ਭਾਰਤ
ਵਸਦੇ ਪੰਜਾਬੀ ਸਿਆਸਤਦਾਨਾਂ ਲਈ ਸੋਚਣ ਵਾਲੀ ਗੱਲ ਹੈ ਕਿ ਜਦੋਂ ਪੰਜਾਬੀ ਪਰਵਾਸ ਵਿੱਚ
ਜਾ ਕੇ ਇਮਾਨਦਾਰ ਰਹਿ ਸਕਦੇ ਹਨ ਤਾਂ ਭਾਰਤੀ ਪੰਜਾਬ ਵਿੱਚ ਉਹ ਕਿਉਂ ਨਹੀਂ ਪਾਰਦਰਸ਼ਤਾ
ਨਾਲ ਕੰਮ ਕਰਦੇ? ਕੈਨੇਡਾ ਵਿੱਚ ਪ੍ਰੋਵਿੰਸ਼ੀਅਲ
ਮੰਤਰੀਆਂ ਨੂੰ ਕੋਈ ਕਾਰ, ਕੋਠੀ, ਸੁਰੱਖਿਆ ਕਰਮਚਾਰੀ ਵਰਗੀਆਂ ਸਹੂਲਤਾਂ ਨਹੀਂ
ਮਿਲਦੀਆਂ ਫਿਰ ਵੀ ਉਹ ਸਿਦਕ ਦਿਲੀ ਨਾਲ ਲੋਕ ਸੇਵਾ ਕਰਕੇ ਨਾਮਣਾ ਖੱਟਦੇ ਹਨ ਅਤੇ
ਮੰਤਰੀ ‘ਤੇ ਪ੍ਰੀਮੀਅਰ ਬਣਦੇ ਹਨ।
ਬ੍ਰਿ:ਕੋ: ਵਿੱਚ
ਜਿਹੜੇ ਹੁਣੇ ਮੰਤਰੀ ਬਣੇ ਹਨ, ਉਹ ਸਾਰੇ ਵੀ ਇਕ ਕਿਸਮ ਨਾਲ ਸਮਾਜ ਸੇਵਕ ਅਤੇ ਮਨੁੱਖੀ
ਹਿੱਤਾਂ ਦੇ ਰਖਵਾਲੇ ਦੋ ਤੌਰ ‘ਤੇ ਜਾਣੇ ਜਾਂਦੇ ਹਨ। ਇਸ ਕਰਕੇ ਹੀ ਉਨ੍ਹਾਂ ਦੀ ਕਦਰ
ਪਈ ਹੈ। ਇਸ ਲਈ ਪੰਜਾਬ ਵਿੱਚ ਸਿਆਸਤ ਕਰ ਰਹੇ ਪੰਜਾਬੀ ਸਿਆਸਤਦਾਨਾ ਨੂੰ ਉਨ੍ਹਾਂ ਤੋਂ
ਪ੍ਰੇਰਨਾ ਲੈਣੀ ਚਾਹੀਦੀ ਹੈ। ਜੇਕਰ ਉਨ੍ਹਾਂ ਵਿੱਚੋਂ ਡਾ.ਮਨਮੋਹਨ ਸਿੰਘ ਇਮਾਨਦਾਰ
ਰਹਿੰਦਿਆਂ ਭਾਰਤ ਦੇ ਪ੍ਰਧਾਨ ਮੰਤਰੀ ਬਣ ਸਕਦੇ ਹਨ ਤਾਂ ਹੋਰ ਪੰਜਾਬੀ ਸਿਆਸਤਦਾਨ
ਕਿਉਂ ਨਹੀਂ? ਇਸ ਲਈ ਪੰਜਾਬ ਦੇ ਸਿਆਸਤਦਾਨਾ ਨੂੰ ਆਪਣੇ ਅੰਦਰ ਝਾਤੀ ਮਾਰਕੇ ਸਿਆਸਤ
ਨੂੰ ਮਿਸ਼ਨ ਦੀ ਤਰ੍ਹਾਂ ਲੈਣਾ ਚਾਹੀਦਾ ਹੈ।
ਪੰਜਾਬੀ, ਸੰਸਾਰ ਵਿੱਚ ਆਪਣੀਆਂ
ਵਿਲੱਖਣਤਾਵਾਂ ਕਰਕੇ ਜਾਣੇ ਜਾਂਦੇ ਹਨ। ਪੰਜਾਬੀ ਉਦਮੀਆਂ ਨੇ ਤਾਂ ਪ੍ਰਵਾਸ ਵਿੱਚ ਜਾ
ਕੇ ਵੱਡੇ ਮਾਅਰਕੇ ਮਾਰੇ ਹਨ। ਸੰਸਾਰ ਦੇ ਲਗਪਗ ਹਰ ਦੇਸ਼ ਖਾਸ ਕਰਕੇ ਕੈਨੇਡਾ,
ਅਮਰੀਕਾ, ਆਸਟਰੇਲੀਆ, ਨਿਊਜੀਲੈਂਡ ਅਤੇ ਜਰਮਨੀ ਵਿੱਚ ਪੰਜਾਬੀਆਂ ਨੇ ਆਪਣੀ ਮਿਹਨਤ
ਨਾਲ ਵੱਖਰੀ ਪਛਾਣ ਬਣਾ ਲਈ ਹੈ। ਪ੍ਰਵਾਸ ਦੀ ਸਿਆਸਤ ਵਿੱਚ ਵੀ ਉਹ ਮਾਅਰਕੇ ਮਾਰ ਰਹੇ
ਹਨ। ਕੈਨੇਡਾ ਦੀ ਸੰਘੀ ਸਰਕਾਰ ਵਿੱਚ ਤਾਂ ਪਹਿਲਾਂ ਹੀ ਪੰਜਾਬੀ ਮੰਤਰੀ ਆਪਣੀ ਯੋਗਤਾ
ਦੇ ਸਿਰ ਤੇ ਧੁੰਮਾ ਪਾ ਰਹੇ ਹਨ।
ਕੈਨੇਡਾ ਦੇ ਲਗਪਗ ਹਰ ਪ੍ਰਾਂਤ ਵਿੱਚ
ਭਾਰਤੀ ਮੂਲ ਦੇ ਪੰਜਾਬੀ 'ਸੰਸਦ ਸਦੱਸ' (ਸਾਂਸਦ) ਅਤੇ ਵਿਧਾਨਕਾਰ ਤਾਂ ਹਨ ਹੀ
ਪ੍ਰੰਤੂ ਕੁਝ ਰਾਜਾਂ ਵਿੱਚ ਮੰਤਰੀ ਵੀ ਹਨ। ਕੈਨੇਡਾ ਦੇ ਜਿਹੜੇ ਪ੍ਰਾਤਾਂ ਵਿੱਚ
ਭਾਰਤੀ ਮੂਲ ਦੇ ਪੰਜਾਬੀਆਂ ਦੀ ਵਸੋਂ ਜ਼ਿਆਦਾ ਹੈ, ਉਨ੍ਹਾਂ ਪ੍ਰਾਂਤਾਂ ਵਿੱਚ ਪੰਜਾਬੀ
ਮੰਤਰੀਆਂ ਦੀ ਗਿਣਤੀ ਵੀ ਵਧੇਰੇ ਹੈ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ (ਬ੍ਰਿਕੋ)
ਪ੍ਰਾਂਤ ਵਿੱਚ ਭਾਰਤੀ ਮੂਲ ਦੇ ਪੰਜਾਬੀਆਂ ਦੀ ਬਹੁਤਾਤ ਹੈ। ਇਸ ਲਈ ਬ੍ਰਿਕੋ ਰਾਜ
ਵਿੱਚ ਉਜਲ ਦੋਸਾਂਝ ਨੇ 2000 ਵਿੱਚ ਪ੍ਰੀਮੀਅਰ ਬਣ ਕੇ ਪੰਜਾਬੀਆਂ
ਦਾ ਮਾਣ ਵਧਾਇਆ ਸੀ। ਇਸ ਵਾਰ ਕੈਨੇਡਾ ਦੇ ਬ੍ਰਿਕੋ ਰਾਜ ਦੇ ਪ੍ਰੀਮੀਅਰ
'ਡੇਵਿਡ ਇਬੀ' ਨੇ ਆਪਣੇ 27 ਮੈਂਬਰੀ ਮੰਤਰੀ ਮੰਡਲ ਵਿੱਚ ਭਾਰਤੀ ਮੂਲ ਦੇ ਪੰਜ
ਪੰਜਾਬੀ ਮੰਤਰੀ ਅਤੇ ਦੋ ਪਾਲੀਮੈਂਟਰੀ ਸਕੱਤਰ ਸ਼ਾਮਲ ਕੀਤੇ ਹਨ।
ਇਨ੍ਹਾਂ
ਤੋਂ ਇਲਾਵਾ ਰਾਜ ਵਿਧਾਨ ਸਭਾ ਦੇ ਸਭਾਪਤੀ 'ਰਾਜ ਚੌਹਾਨ' ਵੀ ਭਾਰਤੀ ਮੂਲ ਦੇ ਪੰਜਾਬੀ
ਹਨ। ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਰਾਜ ਦੇ 9 ਭਾਰਤੀ ਮੂਲ ਦੇ ਪੰਜਾਬੀ
ਵਿਧਾਨਕਾਰਾਂ ਜਿੱਤੇ ਹੋਣ ਤੇ ਉਨ੍ਹਾਂ ਵਿੱਚੋਂ 8 ਵਿਧਾਇਕਾਂ ਨੂੰ ਅਹੁਦੇਦਾਰੀਆਂ ਦੇ
ਦਿੱਤੀਆਂ ਹੋਣ। ਇਨ੍ਹਾਂ ਵਿੱਚੋਂ ਤਿੰਨ ਇਸਤਰੀਆਂ ਨੂੰ ਮਾਣ ਮਿਲਿਆ ਹੈ।
ਇਨ੍ਹਾਂ ਮੰਤਰੀਆਂ ਵਿੱਚ ਰਵਿੰਦਰ ਸਿੰਘ ਕਾਹਲੋਂ ਅਤੇ ਜਗਰੂਪ ਸਿੰਘ ਬਰਾੜ ਖਿਡਾਰੀ
ਹਨ। ਇਹ ਵੀ ਪਹਿਲੀ ਵਾਰ ਹੋਇਆ ਹੈ ਕਿ ਬ੍ਰਿਕੋ ਰਾਜ ਵਿੱਚ ਇਤਨੇ ਪੰਜਾਬੀ ਮੰਤਰੀ
ਹੋਣਗੇ। ਇਕ ਹੋਰ ਮਹੱਤਵਪੂਨ ਗੱਲ ਹੈ ਕਿ ਅਟਾਰਨੀ ਜਨਰਲ ਵਰਗਾ ਮਹੱਤਵਪੂਰਨ
ਅਹੁਦਾ ਵੀ ਪੰਜਾਬੀ ਮੂਲ ਦੀ ਵਿਧਾਨਕਾਰ 'ਨਿੱਕੀ ਸ਼ਰਮਾ' ਨੂੰ ਦਿੱਤਾ ਗਿਆ ਹੈ।
ਨਿੱਕੀ ਸ਼ਰਮਾ ਪਹਿਲੀ ਪੰਜਾਬਣ ਅਟਾਰਨੀ ਜਨਰਲ ਬਣੀ ਹੈ। ਇਨ੍ਹਾਂ ਮੰਤਰੀਆਂ ਵਿੱਚ
ਨਿੱਕੀ ਸ਼ਰਮਾ ਅਟਾਰਨੀ ਜਨਰਲ, ਰਵਿੰਦਰ ਸਿੰਘ ਕਾਹਲੋਂ ਹਾਊਸਿੰਗ ਮੰਤਰੀ ਤੇ
ਗੌਰਮਿੰਟ ਹਾਊਸ ਲੀਡਰ, ਰਚਨਾ ਸਿੰਘ ਸਿਖਿਆ ਮੰਤਰੀ, ਹਰਕੰਵਲ ਸਿੰਘ (ਹੈਰੀ
ਬੈਂਸ) ਕਿਰਤ ਮੰਤਰੀ, ਜਗਰੂਪ ਸਿੰਘ ਬਰਾੜ ਵਿਓਪਾਰ ਰਾਜ ਮੰਤਰੀ, ਸੰਸਦੀ ਸਕੱਤਰ
ਅਮਨਦੀਪ ਸਿੰਘ ਅਤੇ ਹਰਵਿੰਦਰ ਸੰਧੂ ਸ਼ਾਮਲ ਹਨ।
ਰਾਜ ਚੌਹਾਨ ਵਿਧਾਨ ਸਭਾ ਦੇ
ਸਭਾਪਤੀ ਹਨ। ਨਿੱਕੀ ਸ਼ਰਮਾ ਨਿਊ ਡੈਮੋਕਰੈਟਿਕ ਪਾਰਟੀ ਦੀ 2020 ਵਿੱਚ
'ਵੈਨਕੂਵਰ ਹੇਸਟਿੰਗਜ਼' ਤੋਂ ਵਿਧਾਇਕ ਚੁਣੀ ਗਈ ਸੀ। ਪਹਿਲਾਂ ਉਨ੍ਹਾਂ ਨੂੰ 2020
ਵਿੱਚ ਹੀ ਪ੍ਰੀਮੀਅਰ 'ਜੌਹਨ ਹੌਰਗਨ' ਨੇ ਭਾਈਚਾਰਕ ਵਿਕਾਸ ਅਤੇ
ਗ਼ੈਰ ਲਾਭਕਾਰੀ ਲਈ ਸੰਸਦੀ ਸਕੱਤਰ ਨਿਯੁਕਤ ਕੀਤਾ ਸੀ। ਪਹਿਲੀ ਵਾਰ ਹੀ ਵਿਧਾਇਕ ਬਣੇ
ਅਤੇ ਪਹਿਲੀ ਵਾਰ ਹੀ ਬ੍ਰਿਕੋ ਸਰਕਾਰ ਵਿੱਚ ਅਟਾਰਨੀ ਜਨਰਲ ਵਰਗੇ
ਮਹੱਤਵਪੂਰਨ ਅਹੁਦੇ ਤੇ ਪ੍ਰੀਮੀਅਰ ਡੇਵਿਡ ਇਬੀ ਨੇ ਨਿਯੁਕਤ ਕੀਤੇ ਹਨ।
ਨਿੱਕੀ ਸ਼ਰਮਾ ਲੁਧਿਆਣਾ ਨਾਲ ਸੰਬੰਧਤ ਹਨ। ਰਵਿੰਦਰ ਸਿੰਘ ਕਾਹਲੋਂ (ਰਵੀ ਕਾਹਲੋਂ)
ਹਾਊਸਿੰਗ ਮੰਤਰੀ ਅਤੇ ਗੌਰਮਿੰਟ ਹਾਊਸ ਲੀਡਰ ਹਨ। ਇਸ ਤੋਂ
ਪਹਿਲਾਂ ਨਵੰਬਰ 2020 ਵਿੱਚ ਨੌਕਰੀਆਂ, ਆਰਥਿਕ ਰਿਕਵਰੀ ਅਤੇ ਇਨੋਵੇਸ਼
ਬਾਰੇ ਮੰਤਰੀ ਸਨ। 2017 ਵਿੱਚ ਉਹ ਡੈਲਟਾ ਉਤਰੀ ਤੋਂ ਵਿਧਾਨਕਾਰ ਚੁਣੇ ਗਏ ਸਨ। ਉਦੋਂ
ਪਹਿਲਾਂ ਉਨ੍ਹਾਂ ਨੂੰ ਜੰਗਲਾਤ, ਜ਼ਮੀਨਾ, ਕੁਦਰਤੀ ਸਰੋਤ ਸੰਚਾਲਨ ਅਤੇ ਪੇਂਡੂ ਵਿਕਾਸ
ਲਈ ਸੰਸਦੀ ਸਕੱਤਰ ਬਣਾਇਆ ਗਿਆ। ਜਿੱਥੇ ਉਨ੍ਹਾਂ ਨੇ ਜੰਗਲਾਤ ਖੇਤਰ ਵਿੱਚ ਵੱਡੇ ਪੱਧਰ
‘ਤੇ ਲੱਕੜ ਦੀ ਵਰਤੋਂ ਅਤੇ ਨਵੀਨਤਾ ਦੀ ਅਗਵਾਈ ਕੀਤੀ। ਉਹ ਸੰਸਦੀ ਸਕੱਤਰ ਖੇਡ ਅਤੇ
ਬਹੁ ਸਭਿਆਚਾਰ ਬਣਾਏ ਗਏ। ਬਚਪਨ ਵਿੱਚ ਹੀ ਰਵਿੰਦਰ ਸਿੰਘ ਕਾਹਲੋਂ ਦੇ ਪਿਤਾ ਨੇ ਫੀਲਡ
ਹਾਕੀ ਖੇਡਣ ਲਈ ਪ੍ਰੇਰਿਤ ਕੀਤਾ। ਉਹ 2000 ਅਤੇ 2008 ਦੀਆਂ ਓਲੰਪਿਕ ਖੇਡਾਂ ਵਿੱਚ
ਫੀਲਡ ਹਾਕੀ ਦੀ ਟੀਮ ਕੈਨੇਡਾ ਲਈ ਖੇਡਦੇ ਰਹੇ ਹਨ।
ਹੈਰੀ ਬੈਂਸ ਕਿਰਤ
ਮੰਤਰੀ ਪਹਿਲੀ ਵਾਰੀ 2005 ਵਿੱਚ ਵਿਧਾਇਕ ਚੁਣੇ ਗਏ ਸਨ। ਉਸ ਤੋਂ ਬਾਅਦ
2009, 2013, 2017 ਅਤੇ 2020 ਤੱਕ ਲਗਾਤਾਰ ਵਿਧਾਇਕ ਬਣਦੇ ਰਹੇ ਹਨ। ਉਹ 'ਸਰੀ
ਕਮਿਊਨਿਟੀ' ਵਿੱਚ ਸਰਗਰਮ ਰਹੇ ਹਨ। ਉਨ੍ਹਾਂ ਦਾ ਕਮਿਊਨਿਟੀ ਸੇਵਾ ਦਾ ਵਿਆਪਕ
ਪਿਛੋਕੜ, ਮਨੁੱਖੀ ਅਧਿਕਾਰਾਂ ਤੇ ਮਜ਼ਦੂਰਾਂ ਲਈ ਜੀਵਨ ਭਰ ਵਕੀਲ ਰਹੇ ਹਨ। ਉਹ ਆਪਣੀ
ਪਤਨੀ ਰਾਜਵਿੰਦਰ ਨਾਲ 'ਸਰੀ' ਰਹਿੰਦੇ ਹਨ। ਉਨ੍ਹਾਂ ਦੇ ਦੋ ਬੱਚੇ ਕੁੱਲਪ੍ਰੀਤ ਅਤੇ
ਜੈਸਮੀਨ ਹਨ।
ਰਚਨਾ ਸਿੰਘ ਸਿਖਿਆ ਮੰਤਰੀ ਪੰਜਾਬ ਵਿੱਚ ਜਗਰਾਉਂ ਨੇੜੇ ਪਿੰਡ
ਭੰਮੀਪੁਰਾ ਨਾਲ ਸੰਬੰਧ ਰਖਦੇ ਹਨ। ਉਹ ਪੰਜਾਬੀ ਦੇ ਵਿਦਵਾਨ ਪ੍ਰੋ. ਰਘਬੀਰ ਸਿੰਘ
ਸਿਰਜਣਾ ਰਸਾਲੇ ਦੇ ਸੰਪਾਦਕ ਦੀ ਧੀ ਹਨ। ਰਚਨਾ ਸਿੰਘ 2001 ਵਿੱਚ ਕੈਨੇਡਾ ਆਏ
ਸਨ। 2017 ਵਿੱਚ ਪਹਿਲੀ ਵਾਰ ਰਚਨਾ ਸਿੰਘ ਸਰੀ ਗਰੀਨ ਟਿੰਬ੍ਰਜ਼ ਲਈ
ਬੀ.ਸੀ.ਨਿਊ ਡੈਮੋਕਰੈਟਿਕ ਪਾਰਟੀ ਦੇ ਵਿਧਾਇਕ ਬਣੇ ਸਨ। ਅਕਤੂਬਰ 2020 ਵਿੱਚ
ਦੁਬਾਰਾ ਚੁਣੀ ਗਈ ਸੀ। ਨਸਲਵਾਦ ਵਿਰੋਧੀ ਪਹਿਲਕਦਮੀਆਂ ਦੇ ਸੰਸਦੀ ਸਕੱਤਰ ਵਜੋਂ ਸੇਵਾ
ਕੀਤੀ ਹੈ। ਉਨ੍ਹਾਂ ਨੇ ਨਸ਼ਾ ਅਤੇ ਅਲਕੋਹਲ ਤੋਂ ਪ੍ਰਭਾਵਤ ਘਰੇਲੂ ਹਿੰਸਾ ਦਾ ਸਾਹਮਣਾ
ਕਰ ਰਹੀਆਂ ਔਰਤਾਂ ਲਈ ਇਕ ਸਹਾਇਕ ਵਰਕਰ ਅਤੇ ਇੱਕ ਕਮਿਊਨਿਟੀ ਕਾਰਕੁਨ ਵਜੋਂ ਕੰਮ
ਕੀਤਾ। ਉਨ੍ਹਾਂ ਦੇ ਦੋ ਬੱਚੇ ਹਨ। ਉਨ੍ਹਾਂ ਦਾ ਪਤੀ ਗੁਰਪ੍ਰੀਤ ਸਿੰਘ ਨਾਮਵਰ
ਪੱਤਰਕਾਰ ਹਨ।
ਜਗਰੂਪ ਸਿੰਘ ਬਰਾੜ ਵਿਓਪਾਰ ਰਾਜ ਮੰਤਰੀ ਬਠਿੰਡਾ ਜਿਲ੍ਹੇ
ਦੇ ਦਿਓਣ ਪਿੰਡ ਨਾਲ ਸੰਬੰਧਤ ਹਨ। ਉਹ ਪਹਿਲੀ ਵਾਰ 2004 ਵਿੱਚ 'ਸਰੀ' ਵਿੱਚ
ਵਿਧਾਇਕ ਬਣੇ ਅਤੇ 2013 ਤੱਕ ਸੇਵਾ ਕਰਦੇ ਰਹੇ। 2017 ਅਤੇ 2020 ਵਿੱਚ
'ਸਰੀ-ਫਲੀਟਵੁੱਡ' ਹਲਕੇ ਦੇ ਵਿਧਾਇਕ ਦੁਬਾਰਾ ਚੁਣੇ ਗਏ। ਉਹ ਭਾਰਤੀ ਰਾਸ਼ਟਰੀ
ਬਾਸਕਟਬਾਲ ਟੀਮ ਦਾ ਖਿਡਾਰੀ ਰਿਹਾ ਹੈ, ਉਹ ਐਮ.ਏ. ਫਿਲਾਸਫੀ ਹਨ। ਫਿਰ ਉਹ
ਐਮ.ਏ ਪਬਲਿਕ ਐਡਮਨਿਸਟਰੇਸ਼ਨ ਦੀ ਪੜ੍ਹਾਈ ਕਰਨ ਲਈ ਕੈਨੇਡਾ ਆ ਗਿਆ ਅਤੇ ਮੈਨੀਟੋਬਾ
ਯੂਨੀਵਰਸਿਟੀ ਤੋਂ ਡਿਗਰੀ ਪਾਸ ਕੀਤੀ ਹੈ। ਉਨ੍ਹਾਂ ਜਨਤਕ ਅਤੇ ਗ਼ੈਰ ਲਾਭਕਾਰੀ ਖੇਤਰਾਂ
ਵਿੱਚ ਇੱਕ ਦਹਾਕਾ ਤੋਂ ਵੱਧ ਸਮਾਂ ਕੰਮ ਕੀਤਾ। ਉਹ ਸਰੀ ਵਿੱਚ ਕਈ ਸਾਲਾਂ ਤੋਂ ਸਰਗਰਮ
ਹੈ। ਉਹ ਇੱਕ ਸਮਰਪਿਤ ਸਥਾਨਿਕ ਵਾਲੰਟੀਅਰ ਹੈ ਜੋ ਨੌਜਵਾਨਾਂ, ਬਜ਼ੁਰਗਾਂ, ਬੇਘਰਿਆਂ
ਅਤੇ ਨਵੇਂ ਕੈਨੇਡੀਅਨ ਨੂੰ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਸੰਸਥਾਵਾਂ ਨਾਲ ਕੰਮ
ਕਰਦੇ ਰਹੇ ਹਨ।
ਜਗਰੂਪ ਸਿੰਘ ਬਰਾੜ ਨਿਮਨ ਵਰਗ ਦੇ ਲੋਕਾਂ ਦੇ ਵਕੀਲ, ਗ਼ਰੀਬੀ
ਹੰਢਾਅ ਰਹੇ ਲੋਕਾਂ ਦੀ ਭਲਾਈ ਹਿਤ ਕਾਰਜ਼ਸ਼ੀਲ ਹਨ। ਜਗਰੂਪ ਬਰਾੜ ਆਪਣੀ ਪਤਨੀ ਰਾਜਵੰਤ
ਬਰਾੜ ਅਤੇ ਦੋ ਬੱਚਿਆਂ ਨੂਰ ਅਤੇ ਫਤਿਹ ਨਾਲ ਸਰੀ ਵਿੱਚ ਰਹਿੰਦਾ ਹੈ।
ਅਮਨਦੀਪ ਸਿੰਘ 2020 ਵਿੱਚ ਰਿਚਮੰਡ-ਕਵੀਨਜ਼ਬਰੋ ਤੋਂ ਵਿਧਾਇਕ ਚੁਣੇ ਗਏ। ਉਹ ਇੱਕ ਉਘੇ
ਸਿਵਲ ਅਤੇ ਮਨੁੱਖੀ ਅਧਿਕਾਰਾਂ ਦੇ ਵਕੀਲ ਹਨ। ਬੀ.ਸੀ.ਪ੍ਰੋਵਿੰਸ਼ੀਅਲ ਅਤੇ
ਸੁਪਰੀਮ ਕੋਰਟਾਂ ਅਤੇ ਬੀ.ਸੀ ਕੋਰਟ ਆਫ ਅਪੀਲ ਵਿੱਚ ਕਾਰਜ਼ਸ਼ੀਲ
ਹਨ। ਉਹ ਇੱਕ ਸਮਾਜਿਕ ਤੌਰ ‘ਤੇ ਚੇਤੰਨ ਸਮਾਲ ਬਿਜਨੈਸਮੈਨ ਹਨ ਅਤੇ
ਪ੍ਰੋ.ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ, ਐਸੋਸੀਏਸ਼ਨ ਆਫ ਲੀਗਲ ਏਡ ਲਾਇਰਜ਼, ਸਿੱਖ
ਕੈਡੇਟਸ ਸੋਸਾਇਟੀ ਫਰੈਂਡਜ਼, ਪੀਪਲਜ਼ ਲੀਗਲ ਐਜੂਕੇਸ਼ਨ ਸੋਸਾਇਟੀ ਦੇ ਸਰਗਰਮ ਵਰਕਰ ਹਨ
ਅਤੇ ਕਵਾਂਟਲੇਨ ਪੌਲੀਟੈਕਨਿਕ ਯੂਨੀਵਰਸਿਟੀ ਦੇ ਗਵਰਨਰ ਵਜੋਂ ਸੇਵਾ ਨਿਭਾ ਚੁੱਕੇ ਹਨ।
ਉਨ੍ਹਾਂ ਨੂੰ ਨਸ਼ਿਆਂ ਅਤੇ ਮਾਨਸਿਕ ਬੀਮਾਰੀਆਂ ਨਾਲ ਜੂਝ ਰਹੇ ਲੋਕਾਂ ਅਤੇ ਪਰਿਵਾਰਾਂ
ਨੂੰ ਦਰਪੇਸ਼ ਚੁਣੌਤੀਆਂ ਦੀ ਡੂੰਘੀ ਸਮਝ ਹੈ।
ਅਮਨਦੀਪ ਸਿੰਘ ਦਾ ਜਨਮ ਭਾਰਤ
ਵਿੱਚ ਅਤੇ ਪਾਲਣ ਪੋਸ਼ਣ ਹਾਂਗਕਾਂਗ ਵਿੱਚ ਹੋਇਆ ਸੀ ਅਤੇ ਉਹ ਆਪਣੇ ਪਰਿਵਾਰ ਨਾਲ
ਰਿਚਮੰਡ ਵਿਖੇ ਰਹਿ ਰਹੇ ਹਨ। ਅਮਨਦੀਪ ਸਿੰਘ ਦੀ ਪਤਨੀ ਕੈਟਰੀਨਾ ਅਤੇ ਇਕ ਬੇਟੀ ਲੇਨੀ
ਹੈ।
ਹਰਵਿੰਦਰ ਸੰਧੂ ਪਾਲਮੈਂਟਰੀ ਸਕੱਤਰ 2020 ਵਿੱਚ ਵਰਨਨ-ਮੋਨਾਸ਼ੀ
ਲਈ ਵਿਧਾਇਕ ਚੁਣੇ ਗਏ ਸਨ। ਉਨ੍ਹਾਂ ਕੋਵਿਡ ਤੇ ਕੈਬਨਿਟ ਵਰਕਿੰਗ ਗਰੁਪ, ਪੁਲਿਸ ਐਕਟ
ਵਿੱਚ ਸੁਧਾਰ ਕਰਨ ਲਈ ਵਿਸ਼ੇਸ਼ ਕਮੇਟੀ ਵਿਤ ਅਤੇ ਸਰਕਾਰੀ ਸੇਵਾਵਾਂ ਤ ਚੁਣੀ ਗਈ
ਸਥਾਈ ਕਮੇਟੀ ਦੇ ਮੈਂਬਰ ਵਜੋਂ ਕੰਮ ਕੀਤਾ। ਵਿਧਾਇਕ ਚੁਣੇ ਜਾਣ ਤੋਂ ਪਹਿਲਾਂ
ਉਹ ਵਰਨਨ ਜੁਬਲੀ ਹਸਪਤਾਲ ਵਿੱਚ ਇੱਕ ਰਜਿਸਟਰਡ ਨਰਸ ਸਨ ਅਤੇ ਮਰੀਜ਼ਾਂ ਦੀ ਵੇਖ ਭਾਲ
ਕੋਆਰਡੀਨੇਟਰ ਵਜੋਂ ਕੰਮ ਕਰਦੇ ਸਨ। ਬੀ.ਸੀ.ਨਰਸਜ਼ ਯੂਨੀਅਨ ਦੀ ਸਰਗਰਮ
ਮੈਂਬਰ ਸਨ। ਬੀ.ਸੀ.ਨਰਸਜ਼ ਯੂਨੀਅਨ ਵਿੱਚ ਉਹ ਲੰਬਾ ਸਮਾਂ ਹੈਲਥ
ਐਡਵੋਕੇਟ ਰਹੇ।
ਆਪਣੇ ਪਹਿਲੇ ਪਤੀ ਸੈਮੀ ਦੀ ਕੈਂਸਰ ਨਾਲ ਮੌਤ ਹੋਣ
ਤੋਂ ਬਾਅਦ ਆਪਣੀਆਂ ਛੋਟੀਆਂ ਬੇਟੀਆਂ ਨਾਲ ਵਰਨਨ ਜਾਣ ਤੋਂ ਪਹਿਲਾਂ 7 ਸਾਲਾਂ ਤੋਂ
ਵੱਧ ਸਮੇਂ ਲਈ ਉਨ੍ਹਾਂ ਮਿੱਲਜ਼ ਮੈਮੋਰੀਅਲ ਹਸਪਤਾਲ ਟੇਰੇਸ ਵਿੱਚ ਕੰਮ ਕੀਤਾ। ਆਪਣੇ
ਸਾਥੀ ਹੈਲਥਕੇਅਰ ਵਰਕਰ ਬਲਜੀਤ ਨਾਲ ਵਿਆਹ ਤੋਂ ਬਾਅਦ ਹਰਵਿੰਦਰ ਸੰਧੂ ਵਰਨਨ
ਦੇ ਸੁੰਦਰ ਕਸਬੇ ਵਿੱਚ ਰਹਿ ਰਹੇ ਹਨ ਅਤੇ ਯੂਨੀਵਰਸਿਟੀ ਤੋਂ ਐਲੀਮੈਂਟਰੀ ਸਕੂਲ ਤੱਕ
ਦੀ ਉਮਰ ਦੇ ਤਿੰਨ ਬੱਚਿਆਂ ਦਾ ਪਾਲਣ ਕਰ ਰਹੇ ਹਨ। ਇਹ ਸਾਰੇ ਸਿਆਸਤਦਾਨ ਆਪਣੀ
ਬਿਹਤਰੀਨ ਕਾਰਗੁਜ਼ਾਰੀ ਕਰਕੇ ਜਾਣੇ ਜਾਂਦੇ ਹਨ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
|