WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)

 
ਜੰਗ ਦਾ ਖ਼ੂਨੀ ਚਿਹਰਾ
ਸ਼ਿਵਚਰਨ ਜੱਗੀ ਕੁੱਸਾ

ਸ਼ਿਵਚਰਨ ਜੱਗੀ ਕੁੱਸਾ 

5_cccccc1.gif (41 bytes)

ਟੈਲੀਵੀਯਨ 'ਤੇ ਵਾਰ ਵਾਰ ਇਕ ਫ਼ੋਟੋ ਦਿਖਾਈ ਗਈ। ਇਕ ਮਾਂ ਦਾ ਪੁੱਤ ਖੂਨੋ-ਖੂਨ ਹੋਇਆ ਪਿਆ ਹੈ, ਕੋਲੇ ਉਸ ਦੀ ਬੰਦੂਕ ਡਿੱਗੀ ਪਈ ਹੈ ਅਤੇ ਕੋਲੇ ਹੀ ਉਸ ਦੇ ਖਾਣੇ ਵਾਲੀ ਪਲੇਟ ਅਤੇ ਚਮਚੇ ਆਦਿ ਪਏ ਹਨ। ਇਹ ਜਿਹੜਾ ਮਾਈ ਦਾ ਲਾਲ ਖ਼ੂਨੋ-ਖ਼ੂਨ ਹੋਇਆ ਪਿਆ ਸੀ, ਇਸ ਦਾ ਨਾਂ ਵੀ ਅਜੇ ਤੱਕ ਕਿਸੇ ਨੂੰ ਪਤਾ ਨਹੀ! ਪਤਾ ਨਹੀਂ ਮਾਂ ਨੇ ਕਿਹੜੇ ਦੁਖੜਿਆਂ ਨਾਲ ਪਾਲਿਆ ਹੋਵੇਗਾ? ਪੜ੍ਹਾਇਆ ਹੋਵੇਗਾ? ਅਤੇ ਕਿੱਤੇ 'ਤੇ ਲਾਇਆ ਹੋਵੇਗਾ? ਇਸ ਦੀ ਉਮਰ ਦਾ ਵੀ ਪਤਾ ਨਹੀਂ ਲੱਗ ਸਕਿਆ! ਵੈਸੇ ਦੇਖਣ ਨੂੰ 30-32 ਸਾਲ ਦਾ ਲੱਗਦਾ ਹੈ। ਸਿਰਫ਼ ਵਰਦੀ ਤੋਂ ਇਸ ਦੀ ਸ਼ਨਾਖਤ ਹੋਈ ਹੈ ਕਿ ਇਹ ਸੈਨਿਕ ਅਮਰੀਕਾ ਦਾ ਫ਼ੌਜੀ ਹੈ। ਕੀ ਪਤਾ ਹੈ ਇਸ ਮਰਨ ਵਾਲੇ ਸੈਨਿਕ ਦੀ ਘਰੇ ਕੌਣ-ਕੌਣ ਉਡੀਕ ਕਰ ਰਿਹਾ ਸੀ? ਮਾਂ-ਬਾਪ, ਭੈਣ-ਭਾਈ, ਘਰਵਾਲੀ ਅਤੇ ਸ਼ਾਇਦ ਬੱਚੇ ਵੀ, ਜਿਹਨਾਂ ਨੂੰ ਆਪਣੇ ਪਿਆਰੇ ਬਾਪ ਦਾ ਜਿਉਂਦਾ ਚਿਹਰਾ ਕਦੇ ਵੀ ਦੇਖਣ ਨੂੰ ਨਹੀਂ ਮਿਲੇਗਾ!

ਇਹ 'ਮੈਰੀਨ' ਦਾ ਸੈਨਿਕ ਆਪਣੀ ਡਿਊਟੀ ਭੁਗਤਾ ਰਿਹਾ ਸੀ। ਉਹ ਖ਼ੌਫ਼ਨਾਕ ਡਿਊਟੀ, ਜਿਹੜੀ ਉਸ ਦੇ ਭੂਤਰੇ 'ਆਕਾ', ਅਮਰੀਕਾ ਦੇ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਨੇ ਲਗਾਈ ਸੀ। ਉਸ ਨੇ ਇਹ ਡਿਊਟੀ ਆਪਣੀ ਬਹੁਮੁੱਲੀ ਜ਼ਿੰਦਗੀ ਦੀ ਆਹੂਤੀ ਦੇ ਕੇ ਪੂਰੀ ਕੀਤੀ। ਇਹ ਸੈਨਿਕ ਆਪਣੀ ਜੰਗੀ-ਟੁਕੜੀ ਦਾ ਪਹਿਲਾ ਅੰਦਰ ਘੁਸਣ ਵਾਲਾ ਸੈਨਿਕ ਸੀ, ਜਦੋਂ ਇਹਨਾਂ ਨੇ ਇਰਾਕ ਦੇ ਸ਼ਹਿਰ ਫਾਲੂਜਾ ਦੇ ਇਕ ਛੋਟੇ ਜਿਹੇ ਘਰ ਅੰਦਰ ਰਸੋਈ ਵਿਚ ਧਾਵਾ ਬੋਲਿਆ। ਜਿੱਥੇ ਸ਼ੱਕੀ ਵਿਅਕਤੀ ਛੁਪੇ ਹੋਣ ਦਾ ਇਸ਼ਾਰਾ ਮਿਲਿਆ ਸੀ। ਅੰਦਰੋਂ ਸ਼ੱਕੀ ਬੰਦਿਆਂ ਨੇ ਅੰਧਾ-ਧੁੰਦ ਫ਼ਾਇਰਿੰਗ ਖੋਲ੍ਹ ਦਿੱਤੀ! ਇਹ 'ਜੀ ਆਈ' ਉਹਨਾਂ ਦੀ ਗੋਲੀ ਦਾ ਸ਼ਿਕਾਰ ਹੋ ਗਿਆ ਅਤੇ ਗੋਲੀ ਇਸ ਦੇ ਸਿਰ ਵਿਚ ਵੱਜੀ। ਇਸੇ ਟੁਕੜੀ ਦੇ ਦੋ ਹੋਰ ਸੈਨਿਕ ਗੰਭੀਰ ਜ਼ਖਮੀ ਹੋ ਗਏ।

ਪਿਛਲੇ ਮਹੀਨੇ ਇਰਾਕ ਵਿਚ ਮਰਨ ਵਾਲੇ ਸੈਨਿਕਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ। ਇਤਨਾ ਜਾਨੀ ਨੁਕਸਾਨ ਅਮਰੀਕਣ ਫ਼ੌਜੀਆਂ ਦਾ ਇਸ ਤੋਂ ਪਹਿਲੇ ਮਹੀਨਿਆਂ ਵਿਚ ਨਹੀਂ ਹੋਇਆ, ਜਦੋਂ ਤੋਂ ਇਹ ਜੰਗ ਛਿੜੀ ਹੈ। ਰਲਾ-ਮਿਲਾ ਕੇ ਹੁਣ ਤੱਕ 1300 ਦੇ ਕਰੀਬ ਅਮਰੀਕਨ ਫ਼ੌਜੀ ਜਾਨਾਂ ਗੁਆ ਚੁੱਕੇ ਹਨ। ਇਸ ਤੋਂ ਇਲਾਵਾ 150 ਇਹਨਾਂ ਦੇ ਸਹਿਯੋਗੀ ਮਰੇ ਹੋਏ ਦੱਸੇ ਜਾ ਰਹੇ ਹਨ, ਜਿਹਨਾਂ ਵਿਚ ਇਰਾਕ ਦੇ ਸਿਵਲ ਬੰਦੇ ਵੀ ਸਨ। ਇਸ ਤੋਂ ਇਲਾਵਾ ਇਰਾਕੀ ਲੋਕਾਂ ਦੀਆਂ ਕਿੰਨੀਆਂ ਮੌਤਾਂ ਹੋਈਆਂ? ਨੁਕਸਾਨ ਦੱਸਣ ਤੋਂ ਪਰ੍ਹੇ ਹੈ।

ਜਿਵੇਂ ਕਿ ਇਰਾਕ ਦੀ ਪਹਿਲੀ ਜੰਗ ਸਮੇਂ ਹੋਇਆ, ਬਿਲਕੁਲ ਉਸੇ ਤਰ੍ਹਾਂ ਹੀ ਅਮਰੀਕਾ ਦਾ ਰੱਖਿਆ ਮੰਤਰਾਲਾ ਇਰਾਕੀਆਂ ਦੇ ਹੋਏ ਜਾਨੀ ਨੁਕਸਾਨ ਪ੍ਰਤੀ ਸਹੀ ਹਵਾਲਾ ਦੇਣ ਤੋਂ ਸੰਕੋਚ ਕਰ ਰਿਹਾ ਹੈ। ਪਰ ਇਰਾਕ ਦੀ ਜੰਗ ਦੀ ਸ਼ੁਰੂਆਤ ਮੌਕੇ ਇਕ ਪ੍ਰਾਈਵੇਟ ਵੈੱਬ-ਸਾਈਟ "ਇਰਾਕ ਬੌਡੀ ਕਾਊਂਟ" ਅਨੁਸਾਰ ਕਰੀਬ 14600 ਤੋਂ 17000 ਇਰਾਕੀ ਲੋਕ ਜਾਨਾਂ ਤੋਂ ਹੱਥ ਧੋ ਬੈਠੇ ਹਨ। ਅਮਰੀਕਾ ਦੇ ਸਾਇੰਸਦਾਨ ਅਤੇ ਅੰਕੜਾਕਾਰ ਇਰਾਕ ਵਿਚ ਹੋਏ ਜਾਨੀ ਨੁਕਸਾਨ ਦਾ ਅਨੁਮਾਨ ਇੱਕ ਲੱਖ ਤੋਂ ਵੀ ਉਪਰ ਆਖ ਰਹੇ ਹਨ!

ਜੰਗ ਵਿਚੋਂ ਅਮਰੀਕਾ ਨੇ ਕੀ ਖੱਟਿਆ ਅਤੇ ਕੀ ਗੁਆਇਆ?

ਆਸਟਰੀਅਨ ਇਤਿਹਾਸਕਾਰ ਨਾਰਬਿਰਤ ਲੁਬਲਾਸਰ ਨੇ ਲਿਖਿਆ ਹੈ: ਕਾਸ਼! ਸਾਰੀ ਦੁਨੀਆਂ 'ਤੇ ਸਿਰਫ਼ ਦਸ ਮਿੰਟ ਹੀ ਸ਼ਾਂਤੀ ਹੋ ਜਾਵੇ! ਸਿਰਫ਼ ਦਸ ਮਿੰਟ!! ਇਕ ਤਾਂਘ, ਇਕ ਲਾਲਸਾ ਸ਼ਾਂਤੀ ਲਈ ਜੂਝ ਰਹੇ ਲੋਕਾਂ ਨੂੰ ਇਕੱਤਰ ਕਰਦੀ ਹੈ। ਇਕ ਸਟੇਜ਼ 'ਤੇ ਲਿਆ ਖੜ੍ਹਾਉਂਦੀ ਹੈ। ਪੂਰੀ ਦੁਨੀਆਂ ਦੇ ਤਕਰੀਬਨ 50 ਥਾਵਾਂ 'ਤੇ ਲੋਕ ਹਥਿਆਰਬੰਦ ਲੜਾਈ ਲੜ ਰਹੇ ਹਨ। ਪਰ ਇਹ ਲੋਕ ਉਹਨਾਂ ਨੂੰ ਭੁੱਲ ਜਾਂਦੇ ਹਨ, ਜਿਹੜੇ ਭੁੱਖਣਭਾਣੇ ਦਿਨ ਤੋੜ ਰਹੇ ਹਨ, ਉੱਜੜ ਚੁੱਕੇ ਹਨ ਅਤੇ ਦੁਰਦਸ਼ਾ ਭਰਿਆ ਜੀਵਨ ਜੀਅ ਰਹੇ ਹਨ। ਹਾਲੋਂ ਬੇਹਾਲ! ਜ਼ਹਿਮਤ ਭਰਿਆ ਜੀਵਨ!

ਇਰਾਕ ਦੀ ਜੰਗ ਮੁੜ ਫਿਰ ਉਹਨਾਂ ਦੁਖੀ ਚਿਹਰਿਆਂ ਦੀ ਯਾਦ ਤਾਜ਼ਾ ਕਰ ਦਿੰਦੀ ਹੈ, ਜਿਹੜੇ ਜੰਗ ਦੇ ਉਜਾੜੇ ਹੁਣ ਤੱਕ ਤਾਬ ਨਹੀਂ ਆਏ! ਕਰੋੜਾਂ ਲੋਕਾਂ ਨੇ ਵਿਸ਼ਵ-ਪੱਧਰ 'ਤੇ, ਸੜਕਾਂ 'ਤੇ ਆ ਕੇ ਇਸ ਜੰਗ ਦਾ ਵਿਰੋਧ ਕੀਤਾ। ਲਹੂ ਵਗਾਉਣ ਤੋਂ ਗੁਰੇਜ਼ ਕਰਨ ਲਈ ਪ੍ਰਦਰਸ਼ਨ ਕੀਤੇ। ਬਰਤਾਨੀਆਂ ਅਤੇ ਅਮਰੀਕਾ ਦੇ ਧੱਕੜ ਤਰੀਕੇ ਨੂੰ ਵੰਗਾਰਿਆ। ਪਰ ਬੁਸ਼ ਅਤੇ ਬਲੇਅਰ ਨੇ ਕਿਸੇ ਦੀ ਇਕ ਨਾ ਸੁਣੀ! ਦੋ 'ਬੱਬੇ' ਜਹਾਨ ਦੇ ਫ਼ੈਸਲਾਕਾਰ ਹੋ ਕੇ ਖੜ੍ਹ ਗਏ। ਆਪਣੀ ਹਿੰਡ 'ਤੇ ਅੜੇ ਰਹੇ ਅਤੇ ਯੂ ਐੱਨ ਓ ਨੂੰ ਠੁੱਠ ਦਿਖਾ ਕੇ ਫ਼ੌਜਾਂ ਦੇ ਕਟਕ ਇਰਾਕ ਉਪਰ ਚਾੜ੍ਹ ਦਿੱਤੇ। ਪਰ ਸ਼ਾਂਤੀ ਦੇ ਚਹੇਤੇ ਪਿੱਟਦੇ ਰਹੇ:

-"ਇਰਾਕ ਲਈ ਸ਼ਾਂਤੀ--!"
-"ਸਾਰੀ ਦੁਨੀਆਂ ਲਈ ਸ਼ਾਂਤੀ--!!"

ਬਿਨਾ ਸ਼ੱਕ ਇਹ ਇਕ ਮਹਾਨ, ਪਵਿੱਤਰ ਨਾਅਰਾ ਸੀ। ਪਰ ਜੰਗ ਵਿਢਣ ਵਾਲੇ ਤਰ੍ਹਾਂ-ਤਰ੍ਹਾਂ ਦੇ ਤਰੀਕਿਆਂ ਅਤੇ ਦਲੀਲਾਂ ਨਾਲ, ਸ਼ਾਂਤੀ ਮੰਗਣ ਵਾਲਿਆਂ ਨੂੰ ਭੰਬਲਭੂਸੇ ਵਿਚ ਪਾਉਣ ਦੀਆਂ ਕੋਸ਼ਿਸ਼ਾਂ ਕਰਦੇ ਰਹੇ। ਹਰ ਰੋਜ ਨਵੀਂ ਦਲੀਲ ਦਾ ਠੂੰਹਾਂ ਕੱਢ ਕੇ ਲੋਕਾਂ ਸਾਹਮਣੇ ਪੇਸ਼ ਕੀਤਾ ਜਾਂਦਾ ਰਿਹਾ। ਪਰ ਸਾਡੀ ਆਮ ਜਨਤਾ ਸਾਹਮਣੇ ਸੁਆਲ ਤਾਂ ਇਹ ਉਠਦਾ ਹੈ ਕਿ ਕੀ ਸਦਾਮ ਹੁਸੈਨ ਬੁਰਾ ਅਤੇ ਜਾਰਜ ਡਬਲਿਊ ਬੁਸ਼ ਚੰਗਾ ਹੈ? ਜਾਂ ਫਿਰ ਦੋਨੋਂ ਹੀ ਬੁਰਾਈ ਦੇ ਪੁਤਲੇ ਹਨ? ਜਾਂ ਇਹ ਇਰਾਕ ਦੀ ਜੰਗ ਕਿਤੇ ਸਿਰਫ਼ ਤੇਲ ਲਈ ਹੀ ਤਾਂ ਨਹੀਂ? ਜਾਂ ਕੀ ਇਹ ਭਿਆਨਕ ਲੜਾਈ ਵਾਕਿਆ ਹੀ ਲੋਕਰਾਜ ਸਥਾਪਿਤ ਕਰਨ ਵਾਸਤੇ ਸ਼ੁਰੂ ਕੀਤੀ ਗਈ ਸੀ? ਕੀ ਅਮਰੀਕਾ ਸਾਮਰਾਜ ਤਾਂ ਨਹੀਂ ਲਿਆਉਣਾ ਚਾਹੁੰਦਾ? ਕੀ ਅਮਰੀਕਾ ਵਿਸ਼ਵਕਰਣ ਦੇ ਨਾਂ ਹੇਠ ਆਪਣੀ ਅੰਨ੍ਹੀ ਤਾਕਤ ਦੀ ਦੁਰਵਰਤੋਂ ਤਾਂ ਨਹੀਂ ਕਰ ਰਿਹਾ? ਕੀ ਅਮਰੀਕਾ ਸੱਚਮੁੱਚ ਹੀ ਸੰਸਾਰ ਨੂੰ ਖ਼ਤਰਨਾਕ ਹਥਿਆਰਾਂ ਤੋਂ ਮੁਕਤੀ ਦਿਵਾਉਣੀ ਚਾਹੁੰਦਾ ਹੈ? ਕੀ ਇਹ ਜੰਗ ਵਾਕਿਆ ਹੀ 'ਅੱਤਿਵਾਦ' ਦੇ ਖ਼ਿਲਾਫ਼ ਸੀ? ਜਾਂ ਫਿਰ ਜਾਰਜ ਡਬਲਿਊ ਬੁਸ਼ ਨੇ 1991 ਵਾਲਾ, ਆਪਣੇ ਬਾਪ ਵਾਲਾ ਦਾਗ ਧੋ ਕੇ ਬਦਲਾ ਹੀ ਲਿਆ ਹੈ?

ਸ਼ਾਂਤੀ ਪਸੰਦ ਲੋਕ ਤਾਂ ਇਹ ਵੀ ਕਹਿੰਦੇ ਹਨ, ਇਰਾਕ ਨੂੰ ਖ਼ਤਰਨਾਕ ਹਥਿਆਰਾਂ ਤੋਂ ਨਿਜ਼ਾਤ ਦਿਵਾਉਣ ਲਈ ਇਹ ਜੰਗ ਕੋਈ ਜ਼ਰੂਰੀ ਨਹੀਂ ਸੀ! ਸੱਦਾਮ ਹੁਸੈਨ ਨੂੰ ਨਿਹੱਥਾ ਕਰਨ ਲਈ ਤਰੀਕੇ ਹੋਰ ਬਹੁਤ ਸਨ। ਉਹ ਇਰਾਕ ਨੂੰ ਫ਼ੌਜੀ ਕਾਰਵਾਈ ਦੀ ਧਮਕੀ ਦੇਈ ਰੱਖਦਾ ਅਤੇ ਯੂ ਐੱਨ ਓ ਦੇ ਹਥਿਆਰ ਨਿਰੀਖਕਾਂ ਨੂੰ ਆਪਣਾ ਕੰਮ ਜਾਰੀ ਰੱਖਣ ਲਈ ਆਖਦਾ। ਘੱਟੋ-ਘੱਟ ਅਮਰੀਕਾ ਨੂੰ, ਹਥਿਆਰ ਨਿਰੀਖਕਾਂ ਨੂੰ ਇਕ ਸਾਲ ਦਾ ਸਮਾਂ ਜ਼ਰੂਰ ਦੇਣਾ ਚਾਹੀਦਾ ਸੀ। ਇਹ ਦੁਨੀਆਂ ਲਈ ਇਕ 'ਵਿਸ਼ਵਾਸ ਭਰਿਆ ਬਹਾਨਾ' ਜਰੂਰ ਬਣ ਜਾਂਦਾ।

ਇਰਾਕ ਉਪਰ ਫ਼ੌਜੀ ਹਮਲੇ ਦੇ ਹਮਾਇਤੀ ਅਮਰੀਕਣ ਬੁਲਾਰੇ ਆਖ ਰਹੇ ਹਨ ਕਿ ਜੰਗ ਤੋਂ ਬਗੈਰ ਇਰਾਕ ਵਿਚ ਸ਼ਾਂਤੀ ਨਹੀਂ ਲਿਆਂਦੀ ਜਾ ਸਕਦੀ ਸੀ! ਇਰਾਕ ਵਿਚ ਬੇਕਸੂਰ ਲੋਕਤਾਈ ਦੇ ਕਤਲ ਹੋ ਰਹੇ ਸਨ, ਲੋਕਾਂ ਨੂੰ ਮਾਨਸਿਕ ਦਬਾਓ ਹੇਠ ਦੱਬਿਆ ਜਾ ਰਿਹਾ ਸੀ! ਜੇ ਡੂੰਘੀ ਸੋਚ ਨਾਲ ਸੋਚੀਏ ਤਾਂ ਕਈ ਪ੍ਰਸ਼ਨ ਉਭਰਦੇ ਹਨ ਕਿ ਕੀ ਇਰਾਕ ਵਿਚ ਹੁਣ ਪੂਰਨ ਤੌਰ 'ਤੇ ਸ਼ਾਂਤੀ ਹੈ? ਕੀ ਅਮਰੀਕਾ ਨੂੰ ਉਹ ਰਸਾਇਣਕ ਅਰਥਾਤ ਘਾਤਕ ਹਥਿਆਰ ਮਿਲ ਗਏ, ਜਿਹਨਾਂ ਦੇ ਦਾਅਵੇ ਕੀਤੇ ਜਾ ਰਹੇ ਸਨ? ਪਹਿਲਾਂ ਅਫ਼ਗਾਨਿਸਤਾਨ ਅਤੇ ਹੁਣ ਇਰਾਕ ਦੀ ਇੱਟ ਨਾਲ ਇੱਟ ਖੜਕਾਉਣ ਤੋਂ ਬਾਅਦ ਵੀ ਬੁਸ਼ ਦੇ ਓਸਾਮਾ ਬਿਨ ਲਾਦੇਨ ਹੱਥ ਨਹੀਂ ਆਇਆ! ਕੀ ਇਹੀ ਅਮਰੀਕਾ ਦੀ ਪ੍ਰਾਪਤੀ ਹੈ? ਸਦਾਮ ਹੁਸੈਨ ਨੂੰ ਡਰਾਮੇਬਾਜ਼ੀ ਨਾਲ ਗ੍ਰਿਫ਼ਤਾਰ ਕੀਤਾ, ਪਰ ਅਮਰੀਕਾ ਦੇ ਪੱਲੇ ਉਸ ਨੇ ਕੱਖ ਨਹੀਂ ਪਾਇਆ! ਕੀ ਇਹ ਹੀ ਅਮਰੀਕਾ ਦੀ ਪ੍ਰਾਪਤੀ ਹੈ? ਸਮੇਂ-ਸਮੇਂ ਅਨੁਸਾਰ ਅਮਰੀਕਾ ਆਪਣੇ ਛੜਯੰਤਰ ਵਰਤਦਾ ਰਿਹਾ ਅਤੇ ਓਸਾਮਾ ਬਿਨ ਲਾਦੇਨ ਦੀ ਮੌਤ ਹੋਣ ਦੇ ਦਾਅਵੇ ਕਰਦਾ ਰਿਹਾ! ਪਰ ਕੀ ਉਸ ਦੀ ਮੌਤ ਦਾ ਅਮਰੀਕਾ ਕੋਲ ਕੋਈ ਠੋਸ ਸਬੂਤ ਵੀ ਹੈ? ਉਹ ਅਜੇ ਵੀ ਕਦੇ ਵੀਡੀਓ ਅਤੇ ਕਦੇ ਆਡੀਓ ਕੈਸਿਟਾਂ ਪ੍ਰੈਸ ਵਿਚ ਭੇਜ ਕੇ ਅਮਰੀਕਾ ਨੂੰ ਲਲਕਾਰੀ ਜਾ ਰਿਹਾ ਹੈ। ਬਿਨ ਲਾਦੇਨ ਕਰਕੇ ਕਿੰਨੇ ਦੇਸ਼ਾਂ ਦੀਆਂ ਫ਼ੌਜਾਂ ਨੇ ਹੇਠਲੀ ਉਪਰ ਲੈ ਆਂਦੀ। ਪਰ ਫੜ ਉਹ ਉਸ ਨੂੰ ਸਕੇ ਨਹੀਂ, ਬਿਨ ਲਾਦੇਨ ਇਕੱਲਾ ਹੈ ਅਤੇ ਕਿੰਨੇ ਦੇਸ਼ਾਂ ਦੀਆਂ ਫ਼ੌਜਾਂ ਉਸ ਨੂੰ ਸਿਰ ਤੋੜ ਯਤਨ ਕਰਨ ਦੇ ਬਾਵਜੂਦ ਵੀ ਫੜ ਨਹੀਂ ਸਕੀਆਂ, ਕੀ ਇਹੋ ਅਮਰੀਕਾ, ਬਰਤਾਨੀਆਂ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਦੀ ਜਿੱਤ ਜਾਂ ਪ੍ਰਾਪਤੀ ਹੈ?

ਅਮਰੀਕਾ ਆਪਣੀਆਂ ਫੋਕੜ ਦਲੀਲਾਂ ਨਾਲ ਜੰਗ-ਵਿਰੋਧੀਆਂ ਦਾ ਦਿਲ ਜਿੱਤਣ ਵਿਚ ਸਫਲ ਨਹੀਂ ਹੋ ਸਕਿਆ। ਸ਼ਾਂਤੀ-ਪਸੰਦ ਲੋਕ ਆਖਦੇ ਹਨ, ਪਹਿਲਾਂ ਅਮਰੀਕਾ ਆਖ ਰਿਹਾ ਸੀ ਕਿ ਇਰਾਕ ਨੂੰ ਖ਼ਤਰਨਾਕ ਜੀਵਾਣੂੰ ਅਤੇ ਰਸਾਇਣਕ ਹਥਿਆਰਾਂ ਤੋਂ ਮੁਕਤ ਕਰਵਾਉਣਾ ਹੈ। ਫਿਰ ਨਿਸ਼ਾਨਾ ਰਾਜ-ਪਲਟੇ ਵੱਲ ਹੋ ਗਿਆ। ਉਸ ਤੋਂ ਬਾਅਦ ਇਹਨਾਂ ਨੇ ਇਰਾਕ ਵਿਚ ਲੋਕਰਾਜ ਸਥਾਪਿਤ ਕਰਨ ਦਾ ਝੰਡਾ ਚੁੱਕ ਲਿਆ। ਇਹ ਲੜਾਈ ਸਿਰਫ਼ ਆਰਥਿਕ ਲਾਭ ਲੈਣ ਲਈ ਸ਼ੁਰੂ ਕੀਤੀ ਗਈ ਸੀ। ਰੌਲਾ ਸਿਰਫ਼ ਤੇਲ ਦਾ ਸੀ! ਅਮਰੀਕਾ ਨੇ ਸਿਰਫ਼ ਤੇਲ ਲਈ ਹੀ ਇਰਾਕ ਨੂੰ ਬਲੀ ਦਾ ਬੱਕਰਾ ਬਣਾਇਆ। ਬੱਚੇ, ਬੁੱਢੇ ਅਤੇ ਔਰਤਾਂ ਦਾ ਘਾਣ ਕੀਤਾ। ਦੁਨੀਆਂ ਉਤਨੀ ਪਾਗਲ ਨਹੀਂ ਜਿੰਨੀ ਸਿਆਸਤਦਾਨ ਸਮਝ ਰਹੇ ਹਨ, ਬੇਵੱਸ ਹੈ, ਕੁਝ ਕਰ ਨਹੀਂ ਸਕਦੀ, ਇਹ ਗੱਲ ਵੱਖਰੀ ਹੈ!

ਅਮਰੀਕਾ ਦੇ 'ਵਿਰੋਧੀ' ਕਹਿੰਦੇ ਹਨ ਕਿ ਇਰਾਕ ਦੇ ਤੇਲ ਨੂੰ ਅਮਰੀਕਾ ਦਾ ਹੱਥ ਨਹੀਂ ਸੀ ਪੈਂਦਾ। ਜਿਤਨਾ ਪੈਸਾ ਬੰਬਾਰੀਆਂ ਅਤੇ ਹੋਰ ਵਸੀਲਿਆਂ 'ਤੇ ਫੂਕਿਆ-ਝੋਕਿਆ ਗਿਆ, ਉਤਨੇ ਪੈਸੇ ਵਿਚ ਤਾਂ ਅਮਰੀਕਾ ਤੇਲ ਦੇ ਅਥਾਹ ਭੰਡਾਰ ਖਰੀਦ ਸਕਦਾ ਸੀ! ਅਮਰੀਕਾ ਨੂੰ ਸਿਰਫ਼ ਇਰਾਕ ਉਪਰ ਲਾਈਆਂ ਪਾਬੰਦੀਆਂ ਹਟਾਉਣ ਦੀ ਹੀ ਲੋੜ ਸੀ। ਪਰ ਬੁਸ਼ ਨੂੰ ਸਿਰਫ਼ ਰਾਜ-ਪਲਟੇ, ਲੋਕ-ਰਾਜ ਅਤੇ ਇਰਾਕ ਨੂੰ ਮਾਰੂ-ਹਥਿਆਰਾਂ ਤੋਂ ਮੁਕਤ ਕਰਵਾਉਣ ਦੀ ਆੜ ਹੇਠ ਜੰਗ ਛੇੜ ਕੇ ਆਪਣੀ ਚੌਧਰ ਕਾਇਮ ਕਰਨੀ, ਜ਼ਿਆਦਾ ਸਫ਼ਲਤਾ ਹੱਥ ਆਉਂਦੀ ਦਿਸਦੀ ਸੀ, ਜੋ ਉਸ ਦਾ ਸੁਪਨਾ ਬਣ ਕੇ ਹੀ ਰਹਿ ਗਈ ਜਾਪਦੀ ਹੈ।

11 ਸਤੰਬਰ 2001 ਤੋਂ ਲੈ ਕੇ ਜੰਗ ਸਿਆਸਤ ਦਾ ਇੱਕ ਅੰਗ ਅਤੇ ਸੰਦ ਬਣ ਕੇ ਰਹਿ ਗਈ ਹੈ। 11 ਸਤੰਬਰ ਬੁਸ਼ ਲਈ ਇਕ 'ਵਰਦਾਨ' ਸਾਬਤ ਹੋਇਆ, ਪਰ ਇਹ ਸੰਦ ਇਕ ਸਰਾਸਰ ਗਲਤ ਸਿਗਨਲ ਹੈ! ਮਾਰੂ-ਜੰਗ ਇਕ ਆਖਰੀ ਹਥਿਆਰ ਵਜੋਂ ਵਰਤੋਂ ਵਿਚ ਲਿਆਉਣੀ ਚਾਹੀਦੀ ਸੀ! ਇਸ ਦਾਇਰੇ ਵਿਚ ਆ ਕੇ ਹਰ ਸਿਆਸਤ ਅੱਥਰੀ ਘੋੜੀ ਵਾਂਗ ਪਿਛਲੀਆਂ ਟੰਗਾਂ 'ਤੇ ਖੜ੍ਹ ਕੇ, ਮੂਧੇ ਮੂੰਹ ਡਿੱਗੀ ਹੈ! ਇਹ ਸਥਿਤੀ ਇਕ ਗੁੰਝਲਦਾਰ ਗੰਢ ਦਾ ਅਹਿਸਾਸ ਕਰਵਾਉਂਦੀ ਹੈ। ਇਸ ਗੰਢ ਨੂੰ ਯੂਰਪੀਅਨ ਦੇਸ਼ ਸੰਜੀਦਗੀ ਅਤੇ ਬਾਤ-ਚੀਤ ਰਾਹੀਂ ਖੋਲ੍ਹਣਾ ਚਾਹੁੰਦੇ ਸਨ, ਜਦ ਕਿ ਅਮਰੀਕਾ ਜ਼ਬਰੀ ਵੱਢਣਾ ਚਾਹੁੰਦਾ ਸੀ।

ਜੰਗ ਦਾ ਸੇਕ ਹਰ ਦੇਸ਼ ਵਾਸੀ ਨੂੰ ਲੱਗਦਾ ਹੈ। ਮਾਲੀ ਨੁਕਸਾਨ ਹੁੰਦਾ ਹੈ, ਨਿਰਦੋਸ਼ ਮਰਦੇ ਹਨ। ਇਕ ਸੱਚਾ ਬੰਦਾ ਖੁਦ ਸੱਚਾਈ ਨਹੀਂ ਬਣ ਸਕਦਾ। ਸੱਚਾ ਹੋਣ ਦੇ ਬਾਵਜੂਦ ਵੀ ਉਸ ਨੂੰ 'ਵਿਰੋਧੀ' ਹੀ ਮੰਨਿਆਂ ਜਾਂਦਾ ਹੈ! ਕੋਸੋਵੋ ਵਿਚ ਕਿਤਨੇ ਨਿਰਦੋਸ਼ ਮਰੇ, ਇਸ ਕਰਕੇ ਹੀ ਬਾਅਦ ਵਿਚ ਉਸ ਫ਼ੌਜੀ ਕਾਰਵਾਈ ਨੂੰ ਗਲਤ ਮੰਨਿਆ ਗਿਆ?

ਜਾਨੀ-ਮਾਲੀ ਨੁਕਸਾਨ ਦੀ ਚਿੰਤਾ ਬੰਦੇ ਨੂੰ ਜੰਗ ਦੇ ਖਿਲਾਫ਼ ਲਿਆ ਖੜ੍ਹਾਉਂਦੀ ਹੈ! ਦੁਨੀਆਂ ਦੀ ਸਾਰੀ ਸ਼ਕਤੀ ਨੂੰ ਇਕੱਤਰ ਹੋ ਕੇ ਅੱਗੇ ਆਉਣਾ ਚਾਹੀਦਾ ਹੈ। ਜਿਹੜੀ ਕਿ ਯੂ ਐੱਨ ਓ ਨੂੰ ਆਪਣੇ ਹੱਥ ਲੈਣੀ ਬਣਦੀ ਸੀ। ਆਪਹੁਦਰੀ ਹੋਈ ਸ਼ਕਤੀ ਨੂੰ ਨੱਥ ਪਾਉਣ ਲਈ ਇਕ ਨਿਰਪੱਖ ਸੰਸਾਰਕ ਨੀਤੀ ਤਿਆਰ ਕਰਨੀ ਪਵੇਗੀ! ਯੂ ਐੱਨ ਓ ਇਸ ਪ੍ਰੀਖਿਆ ਵਿਚੋਂ ਫੇਲ੍ਹ ਹੋਈ ਹੈ। ਪਰ ਉਹ ਅਜੋਕੇ ਖੇਤਰ ਅਤੇ ਪਿਛਲੀ ਬੈਠਕ ਵਿਚ ਖੰਭ ਜਰੂਰ ਬਚਾ ਗਈ ਹੈ। ਰੱਬ ਨਾ ਕਰੇ! ਜੇ ਯੂ ਐੱਨ ਓ ਦੀ ਵਾਗਡੋਰ ਸ਼ਕਤੀਸ਼ਾਲੀ ਬਘਿਆੜਾਂ ਦੇ ਹੱਥ ਆ ਗਈ ਤਾਂ ਇਸ ਦੇ ਸਿੱਟੇ ਦਿਨੋ-ਦਿਨ ਭਿਆਨਕ ਹੀ ਨਿਕਲਣਗੇ! ਅਮਰੀਕਾ ਇਤਨਾ 'ਖ਼ਾਰਖੋਰਾ' ਹੈ ਕਿ ਸ਼ਕਤੀ ਉੱਜੜ ਭਾਵੇਂ ਜਾਵੇ, ਦੇਸ਼ ਬੰਜਰ-ਉਜਾੜ ਚਾਹੇ ਬਣ ਜਾਣ, ਪਰ ਕੋਈ ਸ਼ਕਤੀ ਚੀਨ ਵਰਗੇ ਦੇਸ਼ ਦੇ ਹੱਥ ਨਾ ਆ ਜਾਵੇ!

ਜੇ ਸਿਰਫ਼ ਮਾਰੂ-ਹਥਿਆਰਾਂ ਦੀ ਹੀ ਗੱਲ ਸੀ ਤਾਂ ਅਮਰੀਕਾ ਕੋਰੀਆ ਦੇ ਦੁਆਲੇ ਕਿਉਂ ਨਾ ਹੋਇਆ? ਕੋਰੀਆ ਕੋਲ ਵੀ ਬਥੇਰੇ ਮਾਰੂ-ਹਥਿਆਰ ਹਨ! ਉਸ ਨਾਲ ਗਲਵਕੜੀਆਂ ਕਿਉਂ ਪਾਈਆਂ ਜਾ ਰਹੀਆਂ ਹਨ? ਅਮਰੀਕਾ ਨੂੰ ਭਲੀਭਾਂਤ ਗਿਆਨ ਹੈ ਕਿ ਕੋਰੀਆ ਜ਼ਬਰਦਸਤ ਮੁਕਾਬਲੇ ਦੀ ਸਮਰੱਥਾ ਰੱਖਦਾ ਹੈ। ਕੋਰੀਆ ਨਾਲ ਟੱਕਰ ਉਸ ਨੂੰ ਸਿਰਫ਼ ਮਹਿੰਗੀ ਹੀ ਨਹੀਂ ਪਵੇਗੀ, ਸਗੋਂ ਸੰਸਾਰਕ-ਯੁੱਧ ਦੇ ਹਾਲਾਤ ਵੀ ਸਿਰਜੇਗੀ! ਕੋਰੀਆ ਨਾਲ ਅਮਰੀਕਾ ਦੇ ਡਿਪਲੋਮੈਟਿਕ ਤੌਰ 'ਤੇ ਸੰਧੀ ਬਾਰੇ ਕਾਰਜ ਜਾਰੀ ਹਨ।

ਜੇਕਰ ਬੁਸ਼ ਇਰਾਕ ਉਪਰ ਪੂਰਨ ਤੌਰ 'ਤੇ ਕਬਜ਼ਾ ਕਰਨ ਵਿਚ ਸਫ਼ਲ ਹੋ ਜਾਂਦਾ ਹੈ ਤਾਂ ਤੇਲ ਪੱਖੋਂ ਤਕੜਾ ਹੋ ਕੇ ਉਹ ਅਗਲਾ ਨਿਸ਼ਾਨਾ ਸੀਰੀਆ ਨੂੰ ਬਣਾਵੇਗਾ। ਜੇ ਪਾਰਦਰਸ਼ਕ ਤਰੀਕੇ ਨਾਲ ਦੇਖਿਆ ਜਾਵੇ ਤਾਂ ਅਮਰੀਕਾ ਦੀ ਹਿੱਟ-ਲਿਸਟ ਉਪਰ ਕੋਰੀਆ ਅਤੇ ਸੀਰੀਆ ਸਭ ਤੋਂ ਉਪਰ ਹਨ। ਪੂਰੀ ਦੁਨੀਆਂ ਦੇ ਮੁਕਾਬਲੇ 22 ਪ੍ਰਤੀਸ਼ਤ ਤੇਲ ਇਕੱਲੇ ਇਰਾਕ ਕੋਲ ਹੈ। ਇਰਾਕ ਉਪਰ ਪੂਰਨ ਕਬਜ਼ੇ ਦੀ ਆਸ ਤਾਂ ਨਹੀਂ ਲੱਗਦੀ, ਪਰ ਤੇਲ ਵਾਲੇ ਪਾਸੇ ਤੋਂ ਕੁੱਖਾਂ ਕੱਢ ਕੇ ਅਮਰੀਕਾ ਕਿਸੇ ਪਾਸੇ ਵੀ 'ਡਕਾਰ੍ਹ' ਮਾਰ ਸਕਦਾ ਹੈ।


ਤੁਹਾਡੇ ਵਿਚਾਰਾਂ ਦਾ ਸੁਆਗਤ ਹੈ

 

Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com