ੴ ਸਤਿ ਨਾਮੁ ਕਰਤਾ ਪੁਰਖੁ
ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ
ਗੁਰ ਪ੍ਰਸਾਦਿ
ਮਹਾਤਮਾ ਬੁੱਧ
ਦੇ ਆਖਿਰੀ ਬਚਨ, ॥ਆਪ ਦੀਪੋ ਭਵ॥ ਉਨ੍ਹਾਂ ਦੀ ਸਿੱਖਿਆ ਦਾ ਪਰਮ ਸੂਤਰ ਬਨ
ਗਏ। ਬੁੱਧ ਨੇ ਅਪਣੇ ਸਾਰੇ ਜੀਵਨ ਦੀ ਦੌਲਤ ਅਤੇ ਅਨੁਭਵ ਨੂੰ ਇਸ ਸੂਤਰ ਵਿੱਚ
ਨਿਚੋੜ ਕੇ ਰਖ ਦਿੱਤਾ ਹੈ। ਇਸੀ ਪ੍ਰਕਾਰ ਸ੍ਰੀ ਗੁਰੁ ਨਾਨਕ ਦੇਵ ਜੀ ਦੇ ਉਪਰ ਲਿਖੇ
ਸੂਤਰ ਉਨ੍ਹਾਂ ਨੂੰ ਦੁਨੀਆਂ ਦੇ ਸਰਵਓਤਮ ਸੰਤ ਅਤੇ ਮਹਾਨਕਵੀ ਅਤੇ ਸਿੱਖ ਧਰਮ ਦੇ
ਬਾਨੀ ਦਾ ਕਰਾਰ ਦੇਣ ਲਈ ਕਾਫ਼ੀ ਹਨ।
ਜਪੁਜੀ
ਸਾਹਿਬ ਦੇ ਸ਼ੁਰੂ ਦੇ ਸ਼ਬਦ ਇਨਸਾਨੀ ਧਰਮ, ਫ਼ਲਸਫ਼ਾ ਅਤੇ ਸਮਸਤ ਅਸਤਿਤਵ ਦੇ ਉਤਸਵ ਦਾ
ਉਦਘਾਟਨ ਕਰਦੇ ਹਨ। ਇਕ ਇਕ ਅੱਖਰ ਅਪਣੇ ਆਪ ਵਿੱਚ ਇਕ ਇਕ ਗਰੰਥ ਦੇ ਬਰਾਬਰ ਹੈ। ਇਕ
ਇਕ ਸ਼ਬਦ ਅਣਮੋਲ ਮੋਤੀ ਹੈ। ੴ ਅਪਨੇ ਆਪ ਵਿੱਚ ਇਕ ਸੰਪੂਰਣ ਪਰਮਸੂਤਰ ਹੀ ਨਹੀਂ,
ਬਲਕਿ ਰੂਪ, ਧਵੱਨੀ ਤੇ ਭਾਵ ਪੱਖੋਂ ਕਿਸੇ ਜਾਤੀ ਵਿਸ਼ੇਸ਼ ਤੋਂ ਬਿਨਾਂ ਮਨੁੱਖ ਤੇ
ਰੂਹ ਦੇ ਸੰਜੋਗ ਦਾ ਇਕ ਬੇਹਤਰੀਮ ਅਜ਼ੂਬਾ ਇਕ ਪੁੜੀ (ਕੈਪਸੂਲ) ਦੇ ਰੂਪ ਵਿੱਚ ਪੇਸ਼
ਕਰਦਾ ਹੈ। ਦੂਜੇ ਸ਼ਬਦਾਂ ਵਿੱਚ ੴ ਗਾਗਰ ਵਿੱਚ ਸਾਗਰ ਹੈ।
ਆਓ ਮਿਲ ਕੇ ਇਨ੍ਹਾਂ ਸ਼ਬਦਾਂ
ਵਿੱਚ ਲੁਕੀ ਸੁੰਦਰਤਾ, ਰੱਬੀ ਨੂਰ, ਅਤੇ ਮਨੁੱਖੀ ਸੂਝਬੂਝ ਨੂੰ ਸਮਝਣ ਦੀ ਕੋਸ਼ਿਸ਼
ਕਰੀਏ।
ਪਰਮਾਤਮਾ ਇਕ ਹੈ। ਉਸ ਦਾ
ਕੋਈ ਅਕਾਰ ਨਹੀਂ। ਉਹ ਸਾਰੀ ਸ਼ਰਿਸ਼ਟੀ ਦਾ ਜਨਮਦਾਤਾ ਹੈ। ਉਹ ਭੈ ਅਤੇ ਵੈਰ ਤੋਂ
ਰਹਿਤ ਹੈ। ਸਮੇਂ ਤੋਂ ਪਾਰ ਹੈ। ਪ੍ਰਭੂ ਸਦਾ ਤੇ ਸਨਾਤਨ ਹੈ। ਉਹ ਕਿਸੇ ਸਰੀਰ
(ਯੋਨੀ) ਚੋਂ ਪੈਦਾ ਨਹੀਂ ਹੁੰਦਾ। ਉਹ ਸਵੈਸ਼ੰਭੂ ਹੈ। ਅਰਥਾਤ ਕਿਸੇ ਹੋਰ ਉਪੱਰ
ਨਿਰਭਰ ਨਹੀਂ ਕਰਦਾ। ਇਹ ਸੱਤ ਪਹਿਲਾਂ ਵੀ ਮੌਜ਼ੂਦ ਸੀ, ਹੁਣ ਵੀ ਹੈ ਅਤੇ ਭਵਿਖ਼
ਵਿੱਚ ਵੀ ਕਾਇਮ ਰਹੇਗਾ। ਪ੍ਰਭੂ ਗੁਰੂ ਦੀ ਕ੍ਰਿਪਾ ਨਾਲ ਪ੍ਰਾਪਤ ਹੁੰਦਾ ਹੈ। ਸਾਡੇ
ਹੰਕਾਰ ਨੂੰ ਮਿਟਾਨ ਦੇ ਲਈ ਗੁਰੂ ਦੀ ਮਿਹਰ ਤੇ ਕ੍ਰਿਪਾ ਬਹੁਤ ਜ਼ਰੂਰੀ ਹੈ।
ਨਾਨਕ ਏਥੇ ਸਾਖਸ਼ੀ ਭਾਵ ਦੀ
ਚਰਚਾ ਕਰ ਰਹੇ ਹਨ। ਸਾਸ਼ਵਤ ਦੇ ਦਰਸ਼ਨ ਦੀ ਯਾਤਰਾ ਅਤੇ ਇਕ ਅਲੌਕਿਕ ਅਤੇ ਭੇਦਭਰੀ
ਅਨੁਭੂਤੀ ਦੀ ਤਲਾਸ਼ ਸ਼ੁਰੂ ਹੋ ਜਾਂਦੀ ਹੈ ਜਦੋਂ ਇਨਸਾਨ ਇਸ ਮੂਲ ਮੰਤਰ ਵਿੱਚ
ਛੇੜੀਆਂ ਗਈਆਂ ਚੰਗਾੜੀਆਂ ਦੀ ਮਿੱਠੀ ਮਿੱਠੀ ਲੌ ਨੂੰ ਸਿਰ ਮੱਥੇ ਲਾਉਂਦਾ ਹੈ। ਫ਼ਿਰ
ਉਸਦੀ ਖ਼ੁਮਾਰੀ ਅੰਬਰਾਂ ਤੋਂ ਮਿਹਰਾਂ ਦੀ ਵਰਖ਼ਾ ਦੇ ਰੂਪ ਵਿੱਚ ਸਾਡੀ ਜ਼ਿੰਦਗੀ ਨੂੰ
ਚੜ੍ਹਦੀਆਂ ਕਲਾਂ ਵਿੱਚ ਕਰ ਦਿੰਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖੀ
ਸਮਰਿਤੀ ਅਤੇ ਸਾਰੀ ਸਰਿਸ਼ਟੀ ਦੇ ਅਸਤਿਤਵ ਦਾ ਨਕਸ਼ਾ ਪੇਸ਼ ਕੀਤਾ ਹੈ। ਜੋ ਅਜੂਨੀ ਹੈ,
ਜੋ ਬਦਲਦਾ ਨਹੀਂ, ਜੋ ਅਕਾਲਮੂਰਤ ਹੈ, ਜੋ ਨਿਰਭੈ ਅਤੇ ਨਿਰਵੈਰ ਹੈ ਉਸ ਦੀ ਤਲਾਸ਼
ਕਰਨੀ ਹੈ। ਅਗਰ ਅਸੀਂ ਅੱਖਾਂ ਬੰਦ ਕਰਕੇ ਵਿਰਤੀ ਲਗਾਈਏ ਤਾਂ ਉਸ ਦੀ ਇਕ ਝਲਕ ਸਾਡੇ
ਅੰਤਰਕਰਣ ਵਿੱਚ ਆ ਸਕਦੀ ਹੈ ਜੋ ਸਾਰੀ ਸਰਿਸ਼ਟੀ ਦਾ ਰਚਨਹਾਰਾ ਹੈ । ਪ੍ਰਮਾਤਮਾ ਇਕ
ਮਾਤਰ ਸੱਤ ਹੈ ਅਤੇ ਬਾਕੀ ਸਾਰੀ ਉਸਦੀ ਮਾਯਾ ਹੈ। ਉਹ ਰਚਨਹਾਰਾ ਹੈ ਅਤੇ ਸਾਰੀ
ਸਰਿਸ਼ਟੀ ਉਸ ਦੀ ਰਚਨਾ ਹੈ। ਉਸ ਦੀ ਰਚਨਾ ਭਿੰਨ ਭਿੰਨ ਫ਼ੁਲਾਂ ਦੀ ਤਰ੍ਹਾਂ ਹੈ ਜਦੋਂ
ਕਿ ਖ਼ੁਦ ਪ੍ਰਭੂ ਇਕ ਭੇਦਭਰੀ ਖ਼ੁਸ਼ਬੂ ਹੈ। ਇਸ ਖ਼ੁਸ਼ਬੂ ਦਾ ਕੋਈ ਰੰਗ ਰੂਪ ਅਕਾਰ ਸਮਾਂ
ਰੁੱਤ ਜਾਤ (ਸ਼੍ਰੇਣੀ) ਖੇਤਰ ਜਾਂ ਮਲਕੀਅਤ ਨਹੀਂ ਹੈ। ਇਹ ਮਹਿਕ ਸਰਵਵਿਆਪੀ,
ਅਨੰਦਸਵਰੂਪ, ਸੂਖ਼ਮ ਤੇ ਭਿੰਨੀਭਿੰਨੀ ਹੈ। ਇਸ ਅਪਰਅਪਾਰ ਸ਼ਕਤੀ ਨੂੰ ਗੁਰੁ ਸਾਹਿਬ
ਅੱਗੇ ਇਸ ਤਰ੍ਹਾਂ ਦਰਸਾਉਂਦੇ ਹਨ।
ਸੋ ਦਰੁ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ ।।
ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣਹਾਰੇ।।
ਕੇਤੇ ਰਾਗ ਪਰੀ ਸਿਉ ਕਹੀਅਨਿ ਕੇਤੇ ਗਾਵਣਹਾਰੇ।।
ਗਾਵਹਿ ਤੁਹਨੋ ਪਉਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮੁ ਦੁਆਰੇ।।
ਗਾਵਹਿ ਚਿਤੁ ਗੁਪਤੁ ਲਿਖਿ ਲਿਖਿ ਧਰਮੁ ਵੀਚਾਰੇ।।
ਗਾਵਹਿ ਈਸਰੁ ਬਰਮਾ ਦੇਵੀ ਸੋਹਨਿ ਸਦਾ ਸਵਾਰੇ।।
ਗਾਵਹਿ ਇੰਦ ਇਦਾਸਣਿ ਬੈਠੇ ਦੇਵਤਿਆ ਦਰਿ ਨਾਲੇ।।
ਗਾਵਹਿ ਸਿਧ ਸਮਾਧੀ ਅੰਦਰਿ ਗਾਵਨਿ ਸਾਧ ਵਿਚਾਰੇ।।
ਗਾਵਨਿ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ।।
ਗਾਵਨਿ ਪੰਡਿਤ ਪੜਨਿ ਰਖੀਸਰ ਜੁਗੁ ਜੁਗੁ ਵੇਦਾ ਨਾਲੇ।।
ਗਾਵਹਿ ਮੋਹਣੀਆ ਮਨੁ ਮੋਹਨਿ ਸੁਰਗਾ ਮਛ ਪਇਆਲੇ।।
ਗਾਵਨਿ ਰਤਨ ੳਪਾਏ ਤੇਰੇ ਅਠਸਠਿ ਤੀਰਥ ਨਾਲੇ।।
ਗਾਵਹਿ ਜੋਧ ਮਹਾ ਬਲ ਸੂਰਾ ਗਾਵਹਿ ਖਾਣੀ ਚਾਰੇ।।
ਗਾਵਹਿ ਖੰਡ ਮੰਡਲ ਵਰਭੰਡਾ ਕਰਿ ਕਰਿ ਰਖੇ ਧਾਰੇ।।
ਕਰਿ ਕਰਿ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ।।
ਜੋ ਤਿਸੁ ਭਾਵੈ ਸੋਈ ਕਰਸੀ ਹੁਕਮੁ ਨ ਕਰਣਾ ਜਾਈ।।
ਸੋ ਪਾਤਿਸਾਹੁ ਸਾਹਾ ਪਾਤਿਸਾਹਿਬੁ ਨਾਨਕ ਰਹਣੁ ਰਜਾਈ।(27)
ਸ੍ਰੀ ਗੁਰੁ
ਨਾਨਕ ਦੇਵ ਜੀ ਬਹੁਤ ਹੀ ਸੁੰਦਰ ਸ਼ਬਦਾਂ ਵਿੱਚ ਇਕ ਅਲੌਕਿਕ ਅਤੇ ਬਹੁਤ ਹੀ
ਮਹੱਤਵਪੂਰਣ ਪ੍ਰਸ਼ਨ ਕਰਦੇ ਹਨ : ਤੇਰਾ ਦੁਆਰ ਜਾਂ ਘਰ ਕਿੱਥੇ ਹੈ ਜਿੱਥੇ ਬੈਠ ਕੇ
ਤੂੰ (ਪ੍ਰਭੂ) ਇਤਨੀ ਵੱਡੀ ਸਰਿਸ਼ਟੀ ਅਤੇ ਕਾਇਨਾਤ ਦੀ ਸੰਭਾਲ ਕਰਦਾ ਹੈਂ? ਇਹ
ਪ੍ਰਸ਼ਨ ਕੋਈ ਸਾਧਾਰਣ ਪ੍ਰਸ਼ਨ ਨਹੀਂ ਹੈ ਬਲਕਿ ਇਕ ਬਹੁਤ ਹੀ ਕਠਿਨ ਅਤੇ ਅਸਤਿਤਵ ਨਾਲ
ਜੁੜਿਆ ਹੋਇਆ ਮਸਲਾ ਹੈ। ਨਾਨਕ ਖ਼ੁਦ ਜਵਾਬ ਦਿੰਦੇ ਹਨ :
ਪ੍ਰਭੂ ਦੇ
ਦੁਆਰ ਉਪਰ ਅਨੇਕ ਸਾਜ ਬਜ ਰਹੇ ਹਨ। ਅਸੰਖ ਗਾਇਕ ਉਸ ਦੇ ਗਾਨ ਗਾ ਰਹੇ ਹਨ। ਕਿਤਨੇ
ਨਾਇਕ ਸਵੇਰ ਤੋਂ ਸ਼ਾਮ ਤਕ ਅਸੰਖ ਰਾਗ ਅਤੇ ਰਾਗਣੀਆਂ ਗਾ ਰਹੇ ਹਨ। ਇਥੇ ਗੁਰੂ
ਸਾਹਿਬ ਇਹ ਦਸਨਾਂ ਚਾਹੁੰਦੇ ਹਨ ਕਿ ਮਨੁੱਖ ਦੇ ਸਾਰੇ ਰਾਗ ਅਤੇ ਸੰਗੀਤ ਅਸਤਿਤਵ ਦੇ
ਸਦੀਵੀ ਤੇ ਰਹਸਮਈ ਸੰਗੀਤ ਦੀ ਹੀ ਝਲਕ ਹਨ। ਇਨਸਾਨ ਨੂੰ ਅਸਤਿਤਵ ਦੇ ਇਸ ਅਨੂਠੇ ਤੇ
ਬਹੁ-ਪੱਖੀ ਸੰਗੀਤ (ਔਰਕੈਸਟਰਾ) ਦੀ ਪਹਿਚਾਨ ਕਰਨੀ ਚਾਹੀਦੀ ਹੈ। ਜਦੋਂ
ਦਿਨ ਦੇ ਸ਼ੋਰਗੁਲ ਬਾਅਦ ਅੱਧੀ ਰਾਤ ਬਾਅਦ ਇਕ ਗਹਿਰਾ ਸਨਾਟਾ ਛਾ ਜਾਂਦਾ ਹੈ ਤਾਂ
ਅਚਾਨਕ ਸ੍ਰਿਸ਼ਟੀ ਦਾ ਨਾਦ ਸੁਨਾਈ ਦੇਣ ਲਗਦਾ ਹੈ। ਇਸ ਵਿਸ਼ੇਸ਼ ਲੈ ਦੇ ਨਾਲ ਨਾਤਾ
ਜੋੜਨਾ ਅਸੀਂ ਭੁੱਲ ਗਏ ਹਾਂ। ਉਸਦੇ ਦੁਆਰ ਉਪਰ ਪਵਨ, ਪਾਣੀ, ਅਗਨੀ ਅਤੇ ਬਸੰਤ
ਅਪਣੀ ਸ਼ਰਧਾ ਦੇ ਫ਼ੁਲ ਚੜਾਉਂਦੇ ਹਨ। ਧਰਮ ਰਾਜ ਜੋ ਕਿ ਸਭ ਦੀ ਜ਼ਿੰਦਗੀ ਦਾ ਲੇਖਾ
ਜੋਖਾ ਰਖਦਾ ਹੈ ਪ੍ਰਭੂ ਦੇ ਦੁਆਰ ਤੇ ਗਾਉਂਦਾ ਹੈ। ਚਿੱਤਰ ਗੁਪਤ ਜੋ ਪਾਪ ਪੰਨ ਦਾ
ਫ਼ੈਸਲਾ ਕਰਦਾ ਹੈ ਅਤੇ ਜਿਸ ਦੀ ਅਦਾਲਤ ਦਾ ਫੈਸਲਾ ਆਖਰੀ ਹੁੰਦਾ ਹੈ ਵੀ ਗੀਤ
ਗਾਉਂਦਾ ਹੈ। ਉਸ ਦੇ ਦੁਆਰ ਤੇ ਉਦਾਸੀ ਲਈ ਕੋਈ ਸਥਾਨ ਨਹੀਂ ਹੈ। ਉਤਸਬ ਦਾ ਹੱਸਦਾ
ਖੇਲ੍ਹਦਾ, ਨਚਦਾ ਖ਼ੁਸ਼ੀ ਦਾ ਦਰਵਾਰ ਹੈ। ਗੁਰੁ ਨਾਨਕ ਦੇਵ ਜੀ ਗਾਉਣ ਲਈ ਖ਼ੁਮਾਰੀ
ਵਿੱਚ ਲੀਨ ਹੋ ਜਾਂਦੇ ਹਨ ਅਤੇ ਮਰਦਾਨਾ ਧੁਨ ਛੇੜ ਦਿੰਦਾ ਹੈ।
ਨਾਨਕ ਦੀ ਵਿਧੀ
ਵਿੱਚ ਉਤਸਬ ਦਾ ਮਹੌਲ ਹੈ। ਧਿਆਨ ਵਿੱਚ ਬੈਠ ਕੇ ਸਾਧੂ ਯਤਿ ਪੰਡਿਤ ਵਿਦਵਾਨ
ਮਨਮੋਹਕ ਨਰਤਕੀਆਂ ਚੌਦਾਂ ਰਤਨ ਅਤੇ ਠਾਅਟ ਖੰਡ ਮੰਡਲ ਪ੍ਰਭੂ ਦਾ ਯਸ਼ੋਗਾਨ ਕਰਦੇ
ਹਨ। ਇਕ ਕਲਾਕਾਰ ਦੀ ਭਾਂਤੀ ਪ੍ਰਮਾਤਮਾ ਅਪਣੀ ਰਚਨਾ ਨੂੰ ਵੇਖ ਕੇ ਖੁਸ਼ ਹੁੰਦਾ ਹੈ।
ਅਰਥਾਤ ਪ੍ਰਭੂ ਸਾਰੀ ਸਰਿਸ਼ਟੀ ਦਾ ਪਾਲਨਹਾਰ ਹੈ। ਨਾਨਕ ਉਸ ਪਾਤਸ਼ਾਹਾਂ ਦੇ ਪਾਤਸ਼ਹ
ਦੇ ਹੁਕਮ ਜਾਂ ਰਜਾ ਵਿੱਚ ਰਹਿ ਕੇ ਹੀ ਉਸ ਦੇ ਭਾਣੇ ਨੂੰ ਮਿੱਠਾ ਮੰਨਨ ਦੀ
ਪ੍ਰੇਰਣਾ ਦਿੰਦੇ ਹਨ।
ਏਥੇ ਮਾਯਾ ਅਤੇ ਬ੍ਰਹਮ ਦਾ
ਫਾਸਲਾ ਖ਼ਤਮ ਹੋ ਜਾਂਦਾ ਹੈ ਜਿਸ ਨੂੰ ਸਮਝਨ ਲਈ ਵੱਡੇ ਵੱਡੇ ਵਿੱਦਵਾਨ ਵੀ ਬੌਖ਼ਲਾ
ਜਾਂਦੇ ਹਨ। ਵੇਦਾਂਤ ਦੀ ਚਲੀ ਆ ਰਹੀ ਇਸ ਗੁੱਥੀ ਨੂੰ ਨਾਨਕ ਇਕ ਹੀ ਝਟਕੇ ਵਿੱਚ
ਸੁਲਝਾ ਦਿੰਦੇ ਹਨ। ਅਪਨੇ ਸੰਤ-ਕਵੀ ਹੋਣ ਦੀ ਪ੍ਰਵੀਨਤਾ ਦੀ ਸਮਰੱਥਾ ਨਾਲ ਇਕ ਵੱਡੇ
ਫ਼ਲਸਫੇ ਦੇ ਗ੍ਰੰਥ ਨੂੰ ਚੰਦ ਹੀ ਸ਼ਬਦਾਂ ਵਿੱਚ ਇਕ ਵੱਡੇ ਸਾਗਰ ਨੂੰ ਮਿੱਟੀ ਦੀ
ਕੋਰੀ ਗਾਗਰ ਵਿੱਚ ਭਰ ਦਿੰਦੇ ਹਨ। ਇਸ ਗਾਗਰ ਵਿੱਚ ਅੰਮ੍ਰਿਤ ਤੇ ਮਿੱਟੀ ਦੋਨਾਂ ਦਾ
ਸ਼ਰਬਤ ਇਕ ਹੀ ਤਲੇ ਤੇ ਰੱਖ ਦੇਂਦੇ ਹਨ। ਕਿਸ ਹੱਥ ਅੰਮ੍ਰਿਤ ਤੇ ਕਿਸ ਹੱਥ ਮਿੱਟੀ
ਆਉਂਦੀ ਹੈ ਇਹ ਸਾਡੇ ਅਪਣੇ ਸਿਦਕ ਅਤੇ ਪਵਿੱਤਰਤਾ ਉਤੇ ਨਿਰਭਰ ਕਰਦਾ ਹੈ। ਗੀਤ ਅਤੇ
ਆਨੰਦ ਪ੍ਰਭੂ ਦੇ ਉਤਸਬ ਦਾ ਸਾਰ ਹੈ। ਦੁੱਖ਼ ਅਤੇ ਕਰੋਪੀ ਉਸਦਾ ਸਵਰੂਪ ਨਹੀਂ ਹੈ।
ਜਿਉਂ ਜਿਉਂ ਇਨਸਾਨ ਉਸ ਦੇ ਧਿਆਨ ਵਿੱਚ ਉਤਰਦਾ ਹੈ ਉਸ ਦੀ ਚੇਤਨਾ ਸਰਿਸ਼ਟੀ ਦੇ ਇਸ
ਉਤਸਬ ਵਿੱਚ ਸ਼ਾਮਲ ਹੋਣੀ ਸ਼ੁਰੂ ਹੋ ਜਾਂਦੀ ਹੈ। ਵਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ
ਫ਼ੁਲਾਂ ਨੂੰ ਸੂਰਜ ਦੀ ਰੌਸ਼ਨੀ ਮਿਲਨ ਤੇ ਖ਼ੁਸ਼ਬੂ ਹਵਾ ਵਿੱਚ ਭਰ ਜਾਂਦੀ ਹੈ। ਜਦੋਂ
ਕੋਈ ਮਿਟ ਜਾਂਦਾ ਹੈ, ਪ੍ਰਮਾਤਮਾ ਪ੍ਰਗਟ ਹੋ ਜਾਂਦਾ ਹੈ। ਬੀਜ ਮਿੱਟੀ ਵਿੱਚ ਸਮਾ
ਜਾਂਦਾ ਹੈ ਤੇ ਤਾਜ਼ੇ ਸੰਜੀਵ ਅੰਕੁਰ ਦਾ ਪ੍ਰਕਾਸ਼ ਹੁੰਦਾ ਹੈ। ਮਿਟ ਜਾਂਦੀ ਹੈ ਸਾਰੀ
ਧੁੰਦ ਤੇ ਸਾਰਾ ਅੰਬਰ ਹੋ ਉਠਦਾ ਹੈ ਨੂਰੋ ਨੂਰ। ਖ਼ੁਮਾਰੀ-ਮੁਗਧ ਹੋ ਜਾਂਦੀ ਹੈ ਹਰ
ਸ਼ੈ। ਬਾਗਾਂਚ ਆ ਜਾਂਦੀ ਹੈ ਬਹਾਰ ਬਰਫ਼ਾਂ ਤੇ ਬਰਸਾਤਾਂ ਵਿੱਚ। ਮਿਹਰਾਂ ਦੇ ਭਰੇ
ਉਂਜਲ ਬਰਸਾਉਂਦੇ ਹਨ ਚਾ ਦੇ ਚੁਮਨ ਪਿਆਰ ਭਰੇ ਹੋਠਾਂ ਦੇ ਨਾਲ। ਫਿਰ ਰੰਗ ਉਭਰਦਾ
ਹੈ ਗ਼ੁਲਾਬੀ ਜਾਂ ਲਾਲੋ ਲਾਲ। ਹਰ ਸ਼ੈ ਵਿੱਚ ਵਸਦਾ ਇਕ ਰੱਬੀ ਨੂਰ ਦਾ ਬਸ ਆਉਂਦਾ ਹੈ
ਖ਼ਿਆਲ ।ਨਾਮ ਖ਼ੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ।
ਸ੍ਰੀ ਗੁਰੂ ਨਾਨਕ ਦੇਵ ਜੀ
ਅਪਣੇ ਸਮੇਂ ਦੇ ਪ੍ਰਚਲਿਤ ਰੀਤੀ ਰਿਵਾਜ਼ਾਂ ਨੂੰ ਧਿਆਨ ਵਿੱਚ ਰੱਖਕੇ ਸੰਗਤਾਂ ਲਈ
ਫ਼ਜ਼ੂਲ ਤੇ ਅੰਧ ਵਿਸ਼ਵਾਸ ਉਪਰ ਅਧਾਰਤ ਵਿਧਿਆਂ ਨੂੰ ਤਿਆਗ ਕੇ ਸਾਰਥਕ ਅਤੇ ਰਚਨਾਤਮਿਕ
ਰੀਤੀਆਂ ਨੂੰ ਅਪਨਾਉਣ ਲਈ ਸਾਡਾ ਮਾਰਗ ਦਰਸ਼ਨ ਕਰਦੇ ਹਨ। ਨਾਥ ਪ੍ਰਥਾ ਬਹੁਤ ਸਮੇਂ
ਤੋਂ ਭਾਰਤ ਵਿੱਚ ਜੰਤਾ ਦਾ ਕਲਿਆਣ ਕਰਦੀ ਆ ਰਹੀ ਸੀ। ਨਵੇਂ ਸਾਧੂ ਫ਼ਕੀਰ ਨਾ ਸਮਝੀ
ਦੇ ਸ਼ਿਕਾਰ ਹੋ ਕੇ ਗ਼ਲਤ ਰਸਤੇ ਜਾ ਰਹੇ ਸਨ। ਨਾਨਕ ਥੋਥੇ ਕਰਮ ਕਾਂਡ ਦੇ ਖ਼ਿਲਾਫ਼ ਸਨ।
ਗੁਰੂ ਸਾਹਿਬ ਦਾ ਉਪਦੇਸ਼ ਸਧਾਰਣ ਸ਼ਬਦਾਂ ਵਿੱਚ ਇਸ ਤਰ੍ਹਾਂ ਕਹਿ ਸਕਦੇ ਹਾਂ:
ਸੰਤੋਖ ਅਤੇ ਲੱਜਾ ਦੀ
ਮੁਦਰਾ ਬਨਾਓ
ਧਿਆਨ ਦੀ ਭਭੂਤੀ ਲਗਾਓ
ਪਰਤਿਸ਼ਠਾ ਦੀ ਝੋਲੀ ਬਨਾਓ
ਗਿਆਨ ਨੂੰ ਪ੍ਰਕਾਸ਼ ਬਨਾਓ
ਪਰਤੀਤੀ ਨੂੰ ਯੁਕਤੀ ਦਾ ਡੰਡਾ ਬਨਾਓ
ਕਾਇਆ ਨੂੰ ਕਵਾਰੀ ਬਨਾਓ
ਸਭ ਨੂੰ ਇਕ ਜੈਸਾ ਸਮਝਨਾ ਹੀ ਨਾਥ ਪੰਥੀ ਹੈ
ਮਨ ਜੀਤੇ ਜਗਜੀਤ
ਜੋ ਸਦਾ ਆਦਿ ਹੈ ਅਨੰਤ ਹੈ ਸ਼ੁਧ ਹੈ ਅਨਾਹਤ ਹੈ
ਜੋ ਯੁਗ ਯੁਗ ਤੋਂ ਇਕ ਹੀ ਭੇਸ ਵਾਲਾ ਹੈ
ਜੋ ਸਦਾ ਇਕ ਜੈਸਾ ਹੈ ਉਸ ਨੂੰ ਹੀ ਹਮੇਸ਼ਾ ਪਰਣਾਮ ਕਰੋ
ਗੁਰੁ ਸਾਹਿਬ ਨਾਥ ਪੰਥੀ ਦੇ
ਬਾਹਿਰੀ ਕਰਮ ਕਾਂਡ ਨੂੰ ਸਵਿਕਾਰ ਨਾ ਕਰਦੇ ਹੋਏ ਸਾਰੇ ਸਾਧੂ ਗਣ ਲਈ ਗਹਿਰੀ ਸੋਚ
ਸਮਝ ਅਤੇ ਬੁੱਧੀ ਦਾ ਇਸਤੇਮਾਲ ਕਰਨ ਲਈ ਮਾਰਗ ਦਰਸ਼ਨ ਕਰ ਰਹੇ ਹਨ। ਕੇਵਲ ਕੰਨਾ
ਵਿੱਚ ਮੁੰਦੇ, ਕੰਧੇ ਉਪਰ ਝੋਲੀ ਅਤੇ ਹੱਥ ਵਿੱਚ ਡੰਡਾ ਫੜ ਕੇ ਸਾਧੂ ਨਹੀਂ ਬਣ
ਜਾਂਦਾ। ਕੇਵਲ ਸ਼ਰੀਰਕ ਮੁਦਰਾ ਧਾਰਣ ਕਰਣਾ ਕਾਫੀ ਨਹੀਂ ਹੈ। ਨਾਨਕ, ਸੰਤੋਖ ਅਤੇ
ਲੱਜਾ ਦੀ ਝੋਲੀ ਬਨਾਉਣ ਲਈ ਆਖਦੇ ਹਨ। ਅੰਦਰ ਗਿਆਨ ਅਤੇ ਬਾਹਰ ਰਹਿਮ ਦੋਨੋ ਸਾਥ
ਸਾਥ ਹੋਣੇ ਜ਼ਰੂਰੀ ਹਨ। ਗਿਆਨ ਸਵੈਂ ਨੂੰ ਜਾਨਨਾ ਹੈ, ਦਯਾ ਦੂਸਰੇ ਦੀ ਤਕਲੀਫ਼ ਨੂੰ
ਸਮਝਨਾ ਹੈ। ਜਦੋਂ ਗਿਆਨ ਦੀ ਜੋਤ ਪਰਕਾਸ਼ਤ ਹੁੰਦੀ ਹੈ ਤਾਂ ਰੌਸ਼ਨੀ ਦੀਵੇ ਦੇ ਹੇਠਾਂ
ਵੀ ਜਾਂਦੀ ਹੈ। ਗਿਆਨ ਵੰਡਨ ਲਈ ਦਯਾ ਭਾਵਨਾ ਤੇ ਦੂਜਿਆਂ ਦਾ ਸਹਾਰਾ ਬਨਣ ਲਈ ਗਿਆਨ
ਹੋਣਾ ਜ਼ਰੂਰੀ ਹੈ। ਅਰਥਾਤ
ਗਿਆਨ ਕੋ ਭੋਗ ਬਨਾਓ ਦਯਾ
ਕੋ ਭੰਡਾਰੀ
ਨਾਨਕ ਇਸ਼ਾਰਾ ਕਰ ਰਹੇ ਹਨ
ਉਨ੍ਹਾਂ ਪੂਪਨੇ ਸਾਧੂਆਂ ਵੱਲ ਜੋ ਕੰਵਾਰੀ ਲੜਕੀਆਂ ਨੂੰ ਸਾਥ ਲੈ ਕੇ ਚਲ ਪੈਂਦੇ ਹਨ
ਧਰਮ ਦੀ ਆੜ ਵਿੱਚ। ਬਾਹਰ ਦੀ ਕੰਵਾਰੀ ਤਾਂ ਇਕ ਸਹਾਰਾ ਹੈ। ਸਾਡੀ ਕਾਇਆ ਹੀ ਸਾਡੀ
ਸਾਧਨਾ ਬਨ ਜਾਵੇ । ਫਿਰ ਸਮਾਧੀ ਦਾ ਆਖਰੀ ਚਰਣ ਪ੍ਰਭੂ ਨਾਲ ਜੋੜ ਸਕਦਾ ਹੈ। ਤੰਤਰ
ਦੀ ਆੜ ਸੱਤਿਆਨਾਸ ਕਰ ਸਕਦੀ ਹੈ। ਅਰਥਾਤ
ਪਰਤਿਸ਼ਠਾ ਦੀ ਝੋਲੀ
ਧਿਆਨ ਦੀ ਭਭੂਤੀ
ਲੱਜਾ ਤੇ ਸੰਤੋਖ ਦੀ ਮੁਦਰਾ
ਅੰਦਰ ਧਿਆਨ, ਬਾਹਰ ਦਯਾ
ਮਿਰਤੂ ਦੀ ਗੁਦੜੀ(ਯਾਦ)
ਨਾਨਕ ਇਹ ਉਪਾਏ ਦਸਦੇ ਹਨ:
ਹੰਕਾਰ ਨੂੰ ਦਯਾ ਤੇ
ਨਿਮ੍ਰਤਾ, ਬਾਹਰੀ ਦਿਖਾਵੇ ਨੂੰ ਸ਼ਰਧਾ ਤੇ ਪਿਆਰ ਵਿੱਚ ਬਦਲੋ। ਰਾਜ ਭਾਗ ਦੀ ਥੋਥੀ
ਮਸ਼ਹੂਰੀ ਨੂੰ ਜੋ ਸਦਾ ਸੱਚ ਤੇ ਸਾਸ਼ਵਤ ਹੈ ਉਸ ਨਾਲ ਤਾਲ ਮਿਲਾਓ। ਕੇਵਲ ਉਪਚਾਰਕਤਾ
ਦੀ ਥਾਂ ਧਰਮ ਦੇ ਮੂਲ ਸਰੋਤ ਨਾਲ ਨਾਤਾ ਜੋੜੋ। ਥੋਥੀਆਂ ਰਸਮਾਂ ਛੱਡੋ। ਸ਼ਰੀਰਕ
ਮੁਦਰਾਵਾਂ, ਲੰਬੇ ਚੋਲੇ ਛੱਡ ਕੇ ਧਿਆਨ ਤੇ ਪ੍ਰੇਮ ਨੂੰ ਜਗਾਓ। ਅਸਲੀ ਕਰਾਂਤੀ
ਅੰਦਰ ਦੀ ਗੈਹਰੀ ਖੋਜ ਹੈ। ਬਾਹਰੀ ਲਿਬਾਸ ਕਾਫੀ ਨਹੀਂ ਹੈ। ਕ੍ਰੋਧ ਤੇ ਹੰਕਾਰ ਨੂੰ
ਸਮਝੋ, ਇਨ੍ਹਾਂ ਨਾਲ ਲੜੋ ਨਹੀਂ। ਉਸੀ ਸ਼ਕਤੀ ਨੂੰ ਕਰੂਣਾ ਤੇ ਸੰਤੋਖ ਵਿੱਚ ਬਦਲੋ।
ਦਯਾ ਦਾ ਭੰਡਾਰਾ ਲਗਾਓ। ਰੱਜੇ ਪੁਜਿਆਂ ਲਈ ਲੰਗਰ ਲਾ ਕੇ ਕੋਈ ਮੁਰਾਦਾਂ ਦੀ ਆਸ ਨਾ
ਰੱਖੋ। ਲੋੜ ਮੰਦ ਦੀ ਸੇਵਾ ਹੀ ਅਸਲੀ ਲੰਗਰ ਹੈ। ਗਿਆਨ ਦਾ ਭੋਗ ਲਗਾਓ। ਰਿਧਿ ਸਿਧਿ
ਅਵਰਾ ਸਾਦ । ਨਿਧਿਆਂ ਸਿਧਿਆਂ ਘਟੀਆ ਸੁਆਦ ਹਨ। ਅਪਨੀ ਪਰਤਿਸ਼ਠਾ ਅਪਨੇ ਅੰਦਰੋਂ
ਜਗਾਓ। ਤਾਬੀਜ਼ ਧਾਗੇ ਤੇ ਭਭੂਤੀਆਂ ਨੂੰ ਖੂਹ ਵਿੱਚ ਪਾਓ। ਭਭੂਤੀ ਤੇ ਮੁੰਦੀਆਂ
ਵਾਲੇ ਮਦਾਰੀਆਂ ਨੁੰ ਸਰਕਸ ਵਿਚ ਦਾਖਲ ਕਰੋ। ਮਦਾਰੀ ਪ੍ਰਤਿਸ਼ਠਾ ਬਜ਼ਾਰੂ ਹੈ। ਇਸ ਦਾ
ਧਰਮ ਨਾਲ ਕੀ ਨਾਤਾ? ਜੋ ਅੰਦਰ ਨਾਦ ਬਜ ਰਿਹਾ ਹੈ ਉਸ ਦਾ ਸਿਮਰਣ ਕਰੋ। ਫਿਰ ਪ੍ਰਭੂ
ਦਾ ਦੁਆਰ ਦੂਰ ਨਹੀਂ। ਇਹ ਦੁਆਰ ਅੰਦਰੋਂ ਬਾਹਰ ਨੂੰ ਖੁਲਦਾ ਹੈ। ਤੁਸੀਂ ਸ਼ਾਇਦ
ਦੂਜੇ ਪਾਸਿਓਂ ਖ਼ਾਮਖਾਹ ਧੱਕੇ ਮਾਰਦੇ ਰਹੇ ਹੋ। ਧੱਕੇ ਵੀ ਕਾਫੀ ਭਾਰੀ। ਫੋਕੇ
ਨਾਥਾਂ ਦੀ ਛੁੱਟੀ ਕਰੋ। ਆਪਿ ਨਾਥੁ ਨਾਥੀ ਸਭ.. ਉਹੀ ਇਕ ਓਕਾਂਰ ਹੈ। ਉਹੀ ਇਕ
ਨਾਥਾਂ ਦਾ ਨਾਥ ਹੈ ਜਿਸ ਵਿੱਚ ਸਾਰੇ ਨੱਥੇ ਗੁਥੇ ਹਨ। ਧਰਮ ਦੀ ਸਿੱਧੀ ਕੇਵਲ ਇਹ
ਸਮਝ ਹੈ ਕਿ ਮੈਂ ਕੁੱਝ ਵੀ ਨਹੀਂ ਹਾਂ ਉਹੀ ਸਭ ਕੁੱਝ ਹੈ। ਇਕ ਨਿਰੰਕਾਰ। ਉਸ ਇਕ
ਨਾਥ ਦੀ ਸ਼ਰਣ ਲਓ। ਸੰਯੋਗ ਵਿਯੋਗ ਤੋਂ ਉਪਰ ਉਠੋ। ਆਦੇਸੁ ਤਿਸੈ ਆਦੇਸੁ
ਪਰਣਾਮ ਕਿਸੇ ਨੂੰ ਵੀ ਕਰੋ
ਜਾਂ ਕਿਵੇਂ ਵੀ ਕਰੋ ਕੇਵਲ ਉਸ ਇਕ ਨੂੰ ਹੀ ਕਰੋ। ਨਮਸਕਾਰ ਜਿੱਥੋਂ ਵੀ ਕਰੋ ਕੇਵਲ
ਉਸ ਨੂੰ ਹੀ ਕਰੋ। ਮੰਦਰ ਗੁਰਦੁਆਰੇ ਜਾ ਕਿਸੇ ਗੁਰੂ ਅੱਗੇ ਜਦੋਂ ਵੀ ਸੀਸ ਨਿਮਾਓ
ਪਰਨਾਮ ਕੇਵਲ ਉਸ ਦੀ ਤਰਫ਼ ਜਾਵੇ। ਆਦੇਸੁ ਤਿਸੈ ਆਦੇਸੁ-ਇਹ ਤਿੰਨ ਸ਼ਬਦਾਂ ਦਾ
ਉਪਨੀਸ਼ਦ ਹੈ। ਸੀਸ ਝੁਕਾ ਕੇ ਨਮਸਕਾਰ ਕਰੋ। ਹਰ ਨਮਸਕਾਰ ਇਕ ਨਰਿੰਕਾਰ ਨੂੰ ਹੀ
ਜਾਵੇ। ਆਦਿ ਸਚੁ ਜੁਗਾਦਿ ਸਚੁ। ਹੈ ਭੀ ਸਚੁ ਨਾਨਕ ਹੋਸੀ ਭੀ ਸਚੁ।।
ਜੋ ਸਦਾ ਹੈ ਉਹੀ ਸੱਚ ਹੈ।
ਸੱਚ ਬਦਲਦਾ ਨਹੀਂ। ਸੱਚ ਪਹਿਲਾਂ ਵੀ ਸੀ। ਸੱਚ ਹੁਣ ਵੀ ਹੈ। ਸੱਚ ਹਮੇਸ਼ਾ ਰਹੇਗਾ।
ਸੱਤ ਇਕ ਹੈ। ਸੱਤ ਸਦਾ ਹੈ। ਸੱਤ ਪਹਿਲਾਂ ਵੀ ਸੀ। ਸੱਤ ਸਦਾ ਰਹੇਗਾ।
ਸ੍ਰੀ ਗੁਰੂ ਨਾਨਕ ਦੇਵ ਜੀ
ਨੇ ਸਾਰੇ ਵੇਦਾਂ ਪੁਰਾਨਾ ਅਤੇ ਸਾਸ਼ਤਰਾਂ ਅਤੇ ਸਾਰੀਆਂ ਵਿਧੀਆਂ ਤੇ ਤਕਨੀਕਾਂ ਨੂੰ
ਅਜਮਾ ਕੇ ਜਪੁਜੀ ਸਾਹਿਬ ਦਾ ਸ਼੍ਰੀਗਨੇਸ਼ ਕੀਤਾ। ਨਾਨਕ ਬਹੁਤ ਵੱਡੇ ਮਨੋਵਿਗਿਆਨੀ,
ਮਹਾਂਰਿਸ਼ੀ ਜਾਂ ਸੰਤ, ਸਰਵਓਤਮ ਸਾਧਕ, ਅਧਿਆਤਮਿਕ ਗੁਰੂ, ਮਹਾਂਕਵੀ ਅਤੇ ਸਰਵਉਤਮ
ਇਨਸਾਨ ਸਨ। ਜੇ ਅਸੀਂ ਪੂਰੀ ਵਿਰਤੀ ਅਤੇ ਖੁਲ੍ਹੇ ਦਿਲ ਦੇ ਨਾਲ ਸਾਖ਼ਸ਼ੀ ਭਾਵ ਰਖੀਏ
ਤਾਂ ਸਾਰਥਕ ਤੇ ਸਾਸ਼ਵਤ ਦਾ ਜਨਮ ਹੋ ਸਕਦਾ ਹੈ। ਆਦੇਸੁ ਤਿਸੈ ਆਦੇਸੁ। ਧੁੰਦ ਨੂੰ
ਮਿਟਨ ਦਿਉ। ਖ਼ੁਮਾਰੀ ਨੂੰ ਚੜ੍ਹਨ ਦਿਉ। ਅਹੁ ਦੇਖੋ ਸਾਸ਼ਵਤ ਉੱਠਨ ਲੱਗਿਆ। ਜ਼ਰਾ
ਸੋਚੋ
ਆਦੇਸੁ ਤਿਸੈ ਆਦੇਸੁ
ੴ
ਗੁਰ ਪ੍ਰਸਾਦਿ
ਸੱਤਪਾਲ ਗੋਇਲ |