WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)

 
ਹੁਕਮਨਾਮੇ ਅਤੇ ਐਲਾਨ-ਨਾਮੇ
ਕੁਲਬੀਰ ਸਿੰਘ ਸ਼ੇਰਗਿੱਲ
 

ਅੱਜ ਕੱਲ ਸਾਡੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਵਾਂਗ ਇਕ ਹੋਰ ਵਿਅੱਕਤੀ ਵਿਸ਼ੇਸ਼ ਅਮਰੀਕਾ ਦਾ ਰਾਸ਼ਟਰਪਤੀ ਜੋਰਜ ਬੁਸ਼ ਵੀ ਹੁਕਮਨਾਮੇ ਅਤੇ ਐਲਾਨ-ਨਾਮੇ ਜਾਰੀ ਕਰਦਾ ਹੈ। ਉਸ ਦੇ ਹੁਕਮਨਾਮੇ ਦੇਸ਼ ਵਾਸੀਆਂ ਤੋਂ ਬਿਨਾਂ ਦੁਸਰੇ ਦੇਸ਼ਾਂ ਦੇ ਹੁਕਮਰਾਨਾਂ ਲਈ ਵੀ ਹੂੰਦੇ ਹਨ। ਉਨ੍ਹਾਂ ਨੂੰ ਰਾਜ ਕਰਨ ਦਾ ਢੰਗ ਦਸਣਾ, ਲੋਕਤੰਤਰ ਲਿਆਉਣ ਲਈ ਕਹਿਣਾ ਅਤੇ ਵਿਨਾਸ਼ਕਾਰੀ ਹਥਿਆਰਾਂ ਦਾ ਰਾਹ ਛੱਡਣ ਲਈ ਕਹਿਣਾ, ਜੇ ਨਾ ਹਟਣ ਤਾਂ ਡੰਡਾ ਦਿਖਾਉਣਾ ਆਦਿ ਆਦਿ।

2 ਫਰਵਰੀ 2005 ਨੂੰ ਸਟੇਟ ਆਫ ਦੀ ਜੁਨੀਅਨ ਐਡਰੈਸ ਵਿਚ ਉਸ ਨੇ ਕਈ ਐਲਾਨ-ਨਾਮੇ ਆਪਣੇ ਦੇਸ਼ ਦੇ ਸੁਧਾਰਾ ਲਈ ਕੀਤੇ ਅਤੇ ਬਾਕੀ ਦੁਨੀਆਂ ਦੇ ਦੇਸ਼ਾਂ ਦੇ ਹੁਕਮਰਾਨਾ ਲਈ ਵੀ ਕਈ ਹੁਕਮਨਾਮੇ ਜਾਰੀ ਕੀਤੇ ਅਤੇ ਇਸ ਉਤੇ ਚਲਣ ਦੇ ਆਦੇਸ਼ ਵੀ। ਅਚੰਬੇ ਦੀ ਗੱਲ ਕਿ ਚੀਨ ਨੂੰ ਐਤਕੀਂ ਹੁਕਮਨਾਮਾ ਜਾਰੀ ਨਹੀੰ ਕੀਤਾ ਗਿਆ। ਲਿਸਟ ਵਿਚ ਇਰਾਨ, ਉਤਰੀ ਕੋਰੀਆ, ਲੈਬਾਨਾਨ ਅਤੇ ਸੀਰੀਆ ਹੀ ਰਹੇ। ਕਿਸ ਦੀ ਵਾਰੀ ਪਹਿਲਾਂ ਆਵੇਗੀ ਇਰਾਕ ਵਾਂਗੂ ਮਰਨ ਦੀ, ਇਹ ਤਾਂ ਬੁਸ਼ ਹੀ ਜਾਣੇ ਜਾਂ ਕੋਂਡਾ ਲੀਸਾ ਰਾਇਸ ਜਿਹੜੀ ਨਵੀਂ ਵਿਦੇਸ਼ ਮੰਤਰੀ (ਸੇਕਟਰੀ ਆਫ ਸਟੇਟ) ਬਣੀ ਹੈ। ਕੋਲਿਨ ਪਾਵਲ, ਪਹਿਲਾ ਵਿਦੇਸ਼ ਮੰਤਰੀ, ਦੇ ਅਸਤੀਫੇ ਦਾ ਇਕ ਇਹ ਵੀ ਕਾਰਣ ਸੀ ਕਿ ਰਾਇਸ ਪਿਛੇ ਬੈਠੀ ਵੀ ਵਿਦੇਸ਼ ਨੀਤੀ ਦੀ ਘਾੜਤ ਘੜਦੀ ਸੀ ਬੁਸ਼ ਨੂੰ ਸਲਾਹ ਦੇ ਕੇ ਤੇ ਪਾਵਲ ਵਿਦੇਸ਼ ਮੰਤਰੀ ਹੁੰਦਾ ਹੋਇਆ ਵੀ ਆਪਣੀਆਂ ਤਾਕਤਾਂ ਦਾ ਇਸਤੇਮਾਲ ਪੂਰੀ ਤਰਾਂ ਨਹੀਂ ਸੀ ਕਰ ਸਕਦਾ।

ਪਹਿਲੀ ਵਾਰ ਜਦੋਂ ਬੁਸ਼ ਪ੍ਰਧਾਨ ਬਣਿਆ ਸੀ ਤਾਂ ਇਸ ਨੇ ਬਹਿੰਦੇ ਸਾਰ ਥੋੜੇ ਚਿਰ ਵਿਚ ਹੀ ਫਰਵਰੀ ਮਹੀਨੇ ਸਭ ਤੋਂ ਵੱਡੀ ਗਲਤੀ ਕੀਤੀ ਤੇ ਚੀਨ ਦੀ ਹੱਦ ਵੱਲ ਇਕ ਖੂਫੀਆ ਹਵਾਈ ਜਹਾਜ ਭੇਜ ਦਿਤਾ ਜਿਸ ਨੂੰ ਬਾਦ ਵਿਚ ਕਿਹਾ ਗਿਆ ਕਿ ਗਲਤੀ ਨਾਲ ਚਲਾ ਗਿਆ। ਸ਼ਾਇਦ ਅਮਰੀਕਾ ਸਮਝਦਾ ਸੀ ਕਿ ਰੂਸ ਠੰਡੀ ਜੰਗ ਹਾਰ ਗਿਆ ਹੈ ਤੇ ਹੁਣ ਨਾਲ ਲਗਦਾ ਚੀਨ ਦਾ ਵੀ ਕੰਮ ਕਰ ਦਿਉ। ਚੀਨ ਨੇ ਉਹ ਹਵਾਈ ਜਹਾਜ ਲਾਹ ਲਿਆ ਅਤੇ 22 ਤਕਨੀਕੀ ਸਾਇਸਦਾਨ ਉਸ ਵਿਚ ਸਵਾਰ ਸਨ ਉਹ ਵੀ ਕੈਦ ਕਰ ਲਏ। ਪਿਆ ਵਖਤ ਦੋਹਾਂ ਨੂੰ। ਸਾਨ੍ਹਾਂ ਦਾ ਭੇੜ ਹੂੰਦਾ-2 ਬਚਿਆ ਜਦ ਸਿਅਣਪ ਨਾਲ ਅਮਰੀਕੀ ਰਾਸ਼ਟਰਪਤੀ ਜਾਰਜ ਬੁਸ਼ ਨੇ ਟੇਲੀਵੀਜ਼ਨ ਤੇ ਖੁਲ੍ਹੇ ਆਮ ਮੁਆਫੀ ਮੰਗ ਲਈ। ਅੰਦਰੋਂ ਦੁਖੀ ਬੁਸ਼ ਨੇ ਆਪਣੇ ਅਗਲੇ ਭਾਸ਼ਨਾ ਵਿਚ ਚੀਨ ਦਾ ਨਾਂ ਬੁਰੇ ਦੇਸ਼ਾਂ ਦੀ ਸੂਚੀ ਵਿਚ ਸ਼ਾਮਲ ਕਰਕੇ ਇਸ ਨੂੰ ਇਰਾਨ, ਇਰਾਕ, ਉਤਰੀ ਕੋਰੀਆ ਦੇ ਬਰਾਬਰ ਖੜ੍ਹਾ ਕਰ ਦਿਤਾ ਤੇ ਅਪਣਾ ਦੁਸ਼ਮਣ ਹੋਣ ਦਾ ਸੰਕੇਤ ਦੇ ਦਿਤਾ। ਪਰ ਹੁਣ ਬਰਾਬਰ ਦਾ ਖਿਡਾਰੀ ਹੋਣ ਕਰਕੇ ਨਾਮ ਸ਼ਾਇਦ ਮਿਤਰ ਦੇਸ਼ਾ ਦੀ ਸੂਚੀ ਵਿਚ ਦਰਜ ਕਰ ਦੇਵੇ।

ਭਾਰਤ ਵੀ ਕੂਛ ਇਸੇ ਤਰਾਂ ਦਾ ਹੀ ਕਰਦਾ ਨਜ਼ਰ ਆ ਰਿਹਾ ਹੈ। ਗੁਆਢੀ ਦੇਸ਼ਾਂ ਨੂੰ ਹਦਾਇਤਾਂ ਦੇਣੀਆਂ, ਕੰਮ ਕਰਣ ਦੇ ਢੰਗ ਦੱਸਣੇ। ਸਰਕਾਰਾਂ ਦੇ ਢਾਚੇ ਕੀ ਰੱਖਣੇ, ਆਦਿ ਆਦਿ। ਨਿਪਾਲ ਵਿਚ ਹਾਲ ਹੀ ਵਿਚ ਐਮਰਜੈਂਸੀ ਲੱਗਣੀ ਭਾਰਤ ਦੀ ਸਲਾਹ (ਹੁਕਮ) ਦਾ ਨਤੀਜਾ ਹੈ। ਮਾਉਵਾਦੀਆਂ ਵਿਰੁਧ ਭਾਰਤ ਆਪਣੇ ਆਦੇਸ਼ ਸੰਕੇਤਕ ਦੇ ਰਿਹਾ ਹੈ। ਬਰਮਾ ਦੇ ਤਾਨਾਸ਼ਾਹ ਲਈ ਲਾਲ ਦਰੀ ਵਿਸ਼ਾਉਣੀ ਵੀ ਅਨੋਖੀ ਗੱਲ ਸੀ। ਭੂਟਾਨ 26 ਜਨਵਰੀ ਨੂੰ ਹੀ ਆਦੇਸ਼ ਲੈ ਕੈ ਗਿਆ ਲਗਦਾ ਹੈ। ਬੰਗਲਾ ਦੇਸ਼ ਤੇ ਸ਼੍ਰੀ ਲੰਕਾ ਵੀ ਆਦੇਸ਼ਾ ਦੇ ਮਾਰੇ ਹੀ ਹਨ। ਪਾਕਿਸਤਾਨ ਨੂੰ ਆਦੇਸ਼ ਦੇਣ ਦੀ ਕੋਸ਼ਿਸ਼ ਜਾਰੀ ਹੈ ਪਰ ਅਜੇ ਉਹ ਕੰਟਰੋਲ ਰੇਖਾ ਨੂੰ ਸਥਾਈ ਹੱਦ ਜਾਣੀ ਬਾਰਡਰ ਮੰਨਣ ਤੋਂ ਇਨਕਾਰੀ ਹੋ ਕੇ ਹੁਕਮ ਅਦੂਲੀ ਕਰ ਰਿਹਾ ਹੈ। ਸਾਰਕ ਸੰਮੇਲਨ ਵਿਚ ਮਿਲਣਾ ਅਣਮਿਥੇ ਸਮੇ ਲਈ ਮੁਲਤਵੀ ਕਰਨਾ ਇਸੇ ਦੀ ਨਿਸ਼ਾਨੀ ਹੈ। ਹਾਂ ਜਦੋਂ ਚੀਨ ਨਾਲ ਬਾਰਡਰ ਦੀ ਗੱਲ ਆਵੇ ਤਾਂ ਆਪਾਂ ਰਲ ਮਿਲ ਕੇ ਨਿਬੇੜਣ ਵਾਲੀ ਗੱਲ ਕਹਿ ਕੇ ਸਾਰ ਲੈਣਾ। ਦੱਬਮੀ ਜੀਭੇ ਹੀ ਕਹਿ ਕੇ ਸਾਰਨਾ ਤਾਂ ਕਿ ਕੋਈ ਸੁਣ ਵੀ ਨਾ ਲਵੇ।

ਪਾਕਿਸਤਾਨ ਭਾਵੇਂ ਅਜੇ ਆਦੇਸ਼ ਦੇਣ ਜੋਗਾ ਤਾਂ ਨਹੀਂ ਹੋਇਆ ਪਰ ਹੈਰਾਨੀ ਦੀ ਗੱਲ ਕਿ ਜਦੋਂ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਬ੍ਰਟੇਨ ਗਏ ਤਾਂ ਉਥੇ ਦੀ ਪਾਰਲੀਮੈਂਟ ਦੇ ਮੈਂਬਰ ਸਾਰੇ ਦੇ ਸਾਰੇ ਕੁਰਸੀਆਂ ਡਾਹ ਕੇ ਰਾਸ਼ਟਰਪਤੀ ਦਾ ਭਾਸ਼ਨ ਸੁਣਨ ਬੈਠ ਗਏ। ਭਾਵੇਂ ਇਹ ਆਏ ਦਾ ਆਦਰ ਮਾਣ ਹੀ ਹੂੰਦਾ ਹੈ ਰਾਜਨੀਤਕ ਖੇਤਰ ਵਿਚ।ਪਰ ਇਹ ਆਦਰ ਮਾਣ ਉਸ ਦਾ ਹੂੰਦਾ ਹੈ ਜਿਸ ਨੂੰ ਜਿਆਦਾ ਆਦਰ ਮਾਣ ਦੇਣਾ ਹੋਵੇ। ਦੁਨੀਆਂ ਨੂੰ ਹੁਕਮ ਦੇਣ ਵਾਲੇ ਅੱਜ ਕਿਸ ਤਰਾਂ ਹੁਕਮ (ਭਾਸ਼ਨ) ਸੁਣਨ ਦੀ ਆਦਤ ਪਾਉਣ ਲੱਗ ਪਏ। ਕਿਤੇ ਕੂਛ……?

ਜਦੋਂ ਹੁਕਮ ਦੇਣ ਵਾਲੇ ਦਾ ਹੁਕਮ ਨਾ ਚੱਲੇ ਤਾਂ ਉਸ ਦਾ ਹਾਲ ਰੂਸ ਵਰਗਾ ਹੂੰਦਾ ਹੈ। ਵਿਚਾਰੇ ਦੇ ਆਪਣੇ ਹੀ ਘਰ ਵਿਚ ਆਪਣੇ ਹੀ ਹੁਕਮ ਕੋਈ ਮਾਇਨਾ ਨਹੀਂ ਰੱਖਦੇ ਤਾਂ ਬਾਹਰ ਕੀ ਕਰਨਗੇ ਇਸ ਕਰਕੇ ਵਿਚਾਰੇ ਨੇ ਬੋਲਣਾ ਛੱਡ ਦਿਤਾ ਲਗਦਾ ਹੈ ਬਾਹਰਲੇ ਮਸਲਿਆਂ ਤੇ। ਇਗਲੈਂਡ ਨੇ ਵੀ ਅਜੇਹੇ ਸੰਕੇਤ ਦੇਣੇ ਸ਼ੁਰੂ ਕਰ ਦਿਤੇ ਹਨ ਅਮਰੀਕਾ ਦੇ ਥੱਲੇ ਲੱਗ ਕੇ। ਫਰਾਂਸ ਵੀ ਬੜਾ ਭੜਕਿਆ ਸੀ ਇਰਾਕ ਤੇ ਹਮਲੇ ਵੇਲੇ। ਪਰ ਜਦੋਂ ਨਾ ਸੁਣੀ ਗਈ ਉਹ ਵੀ ਵਿਚਾਰਾ ਬਣ ਕੇ ਬੈਠ ਗਿਆ ਅਤੇ ਕਮੀਨਿਆ ਵਾਗੂੰ ਘਰ ਵਲਿਆਂ ਤੇ ਹੀ ਰ੍ਹੋਭ ਪਾਉਣਾ ਸ਼ੁਰੂ ਕਰ ਦਿਤਾ ਅਤੇ ਘਰਦਿਆਂ ਦੀਆਂ ਹੀ ਪੱਗਾਂ, ਟੋਪੀਆਂ ਅਤੇ ਚੁਨੀਆਂ ਲ੍ਹਾਉਣੀਆਂ ਸ਼ੁਰੂ ਕਰ ਦਿਤੀਆਂ। ਗੱਲ ਸਾਰੀ ਹੁਕਮ ਦੀ ਸੀ ਕਿਤੇ ਤਾਂ ਚਲਾਉਣਾ ਹੀ ਸੀ। ਨਾਲੇ ਉਹਨੂੰ ਕਿਹੜਾ ਅਮਰੀਕਾ ਵਾਂਗੂ ਕਿਸੇ ਬਾਹਰਲੇ ਹਮਲੇ ਡਰ ਸੀ। ਪੱਗਾਂ, ਟੋਪੀਆਂ ਤੇ ਚੁਨੀਆਂ ਤਾਂ ਅਮਰੀਕਾ ਨੇ ਵੀ ਨਹੀਂ ਲ੍ਹਾਈਆਂ। ਸਗੋਂ ਇਸ ਦੇ ਉਲਟ ਅਮਰੀਕਾ ਨੇ ਸਰਕਾਰੀ ਤੋਰ ਤੇ ਸਿੱਖਾਂ ਤੇ ਸਿੱਖ ਇਸਤਰੀਆਂ ਦੀਆਂ ਵੱਖ-2 ਫੋਟੋਆਂ ਦਾ ਇਕ ਕੈਲੰਡਰ ਸਾਰੇ ਸਰਕਾਰੀ ਦਰਬਾਰਾਂ ਵਿਚ ਜਾਰੀ ਕਰ ਦਿੱਤਾ। ਭਾਵੇ ਇਸ ਵਿਚ ਖੂਲੀ ਦਾੜ੍ਹੀ ਵਾਲੇ ਸਿੱਖ ਦੀ ਤਸਵੀਰ ਨਹੀਂ ਦਿਤੀ ਗਈ ਸ਼ਾਇਦ ਬਿਨ ਲਾਦੇਨ ਤੋ ਡਰਿਆ ਕਰਕੇ। ਪਰ ਫਿਰ ਵੀ ਸਿਖਾਂ ਦਾ ਬਚਾਅ ਤਾਂ ਹੋਇਆ।

ਖੈਰ ਹੁਣ ਗੱਲ ਕਰੀਏ ਆਪਣੇ ਅਕਾਲ ਤਖਤ ਦੀ। ਹੁਕਮਨਾਮਾ ਜਾਰੀ ਕਰਨ ਦੀ ਆਦਤ ਸਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਵੀ ਹੈ ਪਰ ਕਦੇ-2 ਹੁਕਮਨਾਮਾ ਜਾਰੀ ਕਰਨ ਵਿਚ ਦੇਰ ਕਰ ਦਿੰਦੇ ਹਨ ਅਤੇ ਕਦੇ-2 ਚੇਤਾ ਭੁਲਾ ਦਿੰਦੇ ਹਨ ਜਿਸ ਕਰਕੇ ਉਨ੍ਹਾਂ ਨੂੰ ਤਰਾਂ-2 ਦੇ ਬੋਲ ਸੁਣਨੇ ਪੈਂਦੇ ਹਨ। ਦਰਬਾਰ ਸਾਹਿਬ ਵਿਚ ਔਰਤਾਂ ਦੇ ਇਸ਼ਨਾਨ ਘਰ (ਪੋਣੇ) ਜਦ ਸ਼੍ਰੋਮਣੀ ਕਮੇਟੀ ਦਾ ਡਿਪਟੀ ਮੈਨੇਜਰ ਜਾ ਵੜਿਆ ਤਾਂ, ਜੇ ਜਥੇਦਾਰ ਜੀ ਦਾ ਇਹ ਕੰਮ ਨਹੀਂ ਸੀ ਇਸ ਸਮਸਿਆ ਨੂੰ ਸੰਭਾਲਣ ਦਾ ਤਾਂ ਘੱਟੋ ਘੱਟ ਸ਼੍ਰੋਮਣੀ ਕਮੇਟੀ ਹੀ ਕਰਦੀ, ਜਿਸ ਦਾ ਅਸਲ ਵਿਚ ਫਰਜ਼ ਬਣਦਾ ਹੈ ਆਪਣੇ ਕਾਮੇ ਨੂੰ ਮਰਯਾਦਾ ਭੰਗ ਦਾ ਦੰਡ ਦੇਵੇ। ਫਿਰ ਗੂਰੁ ਰਾਮ ਦਾਸ ਸਰਾਂ ਵਿਚ ਔਰਤ ਨਾਲ ਛੇੜਖਾਨੀ ਵੀ ਤਾਂ ਪਹਿਲਾਂ ਮੁਲਾਜ਼ਮ ਨੇ ਹੀ ਕੀਤੀ ਸੀ । ਸ਼੍ਰੋਮਣੀ ਕਮੇਟੀ ਤਾਂ ਚਿਰਾਂ ਦੀ ਸੁਤੀ ਪਈ ਲਗਦੀ ਹੈ। ਕੋਣ ਜਗਾਵੇ ਜਗੀਰੋ ਭੈਣ ਨੂੰ।

ਪੱਲੀ ਝਿੱਕੀ ਦੇ ਬਾਬੇ ਦਾ ਮਸਲਾ ਸਿੱਧਾ ਅਕਾਲ ਤਖਤ ਨਾਲ ਤੱਲਕ ਰਖਦਾ ਹੈ ਜਿਸ ਵਿਚ ਕੁੜੀ ਦੇ ਮਾਪਿਆਂ ਨੇ ਅਕਾਲ ਤਖਤ ਤੱਕ ਪਹੁਚ ਤਾਂ ਕੀਤੀ ਪਰ ਇਨਸਾਫ ਨਹੀ ਮਿਲਿਆ। ਜਦ ਧਨਵੰਤ ਸਿੰਘ ਨੂੰ ਬਲਾਤਕਾਰ ਦੇ ਕੇਸ ਵਿਚ ਅਦਾਲਤ ਨੇ ਸਜਾ ਸੁਣਾਈ ਤੇ ਲਗਦਾ ਹੈ ਕਿ ਸਾਡੇ ਅਕਾਲ ਤਖਤ ਸਹਿਬ ਜੀ ਨੂੰ ਵੀ ਨਾਲ ਹੀ ਸਜਾ ਸੁਣਾ ਹੋ ਗਈ ਲਗਦੀ ਹੈ ਜਥੇਦਾਰ ਦੀ ਗਲਤੀ ਕਰਕੇ। ਕਿਸ ਨੂੰ ਕਹੀਏ ਮਾਲਕਾ ਤੇਰੇ ਤਖਤ ਤੇ ਅੱਜ ਕੋਣ ਬੈਠੇ ਨੇ?

ਗੱਲ ਹੁਕਮਨਾਮਿਆਂ ਦੀ ਸੀ, ਇਹ ਤਾਂ ਆਮ ਜਿਹੀ ਗੱਲ ਹੋ ਗਈ ਹੈ। ਇਹ ਤਾਂ ਹੁਣ ਅਸੀ ਰੋਜ਼ ਰਾਜਨੀਤੀ ਵਿਚ ਅਤੇ ਗੁਰਦੁਅਰਿਆਂ ਵਿਚ ਆਮ ਹੀ ਵੇਖਦੇ ਹਾਂ। ਪਰ ਹੁਕਮ ਕਿਸ ਨੂੰ ਦੇਣਾ ਤੇ ਕਿਸ ਨੇ ਦੇਣਾ, ਕਦੋਂ ਦੇਣਾ ਤੇ ਕਿਸ ਕਾਰਣ ਕਰਕੇ ਦੇਣਾ ਹੈ, ਇਹ ਵਿਚਾਰਣ ਗੋਚਰੇ ਸਵਾਲ ਹਨ।

ਪਾਠਕ ਤੇ ਸਿੱਖ ਸੰਗਤ ਸਿਆਣੇ ਹਨ। ਉਮੀਦ ਹੈ ਵਿਚਾਰ ਕਰਨਗੇ।

ਕੁਲਬੀਰ ਸਿੰਘ ਸ਼ੇਰਗਿੱਲ
ਕੈਲਗਿਰੀ, ਕਨੇਡਾ


ਤੁਹਾਡੇ ਵਿਚਾਰਾਂ ਦਾ ਸੁਆਗਤ ਹੈ

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com