‘‘ਮੈਂ ਆਪਣੀ ਜਾਣ-ਪਛਾਣ ਕਰਵਾ ਦਿਆਂ। ਮੈਂ ਗੁਰੂਆਂ, ਪੀਰਾਂ, ਫ਼ਕੀਰਾਂ ਦੀ
ਧਰਤੀ ਹਾਂ, ਜਿਸ ਦੀ ਹਵਾ ਵਿਚ ਕੀਰਤਨ, ਆਰਤੀ ਤੇ ਅਯਾਨ ਦੀਆਂ ਆਵਾਜ਼ਾਂ ਦੀਆਂ
ਧੁਨਾਂ ਰੁਮਕਦੀਆਂ ਨੇ। ਭਵਖੰਡਨਾ ਦੀ ਆਰਤੀ ਵਿਚ ਸੂਰਜ ਤੇ ਚੰਨ ਦੀਵੇ ਵਾਂਗ
ਲਿਸ਼ਕਦੇ ਨੇ, ਕਿਸਾਨਾਂ ਦੀਆਂ ਫਸਲਾਂ ਪੱਕਣ ਤੇ ਭੰਗੜੇ ਪੈਂਦੇ ਨੇ, ਲੋਕ ਗੀਤਾਂ ਨੇ
ਪੌਣਾਂ ਵਿਚ ਰੰਗ ਭਰੇ ਨੇ। ਮੈਂ ਨਿਰਾ ਪੁਰਾ ਗੀਤ ਸੰਗੀਤ ਹੀ ਨਹੀਂ, ਬਹਾਦਰੀ ਦੀ
ਮਿਸਾਲ ਵੀ ਹਾਂ ਤੇ ਹਮਲਾਵਰਾਂ ਦੇ ਦੰਦ ਖੱਟੇ ਕਰਨ ਵਾਲੇ ਜੋਧਿਆਂ ਦੀ ਲਲਕਾਰ ਵੀ
ਹਾਂ।
‘‘ਅਜ ਸਮੇਂ ਦੀ ਵਿਡੰਬਨਾ ਵੇਖੋ! ਮੈਨੂੰ ਹੀ ਫ਼ਨਾਹ ਕਰ ਕੇ, ਸੀਨਾ ਪਾੜ ਕੇ,
ਸਾੜ ਕੇ, ਸੁਆਹ ਕਰ ਕੇ, ਮੇਰੇ ਉੱਤੇ ਹੀ ਰਾਜ ਕਰਨ ਲਈ ਮੇਰੇ ਪੁੱਤਰ ਆਪੋ ਵਿਚ
ਕਤਲੋ-ਗਾਰਤ ਕਰਦੇ ਪਏ ਨੇ।
‘‘ਮੇਰੀਓ ਧੀਓ ਤੇ ਮੇਰੇ ਪੁੱਤਰੋ, ਰਤਾ ਆਪਣੇ ਰੁਝੇਵਿਆਂ ਵਿੱਚੋਂ ਕੁੱਝ ਵਕਤ
ਕੱਢੋ ਤੇ ਮੇਰੇ ਬਾਰੇ ਵੀ ਸੋਚੋ। ਕੀ ਕਿਸੇ ਨੇ ਮੇਰੀ ਵੀ ਸਾਰ ਲਈ ਹੈ ਕਿ ਮੈਨੂੰ
ਕੀ ਚਾਹੀਦੈ? ਸਿਰਫ਼ ਮੇਰੇ ਉੱਤੇ ਰਾਜ ਕਰਨ ਲਈ ਲੱਗੀ ਦੌੜ ਵਿਚ ਮੇਰੀ ਹੋਂਦ ਖ਼ਤਰੇ
ਵਿਚ ਪਹੁੰਚ ਗਈ ਹੈ। ਮੇਰੇ ਬਥੇਰੇ ਪੁੱਤਰ ਧੀਆਂ ਤਿਲ-ਤਿਲ ਮਰਨ ਉੱਤੇ ਮਜਬੂਰ ਹੋ
ਚੁੱਕੇ ਹਨ। ਮੇਰਾ ਇੰਚ-ਇੰਚ ਕਰਜ਼ਈ ਹੋ ਚੁੱਕਿਐ।
‘‘ਇਕ ਲੱਖ ਪੈਂਹਠ ਹਜ਼ਾਰ ਕਰੋੜ (1,25000 ਕਰੋੜ ਸਿੱਧਾ ਤੇ ਕਾਰਪੋਰੇਸ਼ਨਾ
ਰਾਹੀਂ 40 ਤੋਂ 45 ਹਜ਼ਾਰ ਕਰੋੜ) ਦਾ ਕਰਜ਼ਾ ਮੇਰੇ ਸਿਰ ਚੜਿਆ ਪਿਐ। ਇਸ ਦਾ ਮਤਲਬ
ਹੈ, ਅਜ ਦੇ ਦਿਨ ਦਾ ਜੰਮਿਆ ਹਰ ਬੱਚਾ ਵੀ ਜੰਮਦੇ ਸਾਰ ਢਾਈ ਲੱਖ ਰੁਪੈ ਦੇ ਕਰਜ਼ੇ
ਹੇਠ ਹੀ ਪਹਿਲਾ ਸਾਹ ਲੈਂਦਾ ਹੈ।
‘‘ਮੇਰੀਆਂ ਤੇ ਹੱਦਾਂ ਹੀ ਬੋਲੀ ਦੇ ਆਧਾਰ ਉੱਤੇ ਬੰਨੀਆਂ ਗਈਆਂ ਸਨ। ਪਰ, ਅੱਜ
ਦੇ ਦਿਨ ਬਹੁਗਿਣਤੀ ਸਕੂਲ ਪੰਜਾਬੀ ਜ਼ਬਾਨ ਨੂੰ ਪ੍ਰਫੁੱਲਿਤ ਕਰਨ ਤੋਂ ਇਨਕਾਰੀ ਹੋਏ
ਪਏ ਹਨ। ਦਫ਼ਤਰਾਂ ਵਿਚ ਪੰਜਾਬੀ ਬੋਲੀ ਨੂੰ ਤਿਲਾਂਜਲੀ ਦਿੱਤੀ ਜਾ ਚੁੱਕੀ ਹੈ। ਮੇਰੇ
ਪੋਤਰੇ ਦੋਹਤਰੇ ਅੰਗਰੇਜ਼ੀ ਤੇ ਹਿੰਦੀ ਜ਼ਬਾਨ ਨੂੰ ਜੱਫੀ ਪਾ ਕੇ ਬੈਠੇ ਹਨ ਜਿਸ ਦਾ
ਮਤਲਬ ਹੈ ਕਿ ਅਗਲੀ ਵਾਰ ਬੋਲੀ ਜਾ ਰਹੀ ਜ਼ਬਾਨ ਦੇ ਆਧਾਰ ਉੱਤੇ ਜੇ ਹੱਦਾਂ ਬੰਨੀਆਂ
ਗਈਆਂ ਤਾਂ ਮੇਰਾ ਆਕਾਰ ਇਕ ਚੌਥਾਈ ਹੀ ਰਹਿ ਜਾਣ ਵਾਲਾ ਹੈ। ਮੈਨੂੰ ਆਪਣਾ ਇਹ ਅੰਤ
ਦਿਸ ਰਿਹਾ ਹੈ ਪਰ ਮੇਰੇ ਪੁੱਤਰ-ਧੀ ਅਵੇਸਲੇ ਹੋ ਗਏ ਹਨ। ਅਫ਼ਸੋਸ ਤਾਂ ਇਹ ਹੈ ਕਿ
ਮੇਰੇ ਉੱਤੇ ਰਾਜ ਕਰਨ ਵਾਲਿਆਂ ਦੀ ਲੱਗੀ ਹੋੜ ਵਿੱਚੋਂ ਵੀ ਕਿਸੇ ਦਾ ਏਜੰਡਾ
ਮੇਰੀਆਂ ਹੱਦਾਂ ਸੁਰੱਖਿਅਤ ਕਰਨ ਦਾ ਨਹੀਂ ਹੈ।
‘‘ਜੀਊਣ ਜੋਗਿਓ, ਧਿਆਨ ਕਰੋ, ਮੇਰੇ ਲੇਖਕ ਪੁੱਤਰ ਧੀਆਂ ਨੂੰ ਦਰਕਿਨਾਰ ਕਰ ਕੇ
ਪੈਸੇ-ਪੈਸੇ ਦਾ ਮੁਥਾਜ ਕਰ ਦਿੱਤਾ ਗਿਆ ਹੈ। ਜਿਨਾਂ ਨੇ ਮੇਰਾ ਪਿਛੋਕੜ, ਮੇਰਾ
ਇਤਿਹਾਸ, ਮੇਰਾ ਸੱਭਿਆਚਾਰ ਜੀਉਂਦਾ ਰੱਖਣਾ ਹੈ, ਉਨਾਂ ਸਾਰਿਆਂ ਨੂੰ ਖੁੱਡੇ ਲਾਈਨ
ਲਾ ਕੇ ਬੀਮਾਰੀ ਦਾ ਖ਼ਰਚਾ ਝੱਲਣ ਤੇ ਢਿੱਡ ਭਰਨ ਲਈ ਅੱਡੀਆਂ ਰਗੜਨ ਉੱਤੇ ਮਜਬੂਰ ਕਰ
ਦਿੱਤਾ ਹੈ। ਕਲਾ ਤੇ ਕਲਾਕਾਰਾਂ ਨੂੰ ਦਰਕਿਨਾਰ ਕਰਨ ਦਾ ਮਤਲਬ ਹੁੰਦਾ ਹੈ
ਸੱਭਿਆਚਾਰ ਦਾ ਖ਼ਾਤਮਾ। ਮੇਰਾ ਮਾਤਮੱਤਾ ਪਿਛੋਕੜ ਜੇ ਅਗਾਂਹ ਨਾ ਤੁਰਿਆ ਤਾਂ ਮੇਰੇ
ਪੋਤਰੇ ਦੋਹਤਰੇ ਮੇਰੇ ਨਾਲ ਕੀ ਮੋਹ ਰੱਖ ਸਕਣਗੇ? ਉਹ ਤਾਂ ਝੱਟਪਟ ਰੋਜ਼ੀ ਰੋਟੀ ਲਈ
ਉਡਾਰੀ ਮਾਰ ਜਾਣਗੇ ਤੇ ਮੈਂ ਤਾਂ ਸਿਰਫ਼ ਰਤ ਭਿੱਜੀਆਂ ਯਾਦਾਂ ਨੂੰ ਆਪਣੇ ਅੰਦਰ ਸਮੋ
ਕੇ ਹੌਲੀ-ਹੌਲੀ ਅਣਆਈ ਮੌਤ ਮਰ ਜਾਵਾਂਗਾ।
‘‘ਮੇਰੇ ਉੱਤੇ ਧਰਮ ਦੀ ਰਾਖੀ ਲਈ ਬੇਅੰਤ ਲਾਸਾਨੀ ਕੁਰਬਾਨੀਆਂ ਦਿੱਤੀਆਂ ਗਈਆਂ
ਸਨ ਪਰ ਅੱਜ ਹਾਲਾਤ ਇਹ ਹਨ ਕਿ ਧਰਮ ਨੂੰ ਸਿਰਫ਼ ਸਿਆਸਤ ਹਥਿਆਉਣ ਵਾਲੀ ਪੌੜੀ ਮੰਨ
ਲਿਆ ਗਿਆ ਹੈ ਕਿ ਜਦੋਂ ਚਾਹੋ ਦਰੜ ਕੇ ਲੰਘ ਜਾਓ ਤੇ ਜਦੋਂ ਮਨਾਂ ਵਿਚ ਪਾੜ ਪਾ ਕੇ
ਰਾਜ ਕਰਨਾ ਹੋਵੇ ਤਾਂ ਇਸ ਨੂੰ ਹਥਿਆਰ ਵਾਂਗ ਵਰਤ ਲਵੋ। ਹੈਰਾਨੀ ਦੀ ਗੱਲ ਇਹ ਹੈ
ਕਿ ਜਿਸ ਧਰਮ ਦੀ ਰਾਖੀ ਲਈ ਨਿੱਕੇ-ਨਿੱਕੇ ਲਾਲਾਂ ਨੇ ਨੀਹਾਂ ਵਿਚ ਚਿਣੇ ਜਾਣਾ
ਕਬੂਲ ਕਰ ਲਿਆ ਸੀ, ਉਸੇ ਧਰਮ ਨੂੰ ਢਾਲ ਬਣਾ ਕੇ ਬੇਕਸੂਰਾਂ ਨੂੰ ਗੋਲੀਆਂ ਨਾਲ
ਵਿੰਨ ਦਿੱਤਾ ਜਾਂਦਾ ਹੈ। ਗੁਰੂ ਸਾਹਿਬ ਵੱਲੋਂ ਸ਼ਸ਼ਤਰ ਆਪਣੀ ਰਾਖੀ ਲਈ ਅਤੇ ਜ਼ਾਲਮਾਂ
ਨੂੰ ਖਦੇੜਨ ਲਈ ਬਖਸ਼ੇ ਗਏ ਸਨ। ਪਰ, ਅੱਜ ਧਰਮ ਦਾ ਹਥਕੰਡਾ ਵਰਤ ਕੇ ਇਨਸਾਨ ਖ਼ਤਮ ਕਰ
ਦਿੱਤੇ ਗਏ ਹਨ ਅਤੇ ਹਿੰਦੂ, ਸਿੱਖ, ਮੁਸਲਮਾਨ ਬਣਾ ਕੇ ਰਾਜਨੀਤੀ ਦੀ ਨਿਵਾਣ ਛੂਹ
ਲਈ ਗਈ ਹੈ।
‘‘ਮੈਨੂੰ ਸਪਸ਼ਟ ਦਿਸ ਰਿਹਾ ਹੈ ਕਿ ਮੇਰੇ ਬੇਕਸੂਰ ਪੁੱਤਰ ਧੀਆਂ ਇਸ ਮੱਕੜ ਜਾਲ
ਵਿਚ ਫਸ ਕੇ ਫਨਾਹ ਹੋ ਜਾਣੇ ਹਨ ਤੇ ਫੇਰ ਮੈਂ ਬੰਜਰ ਜ਼ਮੀਨ ਉ¤ਤੇ ਲਾਸ਼ਾਂ ਦੇ ਢੇਰ
ਸਾਂਭਦੇ ਫਿਰਨਾ ਹੈ।
‘‘ਹਾਲੇ ਤਾਈਂ ਮੇਰੇ ਧਰਮੀ ਫੌਜੀ ਪੁੱਤਰਾਂ ਦੀ ਸਾਰ ਕਿਸੇ ਨਹੀਂ ਲਈ। ਸੰਨ
1857 ਵਿਚ ਜਿਨਾਂ ਨੇ ਬਗਾਵਤ ਕੀਤੀ ਉਹ ਦੇਸ ਭਗਤ ਕਰਾਰ ਦਿੱਤੇ ਗਏ ਪਰ ਜਿਹੜੇ
ਮੇਰੇ ਉ¤ਤੇ ‘ਏਤੀ ਮਾਰ ਪਈ ਕੁਰਲਾਣੇ’ ਤਹਿਤ ਬਿਨਾਂ ਵਾਰ ਕੀਤਿਆਂ ਜ਼ਮੀਰ ਦੀ ਆਵਾਜ਼
ਸੁਣ ਬਗ਼ਾਵਤ ਕਰ ਕੇ ਆ ਗਏ, ਉਹ ਅਜ ਤਕ ਦੋ ਵੇਲੇ ਦੀ ਰੋਟੀ ਨੂੰ ਤਰਸਦੇ ਫਿਰਦੇ ਹਨ।
ਕੋਝੀ ਸਿਆਸਤ ਦੇ ਹਥਕੰਡਿਆਂ ਦੌਰਾਨ ਇਹ ਪੁੱਤਰ ਸਿਰਫ਼ ਬਿਆਨਬਾਜ਼ੀ ਲਈ ਵਰਤੇ ਜਾਂਦੇ
ਹਨ, ਪਰ ਇਸ ਤੋਂ ਵੱਧ ਇਨਾਂ ਲਈ ਕੁੱਝ ਨਹੀਂ ਕੀਤਾ ਗਿਆ।
‘‘1984 ਦੇ ਦੰਗਿਆਂ ਦੇ ਪੀੜਤ ਮੇਰੇ ਬੱਚੇ ਹਾਲੇ ਤਕ ਮੇਰੇ ਕਾਲਜੇ ਨੂੰ ਧੂਹ
ਪਾਉਂਦੇ ਹਨ। ਉਨਾਂ ਦੀ ਵੁਅਕਤ ਵੀ ਸਿਰਫ਼ ਇਕ ਪੌੜੀ ਤੋਂ ਵੱਧ ਕੁੱਝ ਨਹੀਂ ਰਹੀ।
ਕੋਝੀ ਸਿਆਸਤ ਨੇ ਉਨਾਂ ਦੇ ਸਿਵਿਆਂ ਦੀ ਸੁਆਹ ਵੀ ਰੋਲ ਛੱਡੀ ਹੈ। ਬਿਆਨਬਾਜ਼ੀ ਵਿਚ
ਉਨਾਂ ਦਾ ਮਜ਼ਾਕ ਉਡਾਉਣ ਤੋਂ ਅਗਾਂਹ ਕੋਈ ਸਿਆਸੀ ਆਗੂ ਕਦੇ ਨਹੀਂ ਤੁਰਿਆ। ਕਾਤਲਾਂ
ਤੇ ਜਾਬਰਾਂ ਵਿਰੁੱਧ ਦਮਦਾਰ ਆਵਾਜ਼ ਚੁੱਕ ਕੇ ਸਜ਼ਾ ਦਵਾਉਣ ਤਕ ਕੋਈ ਸਿਆਸੀ ਆਗੂ
ਸਰਗਰਮ ਨਹੀਂ ਹੋਇਆ ਕਿਉਂਕਿ ਇਹ ਕਿੱਸਾ ਸਦੀਆਂ ਤਕ ਸਿਰਫ਼ ਕੁਰਸੀ ਹਥਿਆਉਣ ਦਾ ਇਕ
ਜ਼ਰੀਆ ਬਣ ਚੁੱਕਿਆ ਹੈ।
‘‘ਮੇਰੀ ਧਰਤੀ ਉੱਤੇ ਮੇਰੇ ਬੱਚਿਆਂ ਵੱਲੋਂ ਇਕ ਧਰਮ ਦੀ ਗੱਲ ਕਰਨੀ ਖਾੜਕੂਵਾਦ
ਗਿਣੀ ਜਾਂਦੀ ਹੈ ਤੇ ਕਿਸੇ ਦੂਜੇ ਧਰਮ ਦੀ ਗਲ ਕਰਨੀ ਧਰਮ ਦਾ ਫੈਲਾਓ ਤੇ ਪ੍ਰਚਾਰ
ਮੰਨਿਆ ਜਾਂਦਾ ਹੈ। ਇਹ ਵਿਤਕਰਾ ਕਿੰਨੀਆਂ ਸਦੀਆਂ ਹੋਰ ਚੱਲਣਾ ਹੈ? ਦਹਿਸ਼ਤਗਰਦੀ ਦੇ
ਨਾਂ ਤਹਿਤ ਮੇਰੇ ਪੁੱਤਰ ਜੋ ਸਜ਼ਾਵਾਂ ਪੂਰੀਆਂ ਵੀ ਕਰ ਚੁੱਕੇ ਉਹ ਛੱਡੇ ਨਹੀਂ
ਜਾਂਦੇ, ਜਦਕਿ ਭਾਰਤ ਦੇ ਹੋਰ ਹਿੱਸਿਆਂ ਵਿਚ ਘੱਟ ਗਿਣਤੀ ਉੱਤੇ ਜ਼ੁਲਮ ਢਾਹੁਣ
ਵਾਲਿਆਂ ਨੂੰ ਉੱਚੇ ਅਹੁਦੇ ਤੇ ਸਨਮਾਨ ਦਿੱਤੇ ਜਾਂਦੇ ਹਨ।
‘‘ਧਰਮ ਦੇ ਨਾਂ ਉੱਤੇ ਕਰੋੜਾਂ ਰੁਪਏ ਇਕੱਠੇ ਕੀਤੇ ਜਾਣ ਬਾਅਦ ਵੀ ਮੇਰੀ ਧਰਤੀ
ਉੱਤੇ ਬਣੀਆਂ ਧਾਰਮਿਕ ਸੰਸਥਾਵਾਂ ਕਦੇ ਰਬ ਨੂੰ ਇਕ ਵੀ ਪੈਸਾ ਨਹੀਂ ਪਹੁੰਚਾ
ਸਕੀਆਂ। ਇਹ ਪੈਸਾ ਮੇਰੇ ਲੋੜਵੰਦ ਬੱਚੇ ਬੱਚੀਆਂ ਦੀ ਪੜਾਈ ਜਾਂ ਖਾਣੇ ਦੀ ਕਮੀ ਦੀ
ਪੂਰਤੀ ਉੱਤੇ ਨਹੀਂ ਲਾਇਆ ਜਾਂਦਾ, ਬਲਕਿ ਧਾਰਮਿਕ ਸੰਸਥਾਵਾਂ ਦੇ ਰਾਖਿਆਂ ਦੀਆਂ
ਤਨਖ਼ਾਹਾਂ, ਰਹਿਣ-ਸਹਿਣ ਤੇ ਸੁਰੱਖਿਆ ਉ¤ਤੇ ਹੀ ਖ਼ਤਮ ਹੁੰਦਾ ਜਾਂਦਾ ਹੈ। ਕਿਉਂ
ਇਨਾਂ ਸੰਸਥਾਵਾਂ ਦੇ ਮੈਂਬਰ ਸਾਹਿਬਾਨਾਂ ਤੋਂ ਨਸ਼ੇ ਦੇ ਭੰਡਾਰ ਫੜੇ ਜਾਂਦੇ ਹਨ? ਕੀ
ਧਰਮ ਨੂੰ ਵੀ ਹੁਣ ਹੱਟੀ ਬਣਾ ਦਿੱਤਾ ਗਿਆ ਹੈ ਕਿ ਕਿਸ ਡੇਰੇ ਉ¤ਤੇ ਵਧ ਸ਼ਰਧਾਲੂ
ਹੋਣਗੇ ਤੇ ਕਿੱਥੋਂ ਵੱਧ ਵੋਟਾਂ ਮਿਲ ਸਕਦੀਆਂ ਹਨ?
‘‘ਮੈਨੂੰ ਤਾਂ ਡਰ ਲੱਗ ਰਿਹਾ ਹੈ ਕਿਉਂਕਿ ਪਹਿਲਾਂ ਮਹੰਤਾਂ ਤੋਂ ਧਾਰਮਿਕ
ਸੰਸਥਾਵਾਂ ਆਜ਼ਾਦ ਕਰਵਾਉਣ ਲਈ ਬਥੇਰਾ ਖ਼ੂਨ ਖ਼ਰਾਬਾ ਹੋਇਆ ਸੀ ਤੇ ਹੁਣ ਮੇਰੇ ਉੱਤੇ
ਸਿਆਸਤਦਾਨਾਂ ਤੋਂ ਧਾਰਮਿਕ ਸੰਸਥਾਵਾਂ ਆਜ਼ਾਦ ਕਰਵਾਉਣ ਲਈ ਫਿਰ ਖੂਨ ਦੀ ਹੋਲੀ ਨਾ
ਕਿਤੇ ਖੇਡੀ ਜਾਵੇ।
‘‘ਮੇਰੀ ਹਿਕ ਉੱਤੇ ਵਾਹੀ ਕਰਨ ਵਾਲੇ ਕਿਸਾਨ ਪੁੱਤਰ ਕਰਜ਼ੇ ਥੱਲੇ ਦੱਬੇ
ਖ਼ੁਦਕੁਸ਼ੀਆਂ ਕਰਨ ਵੱਲ ਤੁਰ ਪਏ ਹਨ, ਕਿਉਂਕਿ ਕਿਸੇ ਸਿਆਸਤਦਾਨ ਨੂੰ ਇਹ ਨਹੀਂ ਦਿਸ
ਰਿਹਾ ਕਿ ‘ਸਮਾਲ ਲੈਂਡ ਹੋਲਡਿੰਗ’ ਵਿਚ ਕੋਆਪਰੇਟਿਵ ਚਲਾ ਕੇ ਉਨਾਂ ਦੀ ਰੋਜ਼ੀ ਰੋਟੀ
ਦਾ ਇੰਤਜ਼ਾਮ ਬਿਨਾਂ ਕਿਸੇ ਘਪਲੇਬਾਜ਼ੀ ਦੇ ਕਰ ਕੇ ਉਨਾਂ ਨੂੰ ਇੱਜ਼ਤ ਦੀ ਰੋਟੀ ਖਾਣ
ਕਮਾਉਣ ਜੋਗਾ ਬਣਾ ਦੇਵੇ। ਆਖ਼ਰ ਕਿਉਂ ਗੁਜਰਾਤ ਦਾ ਕੋਆਪਰੇਟਿਵ ਵਾਧੇ ਵਿਚ ਤੇ ਮੇਰੀ
ਹਿਕ ਉੱਤੇ ਘਾਟੇ ਵਿਚ ਜਾਂਦਾ ਹੈ?
‘‘ਗੋਆ ਵਿਚ ਹਰ ਪਿੰਡ ਵਿਚ ਵੱਖੋ-ਵੱਖ ਸੈਰ ਸਪਾਟੇ ਲਈ ਬਣੇ ਹੋਟਲ, ਕਿਰਾਏ
ਉੱਤੇ ਕਾਰਾਂ, ਖਾਣ-ਪੀਣ ਦੇ ਸਾਧਨ ਆਦਿ ਬਣਾ ਕੇ ਪਿੰਡ ਦਾ ਹਰ ਬੱਚਾ ਕਿਸੇ ਨਾ
ਕਿਸੇ ਰੁਜ਼ਗਾਰ ਅਧੀਨ ਕਮਾਉਣ ਯੋਗ ਬਣਾ ਕੇ ਆਪਣੇ ਪੈਰਾਂ ਉੱਤੇ ਖੜਾ ਕਰ ਦਿੱਤਾ ਗਿਆ
ਹੈ ਤਾਂ ਜੋ ਇੱਜ਼ਤ ਨਾਲ ਰੋਟੀ ਕਮਾਉਂਦਾ ਰਹੇ ਜਦਕਿ ਮੇਰੀ ਹਿਕ ਉੱਤੇ ਸਬਸਿਡੀਆਂ ਦਾ
ਨਾਂ ਦੇ ਕੇ ਸਵੈਮਾਨ ਖ਼ਰੀਦ ਲਿਆ ਜਾਂਦਾ ਹੈ। ਅਮਰੀਕਾ ਕਨੇਡਾ ਵਿਚ ਵੀ ਗਰੀਬਾਂ ਨੂੰ
ਦਾਨ ਦਿੱਤਾ ਜਾਂਦਾ ਹੈ ਪਰ ਪੂਰੀ ਇੱਜ਼ਤ ਨਾਲ। ਇੱਥੇ 250 ਰੁਪੈ ਮਹੀਨਾ ਲੈਣ ਲਈ ਵੀ
ਹਰ ਬਜ਼ੁਰਗ ਅੱਡੀਆਂ ਘੜੀਸ-ਘੜੀਸ, ਪੁੱਤ ਲੁਹਾ ਕੇ ਹੀ ਲੈਂਦਾ ਹੈ! ਟੂਰਿਜ਼ਮ ਵਿਭਾਗ
ਕਿਉਂ ਨਹੀਂ ਹਰ ਪਿੰਡ ਵਿਚ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਜਤਨ ਆਰੰਭ ਕਰਦਾ?
‘‘ਰੇਤ ਮਾਫ਼ੀਆ, ਮੀਡੀਆ ਮਾਫ਼ੀਆ, ਨਸ਼ੇ, ਆਵਾਜਾਈ ਮਾਫ਼ੀਆ, ਪੁਲੀਸ ਦਾ ਸਿਆਸੀਕਰਨ,
ਧੀਆਂ ਦੀ ਪਤ ਰੋਲਣ ਵਿਚ ਮੋਹਰੀ ਬਣ ਚੁੱਕਿਆ ਮੇਰੀ ਧਰਤੀ ਦਾ ਹਰ ਇੰਚ ਕੂਕਦਾ ਪਿਆ
ਹੈ ਪਰ ਪੰਜਾਬੀ ਅਖਵਾਉਣ ਵਾਲਾ ਮੇਰਾ ਪੁੱਤਰ-ਧੀ ਮੇਰੀ ਹੂਕ ਕਿਉਂ ਨਹੀਂ ਸੁਣ
ਰਿਹਾ?
‘‘ਲਹੂ ਦੇ ਹੰਝੂ ਕੇਰਦੇ ਹੋਏ ਮੈਂ ਇਹ ਪੁੱਛਣ ਦੀ ਹਿਮਾਕਤ ਤਾਂ ਕਰ ਸਕਦਾ ਹਾਂ
ਕਿ ਭਾਖੜਾ ਤੋਂ ਮਿਲਦੀ ਬਿਜਲੀ 50 ਪੈਸੇ ਯੂਨਿਟ, ਸਰਕਾਰੀ ਥਰਮਲ ਤੋਂ ਪੰਜ ਰੁਪੈ
ਯੂਨਿਟ ਤੇ ਰਾਜਪੁਰਾ ਦੇ ਪ੍ਰਾਈਵੇਟ ਥਰਮਲ ਤੋਂ 8 ਰੁਪੈ ਦੇ ਹਿਸਾਬ ਨਾਲ ਮੇਰੇ
ਪੁੱਤਰ ਧੀ ਕਿਉਂ ਲੈਣ ਉ¤ਤੇ ਮਜਬੂਰ ਹੋ ਚੁੱਕੇ ਹਨ?
‘‘ਪਬਲਿਕ ਖੇਤਰ, ਸਿਹਤ ਖੇਤਰ ਦੇ ਵਿਦਿਆ ਵਰਗੇ ਖੇਤਰਾਂ ਵਿਚ ਵਪਾਰੀਕਰਨ ਏਨਾ
ਵਧ ਚੁੱਕਿਆ ਹੈ ਕਿ ਹੁਣ ਇਹ ਵੀ ਲੁੱਟ ਦੀਆਂ ਮੰਡੀਆਂ ਬਣ ਚੁੱਕੀਆਂ ਹਨ। ਧਰਤੀ
ਹੇਠਲਾ ਪਾਣੀ ਮੁੱਕਣ ਕਿਨਾਰੇ ਪਹੁੰਚ ਚੱਲਿਆ ਹੈ ਪਰ ਕਿਸੇ ਨੂੰ ‘ਡਰਿਪ ਇਰੀਗੇਸ਼ਨ’
ਨੂੰ ਵਧਾਵਾ ਦੇਣ ਦੀ ਵਿਹਲ ਨਹੀਂ।
‘‘ਮੇਰੀ ਧਰਤੀ ਉੱਤੇ ਬੱਚੇ ਭੁਖਮਰੀ ਦੇ ਸ਼ਿਕਾਰ ਬਣਨ ਵਿਚ ਮੋਹਰੀ ਹੋ ਚੁੱਕੇ ਹਨ
ਪਰ ਸਰਕਾਰੀ ਖਜ਼ਾਨਿਆਂ ਦੇ ਮੂੰਹ ਇਨਾਂ ਦੇ ਢਿਡ ਭਰਨ ਦੀ ਥਾਂ ਕਰੋੜਾਂ ਰੁਪੈ ਦੇ
ਇਸ਼ਤਿਹਾਰਾਂ ਉੱਤੇ ਖੁੱਲ ਰਹੇ ਹਨ ਜਾਂ ਸਿਆਸਤਦਾਨਾਂ ਦੀਆਂ ਹਵਾਈ ਫੇਰੀਆਂ,
ਟੈਲੀਫ਼ੋਨਾਂ ਤੇ ਪਾਰਟੀਆਂ ਦੇ ਬਿਲਾਂ ਦੇ ਭੁਗਤਾਨ, ਸਿਆਸਤਦਾਨਾਂ ਦੀ ਰਾਖੀ ਲਈ
ਲਾਈਆਂ ਫੋਰਸਾਂ, ਗੱਡੀਆਂ ਦੇ ਪੈਟਰੋਲ, ਚਾਹ-ਪਾਣੀ, ਆਦਿ ਵਿਚ ਖ਼ਾਲੀ ਹੋ ਰਹੇ ਹਨ।
‘‘ਆਖ਼ਰ ਮੇਰੀ ਹਿਕ ਉੱਤੇ ਲੋਕਾਂ ਵੱਲੋਂ ਚੁਣੇ ਨੁਮਾਇੰਦਿਆਂ ਨੂੰ ਉਨਾਂ ਹੀ
ਲੋਕਾਂ ਕੋਲੋਂ ਕਿੰਨਾ ਕੁ ਵੱਡਾ ਖ਼ਤਰਾ ਹੋ ਸਕਦਾ ਹੈ ਜਿਨਾਂ ਦੇ ਦਰ ਉ¤ਤੇ ਹੱਥ ਜੋੜ
ਕੇ ਉਨਾਂ ਵੋਟਾਂ ਮੰਗੀਆਂ ਸਨ? ਕੁਰਸੀ ਮਿਲਦੇ ਸਾਰ ਉਨਾਂ ਲੋੜਵੰਦਾਂ ਕੋਲੋਂ ਹੀ
ਦੂਰ ਹੋਣ ਲਈ ਪੁਲਿਸ ਦੀਆਂ ਫੋਰਸਾਂ, ਫਾਇਰ ਬ੍ਰਿਗੇਡਾਂ ਤੇ ਐਂਬੂਲੈਂਸਾਂ ਦੀ ਕਿਉਂ
ਲੋੜ ਪੈ ਜਾਂਦੀ ਹੈ?
‘‘ਬਾਬੂਸ਼ਾਹੀ ‘ਸਾਬਾਂ’ ਉੱਤੇ ਖ਼ਰਬਾਂ ਰੁਪੈ ਜ਼ਾਇਆ ਕੀਤੇ ਜਾ ਰਹੇ ਹਨ ਜਿਨਾਂ
ਪੈਸਿਆਂ ਨੂੰ ਬਚਾ ਕੇ ਹਰ ਪੰਜਾਬੀ ਧੀ ਸਾਲਾਂ ਸਾਲ ਮੁਫ਼ਤ ਵਿਦਿਆ ਪ੍ਰਾਪਤ ਕਰ ਸਕਦੀ
ਹੈ। ਵੱਖੋ-ਵੱਖ ਕਾਰਾਂ ਦੀ ਥਾਂ ਜੇ ਕਾਰਾਂ ‘ਪੂਲ’ ਕਰ ਲਈਆਂ ਜਾਣ ਜਾਂ ਵੌਲਵੋ
ਬੱਸਾਂ ਹੀ ਇਕ ਥਾਂ ਉੱਤੇ ਸਭ ਮੰਤਰੀਆਂ ਤੇ ਬਾਬੂਆਂ ਨੂੰ ਚੜਾ ਕੇ ਦਫ਼ਤਰਾਂ ਵਿਚ
ਪਹੁੰਚਦਾ ਕਰਨ, ਜਿਵੇਂ ਵਿਕਸਿਤ ਦੇਸਾਂ ਵਿਚ ਹੁੰਦਾ ਹੈ, ਤਾਂ ਕੀ ਸਰਕਾਰੀ ਖ਼ਜ਼ਾਨੇ
ਵਾਪਸ ਨਹੀਂ ਭਰੇ ਜਾ ਸਕਦੇ? ਕੀ ਇਸੇ ਪੈਸੇ ਨਾਲ ਕਿਸਾਨਾਂ ਦੇ ਕਰਜ਼ੇ ਮੁਆਫ਼ ਨਹੀਂ
ਕੀਤੇ ਜਾ ਸਕਦੇ? ਕਿਉਂ ਸਿਰਫ ਵੱਡੇ ਸਨਅਤਕਾਰਾਂ ਦੇ ਕਰਜ਼ੇ ਹੀ ਮੁਆਫ਼ ਹੋ ਰਹੇ ਹਨ?
ਸਰਕਾਰੀ ਖ਼ਰਚਿਆਂ ਨੂੰ ਘਟਾ ਕੇ, ਇਨਾਂ ਵਿੱਚੋਂ ਬਚੇ ਪੈਸਿਆਂ ਨਾਲ ਹੀ ਸਾਰੇ
ਕਿਸਾਨਾਂ ਨੂੰ ਖ਼ੁਦਕੁਸ਼ੀਆਂ ਤੋਂ ਬਚਾਇਆ ਜਾ ਸਕਦਾ ਹੈ।
‘ਟੈਕਸਾਂ ਦੀ ਚੋਰੀ ਰੋਕ ਕੇ ਤੇ ਫ਼ਾਲਤੂ ਖਰਚਿਆਂ ਉੱਤੇ ਰੋਕ ਲਾ ਕੇ ਮੇਰੇ
ਦੀਵਾਲੀਆ ਹੋਏ ਪਏ ਨੂੰ ਕੁੱਝ ਰਾਹਤ ਤਾਂ ਮਿਲ ਹੀ ਸਕਦੀ ਹੈ।
‘‘ਸੂਝਵਾਨ ਅਤੇ ਸਿਆਣਿਆਂ ਨੂੰ ਖੁੱਡੇ ਲਾਈਨ ਲਾ ਕੇ, ਅਕਲੋਂ-ਵਿਹੂਣਿਆਂ ਨੂੰ
ਮੋਹਰੀ ਬਣਾ ਮੇਰਾ ਜੋ ਹਾਲ ਕਰ ਛੱਡਿਆ ਹੈ, ਉਸੇ ਦਾ ਨਤੀਜਾ ਹੈ ਕਿ ਵਿਸ਼ਵ ਪੱਧਰੀ
ਸੰਸਥਾਵਾਂ ਮੇਰੀ ‘ਐਕਸਪਾਇਰੀ ਡੇਟ’ ਮੁਕਰਰ ਕਰਨ ਲੱਗ ਪਈਆਂ ਹਨ।
‘‘ਮੈਨੂੰ ਸੜ ਜਾਣ ਤੋਂ ਬਚਾਉਣ ਲਈ ਪਰਾਲੀ ਨੂੰ ਸਾੜਨ ਵਾਲਿਆਂ ਲਈ ਕੋਈ ਬੇਹਤਰ
ਤਰੀਕਾ ਸੁਝਾਅ ਦਿਓ। ਇੰਨਾ ਹੀ ਕਰ ਦਿਓ ਕਿ ਇਸ ਪਰਾਲੀ ਤੋਂ ਜਿੰਨੀ ਬਿਜਲੀ ਬਣੇਗੀ,
ਓਨੀ ਮਾਇਆ ਦੇ ਉਹ ਹੱਕਦਾਰ ਹੋ ਜਾਣਗੇ।
‘‘ਲੋਹੜਾ ਜੇ, ਰਬ ਤੋਂ ਡਰੋ। ਹਿਟਲਰ ਵਰਗੇ ਵੀ ਮਿੱਟੀ ਹੋ ਗਏ ਤੇ ਮਹਾਰਾਜਾ
ਰਣਜੀਤ ਸਿੰਘ ਵਰਗੇ ਮਹਾਨ ਰਾਜਾ ਵੀ, ਹਜ਼ਰਤ ਮੁਹੰਮਦ ਵੀ ਸਪੁਰਦੇ ਖ਼ਾਕ ਹੋ ਗਏ ਤੇ
ਅਬਦੁਲ ਕਲਾਮ ਵਰਗੇ ਆਲਾ ਇਨਸਾਨ ਵੀ। ਸਪਸ਼ਟ ਹੈ ਕਿ ਕੋਈ ਏਥੇ ਸਦੀਵੀ ਨਹੀਂ ਹੈ।
ਗੱਲ ਹੈ ਕਿ ਸਿਰਫ਼ ਤੁਰ ਜਾਣ ਬਾਅਦ ਇਤਿਹਾਸ ਵਿਚ ਲੋਕਾਂ ਵੱਲੋਂ ਯਾਦ ਕੀਤੇ ਜਾਣ ਦੀ
ਕਿ ਲੋਕ ਕਿੰਜ ਦੀ ਯਾਦ ਅਗਲੀ ਪੁਸ਼ਤ ਤਕ ਪਹੁੰਚਦੀ ਕਰਦੇ ਹਨ। ਹਰਾਮਖ਼ੋਰ, ਲਾਲਚੀ
ਜਾਂ ਦੇਵਤਾ! ਮਨਾਂ ਵਿਚ ਪੱਕੀ ਛਾਪ ਜੇ ਲੋਕ ਮਾਰੂ ਨੀਤੀਆਂ ਵਾਲੀ ਹੋਵੇਗੀ ਤਾਂ
ਲੋਕ ਭੈੜੀ ਯਾਦ ਸਮੋਣਗੇ। ਜੇ ਉਸਾਰੂ ਨੀਤੀਆਂ ਵਾਲੀ ਯਾਦ ਬਣੀ ਤਾਂ ਸਦੀਆਂ ਤਕ ਲੋਕ
ਸਿਜਦਾ ਕਰਨਗੇ।
‘‘ਹਾਲੇ ਵੀ ਵੇਲਾ ਜੇ, ਮੇਰਿਓ ਪੁੱਤਰੋ ਧੀਓ, ਜਾਗੋ ਤੇ ਮੈਨੂੰ ਡੁੱਬਦੇ ਨੂੰ
ਬਚਾ ਲਓ। ਮੈਨੂੰ ਬਲਾਤਕਾਰੀਆਂ ਤੋਂ ਆਜ਼ਾਦ ਕਰਵਾਓ, ਰੇਤ ਮਾਫ਼ੀਆ, ਮੀਡੀਆ ਮਾਫ਼ੀਆ,
ਨਸ਼ਾ-ਤਸਕਰਾਂ, ਮੁਨਾਫ਼ਾਖੋਰਾਂ, ਰਿਸ਼ਵਤਖੋਰਾਂ, ਪਾਖੰਡੀਆਂ, ਧਰਮ ਦੇ ਅਖੌਤੀ
ਪਾਖੰਡੀਆਂ, ਜੁੱਤੀਚੱਟਾਂ, ਮਰੇ ਹੋਏ ਜ਼ਮੀਰਾਂ ਤੇ ਕੀੜਿਆਂ ਵਾਂਗ ਰੀਂਗਦੇ ਚਮਚਿਆਂ
ਚਾਪਲੂਸਾਂ ਤੋਂ ਬਚਾ ਲਓ। ਜੇ ਲੇਟ ਹੋ ਗਏ ਤਾਂ ਮੇਰੀ ਹੋਂਦ ਦੇ ਮੁਕਦਿਆਂ ਹੀ
ਤੁਹਾਡੀ ਪਛਾਣ ਵੀ ਨਹੀਂ ਬਚਣੀ! ਘੱਟੋ-ਘੱਟ ਧਰਮ ਨੂੰ ਹੱਟੀਆਂ ਉ¤ਤੇ ਵਿਕਣ ਵਾਲੀ
ਸ਼ੈਅ ਬਣ ਜਾਣ ਤੋਂ ਤਾਂ ਬਚਾ ਲਓ।
‘‘ਹਿੰਦੁਸਤਾਨ ਨੂੰ ਜਗਾਉਣ ਵਾਲਾ ਮਰਦ-ਏ-ਕਾਮਿਲ ਏਸੇ ਧਰਤੀ ਦੀ ਉਪਜ ਸੀ।
ਲੁੱਟ-ਖਸੁੱਟ ਤੋਂ ਬਚਾਉਣ, ਧਰਮ ਦੀਆਂ ਨਕਲੀ ਬੇੜੀਆਂ ਵਿਚ ਫਸਾਉਣ ਵਾਲੇ ਤੇ
ਗੁੰਮਰਾਹ ਕਰਨ ਵਾਲਿਆਂ ਤੋਂ ਜਾਗਰੂਕ ਕਰਵਾਉਣ ਲਈ ਗੁਰੂ ਨਾਨਕ ਦੇਵ ਜੀ ਨੇ ਬੀੜਾ
ਚੁੱਕਿਆ ਸੀ। ਏਸੇ ਹੀ ਧਰਤੀ ਉੱਤੇ ਲਤਾੜੇ ਹੋਇਆਂ ਵਿਚ ਜਾਨ ਪਾਉਣ ਲਈ ਗੁਰੂ
ਗੋਬਿੰਦ ਸਿੰਘ ਜੀ ਨੇ ਇਤਿਹਾਸ ਰਚਿਆ ਸੀ।
‘‘ਅਜ ਫਿਰ ਇਕ ਵਾਰ ਹੰਭਲਾ ਮਾਰੋ ਮੇਰੇ ਬੀਬੇ ਬੱਚਿਓ। ਜੋਸ਼ ਤੇ ਹੋਸ਼ ਦੀ ਮਿਸਾਲ
ਬਣੋ ਤੇ ਆਪਣੇ ਸੁਹਣੇ ਪੰਜਾਬ ਦੀ ਧਰਤੀ ਨੂੰ ਗ੍ਰਹਿਣ ਲਗ ਜਾਣ ਤੋਂ ਪਹਿਲਾਂ ਹੀ
ਬਚਾ ਲਓ। ਬਸ ਏਨੀ ਕੁ ਹੀ ਮੇਰੀ ਅਰਜ਼ ਸੀ।
‘‘ਜਾਂਦੇ-ਜਾਂਦੇ ਇਤਿਹਾਸ ਵਿਚ ਕੁੱਝ ਝਾਤ ਮਰਵਾ ਦਿਆਂ-
1.ਬਹੁਤੀ ਵਾਰ ਆਪਣੇ ਹੀ ਪਿੱਠ ਪਿੱਛੇ ਛੁਰੇ ਨਾਲ ਵਾਰ ਕਰਿਆ ਕਰਦੇ ਹਨ। ਸੋ
ਧਿਆਨ ਨਾਲ ਰਹੋ।
2. ਨਿਹੱਥਿਆਂ ਉੱਤੇ ਗੋਲੀਆਂ ਚਲਾਉਣ ਵਾਲਾ ਡਾਇਰ, ਆਪ ਵੀ ਨਹੀਂ ਸੀ ਬਚਿਆ।
3. ਰੂੰ ਵਾਂਗ ਧੁੰਨ ਦੇਣ ਵਾਲੇ ਤੇ ਸਿਰਾਂ ਨੂੰ ਧੜਾਂ ਤੋਂ ਅਲੱਗ ਕਰਕੇ ਗੱਡਿਆਂ
ਵਿਚ ਭਰ ਕੇ ਲਿਜਾਉਣ ਵਾਲੇ ਵੀ ਅਣਖੀਲੇ ਪੰਜਾਬੀਆਂ ਨੂੰ ਖ਼ਤਮ ਨਹੀਂ ਸਨ ਕਰ ਸਕੇ।
4. ਲੋਕ ਰੋਹ ਤਖ਼ਤੇ ਪਲਟ ਦਿਆ ਕਰਦਾ ਹੈ।
5. ਬਰਸੀਆਂ ਸਿਰਫ਼ ਹਰਮਨ ਪਿਆਰਿਆਂ ਦੀਆਂ ਮਨਾਈਆਂ ਜਾਂਦੀਆਂ ਹਨ, ਬਾਕੀਆਂ ਨੂੰ
ਇਤਿਹਾਸ ਭੁਲਾ ਦਿੰਦਾ ਹੈ।
6. ਸਮਾਗਮਾਂ ਵਿਚ ਹਕ ਕੇ ਲਿਆਈ ਭੀੜ ਭੇਡਾਂ ਬਕਰੀਆਂ ਹੁੰਦੀਆਂ ਹਨ। ਉਹ ਸ਼ੇਰਾਂ ਦੇ
ਵਾਰ ਤੋਂ ਬਚਾਓ ਨਹੀਂ ਕਰ ਸਕਦੀਆਂ।
7. ਬੰਦਾ ਸਿੰਘ ਬਹਾਦਰ ਵੀ ਰੋਹ ਵਿੱਚੋਂ ਉਪਜੀ ਹਨੇਰੀ ਸੀ ਜਿਸ ਨੇ ਸਾਬਤ ਕਰ
ਦਿੱਤਾ ਸੀ ਕਿ ਅਤਿ ਦਾ ਅੰਤ ਕਰਨ ਲਈ ਇੱਕੋ ਸ਼ੇਰ ਬਥੇਰਾ ਹੁੰਦਾ ਹੈ।
8. ਕਿਸੇ ਵੀ ਰਾਜੇ ਜਾਂ ਰੰਕ ਦੇ ਮਰ ਮੁੱਕ ਜਾਣ ਬਾਅਦ ਦਾ ਲੇਖਾ ਜੋਖਾ ਹਾਸ਼ੀਏ ਵੱਲ
ਧੱਕੀਆਂ ਕਲਮਾਂ ਕਰਦੀਆਂ ਹਨ ਜਿਨਾਂ ਨੇ ਭੇਡਾਂ ਬਕਰੀਆਂ ਵਾਂਗ ਹੱਕੀ ਜਨਤਾ ਅੰਦਰਲਾ
ਰੋਹ ਜਾਗ੍ਰਿਤ ਕਰਨਾ ਹੁੰਦਾ ਹੈ। ਉਦੋਂ ਹੀ ਇਹ ਭੇਡਾਂ ਬਕਰੀਆਂ ਆਪਣੇ ਅੰਦਰਲੇ ਰੋਹ
ਦੇ ਜਾਗਣ ਸਦਕਾ ਆਦਮਖ਼ੋਰ ਬਘਿਆੜਾਂ ਨੂੰ ਵੀ ਭਜਾ ਦੇਣ ਯੋਗ ਬਣ ਜਾਂਦੀਆਂ ਹਨ।
9. ਗੁਰੂ ਨਾਨਕ ਦੇਵ ਜੀ ਨੇ ਆਉਣ ਵਾਲੀਆਂ ਪੁਸ਼ਤਾਂ ਲਈ ਬੜਾ ਸਪਸ਼ਟ ਸੁਣੇਹਾ ਦਿੱਤਾ
ਹੋਇਆ ਹੈ ਕਿ ਜਿਸ ਨੇ ਕੌਮ ਲਈ ਜਾਂ ਆਉਣ ਵਾਲੀਆਂ ਨਸਲਾਂ ਦੀ ਬਿਹਤਰੀ ਲਈ ਕੰਮ
ਕਰਨਾ ਹੈ, ਉਸ ਨੂੰ ਪੁੱਤਰ ਮੋਹ ਤਿਆਗਣਾ ਪੈਣਾ ਹੈ।
‘‘ਜਾਂਦੇ-ਜਾਂਦੇ ਮੈਂ ਆਪਣੇ ਮਨ ਅੰਦਰ ਵਸਾਏ ਰੰਗਲੇ ਸੁਫ਼ਨਿਆਂ ਬਾਰੇ ਤਾਂ ਆਪਣੇ
ਪੁੱਤਰਾਂ-ਧੀਆਂ ਨੂੰ ਦਸ ਹੀ ਸਕਦਾਂ ਕਿ ਮੈਂ ਕੀ ਚਾਹੁੰਦਾਂ :
* ਪੰਜਾਬ ਵਿਚ ਕੋਈ ਰਾਤ ਨੂੰ ਭੁੱਖੇ ਢਿੱਡ ਨਾ ਸੌਂਵੇ।
* ਸਰਕਾਰੀ ਸਕੂਲਾਂ ਵਿਚ ਛੱਤਾਂ ਤੇ ਤੱਪੜਾਂ ਦੀ ਥਾਂ ਮੇਜ਼ ਕੁਰਸੀਆਂ ਹੋਣ ਤੇ ਟੀਚਰ
ਪੂਰੇ ਹੋਣ। ਹਰ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਹੋ ਜਾਵੇ।
* ਸਬਸਿਡੀਆਂ ਦੇ ਨਾਂ ਉੱਤੇ ਸਵੈਮਾਨ ਨਾ ਖੋਹਿਆ ਜਾਵੇ।
* ਭਾਵੇਂ ਰੇੜੀ ਢੋਣ ਵਾਲਾ ਹੋਵੇ ਤੇ ਭਾਵੇਂ ਕੋਈ ਅਫ਼ਸਰ, ਹਰ ਕਿਸੇ ਨੂੰ ਇੱਕੋ
ਜਿਹਾ ਇਨਸਾਨ ਮੰਨਿਆ ਜਾਵੇ।
* ਸੱਭਿਆਚਾਰ ਤੇ ਜ਼ਬਾਨ ਪ੍ਰਫੁੱਲਿਤ ਹੋਵੇ।
* ਕਿਸੇ ਦੀ ਪਤ ਨਾ ਲੱਥੇ ਤੇ ਕਿਸੇ ਦਾ ਹਕ ਨਾ ਖੋਹਿਆ ਜਾਵੇ।
* ਕੋਈ ਬੇਰੁਜ਼ਗਾਰ ਨਾ ਹੋਵੇ।
* ਕੋਈ ਧੀ ਅਸੁਰੱਖਿਅਤ ਮਹਿਸੂਸ ਨਾ ਕਰੇ।
* ਕਿਸੇ ਹਸਪਤਾਲ ਵਿਚ ਲੁੱਟ ਨਾ ਹੋਵੇ।
* ਇੱਥੇ ਹਰ ਧਰਮ ਦੇ ਲੋਕ ਇੱਕੋ ਜਿੰਨਾ ਸੁਰੱਖਿਅਤ ਮਹਿਸੂਸ ਕਰਨ।
* ਹਰ ਕਿਸੇ ਨੂੰ ਬਿਨਾਂ ਡਰ, ਸੱਭਿਅਕ ਤਰੀਕੇ ਆਪਣੀ ਗੱਲ ਕਹਿਣ ਦੀ ਖੁੱਲ ਹੋਵੇ।
* ਸਾਂਝੇ ਤਿਉਹਾਰਾਂ ਦੀ ਰੌਣਕ ਤੇ ਲੋਕ ਗੀਤਾਂ ਨਾਲ ਪੌਣਾਂ ਲਹਿਰਾ ਉੱਠਣ।
* ਕਿਸੇ ਬਜ਼ੁਰਗ ਨੂੰ ਖੁੱਡੇ ਲਾਈਨ ਨਾ ਲਾਇਆ ਜਾਵੇ।
* ਵੰਡ ਛਕਣ ਦੀ ਪ੍ਰਥਾ ਸਹੀ ਮਾਅਣਿਆਂ ਵਿਚ ਲਾਗੂ ਹੋਵੇ।
ਅੱਜ ਏਨੀ ਕੁ ਹੀ ਫਤਿਹ ਪ੍ਰਵਾਨ ਕਰਨਾ ਜੀ।’’
ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਿਰ, 28, ਪ੍ਰੀਤ ਨਗਰ,
ਲੋਅਰ ਮਾਲ, ਪਟਿਆਲਾ।
ਫੋਨ ਨੰ: 0175-2216783 |