|
ਗੋਵਰਧਨ ਗੱਬੀ |
ਦੋਸਤੋ!
ਅੱਜ ਤਕ ਐਸਾ ਕੋਈ ਇਨਸਾਨ ਪੈਦਾ ਨਹੀਂ ਹੋਇਆ ਜਿਸਨੂੰ ਆਪਣੀ ਜਨਮ ਭੋਂਏ ਨਾਲ ਪਿਆਰ
ਨਾ ਹੋਵੇ! ਜਿਸਦੇ ਦਿਲ ਵਿਚ ਜਨਮ ਭੋਂਏ ਦੀਆਂ ਯਾਦਾਂ ਦੀ ਪਟਾਰੀ ਨਾ ਬੱਝੀ ਹੋਵੇ!
ਯਾਦ ਨਾ ਸਤਾਏ। ਜਨਮ ਭੋਂਏ ਵਾਰੇ ਸੁਪਨੇ ਨਾ ਆਏ ਹੋਣ। ਉਥੇ ਬਿਤਾਏ ਜੀਵਨ ਦੀਆਂ
ਯਾਦਾਂ ਦੇ ਫੁਲ ਨਾ ਖਿੜਦੇ ਹੋਣ! ਜੇ ਜਨਮ ਭੋਂਏ ਤੇ ਕੋਈ ਮੁਸੀਬਤ ਆਈ ਹੋਵੇ ਤਾਂ
ਜਿਸਦਾ ਦਿਲ ਨਾ ਡੋਲਿਆ ਹੋਵੇ! ਦਰਦ ਨਾ ਹੋਇਆ ਹੋਵੇ! ਜਨਮ ਭੋਂਏ ਖਾਤਿਰ ਰੋਇਆ ਨਾ
ਹੋਵੇ!
ਜਨਮ ਭੋਂਏ ਸਾਡੀ ਦੂਸਰੀ ਮਾਂ ਹੁੰਦੀ ਹੈ। ਉਹ
ਨਾਮੁਰਾਦ ਲੋਕ ਹੀ ਹੋਣਗੇ ਜਿਹਨਾਂ ਨੂੰ ਆਪਣੀ ਮਾਂ ਨਾਲ ਮੋਹ ਨਹੀਂ ਹੋਏਗਾ!
ਜਿਸਨੂੰ ਆਪਣੀ ਮਾਂ ਨਾਲ ਪਿਆਰ ਨਹੀਂ। ਮੁਆਫ ਕਰਨਾ ਦੋਸਤੋ… ਉਹ ਕਿਸੇ ਨਾਲ ਵੀ
ਪਿਆਰ ਨਹੀਂ ਕਰ ਸਕਦਾ ! ਜੇ ਉਹ ਇਸਦਾ ਦਾਅਵਾ ਕਰਦਾ ਹੈ ਤਾਂ ਇਹ ਉਸਦਾ ਸਿਰਫ ਫੋਕਾ
ਵਹਿਮ ਹੈ। ਬੇਬੁਨਿਆਦ ਦਾਅਵਾ ਹੈ।
ਸਿਰਫ ਇਨਸਾਨ ਹੀ ਕਿਉਂ ? ਆਪਣੀ ਜਨਮ ਭੋਂਏ
ਨਾਲ ਤਾਂ ਪੰਛੀਆਂ, ਜਾਨਵਰਾਂ ਤੇ ਜੀਵ ਜੰਤੂਆਂ ਨੂੰ ਵੀ ਅੰਤਾਂ ਦਾ ਮੋਹ ਹੁੰਦੈ।
ਉਹ ਵੀ ਆਪਣੀ ਜਨਮ ਭੋਂਏ ਨੂੰ ਜੀ ਜਾਨ ਤੋਂ ਵੱਧ ਪਿਆਰ ਕਰਦੇ ਹਨ। ਮੈਂ ਕਿਤੇ ਪੜਿਆ
ਸੀ ਕਿ ਸਾਰੀ ਉਮਰ ਪਾਣੀ ਚ ਰਹਿਣ ਵਾਲੇ ਕਛੂਏ ਵੀ ਮਰਨ ਦਾ ਸਮਾਂ ਨਜਦੀਕ ਦੇਖ ਕੇ
ਸਮੁੰਦਰਾਂ ਦੇ ਤੱਟਾਂ ‘ਤੇ ਜਾਣਾ ਚਾਹੁੰਦੇ ਹਨ। ਕਿਉਂਕਿ ਇਹਨਾਂ ਤੱਟਾਂ ਉਪਰ ਹੀ
ਉਹਨਾਂ ਦਾ ਜਨਮ ਹੋਇਆ ਹੁੰਦੈ।
ਮੈਨੂੰ ਯਾਦ ਹੈ ਕਿ ਜਦੋਂ ਅਸੀਂ ਛੋਟੇ ਹੁੰਦੇ
ਪਿੰਡ ਚ ਰਹਿੰਦੇ ਸੀ ਤਾਂ ਅਸੀਂ ਘਰ ਚ ਇਕ ਡੱਬੂ ਨਾਂ ਦਾ ਕੁੱਤਾ ਪਾਲ ਰੱਖਿਆ ਸੀ।
ਉਹਦੇ ਜਨਮ ਤੋਂ ਕੁਝ ਦਿਨਾਂ ਬਾਦ ਹੀ ਉਸਦੀ ਮਾਂ ਦੀ ਗੱਡੀ ਹੇਠਾਂ ਆ ਕੇ
ਮੌਤ ਹੋ ਗਈ ਸੀ। ਅਸੀਂ ਉਸਨੂੰ ਪਾਲ ਲਿਆ ਸੀ।
ਉਹ ਸਾਡੇ ਘਰ ਦਾ ਇਕ ਅਟੁੱਟ ਅੰਗ ਬਣ ਚੁੱਕਾ ਸੀ। ਉਹ ਹਰ ਸਮੇਂ ਸਾਡੀ
ਸੇਵਾ ਚ ਤਿਆਰ ਰਹਿੰਦਾ। ਡੱਬ ਖੜੱਬਾ ਡੱਬੂ ਸਾਰਾ ਦਿਨ ਸਾਡੇ ਨਾਲ ਖੇਲਦਾ ਰਹਿੰਦਾ।
ਅਸੀਂ ਪੈਲੀ ਚ ਜਾਂਦੇ ਤਾਂ ਉਹ ਸਾਡੇ ਨਾਲ ਜਾਂਦਾ। ਡੰਗਰ ਚਾਰਣ ਜਾਂਦੇ
ਤਾਂ ਉਹ ਸਾਡਾ ਸਾਥ ਦਿੰਦਾ। ਦੌੜ ਦੌੜ ਕੇ ਡੰਗਰਾਂ
ਨੂੰ ਮੋੜਦਾ। ਜੇ ਰਾਤ ਬਰਾਤੇ ਬਾਹਰ ਜੰਗਲ ਪਾਣੀ ਜਾਣਾ ਹੁੰਦਾਂ ਤਾਂ ਆਪਣੇ ਆਪ
ਸਾਡੇ ਨਾਲ ਹੋ ਤੁਰਦਾ। ਉਸਦੀ ਹੋਂਦ ਚ ਅਸੀਂ ਆਪਣੇ ਆਪ ਨੂੰ ਸੁਰਖਿਅਤ ਮਹਿਸੂਸ
ਕਰਦੇ ਸਾਂ।
ਇਕ ਵਾਰੀ ਉਹ ਸ਼ਾਇਦ ਕੁਝ ਬਿਮਾਰ ਚਲ ਰਿਹਾ ਸੀ।
ਸਾਡੇ ਵਾਂਗ ਬੋਲ ਕੇ ਤਾਂ ਦੱਸ ਨਹੀਂ ਸੀ ਸਕਦਾ ਸੋ ਸਾਨੂੰ ਉਸਦੀ ਬਿਮਾਰੀ
ਵਾਰੇ ਪਤਾ ਨਹੀਂ ਚਲਿਆ। ਉਹ ਕੁਝ ਸੁਸਤ ਜਿਹਾ ਰਹਿੰਦਾ ਸੀ।
ਸਾਰਾ ਸਾਰਾ ਦਿਨ ਮੰਜੇ ਹੇਠਾਂ ਵੜ ਕੇ ਹੂੰਗਦਾ ਰਹਿੰਦਾ ।
ਸੁੱਤਾ ਰਹਿੰਦਾ। ਸੁਸਤਾਂਦਾ ਰਹਿੰਦਾ।
ਜਦ ਵੀ ਅਸੀਂ ਘਰੋਂ ਬਾਹਰ ਨਿਕਲਦੇ ਸਾਂ ਤਾਂ ਜਿਸਤਰਾਂ ਪਹਿਲਾਂ ਸਾਡੇ ਨਾਲ
ਚਲ ਪੈਂਦਾ ਸੀ, ਇਕ ਦਿਨ ਡੱਬੂ ਨਾ ਤੁਰਿਆ। ਅਸੀਂ
ਉਸਨੂੰ ਜਬਰੀ ਬਾਹਰ ਲਿਜਾਉਣ ਵਾਸਤੇ ਤੰਗ ਕਰ ਰਹੇ ਸੀ। ਉਸਨੂੰ ਲਕੜੀ ਦੀ ਪਰੈਣੀ
ਨਾਲ ਛੇੜਦੇ ਪਏ ਸੀ। ਇਕ ਅੱਧੀ ਵਾਰੀ ਉਸਨੇ ਅੱਗੋਂ
ਹਲਕਾ ਜਿਹਾ ਭੋਂਕ ਕੇ ਵਿਰੋਧ ਪਰਗਟ ਕੀਤਾ ਪਰ ਅਸੀਂ ਕੋਈ ਪਰਵਾਹ ਨਹੀਂ ਕੀਤੀ।
ਜਦੋਂ ਸਾਡੇ ਤੰਗ ਕਰਨ ਦੀ ਹੱਦ ਟੱਪ ਗਈ ਤਾਂ ਉਹ ਭੋਂਕਦਾ ਹੋਇਆ ਵਢਣ ਨੂੰ ਪੈ ਗਿਆ।
ਉਸਨੇ ਮੇਰੇ ਛੋਟੇ ਭਰਾ ਦੇ ਟੱਕ ਵੱਢ ਦਿੱਤਾ। ਭਰਾ
ਨੂੰ ਡਾਕਟਰ ਕੋਲ ਲਿਜਾਉਣਾ ਪਿਆ। ਉਸਦੇ ਟੀਕੇ
ਲਗਵਾਉਣੇ ਪਏ। ਉਸ ਦਿਨ ਸਾਡੇ ਪਾਪਾ ਜੀ ਨੇ ਡੱਬੂ ਨੂੰ ਬਹੁਤ ਮਾਰਿਆ। ਉਸ ਨੂੰ
ਬਹੁਤ ਮੰਦਾ ਬੋਲਿਆ। ਲਾਹਨਤਾਂ ਪਾਈਆ, ਦੌੜ ਜਾ
ਇਥੋਂ! ਅਸੀਂ ਨਹੀਂ ਤੈਨੂੰ ਰੱਖਣਾ ਘਰ ! ਜਿਹਨਾਂ ਦੇ ਘਰ ਖਾਂਦੈਂ ,
ਉਹਨਾਂ ਨੂੰ ਹੀ ਵੱਢਦੈਂ! ਤੈਨੂੰ ਸ਼ਰਮ ਨਹੀਂ ਆਉਂਦੀ! ਸਚਮੁਚ ਡੱਬੂ ਬੜੀ
ਸ਼ਰਮ ਮਹਿਸੂਸ ਕਰ ਰਿਹਾ ਸੀ। ਉਹ ਪੂਛ ਹਿਲਾਉਂਦਾ ਹੋਇਆ ਸਿਰ ਝੁਕਾ ਕੇ ਖੜਾ ਸਾਰਾ
ਕੁਝ ਸੁਣਦਾ ਪਿਆ ਸੀ। ਬੱਚਿਆਂ ਵਾਂਗ ਲਿਲੜੀਆਂ ਕੱਢ ਰਿਹਾ ਸੀ। ਇੰਝ ਲਗ ਰਿਹਾ ਸੀ
ਜਿਵੇਂ ਉਹ ਆਪਣੀ ਗਲਤੀ ਦੀ ਮੁਆਫੀ ਮੰਗ ਰਿਹਾ ਹੋਵੇ । ਪਾਪਾ ਜੀ ਦੇ ਜਿਆਦਾ ਹੀ
ਬੋਲਣ ‘ਤੇ ਉਹ ਘਰੋਂ ਬਾਹਰ ਚਲਾ ਗਿਆ ਪਰ ਸ਼ਾਮ ਨੂੰ ਫਿਰ ਚੁਪ ਚਪੀਤੇ ਵਾਪਸ ਆ ਕੇ
ਮੰਜੇ ਥੱਲੇ ਵੜ ਕੇ ਸੋਂ ਗਿਆ। ਉਸਨੂੰ ਘਰ ਦੇਖ ਕੇ ਪਾਪਾ ਜੀ ਨੂੰ ਫਿਰ ਗੁੱਸਾ ਚੜ
ਗਿਆ। ਸਾਡੇ ਕਹਿਣ ‘ਤੇ ਪਾਪਾ ਜੀ ਨੇ ਉਸਨੂੰ ਦੋਬਾਰਾ ਤਾਂ ਕੁਝ ਨਹੀਂ ਕਿਹਾ ਪਰ
ਪੱਕਾ ਮੰਨ ਬਣਾ ਲਿਆ ਕਿ ਡੱਬੂ ਹੁਣ ਘਰ ਨਹੀਂ ਰਹੇਗਾ।
ਸੱਬਬੀਂ ਉਸ ਦਿਨ ਸਾਡੇ ਨਾਨਾ ਜੀ ਵੀ ਸਾਨੂੰ
ਮਿਲਣ ਆਏ ਹੋਏ ਸਨ। ਪਾਪਾ ਜੀ ਨੇ ਨਾਨਾ ਜੀ ਨੂੰ ਕਿਹਾ ਕਿ ਉਹ ਡੱਬੂ ਨੂੰ ਆਪਣੇ
ਨਾਲ ਲੈ ਜਾਵੇ। ਨਹੀਂ ਤਾਂ ਇਹ ਸਾਡਾ ਖਹਿੜਾ ਨਹੀਂ ਛੱਡੇਗਾ। ਅਗਲੇ ਦਿਨ ਉਹ ਉਸਨੂੰ
ਇਕ ਬੋਰੀ ਚ ਪਾ ਕੇ ਰੇਲ ਗੱਡੀ ਰਾਹੀਂ ਕੋਈ ਪੰਝੀ ਤੀਹ ਮੀਲ ਦੂਰ ਸਾਡੇ ਨਾਨਕੇ
ਪਿੰਡ ਲੈ ਗਏ। ਬੋਰੀ ਵਿਚ ਉਸਦੇ ਦੇਖਣ ਤੇ ਸਾਹ ਲੈਣ ਲਈ ਦੋ ਮੋਰ੍ਹੀਆਂ ਬਣਾਈਆਂ
ਹੋਈਆਂ ਸਨ। ਬੋਰੀ ਚ ਇਸ ਕਰਕੇ ਪਾਇਆ ਸੀ ਕਿਉਂਕਿ ਗੱਡੀ ਚ ਇਸਤਰਾਂ ਦੇ ਜਾਨਵਰਾਂ
ਨੂੰ ਲਿਜਾਉਣ ਦੀ ਮਨਾਹੀ ਸੀ। ਪਾਪਾ ਜੀ ਖੁਸ਼ ਹੋ ਗਏ ਕਿ ਡੱਬੂ ਚਲਾ ਗਿਐ ਪਰ ਅਸੀਂ
ਉਸ ਤੋਂ ਬਿਨਾ ਬੜੇ ਉਦਾਸ ਹੋ ਗਏ।
ਅਜੇ ਉਸਨੂੰ ਗਿਆਂ ਤਿੰਨ ਚਾਰ ਦਿਨ ਹੀ ਬੀਤੇ
ਸਨ ਕਿ ਇਕ ਸਵੇਰ ਨੂੰ ਅਸੀਂ ਦੇਖਿਆ ਕਿ ਡੱਬੂ ਹੋਰੀਂ ਫਿਰ ਮੰਜੇ ਥੱਲੇ ਆ ਕੇ
ਸੁੱਤੇ ਹੋਏ ਸੀ। ਸਾਨੂੰ ਦੇਖਦੇ ਸਾਰ ਹੀ ਉਹ ਫਿਰ ਪੂਛ ਲੱਤਾਂ ਚ ਦੇ ਕੇ ਸਾਡੇ ਤੇ
ਪਾਪਾ ਜੀ ਦੀਆਂ ਲੱਤਾਂ ਬਾਹਾਂ ਪੈਰਾਂ ਨੂੰ ਨੂੰ ਚਟਦਾ ਫਿਰੇ। ਚਉਂ- ਚਉਂ ਕਰਦਾ
ਸਾਡੇ ਸਾਰਿਆਂ ਦੇ ਆਲੇ ਦੁਆਲੇ ਘੁੰਮੇ। ਕਦੇ ਮੇਰੇ ਕੋਲ ਆਏ। ਕਦੇ ਨਿੱਕੇ ਭਰਾ ਕੋਲ
ਜਾਏ । ਕਦੇ ਸਾਡੀ ਮਾਂ ਕੋਲ। ਪੁੱਠਾ ਹੋਵੇ। ਸਿੱਧਾ ਹੋਵੇ। ਬਿਮਾਰੀ ਨਾਲ ਉਸਦੀਆਂ
ਅੱਖਾਂ ਵਿਚੋਂ ਪਾਣੀ ਵੀ ਲਗਾਤਾਰ ਵਗ ਰਿਹਾ ਸੀ। ਜਿਵੇਂ ਰੋਹ ਰਿਹਾ ਹੋਵੇ। ਇਵੇਂ
ਲਗੇ ਜਿਵੇਂ ਉਹ ਸਾਨੂੰ ਇਹ ਕਹਿ ਰਿਹਾ ਹੋਵੇ, ਤੁਸੀਂ ਪਾਪਾ ਜੀ ਨੂੰ ਕਿਉਂ ਨਹੀਂ
ਮਨਾਉਂਦੇ ? ਕਿਉਂ ਨਹੀਂ ਸਮਝਾਉਂਦੇ । ਗਲਤੀ ਤਾਂ ਕਿਸੇ ਕੋਲੋਂ ਵੀ ਹੋ ਸਕਦੀ ਹੈ!
ਮੇਰੀ ਛੋਟੀ ਜਿਹੀ ਗਲਤੀ ਦੀ ਏਡੀ ਵੱਡੀ ਸਜਾ । ਮੈਂਨੂੰ ਮੇਰੀ ਜਨਮ ਭੋਂਏ ਤੋਂ ਹੀ
ਵੱਖ ਕਰ ਦਿੱਤਾ! ਮੈਂ ਤੁਹਾਨੁੰ ਰੱਬ ਦਾ ਵਾਸਤਾ ਦੇਨਾਂ। ਮੈਨੂੰ ਮੇਰੀ ਜਨਮ ਭੋਂਏ
ਤੋਂ ਅੱਡ ਨਾ ਕਰੋ। ਪਾਪਾ ਜੀ ਉਸਦਾ ਦੁਲਾਰ, ਪਿਆਰ ਤੇ ਤਰਲੇ ਪਾਉਂਦਾ ਮੁੰਹ ਦੇਖ
ਕੇ ਪਸੀਜ ਗਏ। ਉਸਨੂੰ ਦੋਬਾਰਾ ਘਰ ਰੱਖਣ ਲਈ ਮੰਨ ਗਏ। ਅਸੀਂ ਵੀ ਬਹੁਤ ਖੁਸ਼ ਹੋਏ।
ਪਰ ਦਿਨ ਪ੍ਰਤੀ ਦਿਨ ਉਸਦੇ ਹਾਲਾਤ ਵਿਗੜਦੇ
ਗਏ। ਇਕ ਤਾਂ ਉਹ ਪਹਿਲਾਂ ਹੀ ਬਿਮਾਰ ਸੀ। ਦੂਸਰਾ ਉਸਨੇ ਬਹੁਤ ਸਾਰਾ ਪੈਂਡਾ ਪੈਦਲ
ਹੀ ਤਹਿ ਕੀਤਾ ਸੀ। ਉਧਰ ਨਾਨਾ ਜੀ ਨੇ ਸਾਨੂੰ ਦੱਸ ਦਿੱਤਾ ਸੀ ਕਿ ਉਹ ਜਿੰਨੇ ਦਿਨ
ਵੀ ਉਹਨਾਂ ਕੋਲ ਰਿਹਾ ਉਸਨੇ ਕੁਝ ਵੀ ਨਹੀਂ ਖਾਧਾ। ਉਸਨੂੰ ਜ਼ਬਰੀ ਪੱਟਾ ਪਾ ਕੇ ਉਥੇ
ਰੱਖਿਆ ਹੋਇਆ ਸੀ । ਸਾਰਾ ਸਾਰਾ ਦਿਨ ਰੋਂਦਾ ਰਹਿੰਦਾ ਸੀ।
ਉਸਦੇ ਇਲਾਜ ਵਾਸਤੇ ਅਸੀਂ ਉਸਨੂੰ ਡਾਕਟਰ ਕੋਲ
ਵੀ ਲੈ ਕੇ ਗਏ। ਉਸਦਾ ਕਾਫੀ ਇਲਾਜ ਵੀ ਕਰਵਾਇਆ ਪਰ ਉਸਦੀ ਬਿਮਾਰੀ ਅੱਗੇ ਸਾਡੀ ਕੋਈ
ਪੇਸ਼ ਨਹੀਂ ਗਈ । ਕੁਝ ਹੀ ਦਿਨਾਂ ਬਾਦ ਡੱਬੂ ਸਾਨੂੰ ਛੱਡ ਕੇ ਹਮੇਸ਼ਾਂ ਲਈ ਦੁਨੀਆਂ
ਤੋਂ ਰੁਖਸਤ ਹੋ ਗਿਆ। ਸਾਡਾ ਸਾਰਾ ਟੱਬਰ ਉਸਦੇ ਚਲੇ ਜਾਣ ਤੇ ਬਹੁਤ ਰੋਇਆ। ਬਹੁਤ
ਪਛਤਾਇਆ। ਵਾਰ ਵਾਰ ਇਹ ਖਿਆਲ ਆਏ ਕਿ ਡਬੂ ਦੀ ਮੌਤ ਦੇ ਅਸੀਂ ਹੀ ਜਿੰਮੇਵਾਰ ਹਾਂ।
ਨਾ ਉਸਨੂੰ ਘਰੋਂ ਬਾਹਰ ਭੇਜਦੇ ! ਨਾ ਉਹ ਜਨਮ ਭੋਂਏ ਦੇ ਮੌਹ ‘ਚ ਇੰਨਾ ਬਿਮਾਰ
ਹੁੰਦਾ । ਸ਼ਾਇਦ ਇੰਨੀ ਛੇਤੀ ਮਰਦਾ ਵੀ ਨਾ! ਅੱਜ ਵੀ ਡੱਬੂ ਨੂੰ ਯਾਦ ਕਰਕੇ ਅੱਖਾਂ
ਚੋਂ ਹੰਝੂ ਆਪ ਮੁਹਾਰੇ ਆ ਜਾਂਦੇ ਹਨ। |