆ
ਜਾਵੇ।
ਹਰ ਘਰ ਵਿਚ ਵੀ ਬਰਸਾਤੀ ਪਾਣੀ ਜਮ੍ਹਾਂ ਕਰਨ ਜਾਂ ਰੀਚਾਰਜ
ਕਰਨਾ ਜ਼ਰੂਰੀ ਕੀਤਾ ਜਾਵੇ, ਨਵੇਂ ਨਕਸ਼ੇ ਤਾਂ ਇਸ ਬਿਨਾਂ ਪਾਸ ਹੀ ਨਾ ਹੋਣ। ਉਦਯੋਗਾਂ
ਲਈ ਪਾਣੀ ਦੀ ਵਰਤੋਂ, ਸਾਫ਼ ਕਰਕੇ ਮੁੜ ਵਰਤਣ ਸੰਬੰਧੀ ਅਤੇ ਹੋਰ ਜ਼ਰੂਰੀ ਨਿਯਮ ਸਿਰਫ਼
ਸਖ਼ਤ ਹੀ ਨਾ ਹੋਣ ਇਸ ਲਈ ਲਾਪ੍ਰਵਾਹੀ ਕਰਨ ਵਾਲੇ ਅਧਿਕਾਰੀਆਂ 'ਤੇ ਵੀ ਸਖ਼ਤ ਕਾਰਵਾਈ
ਜ਼ਰੂਰੀ ਹੋਵੇ। ਪਾਣੀ ਬਿਨਾਂ ਪੰਜਾਬ ਰੇਗਿਸਤਾਨ ਬਣ ਗਿਆ ਤਾਂ ਆਉਣ ਵਾਲੀਆਂ ਪੀੜ੍ਹੀਆਂ
ਸਾਡੇ ਬਾਰੇ ਕੀ ਸੋਚਣਗੀਆਂ, ਇਹ ਸਾਨੂੰ ਜ਼ਰੂਰ ਸੋਚਣਾ ਚਾਹੀਦਾ ਹੈ।
ਜਿਥੇ
ਨਹਿਰੀ ਪਾਣੀ ਜ਼ਰੂਰਤ ਤੋਂ ਵਧ ਉਪਲਬੱਧ ਹੈ, ਉਥੇ ਮੁਫ਼ਤ ਬਿਜਲੀ ਬੰਦ ਕੀਤੀ ਜਾਵੇ ਅਤੇ
ਬਾਕੀ ਟਿਊਬਵੈੱਲਾਂ ਨੂੰ 24 ਘੰਟੇ ਬਿਜਲੀ ਸਪਲਾਈ ਦਿੱਤੀ ਜਾਣੀ ਚਾਹੀਦੀ ਹੈ। ਪਰ
ਉਨ੍ਹਾਂ 'ਤੇ ਆਟੋ ਸਟਾਰਟਰ ਲਾਉਣੇ ਸਖ਼ਤੀ ਨਾਲ ਬੰਦ ਕਰਵਾਏ ਜਾਣ।
ਸਭ ਤੋਂ ਜ਼ਰੂਰੀ ਹੈ ਕਿ ਕਿਸਾਨ ਦੀ ਜ਼ਮੀਨ ਦੇ ਹਿਸਾਬ ਨਾਲ ਇਮਦਾਦ ਉਨ੍ਹਾਂ ਦੇ ਖਾਤੇ
ਵਿਚ ਜਮ੍ਹਾਂ ਕੀਤੀ ਜਾਵੇ ਤੇ ਵਰਤੇ ਪਾਣੀ ਦੇ ਬਿਜਲੀ ਦੀ ਮੋਟਰ 'ਤੇ ਮੀਟਰ ਲਾ ਕੇ
ਯੂਨਿਟ ਦੇ ਹਿਸਾਬ ਬਿੱਲ ਲਿਆ ਜਾਵੇ, ਹਾਰਸ ਪਾਵਰ ਦੇ ਹਿਸਾਬ ਨਾਲ ਨਹੀਂ।
ਜੇਕਰ ਕੋਈ ਘੱਟ-ਬਿਜਲੀ ਬਾਲਦਾ ਹੈ ਤਾਂ ਉਸ ਦੇ ਇਮਦਾਦ ਵਜੋਂ ਦਿੱਤੇ ਪੈਸਿਆਂ ਵਿਚੋਂ
ਬਚਦੇ ਪੈਸੇ ਉਸ ਦੇ ਇਨਾਮ ਵਜੋਂ ਉਸ ਕੋਲ ਹੀ ਰਹਿਣ ਦਿੱਤੇ ਜਾਣ। ਪਿੰਡਾਂ ਵਿਚ
ਟੋਭਿਆਂ ਦੀ ਦੱਬੀ ਜ਼ਮੀਨ ਸਖ਼ਤੀ ਨਾਲ ਖਾਲੀ ਕਰਵਾ ਕੇ ਪੰਚਾਇਤੀ ਫੰਡ ਵਿਚੋਂ ਤਰਜੀਹੀ
ਅਧਾਰ 'ਤੇ ਨਵੀਂ ਤਕਨੀਕ ਨਾਲ ਟੋਭੇ ਉਸਾਰੇ ਜਾਣ ਅਤੇ ਇਹ ਪਾਣੀ ਪੰਪ ਲਾ ਕੇ ਨਹਿਰੀ
ਪਾਣੀ ਵਾਂਗ ਹੀ ਖੇਤਾਂ ਦੀ ਸਿੰਚਾਈ ਲਈ ਵਰਤਿਆ ਜਾਵੇ। ਸ਼ਹਿਰਾਂ, ਪਿੰਡਾਂ ਵਿਚ ਫਿਲਟਰ
ਕਰਕੇ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਨਹਿਰੀ ਪਾਣੀ ਹੀ ਵਰਤਿਆ ਜਾਵੇ।
ਜੰਗਬੰਦੀ ਬਾਰੇ ਚਰਚੇ
ਜ਼ਹਿਰ ਮੀਠਾ ਹੋ ਤੋ ਪੀਨੇ
ਮੇਂ ਮਜ਼ਾ ਆਤਾ ਹੈ, ਬਾਤ ਸਚ ਕਹੀਏ ਮਗਰ ਯੂੰ ਕਿ ਹਕੀਕਤ ਨ ਲਗੇ।
(ਫੁਜ਼ੈਲ ਜਾਫ਼ਰੀ)
ਜੰਗ ਬੰਦੀ ਬਾਰੇ ਇਕ
ਬੜਾ ਸਨਸਨੀਖੇਜ਼ ਚਰਚਾ ਹੋ ਰਿਹਾ ਹੈ। ਇਹ ਸਭ ਨੂੰ ਪਤਾ ਹੈ ਕਿ ਪਹਿਲਾਂ ਅਮਰੀਕਾ ਦੇ
ਉਪ-ਰਾਸ਼ਟਰਪਤੀ ਜੇ.ਡੀ. ਵੈਂਸ ਨੇ ਕਿਹਾ ਸੀ ਕਿ ਭਾਰਤ-ਪਾਕਿਸਤਾਨ ਦੀ ਲੜਾਈ ਵਿਚ ਸਾਡਾ
ਕੋਈ ਲੈਣਾ-ਦੇਣਾ ਨਹੀਂ। ਇਸ ਦਰਮਿਆਨ ਭਾਰਤ ਨੇ ਸਾਫ਼ ਕਰਕੇ ਇਕ ਨਵੀਂ ਲਾਈਨ ਖਿੱਚ
ਦਿੱਤੀ ਹੈ ਕਿ ਜੇ ਹੁਣ ਕੋਈ ਅੱਤਵਾਦੀ ਹਮਲਾ ਹੋਇਆ ਤਾਂ ਸੈਨਾ ਜਵਾਬ ਦੇਵੇਗੀ।
ਭਾਰਤ ਨੇ ਇਨ੍ਹਾਂ ਹਮਲਿਆਂ ਵਿਚ ਆਪਣੇ ਸੈਨਿਕਾਂ ਦੀ ਕੁਸ਼ਲਤਾ ਤੇ ਸਮਰੱਥਾ ਸਾਬਤ
ਕੀਤੀ ਹੈ। ਭਾਰਤ ਨੇ ਇਸ ਮੁਸ਼ਕਿਲ ਦੀ ਘੜੀ ਵਿਚ ਇਕੱਲੇ ਸਾਰਾ ਦਬਾਅ ਝੱਲ ਕੇ ਆਪਣੀ
ਮਜ਼ਬੂਤੀ ਵੀ ਦਿਖਾਈ ਹੈ। ਪਰ ਇਥੇ ਚਰਚਾ ਵਿਚ ਚੱਲ ਰਹੀ ਇਕ ਸਨਸਨੀਖੇਜ਼ ਕਹਾਣੀ ਦਾ
ਜ਼ਿਕਰ ਜ਼ਰੂਰੀ ਹੈ, ਜਿਸ ਦੀਆਂ ਕੜੀਆਂ ਇਸ ਤਰ੍ਹਾਂ ਹਨ ਕਿ ਭਾਰਤ ਨੇ 'ਕਿਰਾਨਾ
ਪਹਾੜੀਆਂ' ਦੇ ਇਲਾਕੇ ਵਿਚ ਸਥਿਤ ਪਾਕਿਸਤਾਨੀ ਵਾਯੂ ਸੈਨਾ ਦੇ ਅੱਡੇ 'ਤੇ ਇਕ ਸੁਰੰਗ
ਦੇ ਮੁਹਾਨੇ 'ਤੇ ਹਮਲਾ ਕੀਤਾ। ਉਹ ਸੁਰੰਗ ਪਾਕਿਸਤਾਨੀ ਪ੍ਰਮਾਣੂ ਬੰਬਾਂ ਦੀ ਸੰਭਾਲ
ਲਈ ਬਣਾਈ ਗਈ ਸੀ।
ਚਰਚਾ ਹੈ ਕਿ ਸੁਰੰਗ ਵਿਚ ਸੈਂਕੜੇ ਫੁੱਟ ਹੇਠਾਂ ਕੋਈ
ਬੰਬ ਫਟਿਆ, ਜਿਸ ਕਾਰਨ ਇਲਾਕੇ ਵਿਚ 4-0 ਪੱਧਰ ਦਾ ਭੁਚਾਲ ਨੋਟ ਕੀਤਾ ਗਿਆ। ਇਸ ਗੱਲ
ਨੂੰ ਬਲ ਇਸ ਗੱਲ ਨਾਲ ਮਿਲਿਆ ਕਿ ਪਾਕਿਸਤਾਨ ਦੇ 'ਮਰੀ' ਇਲਾਕੇ ਦੀ ਇਕ ਹਵਾਈ ਪੱਟੀ
ਤੇ ਮਿਸਰ ਦਾ ਇਕ ਫ਼ੌਜੀ ਜਹਾਜ ਜਿਸ ਦੀ ਉੜਾਨ ਨੰਬਰ ਈ.ਜੀ.ਵਾਈ. 1916
ਦੱਸੀ ਜਾਂਦੀ ਹੈ, ਉਤਰਿਆ।
ਚਰਚਾ ਹੈ ਕਿ ਇਹ ਜਹਾਜ਼ ਦਰਿਆ ਨੀਲ ਵਿਚ ਮਿਲਦੇ
ਇਕ ਰਸਾਇਣ, ਬੋਰੋਨ, ਨੂੰ ਲੈਕੇ ਆਇਆ ਸੀ। ਬੋਰੋਨ ਉਹ ਪਦਾਰਥ ਹੈ ਜੋ ਪ੍ਰਮਾਣੂ
ਵਿਕਿਰਣ ਸੋਕਣ ਲਈ ਵਰਤਿਆ ਜਾਂਦਾ ਹੈ। ਫਿਰ ਇਕ ਹੋਰ ਕੜੀ ਜੁੜੀ ਕਿ ਅਮਰੀਕਾ ਦਾ
ਯੂ.ਐਸ. ਬੀ. 350 ਜਹਾਜ਼, ਜੋ ਇਕ ਉਡਦੀ ਵਿਗਿਆਨ ਪ੍ਰਯੋਗਸ਼ਾਲਾ ਹੈ, ਕਿਰਾਨਾ
ਪਹਾੜੀਆਂ 'ਤੇ ਚੱਕਰ ਲਾ ਕੇ ਗਿਆ, ਜਿਸ ਨੇ ਜਾਂਚ ਕੀਤੀ ਕਿ ਇਲਾਕੇ ਵਿਚ ਕੋਈ
ਪ੍ਰਮਾਣੂ ਵਿਕਿਰਣ ਹੈ ਜਾਂ ਨਹੀਂ।
ਇਸ ਤੋਂ ਬਾਅਦ ਅਮਰੀਕਾ ਨੇ ਪ੍ਰਮਾਣੂ
ਲੜਾਈ ਰੋਕਣ ਲਈ ਭਾਰਤ ਤੇ ਪਾਕਿਸਤਾਨ ਦੋਵਾਂ ਨੂੰ ਜੰਗਬੰਦੀ ਲਈ ਪ੍ਰੇਰਤ ਕੀਤਾ,
ਜਦੋਂਕਿ ਭਾਰਤ ਇਹ ਕਹਿੰਦਾ ਹੈ ਕਿ ਦੋਵਾਂ ਦੇਸ਼ਾਂ ਦਰਮਿਆਨ ਜੰਗਬੰਦੀ 'ਆਪਸੀ ਸਮਝ'
ਨਾਲ ਹੋਈ ਹੈ।
ਉਂਜ ਸਾਨੂੰ ਨਹੀਂ ਪਤਾ ਇਨ੍ਹਾਂ ਚਰਚਿਆਂ ਵਿਚ ਕੋਈ ਸੱਚਾਈ
ਹੈ ਜਾਂ ਨਹੀਂ। ਪਰ ਅਮਰੀਕੀ ਰਾਸ਼ਟਰਪਤੀ ਦਾ ਬਿਆਨ ਇਸ ਵੱਲ ਕੁਝ ਇਸ਼ਾਰੇ ਜ਼ਰੂਰ ਕਰਦਾ
ਹੈ। ਪਰ ਭਾਰਤੀ ਅਧਿਕਾਰੀ ਅਮਰੀਕੀ ਰਾਸ਼ਟਰਪਤੀ ਦੇ ਦਾਅਵਿਆਂ ਨੂੰ ਰੱਦ ਕਰਦੇ ਹਨ, ਉਹ
ਕਹਿੰਦੇ ਹਨ ਕਿ ਫੈਸਲਾ ਪਾਕਿਸਤਾਨ ਤੇ ਭਾਰਤ ਨੇ ਆਪਸੀ ਗੱਲਬਾਤ ਵਿਚ ਕੀਤਾ ਹੈ। ਉਹ
ਕਹਿੰਦੇ ਹਨ ਕਿ ਕੋਈ ਪ੍ਰਮਾਣੂ ਲੜਾਈ ਦਾ ਖਤਰਾ ਨਹੀਂ ਸੀ ਤੇ ਨਾ ਹੀ ਵਪਾਰ ਬਾਰੇ ਕੋਈ
ਗੱਲ ਇਸ ਵਿਚ ਕੀਤੀ ਗਈ।
ਉਹ ਕਿਸੇ ਸਾਲਸੀ ਦੀ ਸੰਭਾਵਨਾ ਵੀ ਨਕਰਾਦੇ ਹਨ ਤੇ
ਕਿਸੇ ਸਾਂਝੇ ਥਾਂ ਪਾਕਿਸਤਾਨ ਨਾਲ ਗੱਲ ਕਰਨ ਤੋਂ ਵੀ ਇਨਕਾਰ ਕਰਦੇ ਹਨ। ਪਰ ਅਮਰੀਕੀ
ਰਾਸ਼ਟਰਪਤੀ ਵਾਰ-ਵਾਰ ਇਹ ਦਾਅਵਾ ਕਰ ਰਹੇ ਹਨ। ਇਸ ਲਈ ਜ਼ਰੂਰੀ ਹੈ ਕਿ ਭਾਰਤ ਦੇ
ਪ੍ਰਧਾਨ ਮੰਤਰੀ ਖ਼ੁਦ ਇਸ ਸਥਿਤੀ ਨੂੰ ਸਪੱਸ਼ਟ ਕਰਨ, ਕਿਉਂਕਿ ਅਮਰੀਕਾ ਵਰਗੇ ਦੇਸ਼ ਦੇ
ਰਾਸ਼ਟਰਪਤੀ ਦੇ ਦਾਅਵਿਆਂ ਦਾ ਪ੍ਰਭਾਵ ਅਧਿਕਾਰੀਆਂ ਦੇ ਬਿਆਨਾਂ ਨਾਲ ਨਹੀਂ ਘਟਾਇਆ ਜਾ
ਸਕਦਾ।
1044, ਗੁਰੂ ਨਾਨਕ ਸਟਰੀਟ,
ਸਮਰਾਲਾ ਰੋਡ, ਖੰਨਾ ਮੋਬਾਈਲ : 92168-60000 E. mail :
hslall@ymail.com
|