ਮਾਂ
ਬੋਲੀ ਦਾ ਵਰਨਣ ਕਰਨਾ ਵੀ ਮਾਂ ਦੇ ਅਹਿਸਾਨਾਂ ਦੀ ਤਰਾਂ ਬਹੁਤ ਮੁਸ਼ਕਲ ਹੈ। ਮਾਂ ਦੀ
ਮਮਤਾ ਅੱਗੇ ਹਰ ਇੱਕ ਦਾ ਸਿਰ ਝੁਕਦਾ ਹੈ। ਮਾਂ ਦਾ ਆਦਰ ਕਰਨਾ ਆ ਜਾਵੇ ਤਾਂ ਬਾਕੀ
ਰਿਸ਼ਤਿਆਂ ਦੀ ਖਿੱਚ ਆਪਣੇ ਆਪ ਹੋ ਜਾਂਦੀ ਹੈ, ਇਸੇ ਤਰਾਂ ਹੀ ਮਾਂ-ਬੋਲੀ ਕੰਠ ਕੀਤੀ
ਹੋਵੇ ਤਾਂ ਹੋਰ ਬੋਲੀਆਂ ਸਿੱਖਣ ਦੀ ਲਾਲਸਾ ਆਪਣੇ ਆਪ ਬਣ ਜਾਂਦੀ ਹੈ। ਬੰਦੇ ਦੀ
ਪਛਾਣ ਉਸ ਦੀ ਮਾਂ ਬੋਲੀ ਦੇ ਸ਼ਬਦਾਂ ਵਿਚ ਸਮਾਈ ਹੋਈ ਹੁੰਦੀ ਹੈ।
ਪੰਜਾਬੀ, ਜੋ ਕਿ ਇੱਕ ਸਮੇਂ
ਬੋਲੀਆਂ ਦੀ ਮੁਢਲੀ ਕਤਾਰ ਵਿਚ ਰਹੀ ਹੈ। ਅੱਜ
ਧਾਰਮਿਕ ਤੇ ਰਾਜਨੀਤਕ ਤੰਗ ਦਿਲੀਆਂ ਨੇ ਇਸ ਨੂੰ ਅਧਮੋਈ ਕਰ ਦਿੱਤਾ ਹੈ। ਜਿਵੇਂ
ਜਿਵੇਂ ਪੰਜਾਬ ਦਾ ਭੂਗੋਲਿਕ ਆਕਾਰ ਘਟਿਆ ਹੈ ਉਵੇਂ ਹੀ ਪੰਜਾਬੀ ਜ਼ੁਬਾਨ ਦਾ ਵੀ ਦਮ
ਘੁੱਟਿਆ ਹੈ। ਜਿਸ ਭਾਗਾਂ ਭਰੀ ਪੰਜਾਬ ਦੀ ਧਰਤੀ ਨੇ ਬਾਬਾ ਬੁੱਲੇ ਸ਼ਾਹ, ਵਾਰਿਸ
ਸ਼ਾਹ, ਗੁਰੂਆਂ, ਪੀਰਾਂ ਫਕੀਰਾਂ ਤੇ ਅਜੋਕੇ ਸਮੇਂ ਵਿਚ ਸੁਰਜੀਤ ਪਾਤਰ ਵਰਗੇ
ਸਾਹਿਤਕਾਰਾਂ ਨੂੰ ਜਨਮ ਦਿੱਤਾ ਹੈ, ਉਹੀ ਧਰਤੀ ਹੁਣ ਆਪਣੇ ਬੱਚਿਆਂ ਤੋਂ ਉਧਾਰੇ
ਸਾਹ ਅਤੇ ਨਵੀਆਂ ਉਮੰਗਾਂ ਦੀ ਆਸ ਕਰ ਰਹੀ ਹੈ।
ਪੰਜਾਬੀ ਦੇ ਸਿਰਮੌਰ ਗਾਇਕ,
ਗੁਰਦਾਸ ਮਾਨ ਨੇ ਜਦੋ ਇਕ ਗੀਤ ਵਿਚ ਕਿਹਾ ਸੀ
“ਪੰਜਾਬੀਏ ਜ਼ੁਬਾਨੇ ਨੀ ਰਕਾਨੇ ਮੇਰੇ ਦੇਸ ਦੀਏ, ਫਿੱਕੀ ਪੈ ਗਈ ਚਿਹਰੇ ਦੀ
ਨੁਹਾਰ” ਉਦੋਂ ਪੰਜਾਬੀ ਦੇ ਚਹੇਤਿਆਂ ਦੇ ਦਿਲ ਤੇ ਸੱਟ ਜ਼ਰੂਰ ਵੱਜੀ
ਸੀ ਪਰ ਇਸ ਦੇ ਚਿਹਰੇ ਦੀ ਨੁਹਾਰ ਦੇ ਫਿੱਕੇਪਨ ਦੇ ਵੀ ਅਸੀਂ ਖੁਦ ਹੀ ਜਿੰਮੇਵਾਰ
ਹਾਂ। ਅਸੀਂ ਇਸ ਨੂੰ ਮਤਰੇਈ ਮਾਂ ਦਾ ਖਿਤਾਬ ਦੇ ਦਿੱਤਾ ਹੈ। ਜੇ ਕਿਸੇ ਬੱਚੇ ਨੂੰ
ਉਸਦੀ ਮਾਂ ਦੀ ਗੋਦ ਵਿਚੋਂ ਖੋਹ ਕੇ ਕਿਸੇ ਬਿਗਾਨੀ ਤੀਵੀਂ ਨੂੰ ਪਾਲਣ ਪੋਸਣ ਲਈ ਦੇ
ਦੇਈਏ ਜੋ ਉਸਨੂੰ ਓਪਰਾ ਦੁੱਧ ਪਿਆ ਕੇ ਤੇ ਬਿਗਾਨੇ ਘਰ ਦੇ ਖਾਣੇ ਖੁਆ-ਖੁਆ ਕੇ
ਵੱਡਾ ਕਰੇ, ਤਾਂ ਜੇ ਉਸ ਬੱਚੇ ਨੂੰ ਕੁਝ ਅਰਸੇ ਬਾਅਦ ਉਸਦੀ ਆਪਣੀ ਮਾਂ ਦਿਖਾਲੀ
ਜਾਵੇ ਤਾਂ ਉਹ ਉਸਨੂੰ ਪਹਿਚਾਣੇਗਾ ਵੀ ਨਹੀਂ। ਇਹੋ ਹਾਲ ਹੀ ਸਾਡੇ ਵਿਦੇਸ਼ਾਂ ਵਿਚ
ਜੰਮੇ ਪਲੇ ਬੱਚਿਆਂ ਦਾ ਹੈ ਜਿਹਨਾਂ ਨੂੰ ਬਚਪਨ ਤੋਂ ਹੀ ਓਪਰੀ ਬੋਲੀ ਤੇ ਓਪਰੀ
ਸੱਭਿਅਤਾ ਦੀ ਗੁੜਤੀ ਮਿਲਦੀ ਹੈ। ਜਦੋਂ ਵੱਡੀ ਉਮਰ ਵਿਚ ਉਹਨਾਂ ਨੂੰ ਪੰਜਾਬੀ ਭਾਸ਼ਾ
ਵੱਲ ਪ੍ਰੇਰਿਆ ਜਾਂਦਾ ਹੈ ਤਾਂ ਉਹ ਉਸਨੂੰ ਓਪਰੀ ਲੱਗਦੀ ਹੈ।
ਸਾਡਾ ਫਰਜ਼ ਬਣਦਾ ਹੈ ਕਿ
ਅਸੀਂ ਅਗਲੀਆਂ ਪੀੜੀਆਂ ਨੂੰ ਪੰਜਾਬੀ ਸਿਖਾਉਣ ਲਈ ਗੰਭੀਰ ਹੋ ਕੇ ਸੋਚੀਏ। ਕਈ ਵਾਰੀ
ਅਸੀਂ ਪੰਜਾਬੀ ਦੇ ਭਵਿੱਖ ਬਾਰੇ ਗੱਲਬਾਤ ਵੀ ਅੰਗਰੇਜ਼ੀ ਵਿਚ ਹੀ ਕਰਦੇ ਹਾਂ। ਸਾਡੇ
ਕੋਲ ਅੱਜ ਆਪਣੇ ਬੱਚਿਆਂ ਨੂੰ ਪੰਜਾਬੀ ਪੜ੍ਹਾਉਣ ਦਾ ਵਕਤ ਹੀ ਨਹੀਂ ਹੈ ਜਾਂ
ਬੱਚਿਆਂ ਵਿਚ ਸਿੱਖਣ ਦੀ ਰੁਚੀ ਨਹੀਂ ਹੈ। ਜੇ ਅਸੀਂ ਬੱਚਿਆਂ ਦੇ ਬਾਕੀ ਸਾਰੇ
ਰੁਝੇਵਿਆਂ ਵਿਚ ਰੁਚੀ ਲੈ ਸਕਦੇ ਹਾਂ ਤਾਂ ਪੰਜਾਬੀ ਵੇਲੇ ਕੰਨ ਕਿਉਂ ਕਤਰਾਉਂਦੇ
ਹਾਂ। ਜੇ ਇਸੇ ਤਰਾਂ ਹੀ ਬਹਾਨੇ ਬਣਾਉਂਦੇ ਰਹੇ ਤਾਂ ਇਕ ਦਿਨ ਚੋਰ ਦੀ ਮਾਂ – ਕੋਠੀ
‘ਚ ਮੂੰਹ ਵਾਲੀ ਗੱਲ ਹੋਵੇਗੀ।
ਮਨੁੱਖੀ ਵਿਕਾਸ ਲਈ
ਸੱਭਿਆਚਾਰ ਨਾਲ ਜੁੜਨਾ ਮਾਂ ਬੋਲੀ ਰਾਹੀਂ ਹੀ ਸੰਭਵ ਹੈ। ਸੱਭਿਆਚਾਰ ਨੂੰ
ਜੀਉਂਦਿਆਂ ਰੱਖਣ ਲਈ ਬੋਲੀ ਦਾ ਕਾਇਮ ਰਹਿਣਾਂ ਬਹੁਤ ਜ਼ਰੂਰੀ ਹੈ। ਭਾਸ਼ਾ ਕਿਸੇ ਵੀ
ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਪੁਲ ਦਾ ਕੰਮ ਕਰਦੀ ਹੈ। ਪੰਜਾਬੀ ਭਾਸ਼ਾ ਦੇ
ਨਾਲ ਨਾਲ ਬੱਚਿਆਂ ਨੂੰ ਆਪਣੇ ਦਿਨ-ਤਿਉਹਾਰ, ਰੀਤੀ-ਰਿਵਾਜ, ਆਦਰ-ਮਾਣ ਤੇ ਘਰੇਲੂ
ਵਸਤਾਂ ਬਾਰੇ ਵੀ ਜਾਣਕਾਰੀ ਦੇਣੀ ਚਾਹੀਦੀ ਹੈ। ਬੱਚੇ ਆਪਣੇ ਬਜ਼ੁਰਗਾਂ ਨਾਲ
ਪੰਜਾਬੀ ਵਿਚ ਵਿਚਾਰ ਵਿਟਾਂਦਰਾ ਕਰਨ ਦੇ ਯੋਗ ਹੋਣ। ਕਈ ਵਾਰ ਕਿਸੇ ਦੀ ਕਹੀ ਗੱਲ
ਦੀ ਸਮਝ ਨਾ ਆਉਣ ਕਾਰਨ ਹੀ ਬਹੁਤ ਵੱਡੀ ਮੁਸ਼ਕਲ ਪੈਦਾ ਹੋ ਜਾਂਦੀ ਹੈ।
ਅਸੀਂ ਜਾਣਦੇ ਹਾਂ ਕਿ
ਪੰਜਾਬੀ ਭਾਸ਼ਾ ਦਾ ਜਿੰਨਾ ਵਿਕਾਸ ਹੋਣਾ ਚਾਹੀਦਾ ਹੈ ਉਹ ਹੋ ਨਹੀਂ ਰਿਹਾ। ਕਨੇਡਾ
ਵਿਚ ਵੱਖ ਵੱਖ ਸੰਸਥਾਵਾਂ ਤੇ ਗੁਰਦੁਆਰਿਆਂ ਵਲੋਂ ਪੰਜਾਬੀ ਸਿਖਾਉਣ ਦੇ ਯਤਨ ਕੀਤੇ
ਜਾ ਰਹੇ ਹਨ ਪਰ ਪੰਜਾਬੀਆਂ ਦੀ ਅਬਾਦੀ ਦੇ ਮੁਤਾਬਕ ਆਟੇ ਵਿਚ ਲੂਣ ਵਾਲੀ ਗੱਲ ਵੀ
ਨਹੀਂ ਹੈ। ਅਜੋਕੇ ਤਕਨੀਕੀ ਯੁੱਗ ਵਿਚ ਪੰਜਾਬੀ ਸਿੱਖਣ ਤੇ ਸਿਖਾਉਣ ਦਾ ਕੰਮ
ਕੰਪਿਊਟਰ ਦੁਆਰਾ ਹੋਰ ਵੀ ਸੌਖਾ ਹੋ ਗਿਆ ਹੈ, ਸਿਰਫ ਲੋੜ ਹੈ ਸਾਨੂੰ ਇਸ ਵੱਲ ਗਹੁ
ਕਰਨ ਦੀ। ਪੰਜਾਬੀ ਕਲਚਰਲ ਐਸੋਸੀਏਸ਼ਨ ਆਫ ਅਲਬਰਟਾ
ਨੇ ਪਿਛਲੇ ਕੁਝ ਸਾਲਾਂ ਤੋਂ ਵੱਖ ਵੱਖ ਸਾਧਨਾਂ ਦੁਆਰਾ ਪੰਜਾਬੀ ਬੋਲੀ
ਤੇ ਪੰਜਾਬੀ ਸੱਭਿਆਚਾਰ ਨੂੰ ਜਿਉਂਦਿਆਂ ਰੱਖਣ ਲਈ ਅਗਾਂਹ ਵਧੂ ਕਦਮ ਉਠਾਏ ਹਨ।
ਸੈਮੀਨਾਰ, ਕਵੀ-ਦਰਬਾਰ, ਸੱਭਿਆਚਾਰਕ ਮੇਲਿਆਂ ਦੇ ਨਾਲ ਨਾਲ ਪਿਛਲੇ ਤਿੰਨ ਸਾਲਾਂ
ਤੋਂ ਗਰਮੀਆਂ ਦੀਆਂ ਛੁੱਟੀਆਂ ਵਿਚ ਬੱਚਿਆਂ ਲਈ ਉਚੇਚੇ ਤੌਰ ਤੇ ਪੰਜਾਬੀ ਪੜ੍ਹਾਉਣ
ਦੇ ਇੰਤਜਾਮ ਕੀਤੇ ਗਏ ਹਨ। ਆਓ! ਅਸੀਂ ਸਾਰੇ ਇੱਕਮੁੱਠ ਹੋ ਕੇ ਇਹੋ ਜਿਹੀਆਂ
ਸੰਸਥਾਵਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਆਪਣੀਆਂ ਆਉਣ ਵਾਲੀ ਪੀੜੀ ਦੀਆਂ ਜੜਾਂ
ਪੱਕੀਆਂ ਕਰੀਏ ਤਾਂ ਕਿ ਇਹ ਵੱਡੇ ਹੋ ਕੇ ਆਪਣੀ ਮਾਂ-ਬੋਲੀ ਦੀ ਸੇਵਾ ਕਰ ਸਕਣ॥
“ਮਾਂ ਲਫ਼ਜ ਦਾ ਵਾਸ, ਰੱਬ
ਦੀ ਤਰ੍ਹਾਂ, ਸਦਾ ਦਿਲ ਵਿਚ ਹੁੰਦਾ ਹੈ।
ਤੇ ਦਿਲ ਵਿਚ ਵਸੀ ਚੀਜ਼ ਹਮੇਸ਼ਾ ਸਤਿਕਾਰਯੋਗ ਹੋਇਆ ਕਰਦੀ ਹੈ॥
(ਰਤਨ ਟਾਹਲਵੀ) |