WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)


ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਪੰਜਾਬੀ ਜ਼ਬਾਨ
ਅਫ਼ਜ਼ਲ ਤੌਸੀਫ਼

ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਦਸ ਕਰੋੜ ਪੰਜਾਬੀਆਂ ਵਿਚ ਪੰਜਾਬੀ ਜ਼ਬਾਨ ਨੂੰ ਬਚਾਉਣ ਲਈ ਅਜੇ ਕੋਈ ਲਹਿਰ ਪੈਦਾ ਨਹੀਂ ਹੋਈ

ਅਜਬ ਗੱਲ ਏ, ਕਲਾਸੀਕਲ ਦੌਰ ਦੀ ਭਰਪੂਰ ਜ਼ਬਾਨ ਪੰਜਾਬੀ, ਤਰੱਕੀ ਦੇ ਦੌਰ ਵਿਚ ਆ ਕੇ ਅਧੂਰੀ ਰਹਿ ਗਈ। ਇਸ ਪਛੜੇਪਨ ਦੇ ਕਾਰਨ ਬਹੁਤ ਸਾਰੇ ਨੇ। ਪਹਿਲਾ ਕਾਰਨ ਤਾਂ ਪੰਜਾਬ ਦੀ ਤਕਸੀਮ ਏ। ਦੂਜਾ, ਹਕੂਮਤਾਂ ਤੇ ਹੁਕਮਰਾਨਾਂ ਦਾ ਗ਼ੈਰ-ਜਮਹੂਰੀ ਤੇ ਅਵਾਮੀ ਕਲਚਰ ਵਿਰੋਧੀ ਰਵੱਈਆ। ਆਮ ਪੰਜਾਬੀ ਸਿਆਸਤ-ਬਾਜ਼ਾਂ ਦੀ ਗੰਦੀ ਸਿਆਸਤ ਤੇ ਘਟੀਆਪਨ ਦਾ ਅਹਿਸਾਸ, ਅਵਾਮ ਨੂੰ ਬੇਅਖ਼ਤਿਆਰ ਤੇ ਅਣਪੜ੍ਹ ਰੱਖਣ ਦੀ ਪਾਲਿਸੀ, ਪੰਜਾਬੀ ਬੰਦੇ ਦਾ ਕੰਪਲੈਕਸ ਕਿ ਉਹ ਆਪਣੀ ਪਛਾਣ ਪੰਜਾਬ ਤੋਂ ਕਿਤੇ ਬਾਹਰ ਲੱਭਦਾ, ਕਦੇ ਮੱਕੇ-ਮਦੀਨੇ ਜਾਂਦਾ, ਕਦੀ ਦਿੱਲੀ, ਬੁਖ਼ਾਰੇ, ਕਦੇ ਅਮਰੀਕਾ, ਕੈਨੇਡਾ। ਉਹ ਤੇ ਗ਼ਨੀਮਤ ਏ, ਸਿੱਖ ਮਜ਼੍ਹਬ ਦਾ ਜੋੜ ਪੰਜਾਬ ਨਾਲ ਜੁੜਦਾ ਏ, ਗੁਰੂ ਗ੍ਰੰਥ ਸਾਹਿਬ ਪੰਜਾਬੀ ਵਿਚ ਏ। ਨਹੀਂ ਤਾਂ ਅੱਜ ਪੰਜਾਬੀ ਕਿਤੇ ਨਾ ਲੱਭਦੀ।
ਵੱਡੇ ਤੇ ਅਸਲੀ ਪੰਜਾਬ ਵਿਚ ਹੀਰ ਲਿਖੀ ਗਈ। ਗ੍ਰੰਥ ਸੰਪਾਦਿਤ ਹੋਇਆ ਪਰ ਅੱਜ ਦੀ ਹਾਲਤ : ਮੁਲਕ ਦੀ 62 ਫੀਸਦੀ ਆਬਾਦੀ ਪੰਜਾਬੀ ਪਰ ਪੰਜਾਬੀ ਸਕੂਲ ਇਕ ਵੀ ਨਹੀਂ। ਪੰਜਾਬੀ ਬੋਲੀ ਨਾ ਤਾਲੀਮ ਵਿਚ ਤੇ ਨਾ ਦਫ਼ਤਰ ਵਿਚ। ਸ਼ਹਿਰੀ ਆਬਾਦੀ ਅੰਗਰੇਜ਼ੀ, ਉਰਦੂ ਬੋਲਦੀ, ਪੰਜਾਬੀ ਨੂੰ ਦਿਹਾਤੀ (ਪੇਂਡੂ) ਬੋਲੀ ਸਮਝਦੀ ਏ। ਬਾਬੂ-ਸ਼ਾਹੀ ਤਬਕਾ ਉਰਦੂ ਲਿਖਦਾ-ਪੜ੍ਹਦਾ ਏ। 21ਵੀਂ ਸਦੀ ਦੇ ਜਮਹੂਰੀ ਹੱਕ ਤੇ ਤਰੱਕੀ ਦੇ ਰਸਤੇ ਪੰਜਾਬੀ ਅਵਾਮ ਤੇ ਜ਼ਬਾਨ ਵਾਸਤੇ ਬੰਦ ਹੋ ਚੁੱਕੇ ਨੇ। ਅੱਜ ਹਾਲਤ ਇਹ ਹੈ ਕਿ ਇਸ ਸ਼ਾਨਦਾਰ ਪਿਛੋਕੜ ਤੇ ਖਿਲਾਰ ਰੱਖਣ ਵਾਲੀ ਜ਼ਬਾਨ ਦਾ ਨਾਂਅ ਉਨ੍ਹਾਂ ਜ਼ਬਾਨਾਂ ਦੇ ਨਾਲ ਲਿਖ ਦਿੱਤਾ ਗਿਆ ਏ, ਜਿਹੜੀਆਂ ਫ਼ਨਾਹ ਦੇ ਖ਼ਤਰੇ ਵਿਚ ਆ ਚੁੱਕੀਆਂ ਨੇ। ਹੋਰਾਂ ਤੋਂ ਇਲਾਵਾ ਡਾ: ਡੈਨਿਸ ਐਲ. ਮੈਲੋਨ, ਜੋ ਇਕ ਅੰਤਰਰਾਸ਼ਟਰੀ ਪੜ੍ਹਤਾ ਸਲਾਹਕਾਰ ਹੈ, ਨੇ ਦੁਨੀਆ ਦੀਆਂ ਜਿਨ੍ਹਾਂ ਜ਼ਬਾਨਾਂ ’ਤੇ ਨਿਸ਼ਾਨ ਲਾਇਆ ਏ, ਜਿਹੜੀਆਂ ਫਨਾਹ ਹੋਣ ਵਾਲੀਆਂ ਨੇ, ਉਨ੍ਹਾਂ ਵਿਚ ਪੰਜਾਬੀ ਵੀ ਏ। ਇਨ੍ਹਾਂ ਬੋਲੀਆਂ ਦੇ ਖ਼ਤਮ ਹੋਣ ਦੇ ਕਈ ਕਾਰਨ ਨੇ। ਇਕ ਤਾਂ ਖੇਤ ਨੂੰ ਵਾੜ ਖਾ ਜਾਣ ਵਾਲੀ ਗੱਲ ਏ। ਦੂਜਾ ਪੜ੍ਹਤਾ (ਲ਼ਟਿੲਰੳਚੇ) ਦੀ ਤਾਕਤ ਦਾ ਘਟ ਜਾਣਾ। ਤੀਜਾ, ਨਵੀਂ ਲੱਫ਼ਾਜ਼ੀ ਸ਼ਬਦਾਵਲੀ ਦਾ ਪੈਦਾ ਨਾ ਹੋਣਾ।
ਅਫਸੋਸ ਦੀ ਗੱਲ ਏ, ਇਨ੍ਹਾਂ ਜ਼ਬਾਨਾਂ ਵਿਚ ਪੰਜਾਬੀ ਦਾ ਨਾਂਅ ਵੀ ਏ। ਪਾਕਿਸਤਾਨ ਵਾਲੇ ਪੰਜਾਬ ਵਿਚ ਜ਼ਬਾਨ ਦੀ ਮੌਤ ਹੋ ਰਹੀ ਏ। ਬੂਟਾ ਉਤੋਂ ਸੁੱਕ ਜਾਵੇ ਤਾਂ ਜੜ੍ਹ ਵੀ ਸੁੱਕ ਜਾਂਦੀ ਏ। ਅਗਲੀਆਂ ਨਹੀਂ, ਅੱਜ ਦੀਆਂ ਨਸਲਾਂ ਨੂੰ ਪੰਜਾਬੀ ਨਹੀਂ ਆਉਂਦੀ ਤਾਂ ਉਹ ਪਿਛਲੇ ਕਲਾਸਿਕਸ ਕਿਸ ਤਰ੍ਹਾਂ ਪੜ੍ਹਨਗੇ। ਵਾਰਿਸ ਨੇ ਲਾਵਾਰਸ ਹੋਣਾ ਈ ਹੋਣਾ ਏ। ਹਾਂ, ਪਰ ਕੁਝ ਆਸ ਚੜ੍ਹਦੇ ਪੰਜਾਬ ਦੇ ਤਾਲੀਮੀ ਅਦਾਰਿਆਂ ਵੱਲੋਂ ਬਣਦੀ ਏ ਪਰ ਇਥੇ ਵੀ ਸਭ ਕੁਝ ਠੀਕ ਨਹੀਂ। ਨਵੀਂ ਨਸਲ ਜੋ ਪੰਜਾਬੀ ਲਿਖ-ਪੜ੍ਹ ਰਹੀ ਏ, ਉਹ ਪੁਰਾਣੇ ਪੰਜਾਬੀ ਸੱਭਿਆਚਾਰ ਦੀ ਖੁਸ਼ਬੋ ਤੋਂ ਖਾਲੀ ਏ।
ਸਾਇੰਸ ਅਤੇ ਟੈਕਨਾਲੋਜੀ ਦੇ ਖੇਤਰਾਂ ਵਿਚ ਏਸ਼ੀਆ ਦੀਆਂ ਸਾਰੀਆਂ ਜ਼ਬਾਨਾਂ ਪਿੱਛੇ ਰਹਿ ਗਈਆਂ ਨੇ। ਪੰਜਾਬੀ ਤਾਂ ਬਿਲਕੁਲ ਈ, ਕਿਉਂ ਜੋ ਸਾਇੰਸ, ਟੈਕਨਾਲੋਜੀ, ਜ਼ਮੀਨੀ, ਖਲਾਈ ਤੇ ਸਮੁੰਦਰੀ ਜੋ ਵੀ ਜਿਸ ਮੁਲਕ ਵਿਚ ਤਰੱਕੀ ਕਰਦੀ ਏ, ਉਸੇ ਇਲਾਕੇ ਦੀ ਜ਼ਬਾਨ ਨੂੰ ਨਵੀਂ ਟਰਮੀਨਾਲੋਜੀ ਤੇ ਲੱਫ਼ਾਜ਼ੀ ਦਾ ਖਜ਼ਾਨਾ ਲੱਭਦਾ ਏ। ਅੱਜ ਯੂਰਪੀਅਨ ਜ਼ਬਾਨਾਂ ਅਮੀਰ ਨੇ। ਕੱਲ੍ਹ ਪੂਰਬੀ ਜ਼ਬਾਨਾਂ ਕੋਲ ਇਲਮ ਦੀ ਅਮੀਰੀ ਸੀ। ਇਸੇ ਕਰਕੇ ਅੱਜ ਏਸ਼ੀਆਈ ਮੁਲਕਾਂ ਵਿਚ ਅੰਗਰੇਜ਼ੀ ਸਿੱਖਣ ਦੀ ਜ਼ਰੂਰਤ ਵਧ ਰਹੀ ਏ। ਇਹ ਅਜੇ ਕੱਲ੍ਹ ਦੀ ਗੱਲ ਏ ਜਦੋਂ ਸੋਵੀਅਤ ਰੂਸ ਖਿਲਾਈ ਖੋਜ ਵਿਚ ਅੱਗੇ ਨਿਕਲ ਗਿਆ ਸੀ ਤਾਂ ਅਮਰੀਕੀਆਂ ਨੂੰ ਰੂਸੀ ਜ਼ਬਾਨ ਸਿੱਖਣ ਦੀ ਲੋੜ ਪੈ ਗਈ ਸੀ।
ਅਸਲ ਵਿਚ ਵੀਹਵੀਂ ਸਦੀ ਜ਼ਬਾਨਾਂ ਦੇ ਤਰੱਕੀ ਕਰਨ ਦੀ ਸਦੀ ਸੀ। ਇਹੋ ਸਦੀ ਜ਼ਵਾਲ (ਪਤਨ) ਦੀ ਸਦੀ ਵੀ ਰਹੀ। ਸਾਇੰਸ ਨਾਲ ਜੁੜੀ ਟਰਮੀਨਾਲੋਜੀ ਨੂੰ ਦੇਸੀ ਜ਼ਬਾਨਾਂ ਨੇ ਵੀ ਅਪਣਾਇਆ ਪਰ ਪੰਜਾਬੀ ਦਾ ਪਤਨ ਹੋਇਆ ਜਦ ਕਿ ਇੰਡੋ-ਪਾਕਿਸਤਾਨ ਦੀਆਂ ਹੋਰ ਜ਼ਬਾਨਾਂ ਨੇ ਤਰੱਕੀ ਕੀਤੀ। ਆਹਲਾ ਦਰਜੇ ਦਾ ਅਦਬ, ਆਹਲਾ ਦਰਜੇ ਦੀ ਪੜ੍ਹਾਈ, ਖੋਜ, ਟੈਕਨਾਲੋਜੀ ਦੇ ਸਾਂਚੇ ਬਣੇ। ਜ਼ਬਾਨ ਬਣਨ ਦਾ ਇਕ ਅਮਲ ਵੀ ਹੁੰਦਾ ਏ। ਮੈਂ ਉਸ ਅਮਲ ਨੂੰ ਕਿਧਰੇ ਹੋਰ ਨਹੀਂ, ਆਪਣੇ ਸੂਬਾ ਸਿੰਧ ਵਿਚ ਵੇਖਿਆ। ਸਿੰਧ ਲੈਂਗੂਏਜ਼ ਅਥਾਰਿਟੀ ਜਾਮ ਸ਼ੋਰੋ ਯੂਨੀਵਰਸਿਟੀ ਦੇ ਨਾਲ ਇਕ ਸ਼ਾਨਦਾਰ ਅਦਾਰਾ ਏ। ਸਿੰਧੀ ਜ਼ਬਾਨ ਵਿਚ ਉ¤ਚ ਪੱਧਰ ਦੀ ਖੋਜ, ਵਿੱਦਿਆ, ਨਵੇਂ ਇਲਮ ਤੇ ਅਦਬ ਦੀ ਸਿਰਜਨਾ ਵਾਸਤੇ ਸਾਂਚੇ ਬਣਾਏ ਜਾ ਰਹੇ ਨੇ। ਪਿਛਲੇ 40 ਕੁ ਸਾਲਾਂ ਤੋਂ ਕੰਮ ਕਰਦਾ ਉਹ ਅਦਾਰਾ ਜ਼ਮਾਨਤ ਏ ਕਿ ਸਿੰਧੀ ਬੋਲੀ ਜੀਵੇਗੀ, ਤਰੱਕੀ ਕਰੇਗੀ, ਭਾਵੇਂ ਉਰਦੂ ਬੋਲਣ ਵਾਲਿਆਂ ਦੀ ਆਬਾਦੀ ਬਹੁਤ ਵਧ ਗਈ ਹੈ। ਸ਼ਹਿਰਾਂ ਉ¤ਤੇ ਉਰਦੂ ਦਾ ਕਬਜ਼ਾ ਹੋ ਗਿਆ ਏ ਪਰ ਉਰਦੂ ਜਾਂ ਉਰਦੂ-ਭਾਸ਼ੀ ਲੋਕ ਕਿਸੇ ਤਰ੍ਹਾਂ ਵੀ ਸਿੰਧੀ ਨੂੰ ਢਾਹ ਨਹੀਂ ਸਕਦੇ ਜਦ ਕਿ ਵੱਡੇ ਪੰਜਾਬ ਦੀ ਪੰਜਾਬੀ ਦੋਵਾਂ ਪਾਸਿਆਂ ਤੋਂ ਮਾਰੀ ਗਈ। ਆਮ ਪੰਜਾਬੀਆਂ ਨੇ ਆਪਣੀ ਬੋਲੀ ਨੂੰ ਉਸੇ ਤਰ੍ਹਾਂ ਬੇਇੱਜ਼ਤ ਕੀਤਾ, ਜਿਸ ਤਰ੍ਹਾਂ ਵੰਡ ਵੇਲੇ ਪੰਜਾਬਣ ਨੂੰ ਕੀਤਾ ਗਿਆ ਸੀ। ਉਤੋਂ ਪੰਜਾਬੀ-ਵਿਰੋਧੀ ਹਕੂਮਤਾਂ ਨੇ ਢਾਹ ਲਾਈ। ਪੰਜਾਬੀ ਅਫਸਰਸ਼ਾਹੀ ਤੇ ਆਮ ਲਿਖਾਰੀ ਵੀ ਘਟੀਆਪਨ ਦੇ ਅਹਿਸਾਸ ਦਾ ਸ਼ਿਕਾਰ ਹਨ। ਅੱਜ ਤੋਂ ਨਹੀਂ, ਸਦਾ ਤੋਂ। ਇਕਬਾਲ ਤੋਂ ਲੈ ਕੇ ਫ਼ੈਜ਼ ਅਤੇ ਹਬੀਬ ਜਾਲਬ ਤਾਈਂ, ਇਧਰ ਅਫ਼ਸਾਨੇ ਵੱਲ ਕ੍ਰਿਸ਼ਨ ਚੰਦਰ ਤੋਂ ਲੈ ਕੇ ਮੰਟੋ ਤਾਈਂ, ਅਹਿਮਦ ਨਦੀਮ ਕਾਸਮੀ ਤੋਂ ਲੈ ਕੇ ਅਸ਼ਫ਼ਾਕ ਅਹਿਮਦ ਤੋੜੀ, ਉਰਦੂ ਹੀ ਲਿਖਦੇ ਰਹੇ। ਉਹਦੀ ਇਕ ਵਜ੍ਹਾ ਇਹ ਵੀ ਹੈ ਕਿ ਪੰਜਾਬੀ ਅਦਬ ਦੀ ਛਪਾਈ ਬੜੀ ਮਹਿੰਗੀ ਤੇ ਮੁਸ਼ਕਿਲ ਕੰਮ ਏ। ਉਤੋਂ ਪਾਠਕ ਵੀ ਕੋਈ ਨਹੀਂ। ਕਦਰ ਵੀ ਕੋਈ ਨਹੀਂ।
ਪੰਜਾਬੀ ਜ਼ਬਾਨ ਤੇ ਸੱਭਿਆਚਾਰ ਵਾਸਤੇ ਆਖਰੀ ਆਸ ਪਟਿਆਲਾ ਯੂਨੀਵਰਸਿਟੀ ਤੇ ਹੋਰ ਅਦਾਰੇ ਨੇ। ਪਿਛਲੇ ਪੰਜਾਹ ਵਰ੍ਹੇ ਦੁਨੀਆ ਦੀ ਤਰੱਕੀ ਇਕ ਰਿਕਾਰਡ ਏ। ਰਿਕਾਰਡ ’ਤੇ ਪੰਜਾਬੀ ਦਾ ਨਾਂਅ ਜੇ ਕਿਤੇ ਹੈ ਤਾਂ ਚੜ੍ਹਦੇ ਪੰਜਾਬ ਨੇ ਲਿਖਿਆ ਏ। ਇਥੇ ਤਾਲੀਮੀ ਅਦਾਰਿਆਂ ਵੀ ਕੰਮ ਕੀਤਾ, ਲਿਖਾਰੀਆਂ ਵੀ ਤੇ ਸਕਾਲਰਾਂ ਵੀ ਆਪਣਾ ਹਿੱਸਾ ਪਾਇਆ ਪਰ ਇਥੇ ਵੀ ਪੰਜਾਬੀ ਜ਼ਬਾਨ ਵਿਚ ਬਹੁਤ ਸਾਰਾ ਪ੍ਰਦੂਸ਼ਣ ਆ ਚੁੱਕਾ ਹੈ। ਪੰਜਾਬੀ ਆਬਾਦੀ ਘਟ ਰਹੀ ਹੈ। ਪਰਵਾਸੀਆਂ ਦੀ ਰਫ਼ਤਾਰ ਤੇਜ਼ ਏ। ਗ਼ੈਰ-ਪੰਜਾਬੀ ਆਬਾਦਕਾਰ ਤੇਜ਼ੀ ਨਾਲ ਪੰਜਾਬ ਆ ਰਹੇ ਨੇ। ਹੋ ਸਕਦਾ ਏ, ਕਿਸੇ ਦਿਨ ਪੰਜਾਬੀ ਬੋਲਣ ਵਾਲੇ ਬਹੁਤ ਥੋੜ੍ਹੇ ਰਹਿ ਜਾਣ। ਹਿੰਦੀ ਦਾ ਜ਼ੋਰ ਹੋਵੇ ਤੇ ਪੰਜਾਬੀ ਅਵਾਮ ਦੀ ਥਾਂ ਬਿਹਾਰੀ ਕੌਮ ਵੱਸ ਜਾਏ। ਪੰਜਾਬੀ ਬੋਲੀ ਸਿਰਫ਼ ਆਬ ਜ਼ਮ-ਜ਼ਮ ਜਾਂ ਗੰਗਾ-ਜਲੀ ਬਣ ਕੇ ਰਹਿ ਜਾਏ। ਗ਼ਲਤਫ਼ਹਿਮੀ ਜਾਂ ਖੁਸ਼ਫ਼ਹਿਮੀ, ਪੰਜਾਬੀ ਕੈਨੇਡਾ ਵਿਚ ਰਹੇਗੀ, ਨਿਊਜ਼ੀਲੈਂਡ ਤੇ ਇੰਗਲੈਂਡ ਵਿਚ ਤਰੱਕੀ ਕਰੇਗੀ। ਪੰਜਾਬੀ ਸ਼ੇਖਚਿਲੀ ਦੀਆਂ ਬੜ੍ਹਕਾਂ ਨੇ। ਨਾ ਸੁਣੋ ਤਾਂ ਚੰਗਾ ਏ। ਇਸੇ ਤਰ੍ਹਾਂ ਲਹਿੰਦੇ ਪੰਜਾਬ ਵਿਚ ਜਿਥੇ ਬੱਚਾ-ਬੱਚਾ ਉਰਦੂ ਬੋਲਦਾ, ਉਰਦੂ ਜਾਂ ਅੰਗਰੇਜ਼ੀ ਪੜ੍ਹਦਾ-ਲਿਖਦਾ ਏ ਪਰ ਮਸਖਰਾ ਕਹਿੰਦਾ ਦੋ-ਚਾਰ ਕਰ ਲਓ, ਦੋ-ਚਾਰ ਕਾਨਫ਼ੰਰਸਾਂ ਤੇ ਇਕ ਇਮਾਰਤ ਉ¤ਤੇ ਪੰਜਾਬੀ ਦੀ ਤਰੱਕੀ ਦਾ ਬੋਰਡ ਲਾ ਦਿਓ, ਸਭ ਠੀਕ ਹੋ ਜਾਏਗਾ। ਅਜਿਹੇ ਮਸਖਰਿਆਂ ਦੀਆਂ ਗੱਲਾਂ ਸੁਣ ਕੇ ਮੈਂ ਬਲੋਚਿਸਤਾਨ ਤੋਂ ਆਈ ਸਾਂ। ਪੰਜਾਬੀ ਬੋਲੀ ਵਿਚ ਅੱਠ-ਦਸ ਕਿਤਾਬਾਂ ਲਿਖ ਮਾਰੀਆਂ। ਅੱਜ ਉਹ ਕਿਤਾਬਾਂ ਚੜ੍ਹਦੇ ਪੰਜਾਬ ’ਚ ਪੜ੍ਹੀਆਂ ਜਾ ਰਹੀਆਂ ਨੇ। ਉਧਰ ਵੱਡੇ ਪੰਜਾਬ ਦੇ ਪੰਜਾਬੀ ਅਦਾਰੇ ਦੀ ਡੀ. ਜੀ. ਡਾਇਰੈਕਟਰ ਜਾਂ ਕਾਨਫ਼ਰੰਸ ਦੇ ਸਦਰ (ਪ੍ਰਧਾਨ) ਹੋਰੀਂ ਬਿਲਕੁਲ ਨਹੀਂ ਜਾਣਦੇ ਉਨ੍ਹਾਂ ਕਿਤਾਬਾਂ ਦੇ ਨਾਂਅ ਕੀ ਨੇ। ਫਿਰ ਵੀ ਕੁਝ ਸ਼ਹੀਦ ਹੈਗੇ ਨੇ ਜੋ ਆਪਣਾ ਲਹੂ ਸਿੰਜ ਕੇ ਪੰਜਾਬੀ ਕਿਤਾਬ ਛਪਵਾਉਂਦੇ ਨੇ।
ਇਸ ਤਰ੍ਹਾਂ ਕਿਉਂ ਹੋਇਆ? ਪਹਿਲੀ ਵਜ੍ਹਾ, ਜਮਹੂਰੀਅਤ ਦਾ ਨਾ ਹੋਣਾ। ਦੂਜੀ ਵਜ੍ਹਾ, ਪੰਜਾਬੀ ਦਾ ਹੀਣ-ਭਾਵ ਤੇ ਸ਼ਾਹ-ਪ੍ਰਸਤੀ। ਅਵਾਮ ਦੀ ਜ਼ਬਾਨ ਤੇ ਸੱਭਿਆਚਾਰ ਦੀ ਤਰੱਕੀ ਵਾਸਤੇ ਜਮਹੂਰੀ ਕਦਰਾਂ ਤੇ ਰੌਸ਼ਨ ਸਮਾਜ ਚਾਹੀਦਾ ਏ। ਆਪਣੀ ਤਾਰੀਖ਼ ਦੀ ਜਾਣਕਾਰੀ ਤੇ ¦ਮੀਆਂ ਜੜ੍ਹਾਂ ਨਾਲ ਜੋੜ ਤੇ ਮਾਣ ਚਾਹੀਦਾ ਏ।
ਆਖਰੀ ਤੇ ਜ਼ਰੂਰੀ ਗੱਲ-ਅਜੋਕੇ ਪੰਜਾਬੀ ਅਦਬ ਵਿਚ ਇਕ ਪਸਮਾਂਦਗੀ ਏ। ਨਵੇਂ ਪੰਜਾਬੀ ਤਜਰਬੇ ਨਾ ਹੋਣ ਦੇ ਬਰਾਬਰ ਨੇ। ਕਿਤੇ ਹਿੰਦੀ, ਕਿਤੇ ਅੰਗਰੇਜ਼ੀ, ਕਿਤੇ ਉਰਦੂ ਦੇ ਪਰਛਾਵੇਂ। ਅਦਬ ਲੋਕਾਂ ਤਾਈਂ ਨਹੀਂ ਪੁੱਜਾ ਤੇ ਅਵਾਮ ਦੀ ਰਸਾਈ ਅਦਬ ਤੋੜੀ ਨਹੀਂ ਹੋ ਸਕੀ। ਮੱਧ ਵਰਗ ਜਾਂ ਨਿਮਨ ਮੱਧ ਵਰਗ, ਤਾਕਤਵਰ ਤੇ ਤਾਜ਼ਾ ਅਦਬ ਪੈਦਾ ਈ ਨਹੀਂ ਕਰ ਸਕਿਆ। ਪਛੜੇ ਹੋਏ ਅਵਾਮ ਵੀ ਕੀ ਕਰ ਸਕਦੇ ਨੇ। ਇਕ ਬਹੁਤ ਖਾਸ ਗੱਲ ਧਿਆਨ ਦੇਣ ਵਾਲੀ, ਪੰਜਾਬੀ ਅਦੀਬ ਸਿਰਫ਼ ਮਸਲਿਆਂ ’ਤੇ ਲਿਖਦੇ ਨੇ ਪਰ ਮਸਲੇ ਪੈਦਾ ਕਰਨ ਵਾਲੇ ਕਾਰਨਾਂ ਬਾਰੇ ਨਹੀਂ ਲਿਖਦੇ। ਮਸਲੇ ਤੇ ਮਸਲੇ ਦੇ ਕਾਰਨਾਂ ਨੂੰ ਅਦਬ ਵਿਚ ਢਾਲ ਦੇਣਾ ਵੱਡੀ ਕਾਰੀਗਰੀ ਹੁੰਦੀ ਏ। ਮੱਧ ਵਰਗੀ ਅਦਬ ਵਿਚ ਹਕੂਮਤ-ਪ੍ਰਸਤੀ, ਮੌਕਾ-ਪ੍ਰਸਤੀ, ਮਜ਼੍ਹਬ-ਪ੍ਰਸਤੀ ਤੇ ਅੱਧੀ ਅੱਖ ਦਾ ਚਾਨਣ ਈ ਹੁੰਦਾ ਏ।
ਪੰਜਾਬੀ ਸਾਹਿਤ ਤੇ ਸ਼ਾਇਰੀ ਦੀ ਵੱਡੀ ਕਮਜ਼ੋਰੀ, ਉਹਦਾ ਓਪਰਾ ਅਤੇ ਇਕ-ਪਰਤੀ ਹੋਣਾ ਹੈ। ਇਹ ਗੱਲ ਉਰਦੂ, ਹਿੰਦੀ, ਸਾਹਿਤ ਵਿਚ ਵੀ ਆ ਚੁੱਕੀ ਏ। ਅਜਿਹਾ ਅਦਬ-ਧਾਰਾ ਪੜ੍ਹ ਕੇ ਜੀਵਨ ਦੀ ਦੂਜੀ ਪਰਤ ਨਹੀਂ ਖੁੱਲ੍ਹਦੀ। ਲਿਖਣ ਵਾਲਾ ਤਾਕਤਵਰ ਨਹੀਂ, ਲਾਚਾਰ ਲਗਦਾ ਏ। ਉਹਦੇ ਕੋਲ ਉ¤ਚੀ ਇਖ਼ਲਾਕੀ ਤਾਕਤ ਨਹੀਂ। ਉਹ ਜੱਦੋ-ਜਹਿਦ ਵਾਲੇ ਪਿੜ ਦਾ ਲੜਾਕਾ ਨਹੀਂ, ਕਿਸੇ ਪੁਰਾਣੇ ਮਜ਼ਾਰ ਦਾ ਮਜੌਰ ਜਿਹਾ ਬਣ ਜਾਂਦਾ ਏ, ਜਿਹਦੇ ਵਿਚ ਲਹਿੰਦੇ ਪੰਜਾਬ ਦਾ ਪੰਜਾਬੀ ਸ਼ਾਇਰ ਵਾਰਿਸ, ਬੁੱਲ੍ਹੇ ਦੀ ਕਬਰ ਦਾ ਮਜੌਰ ਹੋਣ ਤੇ ਰਾਜ਼ੀ ਏ। ਇਨ੍ਹਾਂ ਬਾਰੇ ਅਯਾਜ਼ ਕਹਿੰਦਾ ਏ : ਸੱਸੀ ਦੇ ਪਾਟੇ ਚੋਲੇ ਦੀਆਂ ਲੀਰਾਂ ਜ਼ਖ਼ਮਾਂ ’ਤੇ ਬੰਨ੍ਹ ਕੇ ‘ਸਿਹਤ’ ਪਿਆਲੇ ਪੀ ਬੈਠੇ ਨੇ। ਅੱਜ ਦੇ ਪੰਜਾਬੀ ਸ਼ਾਇਰ ਵੇਲੇ ਤੋਂ ਪਿੱਛੇ ਨੇ।
ਅੱਜ ਤਾਂ ਨਿਰੀ ਸ਼ਾਇਰੀ ਤੇ ਗਲਪ ਦੀ ਗੱਲ ਵੀ ਨਹੀਂ ਰਹੀ। ਸਾਰੇ ਇਲਮ ਨੂੰ ਇਕ ਚੁਣੌਤੀ ਏ, ਕਿਉਂ ਜੋ ਅੱਜ ਦਾ ਸੱਭਿਅਚਾਰ ਸਾਇੰਸ ਟੈਕਨਾਲੋਜੀ ਦਾ ਸੱਭਿਆਚਾਰ ਏ। ਇਸ ਵੇਲੇ ਹਰ ਜ਼ਬਾਨ ਨੂੰ ਤਰੱਕੀ ਦੀ ਲੋੜ ਏ; ਨਹੀਂ ਤਾਂ ਆਉਟ-ਡੇਟਿਡ ਹੋ ਜਾਣ ਦਾ ਖ਼ਤਰਾ ਏ। ਇਕ ਜ਼ਮਾਨਾ ਸੀ ਜਦੋਂ ਅਮਰੀਕਾ ਨੇ ਰੂਸੀ ਜ਼ਬਾਨ ਸਿੱਖੀ, ਅੱਜ ਚੀਨੀ ਅੰਗਰੇਜ਼ੀ ਸਿੱਖ ਰਿਹਾ ਏ। ਪੰਜਾਬੀ ਨੂੰ ਤਾਂ ਬਹੁਤ ਕੁਝ ਨਵਾਂ ਚਾਹੀਦਾ ਏ। ਇਸ ਚੁਣੌਤੀ ਦਾ ਸਾਹਮਣਾ ਕਿਸ ਤਰ੍ਹਾਂ ਕਰਨਾ ਏ? ਸਿਰਫ਼ ਚੜ੍ਹਦਾ ਪੰਜਾਬ ਈ ਫ਼ੈਸਲਾ ਕਰ ਸਕਦਾ ਏ। ਲਹਿੰਦੇ ਪੰਜਾਬ ਦੀ ਬੋਲੀ ਨੂੰ ਤਾਂ ਹੋਰ ਚੁਣੌਤੀ ਏ, ਫਨਾਹ ਤੋਂ ਕਿਸ ਤਰ੍ਹਾਂ ਬਚਣਾ ਏ। ਦੋਵੇਂ ਪੰਜਾਬ ਰਲ ਕੇ ਸ਼ਾਇਦ ਕੁਝ ਕਰ ਸਕਣ। ਪਰ ਹਾਲ ਦੀ ਘੜੀ ਤਾਂ ਕੋਈ ਕਦਮ ਚੁੱਕਿਆ ਨਹੀਂ ਗਿਆ। ਸਿਰਫ਼ ਸੋਚਿਆ ਜਾ ਰਿਹਾ ਏ। ਸੋਚਣ ਦੇ ਇਸ ਢੰਗ ਤੋਂ ਸ਼ਾਇਦ ਕੋਈ ਸੰਤੁਸ਼ਟ ਵੀ ਹੋਵੇ ਪਰ ਮੈਂ ਨਹੀਂ; ਕਿਉਂ ਜੋ ਮੈਂ ਵੱਡੇ ਪੰਜਾਬ ਵਿਚ ਪੰਜਾਬੀ ਜ਼ਬਾਨ ਦਾ ਖ਼ਾਤਮਾ ਸਾਫ਼-ਸਾਫ਼ ਦੇਖ ਸਕਦੀ ਹਾਂ; ਕਿਉਂ ਜੋ ਦਸ ਕਰੋੜ ਪੰਜਾਬੀਆਂ ਵਿਚ ਆਪਣੀ ਮਾਂ ਬੋਲੀ ਨੂੰ ਬਚਾਉਣ ਲਈ ਅਜੇ ਕੋਈ ਲਹਿਰ ਪੈਦਾ ਨਹੀਂ ਹੋਈ, ਸਰਕਾਰਾਂ ਗ਼ੈਰ-ਅਵਾਮੀ, ਗ਼ੈਰ-ਜਮਹੂਰੀ। ਪੰਜਾਬ ਨੂੰ ਇਸ ਧਰਤੀ ਦਾ ਮਾਣ ਦੇਣ ਵਾਲੇ ਇਕ ਫ਼ੀਸਦੀ ਵੀ ਨਹੀਂ। ਤਰੈਅ ਨਸਲਾਂ ਦੇ ਬੱਚੇ ਪੰਜਾਬੀ ਜ਼ਬਾਨ ਪੜ੍ਹ ਈ ਨਹੀਂ ਸਕੇ। ਅੱਗੋਂ ਕੋਈ ਆਸ ਨਹੀਂ, ਦੂਜੀ ਭਾਸ਼ਾ ਬਣ ਜਾਵੇ, ਆਸ ਨਹੀਂ।
ਕੋਈ ਜ਼ਬਾਨ ਕਿਸ ਤਰ੍ਹਾਂ ਜ਼ਿੰਦਾ ਰਹਿੰਦੀ ਏ? ਕਿਸ ਤਰ੍ਹਾਂ ਤਰੱਕੀ ਕਰਦੀ ਏ? ਪਾਕਿਸਤਾਨ ਵੱਲ ਦਾ ਪੰਜਾਬੀ ਇਸ ਸ਼ਊਰ ਤੋਂ ਖਾਲੀ ਏ। ਚੰਗੇ ਭਲੇ ਦਾਨਿਸ਼ਵਰ ਡੁਬਦੀ ਬੇੜੀ ਨੂੰ ਧਾਗਾ ਬੰਨ੍ਹ ਕੇ ਖਿੱਚ ਰਹੇ ਨੇ। ਮੇਲੇ, ਭੰਗੜੇ, ਜੁਗਤਾਂ ਜਾਂ ਚੜ੍ਹਦੇ ਲਹਿੰਦੇ ਪੰਜਾਬ ਦੇ ਫੇਰੇ। ਬੱਸ, ਏਨਾ ਈ ਕੰਮ ਹੋ ਰਿਹਾ ਏ। ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ ਬਚਾਉਣ ਵਾਸਤੇ ਆਖਰੀ ਗੱਲ ਨਹੀਂ; ਮਜ਼ਮੂਨ ਦੀ ਆਖਰੀ ਸਤਰ ਲਿਖ ਰਹੀ ਹਾਂ- ਵੰਡ ਦੀ ਛੁਰੀ ਨਾਲ ਵੱਢੇ ਹੋਏ ਪੰਜਾਬ ਨੂੰ ਆਪਣੀ ਪੂਰੀ ਤਾਰੀਖ ਨਾਲ ਜੁੜਨਾ ਚਾਹੀਦਾ ਏ।
ਪੰਜਾਬ ਦੀ ਤਵਾਰੀਖ਼ 1947 ਤੋਂ ਨਹੀਂ, ਨਾਨਕ ਦੀ ਪੈਦਾਇਸ਼ ਤੋਂ ਵੀ ਨਹੀਂ, ਇਸਲਾਮ ਦੀ ਆਮਦ ਤੋਂ ਵੀ ਨਹੀਂ, ਮਸੀਹ ਤੋਂ ਵੀ, ਬੁੱਧ ਜੈਨ ਬ੍ਰਾਹਮਣ ਤੋਂ ਵੀ ਨਹੀਂ, ਸਿਕੰਦਰ ਦੇ ਹਮਲੇ ਤੋਂ ਇਹ ਤਵਾਰੀਖ਼ ਹੜੱਪਾ ਮੋਹਿੰਜਦੋੜੋ ਦੇ ਦਰਾਵੜੀ ਜ਼ਮਾਨੇ ਤੋਂ ਸ਼ੁਰੂ ਹੁੰਦੀ ਏ। ਜੜ੍ਹ ਨਾਲੋਂ ਵੱਢੇ ਹੋਏ ਰੁੱਖ ਦੇ ਟਾਹਣ ਉ¤ਚੇ ਨਹੀਂ ਹੋ ਸਕਦੇ।


ਤੁਹਾਡੇ ਵਿਚਾਰਾਂ ਦਾ ਸੁਆਗਤ ਹੈ

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com