ਪਾਰਟੀ ਦੇ ਮਨਮਰਜ਼ੀ ਦੇ
ਫੈਸਲ਼ਿਆਂ ਨਾਲ ਉਮਾ ਭਾਰਤੀ ਦਾ ਦਿਲ ਕੀ ਦੁਖੀ ਹੋਇਆ, ਉਨ੍ਹਾਂ ਦੇ ਤਾਂ ਹਸਪਤਾਲ
ਵਿਚ ਦਾਖਲ ਹੋਣ ਦੀ ਨੌਬਤ ਆ ਗਈ। ਉਮਾ ਨੂੰ ਅਡਵਾਨੀ ਜੀ ਦੇ ਇਸ ਫੈਸਲ਼ੇ ਤੇ ਬਹੁਤ
ਇਤਰਾਜ਼ ਸੀ ਕਿ ਪ੍ਰਮੋਦ ਮਹਾਜਨ ਨੂੰ ਬਿਹਾਰ ਭੇਜਣ ਦੀ ਕੀ ਲੋੜ ਸੀ? ਉਨ੍ਹਾਂ ਦੀ
ਛਾਤੀ ਤੇ ਮੂੰਗੀ ਦਲਣ ਲਈ ਉਥੇ ਕੀ ਇਕ ਅਰੁਣ ਜੇਤਲੀ ਘੱਟ ਸਨ? ਜਦੋਂ ਅਡਵਾਨੀ ਜੀ
ਉਮਾ ਦਾ ਹਾਲ ਚਾਲ ਪੁਛਣ ਹਸਪਤਾਲ ਗਏ ਤਾਂ ਉਮਾ ਨੇ ਉਨ੍ਹਾਂ ਅਗੇ ਇਕ ਅਨੋਖੀ ਸ਼ਰਤ
ਰਖ ਦਿਤੀ ਕਿ ਜੇ ਮੈਨੂੰ ਪਾਰਟੀ ਦੀ ਸੈਕਟਰੀ ਜਨਰਲ ਨਿਯੁਕਤ ਕੀਤਾ ਜਾਵੇਗਾ ਤਾਂ ਹੀ
ਮੈਂ ਚੋਣ ਪ੍ਰਚਾਰ ਲਈ ਬਿਹਾਰ ਜਾਵਾਂਗੀ”।
ਅਡਵਾਨੀ ਜੀ ਕੋਲੋਂ ਵਚਨ ਲੈਣ ਤੋਂ ਬਾਅਦ ਹੀ ਉਮਾ ਬਿਹਾਰ ਜਾਣ ਲਈ ਰਾਜ਼ੀ ਹੋਈ। ਇਹ
ਵਖਰੀ ਗੱਲ ਹੈ ਕਿ ਉਮਾ ਨੂੰ ਸੈਕਟਰੀ ਜਨਰਲ ਨਿਯੁਕਤ ਕੀਤੇ ਜਾਣ ਦਾ ਐਲਾਨ ਭਾਜਪਾ
ਬਿਹਾਰ ਦੀਆਂ ਚੋਣਾਂ ਤੋਂ ਬਾਅਦ ਹੀ ਕਰੇਗੀ।
ਰਾਜਪਾਲ ਬਦਲਣਗੇ
ਗਣਤੰਤਰ ਦਿਵਸ ਦੇ ਬੀਤਦਿਆਂ
ਹੀ ਸਿਆਸੀ ਹਲਕਿਆਂ ਵਿਚ ਮਹਾਮਹਿਮਾਂ ਨੂੰ ਲੈ ਕੇ ਚਰਚਾ ਸ਼ੁਰੂ ਹੋ ਜਾਂਦੀ ਹੈ,
ਰਾਜਪਾਲਾਂ ਦੀਆਂ ਤਬਦੀਲੀਆਂ ਅਤੇ ਨਿਯੁਕਤੀਆਂ ਨੂੰ ਲੈ ਕੇ ਲਾਬਿੰਗ ਤੇ ਭੱਜ ਦੌੜ
ਤੇਜ਼ ਹੋ ਜਾਂਦੀ ਹੈ। ਇਸੇ ਭੱਜ ਦੌੜ ਵਿਚ ਦੋ ਨਾਂ ਅਜਿਹੇ ਹਨ, ਜਿਨ੍ਹਾਂ ਨੂੰ
ਮਿਜ਼ੋਰਮ ਤੇ ਨਾਗਾਲੈਂਡ ਭੇਜਣ ਦੀ ਗੱਲ ਚਲ ਰਹੀ ਹੈ, ਇਹ ਹਨ- ਸ਼ਿਆਮਲ ਦੱਤ ਤੇ
ਕਲਿਆਣ ਰੂਦਰ। ਆਈ ਬੀ ਦੇ ਸਾਬਕਾ ਮੁਖੀ ਸ਼ਿਆਮਲ ਦੱਤ ਦੇ ਨਾਂ ਤੋਂ ਤਾਂ ਪਾਠਕ ਜਾਣੂ
ਹੋਣਗੇ ਹੀ। ਰਹੀ ਗੱਲ ਕਲਿਆਣ ਰੂਦਰ ਦੀ ਤਾਂ ਉਹ ਹਰਿਆਣਾ ਕੈਡਰ ਦੇ ਆਈ ਏ ਐਸ
ਅਧਿਕਾਰੀ ਤੇ ਆਈ ਬੀ ਵਿਚ ਸਪੈਸ਼ਲ ਡਾਇਰੈਕਟਰ ਰਹਿ ਚੁਕੇ ਹਨ। ਉਤਰਾਂਚਲ ਦੇ ਮੁਖ
ਮੰਤਰੀ ਨਰਾਇਣ ਦੱਤ ਤਿਵਾੜੀ ਲਈ ਵੀ ਕੋਈ ਢੁਕਵਾਂ ਸੂਬਾ ਲਭਿਆ ਜਾ ਰਿਹਾ ਹੈ
ਕਿਉਂਕਿ ਉਨ੍ਹਾਂ ਨੇ ਕਾਂਗਰਸ ਹਾਈਕਮਾਂਡ ਨੂੰ ਕਹਿ ਦਿਤਾ ਹੈ ਕਿ ਉਹ ਕਿਸੇ ਛੋਟੇ
ਸੂਬੇ ਵਿਚ ਜਾਣ ਲਈ ਉਤਾਵਲੇ ਨਹੀਂ। ਵੱਡੇ ਸੂਬਿਆਂ ਨਾਲ ਮੁਸੀਬਤ ਇਹ ਹੈ ਕਿ ਉਥੇ
ਹਾਲ ਦੀ ਘੜੀ ਨਵੇਂ ਰਾਜਪਾਲ ਲਈ ਥਾਂ ਖਾਲੀ ਨਹੀਂ। ਅਜਿਹੀ ਹਾਲਤ ਵਿਚ ਫੇਰਬਦਲ ਦਾ
ਹੀ ਸਹਾਰਾ ਲੈਣਾ ਪਵੇਗਾ।
10
ਜਨਪਥ ਅਤੇ ਨਾਰਾਇਣਨ
ਕੌਮੀ ਸੁਰੱਖਿਆ ਸਲਾਹਕਾਰ ਦਾ
ਅਹੁਦਾ ਖਤਮ ਕਰਨ ਦੀ ਪੇਸ਼ਕਸ਼ ਕਰਨ ਵਾਲੇ ਐਨ ਕੇ ਨਾਰਾਇਣਨ ਜਦੋਂ 10 ਜਨਪਥ ਦੀ
ਕ੍ਰਿਪਾ ਨਾਲ ਇਸ ਅਹੁਦੇ ਤੇ ਹੀ ਨਿਯੁਕਤ ਹੋ ਗਏ ਤਾਂ ਸੋਨੀਆ ਗਾਂਧੀ ਦੀ ਖੁਸ਼ੀ ਦੀ
ਕੋਈ ਹੱਦ ਨਾ ਰਹੀ। ਨਰਾਇਣਨ ਦੀ ਇਸ ਅਹੁਦੇ ਤੇ ਨਿਯੁਕਤੀ ਨਾਲ 10 ਜਨਪਥ ਨੂੰ
ਅੰਦਰੂਨੀ ਤੇ ਬਾਹਰਲੀਆਂ ਖੁਫੀਆ ਜਾਣਕਾਰੀਆਂ ਠੀਕ ਸਮੇਂ ਤੇ ਮਿਲਣ ਦੀ ਸਹੂਲਤ ਮਿਲ
ਗਈ ਹੈ। ਕੌਮੀ ਸੁਰਖਿਆ ਸਲਾਹਕਾਰ ਹੋਣ ਦੇ ਨਾਤੇ ਇਸ ਤਰ੍ਹਾਂ ਦੀਆਂ ਜਾਣਕਾਰੀਆਂ
ਹਾਸਲ ਕਰਨ ਦਾ ਉਨ੍ਹਾਂ ਨੂੰ ਹੱਕ ਹੈ।
ਨਾਰਾਇਣਨ ਸੋਨੀਆ ਨਾਲ ਕਦੋਂ
ਮੁਲਾਕਾਤ ਕਰਦੇ ਹਨ, ਇਸਦੀ ਭਿਣਕ ਮੀਡੀਆ ਨੂੰ ਤਾਂ ਕੀ, ਵੱਡਿਆਂ ਵੱਡਿਆਂ ਨੂੰ ਵੀ
ਨਹੀਂ ਲਗਦੀ। ਨਾਰਾਇਣਨ ਉਂਝ ਵੀ ਮੀਡੀਆ ਦੀਆਂ ਸੁਰਖੀਆਂ ਤੋਂ ਦੂਰ ਰਹਿਣ ਵਾਲੇ
ਵਿਅਕਤੀ ਹਨ। ਉਹ ਭੁਲ ਕੇ ਵੀ ਕਦੇ ਲਾਲ ਬੱਤੀ ਵਾਰ ਕਾਰ ਦੀ ਵਰਤੋਂ ਨਹੀਂ ਕਰਦੇ।
ਉਹ ਗੱਡੀਆਂ ਬਦਲ ਬਦਲ ਕੇ ਸਫਰ ਕਰਦੇ ਹਨ। ਗੱਡੀਆਂ ਦੀ ਇਸ ਅਦਲਾ ਬਦਲੀ ਕਰਕੇ
ਪਤਰਕਾਰਾਂ ਨੂੰ ਉਨ੍ਹਾਂ ਦੇ ਇਧਰ ਆਉਣ ਜਾਣ ਦਾ ਪਤਾ ਹੀ ਨਹੀਂ ਲਗਦਾ।
ਵਰੁਣ
ਨੂੰ ਮਹੱਤਵ
ਭਾਜਪਾ ਆਪਣੇ ਸਟਾਰ ਪ੍ਰਚਾਰਕ
ਵਰੁਣ ਗਾਂਧੀ ਨੂੰ ਵੀ ਕਾਫੀ ਮਹੱਤਵ ਦੇ ਰਹੀ ਹੈ। ਪਾਰਟੀ ਦਾ ਮੰਨਣਾ ਹੈ ਕਿ ਵਰੁਣ
ਵਾਜਪਾਈ ਤੋਂ ਬਾਅਦ ਸਭ ਤੋਂ ਵੱਡੇ ਭੀੜ ਜੁਟਾਊ ਨੇਤਾ ਹਨ। ਇਸ ਲਈ ਜਦੋਂ ਪਾਰਟੀ ਨੇ
ਬਿਹਾਰ ਵਿਚ ਚੋਣ ਸਭਾਵਾਂ ਰਖੀਆਂ ਤਾਂ ਉਨ੍ਹਾਂ ਲਈ ਬਕਾਇਦਾ ਇਕ ਫਾਈਵ ਸਟਾਰ ਹੋਟਲ
ਵਿਚ ਸ਼ਾਨਦਾਰ ਕਮਰਾ ਬੁੱਕ ਕਰਵਾਇਆ ਗਿਆ। ਵਰੁਣ ਨੇ ਆਪਣੇ ਵਲੋਂ ਸ਼ਰਤ ਰਖੀ ਕਿ
ਹੈਲੀਕਾਪਟਰ ਵਿਚ ਉਨ੍ਹਾਂ ਨਾਲ ਪਾਰਟੀ ਦਾ ਸਥਾਨਕ ਨੇਤਾ ਨਹੀਂ, ਸਗੋਂ ਕੌਮੀ ਨੇਤਾ
ਜਾਵੇਗਾ। ਪਾਰਟੀ ਨੇ ਉਨ੍ਹਾਂ ਦੀ ਗੱਲ ਖੁਸ਼ੀ ਖੁਸ਼ੀ ਮੰਨ ਲਈ।
ਕਾਂਚੀ ਮਠ ਅਤੇ ਗੁਰੂਮੂਰਤੀ
ਕਾਂਚੀ ਦੇ ਸ਼ੰਕਰਾਚਾਰੀਆ ਨਾਲ
ਅਜਕਲ ਗੁਰੂਮੂਰਤੀ ਰੋਜ਼ਾਨਾ ਹੀ ਮਿਲਦੇ ਹਨ। ਹੁਣ ਉਨ੍ਹਾਂ ਨੂੰ ਜੈਲਲਿਤਾ ਦੀ ਇਹ
ਗੱਲ ਜਾਇਜ਼ ਲਗਦੀ ਹੈ ਕਿ ਸ਼ੰਕਰਾਚਾਰੀਆ ਨੂੰ ਆਪਣੇ ਅਹੁਦੇ ਤੋਂ ਹਟ ਜਾਣਾ ਚਾਹੀਦਾ
ਹੈ।
ਉਹ ਸ਼ੰਕਰਾਚਾਰੀਆ ਨਾਲ ਆਪਣੀ
ਨਿੱਜੀ ਗੱਲਬਾਤ ਵੇਲੇ ਇਨ੍ਹਾਂ ਬਿੰਦੂਆਂ ਤੇ ਜ਼ੋਰ ਪਾਉਂਦੇ ਹਨ- 1. ਸ਼ੰਕਰਾਚਾਰੀਆ
ਨੂੰ ਅਹੁਦਾ ਛੱਡ ਦੇਣਾ ਚਾਹੀਦਾ ਹੈ, 2. ਮਠ ਦੇ ਮੈਨੇਜਰ ਵਜੋਂ ਉਨ੍ਹਾਂ ਨੂੰ ਇਹ
ਅਹਿਮ ਜ਼ਿੰਮੇਵਾਰੀ ਸੌਂਪੀ ਜਾਣੀ ਚਾਹੀਦੀ ਹੈ, 3. ਮਠ ਨਾਲ ਜੁੜੇ ਸਾਰੇ ਮੁਕਦਮਿਆਂ
ਦੀ ਜ਼ਿੰਮੇਵਾਰੀ ਜਸਟਿਸ ਅਰੁਣਾਚਲ ਤੋਂ ਲੈ ਕੇ ਗੁਰੂਮੂਰਤੀ ਨੂੰ ਸੌਂਪੀ ਜਾਵੇ ਪਰ
ਜਦੋਂ ਮਠ ਦਾ ਮੈਨੇਜਰ ਬਣਨ ਲਈ ਕਤਾਰ ਵਿਚ ਸਾਬਕਾ ਮੁਖ ਚੋਣ ਕਮਿਸ਼ਨਰ ਟੀ ਐਨ ਸੇਸ਼ਨ
ਖੜੇ ਹੋਣ ਤਾਂ ਗੁਰੂਮੂਰਤੀ ਦੀ ਦਾਲ ਗਲੇ ਵੀ ਕਿਵੇਂ?
ਮਠ
ਦੀ ਦੁਚਿੱਤੀ
ਕਾਂਚੀ ਮਠ ਇਸ ਗੱਲ ਤੇ ਇਕ
ਮਤ ਹੈ ਕਿ ਸ਼ੰਕਰਾਚਾਰੀਆ ਨੂੰ ਕਿਸੇ ਵੀ ਹਾਲਤ ਵਿਚ ਅਹੁਦਾ ਨਹੀਂ ਛੱਡਣਾ ਚਾਹੀਦਾ।
ਜੇ ਉਹ ਅਹੁਦਾ ਛੱਡਦੇ ਹਨ ਤਾਂ ਇਸਦਾ ਸਿੱਧਾ ਮਤਲਬ ਇਹ ਹੋਵੇਗਾ ਕਿ ਉਹੀ ਵਿਅਕਤੀ
ਸ਼ੰਕਰਾਚਾਰੀਆ ਦੇ ਅਹੁਦੇ ਤੇ ਬਿਰਾਜਮਾਨ ਹੋਵੇ, ਜਿਸਨੂੰ ਸੂਬੇ ਦੀ ਮੁਖ ਮੰਤਰੀ
ਪਸੰਦ ਕਰਦੀ ਹੋਵੇ ਪਰ ਇਸ ਸਬੰਧੀ ਅਹਿਮ ਸਵਾਲ ਇਹ ਹੈ ਕਿ ਜਿਸ ਰਫਤਾਰ ਨਾਲ ਸੂਬਿਆਂ
ਦੇ ਮੁਖ ਮੰਤਰੀ ਬਦਲਦੇ ਹਨ, ਕੀ ਉਸੇ ਤਰਜ਼ ਤੇ ਸ਼ੰਕਰਾਚਾਰੀਆ ਨੂੰ ਬਦਲਣਾ ਸਹੀ
ਹੋਵੇਗਾ?
...ਤੇ ਅਖੀਰ ਵਿਚ
ਹਰਿਆਣਾ ਦੇ ਇਕ ਪਿੰਡ ਦੇ
ਚਬੂਤਰੇ ਤੇ ਕੁਝ ਬੱਚੇ ਖੇਡ ਰਹੇ ਸਨ ਕਿ ਉਥੋਂ ਲੰਘਦੇ ਇਕ ਮੁਸਾਫਿਰ ਨੇ ਉਨ੍ਹਾਂ
ਕੋਲੋਂ ਉਨ੍ਹਾਂ ਦੀ ਜਾਤ ਪੁੱਛੀ। ਕਿਸੇ ਨੇ ਖੁਦ ਨੂੰ ਬ੍ਰਾਹਮਣ, ਕਿਸੇ ਨੇ ਜੱਟ
ਤਾਂ ਕਿਸੇ ਨੇ ਹੋਰ ਦਸਿਆ। ਇਕ ਬਚੇ ਦਾ ਜਵਾਬ ਧਿਆਨ ਦੇਣ ਯੋਗ ਸੀ। ਜਦੋਂ ਮੁਸਾਫਿਰ
ਨੇ ਉਸ ਕੋਲੋਂ ਪੁਛਿਆ ਕਿ ਉਹ ਕਿਹੜੀ ਜਾਤ ਦਾ ਹੈ ਤਾਂ ਬਚੇ ਨੇ ਜਵਾਬ ਦਿਤਾ-
“ਪਹਿਲੇ ਥੇ ਹਮ ਮੀਰ
ਮਿਰਾਸੀ, ਫਿਰ ਬਨੇ ਦਰਜ਼ੀ ਔਰ ਫਿਰ ਰਾਜਪੂਤ ਬਨੇ, ਅਬ ਆਗੇ ਮਾਂ ਕੀ ਮਰਜ਼ੀ”। |