WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)


ਮਹਾਰਿਸ਼ੀ ਭਗਵਾਨ ਵਾਲਮੀਕਿ ਜਯੰਤੀ ’ਤੇ ਵਿਸ਼ੇਸ਼
ਭਾਰਤਾ ਦਾ ਆਦਿ ਕਵੀ-ਮਹਾਰਿਸ਼ੀ

- ਸੁਰਜੀਤ ਸਿੰਘ ਮਿਨਹਾਸ

ਮਹਾਰਿਸ਼ੀ ਵਾਲਮੀਕਿ ਜੀ ਦੀ ਸੰਸਕ੍ਰਿਤ ’ਚ ਲਿਖੀ ਰਾਮਾਇਣ ਇੱਕ ਅਮਰ ਕਾਵਿ ਹੈ ਜੋ ਕਿ ਵਿਸ਼ਵ ਦੀਆਂ ਉੱਨਤ ਭਾਸ਼ਾਵਾਂ ਦੇ ਮਹਾਕਾਵਿ ਵਿਚ ਉਚੇਚਾ ਸਥਾਨ ਰੱਖਦੀ ਹੈ। 24 ਹਜ਼ਾਰ ਸਲੋਕਾਂ ਦਾ ਇਹ ਮਹਾਕਾਵਿ ਵਿਸ਼ਵ ਦੇ ਅਨੇਕਾਂ ਮਹਾਕਾਵਾਂ ਵਿਚੋਂ ਸਭ ਤੋਂ ਪ੍ਰਾਚੀਨ ਜਾਣਿਆ ਜਾਂਦਾ ਹੈ। ਇਹ ਭਾਰਤੀ ਸਾਹਿਤ ਦੀ ਸਰਬ -ਸ੍ਰੇਸ਼ਠ ਰਚਨਾ ਹੈ, ਜਿਸ ਨੇ ਮਨੁੱਖ ਜਾਤੀ ਲਈ ‘ਲੋਕ ਸੁਖੀਏ ਪਰਲੋਕ ਸੁਹੇਲੇ’ ਦਾ ਨਜ਼ਰੀਆ ਬੜੇ ਸਪੱਸ਼ਟ ਤੌਰ ’ਤੇ ਪੇਸ਼ ਕੀਤਾ ਹੈ। ਵਾਲਮੀਕੀ ਜੀ ਦੀ ਰਾਮਾਇਣ ਵਿਚ ਕਾਵਿ ਸੁਹਜ ਤੇ ਵਿਚਾਰ ਦੀ ਸੂਖਮਤਾ ਇਸ ਨੂੰ ਇੱਕ ਨਿਵੇਕਲੀ ਪ੍ਰਕਾਰ ਦੇ ਗ੍ਰੰਥ ਦਾ ਸਥਾਨ ਪ੍ਰਦਾਨ ਕਰਦੀ ਹੈ।

ਵਾਲਮੀਕਿ ਜੀ ਨੇ ਰਾਮਾਇਣ ਅੰਦਰ ‘ਫਰਸ਼’ ਤੋਂ ‘ਅਰਸ਼’ ਤੱਕ ਦਾ ਵਿਸਥਾਰ ਪੇਸ਼ ਕੀਤਾ ਹੈ। ਚੰਗੇ ਮਨੁੱਖ ਤੋਂ ਹੀ ਚੰਗੇ ਸਮਾਜ ਅਤੇ ਰਾਸ਼ਟਰ ਦਾ ਨਿਰਮਾਣ ਹੁੰਦਾ ਹੈ। ਮਨੁੱਖੀ ਪਰਿਵਾਰ ਇਕ ਅਜਿਹੀ ਇਕਾਈ ਹੈ ਜੋ ਸਾਰੇ ਛੋਟੇ-ਵੱਡੇ ਸੰਗਠਨਾਂ ਦੀ ਬੁਨਿਆਦੀ ਇਕਾਈ ਕਹੀ ਜਾ ਸਕਦੀ ਹੈ। ਰਾਮਾਇਣ ਵਿਚ ਘਰ, ਪਰਿਵਾਰ, ਸਮਾਜ ਤੇ ਰਾਸ਼ਟਰ ਪ੍ਰਤੀ ਫਰਜ਼ਾਂ ਦੀ ਪਾਲਣਾ ਕਰਨ ਲਈ ਵਿਸਥਾਰ-ਪੂਰਵਕ ਬਹੁਮੁੱਲਾ ਗਿਆਨ ਅੰਕਤ ਹੈ ਜੋ ਅੱਜ ਵੀ ਸਮੁੱਚੀ ਮਨੁੱਖਤਾ ਲਈ ਕਲਿਆਣਕਾਰੀ ਸਿੱਧ ਹੋ ਰਿਹਾ ਹੈ। ਇਹ ਗਿਆਨ ਸਾਨੂੰ ਚੰਗੇ ਇਨਸਾਨ ਬਣਨ ਦੀ ਪ੍ਰੇਰਣਾ ਦਿੰਦੇ ਰਹਿਣ ਦਾ ਇਕ ਅਮੁੱਕ ਭੰਡਾਰ ਹੈ। ਇਸ ਲਈ ਹੀ ਰਾਮਾਇਣ ਗ੍ਰੰਥ ਨੂੰ ਜਨ ਸਧਾਰਨ ਵਿੱਚ ਮਕਬੂਲੀਅਤ ਮਿਲੀ।

ਪ੍ਰਸਿੱਧ ਸਿੱਖ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਨੇ ਮਹਾਨ ਕੋਸ਼ ਵਿਚ ਮਹਾਰਿਸ਼ੀ ਵਾਲਮੀਕਿ ਸਬੰਧੀ ਇੰਝ ਲਿਖਿਆ ਹੈ, ‘‘ਵਾਲਮੀਕਿ ਰਿਸ਼ੀ ਦਾ ਰਚਿਆ ਸੰਸਕ੍ਰਿਤ ਭਾਸ਼ਾ ਵਿਚ ਸ੍ਰੀ ਰਾਮ ਚੰਦਰ ਦਾ ਇਤਿਹਾਸ ਹੈ ਜੋ ਮਨੋਹਰ ਕਾਵਿਯ ਹੈ, (ਜਿਸਨੂੰ ਵਾਲਮੀਕਿ ਰਾਮਾਇਣ ਦੇ ਨਾਂ ਨਾਲ ਜਾਣਿਆ ਜਾਂਦਾ ਹੈ) ਇਸਦੇ ਸੱਤ ਕਾਂਡ ਹਨ (ਬਾਲ, ਅਯੁੱਧਿਆ, ਵਣ, ਕਿਸ਼ਕਿੰਧਾ, ਸੁੰਦਰ, ਲੰਕਾ ਅਥਵਾ ਯੁੱਧ ਉਤਰਾ) ਹਨ, ਅਧਿਆਏ 647 ਅਤੇ ਸਲੋਕ ਸੰਖਿਆ 24,000 ਹੈ।’’ ਇਸਦਾ ਅਨੁਵਾਦ ਅਨੇਕਾਂ ਭਾਸ਼ਾਵਾਂ ਵਿਚ ਹੋਇਆ। ਮਹਾਕਾਵਿ ਭਾਈ ਸੰਤੋਖ ਸਿੰਘ ਜੀ ਨੇ 19ਵੀਂ ਸਦੀ ਵਿਚ ਉੱਤਮ ਕਵਿਤਾ ਵਿਚ ਇਸ ਗ੍ਰੰਥ ਦਾ ਉਲੱਥਾ ਕੀਤਾ ਹੈ। ਸ਼੍ਰੀ ਰਾਮ ਜੀ ਦੀ ਮਹਿਮਾ ਭਰੇ ਰਾਮਾਇਣ ਅਨੇਕ ਕਵੀਆਂ ਨੇ ਲਿਖੇ ਹਨ। ਸਰਬੰਸ਼ਦਾਨੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ‘ਚੋਬੀਸ ਅਵਤਾਰ’ ਰਚਨਾ ਵਿਚ ਰਾਮ ਅਵਤਾਰ ਬਾਣੀ ਇਸ ਸਿਲਸਿਲੇ ’ਚ ਲਿਖੀ ਹੈ। ਸਭ ਤੋਂ ਪੁਰਾਣੀ ਵਾਲਮੀਕਿ ਕ੍ਰਿਤ ਰਾਮਾਇਣ ਹੈ, ਜਿਸ ਵਿਚ ਲਿਖਿਆ ਹੈ ਕਿ ਰਾਮ ਸ਼ੁਭਗੁਣਾਂ ਦੇ ਪੁੰਜ ਅਤੇ ਉਦਾਹਰਣ ਰੂਪ ਜੀਵਨ ਰੱਖਦੇ ਸਨ। ਵਾਲਮੀਕਿ ਜੀ ਦੇ ਕਥਨ ਅਨੁਸਾਰ ਰਾਮ ਚੰਦਰ ਜੀ ਨੇ 10 ਹਜ਼ਾਰ ਸਾਲ ਰਾਜ ਕਰਕੇ ਆਪਣੇ ਪੁੱਤਰਾਂ ਨੂੰ ਕੌਸ਼ਲ ਦੇ ਰਾਜ ’ਤੇ ਥਾਪ ਕੇ ਸੂਰਜ ਨਦੀ ਦੇ ਕਿਨਾਰੇ ‘ਗੋਪਤਾਰ’ ਘਾਟ ’ਤੇ ਸੰਸਾਰਿਕ ਜੀਵਨ ਤਿਆਗਿਆ।

ਆਪਣੀ ਰਚਨਾ ਵਿਚ ਵਾਲਮੀਕ ਜੀ ਦੋ ਵਾਰ ਆਪਣਾ ਜ਼ਿਕਰ ਵੀ ਕਰਦੇ ਹਨ, ਇਕ ਤਾਂ ਸ਼੍ਰੀ ਰਾਮ ਚਿੱਤਰਕੂਟ ਜਾਂਦੇ ਹੋਏ ਆਪ ਦੇ ਡੇਰੇ ਵਿਚ ਸੀਤਾ ਤੇ ਲਛਮਣ ਨਾਲ ਕੁਝ ਦੇਰ ਲਈ ਰੁਕੇ। ਵਾਲਮੀਕਿ ਜੀ ਸ਼੍ਰੀ ਰਾਮ ਦਾ ਸਵਾਗਤ ਕਰਦੇ ਹੋਏ ਕੇਵਲ ਇੱਕ ਸ਼ਬਦ ‘ਅਸਤਆਤਮਾ’ (ਬੈਠਣ ਦੀ ਕ੍ਰਿਪਾ ਕਰੋ) ਕਹਿੰਦੇ ਹਨ।

ਦੂਜੀ ਵਾਰ ਉਤਰਾਖੰਡ ਵਿਚ ਲਵ ਤੇ ਕੁਸ਼ ਵੱਲੋਂ ਰਾਮਾਇਣ ਗਾ ਕੇ ਸੁਣਾਉਣ ਉਪਰੰਤ ਸ਼੍ਰੀ ਰਾਮ ਵਾਲਮੀਕਿ ਜੀ ਨੂੰ ਕਹਿੰਦੇ ਹਨ ਕਿ ਉਹ ਸੀਤਾ ਜੀ ਨੂੰ ਦਰਬਾਰ ’ਚ ਲਿਆਉਣ। ਸੀਤਾ ਮੰਡਪ ਵਿਚ ਆਉਂਦੀ ਹੈ ਤੇ ਵਾਲਮੀਕਿ ਜੀ ਕਹਿੰਦੇ ਹਨ ਕਿ ਮੈਂ ਪਾਸ਼ਤਿਸ ਦਾ ਦਸਵਾਂ ਪੁੱਤਰ ਹਾਂ ਤੇ ਤੁਸੀਂ ਰਾਮ ਜੀ ਰਘੁਵੰਸ਼ੀ ਹੋ।

ਵਾਲਮੀਕਿ ਜੀ ਮਹਾਨ ਤਪੱਸਵੀ ਵੀ ਸਨ। ਉਨ੍ਹਾਂ ਦੀ ਸਿਫ਼ਤ-ਸਲਾਹ ਮਹਾਨ ਕਵੀ ਕਾਲੀ ਦਾਸ ਨੇ ਆਪਣੀ ਰਚਨਾ ‘ਮੇਘਾ ਸੰਦੇਸ਼’ ਵਿਚ ਵੀ ਭਲੀ-ਭਾਂਤ ਕੀਤੀ ਹੈ। ਪ੍ਰਸਿੱਧ ਸੁਤੰਤਰਤਾ ਸੈਨਾਨੀ ਤੇ ਆਜ਼ਾਦ ਭਾਰਤ ਦੇ ਪਹਿਲੇ ਹਿੰਦੋਸਤਾਨੀ ਗਵਰਨਰ ਜਨਰਲ ਸ੍ਰੀ ਰਾਜ ਗੋਪਾਲਾਚਾਰੀ (ਰਾਜਾ ਜੀ) ਆਪਣੇ ਅੰਗ੍ਰੇਜ਼ੀ ਪੁਸਤਕ ਰਾਮਾਇਣ ਵਿਚ ਲਿਖਿਆ ਹੈ ਕਿ ਵਾਲਮੀਕਿ ਜੀ ਨੇ ਰਾਮ ਚੰਦਰ ਜੀ ਦੇ ਜੀਵਨ ਕਾਲ ਵਿਚ ਹੀ ਰਾਮਾਇਣ ਦੀ ਰਚਨਾ ਕੀਤੀ। ਵਾਲਮੀਕਿ ਜੀ ਨੇ ਸ੍ਰੀ ਰਾਮ ਨੂੰ ਪ੍ਰਮਾਤਮਾ ਦੇ ਅਵਤਾਰ ਦੇ ਰੂਪ ਵਿਚ ਨਹੀਂ ਮਰਿਆਦਾ ਪ੍ਰਸ਼ੋਤਮ, ਮਹਾਨ ਤੇ ਉੱਤਮ ਇਨਸਾਨ ਦੇ ਰੁਪ ਵਿਚ ਪੇਸ਼ ਕੀਤਾ ਹੈ। ਸਦੀਆਂ ਬਾਅਦ ਕਾਮਬਾਨ ਤੇ ਤੁਸਲੀ ਦਾਸ ਜੀ ਨੇ ਰਾਮਾਇਣ ਲਿਖੀ ਤੇ ਉਸ ਵਿਚ ਸ੍ਰੀ ਰਾਮ ਨੂੰ ਵਿਸ਼ਣੂ ਦਾ ਅਵਤਾਰ ਦਰਸਾਇਆ। ਬ੍ਰਹਮਾ ਜੀ ਦੇ ਕਥਨ ਅਨੁਸਾਰ ਜਿੰਨੀ ਦੇਰ ਸੰਸਾਰ ’ਤੇ ਪਹਾੜ ਖੜ੍ਹੇ ਤੇ ਦਰਿਆ ਵੱਗਦੇ ਰਇਣਗੇ, ਓਨੀ ਦੇਰ ਤੱਕ ਪਵਿੱਤਰ ਰਾਮਾਇਣ ਮਨੁੱਖੀ ਮਨ ਨੂੰ ਪਾਪ ਦੇ ਦੁਸ਼ ਕੰਮਾਂ ਤੋਂ ਵਰਜਦੀ ਰਹੇਗੀ। ਰਾਜਾ ਜੀ ਲਿਖਦੇ ਹਨ ਕਿ ਉਨ੍ਹਾਂ ਨੇ ‘ਮਹਾਂਭਾਰਤ’ ਅਤੇ ‘ਰਾਮਾਇਣ’ ਸਬੰਧੀ ਲਿਖ ਕੇ ਲੋਕਾਂ ਦੀ ਵੱਡੀ ਸੇਵਾ ਕਰਨ ਦਾ ਉੱਦਮ ਕੀਤਾ ਹੈ। ਜਿਹੜੇ ਕਸ਼ਟ ਕੁੰਤੀ, ਕੌਸ਼ੱਲਿਆ, ਦਰੋਪਦੀ ਅਤੇ ਸੀਤਾ ਨੇ ਸਹੇ ਉਹ ਯਾਦ ਕਰਕੇ ਅਸੀਂ ਆਪਣੇ ਭਵਿੱਖ ਦੀ ਰਚਨਾ ਚੰਗੇ ਪੱਧਰ ’ਤੇ ਕਰ ਸਕਾਂਗੇ।

ਮਹਾਰਿਸ਼ੀ ਵਾਲਮੀਕਿ ਦੇ ਜੀਵਨ ਅਤੇ ਰਚਨਾ ਕਾਲ ਬਾਰੇ ਵਧੇਰੇ ਤੇ ਸਹੀ ਭਰੋਸੇਯੋਗ ਜਾਣਕਾਰੀ ਨਹੀਂ ਮਿਲਦੀ। ਇਕ ਮੱਤ ਅਨੁਸਾਰ ਭ੍ਰਿਗੂ ਵੰਸ਼ ਦੇ ਰਚੇਤਾ ਦੇ ਪੁੱਤਰ ਸਨ ਤੇ ਜਾਤ ਦੇ ਬ੍ਰਾਹਮਣ ਸਨ। ਉਨ੍ਹਾਂ ਦਾ ਮੁੱਢਲਾ ਨਾਂ ਰਤਨਾਕਰ ਸੀ। ਇਹ ਵੀ ਕਿਹਾ ਜਾਂਦਾ ਸੀ ਕਿ ਵਾਲਮੀਕਿ ਰੀਵਾ ਜ਼ਿਲ੍ਹੇ ਵਿਖੇ ਟੌਸ ਨਦੀ ਦੇ ਕੰਢੇ ਰਹਿੰਦੇ ਸਨ। ਉਨ੍ਹਾਂ ਦੇ ਕਵੀ ਹਿਰਦੇ ਦੀ ਤੀਬਰ ਇੱਛਾ ਸੀ ਕਿ ਉਹ ਕਿਸੇ ਮਹਾਨ ਵਿਅਕਤੀ ਨੂੰ ਆਪਣੀ ਰਚਨਾ ਦਾ ਨਾਇਕ ਬਣਾਉਣ।

ਰਿਸ਼ੀ ਨਾਰਦ ਜੀ ਤੋਂ ਰਾਮ ਜੀ ਬਾਰੇ ਜਾਣ ਕੇ ਉਨ੍ਹਾਂ ਸ਼੍ਰੀ ਰਾਮ ਨੂੰ ਆਪਣੇ ਮਹਾਕਾਵਿ ਦਾ ਨਾਇਕ ਬਣਾਇਆ। ਸ਼੍ਰੀ ਰਾਮ ਜੀ ਨੇ ਇਸ ਸਮੇਂ ਰਾਵਣ ਦਾ ਸੰਘਾਰ ਕਰਕੇ ਮੁੜ ਆਪਣਾ ਰਾਜ ਸਥਾਪਤ ਕਰ ਚੁੱਕੇ ਸਨ। ਇਕ ਹੋਰ ਕਥਾ ਅਨੁਸਾਰ ਇਕ ਵਾਰ ਵਾਲਮੀਕਿ ਜੀ ਨੇ ਪੰਛੀ ਨੂੰ ਇਕ ਸ਼ਿਕਾਰੀ ਹੱਥੀਂ ਮਰਦੇ ਡਿੱਠਾ। ਮਾਦਾ ਪੰਛੀ ਵੱਲੋਂ ਆਪਣੇ ਪ੍ਰੇਮੀ ਦੇ ਵਿਛੋੜੇ ਦੇ ਵਿਰਲਾਪ ਨਾਲ ਵਾਲਮੀਕਿ ਜੀ ਦੇ ਦਿਲ ਵਿਚ ਇਕ ਪੀੜਾ ਉੱਠੀ ਜੋ ਕਵਿਤਾ ਦੇ ਰੂਪ ਵਿਚ ਪ੍ਰਗਟ ਹੋ ਕੇ ਰਾਮਾਇਣ ਬਣ ਗਈ। ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਅਨੁਸਾਰ ਵਾਲਮੀਕਿ ਜੀ ਬੁੰਦੇਲਖੰਡ ਦੇ ਚਿੱਤਰ ਕੂਟ ਪਹਾੜ ’ਤੇ ਨਿਵਾਸ ਕਰਦੇ ਸਨ ਜਦੋਂ ਸੀਤਾ ਗਰਭਵਤੀ ਹਾਲਤ ਵਿਚ ਉਨ੍ਹਾਂ ਪਾਸ ਆਈ ਸੀ ਅਤੇ ਇਥੇ ਹੀ ਉਨ੍ਹਾਂ ਨੇ ਆਪਣੇ ਜੌੜੇ ਪੁੱਤਰਾਂ ਨੂੰ ਜਨਮ ਦਿੱਤਾ ਸੀ।

ਰਾਮਾਇਣ ਦੇ ਰਚਨਾ ਕਾਲ ਬਾਰੇ ਵੀ ਵਿਦਵਾਨਾਂ ਨੇ ਵੱਖ-ਵੱਖ ਵਿਚਾਰ ਪੇਸ਼ ਕੀਤੇ ਸਨ। ਬਹੁਤੇ ਵਿਦਵਾਨ ਇਸ ਨੂੰ ਸਾਢੇ ਪੰਜ ਹਜ਼ਾਰ ਸਾਲ ਪੁਰਾਣਾ ਗ੍ਰੰਥ ਦੱਸਦੇ ਹਨ ਪਰ ਇਸ ਵਿਵਾਦ ਕਰਕੇ ਰਾਮਾਇਣ ਦੀ ਮਹਾਨਤਾ ਨੂੰ ਛੁਟਿਆਇਆ ਨਹੀਂ ਜਾ ਸਕਦਾ ਕਿਉਂਕਿ ਇਸ ਨੇ ਭਾਰਤੀ ਲੋਕਾਂ ਦੇ ਜੀਵਨ, ਧਰਮ ਤੇ ਸੱਭਿਆਚਾਰ ’ਤੇ ਚੋਖਾ ਪ੍ਰਭਾਵ ਛੱਡਿਆ ਹੈ। ਇਸ ਲਈ ਅੱਜ ਇਸ ਨੂੰ ਭਾਰਤ ਦਾ ਰਾਸ਼ਟਰੀ ਮਹਾਕਾਵਿ ਮੰਨਿਆ ਜਾਂਦਾ ਹੈ।

ਵਾਲਮੀਕਿ ਜੀ ਦੀ ਇਕ ਹੋਰ ਉਪਲੱਬਧ ਰਚਨਾ ਯੋਗ ਵਾਸ਼ਿਸ਼ਟ ਦੱਸੀ ਜਾਂਦੀ ਹੈ। ਇਸ ਦੇ ਲਗਭਗ 32 ਹਜ਼ਾਰ ਸਲੋਕ ਹਨ। ਇਹ ਗ੍ਰੰਥ ਪ੍ਰਸ਼ਨ-ਉੱਤਰ ਰੂਪ ਵਿਚ ਲਿਖਿਆ ਹੋਇਆ ਹੈ ਅਤੇ ਫਲਸਫੇ ਵਰਗੇ ਗੰਭੀਰ ਤੇ ਪੇਚੀਦਾ ਵਿਸ਼ੇ ਨਾਲ ਸੰਬੰਧਤ ਹੈ। ਕਿਹਾ ਜਾਂਦਾ ਹੈ ਰਿਸ਼ੀ ਭਾਰਦਵਾਜ, ਰਿਸ਼ੀ ਕਾਗਵਸੂੰਡ ਅਤੇ ਰਿਸ਼ੀ ਅਰਿਸ਼ਟ ਨਾਮੀ ਮਹਾਰਿਸ਼ੀ ਵਾਲਮੀਕਿ ਦੇ ਤਿੰਨ ਚੇਲੇ ਹਨ ਜੋ ਉਨ੍ਹਾਂ ਪਾਸੋਂ ਪ੍ਰਮਾਤਮਾ, ਮਨ, ਆਤਮਾ, ਸ੍ਰਿਸ਼ਟੀ ਸਿਰਜਨਾ ਅਤੇ ਇਨ੍ਹਾਂ ਦੇ ਪ੍ਰਸਪਰ ਸੰਬੰਧਾਂ ਬਾਰੇ ਬਹੁਤ ਬਾਰੀਕ ਪ੍ਰਸ਼ਨ ਪੁੱਛਦੇ ਸਨ। ਰਿਸ਼ੀ ਵਾਲਮੀਕਿ ਉਨ੍ਹਾਂ ਪ੍ਰਸ਼ਨਾਂ ਦੇ ਜੋ ਉੱਤਰ ਦਿੱਤੇ, ਉਹ ਇਸ ਗ੍ਰੰਥ ਵਿਚ ਅੰਕਿਤ ਹਨ। ਇਕ ਵਿਸ਼ਵਾਸ ਅਨੁਸਾਰ ਇਸ ਗ੍ਰੰਥ ਦੀ ਸਿੱਖਿਆ ਰਿਸ਼ੀ ਵਾਸ਼ਿਸ਼ਟ ਨੇ ਪ੍ਰਾਪਤ ਕੀਤੀ ਜੋ ਅੱਗੇ ਸ਼੍ਰੀ ਰਾਮ ਚੰਦਰ ਨੂੰ ਪ੍ਰਾਪਤ ਹੋਈ। ਲਵ-ਕੁੱਸ਼ ਨੇ ਵੀ ਇਸੇ ਫਲਸਫੇ ਦੀ ਸਿੱਖਿਆ ਪ੍ਰਾਪਤ ਕੀਤੀ।


ਤੁਹਾਡੇ ਵਿਚਾਰਾਂ ਦਾ ਸੁਆਗਤ ਹੈ

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com