ਕਈ ਰਿਸ਼ਤੇ ਬੜੇ ਅਪਣੱਤ ਵਾਲੇ
ਹੁੰਦੇ ਹਨ ਪਰ ਕਈ ਰਿਸ਼ਤੇ ਭਾਵੇਂ ਅਪਣੱਤ ਵਾਲੇ ਵੀ ਕਿਉਂ ਨਾ ਹੋਣ ਪਰ ਉਨਾਂ ਉਪਰ
ਗੈਰਾਂ ਦਾ ਸਿਰਨਾਵਾਂ ਲਿਖਿਆ ਹੁੰਦਾ ਹੈ।
ਜਿਵੇਂ ਹਰ ਪੀਲੀ
ਚੀਜ਼ ਸੋਨਾ ਨਹੀਂ ਹੁੰਦੀ ਉਸੇ ਤਰਾਂ ਸਭ ਰਿਸ਼ਤੇ ਨਾ ਚੰਗੇ ਹੁੰਦੇ ਹਨ ਅਤੇ ਨਾ ਹੀ
ਬੁਰੇ।
ਕਈ ਰਿਸ਼ਤਿਆਂ
’ਚ
ਉਹ ਹਾਲ ਹੁੰਦਾ ਹੈ ਆਪ ਹਮਾਰੇ ਹੋ ਨਾ ਹੋ ਹਮ ਤੁਮਹਾਰੇ ਹੋ ਗਏ।
ਅਸੀਂ ਸੱਸ ਤੇ ਨੂੰਹ
ਦੇ ਰਿਸ਼ਤੇ ਨੂੰ ਬੜੀ ਚੰਗੀ ਤਰਾਂ ਜਾਣਦੇ ਹਾਂ।
ਵੈਸੇ ਤਾਂ ਆਪਣੇ
ਦਹੀ ਨੂੰ ਸਾਰੇ ਹੀ ਮਿੱਠਾ ਕਹਿੰਦੇ ਹਨ।
ਕੋਈ ਵੀ ਇਹ ਮੰਨਣ
ਨੂੰ ਤਿਆਰ ਨਹੀਂ ਕਿ ਮੇਰੀ ਮਾਂ ਦਾ ਕਸੂਰ ਹੈ:-
‘‘ਤੈਨੂੰ ਤੀਆਂ ਤੇ
ਲੈਣ ਨਾ ਆਏ,
ਨੀ ਬਹੁਤਿਆਂ ਭਰਾਵਾਂ ਵਾਲੀਏ।’’
ਸੱਸ ਹਮੇਸ਼ਾ ਇਹ ਤਾਕ ਵਿਚ
ਰਹਿੰਦੀ ਹੈ ਕਿ ਕਿਹੜੇ ਵੇਲੇ ਨੂੰਹ ਨੂੰ ਕੁਝ ਕਹਿਣ ਨੂੰ ਮਿਲੇ।
ਹਰ ਵਕਤ ਸੱਸ ਦੀ
ਸੂਈ ਨੂੰਹ ਦੇ ਪੇਕਿਆਂ ’ਤੇ
ਟਿਡਕੀ ਰਹਿੰਦੀ ਹੈ।
ਜੇ ਨੂੰਹ ਦੇ ਪੇਕੇ
ਕਿਸੇ ਤਿਉਹਾਰ ਨੂੰ ਆ ਗਏ ਤਾਂ ਵੀ ਬੋਲਣਾ ਹੰਦੈ ਜੇ ਨਹੀਂ ਤਾਂ ਵੀ ਬੋਲਣਾ ਹੁੰਦੈ।
ਸੱਸ ਨੂੰ ਭਾਵੇਂ ਇਕ
ਡੰਗ ਦਿਖਦਾ ਹੋਵੇ ਪਰ ਨੂੰਹ ਨੂੰ ਕਦੇ ਵੀ ਚੰਗੀ ਨਹੀਂ ਆਖਦੀ।
‘‘ਤੈਥੋਂ ਡਰਦੇ ਲੈਣ
ਨਾ ਆਏ,
ਸੱਸੀਏ ਵੜੇਵੇਂ ਅੱਖੀਏ,
ਸੱਸ ਮਾਰਦੀ ਗਾਲੀ
ਦੇ ਵਿਚ ਮੇਹਣੇਂ,
ਤੀਆਂ ਨੂੰ ਨਾ ਆਇਆ ਵੀਰਨਾ।’’
ਨੂੰਹ ਨੂੰ ਆਪਣੇ ਭਰਾਵਾਂ ਦੀ
ਇਸ ਲਾਪ੍ਰਵਾਹੀ ’ਤੇ
ਬੜਾ ਗੁੱਸਾ ਆਉਂਦਾ ਹੈ ਕਿ ਉਹ ਉਸ ਨੂੰ ਤੀਆਂ ’ਤੇ
ਕਿਉਂ ਨਾ ਲੈਣ ਆਏ।
ਤੀਆਂ ਦੇ ਤਿਉਹਾਰ
ਨੂੰ ਭੈਣਾਂ ਭਰਾਵਾਂ ਨੂੰ ਬੜੇ ਚਾਅ ਨਾਲ ਉਡੀਕਦੀਆਂ ਹਨ।
‘‘ਭਾਦੋਂ ਚੰਦਰੀ
ਵਿਛੋੜੇ ਪਾਵੇ,
ਸਾਉਣ ਵੀਰੇ ਕੱਠੀਆਂ ਕਰੇ।’’
ਸਾਉਣ ਦੇ ਮਹੀਨੇ ਵਿਚ
ਵਿਆਹੀਆਂ ਕੁੜੀਆਂ ਆਪਣੇ ਪੇਕੇ ਪਿੰਡ ਚਲੀਆਂ ਜਾਂਦੀਆਂ ਹਨ।
ਜੇਕਰ ਉਹ ਆਪਣੇ
ਸਹੁਰੇ ਘਰ ਵੀ ਰਹਿਣ ਤਾਂ ਵੀ ਉਨਾਂ ਨੂੰ ਆਪਣੇ ਭਰਾਵਾਂ ਦੀ ਉਡੀਕ ਰਹਿੰਦੀ ਹੈ।
ਨੂੰਹ ਨੂੰ ਹਮੇਸ਼ਾ
ਇਸ ਗੱਲ ’ਤੇ
ਗੁੱਸਾ ਰਹਿੰਦਾ ਹੈ ਕਿ ਜਦੋਂ ਵੀ ਸੱਸ ਦੇ ਰਿਸ਼ਤੇਦਾਰਾਂ ਵਿਚੋਂ ਕੋਈ ਆਉਂਦਾ ਹੈ
ਤਾਂ ਸੱਸ ਉਸਦੀ ਚੰਗੀ ਸੇਵਾ ਕਰਦੀ ਹੈ ਪਰ ਜਦੋਂ ਕੋਈ ਨੂੰਹ ਦੇ ਪੇਕਿਆਂ ਤੋਂ
ਆਉਂਦਾ ਹੈ ਤਾਂ ਸੱਸ ਉਸ ਨੂੰ ਖਿੜੇ ਮੱਥੇ ਪ੍ਰਵਾਨ ਕਰਨ ਦੀ ਬਜਾਏ ਮੂੰਹ ਪਿੱਨੇ
ਵਾਂਗ ਲੈਂਦੀ ਹੈ।
ਇਹੋ ਜਿਹੀਆਂ ਗੱਲਾਂ
ਕਰਕੇ ਹੀ ਨੂੰਹ ਸੱਸ ਦੀਆਂ ਅੱਖਾਂ ਵਿਚ ਰੜਕਦੀ ਰਹਿੰਦੀ ਹੈ।
‘‘ਮੇਰੀ ਸੱਸ ਦਾ
ਭਤੀਜਾ ਆਇਆ,
ਖੰਡ ਦੀਆਂ ਆਉਣ ਬੋਰੀਆਂ।’’
ਇਸ ਦੇ ਉਲਟ ਜਦੋਂ ਨੂੰਹ ਦੇ
ਭਰਾ ਨੇ ਆਉਣਾ ਹੁੰਦਾ ਹੈ ਤਾਂ ਸੱਸ ਨੂੰ ਪਤਾ ਨੀ ਕੀ ਲਕਵਾ ਹੋ ਜਾਂਦਾ ਹੈ।
ਘਰ ਵਿਚ ਪਹਿਲਾਂ ਪਈ
ਖੰਡ ਦੀ ਲੂਣ ਦੇ ਬਸਤਰ ਪਾ ਲੈਂਦੀ ਹੈ।
ਫਿਰ ਇਸ ਵੇਲੇ ਦੇਸੀ
ਘਿਉ ਦਾ ਤਾਂ ਨਾ ਹੀ ਨਹੀਂ ਲਿਆ ਜਾ ਸਕਦਾ।
ਨੂੰਹ ਨੂੰ ਇਹੋ
ਜਿਹੀਆਂ ਗੱਲਾਂ ਭੋਰਾ ਵੀ ਪਸੰਦ ਨਹੀਂ ਲੱਗਦੀਆਂ।
‘‘ਮੇਰੇ ਵੀਰ ਨੂੰ
ਸੁੱਕੀ ਖੰਡ ਪਾਈ,
ਨੀ ਸੱਸੇ ਤੇਰੀ ਮੱਝ ਮਰਜੇ।’’
ਇਹੋ ਜਿਹੀਆਂ ਅਣਹੋਣੀਆਂ
ਕਰਕੇ ਹੀ ਨੂੰਹ ਰਾਣੀ ਸੋਚਦੀ ਰਹਿੰਦੀ ਹੈ ਕਿ ਸੱਸ ਕਦੋਂ ਕਾਠ ਦੀ ਮੰਜੀ
’ਤੇ
ਪੈ ਕੇ ਘਰੋਂ ਨਿਕਲੇਗੀ।
ਉਸ ਤੋਂ ਬਾਅਦ ਹੀ
ਘਰ ਦੀ ਚਾਬੀ ਨੂੰਹ ਰਾਣੀ ਦੇ ਹੱਥਾਂ ਵਿਚ ਆਵੇਗੀ।
ਉਸ ਵਕਤ ਤੱਕ ਦੀ
ਇੰਤਜ਼ਾਰ ਕਰਨ ਲਈ ਉਹ ਆਪਣੇ ਭਰਾਵਾਂ ਨੂੰ ਹੌਸਲਾ ਦਿੰਦੀ ਹੈ ਤੇ ਮਜ਼ਬੂਰੀ ਦੱਸਦੀ ਹੈ।
‘‘ਸੱਸ ਮੇਰੀ ਤੋਂ
ਉਲਾਮੇ ਲਾਹਦੂ,
ਰੁੱਖੀ ਸੁੱਖੀ ਖਾ ਲੈ ਵੀਰਨਾ।’’
ਨੂੰਹ ਨੂੰ ਸੱਸ ਕੋਲ ਪਿਆਰ
ਕੀ,
ਪਿਆਰ ਦੀ ਪਰਛਾਈ ਮਿਲਣੀ ਵੀ
ਰੇਗਿਸਤਾਨ ਵਿਚ ਪਾਣੀ ਮਿਲਣ ਬਰਾਬਰ ਹੁੰਦਾ ਹੈ।
ਵੀਰ ਭੈਣਾਂ ਦੇ
ਸਾਰੀ ਉਮਰ ਦੇ ਸਾਕ ਹੁੰਦੇ ਹਨ।
ਭੈਣ ਆਪਣੀ ਸੱਸ
ਦੀਆਂ ਚੁਗਲੀਆਂ ਸਿਰਫ ਭਰਾ ਕੋਲ ਹੀ ਕਰਦੀ ਹੈ।
ਭੈਣ ਆਪਣੇ ਇਸ ਵੇਲੇ
ਦਿਨ ਵਿਚ ਉਠਦੇ ਲਾਵੇ ਨੂੰ ਭਰਾ ਸਾਹਮਣੇ ਬੋਲ ਕੇ ਹੀ ਠੰਡਾ ਕਰ ਸਕਦੀ ਹੈ।
‘‘ਸੱਸ
ਚੰਦਰੀ ਦੇ ਭੈੜ ਸੁਣਾਵਾਂ,
ਪੀੜੀ ਉਤੇ ਬਹਿ ਜਾ ਵੀਰਨਾ।’’
ਸੱਸ ਵੀ ਤਾਂ ਕਦੇ ਨੂੰਹ ਸੀ,
ਉਸ ਨੂੰ ਬੀਤੇ ਵਕਤ
ਦੀਆਂ ਗੱਲਾਂ ਯਾਦ ਆ ਜਾਂਦੀਆਂ ਹਨ।
ਨੂੰਹ ਸਭ ਕੁਝ
ਬਰਦਾਸ਼ਤ ਕਰ ਲੈਂਦੀ ਹੈ ਪਰ ਆਪਣੇ ਭਰਾ ਨੂੰ ਉਚਾ ਬੋਲਿਆਂ ਨਹੀਂ ਸੁਣ ਸਕਦੀ।
‘‘ਮੇਰੇ ਵੀਰ ਨੂੰ
ਮੰਦਾ ਨਾ ਬੋਲੀ,
ਮੇਰੀ ਪਾਵੇਂ ਜਿੰਦ ਕੱਢ ਲੈ।’’
ਤਸਵੀਰ ਦੇ ਦੋ ਪਸੇ ਹੁੰਦੇ
ਹਨ।
ਜ਼ਰੂਰੀ ਨਹੀਂ ਕਿ ਸਾਰੀਆਂ
ਸੱਸਾਂ ਹੀ ਮਾੜੀਆਂ ਹੁੰਦੀਆਂ ਹਨ।
ਕਈਆਂ ਸੱਸਾਂ
ਵਿੱਚੋਂ ਨੂੰਹਾਂ ਨੂੰ ਆਪਣੀ ਮਾਂ ਦਾ ਭੁਲੇਖਾ ਪੈਂਦਾ ਹੈ।
ਉਹ ਆਪਣੇ ਮਾਹੀ ਦੇ
ਗਿਲੇ ਸ਼ਿਕਵੇ ਸੱਸਾਂ ਕੋਲ ਕਰਦੀਆਂ ਹਨ।
‘‘ਸੱਸੇ ਵੇਖ ਨੀ
ਜਵਾਨੀ ਮੇਰੀ,
ਡਰਾਇਵਰੀ ਤੋਂ ਰੋਕ ਪੁੱਤ
ਨੂੰ।’’
ਜਿਸ ਕਿਸੇ ਔਰਤ ਦਾ ਪਤੀ
ਡਰਾਈਵਰ ਬਣ ਜਾਂਦਾ ਹੈ,
ਉਸ ਵਿਚਾਰੀ ਦੀ ਜ਼ਿੰਦਗੀ ਵਿਚ
ਪੱਤਝੜ ਆ ਜਾਂਦੀ ਹੈ।
ਹਰ ਵੇਲੇ ਮਨ
’ਚ
ਉਤਰਾਅ - ਚੜਾਅ ਆਉਂਦੇ ਰਹਿੰਦੇ ਹਨ।
ਉਸ ਲਈ ਹੀਰੇ
ਜਵਾਹਰਤ ਕੱਚ ਦੇ ਟੁਕੜਿਆਂ ਵਿੱਚੋਂ ਜ਼ਿਆਦਾ ਅਹਿਮੀਅਤ ਨਹੀਂ ਰੱਖਦੇ।
ਕਿਉਂਕਿ ਯਾਦਾਂ ਦੀ
ਅਹਿਮੀਅਤ ਵਿਛੋੜੇ ਨਾਲ ਹੁੰਦੀ ਹੈ।
‘‘ਰੋਕ ਆਪਣੇ ਪੁੱਤ
ਨੂੰ ਸੱਸੇ,
ਸਾਨੂੰ ਗਾਲ ਤੋਂ ਬਿਨਾਂ ਨਾ
ਬੋਲੇ’’
ਵੈਸੇ ਤਾਂ ਗਾਲ ਕੀ ਉੱਚਾ
ਬੋਲ ਵੀ ਨਹੀਂ ਸਹਾਰਿਆ ਜਾਂਦਾ ਪਰ ਕਈ ਵਾਰ ਕਿਸਮਤ ਵੀ ਸੌਕਣਾਂ ਵਰਗਾ ਵਰਤਾਉ ਕਰਦੀ
ਹੈ।
ਉਸ ਵਿਚਾਰੀ ਦਾ ਮਾਹੀ
ਕੁੱਟਣਾ ਮਾਰਨਾ ਵੀ ਸ਼ੁਰੂ ਕਰ ਦਿੰਦਾ ਹੈ।
ਉਸ ਦੀਆਂ ਅੱਖਾਂ ਦੇ
ਹੰਝੂਆਂ ਦਾ ਮਾਹੀ ਦੇ ਮਾਰੂਥਲ ਮੂਹਰੇ ਕੁਝ ਨਹੀਂ ਵਟੀਂਦਾ।
‘‘ਅੱਧੀ ਰਾਤੀ ਮਾਰ
ਪਈ,
ਭੰਨ ਸੁੱਟੀਆਂ ਮਲੂਕ ਜਿਹੀਆਂ
ਹੱਡੀਆਂ’’
ਜ਼ਿਆਦਾਤਰ ਸੱਸਾਂ ਨੂੰ ਇਹੀ
ਉਲਾਂਭਾ ਹੁੰਦਾ ਹੈ ਕਿ ਮੇਰੀ ਨੂੰਹ ਦਾਜ ਘੱਟ ਲਿਆਈ ਹੈ।
ਉਹ ਗੱਲ - ਗੱਲ
’ਚ
ਨੂੰਹ ਨੂੰ ਸੁਣਾਉਂਦੀ ਰਹਿੰਦੀ ਹੈ ਕਿ ਨੰਬਰਦਾਰਾਂ ਦੀ ਨੂੰਹ ਤਾਂ ਕਾਰ ਲੈ ਕੇ ਆਈ
ਹੈ।
ਸੱਸ ਦੇ ਆਪਣੇ ਮੁੰਡੇ ਨੂੰ
ਕਾਰ ਕੀ,
ਭਾਵੇਂ ਰੇਹੜਾ ਵੀ ਨਾ
ਚਲਾਉਣਾ ਆਉਂਦਾ ਹੋਵੇ ਪਰ ਨੂੰਹ ਨੂੰ ਹਰ ਵੇਲੇ ਸੂਲੀ ਟੰਗੀ ਰੱਖਦੀ ਹੈ।
ਕਈ ਸੱਸਾਂ ਨੂੰਹਾਂ ਨੂੰ
ਐਵੇਂ ਤੰਗ ਪ੍ਰੇਸ਼ਾਨ ਕਰੀ ਰੱਖਦੀਆਂ ਹਨ।
ਉਹ ਗੱਲ ਵੀ ਤੇਰੇ
ਤਾਂ ਤੁਰਦੀ ਦੇ ਪੈਰ ਅੱਗੇ ਪਿੱਛੇ ਹੁੰਦੇ ਹਨ।
ਨੂੰਹਾਂ ਦੇ ਮਨ ਵਿਚ
ਭਾਵੇਂ ਕੁਝ ਵੀ ਨਾ ਹੋਵੇ,
ਉਹ ਐਵੇਂ ਹੀ ਗਲੀ ਵਿਚ
ਵੇਖਦੀ ਹੋਵੇ।
ਬਠਈ ਕੋਈ ਕੁਝ ਵੇਚਣ
ਵਾਲਾ ਆਵੇ ਤਾਂ ਕੁਝ ਲੈ ਕੇ ਖਾਈਏ ਪਰ ਸੱਸ ਨੂੰ ਬੋਲਣ ਲਈ ਥਾਂ ਮਿਲ ਜਾਂਦੀ ਹੈ।
‘‘ਨੂੰਹ ਚੱਜ ਨਾ
ਵਸਣ ਦੇ ਤੇਰੇ,
ਲੁੱਕ - ਲੁੱਕ ਕੇ ਖਾਵੇਂ
ਰਿਉੜੀਆਂ’’
ਅੱਗੋਂ ਨੂੰਹ ਕਿਹੜਾ ਕਿਸੇ
ਪਾਸੇ ਤੋਂ ਘੱਟ ਹੈ ਉਹ ਵੀ ਬੋਲਦੀ ਅੱਗਾ ਪਿੱਛਾ ਨਹੀਂ ਵੇਖਦੀ:-
‘‘ਆਪਣੇ ਤੂੰ ਦਿਨ
ਭੁੱਲਗੀ,
ਸੱਸੇ ਮੇਰੀਆਂ ਕਰੇਂ
ਤਕੜਾਈਆਂ’’
ਹਰ ਨੂੰਹ ਆਪਣੇ ਮਾਪਿਆਂ ਦੀ
ਲਾਡਲੀ ਧੀ ਹੁੰਦੀ ਹੈ।
ਜਨਮ ਵੇਲੇ ਮਾਪੇ
ਖੁਸ਼ੀ ’ਚ
ਭੰਗੜੇ ਪਾਉਂਦੇ,
ਪਰ ਜਿਉਂ - ਜਿਉਂ ਕੁੜੀਆਂ
ਵੱਡੀਆਂ ਹੁੰਦੀਆਂ ਹਨ ਮਾਂ - ਪਿਓ ਨਾਲ ਲਾਡ ਪਿਆਰ ਵੱਧਦਾ ਜਾਂਦਾ ਹੈ।
ਭਰਾ ਭੈਣ ਸਾਰੀ ਉਮਰ
ਦੇ ਰਿਸ਼ਤੇਦਾਰ ਹੁੰਦੇ ਹਨ।
ਵਾਹ ਲੱਗਦੀ ਹਰ ਮਾਂ
- ਪਿਓ ਆਪਣੀ ਧੀ ਲਈ ਚੰਗਾ ਘਰ ਤੇ ਚੰਗਾ ਵਰ ਲੱਭਦਾ ਹੈ।
ਪਰ ਜਿਹੜੀ ਸੱਸ
ਨੂੰਹ ਦੇ ਵਿਆਹੁਲੀ ਆਉਣ ’ਤੇ
ਪਿੱਪਲ ਦੇ ਪੱਤੇ ਪਾਣੀ ਵਿਚਦ ਪਾ ਕੇ ਸੌ - ਸੌ ਵਾਰਨੇ ਕਰਕੇ ਘਰੇ ਵਾੜਦੀ ਹੈ ਉਹ
ਸੱਸ ਨੂੰਹ ਲਈ ਬਘਿਆੜੀ ਬਣ ਜਾਂਦੀ ਹੈ।
‘‘ਮਾਪਿਆਂ ਨੇ
ਰੱਖੀ ਲਾਡਲੀ,
ਅੱਗੋਂ ਸੱਸ ਬਘਿਆੜੀ ਟੱਕਰੀ।’’
ਸੱਸਾਂ ਦੀ ਕਿਸਮਤ ਖੜੀ -
ਖੜੀ ਵੀ ਜਿੱਤ ਜਾਂਦੀ ਹੈ,
ਪਰ ਨੂੰਹਾਂ ਦੀ ਕਿਸਮਤ
ਜਿੰਨੀ ਮਰਜ਼ੀ ਦੌੜ ਲਵੇ ਅੰਤ ਨੂੰ ਹਾਰ ਜਾਂਦੀ ਹੈ।
ਪਰ ਕਈ ਵਾਰ ਨੂੰਹ
ਵੀ ਅਗਾਂਹ ਵਧੂ ਜ਼ਮਾਨੇ ਦੀ ਗੱਲ ਕਰਦੀ ਹੈ।
ਔਰਤ ਮਰਦ ਤੋਂ ਕਿਸੇ
ਵੀ ਤਰਾਂ ਘੱਟ ਨਹੀਂ ਰਹੀ ਉਸ ਨੂੰ ਪਤਾ ਹੈ ਕਿ ਅੱਖਾਂ ਮੀਚ ਕੇ ਬੈਠਣ ਨਾਲ ਸੱਸ
ਵਰਗੀ ਬਿੱਲੀ ਤੋਂ ਬਚਿਆ ਨਹੀਂ ਜਾ ਸਕਦਾ ਤੇ ਉਹ ਆਪਣੇ ਘਰ ਵਾਲੇ ਨੂੰ ਕਹਿੰਦੀ ਹੈ।
‘‘ਨਿੰਮ ਦਾ ਕਰਾਦੇ
ਘੋਟਣਾ,
ਸੱਸ ਕੁੱਟਣੀ ਸੰਦੂਕਾਂ ਓਹਲੇ’’
‘‘ਲੋਕਾਂ ਭਾਣੇ ਬੋਕ
ਕੁੱਟਿਆ ;
ਸੱਸ ਕੁੱਟਤੀ ਸੰਦੂਕਾਂ ਓਹਲੇ’’
ਗੱਲ ਜਿੱਥੋਂ ਸ਼ੁਰੂ ਹੁੰਦੀ
ਹੈ ਉਥੇ ਹੀ ਆ ਗਈ।
ਸੱਸ ਆਪਣੀਆਂ
ਕੁੜੀਆਂ ਨੂੰ ਤਾਂ ਪਿਆਰ ਦੀਆਂ ਸਲਾਈਆਂ ਪਾਉਂਦੀ ਨਹੀਂ ਥੱਕਦੀ,
ਪਰ ਨੂੰਹ ਵਾਰੀ
ਸੁਰਮੁਚ ਨੂੰ ਮਿਰਚਾਂ ਲਾ ਲੈਂਦੀ ਹੈ।
ਨੂੰਹ ਫਿਰ ਵੀ
ਵਿਚਾਰੀ ਨਣਦਾਂ ਦੀ ਇੱਜ਼ਤ ਕਰਦੀ ਹੈ।
ਪਰ ਨਣਦ ਵੀ ਆਖਿਰ
ਮਾਂ ਵਾਲੀਆਂ ਗੱਲਾਂ ਹੀ ਕਰਦੀ ਹੈ।
ਨਣਦ ਤੇ ਭਰਜਾਈ ਦਾ
ਮੇਲ ਵੀ ਦਰਿਆ ਤੇ ਛੱਪੜੀ ਦੇ ਮੇਲ ਵਰਗਾ ਹੁੰਦਾ ਹੈ।
‘‘ਜੇ ਮੈਂ ਜਾਣਦੀ
ਨਣਦ ਰੁੱਸ ਜਾਣਾ,
ਝੱਗਾ ਚੁੰਨੀ ਲਿਆ ਛੱਡਦੀ’’
ਉਹ ਗੱਲ ਬਈ ਇਕ ਤਾਂ ਮੂੰਹ
ਖੰਡ ਨਾਲ ਵੀ ਭਰਿਆ ਜਾਂਦਾ ਹੈ ਪਰ ਬਹੁਤੀਆਂ ਦਾ ਮੂੰਹ ਸਵਾਹ ਨਾਲ ਵੀ ਨਹੀਂ ਭਰਿਆ
ਜਾਂਦਾ।
‘‘ਮੱਥਾ ਟੇਕਦੀ ਨੂੰ
ਵੱਜ ਜਾਂਦੇ ਬਾਰਾਂ,
ਸੱਸ ਦੇ ਪੰਜਾਹ ਕੁੜੀਆਂ’’
ਭਰਜਾਈ ਨਣਦ ਤੋਂ ਬਹੁਤ ਔਖੀ
ਹੁੰਦੀ ਹੈ।
ਸਹੁਰੇ ਘਰ ਦੀਆਂ
ਤਾਂ ਕੰਧਾਂ ਵੀ ਨੂੰਹਾਂ ਦੇ ਗਲ ਪੈਣ ਨੂੰ ਫਿਰਦੀਆਂ ਰਹਿੰਦੀਆਂ ਹਨ।
ਜਿਵੇਂ ਜੁਗਨੂੰ ਦੀ
ਰੌਸ਼ਨੀ ਬਹੁਤੀ ਦੇਰ ਨਹੀਂ ਰਹਿੰਦੀ।
ਇਸੇ ਤਰਾਂ ਨਣਦਾਂ
ਵੀ ਸਾਰੀ ਉਮਰ ਮਾਪਿਆਂ ਦੇ ਘਰ ਨਹੀਂ ਰਹਿੰਦੀਆਂ।
‘‘ਨਣਦੇ ਦੁੱਖ
ਦੇਣੀਏ,
ਸਹੁਰੇ ਤੋਰ ਕੇ ਕਦੇ ਨਹੀਂ
ਨਾ ਲੈਣਾ।’’
ਭਾਵੇਂ ਕਿ ਨੂੰਹ - ਸੱਸ ਦੇ
ਰਿਸ਼ਤੇ ਵਿਚ ਜ਼ਿਆਦਾ ਕੁੱੜਤਣ ਹੀ ਹੈ।
ਪਰ ਅੱਜ ਵੀ ਕਈ
ਘਰਾਂ ਵਿਚ ਨੂੰਹ ਤੇ ਸੱਸ ਦਾ ਅੰਤਾ ਦਾ ਮੋਹ ਹੈ।
ਨੂੰਹ ਸੱਸ ਨੂੰ
ਆਪਣੀ ਮਾਂ ਅਤੇ ਸੱਸ ਨੂੰਹ ਨੂੰ ਆਪਣੀ ਧੀ ਤੋਂ ਵੀ ਵੱਧ ਸਮਝਦੀ ਹੈ।
|