ਡੇਅਟਨ ਅਮਰੀਕਾ ਦੇ ਓਹਾਇਓ ਸੂਬੇ ਦਾ ਉਹ ਪ੍ਰਸਿਧ ਸ਼ਹਿਰ ਹੈ, ਜਿੱਥੇ ਹਵਾਈ ਜਹਾਜ
ਸਮੇਤ ਕਈ ਵਸਤੂਆਂ ਦੀ ਖੋਜ ਕੀਤੀ ਗਈ। ਇਸ ਨੂੰ ਜੇ ਖੋਜਾਂ ਦਾ ਸ਼ਹਿਰ ਕਿਹਾ ਜਾਵੇ
ਤਾਂ ਇਸ ਵਿਚ ਕੋਈ ਅਤਿਕਥਨੀ ਨਹੀ ਹੋਵੇਗੀ । ਇਥੋਂ ਦਾ ਹਵਾਈ ਫੋਜ ਦਾ ਏਅਰ ਫੋਰਸ
ਬੇਸ ਅਤੇ ਏਅਰ ਫੋਰਸ ਮਿਊਜਿਅਮ ਦੁਨੀਆ ਭਰ ਵਿਚ ਮਸ਼ਹੂਰ ਹਨ। ਮਿਊਜ਼ੀਅਮ ਨੂੰ ਵੇਖਣ
ਲਈ ਲੱਖਾਂ ਲੋਕ ਹਰ ਸਾਲ ਆਉਦੇ ਹਨ। ਇੱਥੇ ਇਕ ਆਲੀਸ਼ਾਨ ਮੰਦਰ ਵੀ ਹੈ, ਜਿਸ ਨੂੰ
ਇੱਥੇ ਹਿੰਦੂ ਟੈਂਪਲ ਆਫ ਡੇਅਟਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਓਹਾਇਓ ਸੂਬੇ
ਵਿਚ ਬਣਨ ਵਾਲਾ ਇਹ ਪਹਿਲਾ ਮੰਦਰ ਹੈ। 18 ਜੁਲਾਈ 2004 ਨੂੰ ਮੈਨੂੰ ਇਸ ਮੰਦਰ ਦੇ
ਦਰਸ਼ਨ ਕਰਨ ਦਾ ਮੌਕਾ ਮਿਲਿਆ। ਮੇਰੇ ਨਾਲ ਰਾਇਟ ਸਟੇਟ ਯੁਨੀਵਰਸਿਟੀ ਦੇ ਮੈਡੀਸਨ
ਵਿਭਾਗ ਦੇ ਪ੍ਰੋਫੈਸਰ ਡਾ. ਦਰਸ਼ਨ ਸਿੰਘ ਸਹਿਬੀ ਤੇ ਵਿਦਿਆਰਥੀ ਸ੍ਰੀ ਸਮੀਪ ਸਿੰਘ
ਸਨ। ਓਹਾਇਓ ਸੂਬੇ ਵਿਚ ਬਣਨ ਵਾਲਾ ਇਹ ਪਹਿਲਾ ਮੰਦਰ ਹੈ।
|
ਡਾ
ਚਰਨਜੀਤ ਸਿੰਘ ਗੁਮਟਾਲਾ (ਖੱਬੇ) ਅਤੇ ਡਾ. ਦਰਸ਼ਨ ਸਿੰਘ ਸਹਿਬੀ (ਸੱਜੇ) |
1973 ਵਿੱਚ ਭਾਰਤੀ ਮੂਲ ਦੇ 8 ਡਾਕਟਰਾਂ ਨੇ 60 ਏਕੜ ਜਮੀਨ ਖ੍ਰੀਦੀ, ਜਿਸ
ਵਿੱਚੋ 5 ਏਕੜ ਜਮੀਨ ਉਨ੍ਹਾਂ ਨੇ ਮੰਦਰ ਲਈ ਦਸੰਬਰ 1981 ਵਿੱਚ ਹਿੰਦੂ ਕਮਿਊਨਿਟੀ
ਆਰਗੇਨਾਈਜੇਸ਼ਨ ਨੂੰ ਦਾਨ ਦਿੱਤੀ। 16 ਮਈ 1982 ਨੂੰ ਭੂਮੀ ਪੂਜਨ ਦੀ ਰਸਮ ਕੀਤੀ
ਗਈ। ਪਹਿਲਾ ਪੜਾਅ ਮੁਕੰਮਲ ਕਰਕੇ 19 ਅਗਸਤ 1984 ਨੂੰ ਜਨਮ ਅਸ਼ਟਮੀ ਦੇ ਸ਼ੁਭ ਮੌਕੇ
ਤੇ ਪਹਿਲੀ ਪੂਜਾ ਕੀਤੀ ਗਈ। 1985 ਵਿਚ ਭਗਵਾਨ ਵੈਨਕਟੇਸ਼ਵਰ, ਰਾਮ, ਸੀਤਾ, ਲਛਮਣ,
ਹਨੂੰਮਾਨ ਅਤੇ ਭਗਵਾਨ ਕ੍ਰਿਸ਼ਨ ਤੇ ਰਾਧਾ ਦੀਆਂ ਪ੍ਰਤੀਮਾਂ ਸਥਾਪਤ ਕੀਤੀਆਂ ਗਈਆਂ
ਜਿਹੜੀਆਂ ਕਿ ਭਾਰਤ ਤੋਂ ਮੰਗਵਾਈਆਂ ਗਈਆਂ ਸਨ। ਕਰੈਕੁਡੀ (ਭਾਰਤ) ਤੋਂ 1987 ਵਿਚ
ਕਾਰੀਗਰ ਮੰਗਵਾ ਕਿ ਤਿੰਨ ਗੁੰਬਦ ਤਿਆਰ ਕਰਵਾਏ ਗਏ। 1988 ਵਿੱਚ ਪ੍ਰਮੁਖ ਪਰਵੇਸ
ਦੁਆਰ ਰਾਜਗੋਪਰਮ ਦਾ ਨੀਂਹ ਪੱਥਰ ਰੱਖਿਆ ਜੋ 11 ਦਸੰਬਰ 1992 ਨੂੰ ਤਿਆਰ ਹੋਇਆ।
1993 ਵਿਚ ਮੰਦਰ ਉਪਰ ਝੰਡੇ ਝਲਾਉਣ ਲਈ ਜਗ੍ਹਾ ਤਿਆਰ ਕਰਵਾਈ ਗਈ। ਇਸ ਮੰਦਰ ਦੀ
ਸ਼ਾਨਦਾਰ ਇਮਾਰਤ ਲੋਕਾਂ ਦੇ ਦਾਨ ਨਾਲ ਤਿਆਰ ਕੀਤੀ ਗਈ।
ਮੰਦਰ ਨੂੰ ਇਕ ਟਰੱਸਟ ਵਲੋਂ ਚਲਾਇਅ ਜਾ ਰਿਹਾ ਹੈ। ਹਰ ਸਾਲ ਨਵਾਂ ਪ੍ਰਧਾਨ ਚੁਣਿਆ
ਜਾਂਦਾ ਹੈ ਜਦ ਕਿ ਸੈਕਟਰੀ ਦਾ ਸਮਾਂ 3 ਸਾਲ ਹੈ। ਸ੍ਰੀ ਮਾਇਨਕ ਪਟੇਲ ਇਸ ਸਮੇ
ਪ੍ਰਧਾਨ ਹਨ। ਹਿੰਦੂਆਂ ਦੇ ਸਾਰੇ ਤਿਉਹਾਰ ਜਿਵੇਂ ਦੁਸਹਿਰਾ, ਦੀਵਾਲੀ, ਸਰਸਵਤੀ
ਪੂਜਾ, ਬਸੰਤ ਪੰਚਮੀ, ਮਹਾਂਸ਼ਿਵਰਾਤਰੀ, ਹੋਲੀ ਪੂਰਨਿਮਾ, ਵੈਸਾਖੀ, ਰਾਮਨੌਮੀ,
ਦੂਰਗਾ ਪੂਜਾ, ਗੋਵਰਧਨ ਪੂਜਾ, ਕਰਵਾ ਚੋਥ, ਹਨੂੰਮਾਨ ਜਿਅੰਤੀ ਆਦਿ ਬੜੇ ਧੂਮ ਧਾਮ
ਨਾਲ ਮਨਾਏ ਜਾਂਦੇ ਹਨ। ਰਾਮਨੌਮੀ ਸਮੇਂ ਇਕ ਦਿਨ ਦਾ ਅਖੰਡ ਰਮਾਇਣ ਦਾ ਪਾਠ ਹੁੰਦਾ
ਹੈ। ਹਰੇਕ ਪੂਰਨਮਾਸ਼ੀ ਨੂੰ ਸਤਿਆ ਨਰਾਇਣ ਦੀ ਕਥਾ ਹੁੰਦੀ ਹੈ। ਹਰ ਮੰਗਲਵਾਰ ਸ਼ਾਮ
ਨੂੰ 7 ਵਜੇ ਤੋਂ 8 ਵਜੇ ਤੀਕ ਵਿਸ਼ੇਸ਼ ਪ੍ਰੋਗਰਾਮ ਹੁੰਦਾ ਹੈ, ਜਿਸ ਵਿਚ ਸੰਗਤ ਵੱਧ
ਚੜ੍ਹ ਕੇ ਭਾਗ ਲੈਂਦੀ ਹੈ। ਹਨੂੰਮਾਨ ਚਾਲੀਸਾ ਦੇ ਪਾਠ ਦੇ ਬਾਅਦ ਭਜਨ ,ਆਰਤੀ ਤੇ
ਕਥਾ ਹੂੰਦੀ ਹੈ। ਹਰ ਐਤਵਾਰ ਭਗਵਾਨ ਜੀ ਦਾ ਅਭਿਸ਼ੇਖ ਅਲੰਕਾਰ ਹੂੰਦਾ ਹੈ। ਭਾਰਤੀ ਸੰਸਕ੍ਰਿਤੀ ਤੋਂ ਜਾਣੂ ਕਰਾਉਣ ਲਈ ਹਰੇਕ ਐਤਵਾਰ 10 ਵਜੇ ਤੋਂ 12 ਵਜੇ
ਦੁਪਹਿਰ ਧਾਰਮਿਕ ਕਲਾਸ ਲਗਦੀ ਹੈ। ਇਨ੍ਹਾਂ ਵਿਚ ਇਸ ਸਮੇਂ 60 ਦੇ ਕਰੀਬ ਵਿਦਿਆਰਥੀ
ਹਨ। ਐਤਵਾਰ ਦੁਪਹਿਰ 3 ਵਜੇ ਤੋਂ ਸ਼ਾਮ 5 ਵਜੇ ਤੀਕ ਸੰਸਕ੍ਰਿਤ ਸਿਖਾਈ ਜਾਂਦੀ ਹੈ।
ਮੰਦਰ ਵੱਲੋਂ ਇਕ ਮਾਸਿਕ ਪੱਤ੍ਰਿਕਾ ਮੰਦਰਵਾਣੀ ਪ੍ਰਕਾਸ਼ਿਤ ਹੁੰਦਾ ਹੈ। ਇਸ ਦੀਆਂ
1500 ਕਾਪੀਆਂ ਪਾਠਕਾਂ ਨੂੰ ਭੇਜੀਆਂ ਜਾਂਦੀਆ ਹਨ। 1983 ਵਿਚ ਡੇਅਟਨ ਵਿਚ 150 ਦੇ
ਕਰੀਬ ਹਿੰਦੂ ਪਰਿਵਾਰ ਸਨ ਜਿਨ੍ਹਾ ਦੀ ਗਿਣਤੀ ਹੁਣ ਇਕ ਹਜਾਰ ਤੋਂ ਉਪਰ ਹੈ ਤੇ 300
ਦੇ ਕਰੀਬ ਪੰਜਾਬੀ ਪਰਿਵਾਰ ਹਨ। ਮੰਦਰ ਵਲੋਂ ਇਕ ਬਹੁ-ਰੰਗੀ ਮੰਤਰਮਾਲਾ ਵੀ
ਪ੍ਰਕਾਸ਼ਿਤ ਕੀਤੀ ਗਈ ਹੈ ਜਿਸ ਵਿਚ ਹਿੰਦੂ ਧਰਮ ਬਾਰੇ ਜਾਣਕਾਰੀ ਦੇਣ ਤੋਂ ਇਲਾਵਾ
ਸੰਸਕ੍ਰਿਤ ਅਤੇ ਅੰਗਰੇਜ਼ੀ ਵਿਚ ਅਨੁਵਾਦ ਵੀ ਕੀਤਾ ਗਿਆ ਹੈ ਤਾਂ ਜੋ ਇਸ ਨੂੰ ਆਮ
ਜਨਤਾ ਪੜ੍ਹ ਕੇ ਲਾਭ ਉਠਾ ਸਕੇ। ਮੰਦਰ ਲਈ ਦਾਨ ਦੇਣ ਵਾਲੇ 8 ਡਾਕਟਰਾਂ ਵਿਚੋਂ
ਤਿੰਨ ਪੰਜਾਬੀ ਹਨ: ਡਾ.ਅੰਮ੍ਰਿਤ ਚੱਢਾ, ਡਾ. ਸ਼ੇਰ ਗੁਲਾਰੀਆ ਤੇ ਡਾ. ਜਗਦੀਸ਼ ਚੰਦਰ
ਮਕੜ। ਮੰਦਰ ਦੇ ਪੁਜਾਰੀ ਸ੍ਰੀ ਰਾਮੇਸ਼ ਰਾਜ ਮਨੀ ਤਾਮਿਲਨਾਡੂ ਤੋਂ ਹਨ। ਕਥਾਵਾਚਕ
ਸ੍ਰੀ ਅਸਵਨੀ ਕੁਮਾਰ ਸ਼ਾਸਤਰੀ ਪੰਜਾਬੀ ਹਨ। ਉਨ੍ਹਾਂ ਦਾ ਪਿੰਡ ਨਮੋਲੀ ਹੈ ਜੋ ਕਿ
ਮੁਕੇਰੀਆਂ ਪਾਸ ਹੈ। ਉਨਾਂ ਦੇ ਨਿਵਾਸ ਲਈ ਵਧੀਆ ਕੋਠੀਆਂ ਮੰਦਰ ਦੇ ਪਾਸ ਹੀ ਹਨ। |