ਇਨੀਂ ਦਿਨੀਂ ਪੰਜਾਬ ਦੇ ਕੁਝ
ਬੁਧੀਜੀਵੀਆਂ ਤੇ ਸਿਆਸਤਦਾਨਾਂ ਵਿਚ ਸਿਖ ਧਰਮ ਤੇ ਮਾਰਕਸਵਾਦ ਦੇ ਆਪਸੀ ਸਬੰਧਾਂ
ਨੂੰ ਲੈ ਕੇ ਚਰਚਾ ਛਿੜੀ ਹੋਈ ਹੈ। ਇੱਕ ਪਾਸੇ ਸਿਖ ਧਰਮ ਤੇ ਮਾਰਕਸਵਾਦ ਵਿਚਕਾਰ
ਸਮਾਨਤਾਵਾਂ ਨੂੰ ਉਭਾਰਿਆ ਜਾ ਰਿਹਾ ਹੈ ਤਾਂ ਦੂਜੇ ਪਾਸੇ ਇਨ੍ਹਾਂ ਯਤਨਾਂ ਦਾ
ਵਿਰੋਧ ਵੀ ਦਿਖਾਈ ਦੇ ਰਿਹਾ ਹੈ। ਪਹਿਲੀ ਧਿਰ ਇਸ ਤਰ੍ਹਾਂ ਵਿਵਹਾਰ ਕਰ ਰਹੀ ਹੈ,
ਜਿਵੇਂ ਸਿਖ ਧਰਮ ਤੇ ਮਾਰਕਸਵਾਦ ਵਿਚਕਾਰ ਕਿਤੇ ਕੋਈ ਖੜ੍ਹਕ ਗਈ ਹੋਵੇ ਤੇ ਇਹ
ਜ਼ਿੰਮੇਵਾਰ ਲੋਕ ਹੁਣ ਦੋਹਾਂ ਦਾ ਰਾਜ਼ੀਨਾਮਾ ਕਰਾਉਣ ਦਾ ਯਤਨ ਕਰ ਰਹੇ ਹੋਣ। ਦੂਜੀ
ਧਿਰ ਮਾਰਕਸਵਾਦ ਪ੍ਰਤੀ ਆਪਣੇ ਸਨਕੀ ਵਿਰੋਧ ਦਾ ਵਤੀਰਾ ਤਿਆਗਣ ਲਈ ਤਿਆਰ ਨਹੀਂ। ਇਸ
ਤੋਂ ਅਜਿਹੀ ਆਸ ਰਖੀ ਵੀ ਨਹੀਂ ਜਾ ਸਕਦੀ ਕਿਉਂਕਿ ਇਹ ਧਿਰ ਮਾਰਕਸਵਾਦ ਦੀ ਧਰਮ
ਸਬੰਧੀ ਧਾਰਨਾਵਾਂ ਤੋਂ ਚੰਗੀ ਤਰ੍ਹਾਂ ਜਾਣੂ ਹੈ ਅਤੇ ਇਸ ਫਿਲਾਸਫੀ ਨੂੰ ਆਪਣੇ
ਹਿਤਾਂ ਲਈ ਘਾਤਕ ਸਮਝਦੀ ਹੋਈ ਇਸ ਉਪਰ ਉਲ ਜਲੂਲ ਦੋਸ਼ ਅਕਸਰ ਲਾਉਂਦੀ ਰਹਿੰਦੀ ਹੈ।
ਸਿਖ ਧਰਮ ਤੇ ਮਾਰਕਸਵਾਦ ਵਿਚਕਾਰਲਾ ਸੰਵਾਦ ਵਿਵਾਦ ਕੋਈ ਨਵਾਂ ਵੀ ਨਹੀਂ ਹੈ। ਇਸ
ਸਬੰਧੀ ਹੁਣ ਤਕ ਹੋਈ ਚਰਚਾ ਵਿਚੋਂ ਦੋ ਪ੍ਰਮੁਖ ਸਿਟੇ ਸਾਹਮਣੇ ਆਏ ਹਨ। ਪਹਿਲਾ,
ਸਿਖ ਧਰਮ ਤੇ ਮਾਰਕਸਵਾਦ ਵਿਚਕਾਰ ਅਸਧਾਰਨ ਸਮਾਨਤਾ ਹੈ। ਦੂਜਾ, ਸਿਖ ਧਰਮ
ਮਾਰਕਸਵਾਦ ਦਾ ਬਿਹਤਰ ਬਦਲ ਹੈ, ਕਿਉਂਕਿ ਇਸ ਵਿਚ ਮਾਰਕਸਵਾਦ ਵਾਲੀਆਂ ਹੋਰਨਾਂ
ਸਮਾਨ ਸਿਫਤਾਂ ਤੋਂ ਇਲਾਵਾ ਰੂਹਾਨੀ ਤੱਤ ਵੀ ਸ਼ਾਮਲ ਹੈ। ਬੁਧੀਜੀਵੀਆਂ ਵਲੋਂ ਬਹਿਸ
ਨੂੰ ਇਨ੍ਹਾਂ ਸਿਟਿਆਂ ਵਲ ਸੋਧਤ ਕਰਨ ਤੇ ਫਿਰ ਇਨ੍ਹਾਂ ਸਿਟਿਆਂ ਤੇ ਅਪੜਾਉਣ ਖਾਤਰ
ਕਈ ਬੁਨਿਆਦੀ ਤੇ ਮਹਤਵਪੂਰਨ ਤਥ ਨਜ਼ਰਅੰਦਾਜ਼ ਕਰ ਦਿਤੇ ਜਾਂਦੇ ਹਨ। ਦੋਵਾਂ
ਵਿਚਾਰਧਾਰਾਵਾਂ ਦੀ ਤੁਲਨਾ ਕਰਨ ਲਗਿਆਂ ਇਨ੍ਹਾਂ ਦੇ ਆਪੋ ਆਪਣੇ ਵਿਚਾਰਧਾਰਾਈ
ਚੌਖਟਿਆਂ ਤੇ ਸੀਮਾਵਾ ਨੂੰ ਵੀ ਅਖੋਂ ਪਰੋਖੇ ਕਰ ਦਿਤਾ ਜਾਂਦਾ ਹੈ।ਇਉਂ ਅਜਿਹੇ
ਸਿਟੇ ਪੇਸ਼ ਕੀਤੇ ਜਾਂਦੇ ਹਨ ਜਿਹੜੇ ਵਿਅਕਤੀਪਰਕ ਹੋਣ ਦੇ ਨਾਲ ਨਾਲ ਆਪੋ ਆਪਣੀ
ਸੁਵਿਧਾ ਦੇ ਅਨੁਕੂਲ ਵੀ ਹੁੰਦੇ ਹਨ। ਸਿਖ ਦਰਮ ਤੇ ਮਾਰਕਸਵਾਦ ਦੀ ਸਮਾਨਤਾਵਾਂ ਉਪਰ
ਛਿੜੀ ਚਰਚਾ ਕੁਝ ਸੁਖਾਵੇਂ ਅਹਿਸਾਸ ਤਾਂ ਜ਼ਰੂਰ ਪੈਦਾ ਕਰਦੀ ਹੈ। ਪ੍ਰੰਤੂ ਇਹ
ਦੋਵਾਂ ਨੂੰ ਸਮਝਣ ਦੇ ਰਸਤੇ ਵਿਚ ਕਾਫੀ ਰੁਕਾਵਟਾਂ ਪੈਦਾ ਕਰਦੀ ਹੈ।
ਸਿਖ ਧਰਮ ਦਾ ਮੁਹਾਂਦਰਾ ਅਤੇ
ਇਤਿਹਾਸ ਭਾਵੇਂ ਹੋਰਨਾਂ ਨਾਲੋਂ ਵਖਰਾ ਹੈ, ਪ੍ਰੰਤੂ ਇਸ ਦੀ ਮੂਲ ਮਾਨਤਾਵਾਂ ਆਮ
ਧਰਮਾਂ ਵਾਲੀਆਂ ਹੀ ਹਨ। ਸਿਖ ਧਰਮ ਵੀ ਸਮੂਹ ਧਰਮਾਂ ਵਾਂਗ ਅਧਿਆਤਮਿਕ ਆਦਰਸ਼ਵਾਦੀ
ਜੀਵਨ ਫਲਸਫਾ ਹੈ। ਇਸ ਲਈ ਇਸ ਧਰਮ ਵਿਸ਼ੇਸ਼ ਦੀ ਤੁਲਨਾ ਜਦੋਂ ਮਾਰਕਸਵਾਦ ਨਾਲ ਕੀਤੀ
ਜਾਣੀ ਹੋਵੇ ਤਾਂ ਧਰਮ ਦੀਆਂ ਬੁਨਿਆਦੀ ਮਾਨਤਾਵਾਂ ਨੂੰ ਹੀ ਸਾਹਮਣੇ ਰਖ ਕੇ ਕੀਤੀ
ਜਾਣੀ ਚਾਹੀਦੀ ਹੈ। ਦੋਵਾਂ ਸਬੰਧੀ ਚਰਚਾ ਛੇੜਦਿਆਂ ਇਹ ਨਹੀਂ ਭੁਲਣਾ ਚਾਹੀਦਾ ਕਿ
ਸਿਖ ਇਕ ਧਰਮ ਹੈ ਜਦਕਿ ਮਾਰਕਸਵਾਦ ਇਕ ਵਿਗਿਆਨ ਹੈ। ਧਰਮ ਤੇ ਵਿਗਿਆਨ ਦਾ ਜੀਵਨ
ਨੂੰ ਸਮਝਣ ਦਾ ਨਜ਼ਰੀਆ ਤੇ ਵਿਧੀ ਵਖੋ ਵਖਰੀ ਹੈ। ਧਰਮ ਵਿਸ਼ਵਾਸਾਂ ਉਪਰ ਆਧਾਰਤ ਇੱਕ
ਅਜਿਹਾ ਸਿਧਾਂਤ ਹੈ ਜਿਹੜਾ ਅਮੂਰਤ ਸਮਗਰੀ ਤੋਂ ਅਨਿਸ਼ਚਿਤ ਸਿਟਿਆਂ ਤਕ ਅਪੜਦਾ ਹੈ
ਜਦਕਿ ਵਿਗਿਆਨ ਜੀਵਨ ਦੇ ਹਰ ਵਰਤਾਰੇ ਦਾ ਤਥ ਅਧਾਰਤ ਸਿਲਸਲੇਬੱਧ ਅਧਿਐਨ ਕਰਦਾ ਹੈ।
ਧਰਮ ਤੇ ਮਾਰਕਸਵਾਦ ਦੀ ਤੁਲਨਾ ਕਰਨ ਲਗਿਆਂ ਇਸ ਹਕੀਕਤ ਨੂੰ ਵੀ ਯਾਦ ਰਖਿਆ ਜਾਣਾ
ਚਾਹੀਦਾ ਹੈ ਕਿ ਮਾਰਕਸਵਾਦ ਇਕ ਪਦਾਰਥਵਾਦੀ ਜੀਵਨ ਫਿਲਾਸਫੀ ਹੈ। ਪਦਾਰਥਵਾਦ
ਮਾਰਕਸਵਾਦੀ ਵਿਚਾਰਧਾਰਾ ਦਾ ਉਹ ਪਖ ਹੈ ਜਿਸ ਉਪਰ ਮਾਰਕਸਵਾਦ ਵਿਚ ਸਭ ਤੋਂ ਵਧ
ਜ਼ੋਰ ਦਿਤਾ ਗਿਆ ਹੈ। ਦਰਅਸਲ ਪਦਾਰਥਵਾਦ ਦੇ ਅਧਾਰ ਤੇ ਹੀ ਕਾਰਲ ਮਾਰਕਸ ਨੂੰ ਹੀਗਲ
ਦੇ ਸਿਰ ਪਰਨੇ ਖੜ੍ਹੇ ਦਵੰਦਵਾਦੀ ਦਰਸ਼ਨ ਨੂੰ ਸਿਧਾ ਕਰਕੇ ਪੈਰਾਂ ਭਾਰ ਸਥਾਪਤ ਕੀਤਾ
ਸੀ। ਮਾਰਕਸਵਾਦ ਵਿਚ ਪਦਾਰਥ ਮਹਿਜ਼ ਮਾਇਆ, ਭੁਲਾਵਾ ਜਾਂ ਸੁਪਨਾ ਮਾਤਰ ਨਹੀਂ ਹੈ
ਸਗੋਂ ਇਹ ਜੀਵਨ ਦੀ ਸਮੁਚੀ ਹੋਂਦ ਦਾ ਅਧਾਰ ਹੈ ਤੇ ਜੀਵਨ ਦੀ ਅਸਲ ਸੰਚਾਲਕ ਸ਼ਕਤੀ
ਵੀ ਹੈ।
ਮਾਰਕਸਵਾਦ ਵਿਚ ਸਮਾਜ ਅੰਦਰ
ਕਿਰਿਆਸ਼ੀਲ ਸਾਰੇ ਪ੍ਰਬੰਧਾ ਦਾ ਅਧਿਐਨ ਕੀਤਾ ਗਿਆ ਹੈ। ਇਸ ਵਿਚ ਧਰਮ ਦੀ
ਪ੍ਰਕਿਰਿਤੀ ਅਤੇ ਇਸ ਦੀ ਸਮਾਜਿਕ ਇਤਿਹਾਸਕ ਭੂਮਿਕਾ ਦੀ ਵੀ ਵਿਸਤ੍ਰਿਤ ਵਿਆਖਿਆ
ਕੀਤੀ ਗਈ ਹੈ। ਇਹ ਕਹਿਣਾ ਬਿਲਕੁਲ ਗਲਤ ਹੈ ਕਿ ਮਾਰਕਸਵਾਦ ਨੇ ਚੇਤਨਾ ਦੇ ਤਤ ਦੀ
ਅਣਦੇਖੀ ਕੀਤੀ ਹੈ ਜਿਸ ਨੂੰ ਧਰਮ ਵਿਚ ਰੂਹਾਨੀ ਤਤ ਕਿਹਾ ਗਿਆ ਹੈ। ਮਾਰਕਸਵਾਦ ਦੀ
ਭਿੰਨਤਾ ਇਸ ਮਾਮਲੇ ਵਿਚ ਇਹ ਹੈ ਕਿ ਇਹ ਚੇਤਨਾ ਨੂੰ ਇਸ ਦੇ ਅਸਲੀ ਸਥਾਨ ਤੇ ਰਖਦਾ
ਹੈ। ਮਾਰਕਸਵਾਦ ਅਨੁਸਾਰ ਚੇਤਨਾ ਮਾਦੇ ਦਾ ਮੂਲ ਨਹੀਂ ਸਗੋਂ ਮਾਦੇ ਦੀ ਇਕ ਅਵਸਥਾ
ਹੈ। ਇਹ ਇਕ ਵਿਗਿਆਨਕ ਤਥ ਹੈ ਤੇ ਇਸ ਦੀ ਪੁਸ਼ਟੀ ਮਾਰਕਸਵਾਦ ਨੇ ਆਪਣੇ ਸਮੇਂ ਦੇ
ਅਤਿ ਵਿਕਸਤ ਪ੍ਰਕਿਤਿਕ ਵਿਗਿਆਨਾਂ ਦੇ ਹਵਾਲੇ ਨਾਲ ਕੀਤੀ ਹੈ। ਮਾਰਕਸਵਾਦ ਨੇ ਧਰਮ
ਦੇ ਹਰ ਇਕ ਪਖ ਨੂੰ ਬਹੁਤ ਚੰਗੀ ਤਰ੍ਹਾਂ ਘੋਖਿਆ ਪੜਤਾਲਿਆ ਹੈ ਤੇ ਆਪਣੇ ਮੁਕੰਮਲ
ਅਧਿਐਨ ਦੇ ਅਧਾਰ ਤੇ ਹੀ ਇਸ ਨੇ ਧਰਮ ਪ੍ਰਤੀ ਆਪਣੇ ਪ੍ਰਮਾਣਿਕ ਤੇ ਠੋਸ ਥੀਸਿਸ ਪੇਸ਼
ਕੀਤੇ ਹਨ। ਮਾਰਕਸਵਾਦ ਨੇ ਧਰਮ ਦੇ ਮੂਲ ਸੰਕਲਪਾਂ ਦੇ ਸਮਵਿੱਥ ਆਪਣੇ ਨਵੇਂ ਸੰਕਲਪ
ਪੇਸ਼ ਕੀਤੇ ਤੇ ਇਸ ਨਵੀਂ ਵਿਚਾਰਧਾਰਾ ਨੂੰ ਧਰਮ ਨਾਲ ਕੇਵਲ ਬੇਮੇਲ ਹੀ ਸਾਬਤ ਨਹੀਂ
ਕੀਤਾ ਸਗੋਂ ਇਸ ਨੂੰ ਧਰਮ ਨਾਲੋਂ ਅਗਲੇਰੇ ਦੌਰ ਦੀ ਵਿਚਾਰਧਾਰਾ ਵਜੋਂ ਪੇਸ਼ ਕੀਤਾ।
ਇਸ ਨਵੀਂ ਯੁਗ ਪਲਟਾਊ ਵਿਚਾਰਦਾਰਾ ਨੂੰ ਵਿਸ਼ਵ ਪਧਰ ਤੇ ਵਿਆਪਕ ਪ੍ਰਵਾਨਗੀ ਵੀ ਹਾਸਲ
ਹੋਈ। ਇਸ ਪ੍ਰਵਾਨਗੀ ਦੀ ਪੁਸ਼ਟੀ ਇਸ ਗਲ ਤੋਂ ਹੁੰਦੀ ਹੈ ਕਿ ਇਸ ਵਿਚਾਰਧਾਰਾ ਦੇ
ਪ੍ਰਭਾਵ ਅਧੀਨ ਨਾ ਕੇਵਲ ਸਮਾਜਵਾਦੀ ਕਰਾਂਤੀਆਂ ਦੀ ਵਿਸ਼ਵਵਿਆਪੀ ਘਟਨਾਵਾਂ ਹੀ
ਵਾਪਰੀਆਂ ਸਗੋਂ ਬੁਰਜ਼ੁਵਾ ਰਾਜਾਂ ਦੇ ਏਜੰਡੇ ਉਪਰ ਸਮਾਜਵਾਦ ਵੀ ਸ਼ਾਮਲ ਹੋ ਗਿਆ
ਅਤੇ ਇਸ ਦੇ ਇਤਿਹਾਸਕ ਦਬਾਅ ਹੇਠ ਪਬਲਿਕ ਵੈਲਫੇਅਰ ਸਟੇਟਸ ਦੀ ਸਥਾਪਨਾ ਵੀ ਹੋਈ।
ਅਜ ਅਕਾਦਮਿਕ ਖੇਤਰ ਵਿਚ ਤਕਰੀਬਨ ਹਰ ਸਮਾਜ ਵਿਗਿਆਨ ਦਾ ਅਧਿਐਨ ਮਾਰਕਸਵਾਦ ਬਗੈਰ
ਅਧੂਰ ਸਮਝਿਆ ਜਾਂਦਾ ਹੈ।
ਮਾਰਕਸਵਾਦ ਦੀ ਇੱਕ ਹੋਰ
ਵਿਲਖਣਤਾ ਅਤੇ ਵਸ਼ਿਸ਼ਟਤਾ ਇਹ ਵੀ ਹੈ ਕਿ ਇਸ ਵਿਚ ਕਿਸੇ ਵੀ ਸੰਕਲਪ ਨੂੰ ਇਸ ਦੇ
ਸਾਪੇਂਖਿਕ ਤੇ ਉਚਤਮ ਰੂਪ ਵਿਚ ਸਪਸ਼ਟ ਕੀਤਾ ਗਿਆ ਹੈ। ਇਹੀ ਕਾਰਨ ਹੈ ਕਿ ਮਾਰਕਸਵਾਦ
ਦਾ ਕੋਈ ਵੀ ਸੰਕਲਪ ਮਾਤਰ ਕਥਨ ਜਾਂ ਨਾਹਰਾ ਨਹੀਂ ਸਗੋਂ ਇਕ ਮੁਕੰਮਲ ਸਿਧਾਂਤ ਹੈ।
ਇਸ ਵਿਚ ਕਿਰਤ ਕਰੋ ਨਹੀਂ ਕਿਹਾ ਗਿਆ ਸਗੋਂ ਕਿਰਤ ਦੀ ਇਕ ਸੰਪੂਰਨ ਸਮਾਜਕ ਇਤਿਹਾਸਕ
ਪ੍ਰਣਾਲੀ ਦੀ ਵਿਆਖਿਆ ਅਰਥ ਵਿਗਿਆਨ ਦੇ ਨਜ਼ਰੀਏ ਤੋਂ ਕੀਤੀ ਗਈ ਹੈ। ਕਿਰਤ ਸਬੰਧੀ
ਆਪਣੇ ਸਿਧਾਂਤ ਪੇਸ਼ ਕਰਦਾ ਹੋਇਆ ਮਾਰਕਸਵਾਦ ਆਪਣੇ ਤੋਂ ਪਹਿਲੇ ਸਮੁਚੇ ਅਰਥ ਵਿਗਿਆਨ
ਦੀ ਪੜਚੋਲ ਕਰਦਾ ਹੈ। ਇਸ ਦੇ ਅਧਾਰਾਂ ਤੇ ਪਸਾਰਾਂ ਦੀ ਭਰਪੂਰ ਚਰਚਾ ਕਰਕੇ, ਇਸ ਦੇ
ਜਮਾਤੀ ਕਿਰਦਾਰ ਦੀ ਆਲੋਚਨਾ ਕਰਕੇ ਸਮਾਜਵਾਦੀ ਸਮਾਜ ਦੀ ਸਥਾਪਨਾ ਲਈ ਕਿਰਤ ਸਬੰਧੀ
ਮਾਰਕਸਵਾਦੀ ਅਰਥ ਵਿਗਿਆਨੀ ਨੇਮਾਂ ਨੂੰ ਘੜਦਾ ਹੈ। ਮਾਰਕਸ ਦਾ ਵਾਫਰ ਮੁਲ ਦਾ
ਸਿਧਾਂਤ ਆਧੁਨਿਕ ਅਰਥ ਗਿਆਨ ਦੇ ਇਤਿਹਾਸ ਦਾ ਇਕ ਅਸਲੋਂ ਮੌਲਿਕ ਅਤੇ ਸ਼ਾਨਦਾਰ
ਅਧਿਆਏ ਹੈ। ਇਸੇ ਤਰ੍ਹਾਂ ਮਾਰਕਸਵਾਦ ਜਮਾਤ ਰਹਿਤ ਸਮਾਜ ਦਾ ਇਕ ਅਜਿਹਾ ਵਿਵਹਾਰਿਕ
ਤੇ ਕਰਾਂਤੀਕਾਰੀ ਸਿਧਾਂਤ ਪੇਸ਼ ਕਰਦਾ ਹੈ ਜਿਸ ਦੇ ਤਹਿਤ ਵੰਡ ਛਕਣਾ ਇਕ ਸਮਾਜਿਕ
ਪ੍ਰਬੰਧ ਦੇ ਅਧੀਨ ਹੀ ਸੰਭਵ ਹੁੰਦਾ ਹੈ। ਅਜਿਹੇ ਪ੍ਰਬੰਧ ਦੀ ਅਣਹੋਂਦ ਵਿਚ ਵੰਡ
ਛਕਣਾ ਕੇਵਲ ਤੇ ਕੇਵਲ ਇਕ ਨਾਹਰਾ ਹੈ ਜਿਸ ਤਰ੍ਹਾਂ ਕਿ ਅਸੀਂ ਆਪਣੇ ਵਰਤਮਾਨ ਸਮਾਜ
ਵਿਚ ਦੇਖ ਵੀ ਰਹੇ ਹਾਂ।
ਮਾਰਕਸਵਾਦ ਤੇ ਧਰਮ ਦੀ
ਤੁਲਨਾ ਕਰਨ ਲਗਿਆਂ ਅਸੀਂ ਇੱਕ ਟਪਲਾ ਇਹ ਵੀ ਖਾ ਜਾਂਦੇ ਹਾਂ ਕਿ ਅਸੀਂ ਮਾਰਕਸਵਾਦੀ
ਵਿਚਾਰਧਾਰਾ ਦਾ ਟਾਕਰਾ ਇਤਿਹਾਸ ਜਾਂ ਧਰਮ ਵਿਸ਼ੇਸ਼ ਨਾਲ ਜੁੜੀਆਂ ਇਤਿਹਾਸਕ ਘਟਨਾਵਾਂ
ਨਾਲ ਕਰਨ ਲਗਦੇ ਹਾਂ। ਮਾਰਕਸਵਾਦ ਵਿਚ ਇਤਿਹਾਸ ਨੂੰ ਮਹਤਵਪੂਰਨ ਸਥਾਨ ਪਹਿਲਾਂ ਹੀ
ਹਾਸਲ ਹੈ। ਮਾਰਕਸਵਾਦ ਕੁਲ ਵਰਤਾਰਿਆਂ ਦੀ ਵਿਆਖਿਆ ਇਤਿਹਾਸਿਕ ਤੇ ਦਵੰਦਵਾਦੀ
ਪਦਾਰਥਵਾਦ ਦਾ ਸਿਧਾਂਤ ਹੈ। ਇਸ ਲਈ ਮਨੁਖੀ ਇਤਿਹਾਸ ਜਾਂ ਇਤਿਹਾਸ ਦਾ ਹਰ ਕਾਲ ਖੰਡ
ਪਹਿਲਾਂ ਹੀ ਇਸ ਸਿਧਾਂਤ ਦੇ ਦਾਇਰੇ ਵਿਚ ਸ਼ਾਮਲ ਹੈ। ਮਾਰਕਸਵਾਦ ਦੀ ਤਰਫੋਂ ਕਿਸੇ
ਵੀ ਇਤਿਹਾਸ ਲਈ ਵਖਰੀ ਮਾਨਤਾ ਦੀ ਜ਼ਰੂਰਤ ਨਹੀਂ ਰਹਿੰਦੀ, ਖਾਸ ਕਰਕੇ ਉਦੋਂ ਜਦੋਂ
ਮਾਰਕਸਵਾਦ ਸਮੁਚੇ ਇਤਿਹਾਸ ਨੂੰ ਵਰਗ ਸੰਘਰਸ਼ ਦੇ ਰੂਪ ਵਿਚ ਦੇਖਦਾ ਹੈ। ਜ਼ਿਕਰਯੋਗ
ਹੈ ਕਿ ਇਸ ਦ੍ਰਿਸ਼ਟੀ ਤੋਂ ਮਾਰਕਸਵਾਦ ਇਤਿਹਾਸ ਨੂੰ ਤਾਂ ਮਾਨਤਾ ਦਿੰਦਾ ਹੈ ਪ੍ਰੰਤੂ
ਧਰਮ ਦੇ ਬੁਨਿਆਦੀ ਸੰਕਲਪਾਂ ਪ੍ਰਤੀ ਇਸ ਦਾ ਨਿਰਣਾ ਅਬਦਲ ਰਹਿੰਦਾ ਹੈ। ਮਾਰਕਸਵਾਦੲ
ਵਿਚ ਇਸ ਤਥ ਨੂੰ ਸਵੀਕ੍ਰਿਤੀ ਹਾਸਲ ਹੈ ਕਿ ਮਨੁਖੀ ਇਤਿਹਾਸ ਸਿਰਜਣ ਵਿਚ ਲੋਕ
ਲਹਿਰਾਂ ਨਿਰਣਾਇਕ ਭੂਮਿਕਾ ਨਿਭਾਉਂਦਿਆਂ ਹਨ। ਮਾਰਕਸਵਾਦ ਨੇ ਹਰ ਯੁਗ ਦੀ ਯੁਗ
ਪਲਟਾਊ ਸਕਤੀਆਂ ਅਤੇ ਵੇਲੇ ਦੇ ਸਮਾਜ ਦੀਆਂ ਇਤਿਹਾਸਕ ਪ੍ਰਸਥਿਤੀਆਂ ਦਾ ਡੂੰਘਾ
ਵਿਸ਼ਲੇਸ਼ਣ ਕੀਤਾ ਹੈ ਤੇ ਇਸ ਨੇ ਇਨ੍ਹਾਂ ਸ਼ਕਤੀਆਂ ਨੂੰ ਸਪਸ਼ਟ ਤੌਰ ਤੇ ਅਗਾਂਹਵਧੂ
ਕਿਹਾ ਹੈ ਭਾਵੇਂ ਇਹ ਪਿਛਲੇਰੇ ਜਾਗੀਦਰਦਾਰੀ ਦੌਰ ਦੀ ਸਰਮਾਏਦਾਰੀ ਹੀ ਕਿਉਂ ਨਾ
ਹੋਵੇ।
ਮਾਰਕਸਵਾਦ ਇਕ ਪ੍ਰਗਤੀਸ਼ੀਲ,
ਸੰਪੂਰਨ ਤੇ ਹਰ ਦੌਰ ਲਈ ਪ੍ਰਸੰਗਿਕ ਮਾਨਵਵਾਦੀ ਵਿਚਾਰਧਾਰਾ ਹੈ। ਦੂਜੇ ਵਿਸ਼ਵ ਯੁਧ
ਦੌਰਾਨ ਇਸ ਵਿਚਾਰਧਾਰਾ ਦਾ ਮਾਨਵਵਾਦੀ ਚਿਹਰਾ ਮੋਹਰਾ ਬੇਹਦ ਉਘੜਵੇਂ ਰੂਪ ਵਿਚ
ਸਾਹਮਣੇ ਆਇਆ ਤੇ ਇਸ ਵਿਚਾਰਦਾਰਾ ਦੇ ਪੈਰੋਕਾਰਾਂਨੇ ਫਾਸਿਸਟ ਸ਼ਕਤੀਆਂ ਵਿਰੁਧ ਨਾ
ਕੇਵਲ ਕੁਰਬਾਨੀਆ ਦੇਣ ਦਾ ਹੀ ਸ਼ਾਨਾਮਤਾ ਇਤਿਹਾਸ ਸਿਰਜਿਆ ਸਗੋਂ ਫਾਸਿਸਟ ਸ਼ਕਤੀਆਂ
ਨੂੰ ਲੱਕ ਤੋੜਵੀਂ ਹਾਰ ਵੀ ਦਿਤੀ। ਮਾਰਕਸਵਾਦ ਦੀ ਇਸ ਬੇਸ਼ਕ ਸ਼ਕਤੀ ਤੋਂ ਪ੍ਰਭਾਵਤ
ਹੋ ਕੇ ਹੀ ਮਾਕਸਵਾਦ ਪ੍ਰਤੀ ਆਲੋਚਨਾਤਮਕ ਵਤੀਰਾ ਰਖਣ ਦੇ ਬਾਵਜੂਦ ਉਘੇ ਹੋਂਦਵਾਦੀ
ਫਰਾਂਸੀਸੀ ਚਿੰਤਕ ਯਾਂ ਪਾਲ ਸਾਰਤਰ ਨੇ ਇਸ ਦੀ ਤੁਲਨਾ ਹਾਥੀ ਦੇ ਪੈਰ ਨਾਲ ਕੀਤੀ
ਸੀ ਜਿਸ ਵਿਚ ਬਾਕੀ ਦੇ ਸਾਰੇ ਸਿਧਾਂਤ ਹੀ ਆ ਜਾਂਦੇ ਹਨ। |