 |
ਇਕਬਾਲ ਸਿੰਘ ਸ਼ਾਂਤ |
ਲੰਬੀ-
ਅੱਜ 2 ਜਨਵਰੀ 2005, ਦਿਨ ਐਤਵਾਰ ਨੂੰ ਜੱਥੇਦਾਰ ਜਗਦੇਵ ਸਿੰਘ ਖੁੱਡੀਆਂ
ਸਾਬਕਾ ਐਮ.ਪੀ ਦੀ 15ਵੀਂ ਬਰਸੀ ਉੱਨ੍ਹਾਂ ਦੇ ਜੱਦੀ ਪਿੰਡ ਖੁੱਡੀਆਂ (ਲੰਬੀ) ਵਿਖੇ
ਬੜੀ ਸ਼ਰਧਾ ਨਾਲ ਮਨਾਈ ਜਾ ਰਹੀ ਹੈ।
ਦਰਵੇਸ਼
ਸਿਆਸਤਦਾਨ ਅਤੇ ਸਾਦਗੀ ਦੇ ਪ੍ਰਤੀਕ ਜੱਥੇਦਾਰ ਜਗਦੇਵ ਸਿੰਘ ਖੁੱਡੀਆਂ ਦਾ ਜਨਮ
ਖੁੱਡੀਆਂ ਵਿਖੇ ਸੰਨ 1937 ਵਿਚ ਇੱਕ ਸਧਾਰਨ ਕਿਸਾਨ ਸ. ਫੁੱਮਨ ਸਿੰਘ ਦੇ ਘਰ
ਹੋਇਆ। ਮੁੱਢਲੀ ਸਿੱਖਿਆ ਪਿੰਡ ਤੋਂ ਪ੍ਰਾਪਤ ਕਰਕੇ ਆਪ ਨੇ ਮੈਟ੍ਰਿਕ ਲੰਬੀ ਤੋਂ
ਪਾਸ ਕਰਨ ਉਪਰੰਤ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਦਾਖਲਾ ਲਿਆ। ਜਿੱਥੇ ਸ਼ੁਰੂਆਤੀ
ਦੌਰ ਦੌਰਾਨ ਹੀ ਆਪ ਦਾ ਧਿਆਨ ਸਿਆਸੀ ਗਤੀਵਿਧੀਆਂ ਵੱਲ ਹੋ ਗਿਆ ਅਤੇ ਆਪ ਸ਼੍ਰੋਮਣੀ
ਅਕਾਲੀ ਦਲ ਦੀ ਰਾਜਸੀ ਸਰਗਰਮੀਆਂ ’ਚ ਭਰਪੂਰ ਹਾਜ਼ਰੀ ਦਰਜ ਕਰਵਾਉਣ ਲੱਗ ਪਏ।
ਗ੍ਰੇਜੂਏਸ਼ਨ ਕਰਨ ਤੋਂ ਬਾਅਦ ਆਪ ਆਪਣੇ ਜੱਦੀ ਪਿੰਡ ਖੁੱਡੀਆਂ ਪਰਤ ਆਏ। ਆਪ ਅਨਥਕ
ਨੌਜਵਾਨ ਆਗੂ ਸੀ। ਆਪਨੇ ਆਪਣੀ ਨੇਕ ਨੀਯਤੀ ਅਤੇ ਰੌਸ਼ਨ ਖਿਆਲ ਸੋਚ ਸਦਕਾ ਥੋੜੇ
ਸਮੇਂ ’ਚ ਇਲਾਕੇ ਦੇ ਲੋਕਾਂ ਵਿੱਚ ਵਧੇਰੇ ਹਰਮਨ ਪਿਆਰੇ ਹੋ ਨਿਬੜੇ। ਹੇਠਲੇ ਪੱਧਰ
ਦੀ ਸਿਆਸਤ ਤੋਂ ਆਪਣਾ ਸਿਆਸੀ ਜੀਵਨ ਸ਼ੁਰੂ ਕੀਤਾ ਅਤੇ ਸਰਕਲ ਅਕਾਲੀ ਜੱਥਾ ਤੇ
ਜ਼ਿਲ੍ਹਾ ਅਕਾਲੀ ਜੱਥਾ ਦੇ ਜਨਰਲ ਸਕੱਤਰ, ਖੁੱਡੀਆਂ ਦੇ ਸਰਪੰਚ, ਬਲਾਕ ਸੰਮਤੀ ਲੰਬੀ
ਦੇ ਮੈਂਬਰ ਅਤੇ ਜ਼ਿਲ੍ਹਾ ਅਕਾਲੀ ਜੱਥਾ ਦੇ ਪ੍ਰਧਾਨ ਦੇ ਅਹੁਦੇ ’ਤੇ ਵੀ ਰਹੇ।
 |
ਜਗਦੇਵ ਸਿੰਘ ਖੁੱਡੀਆਂ
.ਜੇ.ਪੀ.ਜੀ. |
ਆਪ ਦੇ ਸੰਤ
ਹਰਚੰਦ ਸਿੰਘ ਲੌਂਗੋਵਾਲ, ਜੱਥੇਦਾਰ ਜਗਦੇਵ ਸਿੰਘ ਤਲਵੰਡੀ ਅਤੇ ਜੱਥੇਦਾਰ ਮੋਹਣ
ਸਿੰਘ ਤੁੜ ਨਾਲ ਨਿਜੀ ਸਬੰਧ ਰਹੇ। ਇਸਤੋਂ ਇਲਾਵਾ ਆਪ ਨੂੰ ਸੰਨ 1977 ਵਿੱਚ ਸ.
ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੌਰਾਨ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਥਾਪਿਆ
ਗਿਆ। ਇਸ ਮਹੱਤਵ ਪੂਰਨ ਅਹੁਦੇ ’ਤੇ ਰਹਿੰਦੇ ਸਮੇਂ ਤੁਸੀਂ ਆਪਣੀ ਇਮਾਨਦਾਰੀ ਦੀਆਂ
ਰਾਹ ’ਤੇ ਚਲਤਿਦਆਂ ਲੱਖਾਂ ਕਰੋੜਾਂ ਰੁਪਏ ਨੂੰ ਠੋਕਰ ਮਾਰ ਦਿੱਤੀ ਅਤੇ ਹੋਰਨਾਂ ਲਈ
ਭ੍ਰਿਸ਼ਟਚਾਰ ਦੇ ਇਸ ਯੁਗ ਵਿੱਚ ਹੋਰਨਾਂ ਰਾਜਸੀ ਲੀਡਰਾਂ ਲਈ ਸਬਕ ਕਾਇਮ ਕੀਤਾ।
ਆਪਨੇ ਹੋਰ ਸਾਥੀਆਂ ਸਮੇਤ ਅਨੇਕਾਂ ਮੋਰਚਿਆਂ ਵਿੱਚ ਭਾਂਗ ਲਿਆ। ਜ਼ੇਲ੍ਹਾਂ ਵੀ
ਕੱਟੀਆਂ । ਸੰਨ 1984 ਦੇ ਆਪ੍ਰੇਸ਼ਨ ਬਲਿਊ ਸਟਾਰ ਦੌਰਾਨ ਫ਼ੌਜ਼ ਵੱਲੋਂ ਹਰਮੰਦਿਰ
ਸਾਹਿਬ ’ਤੇ ਹਮਲੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ-ਢੇਰੀ ਕਰਨ ਨਾਲ ਇਨ੍ਹਾਂ
ਦੇ ਮਾਨਸਿਕ ਤੌਰ ’ਤੇ ਝੰਝੋੜ ਦਿੱਤਾ ਤੇ ਸ਼੍ਰੋਮਣੀ ਅਕਾਲੀ ਦਲ (ਮਾਨ) ਵਿੱਚ ਸ਼ਾਮਲ
ਹੋ ਗਏ।
ਸੰਨ 1989 ਦੇ
ਲੋਕਸਭਾ ਚੋਣਾਂ ’ਚ ਆਪ ਨੇ ਫ਼ਰੀਦਕੋਟ ਹਲਕੇ ਤੋਂ ਚੋਣ ਲੜੀ ਅਤੇ ਡੇਢ ਲੱਖ ਵੋਟ ਨਾਲ
ਇਤਿਹਾਸਕ ਜਿੱਤ ਪ੍ਰਾਪਤ ਕੀਤੀ। ਆਪ ਦੀ ਈਮਾਨਦਾਰੀ ਅਤੇ ਵਿਕਾਸਪੱਖੀ ਸੋਚ ਦੇ ਚਰਚੇ
ਦੂਰ ਦੂਰ ਤੱਕ ਹੋਣ ਲੱਗੇ। ਇਸ ਦੌਰਾਨ ਜੱਥੇਦਾਰ ਖੁੱਡੀਆਂ ਇੱਕ ਸ਼ਕਤੀਸ਼ਾਲੀ ਆਗੂ
ਵਜੋਂ ਸਥਾਪਿਤ ਹੋ ਚੁੱਕੇ ਸਨ।
28 ਦਸੰਬਰ ਸੰਨ
1989 ਨੂੰ ਚੋਣਾਂ ਤੋਂ ਸਵਾ ਮਹੀਨਾ ਬਾਅਦ ਆਪ ਅਪਣੇ ਘਰ ਸੁੱਤੇ ਪਏ ਸਨ ਤਾਂ ਸਵੇਰੇ
ਸਵੇਰੇ ਗਾਇਬ ਪਾਏ ਗਏ ਅਤੇ ਪਗੜੀ, ਲੋਈ ਤੇ ਜੁੱਤੀ ਪਿੰਡ ਦੇ ਨੇੜੇ ਰਾਜਸਥਾਨ ਨਹਿਰ
ਦੀ ਪਟੜੀ ਕਿਨਾਰੇ ਤੋਂ ਮਿਲੇ। ਲਗਾਤਾਰ ਛੇ ਦਿਨ ਭਾਲ ਪਿੱਛੋਂ 4 ਜਨਵਰੀ ਨੂੰ ਸੰਨ
1990 ਨੂੰ ਆਪ ਦੀ ਲਾਸ਼ ਨਹਿਰ ਵਿੱਚੋਂ ਮਿਲੀ। ਲੰਬਾ ਸਮਾਂ ਬੀਤਣ ਦੇ ਬਾਅਦ ਵੀ
ਆਪਦੀ ਯਾਦ ਜਿਉਂਦੀ ਤਿਉਂ ਹੈ। ਉਨ੍ਹਂ ਦੀ ਗੈਰ ਮੌਜੂਦਗੀ ਵਿਚ ਉਨ੍ਹਾਂ ਦੇ ਸਪੁੱਤਰ
ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਅਤੇ ਸ: ਹਰਮੀਤ ਸਿੰਘ ਖੁੱਡੀਆਂ (ਕੈਨੇਡਾ)
ਜਥੇਦਾਰ ਖੁੱਡੀਆਂ ਦੇ ਪਾਏ ਪੂਰਨਿਆਂ ’ਤੇ ਚੱਲਦੇ ਸਮਾਜ ’ਚ ਆਪਣਾ ਵਡਮੁੱਲਾ
ਯੋਗਦਾਨ ਪਾ ਰਹੇ ਹਨ।
ਜਥੇਦਾਰ
ਗੁਰਮੀਤ ਸਿੰਘ ਖੁੱਡੀਆਂ ਕਾਂਗਰਸ ਪਾਰਟੀ ਵਿਚ ਰਹਿ ਕੇ ਪੰਜਾਬ ਦੀ ਸ਼ਿਆਸਤ ਵਿਚ
ਆਪਣਾ ਭਰਵਾਂ ਯੋਗਦਾਨ ਪਾ ਰਹੇ ਹਨ। ਜਦਕਿ ਉਨ੍ਹਾਂ ਦੇ ਛੋਟੇ ਫਰਜੰਦ ਸ: ਹਰਮੀਤ
ਸਿੰਘ ਖੁੱਡੀਆਂ ਆਪਣੇ ਪਿਤਾ ਦੀ ਰਵਾਇਤਾਂ ਦੀ ਪਾਲਣਾ ਕਰਦਿਆਂ ਇਕ ਪੱਤਰਕਾਰ ਦੇ
ਤੌਰ ’ਤੇ ਕੈਨੇਡਾ ਦੇ ਕੈਲਗਰੀ ਸ਼ਹਿਰ ’ਚ ਪੰਜਾਬੀ ਭਾਈਚਾਰੇ ਦੀ ਤਰੱਕੀ ਤੇ ਬਿਹਤਰੀ
ਵਿਚ ਆਪਣਾ ਭਰਪੂਰ ਯੋਗਦਾਨ ਦੇ ਰਹੇ ਹਨ। ਆਯੋਜਿਤ ਸ਼ਰਧਾਂਜਲੀ ਸਮਾਗਮ ਦੌਰਾਨ ਵੱਖ
ਵੱਖ ਰਾਜਸੀ ਪਾਰਟੀਆਂ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਸਮੇਤ
ਹਜ਼ਾਰਾਂ ਲੋਕਾਂ ਵੱਲੋਂ ਪਿੰਡ ਖੁੱਡੀਆਂ ਵਿਖੇ ਪਹੁੰਚਕੇ ਮਰਹੂਮ ਦਰਵੇਸ਼ ਸਿਆਸਤਦਾਨ
ਜਥੇਦਾਰ ਖੁੱਡੀਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੇ।
ਜਥੇਦਾਰ ਜਗਦੇਵ ਸਿੰਘ
ਖੁੱਡੀਆਂ ਤਸਵੀਰ : ਇਕਬਾਲ ਸਿੰਘ ਸ਼ਾਂਤ |