WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)


ਮੇਰੀ ਰਾਇ ਵਿਚ ਭਾਜਪਾ ਦਾ ਨਵਾਂ ਏਜੰਡਾ
- ਖੁਸਵੰਤ ਸਿੰਘ

ਕੋਈ ਸਮਾਂ ਸੀ ਜਦੋਂ ਲਾਲ ਕ੍ਰਿਸ਼ਨ ਅਡਵਾਨੀ ਦਾ ਪ੍ਰਸੰਸਕ ਵੀ ਸਾਂ ਤੇ ਸਮਰਥਕ ਵੀ। ਮੈਂ ਭਾਜਪਾ ਦੀ ਵਾਗਡੋਰ ਆਣੇ ਹੱਥਾਂ ਵਿਚ ਲੈਣ ਲਈ ਉਨ੍ਹਾਂ ਦਾ ਸਵਾਗਤ ਕਰਦਾ ਹਾਂ, ਜਿਸ ਨੂੰ ਉਨ੍ਹਾਂਨੇ ਨਾਂਹ ਦੇ ਬਰਾਬਰ ਹੈਸੀਅਤ ਤੋਂ ਉਪਰ ਚੁੱਕ ਕੇ ਦੇਸ਼ ਦਾ ਸਾਸਨ ਕਰਨ ਦੇ ਯੋਗ ਬਣਾਇਆ ਸੀ। ਅਟਲ ਬਿਹਾਰੀ ਵਾਜਪਾਈ ਦੀ ਚਾਲ ਕੁਝ ਮੱਠੀ ਪੈ ਗਈ ਹੈ ਤੇ ਕਦੇ ਪ੍ਰਸਿੱਧ ਰਹੀ ਉਨ੍ਹਾਂ ਦੀ ਭਾਸ਼ਣ ਕਲਾ ਦੀ ਤੇਜ਼ੀ ਵਧ ਤੋਂ ਵਧ ਹੱਦ ਤਕ ਖਤਮ ਹੋ ਗਈ ਹੈ। ਇਸ ਪਾਰਟੀ ਵਿਚ ਯੋਗਤਾ ਤੇ ਦਮ ਖਮ ਰਕਣ ਵਾਲੇ ਥੋੜ੍ਹੇ ਜਿਹੇ ਹੀ ਮਰਦ ਤੇ ਐਰਤਾਂ ਹਨ, ਉਨ੍ਹਾਂਵਿਚ ਜਸਵੰਤ ਸਿੰਘ, ਸੁਸ਼ਮਾ ਸਵਰਾਜ, ਅਰੁਣ ਸ਼ੋਰੀ, ਯਸ਼ਵੰਤ ਸਿਨਹਾ ਆਉਂਦੇ ਹਨ ਪਰ ਭਾਜਪਾ ਦੇ ਜ਼ਿਆਦਾਤਰ ਸ਼ੁਭਚਿੰਤਕ ਇਸ ਗੱਲ ਨਾਲ ਸਹਿਮਤ ਹੋਣਗੇ ਕਿ ਜੇ ਪਾਰਟੀ ਦਾ ਖੁਸਿਆ ਮਾਣ ਸਨਮਾਨ ਵਾਪਸ ਲਿਆਉਣਾ ਹੈ ਤਾਂਸ੍ਰੀ ਐਲ ਕੇ ਅਡਵਾਨੀ ਹੀ ਇਸ ਲਈ ਸਰਵਸ਼੍ਰੇਸ਼ਠ ਹਨ। ਵਿਰੋਧੀ ਵੀ ਇਸ ਗੱਲ ਨਾਲ ਸਹਿਮਤ ਹੋਣਗੇ ਕਿ ਵਧੀਆ ਪ੍ਰਸ਼ਾਸਨ ਲਈ ਦੇਸ਼ ਨੂੰ ਕੌਮੀ ਪੱਧਰ ਤੇ ਇਕ ਮਜ਼ਬੂਤ ਵਿਰੋਧੀ ਧਿਰ ਦੀ ਲੋੜ ਹੈ ਤਾਂ ਜੋ ਉਹ ਸ਼ਾਸਕ ਪਾਰਟੀ ਦੀ ਖਬਰਸਾਰ ਲੈਂਦੀ ਰਹੇ। ਇਹ ਭੂਮਿਕਾ ਨਿਭਾਉਣ ਲਈ ਸ੍ਰੀ ਅਡਵਾਨੀ ਨੂੰ ਆਤਮ ਚਿੰਤਨ ਕਰਨਾ ਹੋਵੇਗਾ ਤਾਂ ਕਿ ਇਹ ਪਤਾ ਲਗ ਸਕੇ ਕਿ ਗਲਤੀ ਕਿਥੇ ਹੋਈ ਹੈ ਤੇ ਆਪਣੀਆਂ ਪਿਛਲੀਆਂ ਗਲਤੀਆਂ ਨੂੰ ਸੁਧਾਰਿਆ ਜਾ ਸਕੇ ਤੇ ਇਕ ਸਪਸ਼ਟ ਸਮੇਂ ਬੱਧ ਅਜਿਹਾ ਕਾਰਜਕ੍ਰਮ ਚਲਾਇਆ ਜਾ ਸਕੇ, ਜੋ ਦੇਸ਼ ਨੂੰ ਗਰੀਬੀ, ਬੇਰੁਜ਼ਗਾਰੀ ਤੇ ਭ੍ਰਿਸ਼ਟਾਚਾਰ ਦੀ ਦਲਚਲ ਵਿਚੋਂ ਬਾਹਰ ਕੱਢ ਸਕੇ।

ਭਾਜਪਾ ਦੀ ਸਭ ਤੋਂ ਉਚੀ ਪਹਿਲ ਘੱਟ ਗਿਣਤੀ ਭਾਈਚਾਰੇ ਦਾ ਵਿਸ਼ਵਾਸ ਜਿੱਤਣਾ ਹੋਣੀ ਚਾਹੀਦੀ ਹੈ, ਮੁਸਲਮਾਨਾਂ, ਈਸਾਈਆਂ ਤੇ ਸਿਖਾਂ ਦਾ ਵਿਸ਼ਵਾਸ ਉਹ ਆਪਣੀਆਂ ਗਲਤੀਆਂ ਕਾਰਨ ਗੁਆ ਚੁੱਕੀ ਹੈ। ਇਸ ਦੀ ਸ਼ੁਰੂਆਤ ਸੋਮਨਾਥ ਤੋਂ ਅਯੁਧਿਆ ਤੱਕ ਦੀ ਰਥ ਯਾਤਰਾ ਰਾਹੀਂ ਹੋਈ ਸੀ। ਇਸੇ ਪਿਛੋਕੜ ਵਿਚ ਮੁਸਲਿਮ ਵਿਰੋਧੀ ਹਿੰਸਾ ਭੜਕੀ ਸੀ। ਇਸ ਮਗਰੋਂ ਈਸਾਈ ਮਿਸ਼ਨਰੀਆਂ ਤੇ ਗਿਰਜਾਘਰਾਂ ਦੀ ਆਲੋਚਨਾ ਸਾਹਮਣੇ ਆਈ। ਸ਼ੁਰੂ ਵਿਚ ਤਾਂ ਇਸ ਦੇ ਸਿੱਟੇ ਹਿੰਦੂ ਵੋਟ ਬੈਂਕ ਦੇ ਵਾਧੇ ਦੇ ਰੂਪ ਵਿਚ ਸਾਹਮਣੇ ਆਏ ਪਰ ਅੰਤ ਵਿਚ ਹੋਇਆ ਇਹ ਕਿ ਘੱਟ ਗਿਣਤੀ ਭਾਈਚਾਰੇ ਦੀ ਹਮਾਇਤ ਗੁਆਉਣ ਦੇ ਨਾਲ ਨਾਲ ਉਸਨੇ ਉਦਾਰਵਾਦੀ ਹਿੰਦੂਆਂ ਦੀਆਂ ਵੋਟਾਂ ਵੀ ਗੁਆ ਲਈਆਂ। ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਭਾਰਤੀਆਂ ਦਾ ਵਿਸ਼ਾਲ ਬਹੁਮਤ ਹਿੰਦੂ ਹੈ ਤੇ ਇਸ ਅਨੁਪਾਤ ਨੂੰ ਕੋਈ ਬਦਲ ਨਹੀਂ ਸਕਦਾ। ਸਾਰੇ ਭਾਰਤੀਆਂ ਵਲੋਂ ਸਤਿਕਾਰੇ ਜਾਣ ਲਈ ਸਭ ਨੂੰ ਨਾਲ ਲੈ ਕੇ ਚਲਣਾ ਹੋਵੇਗਾ। ਭਾਜਪਾ ਕੋਲ ਘੱਟ ਗਿਣਤੀਆਂ ਦੇ ਪ੍ਰਤੀਨਿਧ ਵਜੋਂ ਜਿਹੜੇ ਮਰਦ ਤੇ ਤ੍ਰੀਮਤਾਂ ਹਨ, ਉਨ੍ਹਾਂਦੀ ਆਪਣੇ ਹੀ ਭਾਈਚਾਰੇ ਵਿਚ ਕੋਈ ਇਜ਼ਤ ਨਹੀਂ ਅਤੇ ਉਨ੍ਹਾਂ ਨੂੰ ਮੌਕਾਪ੍ਰਸਤ ਦਾ ਨਾਂ ਦਿਤਾ ਜਾਂਦਾ ਹੈ। ਇਹ ਸਿਰਫ ਆਪਣੇ ਹਿਤਾਂ ਨੂੰ ਪੂਰਾ ਕਰਨ ਲਈ ਹੀ ਪਾਰਟੀ ਨੂੰ ਵਰਤਦੇ ਹਨ ਤੇ ਜਾਂ ਤਾਂ ਉਹ ਅਦਾਕਾਰ ਹਨ ਜਾਂ ਜੋਕਰ। ਕੋਈ ਵੀ ਉਨ੍ਹਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦਾ। ਭਾਜਪਾ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਦਾ ਦਿਲ ਜਿੱਤ ਸਕਦੀ ਹੈ, ਜੇ ਉਹ ਅਜਿਹੀਆਂ ਨੀਤੀਆਂ ਤਜ ਦੇਵੇ, ਜਿਨ੍ਹਾਂ ਨਾਲ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜਦੀ ਹੈ।

ਗੁੰਡਾਗਰਦੀ ਦੇ ਸਦੀਆਂ ਪੁਰਾਣੇ ਕਾਰਨਾਮੇ ਕਰਨ ਵਾਲਿਆਂ ਅਤੇ ਹਿੰਦੂ ਮੰਦਰਾਂ ਨੂੰ ਢਹਿ ਢੇਰੀ ਕਰਨ ਵਾਲਿਆਂ ਤੋਂ ਬਦਲਾ ਲੈਣ ਲਈ ਲੋਕਾਂ ਨੂੰ ਉਨ੍ਹਾਂ ਨਾਲ ਦੋ ਦੋ ਹਥ ਕਰਨ ਲਈ ਭੜਕਾਇਆ ਜਾਣਾ, ਇਹ ਕੋਈ ਤਰੀਕਾ ਨਹੀਂ ਹੈ, ਜਿਸ ਨਾਲ ਅਜ ਮੁਸਲਮਾਨਾਂ ਦੇ ਦਿਲ ਜਿਤੇ ਜਾਣ ਅਤੇ ਨਾ ਹੀ ਈਸਾਈ ਮਿਸ਼ਨਰੀਆਂ ਨੂੰ ਬਦਨਾਮ ਕਰਨ ਨਾਲ ਕੁਝ ਹਾਸਲ ਹੋ ਸਕਦਾ ਹੈ, ਜਿਹੜੇ ਅਜ ਵੀ ਇਥੇ ਬਿਹਤਰੀਨ ਸਕੂਲ ਤੇ ਹਸਪਤਾਲ ਚਲਾ ਰਹੇ ਹਨ। ਭਾਜਪਾ ਨੂੰ ਆਪਣੇ ਕੁਝ ਪੁਰਾਣੇ ਸਹਿਯੋਗੀਆਂ ਨੂੰ ਵੀ ਤਜਣਾ ਹੋਵੇਗਾ, ਜਿਵੇਂ ਕਿ ਸ਼ਿਵ ਸੈਨਾ, ਵਿਸ਼ਵ ਹਿੰਦੂ ਪ੍ਰੀਸ਼ਦ, ਬਾਲ ਠਾਕਰੇ, ਤੋਗੜੀਆ ਆਦਿ। ਇਸ ਦੇ ਨਾਲ ਹੀ ਨਰਿੰਦਰ ਮੋਦੀ ਵਰਗਿਆਂ ਤੋਂ ਵੀ ਉਨ੍ਹਾਂ ਨੂੰ ਦੂਰੀ ਬਣਾਉਣੀ ਹੋਵੇਗੀ, ਜਿਹੜੇ ਮੁਸਲਮਾਨਾਂ ਵਿਰੁਧ ਲਗਾਤਾਰ ਬੋਲਦੇ ਰਹਿੰਦੇ ਹਨ। ਮੈਂ ਉਨ੍ਹਾਂ ਨੂੰ ਵਿਸ਼ਵਾਸ ਦਿਵਾ ਸਕਦਾ ਹਾਂ ਕਿ ਉਦਾਰਵਾਦੀ ਹਿੰਦੂ ਆਪਣੇ ਵਲ ਕਰਨ ਦੇ ਬਹੁਤ ਵਧੀਆ ਸਿੱਟੇ ਨਿਕਲਣਗੇ।

ਇਹ ਗੱਲ ਸਪਸ਼ਟ ਹੈ ਕਿ ਜੇ ਭਾਜਪਾ ਗੰਭੀਰਤਾ ਨਾਲ ਮੌਜੂਦਾ ਸਰਕਾਰ ਨੂੰ ਹਰਾਉਣ ਦੇ ਕੰਮ ਵਿਚ ਜੁੱਟਣਾ ਚਾਹੁੰਦੀ ਹੈ ਤਾਂ ਉਸ ਨੂੰ ਉਸ ਦੀ ਸਿਰਫ ਆਲੋਚਨਾ ਕਰਨ ਨਾਲੋਂ ਕੁਝ ਵਖ ਕਰਨਾ ਹੋਵੇਗਾ। ਉਸ ਨੂੰ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਹੋਵੇਗਾ ਕਿ ਜੋ ਕੁਝ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਕਰ ਰਹੀ ਹੈ, ਉਹ ਉਸ ਤੋਂ ਵਧ ਤੇਜ਼ੀ ਤੇ ਬਿਹਤਰ ਤਰੀਕੇ ਨਾਲ ਕਰ ਸਕਦੀ ਹੈ। ਆਪਣੀ ਯੋਗਤਾ ਸਿਧ ਕਰਨ ਲਈ ਮੌਕਿਆਂ ਦਾ ਕੋਈ ਅੰਤ ਵੀ ਨਹੀਂ ਹੈ। ਪਰਿਵਾਰ ਨਿਯੋਜਨ, ਵਾਤਾਵਰਣ ਦੀ ਰਾਖੀ ਜਿਹੇ ਮੁੱਦਿਆਂ ਨੂੰ ਹੁਣ ਤਕ ਗੰਭੀਰਤਾ ਨਾਲ ਨਹੀਂ ਲਿਆ ਗਿਆ। ਇਹ ਗੱਲ ਅਨਪੜ੍ਹਤਾ, ਬੇਰੋਜ਼ਗਾਰੀ ਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਬਾਰੇ ਵੀ ਹੈ। ਸੂਰਜੀ ਊਰਜਾ ਤੇ ਹਵਾ ਦੀ ਸ਼ਕਤੀ ਦੇ ਸਾਡੇ ਕੋਲ ਵਿਸ਼ਾਲ ਸੋਮੇ ਹਨ, ਉਹ ਹਾਲੇ ਤਕ ਅਣਚੋਹੇ ਹੀ ਪਏ ਹਨ। ਰਾਜਾਂ ਨੂੰ ਇਕੋ ਸਮੇਂ ਬੁਲਾ ਕੇ ਦਸਣਾ ਹੋਵੇਗਾ ਕਿ ਜਿਹੜਾ ਪਾਣੀ ਉਨ੍ਹਾਂ ਦੇ ਰਾਜਾਂ ਵਿਚੋਂ ਲੰਘਦਾ ਹੈ, ਉਸ ਤੇ ਉਨ੍ਹਾਂ ਦਾ ਏਕਾਧਿਕਾਰ ਨਹੀਂ ਹੈ ਤੇ ਨਾ ਹੀ ਉਹ ਦੂਜੇ ਰਾਜਾਂ ਤੋਂ ਆਏ ਭਾਰਤੀਆਂ ਨੂੰ ਆਪਣੇ ਰਾਜ ਵਿਚ ਵੱਸਣ ਤੋਂ ਮਨ੍ਹਾਂ ਕਰ ਸਕਦੇ ਹਨ। ਇਸ ਵੰਨਗੀ ਦੀਆਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਹਨ।

ਜੇਕਰ ਭਾਜਪਾ ਆਪਣੀ ਹਿੰਦੂ ਪਛਾਣ ਰਖਣਾ ਚਾਹੁੰਦੀ ਹੈ ਤਾਂ ਉਸ ਨੂੰ ਪਹਿਲਾਂ ਆਪਣੇ ਘਰ ਦੀ ਸਫਾਈ ਕਰਨੀ ਹੋਵੇਗੀ। ਹਿੰਦੂ ਸਿਖ ਤੀਰਥ ਸਥਾਨ ਪਾਂਡਿਆਂ ਪੁਜਾਰੀਆਂ, ਢੌਂਗੀ ਸਾਧੂਆਂ ਦੇ ਅੱਡੇ ਬਣ ਚੁਕੇ ਹਨ, ਜਿਹੜੇ ਤੀਰਥ ਯਾਤਰੀਆਂ ਨੂੰ ਲੁਟਦੇ ਹਨ ਤੇ ਦੇਵਤਿਆਂ ਦੇ ਦਰਸ਼ਨ ਲਈ ਭਾਰੀ ਫੀਸ ਵਸੂਲਦੇ ਹਨ। ਜੇਕਰ ਇਨ੍ਹਾਂ ਥਾਵਾਂ ਦੀ ਪਵਿਤਰਤਾ ਕਾਇਮ ਰਖੀ ਜਾ ਸਕੇ ਤਾਂ ਲਖਾਂ ਤੀਰਥ ਯਾਤਰੀਆਂ ਦਾ ਅਸ਼ੀਰਵਾਦ ਹਾਸਲ ਹੋਵੇਗਾ। ਅਜਿਹਾ ਕਰਨ ਨਾਲ ਜਾਤ ਅਧਾਰਿਤ ਭੇਦਭਾਵ ਵੀ ਖਤਮ ਹੋਵੇਗਾ ਤੇ ਸੰਖੇਪ ਵਿਚ ਉਸ ਹਿੰਦੂਤਵ ਦੀ ਸਥਾਪਨਾ ਹੋਵੇਗੀ, ਜਿਹੜਾ ਸੰਸ਼ਾਰ ਦੇ ਸਾਰੇ ਧਰਮਾਂ ਵਿਚੋਂ ਸਭ ਤੋਂ ਵੱਧ ਸਹਿਣਸ਼ੀਲ ਤੇ ਦੂਰਦਰਸ਼ੀ ਹੈ।

ਗੱਲ ਨੌਜਵਾਨਾਂ ਦੀ

ਕਦੇ ਕਦੇ ਮੈਂ ਬਹੁਤ ਨਿਰਾਸ਼ ਹੋ ਜਾਂਦਾ ਹਾਂ। ਜਦੋਂ ਟੈਲੀਵਿਜ਼ਨ ਤੇ ਇਕ ਤੋਂ ਮਗਰੋਂ ਦੂਜੇ ਚੈਨਲ ਜੋਤਿਸ਼, ਵਾਸਤੂ, ਅੰਕ ਗਣਿਤ ਦਾ ਕਚਰਾ ਪੇਸ਼ ਕਰਨ ਦੀ ਹੋੜ ਵਿਚ ਲਗ ਜਾਂਦੇ ਹਨ ਤਾਂ ਹੈਰਾਨੀ ਹੁੰਦੀ ਹੈ ਕਿ ਸਾਡੀ ਅਗਲੀ ਨੌਜਵਾਨ ਪੀੜੀ ਜੀਵਨ ਦੀ ਕਠਿਨ ਸਚਾਈਆਂ ਦਾ ਸਾਹਮਣਾ ਕਰਨ ਲਈ ਕਿਵੇਂ ਤਿਆਰ ਹੋਵੇਗੀ। ਮੈਂ ਇਹ ਸੋਚਣ ਵਾਲਾ ਇਕੱਲਾ ਵੀ ਨਹੀਂ ਹਾਂ ਕਿ ਵਖ ਵਖ ਧਾਰਮਿਕ ਭਾਈਚਾਰਿਆਂ ਵਿਚ ਸ਼ਕ ਦੇ ਬੀਜ ਬੀਜਣ ਵਾਲੇ ਸੰਘ ਪਰਿਵਾਰ ਦੇ ਸ਼ਾਸਨ ਵਾਲੀਆਂ ਸਰਕਾਰਾਂ ਨੇ ਸਾਡੇ ਸਾਹਮਣੇ ਤਰਕਹੀਣਤਾ ਵਿਚ ਵਿਸ਼ਵਾਸ ਕਰਨ ਦੀ ਵਿਰਾਸਤ ਛੱਡੀ ਹੈ। ਇਸ ਲਈ ਮੁਰਲੀ ਮਨੋਹਰ ਜੋਸ਼ੀ ਵੱਡੀ ਹੱਦ ਤਕ ਜਵਾਬਦੇਹ ਹਨ, ਜਿਨ੍ਹਾਂ ਦੀ ਸਰਪ੍ਰਸਤੀ ਵਿਚ ਇਨ੍ਹਾਂ ਗਲਾਂ ਨੂੰ ਨਵਾਂ ਜੀਵਨ ਮਿਲਿਆ ਹੈ। ਇਸੇ ਤਰ੍ਹਾਂ ਸਾਬਕਾ ਪ੍ਰਧਾਨ ਮਮਤਰੀ ਅਟਲ ਬਿਹਾਰੀ ਵਾਜਪਾਈ ਅਤੇ ਉਨ੍ਹਾਂਦੇ ਮੰਤਰੀ ਮੰਡਲ ਦੇ ਦੂਜੇ ਸਾਥੀ, ਜਿਹੜੇ ਨਾ ਸਿਰਫ ਜੋਸ਼ੀ ਦੇ ਇਸ ਜਨੂੰਨ ਨੂੰ ਲਗਾਮ ਦੇਣ ਵਿਚ ਅਸਫਲ ਰਹੇ ਬਲਕਿ ਬਹੁਤੀਆਂ ਹਾਲਤਾਂ ਵਿਚ ਤਾਂ ਉਸ ਦਾ ਸਮਰਥਨ ਹੀ ਕਰਦੇ ਰਹੇ। ਉਨ੍ਹਾਂਦੇ ਜੋਤਸ਼ੀ ਤੇ ਵਾਸਤੂ ਸਾਸਤਰੀ ਉਨ੍ਹਾਂ ਨੂੰ ਵਿਸ਼ਵਾਸ ਦਿਵਾਉਂਦੇ ਰਹੇ ਕਿ ਉਨ੍ਹਾਂ ਦੇ ਹਿਤੈਸ਼ੀ ਸਿਤਾਰੇ ਉਪਰ ਚੜ੍ਹ ਰਹੇ ਹਨ ਤੇ ਉਹ ਛੇਤੀ ਹੀ ਮੁੜ ਸਤਾ ਵਿਚ ਵਾਪਸ ਆ ਜਾਣਗੇ। ਕੁਝ ਸਮਾਂ ਉਡੀਕ ਕਰੋ ਤੇ ਦੇਖੋ ਕਿ ਕੀ ਹੁੰਦਾ ਵਾਪਰਦਾ ਹੈ। ਮੈਨੂੰ ਇਕ ਦਇਆ ਮੂਰਤੀ ਗਿਤਾ ਹਰੀਹਰਨ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ, ਜਿਹੜੀ ਇਸ ਗੱਲ ਤੋਂ ਬਹੁਤ ਚਿੰਤਤ ਹੈ ਕਿ ਜੋ ਕੁਝ ਹੋ ਰਿਹਾ ਹੈ, ਉਹ ਸਹੀ ਨਹੀਨ ਹੋ ਰਿਹਾ ਤੇ ਇਸ ਨੂੰ ਰੋਕਣ ਦੀ ਭਰਪੂਰ ਕੋਸ਼ਿਸ਼ਾਂ ਕਰ ਰਹੀ ਹੈ। ਉਹ ਲਿਖਤ ਦੇ ਮਾਮਲੇ ਵਿਚ ਮੇਰੇ ਨਾਲੋਂ ਵੱਧ ਸਮਰਥ ਹੈ। ਉਹ ਨੌਜਵਾਨ ਵੀ ਹੈ ਤੇ ਹਿੰਮਤੀ ਵੀ। ਹੁਣ ਤਕ ਉਹ ਪੜ੍ਹੇ ਲੋਕਾਂ ਲਈ ਹੀ ਨਾਵਲ ਤੇ ਕਹਾਣੀਆਂ ਲਿਖਦੀ ਰਹੀ ਹੈ।ਉਸ ਨੇ ਬੜੀ ਸੰਜੀਦਗੀ ਨਾਲ ਇਹ ਮਹਿਸੂਸ ਕੀਤਾ ਹੈ ਕਿ ਜੇਕਰ ਤੁਸੀਂ ਅੰਧ ਵਿਸ਼ਵਾਸਾਂ ਦਾ ਜਾਲਾ ਸਾਫ ਕਰਨਾ ਚਾਹੁੰਦੇ ਹੋ ਤੇ ਸਨਕੀ ਬੁਢਿਆਂ ਵਲੋਂ ਮਨਾਂ ਤੇ ਸੋਚ ਨੂੰ ਦੂਸ਼ਿਤ ਕਰਨ ਵਾਲੀਆਂ ਘਟਨਾਵਾਂ ਨੂੰ ਕਤਮ ਕਰਨਾ ਚਾਹੁੰਦੇ ਹੋ ਤੇ ਧਾਰਮਿਕ ਕੱਟੜਤਾ ਦੇ ਜ਼ਹਿਰ ਤੋਂ ਬਚਾਉਣਾ ਚਾਹੁੰਦੇ ਹੋ ਤੇ ਤਰਕਹੀਣਤਾ ਵਾਲੇ ਵਿਸ਼ਵਾਸਾਂ ਤੋਂ ਦੂਰ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਸਕੂਲ ਜਾਣ ਵਾਲੇ ਬਚਿਆਂ ਨੂੰ ਆਪਣੀ ਗੱਲ ਕਹਿਣੀ ਹੋਵੇਗੀ। ਇਸ ਲਈ ਉਸ ਨੇ ਬਚਿਆਂ ਲਈ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ ਹਨ, ਜਿਨ੍ਹਾਂ ਵਿਚ ਉਸ ਨੇ ਪੁਰਾਣੇ ਥੀਮ ਵਰਤੋਂ ਵਿਚ ਲਿਆਂਦੇ ਹਨ, ਜਿਹੜੇ ਤੇਨਾਲੀ ਰਮਨ, ਨਸੀਰੂਦੀਨ ਖੁਆਜਾ, ਗੋਪਾਲ ਬੋਰ ਤੇ ਬੀਰਬਲ ਦੀ ਕਹਾਣੀਆਂ ਤੇ ਆਧਾਰਤ ਹਨ। ਦਾ ਵਿਨਿੰਗ ਟੀਮ ਦੀ ਕਿਤਾਬ ਵਿਚ ਉਨ੍ਹਾਂ ਨੇ ਬਹੁਤ ਸੁੰਦਰਤਾ ਨਾਲ ਇਹ ਕਹਾਣੀਆਂ ਲਿਖੀਆਂ ਹਨ ਜਿਨ੍ਹਾਂ ਵਿਚਲੇ ਚਿਤਰ ਤਪੋਸ਼ੀ ਗੋਸ਼ਾਲ ਨੇ ਤਿਆਰ ਕੀਤੇ ਹਨ। ਇਸਦਾ ਸਾਡੀਆਂ ਸਾਰੀਆਂ ਖੇਤਰੀ ਭਾਸ਼ਾਵਾਂ ਵਿਚ ਅਨੁਵਾਦ ਹੋਣਾ ਚਾਹੀਦਾ ਹੈ ਤੇ ਦੇਸ਼ ਭਰ ਦੇ ਸਕੂਲਾਂ ਵਿਚ ਮੁੰਡੇ ਕੁੜੀਆਂ ਲਈ ਇਸ ਦਾ ਪੜਿਆ ਜਾਣਾ ਲਾਜ਼ਮੀ ਬਣਾ ਦੇਣਾ ਚਾਹੀਦਾ ਹੈ। ਕੇਂਦਰੀ ਮੰਤਰੀ ਅਰਜਨ ਸਿੰਘ ਜੇ ਮੇਹਰਬਾਨੀ ਕਰਕੇ ਇਸ ਪਾਸੇ ਧਿਆਨ ਦੇਣ ਤਾਂ ਉਹ ਆਪਣੇ ਤੋਂ ਪਹਿਲਾਂ ਵਾਲੇ ਲੋਕਾਂ ਵਲੋਂ ਪਹੁੰਚਾਏ ਨੁਕਸਾਨ ਦੀ ਪੂਰਤੀ ਵੀ ਕਰ ਸਕਦੇ ਹਨ।


ਤੁਹਾਡੇ ਵਿਚਾਰਾਂ ਦਾ ਸੁਆਗਤ ਹੈ

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com