WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)


 

ਇੰਦਰ ਨਾਗੌਰੀ
ਜਨਮੇਜਾ ਸਿੰਘ ਜੌਹਲ

ਜਨਮੇਜਾ ਜੌਹਲ

ਪਹਿਲਾ ‘ਇੰਦਰ ਨਾਗੌਰੀ’ ਮੈਨੂੰ ਕਦੇ ਚੰਗੀ ਤਰ੍ਹਾਂ ਤਾਂ ਨਹੀਂ ਮਿਲਿਆ, ਪਰ ਇਹ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਉਹ ‘ਇੰਦਰ ਨਾਗੌਰੀ’ ਹੀ ਸੀ। ਉੱਚਾ ਲੰਮਾ ਗੋਰਾ ਨਿਛੋਹ, ਹਰ ਇਕ ਦੇ ਮਨ ’ਚ ਘਰ ਕਰ ਜਾਣ ਵਾਲਾ ਤੇ ਆਮਾਂ ਲਈ ਨਿਪਹੁੰਚ, ਮੇਰੀ ਵੀ ਪਕੜ ’ਚ ਸੀ ਆਇਆ, ਉਂਜ ਇਹ ਵੀ ਸੱਚ ਹੈ ਕਿ ਮੈਨੂੰ ਕਿਸੇ ਨੂੰ ਪਕੜ ’ਚ ਲੈਣ ਦੀ ਸਮਝ ਵੀ ਨਹੀਂ ਸੀ। ਮੈਂ ਇਹੋ ਹੀ ਸਮਝਦਾ ਰਿਹਾ ਕਿ ਇਹ ਇਕ ਬਹੁਤ ਅੱਛਾ ਇਨਸਾਨ ਹੋਵੇਗਾ, ਤਾਹੀਉਂ ਕੁਦਰਤ ਨੇ ਇਸ ਵਿਚ ਕੁੱਟ ਕੁੱਟ ਕਿ ਸੁਹੱਪਣ ਭਰਿਆ ਹੈ ਤੇ ਬਾਕੀ ਅਸੀਂ ਸਭ ਰਬ ਨੇ ਮਜ਼ਬੂਰੀ ਵੱਸ ਹੀ ਘੜੇ ਹੋਵਾਂਗੇ।

ਦੂਜੇ ‘ਇੰਦਰ ਨਾਗੌਰੀ’ ਨਾਲ ਮੇਰੀ ਜਾਣ ਪਹਿਚਾਣ ਅਮਰੀਕਾ ਤੋਂ ਡਿਪਲੋਮਾ ਕਰਕੇ ਆਉਣ ਬਾਅਦ ਕਾਲਜ ਵਿਚ ਹੋਈ। ਕਾਲਜ ਦੇ ਪਹਿਲੇ ਹੀ ਦਿਨ ਰੈਗਿੰਗ ਤੋਂ ਬਚਦੇ ਬਚਾਉਂਦੇ ਇਸ ‘ਇੰਦਰ ਨਾਗੋਰੀ’ ਨੂੰ ਮਿਲ ਗਿਆ। ਹਸਮੁੱਖ ਨੂਰਾਨੀ ਚਿਹਰਾ, ਪਿਆਰ ਭਰੀਆਂ ਅੱਖਾਂ ਤੇ ਮੁੱਖ ਵਿਚੋਂ ਫੁੱਲਾਂ ਵਾਂਗ ਕਿਰਦੇ ਬੋਲ। ਮੋਹਿਤ ਕਿਵੇਂ ਨਾ ਹੁੰਦੇ ਸਾਡੇ ਵਰਗੇ। ਇੰਜ ਲੱਗਾ ਜਿਵੇਂ ਇਹ ਦੋਸਤ ਸਾਡੇ ਲਈ ਰਬ ਨੇ ਆਪ ਭੇਜਿਆ ਹੈ। ਇੰਜ ਸ਼ੁਰੂ ਹੋਈ ਤਿੰਨ ਦਹਾਕਿਆਂ ਦੀ ਜਾਣ ਪਛਾਣ।

ਇਸ ‘ਇੰਦਰ ਨਾਗੌਰੀ’ ਨੇ ਆਪਣੀਆਂ ਪਰਤਾਂ ਸਾਲ ਵਿਚ ਹੀ ਖੋਹਲਣੀਆਂ ਸ਼ੁਰੂ ਕਰ ਦਿੱਤੀਆਂ। ਪਰ ਸਾਨੂੰ ਬਾਕੀਆਂ ਨੂੰ ਉਸਦੇ ਲਏ ਫੈਸਲੇ ਤੇ ਕਲਾ/ਸਾਹਿੱਤ ਦੇ ਪਰਛਾਂਵੇਂ ਇਕ ਕ੍ਰਿਸ਼ਮਾ ਲੱਗਦੇ। ਹੌਲੀ ਹੌਲੀ ਉਸਦੀਆਂ ਪਰਤਾਂ ਖੁੱਲਦੀਆਂ ਗਈਆਂ ਤੇ ਸਾਡੇ ’ਚੋਂ ਕੁਝ ਨੇੜੇ ਤੇ ਕੁਝ ਦੂਰ ਹੁੰਦੇ ਗਏ। ਉਸਦੇ ਰੂਪ ਵਿਚ ਜਿਵੇਂ ਜਿਵੇਂ ਨਿਖਾਰ ਆਉਂਦਾ ਗਿਆ, ਉਸਦੀਆਂ ਚਾਲਾਂ ਸਪੱਸ਼ਟ ਹੁੰਦੀਆਂ ਗਈਆਂ, ਪਰ ਅਸੀਂ ਗਲਤ ਸੀ।

ਜਦ ਤਕ ਸਾਨੂੰ ਉਸਦੀ ਚਾਲ ਸਮਝ ਆਉਂਦੀ, ਉਹ ਆਪਣਾ ਘੇਰਾ ਵਿਸ਼ਾਲ ਕਰ ਲੈਂਦਾ ਤੇ ਸਾਡੀ ਸਮਝ ਤੋਂ ਵੱਡੀ ਚਾਲ ਚਲ ਚੁੱਕਾ ਹੁੰਦਾ। ਕਈ ਵਾਰ ਤਾਂ ਇਹ ਸਭ ਕੁਝ ਬੜਾ ਹੀ ਰੌਚਿਕ ਲੱਗਦਾ। ਆਪਣਾ ਚੇਤਨਾ ਦਾ ਪੱਧਰ ਭਾਵੇਂ ਵਧ ਰਿਹਾ ਸੀ ਪਰ ਫੇਰ ਵੀ ਇਸ ‘ਇੰਦਰ ਨਾਗੌਰੀ’ ਤੋਂ ਕਦੇ ਕਦੇ ਮਾਰ ਖਾ ਜਾਂਦੇ ਸੀ। ਉਸਦੇ ਸਿਰਜੇ ਸੁਪਨੇ ਕਦੇ ਕਦੇ ਖਰੀਦ ਹੋ ਜਾਂਦੇ ਸਨ ਤੇ ਆਖਰ ਘਾਟੇ ਦਾ ਕਾਰਣ ਬਣਦੇ। ਆਖਰ ਇਸ ਨਤੀਜੇ ਤੇ ਪਹੁੰਚੇ ਕਿ ਉਸਤੇ ਕਦੇ ਯਕੀਨ ਨਾ ਕਰੋ, ਸਿਰਫ ਪਿਆਰ ਕਰੋ, ਪਿਆਰ ਕਰਨਾ ਵੈਸੇ ਵੀ ਕੁਦਰਤ ਦਾ ਨੇਮ ਹੈ ਤੇ ਇਸ ਦੀ ਪਾਲਣਾ ਕਰਨੀ ਚਾਹੀਦੀ ਹੈ।

ਤਿੰਨ ਦਹਾਕਿਆਂ ਬਾਅਦ ਇਸ ‘ਇੰਦਰ ਨਾਗੌਰੀ’ ਨੂੰ ਕਾਫੀ ਦੁ`ਖ ਤੇ ਬੇਇਜ਼ਤੀ ਝੱਲਣੀ ਪਈ। ਆਪਣੀ ਸੌਂਹ ਖਾਕੇ ਉਸਦਾ ਸਾਥ ਦੇਣ ਵਾਲੇ ਉਸਦੇ ਦੁਸ਼ਮਣ ਬਣ ਗਏ। ਤੇ ਸਾਡੇ ਵਰਗੇ, ਨਾ ਦੁਸ਼ਮਣ ਬਣ ਸਕੇ ਤੇ ਨਾ ਦੋਸਤ। ਅ`ਜਕਲ ਇਹ ‘ਇੰਦਰ ਨਾਗੌਰੀ’ ਆਪੇ ਸਿਰਜੇ ਅਗਿਆਤਵਾਸ ਵਿਚ ਹੈ।

ਇਸ ਸਮੇਂ ਦੌਰਾਨ ਹੋਰ ਵੀ ਕਈ ‘ਇੰਦਰ ਨਾਗੌਰੀ’ ਮਿਲਦੇ ਰਹੇ। ਪਰ ਉਹਨਾਂ ਸਭ ਦੇ ਨੰਬਰ 2ੳ, 2ਅ, 2ੲ ਆਦਿ ਹੀ ਰੱਖੇ ਜਾ ਸਕਦੇ ਹਨ ਤਿੰਨ ਜਾਂ ਚਾਰ ਨਹੀਂ। ਤਿੰਨ ਨੰਬਰ ਤੇ ਚਾਰ ਨੰਬਰ ‘ਇੰਦਰ ਨਾਗੌਰੀ’ ਲਗਭਗ ਇੱਕ ਦਹਾਕਾ ਪਹਿਲੋਂ ਮਿਲੇ। ਦੋਨੋਂ ਰੱਜ ਕਿ ਸੋਹਣੇ, ਸੋਹਣੀਆਂ ਪੱਗਾਂ, ਨਰਮ ਮੁੱਛਾਂ, ਵਧੀਆ ਕੱਦ ਕਾਠ ਤੇ ਘਰੋਂ ਸੌਖੇ। ਤਿੰਨ ਨੰਬਰ ਨੇ ਦੋ ਨੰਬਰ ਵਿਚ ਬਹੁਤ ਪੈਸੇ ਕਮਾਏ ਹੋਏ ਸਨ। ਵੱਡੀਆਂ ਵੱਡੀਆਂ ਕੰਪਨੀਆਂ ਨਾਲ ਨਾਤੇ ਸਨ। ਲੱਖਾਂ ਦਾ ਮਾਲ ਆਉਂਦਾ ਸੀ ਤੇ ਲੱਖਾਂ ਦੇ ਸੁਪਨੇ ਸੱਚ ਹੁੰਦੇ ਸਨ। ਜਿਸ ਨੂੰ ਮਿਲ ਲਵੇ ਆਪਣਾ ਬਣਾ ਲਵੇ। ਮੇਰੇ ਵਰਗਾ ਉਸ ਲਈ ਕੀ ਸ਼ੈਅ ਸੀ। ਝਟ ਮੈਨੂੰ ਬੇਵਕੂਫ ਬਣਾ ਲਿਆ ਤੇ ਮੇਰੀ ਤੁੱਛ ਬੁੱਧੀ ਤੇ ਕਲਾ ਨੂੰ ਝੂਠੇ ਸ਼ੀਸ਼ੇ ਵਿਚ ਵੱਡਾ ਕਰਕੇ ਮੈਨੂੰ ਦਿਖਾ ਕਿ, ਮੈਨੂੰ ਜਿੱਤ ਲਿਆ। ਪੈਸੇ ਤੋਂ ਅਮੀਰ ਪਰ ਬੌਧਿਕ ਤੌਰ ਤੇ ਅਵਿਕਸਤ ਲੋਕਾਂ ਵਿਚ ਮੇਰੀ ਧਾਂਕ ਜਮਾ ਦਿੱਤੀ ਤੇ ਮੈਨੂੰ ਭਰਮ ਵਿਚ ਪਾ ਦਿੱਤਾ। ਚਾਰ ਸਾਲਾਂ ਵਿਚ ਹੀ ਮੈਨੂੰ ਦੋ ਢਾਈ ਲੱਖ ਦਾ ਚੂਨਾ ਲਾਕੇ ਆਜ਼ਾਦ ਪੰਛੀ ਵਾਂਗ ਅੱਜ ਵੀ ਇਹ ‘ਇੰਦਰ ਨਾਗੌਰੀ’ ਮੈਨੂੰ ਬਿੰਨਾਂ ਬੇਸ਼ਰਮ ਹੋਏ ਹਾਲ ਚਾਲ ਪੁੱਛ ਕਿ ਲੰਘਦਾ ਹੈ।

ਚੌਥਾ ‘ਇੰਦਰ ਨਾਗੌਰੀ’ ਬਹੁਤ ਹੀ ਕਮਾਲ ਦੀ ਸ਼ੈਅ ਹੈ। ਕਮਾਲ ਦੀ ਕਲਾ ਹੈ ਉਸਦੀ ਝੂਠ ਬੋਲਣ ਦੀ ਤੇ ਮਰਾਸ ਪੁਣੇ ਦੀ। ਵਿਚਾਰਾ ਜਿਹਾ ਬਣਕੇ, ਆਪਣੇ ਆਪ ਨੂੰ ਗਰੀਬੀ ਦਾ ਲਿਬਾਸ ਪਾਕੇ ਮੋਹ ਦੀਆਂ ਤੰਦਾਂ ਇੰਜ ਵਿਛਾਵੇਗਾ ਕਿ ਤੁਸੀਂ ਕੈਦ ਹੋਏ ਬਗੈਰ ਰਹਿ ਨਹੀਂ ਸਕਦੇ। ਇਹ ਹਮੇਸ਼ਾ ਉਸ ਬੰਦੇ ਨੂੰ ਫੜੇਗਾ ਜੋ ਪੈਸੇ ਵਾਲਾ ਹੈ ਤੇ ਕਿਸੇ ਕਲਾ ਤੋਂ ਕੋਰਾ ਹੈ। ਕਿਸੇ ਨੂੰ ਪ੍ਰਧਾਨ ਬਨਾਉਣ ਜਾਂ ਚੇਅਰਮੈਨ ਬਨਾਉਣਾ ਉਸਦੇ ਖੱਬੇ ਹੱਥ ਦੀ ਖੇਲ ਹੈ। ਪਰ ਵਿਚਾਰੇ ਦੀ ਹੈ ਦਸ਼ਾ ਮਾੜੀ। ਅੱਜ ਦੇ ਤੇਜ਼ ਤਰਾਰ ਯੁੱਗ ਵਿਚ ਲੋਕ ਹੁਣ ਬਹੁਤ ਸਿਆਣੇ ਹੋ ਗਏ ਹਨ। ਵਿਚਾਰੇ ਇਸ ‘ਇੰਦਰ ਨਾਗੌਰੀ’ ਦੇ ਹੱਥ ਕੰਡੇ ਹੁਣ ਲੋਕੀ ਸਮਝਣ ਲਗ ਪਏ ਹਨ। ਉਸਦੀਆਂ ਮਿੱਠੀਆਂ ਮਿੱਠੀਆਂ ਮਨ ਜਤਾਉਣ ਦੀਆਂ ਸਭ ਚਾਲਾਂ ਵਿਚੋਂ ਖੁਸ਼ਬੋ ਆਉਣ ਲਗ ਪਈ ਹੈ ਤੇ ਇਹ ਮਹਿਕ ਚਾਰੇ ਪਾਸੇ ਘਰ ਕਰ ਰਹੀ ਹੈ। ਆਉਣ ਵਾਲੇ ਸਮੇਂ ਵਿਚ ਉਸਨੂੰ ਕਾਫੀ ਮਿਹਨਤ ਕਰਨੀ ਪੈ ਸਕਦੀ ਹੈ। ਮਿਲਦੇ ਤਾਂ ਹੋਰ ਵੀ ਕਈ ‘ਇੰਦਰ ਨਾਗੌਰੀ’ ਰਹੇ ਪਰ ਉਹ ਜਾਂ ਤਾਂ ਪੂਰੇ ‘ਇੰਦਰ ਨਾਗੌਰੀ’ ਨਹੀਂ ਸਨ ਜਾਂ ਫੇਰ ਨਾਗੌਰ ਸ਼ਹਿਰ ਤੋਂ ਲਿਆਂਦੇ ਸੋਹਣੇ ਸੁਨੱਖੇ ਬਲਦਾਂ ਵਿਚੋਂ ਵੱਖਰਾ ਨਿਕਲਿਆ ਬਲਦ ਸਨ।

ਤੁਸੀਂ ਹੈਰਾਨ ਹੋਵੋਗੇ ਕਿ ਇੰਨੇ ਸਾਰੇ ਬੰਦਿਆਂ ਦੇ ਨਾਮ ‘ਇੰਦਰ ਨਾਗੌਰੀ’ ਕਿਵੇਂ ਹੋਏ। ਅਸਲ ਵਿਚ ਇਹਨਾਂ ਸਭ ਦੇ ਮਾਪਿਆਂ ਨੇ ਇਹਨਾਂ ਦੇ ਨਾਮ ਤਾਂ ਵੱਖ ਵੱਖ ’ਤੇ ਹੋਰ ਰੱਖੇ ਹਨ। ਕਾਗਜ਼ੀ ਤੇ ਸਰਕਾਰੀ ਨਾਮ ਵੀ ਅਲੱਗ ਹਨ। ‘ਇੰਦਰ ਨਾਗੌਰੀ’ ਤਾਂ ਸਬੱਬੀ ਹੀ ਰੱਖਿਆ ਗਿਆ ਨਾਮ ਹੈ। ਮੇਰੇ ਮਨ ਵਿਚ ਹਮੇਸ਼ਾ

ਇਹੋ ਜਿਹੇ ਲੋਕਾਂ ਲਈ ਇਕ ਨਾਮ ਦੀ ਭਾਲ ਸੀ ਪਰ ਲਭ ਨਹੀਂ ਸੀ ਰਿਹਾ। ਪਿੱਛੇ ਜਿਹੇ ਅਸੀਂ ਕੁਝ ਦੋਸਤਾਂ ਨੇ ਗੁਜਰਾਤ ਤੱਕ ਸਫਰ ਕੀਤਾ। ਜਦੋਂ ਅਸੀਂ ਨਾਗੌਰ ਸ਼ਹਿਰ ਤੋਂ ਲੰਘਣ ਲੱਗੇ ਤਾਂ ਮੈਨੂੰ ਯਾਦ ਆਇਆ ਕਿ ਪੰਜਾਬ ਦੇ ਪੇਂਡੂ ਲੋਕ ਇਥੋਂ ਬਲਦ ਖਰੀਦ ਕਿ ਲਿਜਾਂਦੇ ਸਨ। ਕਿਉਂਕਿ ਉਹ ਬਹੁਤ ਸੋਹਣੇ ਹੁੰਦੇ ਹਨ। ਵਾਕਿਆ ਹੀ ਉਥੇ ਬਲਦ, ਗਾਵਾਂ, ਵੱਛੇ ਤੇ ਵੱਛੀਆਂ ਸੋਹਣੀਆਂ ਸਨ। ਅਵਾਰਾ ਫਿਰਦੇ ਪਸ਼ੂ ਵੀ ਸੋਹਣੇ ਸਨ। ਮੈਂ ਗੱਲਾਂ ਕਰਨ ਲੱਗ ਪਿਆ ਉਹਨਾਂ ਦੇ ਸੋਹਣੇ ਹੋਣ ਦੀਆਂ ਤੇ ਪੰਜਾਬ ਵਿਚ ਪੈਂਦੇ ਇਹਨਾਂ ਦੇ ਮੁੱਲ ਦੀਆਂ। ਤਾਂ ਅਚਾਨਕ ਹੀ ਮੇਰਾ ਸਾਥੀ ਬੋਲਿਆ। ‘ਸਾਡੇ ਸ਼ਹਿਰ ਵੀ ਇਕ ਬੰਦਾ ਉਹਨੂੰ ਅਸੀਂ ‘ਇੰਦਰ ਨਾਗੌਰੀ’ ਆਖਦੇ ਹਾਂ। ਮੇਰੇ ਪੁੱਛਣ ਤੇ ਉਸ ਦੱਸਿਆ ਕਿ ਨਾਗੌਰੀ ਕੋਈ ਗੋਤ ਨਹੀਂ ਹੈ, ਬਸ ਉਹ ਹੈ ਹੀ ਰੱਜ ਕਿ ਸੋਹਣਾ ਇਸ ਲਈ ਉਹ ਇੰਦਰ ਤੋਂ ‘ਇੰਦਰ ਨਾਗੌਰੀ’ ਬਣ ਗਿਆ। ਉਸਦੇ ਸੁਭਾਅ ਬਾਰੇ ਪੁੱਛਣ ਤੇ ਲਗਭਗ ਜਵਾਬ ਉਪਰੋਕਤ ਚਾਰ ਨਾਗੌਰੀਆਂ ਵਰਗਾ ਹੀ ਸੀ। ਕਦੋਂ ਦਾ ਨਾਗੌਰ ਸ਼ਹਿਰ ਅਸੀਂ ਪਿੱਛੇ ਛੱਡ ਆਏ ਹਾਂ ਪਰ ‘ਇੰਦਰ ਨਾਗੌਰ’ ਸਾਡੇ ਨਾਲ ਹੀ ਚਲਿਆ ਆਇਆ ਹੈ। ਹੁਣ ਚਾਰਾਂ ਨਾਲ ਕੋਈ ਗਿਲਾ ਨਹੀਂ, ਕੋਈ ਰੋਸਾ ਨਹੀਂ, ਕਿਸੇ ਘਾਟੇ ਦਾ ਦੁੱਖ ਨਹੀਂ, ਕਿਸੇ ਰਿਸ਼ਤੇ ਦੀ ਕੁੜੱਤਣ ਨਹੀਂ। ਕੁਦਰਤ ਦੇ ਨੇਮ ਨੂੰ ਮੰਨ ਚੁਕੇ ਹਾਂ ਤੇ ਬਸ ਮੰਨਦੇ ਰਹਾਂਗੇ।


ਤੁਹਾਡੇ ਵਿਚਾਰਾਂ ਦਾ ਸੁਆਗਤ ਹੈ

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com