WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)


ਮੈਂ ਵੀ ਭਰਮ ਵਿਚ ਹਾਂ ਕਿ ਹਵਾ ਦਾ ਰੁਖ ਕੀ ਹੋਵੇਗਾ
-         ਖੁਸ਼ਵੰਤ ਸਿੰਘ

ਮੈਨੂੰ ਉਮੀਦ ਸੀ ਕਿ ਹਰਿਆਣਾ, ਬਿਹਾਰ ਤੇ ਝਾਰਖੰਡ ਦੀਆਂ ਚੋਣਾਂ ਤੋਂ ਇਹ ਸਪਸ਼ਟ ਸੰਕੇਤ ਮਿਲ ਜਾਵੇਗਾ ਕਿ ਹਵਾ ਦਾ ਰੁਖ ਕਿਸ ਪਾਸੇ ਹੈ- ਕੇਂਦਰ ਅਤੇ ਵਧੇਰੇ ਰਾਜਾਂ ਵਿਚ ਸੱਤਾਧਾਰੀ ਕਾਂਗਰਸ ਪਾਰਟੀ ਦੇ ਪੱਖ ਵਿਚ ਜਾਂ ਸੰਘ ਪਰਿਵਾਰ ਨਾਲ ਜੁੜੀਆਂ ਪਾਰਟੀਆਂ ਉਭਰ ਕੇ ਸਾਹਮਣੇ ਆਉਣਗੀਆਂ। ਹੁਣ ਜਦੋਂ ਸਰਵੇਖਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ, ਮੈਂ ਹਾਲੇ ਤਕ ਨਹੀਂ ਸਮਝ ਰਿਹਾ ਕਿ ਆਪਣੇ ਸਵਾਲਾਂ ਦੇ ਸਹੀ ਜੁਆਬ ਮੈਨੂੰ ਮਿਲ ਗਏ ਹਨ ਜਾਂ ਨਹੀਂ। ਮੈਂ ਵੀ ਦੂਸਰਿਆਂ ਵਾਂਗ ਭਰਮ ਵਾਲੀ ਸਥਿਤੀ ਵਿਚ ਹਾਂ।

ਪਹਿਲਾਂ ਗੋਆ ਦਾ ਮਾਮਲਾ ਲਈਏ, ਜਿਥੇ ਚੋਣਾਂ ਤਾਂ ਨਹੀਂ ਸਨ ਹੋਈਆਂ ਪਰ ਭਾਜਪਾ ਦੀ ਸਰਕਾਰ ਕਾਂਗਰਸ ਦੀ ਸਰਕਾਰ ਨਾਲ  ਬਦਲ ਦਿਤੀ ਗਈ। ਸਪੀਕਰ ਨੇ ਸਦਨ ਵਿਚੋਂ ਇਕ ਵਿਧਾਇਕ ਨੂੰ ਬਾਹਰ ਕੱਢ ਦਿਤਾ ਤਾਂ ਜੇ ਉਸ ਦੀ ਹਮਾਇਤ ਵਾਲੀ ਪਾਰਟੀ ਬਹੁ ਗਿਣਤੀ ਵਿਚ ਹੋ ਸਕੇ। ਰਾਜਪਾਲ ਜਮੀਰ ਨੇ ਉਨ੍ਹਾਂ ਦੇ ਫੈਸਲ਼ੇ ਨੂੰ ਰੱਦ ਕਰ ਦਿਤਾ ਤੇ ਕਾਂਗਰਸ ਪਾਰਟੀ ਨੂੰ ਸਰਕਾਰ ਬਣਾਉਣ ਦੇ ਯੋਗ ਬਣਾ ਦਿਤਾ। ਸਪੀਕਰ ਜਾਂ ਗਵਰਨਰ ਦਾ ਕਾਰ ਵਿਹਾਰ ਸੰਵਿਧਾਨ ਅਨੁਸਾਰ ਹੈ ਜਾਂ ਨਹੀਂ, ਇਹ ਬਹਿਸ ਦਾ ਵਿਸ਼ਾ ਹੋ ਸਕਦਾ ਹੈ ਪਰ ਗੋਆ ਦੇ ਲੋਕਾਂ ਦੀ ਇੱਛਾ ਜਾਣਨੀ ਵੀ ਜ਼ਰੂਰੀ ਹੋ ਜਾਂਦੀ ਹੈ। ਗੋਆ ਵਿਚ ਚੌਖੀ ਗਿਣਤੀ ਵਿਚ ਕੈਥੋਲਿਕ ਈਸਾਈ ਰਹਿੰਦੇ ਹਨ। ਸਪਸ਼ਟ ਹੈ ਕਿ ਉਹ ਭਾਜਪਾ ਦੇ ਸਮਾਜਿਕ ਤੇ ਰਾਜਨੀਤਕ ਸਿਧਾਂਤਾਂ ਨੂੰ ਨਹੀਂ ਮੰਨਦੇ, ਜਿਨ੍ਹਾਂ ਨੂੰ ਹਿੰਦੂਤਵ ਦੀ ਸਹੁੰ ਕਾਣ ਵਾਲੇ ਨੇਤਾਵਾਂ ਨੇ ਘੜਿਆ ਹੈ ਤੇ ਫਿਰ ਵੀ ਉਹ ਉਸਨੂੰ ਆਪਣਾ ਸਮਰਥਨ ਦਿੰਦੇ ਹਨ।

ਹਰਿਆਣਵੀਆਂ ਨੇ ਰਾਜਨੀਤਕ ਸਿਧਾਂਤਾਂ ਦੀ ਕਦੇ ਚਿੰਤਾ ਨਹੀਂ ਕੀਤੀ। ਉਨ੍ਹਾਂ ਲਈ ਜਾਤ, ਬਰਾਦਰੀ ਪਰਿਵਾਰ ਤੇ ਵਿਅਕਤੀ ਨਾਲ ਵਫਾਦਾਰੀ ਦਾ ਹੀ ਵੱਧ ਮਹਤਵ ਹੈ। ਬੰਸੀ ਲਾਲ, ਜਿਨ੍ਹਾਂ ਨੇ ਰਾਜ ਦੇ ਵਿਕਾਸ ਵਿਚ ਮਹਤਵਪੂਰਨ ਭੂਮਿਕਾ ਨਿਭਾਈ, ਨੂੰ ਇਕ ਪਾਸੇ ਕਰ ਦਿਤਾ ਗਿਆ। ਚੌਟਾਲਾ ਨੇ ਆਪਣੇ ਪਿਤਾ ਦੀ ਯਾਦ ਵਿਚ ਸਕੂਲ ਜਾਂ ਹਸਪਤਾਲ ਤਾਂ ਨਹੀਂ ਬਣਵਾਏ, ਪਰ ਕਸਬਿਆਂ ਤੇ ਪਿੰਡਾਂ ਵਿਚ ਉਨ੍ਹਾਂ ਦੇ ਬੁੱਤ ਲਗਵਾ ਕੇ ਖੂਬ ਪੈਸਾ ਉਡਾਇਆ। ਇਸ ਤਰ੍ਹਾਂ ਸਾਡੇ ਸਾਹਮਣੇ ਭਜਨ ਲਾਲ ਦਾ ਫਿਰ ਤੋਂ ਉਭਰਨਾ ਹੈ, ਜਿਨ੍ਹਾਂ ਦਾ ਆਪਣੀ ਸਹੂਲਤ ਅਨੁਸਾਰ ਪਾਰਟੀ ਬਦਲਣ ਵਿਚ ਕੋਈ ਸਾਨੀ ਨਹੀਂ। ਜਿਥੋਂ ਤਕ ਮੇਰਾ ਸਬੰਧ ਹੈ, ਸਿਵਾਏ ਇਸ ਦੇ ਕਿ ਇਸ ਰਾਜ ਵਿਚ ਕਾਂਗਰਸ ਫਿਰ ਤੋਂ ਸੱਤਾ ਵਿਚ ਆ ਗਈ ਹੈ, ਕੋਈ ਹੋਰ ਗੱਲ ਮੇਰੀ ਸਮਝ ਵਿਚ ਨਹੀਂ ਆਉਂਦੀ।

ਬਿਹਾਰ ਤੇ ਝਾਰਖੰਡ ਵਿਚ ਹਮੇਸ਼ਾ ਵਾਂਗ ਉਹੋ ਹਾਲਾਤ ਹਨ, ਜਿਵੇਂ ਕਿ ਸਮਝੋ ਕਿਸੇ ਹਬਸ਼ੀ ਦੇ ਵਾਲਾਂ ਵਿਚ ਕੋਈ ਚੀਜ਼ ਉਲਝ ਜਾਏ। ਇਨ੍ਹਾਂ ਰਾਜਾਂ ਵਿਚ ਕਿਸੇ ਵੀ ਹੋਰ ਰਾਜ ਦੇ ਮੁਕਾਬਲੇ ਜਾਤੀ ਤੇ ਜਨ ਜਾਤੀ ਦਾ ਸਭ ਤੋਂ ਜ਼ਿਆਦਾ ਮਹਤਵ ਹੁੰਦਾ ਹੈ। 101-12 ਪ੍ਰਤੀਸ਼ਤ ਮੁਸਲਿਮ ਵੋਟਰਾ, ਜੋ ਕਿ ੳਕਸਰ ਵੰਡੇ ਨਹੀਂ ਜਾਂਦੇ, ਨਤੀਜਾ ਨਿਰਧਾਰਤ ਕਰਨ ਵਿਚ ਫੈਸਲ਼ਾਕੁੰਨ ਭੂਮਿਕਾ ਨਿਭਾਉਂਦੇ ਹਨ। ਇਕ ਸਿਆਸਤਦਾਨ ਵਜੋਂ ਲਾਲੂ ਯਾਦਵ ਪ੍ਰਤੀ ਮੇਰੇ ਮਨ ਵਿਚ ਨਰਮ ਗੋਸ਼ਾ ਹੈ। ਉਨ੍ਹਾਂ ਦੇ ਪਰਿਵਾਰਵਾਦ ਤੇ ਦੂਸਰੀਆਂ ਕਾਮੀਆਂ ਦੇ ਬਾਵਜੂਦ ਉਨ੍ਹਾਂ ਵਿਚ ਇਹ ਸਮਝ ਸਕਣ ਦੀ ਯੋਗਤਾ ਹੈ ਕਿ ਕੀ ਸਹੀ ਹੈ ਤੇ ਕੀ ਗਲਤ ਤੇ ਜਿਸ ਤਰ੍ਹਾਂ ਉਹ ਆਪਣੀ ਗੱਲ ਰਖਦੇ ਹਨ, ਉਹ ਕਾਫੀ ਪ੍ਰਭਾਵਸ਼ਾਲੀ ਢੰਗ ਹੁੰਦਾ ਹੈ। ਝਾਰਖੰਡ ਸਿਬੂ ਸੋਰੇਨ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ, ਗਲ ਕਰਦੇ ਸਮੇਂ ਦਾੜ੍ਹੀ ਖੁਰਕਣ ਤੇ ਆਪਸ ਵਿਚ ਗੋਡੇ ਭਿੜਾਉਣ ਦੀ ਉਨ੍ਹਾਂ ਦੀ ਆਦਤ ਤੋਂ ਮੈਂ ਉਨ੍ਹਾਂ ਦੀ ਰਾਜਨੀਤੀ ਜਾਂ ਵਿਅਕਤੀ ਪ੍ਰਤੀ ਵਫਾਦਾਰੀ ਬਾਰੇ ਕੋਈ ਅੰਦਾਜ਼ਾ ਹੀ ਨਹੀਂ ਲਗਾ ਸਕਦਾ।

ਤਾਂ ਫਿਰ ਹੁਣੇ ਹੁਣੇ ਦੀਆਂ ਘਟਨਾਵਾਂ ਤੋਂ ਕੀ ਪਤਾ ਲਗਦਾ ਹੈ? ਬਿਨਾਂ ਸ਼ੱਕ ਕਾਂਗਰਸ ਨੂੰ ਫਾਇਦਾ ਹੋਇਆ ਹੈ, ਸੰਘ ਪਰਿਵਾਰ ਦੇ ਬਾਦਬਾਨਾਂ ਵਿਚ ਹਾਲੇ ਥੋੜ੍ਹੀ ਜਿਹੀ ਹਵਾ ਬਾਕੀ ਹੈ ਪਰ ਜੋ ਕੋਈ ਵੀ ਇਸ ਗੱਲ ਦੀ ਭਵਿਖਬਾਣੀ ਕਰੇਗਾ ਕਿ ਇਨ੍ਹਾਂ ਨਾਲ ਦੇਸ਼ ਦੇ ਭਵਿਖ ਤੇ ਕੀ ਪ੍ਰਭਾਵ ਪੈਣ ਵਾਲਾ ਹੈ, ਉਸ ਨੂੰ ਚਾਹੀਦਾ ਹੈ ਕਿ ਇਸ ਮਾਮਲੇ ਤੇ ਕੋਈ ਸ਼ਰਤ ਨਾ ਲਾਏ।

ਦਰੋਣਾਚਾਰੀਆ

ਕੁਝ ਸਾਲ ਪਹਿਲਾਂ ਬੰਗਲੌਰ ਦੇ ਪ੍ਰੈਸ ਕਲੱਬ ਵਿਚ ਮੇਰੇ ਸੁਆਗ ਵਿਚ ਦਿਤੇ ਗਏ ਸਾਰੇ ਭਾਸ਼ਣ ਕੰਨੜ ਵਿਚ ਸਨ। ਮੈਂ ਕੁਝ ਵੀ ਨਹੀਂ ਸਾਂ ਸਮਝ ਸਕਿਆ ਪਰ ਆਪਣੇ ਲਈਦਰੋਣਾਚਾਰੀਆ ਦਾ ਨਾਂ ਸੁਣ ਕੇ ਮੇਰਾ ਧਿਆਨ ਉਸ ਪਾਸੇ ਗਿਆ। ਮੈਂ ਆਪਣੇ ਨਾਂ ਨਾਲ ਇਹ ਵਿਸ਼ੇਸ਼ਣ ਜੋੜੇ ਜਾਣ ਤੋਂ ਬਹੁਤ ਖੁਸ਼ ਸਾਂ। ਮੈਨੂੰ ਭਾਰਤੀ ਪਤਰਕਾਰੀ ਦੀ ਦੁਨੀਆ ਵਿਚ ਧਨੁਸ਼ ਚਲਾਉਣਾ ਸਿਖਾਉਣ ਵਾਲੇ ਵਾਂਗ ਦਰਸਾਇਆ ਗਿਆ ਸੀ। ਅਸਲ ਗੱਲ ਤਾਂ ਇਹ ਹੈ ਕਿ ਮੈਂ ਬਹੁਤ ਘਟ ਪੜ੍ਹਾਇਆ ਹੈ ਪਰ ਫਿਰ ਵੀ ਕੁਝ ਨੌਜਵਾਨ ਮਰਦਾਂ ਇਸਤਰੀਆਂ ਨੇ ਮੇਰੇ ਨਾਲ ਕੰਮ ਕੀਤਾ, ਜਦੋਂ ਮੈਂ ਇਲਸਟਰੇਡਿਟ ਵੀਕਲੀ ਆਫ ਇੰਡੀਆ ਦਾ ਸੰਪਾਦਕ ਸਾਂ ਤੇ ਉਨ੍ਹਾਂ ਵਿਚੋਂ ਕੁਝ ਵਖ ਵਖ ਖੇਤਰਾਂ ਵਿਚ ਆਪਣੇ ਕਿੱਤੇ ਵਿਚ ਸਭ ਤੋਂ ਅਗੇ ਹਨ। ਐਮ ਜੇ ਅਕਬਰ ਏਸ਼ੀਅਨ ਏਜ ਦੇ ਸੰਪਾਦਕ ਹਨ, ਫਾਤਿਮਾ ਜ਼ਕਰੀਆ ਟਾਈਮਜ਼ ਆਫ ਇੰਡੀਆ ਵਿਚ ਦੂਸਰੇ ਨੰਬਰ ਤਕ ਪਹੁੰਚੀ ਤੇ ਹੁਣ ਤਾਜ ਹੋਟਲ ਸਮੂਹ ਦੇ ਹਾਊਸ ਰਸਾਲੇ ਦਾ ਸੰਪਾਦਨ ਕਰਦੀ ਹੈ। ਜਿਗਸ ਕਾਲਰਾਂ ਨੂੰ ਉਘੇ ਭਜਨ ਪ੍ਰੇਮੀ ਤੇ ਸਵਾਦੀ ਪਕਵਾਨਾਂ ਦੇ ਲੇਖਕ ਵਜੋਂ ਜਾਣਿਆ ਜਾਂਦਾ ਹੈ। ਬਾਚੀ ਕਰਕਰੀਆ ਨੇ ਹਕੀਕਤ ਵਿਚ ਇਲਸਟਰੇਟਿਡ ਨੂੰ ਵੀਕਲੀ ਆਦਤ ਬਣਾਉਣ ਵਿਚ ਮਦਦ ਕੀਤੀ ਤੇ ਇਸ ਲਈ ਉਸ ਨੇ ਚਿਤਰਾਂ ਦੀ ਮਜ਼ੇਦਾਰ ਕੈਪਸ਼ਨਾਂ ਲਿਖੀਆਂ। ਉਸ ਨੇ ਐਮ ਐਸ ਓਬਰਾਏ ਦੀ ਜੀਵਨੀ ਲਿਖੀ ਤੇ ਹੁਣ ਟਾਈਮਜ਼ ਆਫ ਇੰਡੀਆ ਦੀ ਸਥਾਨਕ ਸੰਪਾਦਕ ਹੈ ਕਿਉਂਕਿ ਮੈਨੂੰ ਗੰਭੀਰ ਚੀਜ਼ਾਂ ਪੜ੍ਹਨ ਵਿਚ ਮਜ਼ਾ ਨਹੀਂ ਆਉਂਦਾ, ਇਸ ਲਈ ਹਰ ਐਤਵਾਰ ਨੂੰ ਮੇਰੇ ਮਨਪਸੰਦ ਲੇਖਕ ਜਗ ਸੂਰੀਆ ਤੇ ਬਾਚੀ ਕਰਕਰੀਆ ਦੇ ਕਾਲਮ ਹੁੰਦੇ ਹਨ। ਦੋਵਾਂ ਦੀਆਂ ਹੀ ਸਭ ਤੋਂ ਉਤਮ ਰਚਨਾਵਾਂ ਟਾਈਮਜ਼ ਆਫ ਇੰਡੀਆ ਵਿਚ ਛਪਦੀਆਂ ਹਨ। ਬਾਚੀ ਨੂੰ ਸ਼ਬਦਾਂ ਦਾ ਕਮਾਲ ਹਾਸਲ ਹੈ। ਉਹ ਵਿਅੰਗ ਕਰਨਾ ਵੀ ਜਾਣਦੀ ਹੈ ਤੇ ਆਪਣੇ ਹੀ ਉਪਰ ਹਸਣ ਵਿਚ ਉਸ ਨੂੰ ਆਨੰਦ ਆਉਂਦਾ ਹੈ। ਉਸ ਦੀਆਂ ਲਿਖਤਾਂ ਨੂੰ ਪੜ੍ਹਨਾ ਬਹੁਤ ਹੀ ਮਜ਼ੇਦਾਰ ਲਗਦਾ ਹੈ।

ਅੰਮ੍ਰਿਤ ਕੈਂਟ

ਅੰਮ੍ਰਿਤ ਕੌਰ ਕੈਂਟ ਨੇ ਨਾਵਲ, ਕਵਿਤਾ ਅਤੇ ਨਾਟਕ ਤਿੰਨ ਭਾਸ਼ਾਵਾਂ ਪੰਜਾਬੀ, ਉਰਦੂ ਤੇ ਅੰਗਰੇਜ਼ੀ ਵਿਚ ਲਿਖਣ ਵਿਚ ਆਪਣੀ ਖਾਸ ਥਾਂ ਬਣਾ ਲਈ ਹੈ। ਉਸ ਦੀ ਅਵਾਜ਼ ਵੀ ਬਹੁਤ ਮਿਠੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਪੂ ਸਾਹਿਬ ਦਾ ਪਾਠ ਐਚ ਐਸ ਵੀ ਵਾਲਿਆਂ ਨੇ ਰਿਕਾਰਡ ਕੀਤਾ ਹੈ, ਜਿਸ ਵਿਚ ਗੁਰੂ ਮਹਾਰਾਜ ਨੇ ਸੰਸਕ੍ਰਿਤ ਅਰਬੀ, ਪਾਕ੍ਰਿਤ ਤੇ ਬਰਜ ਭਾਸ਼ਾਵਾਂ ਦੀ ਵਰਤੋਂ ਕੀਤੀ ਹੈ। ਉਹ ਬਹੁਤ ਹੀ ਧਾਰਮਿਕ ਔਰਤ ਹੈ ਪਰ ਆਪਣੇ ਸਿਖ ਧਰਮ ਤੇ ਹਿੰਦੂ ਜਾਂ ਇਸਲਾਮ ਵਿਚ ਭੇਦ ਨਹੀਂ ਕਰਦੀ। ਭਗਤੀ ਤੇ ਸੂਫੀ ਧਰਮ ਵਿਚ ਉਸ ਦੀ ਬਹੁਤ ਸ਼ਰਧਾ ਹੈ। ਪਿਛਲੇ ਪੰਜ ਸਾਲਾਂ ਤੋਂ ਉਹ ਮੌਲਾਨਾ ਰੂਮੀ ਦੇ ਜੀਵਨ ਤੇ ਉਪਦੇਸ਼ਾਂ ਤੇ ਸ਼ਮਸ ਤਬਰੀਜੀ ਨਾਲ ਕੰਮ ਕਰ ਰਹੀ ਹੈ। ਇਸ ਦਾ ਨਤੀਜਾ ਰੂਮੀ: ਅਨਵੇਲ ਦ ਸੰਨ ਦੇ ਪ੍ਰਕਾਸ਼ਨ ਦੇ ਰੂਪ ਵਿਚ ਹੋਇਆ, ਜਿਸ ਨੂੰ ਅੰਗਸ ਐਂਡ ਕਰੈਪਲਰ ਨੇ ਕਾਰਨਰ ਬੁਕ ਸਟੋਰ ਲਈ ਛਾਪਿਆ ਹੈ।

ਜਲਾਲੂਦੀਨ ਰੂਮੀ, ਜਿਨ੍ਹਾਂ ਨੂੰ ਕਿ ਬਾਅਦ ਵਿਚ ਮੈਵਲਾਨਾ ਵਜੋਂ ਜਾਣਿਆ ਗਿਆ, 13ਵੀਂ ਸਦੀ ਵਿਚ ਕੋਨੀਆ ਵਿਚ ਰਹਿੰਦੇ ਸਨ। ਨਚਦੇ ਗਾਉਂਦੇ ਦਰਵੇਸ਼ਾਂ ਦੀ ਬਰਾਦਰੀ, ਜੋ ਕਿ ਲੰਮੀ ਫਰ ਵਾਲੀ ਟੋਪੀ ਪਹਿਨਦੇ ਸਨ, ਗਿਟਿਆਂ ਤਕ ਲੰਮਾ ਚਿਟਾ ਚੋਲਾ ਉਨ੍ਹਾਂ ਦੀ ਨ੍ਰਿਤ ਕਲਾ ਦਾ ਖਾਸ ਪ੍ਰਤੀਕ ਸੀ, ਵਲੋਂ ਸ਼ਹਿਨਾਈ ਤੇ ਢੋਲ ਵਜਾਉਂਦੇ ਹੋਏ ਗੋਲ ਚਕਰ ਵਿਚ ਨਾਚ ਕੀਤਾ ਜਾਂਦਾ ਸੀ, ਜੋ ਬਹੁਤ ਹੀ ਖਿਚ ਪਾਊ ਹੁੰਦਾ ਸੀ। ਉਹ ਆਪਣੇ ਮਾਲਕ ਦੀ ਉਪਮਾ ਵਿਚ ਗੀਤ ਗਾਉਂਦੇ ਸਨ।

ਸਮਸ ਉਦ ਦੀਨ ਤਬਰੀਜ਼ੀ, ਜੋ ਰੂਮੀ ਤੋਂ ਕਾਫੀ ਵੱਡੇ ਸਨ, ਕੋਨੀਆ ਵਿਚ ਇਮਾਮ ਨੂੰ ਲਭਣ ਆਏ ਸਨ। ਦੋਵੇਂ ਹੀ ਵਿਅਕਤੀ ਇਕ ਦੂਸਰੇ ਪ੍ਰਤੀ ਖਿਚੇ ਗਏ ਸਨ। ਕਿਹਾ ਜਾਂਦਾ ਹੈ ਕਿ ਅਧਿਆਤਮਕ ਮਾਮਲੇ ਵਿਚ ਉਨ੍ਹਾਂ ਨੇ ਲੰਮੇ ਪ੍ਰਵਚਨ ਕੀਤੇ, ਜੋ 40 ਦਿਨਾਂ ਤਕ ਚਲੇ ਤੇ ਇਸ ਦੌਰਾਨ ਰੂਮੀ ਨੇ ਆਪਣੇ ਮਦਰਸੇ ਦੇ ਮੁਖੀ ਵਜੋਂ ਤੇ ਆਪਣਾ ਪਰਿਵਾਰ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਅਣਡਿਠ ਕੀਤਾ, ਜਿਸ ਕਾਰਨ ਉਨ੍ਹਾਂ ਦੇ ਬੇਟੇ ਸੁਲਤਾਨ ਦਾ ਗੁੱਸਾ ਬਹੁਤ ਭੜਕ ਉਠਿਆ। ਸ਼ਮਸ ਅਚਾਨਕ ਕੋਨੀਆ ਵਿਚੋਂ ਗਾਇਬ ਹੋ ਗਏ। ਇਹ ਸ਼ਕ ਕੀਤਾ ਜਾਂਦਾ ਸੀ ਕਿ ਸੁਲਤਾਨ ਦਾ ਉਨ੍ਹਾਂ ਦੇ ਗਾਇਬ ਹੋਣ ਵਿਚ ਹਥ ਹੈ। ਰੂਮੀ ਨਿਰਾਸ਼ ਹੋ ਗਏ ਤੇ ਆਪਣੀ ਵੇਦਨਾ ਪ੍ਰਗਟ ਕਰਨ ਲਈ ਦੀਵਾਨ ਏ ਸਮਸ ਲਿਖਿਆਪ ਉਨਾਂ ਦੀ ਮਸ਼ਨਵੀ ਅਜ ਤਕ ਫਾਰਸੀ ਅਦਬ ਦੀ ਸ੍ਰੇਣੀ ਵਿਚ ਆਉਂਦੀ ਹੈ। ਅੰਮ੍ਰਿਤ ਕੈਂਟ ਨੇ ਆਪਣਾ ਨਾਟਕ ਦੇ ਸੂਫੀ ਸੰਤਾਂ ਤੇ ਸੁਲਤਾਨ ਦੇ ਈਰਖਾ ਵਾਲੇ ਸਬੰਧਾਂ ਬਾਰੇ ਲਿਖਿਆ ਹੈ। ਅੰਮ੍ਰਿਤ ਕੈਂਟ ਵਰਗੇ ਵਿਅਕਤੀਆਂ ਕਾਰਨ ਹੀ ਫਾਰਸੀ ਤੇ ਸੂਫੀ ਪ੍ਰੰਪਰਾਵਾਂ ਕਾਇਮ ਹਨ। ਮੈਂ ਇਥੇ ਰੂਮੀ ਦੀ ਪਸੰਦੀਦਾ ਲਾਈਨ ਪੇਸ਼ ਕਰਦਾ ਹਾਂ:

ਬੂ ਏ ਕੇਬਰ ਓ ਬੂ ਸ਼ ਹੀਰਸ ਓ ਬੂ ਏ ਅਜ਼

ਦਰ ਸੋਖਨ ਗੁਫਤਾਨ ਬਿਆਦ ਚੁਨ ਬੂ ਏ ਪਿਆਜ਼

ਅਭਿਮਾਨ, ਈਰਖਾ ਤੇ ਵਾਸਨਾ ਦੀ ਗੰਧ ਕਿਸੇ ਨੂੰ ਵੀ ਬੇਚੇਨ ਕਰ ਦਿੰਦੀ ਹੈ। ਜਿਵੇਂ ਪਿਆਜ਼ ਖਾਣ ਨਾਲ ਕਿਸੇ ਦੀ ਹਾਲਤ ਹੋ ਜਾਵੇ।


ਤੁਹਾਡੇ ਵਿਚਾਰਾਂ ਦਾ ਸੁਆਗਤ ਹੈ

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com