ਪਿਛਲੀਆਂ ਲੋਕ ਸਭਾ ਚੋਣਾਂ
ਦੇ ਨਤੀਜਿਆਂ ਦਾ ਵਿਸ਼ਲੇਸ਼ਣ ਜਦੋਂ ਹੁੰਦਾ ਹੈ ਤਾਂ ਕਈ ਮੰਨੇ ਪ੍ਰਮੰਨੇ ਪੰਡਿਤ
ਕਹਿੰਦੇ ਹਨ ਕਿ ਕਾਂਗਰਸ ਦੀ ਜਿੱਤ ਇਸ ਲਈ ਹੋਈ ਕਿਉਂਕਿ ਉਹ ਆਮ ਵੋਟਰ ਦੀ ਨਜ਼ਰ
ਵਿਚ ਗਰੀਬਾਂ ਦੀ ਪਾਰਟੀ ਸਾਬਿਤ ਹੋਈ। ਥਿਉਰੀ ਦੀ ਬੁਨਿਆਦ ਇਹ ਹੈ ਕਿ ਜਿਥੇ ਭਾਜਪਾ
ਦੇ ਬਜ਼ੁਰਗ ਨੇਤਾ ਦਿੱਲੀ ਦੇ ਉਚੇ ਅਹੁਦਿਆਂ ਤੇ ਬੈਠ ਕੇ ਭਾਰਤ ਉਦੈ ਦੀਆਂ ਗਲਾਂ
ਕਰਦੇ ਰਹੇ, ਉਥੇ ਸੋਨੀਆ ਗਾਂਧੀ ਪਿੰਡ ਪਿੰਡ ਘੁੰਮੀ, ਪਿੰਡਾਂ ਦੀ ਗਲੀਆਂ ਦੀ ਧੂੜ
ਫੱਕੀ ਤੇ ਆਪਣੇ ਇਸ ਅੰਦੋਲਨ ਨਾਲ ਇਸ ਗੱਲ ਨੂੰ ਸਾਬਿਤ ਕੀਤਾ ਕਿ ਉਨ੍ਹਾਂ ਦੀ
ਪਾਰਟੀ ਦੀ ਹਮਦਰਦੀ ਹਮੇਸ਼ਾ ਆਮ ਆਦਮੀ ਨਾਲ ਹੈ, ਨਾ ਕਿ ਮਧਵਰਗੀ ਭਾਰਤ ਦੇ ਉਦੈ ਹੋਣ
ਦੀ ਗੱਲ ਕਰਨ ਵਾਲਿਆਂ ਨਾਲ’।
ਪਿਛਲੇ ਹਫਤੇ ਦੋਸਤੋ। ਮੈਂ
ਕਾਂਗਰਸ ਪਾਰਟੀ ਨੂੰ ਤਿੰਨ ਬਹੁਤ ਹੀ ਗਰੀਬ ਬਚੀਆਂ ਦੀਆਂ ਡਰੀਆਂ ਹੋਈਆਂ ਨਜ਼ਰਾਂ
ਨਾਲ ਦੇਖਿਆ ਤੇ ਪਤਾ ਲਗਾ ਕਿ ਗਰੀਬਾਂ ਲਈ ਇਸ ਪਾਰਟੀ ਦੀ ਹਮਦਰਦੀ ਕਿੰਨੀ ਝੂਠੀ
ਹੈ। ਇਹ ਤਿੰਨ ਬਚੀਆਂ ਹਨ। 11 ਸਾਲਾ ਪਾਰਵਤੀ, 10 ਸਾਲਾ ਮੰਗਲਾ ਤੇ 8 ਸਾਲਾ
ਅਨੁਪ। ਫਿਲਹਾਲ ਉਹ ਮਹਾਰਾਸ਼ਟਰ ਸਰਕਾਰ ਦੇ ਇਕ ਬਾਲ ਗ੍ਰਹਿ ਵਿਚ ਬੰਦੀ ਹਨ। ਇਨ੍ਹਾਂ
ਨੂੰ ਇਸ ਲਈ ਬੰਦੀ ਬਣਾਇਆ ਗਿਆ ਹੈ ਕਿ ਇਹ ਮੈਰੀਨ ਡ੍ਰਾਈਵ ਦੇ ਇਕ ਬੱਸ ਸਟੈਂਡ ਤੇ
ਖੜੀਆਂ ਸਨ ਕਿਉਂਕਿ ਮੁੰਬਈ ਦੇ ਫੇਸ਼ਨੇਬਲ ਇਲਾਕਿਆਂ ਵਿਚ ਅਜਕਲ ਗਰੀਬਾਂ ਦਾ ਆਉਣਾ
ਜਾਣਾ ਮਨ੍ਹਾ ਹੈ। ਮੈਂ ਇਨ੍ਹਾਂ ਤਿੰਨਾਂ ਨੂੰ ਪਿਛਲੇ 2-3 ਸਾਲਾਂ ਤੋਂ ਜਾਣਦੀ
ਹਾਂ। ਮੇਰੀ ਜਾਣ ਪਛਾਣ ਇਨ੍ਹਾਂ ਨਾਲ ਨਾਸ਼ਤਾ ਨਾਂ ਦੀ ਸੰਸਥਾ ਦੇ ਮਾਧਿਅਮ ਰਾਹੀਂ
ਹੋਈ, ਜੋ ਕਿ ਗਰੀਬ ਬਚਿਆਂ ਲਈ ਰੋਜ਼ ਸਵੇਰੇ ਨਾਸ਼ਤੇ ਦਾ ਪ੍ਰਬੰਧ ਕਰਦੀ ਹੈ ਤਾਂ ਕਿ
ਇਨ੍ਹਾਂ ਦਾ ਸੰਪਰਕ ਉਨ੍ਹਾਂ ਸੰਸਥਾਵਾਂ ਨਾਲ ਕਰਵਾ ਦਿਤਾ ਜਾਵੇ, ਜੋ ਇਨ੍ਹਾਂ ਨੂੰ
ਸਕੂਲ ਭੇਜਣ ਅਤੇ ਇਨ੍ਹਾਂ ਨੂੰ ਨੌਕਰੀਆਂ ਕਰਨ ਲਾਇਕ ਬਣਾ ਸਕਣ। ਜਦੋਂ ਇਹ ਬਚੀਆਂ
ਫੜੀਆਂ ਗਈਆਂ ਤਾਂ ਇਹ ਮੈਰੀਨ ਡ੍ਰਾਈਵ ਸਥਿਤ ਸਲਾਮ ਬਾਲਕ ਸੈਂਟਰ ਵਿਚ ਜਾ ਰਹੀਆਂ
ਸਨ।
ਇਨ੍ਹਾਂ ਦੇ ਫੜ੍ਹੇ ਜਾਣ ਦੀ
ਖਬਰ ਮਿਲਦਿਆਂ ਹੀ ਨਾਸ਼ਤਾ ਦਾ ਇਕ ਅਧਿਕਾਰੀ ਪੁਲਿਸ ਵਾਲਿਆ ਅਤੇ ਇਨ੍ਹਾਂ ਦੇ ਮਾਤਾ
ਪਿਤਾ ਨਾਲ ਡੋਂਗਰੀ ਬਾਲ ਗ੍ਰਹਿ ਪੁੱਜਾ। ਉਥੇ ਪਤਾ ਲਗਾ ਕਿ ਉਨ੍ਹਾਂ ਨੂੰ ਹੁਣ
ਸਿਰਫ ਅਦਾਲਤ ਵਲੋਂ ਹੀ ਛੱਡਿਆ ਜਾ ਸਕਦਾ ਹੈ ਤੇ ਅਦਾਲਤ ਵਿਚ ਤਰੀਕ ਕਲ ਹੈ। ਜਦੋਂ
ਅਗਲੇ ਦਿਨ ਅਦਾਲਤ ਪਹੁੰਚੇ ਤਾਂ ਮੈਜਿਸਟਰੇਟ ਨੇ ਰੋਂਦੀਆਂ ਅਤੇ ਡਰੀਆਂ ਹੋਈਆਂ
ਬਚੀਆਂ ਕੋਲੋਂ ਪੁਛਿਆ ਕਿ ਕੀ ਉਹ ਇਥੇ ਭੀਖ ਮੰਗ ਰਹੀਆਂ ਸਨ? ਤਾਂ ਇਨ੍ਹਾਂ ਘਬਰਾ
ਕੇ ਸਿਰ ਹਿਲਾਇਆ ਅਤੇ ਇਸ ਨੂੰ ਇਕਬਾਲ ਏ ਜੁਰਮ ਸਮਝਿਆ ਗਿਆ ਤੇ ਉਨ੍ਹਾਂ ਨੂੰ ਬਾਲ
ਗ੍ਰਹਿ ਵਿਚ ਦੋ ਹਫਤੇ ਹੋਰ ਰਖਣ ਦਾ ਹੁਕਮ ਦਿਤਾ ਗਿਆ। ਬਚੀਆਂ ਨੇ ਰੋਂਦੇ ਹੋਏ
ਆਪਣੇ ਰਿਸ਼ਤੇਦਾਰਾਂ ਨੂੰ ਕਿਹਾ ਕਿ ਉਹ ਬਹੁਤ ਦੁਖੀ ਹਨ ਤੇ ਬਾਲ ਗ੍ਰਹਿ ਵਿਚ
ਉਨ੍ਹਾਂ ਨਾਲ ਕੁੱਟ ਮਾਰ ਕੀਤੀ ਜਾਂਦੀ ਹੈ।
ਇਕ ਸਵਾਲ?
ਆਪਣੀਆਂ ਬਚੀਆਂ ਨੂੰ
ਛੁਡਵਾਉਣ ਵਿਚ ਜਦੋਂ ਉਨ੍ਹਾਂ ਦੇ ਮਾਤਾ ਪਿਤਾ ਅਸਫਲ ਰਹੇ ਤਾਂ ਉਹ ਮੇਰੇ ਕੋਲ ਆਏ
ਅਤੇ ਮੈਂ ਮੁੰਬਈ ਦੇ ਪੁਲਿਸ ਕਮਿਸ਼ਨਰ ਅਨਾਮੀ ਰਾਏ ਨੂੰ ਫੋਨ ਕੀਤਾ ਤੇ ਉਨ੍ਹਾਂ ਦੇ
ਇਕ ਅਫਸਰ ਕੋਲੋਂ ਪੁਛਿਆ ਕਿ ਜਦੋਂ ਮੁੰਬਈ ਵਿਚ ਕਾਤਲ, ਮਾਫੀਆ ਡਾਨ ਤੇ ਬਲਾਤਕਾਰੀ
ਘੁੰਮ ਰਹੇ ਹਨ, ਜਦੋਂ ਅਦਾਲਤਾਂ ਗੰਭੀਰ ਤੋਂ ਗੰਭੀਰ ਮੁਕਦਮਿਆਂ ਦੇ ਫੈਸਲ਼ੇ ਲੰਮੇ
ਸਮੇਂ ਤਕ ਸੁਣਾ ਨਹੀਂ ਸਕਦੀਆਂ ਤਾਂ ਫਿਰ ਇਨ੍ਹਾਂ ਗਰੀਬ ਬਚੀਆਂ ਨੂੰ ਕਿਉਂ
ਗ੍ਰਿਫਤਾਰ ਕੀਤਾ ਜਾ ਰਿਹਾ ਹੈ? ਕੀ ਪੁਲਿਸ ਕਮਿਸ਼ਨ ਇਸ ਬਾਰੇ ਕੁਝ ਕਹਿਣਾ
ਚਾਹੁੰਣਗੇ?
ਉਨ੍ਹਾਂ ਨੇ ਤਾਂ ਫੋਨ ਨਾ
ਕੀਤਾ ਪਰ ਉਨ੍ਹਾਂ ਦੇ ਇਕ ਸੀਨੀਅਰ ਅਧਿਕਾਰੀ ਨਵਲ ਬਜਾਜ ਦਾ ਉਸੇ ਸ਼ਾਮ ਮੈਨੂੰ ਫੋਨ
ਆਇਆ। ਬਜਾਜ ਸਾਹਿਬ ਇਕ ਇਮਾਨਦਾਰ ਤੇ ਚੰਗੇ ਅਫਸਰ ਹਨ। ਉਨ੍ਹਾਂ ਨਾਬਾਲਿਗ ਬਚੀਆਂ
ਨੂੰ ਇਸ ਸ਼ਹਿਰ ਦੇ ਵੇਸਵਾਘਰਾ ਤੋਂ ਬਚਾਉਣ ਲਈ ਬਹੁਤ ਵਧੀਆ ਕੰਮ ਕੀਤਾ ਹੈ। ਮੈਂ
ਉਨ੍ਹਾਂ ਨੂੰ ਉਸ ਵੇਲੇ ਮਿਲੀ ਸੀ, ਜਦੋਂ ਕੁਝ ਮਹੀਨੇ ਪਹਿਲਾਂ ਮੈਂ ਮੁੰਬਈ ਦੇ
ਇਨ੍ਹਾਂ ਵੇਸਵਾਘਰਾਂ ਤੇ ਇਕ ਟੀ ਵੀ ਪ੍ਰੋਗਰਾਮ ਤਿਆਰ ਕਰ ਰਹੀ ਸੀ।
ਮੈਂ ਜਦੋਂ ਉਨ੍ਹਾਂ ਕੋਲ
ਪਾਰਵਤੀ, ਮੰਗਲਾ ਤੇ ਅਨੂ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਹਮਦਰਦੀ ਦਿਖਾਈ ਪਰ ਇਹ
ਵੀ ਕਿਹਾ ਕਿ ਉਪਰੋਂ ਹੁਕਮ ਆਏ ਹਨ ਕਿ ਮੈਰੀਨ ਡ੍ਰਾਈਵ ਵਰਗੇ ਸ਼ਾਨਦਾਰ ਇਲਾਕਿਆਂ
ਵਿਚੋਂ ਸੰਗੋਤਿਆਂ ਨੂੰ ਬਾਹਰ ਕਢਣਾ ਹੈ। ਇਸ ਕੰਮ ਵਿਚ ਉਹ ਹਫਤਿਆਂ ਤੋਂ ਲਗੇ ਹੋਏ
ਹਨ। ਉਨ੍ਹਾਂ ਦੇ ਅਫਸਰਾਂ ਨੇ ਗੌਰ ਕੀਤਾ ਕਿ ਮੰਗਤੇ ਬਚਿਆਂ ਦੀ ਸਮਸਿਆ ਇਨ੍ਹਾਂ
ਇਲਾਕਿਆਂ ਵਿਚ ਵਧ ਗਈ ਹੈ, ਇਸ ਨੂੰ ਹੀ ਰੋਕਣ ਲਈ ਸ਼ਾਇਦ ਇਨ੍ਹਾਂ ਤਿੰਨਾਂ ਬਚੀਆਂ
ਨੂੰ ਵੀ ਫੜਿਆ ਗਿਆ ਹੈ ਪਰ ਉਨ੍ਹਾਂ ਦੀ ਸਮਝ ਵਿਚ ਵੀ ਇਹ ਨਹੀਂ ਆਇਆ ਸੀ ਕਿ ਅਦਾਲਤ
ਨੇ ਇਨ੍ਹਾਂ ਬਚੀਆਂ ਨੂੰ ਛੱਡਿਆ ਕਿਉਂ ਨਹੀਂ। ਖੇਰ, ਹੁਣ ਮਾਮਲਾ ਅਦਾਲਤ ਦੇ ਹੱਥ
ਵਿਚ ਹੈ ਤੇ ਪੁਲਿਸ ਕੁਝ ਨਹੀਂ ਕਰ ਸਕਦੀ। ਮੈਂ ਜਦੋਂ ਉਨ੍ਹਾਂ ਨੂੰ ਕਿਹਾ ਕਿ
ਬਚੀਆਂ ਬਹੁਤ ਦੁਖੀ ਹਨ ਕਿਉਂਕਿ ਅਕਸਰ ਬਾਲ ਗ੍ਰਹਿ ਵਰਗੀਆਂ ਸੰਸਥਾਵਾਂ ਵਿਚ ਹਾਲਾਤ
ਖਰਾਬ ਹੁੰਦੇ ਹਨ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਕੁਝ ਨਹੀਂ ਕਹਿਣਾ
ਚਾਹੁੰਦੇ।
ਦੇਸ਼ ਆਪਣੇ ਬਚਿਆਂ ਦੀ ਦੇਖ
ਭਾਲ ਕਿਵੇਂ ਕਰਦੇ ਹਨ?
ਮੇਰੇ ਲਈ ਕੁਝ ਕਹਿਣਾ
ਜ਼ਰੂਰੀ ਹੈ। ਮੈਂ ਮੰਨਦੀ ਹਾਂ ਕਿ ਕਿਸੇ ਦੇਸ਼ ਦੀ ਸਭਿਅਤਾ, ਉਸ ਦੀ ਸੰਸਕ੍ਰਿਤੀ ਇਸ
ਗਲੋਂ ਨਾਪੀ ਜਾਂਦੀ ਹੈ ਕਿ ਉਹ ਦੇਸ਼ ਆਪਣੇ ਬਚਿਆਂ ਦੀ ਦੇਖ ਭਾਲ ਕਿਵੇਂ ਕਰਦਾ ਹੈ।
ਇਸ ਲਈ ਕਿ ਜਿਹੜਾ ਦੇਸ਼ ਸਮਾਜ ਤੇ ਬਚਿਆਂ ਨੂੰ ਸੁਰਖਿਅਤ ਨਹੀਂ ਰਖ ਸਕਦਾ, ਉਸ ਨੂੰ
ਬਹੁਤ ਹੀ ਖਤਰਨਾਕ ਕਿਸਮ ਦਾ ਦੇਸ਼ ਮੰਨਿਆ ਜਾਣਾ ਚਾਹੀਦਾ ਹੈ।
ਭਾਰਤ ਜੋ ਆਪਣੀ ਪ੍ਰਾਚੀਨ
ਸਭਿਅਤਾ ਤੇ ਸੰਸਕ੍ਰਿਤੀ ਤੇ ਇੰਨਾ ਮਾਣ ਕਰਦਾ ਹੈ, ਅਜੇ ਸਭਿਅਤਾ ਦੇ ਉਸ ਪਹਿਲੇ
ਪੜਾਅ ਤਕ ਵੀ ਨਹੀਂ ਪਹੁੰਚਿਆ, ਜਿਥੇ ਪੁਲਿਸ ਵਾਲਿਆਂ ਨੂੰ ਇਹ ਸਿਖਾਇਆ ਜਾਵੇ ਕਿ
ਛੋਟੇ ਬਚਿਆਂ ਨੂੰ ਬੰਦੀ ਬਣਾਉਣਾ ਕਿਸ ਤਰ੍ਹਾਂ ਗਲਤ ਹੈ। ਸਮਸਿਆ ਸਿਰਫ ਪੁਲਿਸ ਦੀ
ਨਹੀਂ, ਸਮਾਜ ਕਲਿਆਣ ਦੀਆਂ ਜਿੰਨੀਆਂ ਵੀ ਸਰਕਾਰੀ ਸੰਸਥਾਵਾਂ ਹਨ, ਉਹ ਸਭ ਅੰਦਰੋਂ
ਇੰਨੀਆਂ ਬੇਕਾਰ ਹਨ ਕਿ ਉਥੇ ਮਾਹੌਲ ਜੇਲ ਵਰਗਾ ਹੁੰਦਾ ਹੈ। ਭਾਵੇਂ ਇਹ ਸੰਸਥਾਵਾਂ
ਬਚਿਆਂ ਲਈ ਹੋਣ ਜਾਂ ਵਡਿਆਂ ਲਈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਮੁੰਬਈ ਦੀਆਂ
ਫੁਟਪਾਥਾਂ ਤੇ ਗਰੀਬਾਂ ਦੀ ਜ਼ਿੰਦਗੀ ਉਥੋਂ ਨਾਲ ਵਧੀਆ ਬੀਤਦੀ ਹੈ। ਇਹ ਸਥਿਤੀ ਅਜ
ਦੀ ਹੀ ਨਹੀਂ, ਸਗੋਂ ਕਈ ਦਹਾਕਿਆਂ ਤੋਂ ਚਲੀ ਆ ਰਹੀ ਹੈ ਤੇ ਗਰੀਬਾਂ ਦੇ ਹਿਤਾਂ ਦੀ
ਰਟ ਲਗਾਉਣ ਵਾਲੀਆਂ ਸਾਡੀਆਂ ਸਰਕਾਰਾਂ ਤੇ ਸਿਆਸਤਦਾਨ ਇਸ ਨੂੰ ਸੁਧਾਰਨ ਲਈ ਕੁਝ
ਨਹੀਂ ਕਰਦੇ।
ਗਰੀਬਾਂ ਪ੍ਰਤੀ ਹਮਦਰਦੀ?
ਦਿੱਲੀ ਵਿਚ ਅਜਕਲ ਸਰਕਾਰ
ਤੋਂ ਇਲਾਵਾ ਸੋਨੀਆ ਗਾਂਧੀ ਵੀ ਹਨ, ਜਿਨ੍ਹਾਂ ਨੇ ਆਪਣੇ ਸਲਾਹਕਾਰਾਂ ਵਿਚ ਜੀਨ
ਦਰੇਜ ਵਰਗੇ ਗਰੀਬਾਂ ਦੇ ਹਮਦਰਦ ਆਸਟਰੇਲੀਅਨ ਰਖੇ ਹੋਏ ਹਨ। ਰੋਜ਼ ਕਿਸੇ ਨਵੀਂ
ਯੋਜਨਾ ਦੀ ਖਬਰ ਮਿਲਦੀ ਹੈ। ਕੋਈ ਨਵੀਂ ਕਮੇਟੀ ਬਣਦੀ ਹੈ। ਕੋਈ ਨਵੀਂ ਰਿਪੋਰਟ
ਸਾਹਮਣੇ ਆਉਂਦੀ ਹੈ ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਕਿਉਂ ਇਨ੍ਹਾਂ ਸਮਾਜ ਕਲਿਆਣ
ਸੰਸਥਾਵਾਂ ਵਲ ਕੋਈ ਨਹੀਂ ਦੇਖਦਾ। ਇਨ੍ਹਾਂ ਦਾ ਇਲਾਜ ਤਾਂ ਇਹੀ ਦਿਖਾਈ ਦਿੰਦਾ ਹੈ
ਕਿ ਜੇ ਸਰਕਾਰ ਇਨ੍ਹਾਂ ਨੂੰ ਸਲਾਮ ਬਾਲਕ ਵਰਗੇ ਗੈਰ ਰਕਾਰੀ ਸਮਾਜ ਸੇਵੀ ਸੰਗਠਨਾਂ
ਦੇ ਹਵਾਲੇ ਕਿਉਂ ਨਹੀਂ ਕਰ ਦਿਤਾ ਜਾਂਦਾ?
ਦੂਜੀ ਗੱਲ, ਜੋ ਮੈਨੂੰ
ਬਿਲਕੁਲ ਸਮਝ ਨਹੀਂ ਆਉਂਦੀ, ਉਹ ਇਹ ਹੈ ਕਿ ਇਕ ਕਾਂਗਰਸੀ ਮੁਖ ਮੰਤਰੀ ਨੂੰ ਕਿਸ ਨੇ
ਇਜਾਜ਼ਤ ਦਿਤੀ ਹੈ ਕਿ ਉਹ ਮੁੰਬਈ ਵਿਚੋਂ ਗਰੀਬਾਂ ਨੂੰ ਬਾਹਰ ਕਢ ਦੇਵੇ? ਕੀ ਇਸ
ਸ਼ਹਿਰ ਵਿਚ ਚੰਗੇ ਕਪੜੇ ਪਾਉਣ ਵਾਲੇ ਵਡੇ ਤੇ ਮਧ ਵਰਗੀ ਲੋਕ ਹੀ ਆ ਸਕਣਗੇ? ਜੇ
ਫੁਟਪਾਥਾਂ ਤੋਂ ਗਰੀਬਾਂ ਦੇ ਬਸੇਰੇ ਤੇ ਫੁਟਪਾਥੀ ਦੁਕਾਨਾਂ ਹਟਾਉਣੀਆਂ ਹਨ ਤਾਂ ਕੀ
ਸਰਕਾਰ ਦਾ ਇਹ ਫਰਜ਼ ਨਹੀਂ ਬਣਦਾ ਕਿ ਉਹ ਉਨ੍ਹਾਂ ਨੂੰ ਦਸੇ ਕਿ ਉਹ ਕਿਥੇ ਜਾ ਕੇ
ਵਸ ਸਕਦੇ ਹਨ? ਗਰੀਬਾਂ ਲਈ ਜਗ੍ਹਾ ਕਿਥੇ ਹੈ ਮੁੰਬਈ ਵਰਗੇ ਸ਼ਹਿਰ ਵਿਚ, ਜਿਥੇ ਮਧ
ਵਰਗੀ ਲੋਕ ਵੀ ਝੁਗੀਆਂ ਬਸਤੀਆਂ ਵਿਚ ਰਹਿਣ ਲਈ ਮਜ਼ਬੂਰ ਹਨ। ਕੀ ਮਹਾਰਾਸ਼ਟਰ ਦੇ
ਕਾਂਗਰਸੀ ਮੁਖ ਮੰਤਰੀ ਇਨ੍ਹਾਂ ਸਵਾਲਾਂ ਦਾ ਜਵਾਬ ਦੇ ਸਕਦੇ ਹਨ। ਗਲ ਸਿਰਫ
ਪਾਰਵਤੀ, ਮੰਗਲਾ ਤੇ ਅਨੂ ਦੀ ਨਹੀਂ, ਸਗੋਂ ਅਹਿਮ ਗਲ ਹੈ ਗਰੀਬੀ ਹਟਾਉਣ ਦੀਆਂ
ਨੀਤੀਆਂ ਦੀ। |