WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)


ਆਖਰ ਇਨ੍ਹਾਂ ਸੁਨਾਮੀ ਪੀੜਤਾਂ ਦਾ ਕਸੂਰ ਕੀ ਸੀ 
-         ਖੁਸ਼ਵੰਤ ਸਿੰਘ

ਆਫਤਾਂ ਤਿੰਨ ਤਰ੍ਹਾਂ ਦੀਆਂ ਹੁੰਦੀਆਂ ਹਨ: ਇਨਸਾਨ ਵਲੋਂ ਸਹੇੜੀਆਂ ਹੋਈਆਂ, ਜਿਨ੍ਹਾਂ ਲਈ ਮਨੁਖ ਜ਼ਿੰਮੇਵਾਰ ਹੈ ਤੇ ਉਨ੍ਹਾਂ ਨੂੰ ਸਿੱਧੇ ਤੌਰ ਤੇ ਪ੍ਰਮਾਤਮਾ ਦਾ ਕੰਮ ਕਹਿ ਕੇ ਨਕਾਰਿਆ ਨਹੀਂ ਜਾ ਸਕਦਾ। ਪਹਿਲੀ ਸ੍ਰੇਣੀ ਵਿਚ ਹਵਾਈ, ਰੇਲ ਤੇ ਸੜਕ ਹਾਦਸੇ ਆਉਂਦੇ ਹਨ: ਇਨ੍ਹਾਂ ਸਭ ਲਈ ਮਨੁਖ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਦੂਸਰੀਆਂ ਕੁਦਰਤੀ ਆਫਤਾਂ ਬਰਫਾਨੀ ਤੂਪਾਨ, ਦਰਿਆਵਾਂ ਵਿਚ ਹੜ੍ਹ ਤੇ ਸੋਕੇ ਲਈ ਮਨੁਖ ਜ਼ਿੰਮੇਵਾਰ ਹੈ, ਕਿਉਂਕਿ ਉਸ ਨੇ ਬਿਨਾਂ ਸੋਚੇ ਸਮਝੇ ਜੰਗਲਾਂ ਦਾ ਖਾਤਮਾ ਕੀਤਾ, ਜਿਸ ਦਾ ਨਤੀਜਾ, ਇਹ ਨਿਕਲਿਆ ਕਿ ਚਟਾਨਾਂ ਦੀ ਪਕੜ ਢਿੱਲੀ ਪੈ ਗਈ ਉਪਜਾਊ ਮਿੱਟੀ ਰੁੜ ਗਈ ਅਤੇ ਮੀਂਹ ਲਿਆਉਣ ਲਈਜ਼ਿੰਮੇਵਾਰ ਹਰਿਆਲੀ ਖਤਮ ਹੋ ਗਈ। ਤੀਜੀ ਸ੍ਰੇਣੀ ਵਿਚ ਭੂਚਾਲ, ਜਵਾਲਾਮੁਖੀ, ਹਨ੍ਹੇਰੀ, ਤੂਫਾਨ, ਸਮੁੰਦਰੀ ਲਹਿਰਾਂ ਆਉਂਦੀਆਂ ਹਨ: ਇਹ ਬਿਜਲੀ ਡਿੱਗਣ ਵਾਂਗ ਹਨ, ਜੋ ਅਚਾਨਕ ਵਾਪਰਦੀਆਂ ਹਨ ਤੇ ਦਰਖਤਾਂ, ਪਸ਼ੂਆਂ ਤੇ ਮਨੁਖਾਂ ਦਾ ਇਕੋ ਵੇਲੇ ਸਫਾਇਆ ਕਰ ਦਿੰਦੀਆਂ ਹਨ। ਇਨਸਾਨ ਦਾ ਇਨ੍ਹਾਂ ਦੇ ਵਾਪਰਨ ਵਿਚ ਕੋਈ ਹਥ ਨਹੀਂ ਤੇ ਹੁਣ ਸਾਨੂੰ ਇਕ ਮਹਾਂ ਕਹਿਰ ਦਾ ਤਜਰਬਾ ਹੋ ਰਿਹਾ ਹੈ, ਜੋ 26 ਦਸੰਬਰ 2004 ਨੂੰ ਵਾਪਰਿਆ। ਇਸ ਤੋਂ ਇਕ ਹੋਰ ਜਪਾਨੀ ਸ਼ਬਦ ਸੁਨਾਮੀ ਦਾ ਪਤਾ ਲਗਾ ਹੈ। ਇਸ ਵਿਚ ਇਕ ਲੱਖ ਤੋਂ ਵਧ ਲੋਕਾਂ ਜਾਨਾਂ ਚਲੀਆਂ ਗਈਆਂ: ਇੰਡੋਨੇਸ਼ੀਆਈ, ਸ੍ਰੀਲੰਕਾਈ, ਭਾਰਤੀ, ਮੁਸਲਿਮ, ਬੁਧ, ਹਿੰਦੂ, ਬੱਚੇ ਜਵਾਨ, ਅਧਖੜ, ਬੁਢੇ, ਇਸ ਦੇ ਨਾਲ ਹੀ ਪਾਪੀਆਂ ਦੀਆਂ ਵੀ। ਇਸ ਨਾਲ ਹਜ਼ਾਰਾਂ ਲੋਕਾਂ ਨੂੰ ਬੇਘਰ ਹੋਣਾ ਪਿਆ, ਮਸਜਿਦਾਂ, ਬੁੱਧ ਮੰਦਰਾਂ, ਹੋਟਲਾਂ, ਘਰਾਂ, ਹਸਪਤਾਲਾਂ ਤੇ ਗਰੀਬ ਮਛੇਰਿਆਂ ਦੀਆਂ ਬਸਤੀਆਂ ਦਾ ਸਫਾਇਆ ਹੋ ਗਿਆ। ਲਹਿਰਾਂ ਦੇ ਰਸਤੇ ਵਿਚ ਜੋ ਕੋਈ ਵੀ ਆਇਆ, ਉਹ ਬੱਚ ਨਹੀਂ ਸਕਿਆ। ਇਹ ਪ੍ਰਮਾਤਮਾ ਦਾ ਕਾਰਨਾਮਾ ਸੀ।

ਇਸ ਤੋਂ ਪ੍ਰਮਾਤਮਾ ਬਾਰੇ ਇਹ ਆਮ ਧਾਰਨਾ ਕਿਵੇਂ ਸਿੱਧ ਹੁੰਦੀ ਹੈ ਕਿ ਉਹ ਸਰਬ ਸ਼ਕਤੀਮਾਲ ਹੈ, ਸਾਡੇ ਦਿਲਾਂ ਦੀ ਗੱਲ ਜਾਣਦਾ ਹੈ, ਨਿਆਂਪਸੰਦ, ਕ੍ਰਿਪਾਲੂ, ਮੁਆਫ ਕਰਨ ਵਾਲਾ, ਆਦਿ ਆਦਿ ਹੈ? ਸੁਨਾਮੀ ਪੀੜਤਾਂ ਨੇ ਅਜਿਹਾ ਕਿਹੜਾ ਗੁਨਾਹ ਕੀਤਾ ਸੀ ਕਿ ਉਨ੍ਹਾਂ ਨੂੰ ਇਸ ਸਰਬਸ਼ਕਤੀਮਾਨ ਪ੍ਰਮਾਤਮਾ ਦੇ ਰੋਹ ਦਾ ਸ਼ਿਕਾਰ ਹੋਣਾ ਪਿਆ? ਮੈਂ ਆਪਣੇ ਪਾਠਕਾਂ, ਵਿਸ਼ੇਸ਼ ਕਰਕੇ ਉਨ੍ਹਾਂ ਨੂੰ, ਜੋ ਉਸ ਦੀ ਹੋਂਦ ਵਿਚ ਵਿਸ਼ਵਾਸ ਰਖਦੇ ਹਨ, ਦਾ ਮਾਰਗ ਦਰਸ਼ਨ ਕਰਨਾ ਚਾਹਾਂਗਾ। ਧਾਰਮਿਕ ਗ੍ਰੰਥਾਂ ਦਾ ਮੇਰੇ ਲਈ ਕੋਈ ਅਰਥ ਨਹੀਂ, ਮੈਂ ਕਿਸੇ ਨੂੰ ਨਹੀਂ ਮੰਨਦਾ। ਸਿੱਧੀ ਭਾਸ਼ਾ ਵਿਚ ਮੇਰੇ ਸ਼ੱਕ ਦਾ ਨਿਵਾਰਨ ਕਰੋ, ਜਿਸ ਨੂੰ ਹਰ ਕੋਈ ਸਮਝ ਸਕੇ, ਨਾ ਕਿ ਸੰਤਣੀਆਂ ਤੇ ਮਹਾਤਮਾਵਾਂ ਵਲੋਂ ਬੁਝਾਰਤ ਵਾਂਗ, ਜੋ ਰੋਜ਼ਾਨਾ ਘੰਟਿਆਂ ਬੱਧੀ ਸਾਡੇ ਟੀ ਵੀ ਚੈਨਲਾਂ ਉਤੇ ਪਾਉਂਦੇ ਰਹਿੰਦੇ ਹਨ। ਜਿਥੋਂ ਤਕ ਮੇਰਾ ਸਬੰਧ ਹੈ, ਮੈਂ ਸਮਰਸੈਟ ਮੌਗਮ ਦੀ ਗੱਲ ਮੰਨਦਾ ਹਾਂ ਮੈਂ ਪੂਰੀ ਤਰ੍ਹਾਂ ਧਾਰਮਿਕ ਵਿਅਕਤੀ ਹਾਂ, ਜੋ ਪ੍ਰਮਾਤਮਾ ਵਿਚ ਵਿਸ਼ਵਾਸ ਨਹੀਂ ਰਖਦਾ। ਮੈਂ ਭਲੇ ਮਰਦਾਂ ਔਰਤਾਂ ਦੀ ਨੇਕੀ ਵਿਚ ਯਕੀਨ ਰਖਦਾ ਹਾਂ

ਨਰਸਿਮ੍ਹਾ ਰਾਓ

ਜਿਵੇਂ ਹੀ ਕੋਈ ਵਿਅਕਤੀ ਆਖਰੀ ਸਾਹ ਲੈਂਦਾ ਹੈ, ਅਸੀਂ ਭਾਰਤੀ ਉਸ ਦੇ ਗੁਣਾਂ ਦੀ ਪ੍ਰਸੰਸਾਂ ਵਿਚ ਦਿਨ ਰਾਤ ਇਕ ਕਰ ਦਿੰਦੇ ਹਾਂ। ਮੈਂ ਜਾਣ ਬੁਝ ਕੇ ਇਸ ਸਭ ਤੋਂ ਵੱਧ ਢੁਕਵੇਂ ਵਾਕ ਦੀ ਵਰਤੋਂ ਇਸ ਲਈ ਕਰ ਰਿਹਾ ਹਾਂ ਕਿ ਅਸੀਂ ਕੋਈ ਵੀ ਨਵੀਂ ਗੱਲ ਸੋਚਣ ਤੋਂ ਬਚਣਾ ਚਾਹੁੰਦੇ ਹਾਂ ਤੇ ਉਸ ਵਿਅਕਤੀ ਦੇ ਦੁਸ਼ਮਣ ਬਣ ਜਾਂਦੇ ਹਾ, ਜੋ ਸਵਰਗ ਸਿਧਾਰਨ ਵਾਲੇ ਦੀ ਥੋੜ੍ਹੀ ਜਿਹੀ ਵੀ ਆਲੋਚਨਾ ਕਰਦਾ ਹੈ। ਅਸੀਂ ਇਮਾਨਦਾਰੀ ਨਾਲ ਲਿਖੀ ਸ਼ਰਧਾਂਜਲੀ ਵਿਚ ਯਕੀਨ ਨਹੀਂ ਕਰਦੇ, ਸਗੋਂ ਉਸ ਦੀ ਤਰੀਫ ਵਿਚ ਯਾਦਗਾਰੀ ਚਿੰਨ੍ਹ ਲਾ ਦਿੰਦੇ ਹਾਂ। ਇਹ ਸਾਬਕਾ ਪ੍ਰਧਾਨ ਮੰਤਰੀ ਪੀ ਵੀ ਨਰਸਿਮ੍ਹਾ ਰਾਓ ਬਾਰੇ ਬਿਲਕੁਲ ਸੱਚ ਹੈ, ਜਿਨ੍ਹਾਂ ਦਾ ਦਿਹਾਂਤ 23 ਦਸੰਬਰ 2004 ਨੂੰ ਹੋਇਆ। ਫਿਰ ਵੀ ਮੈਂ ਇਹ ਮੰਨਦਾ ਹਾਂ ਕਿ ਸਾਡੇ ਸਮਾਚਾਰ ਪਤਰਾਂ ਤੇ ਇਲੈਕਟ੍ਰਾਨਿਕ ਮੀਡੀਆ ਨੇ ਬਹੁਤ ਸਾਰੀਆਂ ਉਨ੍ਹਾਂ ਸ਼ੱਕੀ ਸੌਦੇਬਾਜ਼ੀਆਂ ਦਾ ਜ਼ਿਕਰ ਕੀਤਾ, ਜਿਨ੍ਹਾਂ ਕਾਰਨ ਉਹ ਪੰਜ ਸਾਲ ਦੀ ਪੂਰੀ ਮਿਆਦ ਤਕ ਪ੍ਰਧਾਨ ਮੰਤਰੀ ਦੇ ਅਹੁਦੇ ਉਤੇ ਬਿਰਾਜਮਾਨ ਰਹਿਣ ਵਿਚ ਕਾਮਯਾਬ ਹੋਏ। ਉਹ ਪਹਿਲੇ ਤੇ ਇਕੋ ਇਕ ਵਿਅਕਤੀ ਸਨ, ਜੋ ਨਹਿਰੂ ਗਾਂਧੀ ਵਿਰਾਸਤ ਵਿਚੋਂ ਨਹੀਂ ਸਨ ਆਏ। ਇਹ ਕਹਿਣਾ ਕਿ ਉਹ ਬਹੁਤ ਵੱਡੇ ਵਿਦਵਾਨ ਸਨ, ਅੱਠ ਤੋਂ ਚੌਦਾਂ ਭਾਸ਼ਾਵਾਂ ਜਾਣਦੇ ਸਨ ਤੇ ਉਨ੍ਹਾਂ ਦੀ ਸਾਹਿਤਕ ਪ੍ਰਸਿਧੀ ਦਾ ਬਹੁਤ ਵੱਡਾ ਯੋਗਦਾਨ ਹੈ, ਵਧੇਰੇ ਕਰਕੇ ਸਚ ਨਹੀਂ ਸੀ ਜਾਂ ਉਸ ਨੂੰ ਬਹੁਤ ਵਧਾ ਚੜ੍ਹਾਅ ਕੇ ਕਿਹਾ ਗਿਆ ਸੀ। ਇਸ ਵਿਅਕਤੀ ਬਾਰੇ ਮੈਨੂੰ ਆਪਣੀ ਗੱਲ ਕਹਿਣ ਦੀ ਇਜਾਜ਼ਤ ਦਿਤੀ ਜਾਵੇ, ਜਿਨ੍ਹਾਂ ਨਾਲ ਮੇਰਾ ਬੀਤੇ ਸਾਲਾਂ ਦੌਰਾਨ ਕਈ ਵਾਰ ਸਾਹਮਣਾ ਹੋਇਆ ਸੀ ਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਅਤੇ ਅਸਫਲਤਾਵਾਂ ਦਾ ਮੈਂ ਆਪਣਾ ਲੇਖਾ ਜੋਖਾ ਤਿਆਰ ਕੀਤਾ ਸੀ।

ਉਨ੍ਹਾਂ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਨਹੀਂ ਰਹੀ ਕਿ ਉਨ੍ਹਾਂ ਨੇ ਸਮਾਜਵਾਦੀ, ਸਰਕਾਰੀ ਕੰਟਰੋਲ ਵਾਲੀ ਅਰਥ ਵਿਵਸਥਾ ਤੇ ਲਾਇਸੰਸ ਵਿਵਸਥਾ ਦੀਆਂ ਜੰਜੀਰਾਂ ਨੂੰ ਤੋੜਿਆ, ਜਿਨ੍ਹਾਂ ਦੀ ਹੰਢਣਸਾਰਤਾ ਖਤਮ ਹੋ ਚੁਕੀ ਸੀ। ਸਾਡੀ ਕੌਮੀ ਆਮਦਨ ਤੇ ਵਿਦੇਸ਼ੀ ਸਿਕੇ ਦੇ ਭੰਡਾਰ ਸਭ ਤੋਂ ਹੇਠਲੇ ਪਧਰ ਉਤੇ ਸਨ ਤੇ ਸਿਕੇ ਦੇ ਫੈਲਾਅ ਦੀ ਦਰ ਉਚੀ ਸਿਖਰ ਉਤੇ ਪਹੁੰਚ ਚੁਕੀ ਸੀ। ਰਾਓ ਵਿਚ ਇਸ ਨੂੰ ਖਤਮ ਕਰਨ ਦੀ ਹਿੰਮਤ ਸੀ ਤੇ ਉਨ੍ਹਾਂ ਨੇ ਨਿੱਜੀ ਉਦਮੀਆਂ ਨੂੰ ਦੇਸ਼ ਦੇ ਵਿਕਾਸ ਵਿਚ ਹਿਸੇਦਾਰ ਬਣਨ ਲਈ ਖੁਲ੍ਹਾ ਸੱਦਾ ਦਿਤਾ। ਉਨ੍ਹਾਂ ਨੇ ਮਨਮੋਹਨ ਸਿੰਘ ਨੂੰ ਆਪਣੇ ਨਾਲ ਲਿਆ ਜੋ ਪ੍ਰਸਿਧ ਅਰਥ ਸ਼ਾਸਤਰੀ ਤੇ ਪ੍ਰਸਾਸਨਕ ਤਜਰਬੇ ਵਾਲੇ ਵਿਅਕਤੀ ਸਨ। ਉਨ੍ਹਾਂ ਨੂੰ ਵਿੱਤ ਮੰਤਰਾਲੇ ਦਾ ਕਾਰਜ ਭਾਰ ਸੌਂਪਿਆ, ਅਸਾਮ ਤੋਂ ਉਨ੍ਹਾਂ ਨੂੰ ਰਾਜ ਸਭਾ ਦਾ ਮੈਂਬਰ ਬਣਵਾਇਆ। ਮਨਮੋਹਨ ਸਿੰਘ ਨੇ ਆਪਣੀ ਯੋਗਤਾ ਸਿੱਧ ਕੀਤੀ ਤੇ ਥੋੜ੍ਹੇ ਹੀ ਸਮੇਂ ਵਿਚ ਸਾਡੀ ਅਰਥ ਵਿਵਸਥਾ ਵਿਚ ਸੁਧਾਰ ਆਉਣਾ ਸੁਰੂ ਹੋ ਗਿਆ। ਜਦੋਂ ਕਾਂਗਰਸ ਪਾਰਟੀ ਮੁੜ ਸਤਾ ਵਿਚ ਆਈ, ਸੋਨੀਆ ਗਾਂਧੀ ਨੇ ਮਨਮੋਹਨ ਸਿੰਘ ਦੀ ਯੋਗਤਾ ਨੂੰ ਪਛਾਣਿਆ, ਪ੍ਰਧਾਨ ਮੰਤਰੀ ਬਣਨ ਲਈ ਆਪਣੇ ਅਧਿਕਾਰ ਦਾ ਤਿਆਗ ਕੀਤਾ ਤੇ ਉਨ੍ਹਾਂ ਨੂੰ ਦੇਸ਼ ਦੀ ਕਮਾਨ ਸੌਂਪ ਦਿਤੀ। ਜੇ ਨਰਸਿਮ੍ਹਾ ਰਾਓ ਦੀ ਦੂਰ ਦ੍ਰਿਸ਼ਟੀ ਨਾ ਹੁੰਦੀ, ਮਨਮੋਹਨ ਸਿੰਘ ਉਥੇ ਨਾ ਹੁੰਦੇ, ਜਿਥੇ ਅਜ ਹਨ ਤੇ ਨਾ ਹੀ ਸਾਡੇ ਆਰਥਿਕ ਹਾਲਾਤ ਇੰਨੇ ਵਧੀਆ ਹੁੰਦੇ, ਜਿਹੋ ਜਿਹੇ ਪਹਿਲਾਂ ਕਦੇ ਨਹੀਂ ਸਨ। ਹੋਰਨਾਂ ਮਾਮਲਿਆਂ ਵਿਚ ਸ੍ਰੀ ਰਾਓ ਨੇ ਓਨੀ ਦੂਰ ਦ੍ਰਿਸ਼ਟੀ ਨਹੀਂ ਦਿਖਾਈ ਤੇ ਤਬਾਹੀ ਨੂੰ ਟਾਲ ਨਹੀਂ ਸਕੇ, ਜਦੋਂ ਸ੍ਰੀਮਤੀ ਗਾਂਧੀ ਨੇ ਜੂਨ 1984 ਵਿਚ ਆਪ੍ਰੇਸ਼ਨ ਬਲਿਊ ਸਟਾਰ ਕਰਨ ਲਈ ਫੌਜ ਨੂੰ ਹੁਕਮ ਦਿਤਾ ਤਾਂ ਉਹ ਗ੍ਰਹਿ ਮੰਤਰੀ ਸਨ। ਇਹ ਬਹੁਤ ਵੱਡੀ ਭੁੱਲ ਸੀ, ਜਿਸ ਦੇ ਲਈ ਦੇਸ਼ ਨੂੰ ਭਾਰੀ ਕੀਮਤ ਚੁਕਾਉਣੀ ਪਈ। ਉਦੋਂ ਤਕ ਉਹ ਇਹ ਮੰਨਣ ਲਗ ਪਏ ਸਨ ਕਿ ਮੁਸੀਬਤ ਨੂੰ ਟਾਲਣ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਕੁਝ ਨਾ ਕੀਤਾ ਜਾਵੇ। ਇਸ ਲਈ ਜਦੋਂ ਕੋਈ ਮੁਸੀਬਤ ਆਉਂਦੀ ਤਾਂ ਉਹ ਕੁਝ ਨਾ ਕਰਨ ਦੀ ਸਥਿਤੀ ਵਿਚ ਆ ਜਾਂਦੇ। ਉਨ੍ਹਾਂ ਨੇ ਸ੍ਰੀਮਤੀ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਸਿਖ ਵਿਰੋਧੀ ਹਿੰਸਾ ਨੂੰ ਰੋਕਣ ਲਈ ਕੁਝ ਨਹੀਂ ਕੀਤਾ। ਜਦੋਂ ਐਲ ਕੇ ਅਡਵਾਨੀ ਨੇ ਸੋਮਨਾਥ ਤੋਂ ਅਯੁਧਿਆ ਤਕ ਦੀ ਆਪਣੀ ਰਥ ਯਾਤਰਾ ਆਰੰਭ ਕੀਤੀ ਤਾਂ ਉਹ ਪ੍ਰਧਾਨ ਮੰਤਰੀ ਸਨ। ਇਸ ਯਾਤਰਾ ਦਾ ਅੰਤ ਬਾਬਰੀ ਮਸਜਿਦ ਦੀ ਮਿਸਮਾਰੀ ਤੇ ਬਾਅਦ ਵਿਚ ਮਹਾਰਾਸ਼ਟਰ ਵਿਚ ਹੋਏ ਮੁਸਲਿਮ ਵਿਰੋਧੀ ਦੰਗਿਆਂ ਦੇ ਰੂਪ ਵਿਚ ਹੋਇਆ। ਜਦੋਂ ਇਹਤਿਆਤ ਵਜੋਂ ਕਾਰਵਾਈ ਕੀਤੀ ਜਾਣੀ ਸੀ, ਕੁਝ ਨਾ ਕਰਨ ਦੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਉਨ੍ਹਾਂ ਦੇ ਮੋਢਿਆਂ ਉਤੇ ਸੀ।ਉਨ੍ਹਾਂ ਵਿਚ ਚਾਣਕਿਆਦੀ ਕੁਟਿਲਤਾ ਵਧ ਸੀ, ਬਜਾਏ ਨਹਿਰੂਵਾਦੀ ਦਰਸ਼ਨ ਦੇ ਦਾਰਸ਼ਨਿਕ ਰਾਜਾ ਹੋਣ ਦੇ।

ਰਾਓ ਦੀ ਵਿਦਵਤਾ ਨੂੰ ਵੀ ਜ਼ਿਆਦਾ ਅੰਗਿਆ ਗਿਆ ਸੀ। ਮੈਂ ਉਨ੍ਹਾਂ ਦੀ ਕਿਤਾਬ ਦਿ ਇਨਸਾਈਡਰ ਪੜ੍ਹੀ ਹੈ। ਉਸ ਦੇ ਪ੍ਰਕਾਸ਼ਕ ਪੈਂਗੂਇਨ ਵਾਈਕਿੰਗ ਦੇ ਪ੍ਰਤੀਨਿਧ ਵਜੋਂ ਮੈਨੂੰ ਇਸ ਕਿਤਾਬ ਦੀ ਘੁੰਡ ਚੁਕਾਈ ਸਮਾਰੋਹ ਦੀ ਪ੍ਰਧਾਨਗੀ ਕਰਨ ਦਾ ਮੌਕਾ ਮਿਲਿਆ, ਜਿਸ ਵਿਚ ਵਾਜਪਾਈ ਸਮੇਤ ਕੇਂਦਰੀ ਮੰਤਰੀ ਮੰਡਲ ਦੇ ਕਈ ਮੈਂਬਰ ਹਾਜ਼ਰ ਸਨ। ਇਸ ਕਿਤਾਬ ਵਿਚ ਅਜਿਹਾ ਕੁਝ ਨਹੀਂ ਹੈ, ਜਿਸ ਬਾਰੇ ਕਿਸੇ ਨੂੰ ਪਤਾ ਨਾ ਹੋਵੇ, ਸਿਵਾਏ ਇਸ ਦੇ ਕਿ ਉਨ੍ਹਾਂ ਨੇ ਆਂਧਰਾ ਵਿਧਾਨ ਸਭਾ ਦੀਆਂ ਮਹਿਲਾ ਮੈਂਬਰਾਂ ਨਾਲ ਆਪਣੇ ਮੁਖ ਮੰਤਰੀ ਕਾਲ ਵਿਚ ਰਹੇ ਸਬੰਧਾਂ ਨੂੰ ਸਵੀਕਾਰ ਕੀਤਾ ਸੀ। ਇਹ ਇਕ ਸਾਧਾਰਨ ਤਰੀਕੇ ਨਾਲ ਲਿਖੀ ਗਈ ਕਿਤਾਬ ਸੀ। ਅਨੇਕਾਂ ਵਿਦੇਸ਼ੀ ਭਾਸ਼ਾਵਾਂ ਦਾ ਗਿਆਨ ਹੋਣ ਦੀ ਗੱਲ ਵੀ ਇਕ ਭੁਲੇਖਾ ਸੀ। ਅੰਗਰੇਜ਼ੀ ਨੂੰ ਛੱਡ ਕੇ ਉਹ ਕਿਸੇ ਵਿਦੇਸ਼ੀ ਭਾਸ਼ਾ ਵਿਚ ਨਹੀਂ ਸਨ ਬੋਲਦੇ। ਉਹ ਸਾਧੂਆਂ ਮਹਾਤਮਾਵਾਂ ਦਾ ਆਸ਼ੀਰਵਾਦ ਲੈਂਦੇ ਸਨ ਤੇ ਜੋਤਸ਼ੀਆਂ ਨਾਲ ਸਲਾਹ ਮਸ਼ਵਰਾ ਕਰਦੇ ਸਨ, ਜੋ ਕਿ ਕੋਈ ਵੀ ਵਿਦਵਾਨ ਨਹੀਂ ਕਰੇਗਾ।

ਸ੍ਰੀ ਰਾਓ ਕਿਸੇ ਦੇ ਵੀ ਸਾਹਮਣੇ ਖੁਲ੍ਹ ਕੇ ਆਪਣੀ ਗੱਲ ਕਹਿਣ ਵਿਚ ਣਕੀਨ ਨਹੀਂ ਸਨ ਰਖਦੇ। ਉਨ੍ਹਾਂ ਦੀ ਚੁਪ ਤੋਂ ਲਗਦਾ ਸੀ ਕਿ ਉਹ ਡੂੰਘੀ ਸੋਚ ਵਿਚਾਰ ਵਾਲੀ ਸਤਿਤੀ ਵਿਚ ਹਨ। ਇਕ ਵਾਰ ਮੈਂ ਉਨ੍ਹਾਂ ਨਾਲ ਇਕ ਮੇਜ਼ ਉਤੇ ਬੈਠਾ ਸਾਂ, ਜਦੋਂ ਉਹ ਉਜ਼ਬੇਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਦਿਤੇ ਦੁਪਹਿਰ ਦੇ ਖਾਣੇ ਦੀ ਮੇਜ਼ਬਾਨੀ ਕਰ ਰਹੇ ਸਨ। ਮੈਂ ਲੰਬੀ ਚੁਪ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਹੋਏ ਕੁਝ ਉਜ਼ੇਕੀ ਪ੍ਰਸਨ ਉਨ੍ਹਾਂ ਦੇ ਦੇਸ਼ ਬਾਰੇ ਕੀਤੇ ਤੇ ਭਾਰਤ ਬਾਰੇ ਉਨ੍ਹਾਂ ਦੇ ਵਿਚਾਰ ਪੁਛੇ। ਮਹਿਮਾਨ ਨੇ ਮੇਰੇ ਕੋਲੋਂ ਪੁਛਿਆ ਕਿ ਭਾਰਤ ਦੀ ਸਰਬਉਚ ਪਹਿਲ ਕੀ ਹੈ? ਮੈਂ ਤੁਰੰਤ ਜੁਆਬ ਦਿਤਾ, ਆਤਮਘਾਤੀ ਦਰ ਨਾਲ ਵਧਦੀ ਹੋਈ ਆਬਾਦੀ ਉਤੇ ਕੰਟਰੋਲ। ਮੈਂ ਸਮਝਦਾ ਹਾਂ ਕਿ ਹੁਣ ਸਮਾਂ ਆ ਗਿਆ ਹੈ ਕਿ ਪਰਿਵਾਰ ਨਿਯੋਜਨ ਨੂੰ ਕਾਨੂੰਨ ਰਾਹੀਂ ਲਾਜ਼ਮੀ ਬਣਾ ਦਿਤਾ ਜਾਵੇ। ਉਹ ਸ੍ਰੀ ਰਾਓ ਵਲ ਮੁੜੇ ਤੇ ਪੁਛਿਆ, ਪ੍ਰਧਾਨ ਮੰਤਰੀ ਜੀ, ਕੀ ਤੁਸੀਂ ਸਹਿਮਤ ਹੋ? ਸ੍ਰੀ ਰਾਓ ਆਪਣੀ ਗੰਭੀਰ ਸੋਚ ਵਿਚਾਰ ਵਾਲੀ ਸਥਿਤੀ ਤੋਂ ਬਾਹਰ ਆਏ ਤੇ ਜੁਆਬ ਦਿਤਾ, ਮੈਂ ਅਜਿਹਾ ਨਹੀਂ ਸਮਝਦਾ।ਉਹ ਚੰਗੀ ਤਰ੍ਹਾਂ ਜਾਣਦੇ ਸਨ ਕਿ ਜਦੋਂ ਪਰਿਵਾਰ ਨਿਯੋਜਨ ਨੂੰ ਜ਼ਬਰਦਸਤੀ ਲਦਣ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ ਸਰਕਾਰ ਦਾ ਕੀ ਹਾਲ ਹੋਇਆ ਸੀ।

ਮੈਨੂੰ ਖਿਆਲ ਆਇਆ ਕਿ ਮੈਂ ਆਪਣਾ ਮੂੰਹ ਜ਼ਿਆਦਾ ਹੀ ਖੋਲ੍ਹ ਦਿਤਾ ਹੈ। ਰਾਓ ਦੀ ਅੱਠ ਸੰਤਾਨਾਂ ਸਨ, ਲਾਲੂ ਪ੍ਰਸਾਦ ਦੀ ਨੌਂ ਤੋਂ ਇਕ ਘੱਟ ਤੇ ਉਨ੍ਹਾਂ ਦੇ ਹੀ ਸੂਬੇ ਤੋਂ ਆਏ ਵੀ ਵੀ ਗਿਰੀ ਨਾਲੋਂ ਤਿੰਨ ਘੱਟ ਜਿਨ੍ਹਾਂ ਦੇ ਗਿਆਰਾਂ ਬਚੇ ਸਨ।


ਤੁਹਾਡੇ ਵਿਚਾਰਾਂ ਦਾ ਸੁਆਗਤ ਹੈ

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com